Skip to content

Skip to table of contents

ਓਪਰੀ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ

ਓਪਰੀ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ

ਓਪਰੀ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ

ਯੂਹੰਨਾ ਰਸੂਲ ਨੇ ਲਿਖਿਆ ਸੀ: “ਮੈਂ ਇੱਕ ਹੋਰ ਦੂਤ ਨੂੰ ਸਦੀਪਕਾਲ ਦੀ ਇੰਜੀਲ ਨਾਲ ਅਕਾਸ਼ ਵਿੱਚ ਉੱਡਦਿਆਂ ਡਿੱਠਾ ਭਈ ਧਰਤੀ ਦੇ ਵਾਸੀਆਂ ਨੂੰ ਅਤੇ ਹਰੇਕ ਕੌਮ ਅਤੇ ਗੋਤ ਅਤੇ ਭਾਖਿਆ ਅਤੇ ਉੱਮਤ ਨੂੰ ਖੁਸ਼ ਖਬਰੀ ਸੁਣਾਵੇ।” (ਪਰਕਾਸ਼ ਦੀ ਪੋਥੀ 14:6) ਇਸ ਦਰਸ਼ਣ ਦੀ ਪੂਰਤੀ ਵਿਚ ਅੱਜ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੰਸਾਰ ਭਰ ਵਿਚ ਕਈ ਭਾਸ਼ਾਵਾਂ ਵਿਚ ਸੁਣਾਈ ਜਾ ਰਹੀ ਹੈ। ਅੱਜ-ਕੱਲ੍ਹ ਬਹੁਤ ਸਾਰੇ ਲੋਕ ਆਪਣੀ ਜਨਮ-ਭੂਮੀ ਛੱਡ ਕੇ ਹੋਰ ਥਾਵਾਂ ਤੇ ਜਾ ਕੇ ਘਰ ਵਸਾ ਰਹੇ ਹਨ। ਯਹੋਵਾਹ ਦੇ ਜੋਸ਼ੀਲੇ ਗਵਾਹ ਇਨ੍ਹਾਂ ਪਰਦੇਸੀਆਂ ਦੀਆਂ ਬੋਲੀਆਂ ਸਿੱਖਦੇ ਹਨ ਤਾਂਕਿ ਇਨ੍ਹਾਂ ਨੂੰ ਵੀ ਖ਼ੁਸ਼ ਖ਼ਬਰੀ ਸੁਣਾਈ ਜਾ ਸਕੇ।

ਕੀ ਤੁਸੀਂ ਅਜਿਹੀ ਕਲੀਸਿਯਾ ਨਾਲ ਮਿਲ ਕੇ ਸੇਵਾ ਕਰ ਰਹੇ ਹੋ ਜਿੱਥੇ ਹੋਰ ਭਾਸ਼ਾ ਬੋਲੀ ਜਾਂਦੀ ਹੈ ਜਾਂ ਇਸ ਤਰ੍ਹਾਂ ਕਰਨ ਬਾਰੇ ਸੋਚ ਰਹੇ ਹੋ? ਨਵੀਂ ਭਾਸ਼ਾ ਸਿੱਖਣ ਵਿਚ ਕਾਮਯਾਬ ਹੋਣ ਲਈ ਸਹੀ ਉਦੇਸ਼ ਅਤੇ ਨਜ਼ਰੀਆ ਰੱਖਣਾ ਬਹੁਤ ਜ਼ਰੂਰੀ ਹੈ। ਯਾਦ ਰੱਖੋ ਕਿ ਤੁਸੀਂ ਨਵੀਂ ਭਾਸ਼ਾ ਇਸ ਲਈ ਸਿੱਖ ਰਹੇ ਹੋ ਤਾਂਕਿ ਤੁਸੀਂ ਪਰਮੇਸ਼ੁਰ ਦੇ ਬਚਨ ਦੀਆਂ ਅਨਮੋਲ ਗੱਲਾਂ ਦੂਸਰਿਆਂ ਨੂੰ ਦੱਸ ਸਕੋ। ਪਰਮੇਸ਼ੁਰ ਲਈ ਅਤੇ ਲੋਕਾਂ ਲਈ ਤੁਹਾਡਾ ਪਿਆਰ ਹੀ ਕਾਮਯਾਬੀ ਹਾਸਲ ਕਰਨ ਵਿਚ ਤੁਹਾਡੀ ਮਦਦ ਕਰੇਗਾ। (ਮੱਤੀ 22:37-39; 1 ਕੁਰਿੰਥੀਆਂ 13:1) ਨਵੀਂ ਭਾਸ਼ਾ ਸਿੱਖਣ ਦਾ ਉਦੇਸ਼ ਇਹੀ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਹੋਰ ਜਗ੍ਹਾ ਦੇ ਲੋਕ, ਉਨ੍ਹਾਂ ਦਾ ਖਾਣਾ-ਪੀਣਾ ਅਤੇ ਸਭਿਆਚਾਰ ਬਹੁਤ ਪਸੰਦ ਹੈ, ਸਗੋਂ ਅਸੀਂ ਪਰਮੇਸ਼ੁਰ ਨੂੰ ਜਾਣਨ ਵਿਚ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਦੇ ਨਵੀਂ ਭਾਸ਼ਾ ਨਹੀਂ ਸਿੱਖ ਸਕੋਗੇ? ਸਾਨੂੰ ਸਹੀ ਨਜ਼ਰੀਆ ਅਪਣਾਉਣ ਦੀ ਲੋੜ ਹੈ। ਜੇਮਜ਼, ਜਿਸ ਨੇ ਜਪਾਨੀ ਭਾਸ਼ਾ ਸਿੱਖੀ, ਕਹਿੰਦਾ ਹੈ: “ਨਵੀਂ ਭਾਸ਼ਾ ਸਿੱਖਣ ਤੋਂ ਨਾ ਘਬਰਾਓ।” ਯਾਦ ਰੱਖੋ ਕਿ ਬਹੁਤ ਸਾਰੇ ਗਵਾਹ ਨਵੀਂ ਭਾਸ਼ਾ ਸਿੱਖਣ ਵਿਚ ਕਾਮਯਾਬ ਹੋਏ ਹਨ। ਇਹ ਗੱਲ ਤੁਹਾਨੂੰ ਭਾਸ਼ਾ ਸਿੱਖਦੇ ਰਹਿਣ ਅਤੇ ਹਾਰ ਨਾ ਮੰਨਣ ਵਿਚ ਮਦਦ ਦੇਵੇਗੀ। ਪਰ ਤੁਸੀਂ ਨਵੀਂ ਭਾਸ਼ਾ ਕਿਵੇਂ ਸਿੱਖ ਸਕਦੇ ਹੋ? ਉਸ ਕਲੀਸਿਯਾ ਵਿਚ ਖ਼ੁਸ਼ੀ-ਖ਼ੁਸ਼ੀ ਸੇਵਾ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰੇਗੀ ਜਿੱਥੇ ਇਹ ਭਾਸ਼ਾ ਬੋਲੀ ਜਾਂਦੀ ਹੈ? ਆਪਣੀ ਨਿਹਚਾ ਪੱਕੀ ਰੱਖਣ ਲਈ ਤੁਸੀਂ ਕੀ ਕਰ ਸਕਦੇ ਹੋ?

ਨਵੀਂ ਬੋਲੀ ਸਿੱਖਣ ਦੀ ਚੁਣੌਤੀ

ਨਵੀਂ ਭਾਸ਼ਾ ਸਿੱਖਣ ਦੇ ਕਈ ਤਰੀਕੇ ਹਨ ਅਤੇ ਇਸ ਬਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਵੱਖੋ-ਵੱਖਰੀਆਂ ਰਾਵਾਂ ਹਨ। ਪਰ ਭਾਸ਼ਾ ਉਦੋਂ ਜ਼ਿਆਦਾ ਤੇਜ਼ੀ ਤੇ ਆਸਾਨੀ ਨਾਲ ਸਿੱਖੀ ਜਾਂਦੀ ਹੈ ਜਦੋਂ ਕਈ ਲੋਕ ਇਕੱਠੇ ਮਿਲ ਕੇ ਕਿਸੇ ਕਾਬਲ ਅਧਿਆਪਕ ਤੋਂ ਭਾਸ਼ਾ ਸਿੱਖਦੇ ਹਨ। ਜਿਹੜੀ ਭਾਸ਼ਾ ਤੁਸੀਂ ਸਿੱਖ ਰਹੇ ਹੋ, ਉਸ ਭਾਸ਼ਾ ਵਿਚ ਬਾਈਬਲ ਅਤੇ ਬਾਈਬਲ-ਸਾਹਿੱਤ ਪੜ੍ਹਨ ਦੇ ਨਾਲ-ਨਾਲ ਕੈਸਟਾਂ ਤੇ ਸੀ. ਡੀਜ਼. ਸੁਣਨ ਨਾਲ ਤੁਸੀਂ ਨਵੇਂ-ਨਵੇਂ ਸ਼ਬਦ ਸਿੱਖੋਗੇ। ਰੇਡੀਓ ਸੁਣਨ ਅਤੇ ਢੁਕਵੇਂ ਟੀ. ਵੀ. ਤੇ ਵਿਡਿਓ ਪ੍ਰੋਗ੍ਰਾਮ ਦੇਖਣ ਨਾਲ ਵੀ ਨਵੀਂ ਭਾਸ਼ਾ ਅਤੇ ਸਭਿਆਚਾਰ ਬਾਰੇ ਤੁਹਾਡਾ ਗਿਆਨ ਦਾ ਭੰਡਾਰ ਵਧੇਗਾ। ਇਕ-ਅੱਧ ਦਿਨ ਘੰਟਿਆਂ ਬੱਧੀ ਬੈਠ ਕੇ ਭਾਸ਼ਾ ਸਿੱਖਣ ਦੀ ਬਜਾਇ ਬਿਹਤਰ ਹੋਵੇਗਾ ਜੇ ਤੁਸੀਂ ਹਰ ਦਿਨ ਥੋੜ੍ਹਾ-ਥੋੜ੍ਹਾ ਸਿੱਖੋ।

ਨਵੀਂ ਬੋਲੀ ਸਿੱਖਣੀ ਤੈਰਨਾ ਸਿੱਖਣ ਦੇ ਬਰਾਬਰ ਹੈ। ਤੁਸੀਂ ਕੇਵਲ ਕਿਤਾਬ ਪੜ੍ਹ ਕੇ ਤੈਰਨਾ ਨਹੀਂ ਸਿੱਖ ਸਕਦੇ। ਤੁਹਾਨੂੰ ਪਾਣੀ ਵਿਚ ਉੱਤਰ ਕੇ ਹੱਥ-ਪੈਰ ਮਾਰਨੇ ਪੈਣਗੇ। ਇਸੇ ਤਰ੍ਹਾਂ, ਨਵੀਂ ਭਾਸ਼ਾ ਸਿੱਖਣ ਲਈ ਸਿਰਫ਼ ਕਿਤਾਬਾਂ ਪੜ੍ਹਨੀਆਂ ਕਾਫ਼ੀ ਨਹੀਂ। ਤੁਹਾਨੂੰ ਉਹ ਭਾਸ਼ਾ ਬੋਲਣ ਵਾਲੇ ਲੋਕਾਂ ਨਾਲ ਮਿਲਣਾ-ਵਰਤਣਾ ਪਵੇਗਾ। ਉਨ੍ਹਾਂ ਦੇ ਗੱਲ ਕਰਨ ਦੇ ਤਰੀਕੇ ਵੱਲ ਧਿਆਨ ਦਿਓ। ਉਨ੍ਹਾਂ ਦੀ ਭਾਸ਼ਾ ਵਿਚ ਉਨ੍ਹਾਂ ਨਾਲ ਗੱਲਾਂ ਕਰਨ ਤੋਂ ਨਾ ਸ਼ਰਮਾਓ! ਨਵੀਂ ਭਾਸ਼ਾ ਵਿਚ ਪ੍ਰਚਾਰ ਕਰਨਾ ਭਾਸ਼ਾ ਸਿੱਖਣ ਵਿਚ ਬਹੁਤ ਸਹਾਈ ਹੁੰਦਾ ਹੈ। ਤੁਸੀਂ ਜਿੰਨਾ ਕੁਝ ਸਿੱਖਿਆ ਹੈ, ਉਹ ਅਜ਼ਮਾ ਕੇ ਦੇਖ ਸਕਦੇ ਹੋ। ਚੀਨੀ ਭਾਸ਼ਾ ਸਿੱਖ ਰਹੀ ਮੀਡੋਰੀ ਕਹਿੰਦੀ ਹੈ: “ਭਾਵੇਂ ਸਾਨੂੰ ਗੱਲ ਕਰਦਿਆਂ ਡਰ ਤਾਂ ਬਹੁਤ ਲੱਗਦਾ ਹੈ, ਪਰ ਲੋਕ ਇਹ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ ਕਿ ਅਸੀਂ ਉਨ੍ਹਾਂ ਦੀ ਬੋਲੀ ਬੋਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਅਸੀਂ ਉਨ੍ਹਾਂ ਦੀ ਭਾਸ਼ਾ ਵਿਚ ਇੰਨਾ ਹੀ ਕਹਿ ਦੇਈਏ ਕਿ ‘ਤੁਹਾਨੂੰ ਮਿਲ ਕੇ ਸਾਨੂੰ ਬਹੁਤ ਖ਼ੁਸ਼ੀ ਹੋਈ,’ ਤਾਂ ਉਹ ਖ਼ੁਸ਼ ਹੋ ਕੇ ਸਾਡੀ ਗੱਲ ਸੁਣਨ ਲਈ ਤਿਆਰ ਹੋ ਜਾਂਦੇ ਹਨ!”

ਮਸੀਹੀ ਸਭਾਵਾਂ ਵੀ ਭਾਸ਼ਾ ਸਿੱਖਣ ਵਿਚ ਤੁਹਾਡੀ ਮਦਦ ਕਰ ਸਕਦੀਆਂ ਹਨ। ਹਰ ਸਭਾ ਵਿਚ ਘੱਟੋ-ਘੱਟ ਇਕ ਜਵਾਬ ਦੇਣ ਦਾ ਜਤਨ ਕਰੋ। ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਕਲੀਸਿਯਾ ਦੇ ਸਾਰੇ ਭੈਣ-ਭਰਾ ਤੁਹਾਨੂੰ ਸਫ਼ਲ ਹੁੰਦੇ ਦੇਖਣਾ ਚਾਹੁੰਦੇ ਹਨ। ਕੋਰੀਆਈ ਭਾਸ਼ਾ ਸਿੱਖ ਰਹੀ ਮੋਨੀਫ਼ਾ ਕਹਿੰਦੀ ਹੈ: “ਮੈਂ ਉਸ ਭੈਣ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਸਭਾਵਾਂ ਵਿਚ ਮੇਰੇ ਨਾਲ ਬੈਠ ਕੇ ਮੈਨੂੰ ਕਈ ਲਫ਼ਜ਼ਾਂ ਦਾ ਮਤਲਬ ਲਿਖ ਕੇ ਦੱਸਦੀ ਹੈ। ਉਸ ਦੇ ਪਿਆਰ ਤੇ ਧੀਰਜ ਸਦਕਾ ਮੈਨੂੰ ਨਵੀਂ ਭਾਸ਼ਾ ਸਿੱਖਣ ਵਿਚ ਬਹੁਤ ਮਦਦ ਮਿਲੀ ਹੈ।” ਤੁਸੀਂ ਜਿੰਨੇ ਜ਼ਿਆਦਾ ਨਵੇਂ ਸ਼ਬਦ ਸਿੱਖੋਗੇ, ਉੱਨਾ ਹੀ ਤੁਸੀਂ ਨਵੀਂ ਭਾਸ਼ਾ ਵਿਚ ਸੋਚਣ ਲੱਗ ਪਵੋਗੇ ਅਤੇ ਤੁਹਾਨੂੰ ਆਪਣੀ ਭਾਸ਼ਾ ਵਿਚ ਸੋਚ ਕੇ ਨਵੀਂ ਭਾਸ਼ਾ ਵਿਚ ਅਨੁਵਾਦ ਕਰਨ ਦੀ ਲੋੜ ਨਹੀਂ ਪਵੇਗੀ।

ਤੁਹਾਡਾ ਮੁੱਖ ਟੀਚਾ ‘ਸਾਫ ਬੋਲਣਾ’ ਹੋਣਾ ਚਾਹੀਦਾ ਹੈ ਤਾਂਕਿ ਦੂਸਰੇ ਤੁਹਾਡੀ ਗੱਲ ਸਮਝ ਸਕਣ। (1 ਕੁਰਿੰਥੁਸ 14:8-11, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਸੱਚ ਹੈ ਕਿ ਲੋਕ ਸ਼ਾਇਦ ਧੀਰਜ ਨਾਲ ਤੁਹਾਡੀ ਗੱਲ ਸੁਣਨਗੇ, ਪਰ ਜੇ ਤੁਸੀਂ ਗ਼ਲਤ-ਮਲਤ ਬੋਲੋਗੇ ਜਾਂ ਸ਼ਬਦਾਂ ਨੂੰ ਸਪੱਸ਼ਟ ਤਰੀਕੇ ਨਾਲ ਨਹੀਂ ਉਚਾਰੋਗੇ, ਤਾਂ ਲੋਕ ਤੁਹਾਡਾ ਸੰਦੇਸ਼ ਨਹੀਂ ਸਮਝ ਸਕਣਗੇ। ਇਸ ਲਈ ਸ਼ੁਰੂ ਤੋਂ ਹੀ ਸ਼ਬਦਾਂ ਨੂੰ ਸਹੀ ਤਰੀਕੇ ਨਾਲ ਬੋਲਣ ਅਤੇ ਸਹੀ ਵਿਆਕਰਣ ਵਰਤਣ ਦੀ ਕੋਸ਼ਿਸ਼ ਕਰੋ। ਨਹੀਂ ਤਾਂ ਤੁਹਾਨੂੰ ਗ਼ਲਤ ਤਰੀਕੇ ਨਾਲ ਬੋਲਣ ਦੀ ਆਦਤ ਪੈ ਜਾਵੇਗੀ ਜੋ ਬਾਅਦ ਵਿਚ ਛੱਡਣੀ ਬਹੁਤ ਔਖੀ ਹੋਵੇਗੀ। ਮਾਰਕ ਨੇ ਸਹੇਲੀ ਭਾਸ਼ਾ ਸਿੱਖੀ ਹੈ ਤੇ ਉਸ ਦੀ ਸਲਾਹ ਹੈ ਕਿ “ਉਸ ਭਾਸ਼ਾ ਨੂੰ ਬੋਲਣ ਵਾਲੇ ਵਿਅਕਤੀਆਂ ਨੂੰ ਤੁਹਾਡੀਆਂ ਗ਼ਲਤੀਆਂ ਸੁਧਾਰਨ ਲਈ ਕਹੋ ਤੇ ਜਦੋਂ ਉਹ ਇੱਦਾਂ ਕਰਨ, ਤਾਂ ਉਨ੍ਹਾਂ ਦਾ ਧੰਨਵਾਦ ਕਰੋ!” ਪਰ ਧਿਆਨ ਰਹੇ ਕਿ ਤੁਸੀਂ ਦੂਸਰਿਆਂ ਦਾ ਬਹੁਤਾ ਸਮਾਂ ਨਾ ਲਓ। ਆਪਣਾ ਭਾਸ਼ਣ ਤੇ ਟਿੱਪਣੀਆਂ ਤਿਆਰ ਕਰ ਕੇ ਕਿਸੇ ਕੋਲੋਂ ਚੈੱਕ ਕਰਵਾਉਣ ਵਿਚ ਕੋਈ ਹਰਜ਼ ਨਹੀਂ ਹੈ, ਪਰ ਉਹੋ ਸ਼ਬਦ ਵਰਤਣੇ ਚੰਗੀ ਗੱਲ ਹੋਵੇਗੀ ਜਿਨ੍ਹਾਂ ਤੋਂ ਤੁਸੀਂ ਵਾਕਫ਼ ਹੋ ਤੇ ਜਿਨ੍ਹਾਂ ਦਾ ਮਤਲਬ ਤੁਸੀਂ ਜਾਣਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਸੀਂ ਭਾਸ਼ਾ ਸਿੱਖਣ ਵਿਚ ਤੇਜ਼ੀ ਨਾਲ ਤਰੱਕੀ ਕਰੋਗੇ ਤੇ ਵਿਸ਼ਵਾਸ ਨਾਲ ਭਾਸ਼ਣ ਜਾਂ ਟਿੱਪਣੀ ਦੇ ਸਕੋਗੇ।

ਤਰੱਕੀ ਕਰਦੇ ਰਹੋ

ਮੋਨੀਫ਼ਾ ਕਹਿੰਦੀ ਹੈ: “ਨਵੀਂ ਬੋਲੀ ਸਿੱਖਣੀ ਮੈਨੂੰ ਬਹੁਤ ਹੀ ਔਖੀ ਲੱਗ ਰਹੀ ਹੈ। ਕਦੇ-ਕਦੇ ਤਾਂ ਨਿਰਾਸ਼ ਹੋ ਕੇ ਮੇਰਾ ਜੀਅ ਹਥਿਆਰ ਸੁੱਟਣ ਨੂੰ ਕਰਦਾ ਹੈ। ਪਰ ਫਿਰ ਮੈਨੂੰ ਆਪਣੀ ਬਾਈਬਲ ਵਿਦਿਆਰਥਣ ਦੀ ਯਾਦ ਆਉਂਦੀ ਹੈ ਜਿਸ ਨੂੰ ਮੈਂ ਸਰਲ ਕੋਰੀਆਈ ਸ਼ਬਦਾਂ ਵਿਚ ਬਾਈਬਲ ਸਿਖਾਉਂਦੀ ਹਾਂ। ਪਰਮੇਸ਼ੁਰੀ ਸੱਚਾਈਆਂ ਸੁਣ ਕੇ ਉਸ ਦਾ ਚਿਹਰਾ ਖਿੜ ਉੱਠਦਾ ਹੈ। ਮੈਂ ਆਪਣੇ ਉਨ੍ਹਾਂ ਭੈਣ-ਭਰਾਵਾਂ ਨੂੰ ਵੀ ਯਾਦ ਕਰਦੀ ਹਾਂ ਜੋ ਮੇਰੀ ਥੋੜ੍ਹੀ-ਬਹੁਤ ਤਰੱਕੀ ਦੇਖ ਕੇ ਵੀ ਬਹੁਤ ਖ਼ੁਸ਼ ਹੁੰਦੇ ਹਨ।” ਸੋ ਕਾਮਯਾਬੀ ਦਾ ਰਾਜ਼ ਹੈ ਜਲਦੀ ਹਾਰ ਨਾ ਮੰਨਣਾ। ਆਪਣੇ ਟੀਚੇ ਨੂੰ ਨਾ ਭੁੱਲੋ ਕਿ ਤੁਸੀਂ ਹੋਰ ਭਾਸ਼ਾ ਬੋਲਣ ਵਾਲਿਆਂ ਨੂੰ ਪਰਮੇਸ਼ੁਰ ਦੇ ਸ਼ਾਨਦਾਰ ਮਕਸਦਾਂ ਬਾਰੇ ਸਿਖਾਉਣਾ ਚਾਹੁੰਦੇ ਹੋ। (1 ਕੁਰਿੰਥੀਆਂ 2:10) ਆਪਣੇ ਟੀਚੇ ਨੂੰ ਹਾਸਲ ਕਰਨ ਲਈ ਤੁਹਾਨੂੰ ਲਗਾਤਾਰ ਮਿਹਨਤ ਕਰਨੀ ਪਵੇਗੀ। ਆਪਣੀ ਤਰੱਕੀ ਦੀ ਤੁਲਨਾ ਦੂਸਰਿਆਂ ਦੀ ਤਰੱਕੀ ਨਾਲ ਕਰ ਕੇ ਨਿਰਾਸ਼ ਨਾ ਹੋਵੋ। ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਅਤੇ ਆਪਣੀ ਰਫ਼ਤਾਰ ਨਾਲ ਨਵੀਂ ਭਾਸ਼ਾ ਸਿੱਖਦਾ ਹੈ। ਪਰ ਆਪਣੀ ਤਰੱਕੀ ਤੇ ਨਜ਼ਰ ਰੱਖਣੀ ਚੰਗੀ ਗੱਲ ਹੋਵੇਗੀ। (ਗਲਾਤੀਆਂ 6:4) ਚੀਨੀ ਭਾਸ਼ਾ ਸਿੱਖ ਰਹੀ ਜੂਨ ਕਹਿੰਦੀ ਹੈ, “ਭਾਸ਼ਾ ਸਿੱਖਣੀ ਪੌੜੀਆਂ ਚੜ੍ਹਨ ਵਾਂਗ ਹੈ। ਇਕ ਵੇਲੇ ਮੈਨੂੰ ਲੱਗਦਾ ਹੈ ਕਿ ਮੈਂ ਅੱਗੇ ਨਹੀਂ ਵਧ ਰਹੀ ਹਾਂ ਤੇ ਅਗਲੇ ਹੀ ਪਲ ਮੈਂ ਦੇਖਦੀ ਹਾਂ ਕਿ ਮੈਂ ਇਕ ਹੋਰ ਪੌੜੀ ਚੜ੍ਹ ਗਈ ਹਾਂ।”

ਨਵੀਂ ਭਾਸ਼ਾ ਸਿੱਖਣ ਦਾ ਕੰਮ ਜ਼ਿੰਦਗੀ ਭਰ ਚੱਲਦਾ ਰਹੇਗਾ। ਇਸ ਲਈ ਭਾਸ਼ਾ ਸਿੱਖਣ ਦੇ ਇਸ ਲੰਬੇ ਸਫ਼ਰ ਨੂੰ ਖਿੜੇ ਮੱਥੇ ਤੈਅ ਕਰੋ। (ਜ਼ਬੂਰਾਂ ਦੀ ਪੋਥੀ 100:2) ਤੁਸੀਂ ਬੋਲਣ ਵਿਚ ਗ਼ਲਤੀਆਂ ਤਾਂ ਕਰੋਗੇ, ਪਰ ਮਾਯੂਸ ਨਾ ਹੋਵੋ। ਅਸੀਂ ਗ਼ਲਤੀਆਂ ਕਰ ਕੇ ਹੀ ਸਿੱਖਦੇ ਹਾਂ। ਇਕ ਭਰਾ ਨੇ ਜਦੋਂ ਇਤਾਲਵੀ ਭਾਸ਼ਾ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ, ਤਾਂ ਉਸ ਨੇ ਘਰ-ਸੁਆਮੀ ਨੂੰ ਪੁੱਛਿਆ, “ਕੀ ਤੁਸੀਂ ਜ਼ਿੰਦਗੀ ਦੇ ਝਾੜੂ ਬਾਰੇ ਜਾਣਨਾ ਚਾਹੁੰਦੇ ਹੋ?” ਉਹ ਅਸਲ ਵਿਚ “ਜ਼ਿੰਦਗੀ ਦਾ ਮਕਸਦ” ਕਹਿਣਾ ਚਾਹੁੰਦਾ ਸੀ। ਇਕ ਹੋਰ ਗਵਾਹ ਨੇ ਪੋਲਿਸ਼ ਭਾਸ਼ਾ ਵਿਚ ਕਲੀਸਿਯਾ ਨੂੰ ਖੜ੍ਹੇ ਹੋ ਕੇ ਗੀਤ ਗਾਉਣ ਦੀ ਬਜਾਇ ਕੁੱਤਾ ਗਾਉਣ ਲਈ ਕਿਹਾ! ਇਸੇ ਤਰ੍ਹਾਂ, ਚੀਨੀ ਭਾਸ਼ਾ ਸਿੱਖ ਰਹੇ ਇਕ ਗਵਾਹ ਨੇ ਆਪਣੇ ਸਰੋਤਿਆਂ ਨੂੰ ਯਿਸੂ ਦੇ ਬਲੀਦਾਨ ਦੀ ਬਜਾਇ ਯਿਸੂ ਦੇ ਬੁੱਕ-ਕੇਸ ਵਿਚ ਨਿਹਚਾ ਕਰਨ ਲਈ ਕਿਹਾ। ਪਰ ਅਜਿਹੀਆਂ ਗ਼ਲਤੀਆਂ ਕਰਨ ਦਾ ਬਹੁਤ ਫ਼ਾਇਦਾ ਹੁੰਦਾ ਹੈ ਕਿਉਂਕਿ ਸੁਧਾਰੇ ਜਾਣ ਤੇ ਅਸੀਂ ਇਨ੍ਹਾਂ ਗ਼ਲਤੀਆਂ ਨੂੰ ਦੁਬਾਰਾ ਨਹੀਂ ਦੁਹਰਾਉਂਦੇ।

ਕਲੀਸਿਯਾ ਵਿਚ ਹੋਰਨਾਂ ਨਾਲ ਮਿਲਣਾ-ਵਰਤਣਾ

ਭਾਸ਼ਾ ਤੋਂ ਇਲਾਵਾ, ਸਭਿਆਚਾਰ ਅਤੇ ਨਸਲੀ ਤੇ ਕੌਮੀ ਭਿੰਨਤਾਵਾਂ ਵੀ ਲੋਕਾਂ ਵਿਚ ਵੰਡਾਂ ਪਾਉਂਦੀਆਂ ਹਨ। ਪਰ ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਅਸੀਂ ਪਿਆਰ ਤੇ ਏਕਤਾ ਬਣਾਈ ਰੱਖ ਸਕਦੇ ਹਾਂ। ਇਕ ਵਿਦਵਾਨ ਯੂਰਪ ਵਿਚ ਚੀਨੀ ਭਾਸ਼ਾ ਬੋਲਣ ਵਾਲੇ ਕਈ ਧਾਰਮਿਕ ਗੁੱਟਾਂ ਦਾ ਅਧਿਐਨ ਕਰ ਰਿਹਾ ਸੀ। ਉਸ ਨੇ ਯਹੋਵਾਹ ਦੇ ਗਵਾਹਾਂ ਬਾਰੇ ਕਿਹਾ ਕਿ ਉਨ੍ਹਾਂ ਨੇ ਵਾਕਈ ਰਾਸ਼ਟਰਵਾਦ ਦੀਆਂ ਹੱਦਾਂ ਨੂੰ ਤੋੜ ਦਿੱਤਾ ਹੈ ਕਿਉਂਕਿ “ਉਹ ਜਾਤੀ ਭੇਦ-ਭਾਵ ਨਹੀਂ ਕਰਦੇ, ਨਾ ਹੀ ਆਪਣੀ ਭਾਸ਼ਾ ਦਾ ਘਮੰਡ ਕਰਦੇ ਹਨ। ਉਹ ਭਾਸ਼ਾ ਨੂੰ ਕੇਵਲ ਪਰਮੇਸ਼ੁਰ ਦੇ ਬਚਨ ਨੂੰ ਸਮਝਣ ਦਾ ਜ਼ਰੀਆ ਸਮਝਦੇ ਹਨ।” ਉਸ ਦੀ ਗੱਲ ਸਹੀ ਹੈ ਕਿਉਂਕਿ ਸੱਚੇ ਮਸੀਹੀ ਬਾਈਬਲ ਦੇ ਸਿਧਾਂਤਾਂ ਉੱਤੇ ਚੱਲਣ ਕਰਕੇ ਜਾਤ-ਪਾਤ ਨੂੰ ਫੁੱਟ ਦਾ ਕਾਰਨ ਨਹੀਂ ਬਣਨ ਦਿੰਦੇ। ਉਨ੍ਹਾਂ ਨੇ ‘ਨਵੀਂ ਮਨੁੱਖਤਾ ਆਪਣੇ ਉਤੇ ਧਾਰ ਲਈ ਹੈ ਜਿਸ ਨਾਲ ਯਹੂਦੀ ਤੇ ਯੂਨਾਨੀ ਦਾ ਅਤੇ ਓਪਰੇ ਤੇ ਆਪਣੇ ਦਾ ਭੇਦ ਭਾਵ ਖ਼ਤਮ ਹੋ ਜਾਂਦਾ ਹੈ।’—ਕੁਲੁਸੀਆਂ 3:10, 11, ਨਵਾਂ ਅਨੁਵਾਦ।

ਤਾਂ ਫਿਰ ਕਲੀਸਿਯਾ ਦੇ ਸਾਰੇ ਮੈਂਬਰਾਂ ਨੂੰ ਏਕਾ ਬਣਾਈ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਅਸੀਂ ਖੁੱਲ੍ਹੇ ਦਿਲ ਵਾਲੇ ਬਣੀਏ ਤੇ ਦੂਸਰਿਆਂ ਦੇ ਸੋਚਣ-ਵਿਚਾਰਨ ਅਤੇ ਕੰਮ ਕਰਨ ਦੇ ਤਰੀਕਿਆਂ ਨੂੰ ਸਵੀਕਾਰ ਕਰਨ ਲਈ ਤਿਆਰ ਰਹੀਏ। ਅਸੀਂ ਆਪਣੀ ਹੀ ਪਸੰਦ-ਨਾਪਸੰਦ ਉੱਤੇ ਜ਼ਿਆਦਾ ਜ਼ੋਰ ਦੇ ਕੇ ਮਤਭੇਦ ਪੈਦਾ ਨਹੀਂ ਕਰਾਂਗੇ। (1 ਕੁਰਿੰਥੀਆਂ 1:10; 9:19-23) ਵੱਖ-ਵੱਖ ਸਭਿਆਚਾਰਾਂ ਦੀਆਂ ਖੂਬੀਆਂ ਦੀ ਕਦਰ ਕਰਨੀ ਸਿੱਖੋ। ਯਾਦ ਰੱਖੋ ਕਿ ਦੂਸਰਿਆਂ ਨਾਲ ਏਕਤਾ ਅਤੇ ਚੰਗੇ ਸੰਬੰਧ ਬਣਾਈ ਰੱਖਣ ਦਾ ਰਾਜ਼ ਨਿਰਸੁਆਰਥ ਪਿਆਰ ਹੈ।

ਨਵੀਂ ਕਲੀਸਿਯਾ ਦੀ ਸ਼ੁਰੂਆਤ ਅਕਸਰ ਛੋਟੇ ਗਰੁੱਪ ਨਾਲ ਹੁੰਦੀ ਹੈ ਜਿਸ ਵਿਚ ਨਵੀਂ ਭਾਸ਼ਾ ਸਿੱਖਣ ਵਾਲੇ ਭੈਣ-ਭਰਾਵਾਂ ਤੋਂ ਇਲਾਵਾ ਕੁਝ ਨਵੇਂ ਲੋਕ ਵੀ ਹੁੰਦੇ ਹਨ ਜੋ ਅਜੇ ਬਾਈਬਲ ਸਟੱਡੀ ਕਰ ਰਹੇ ਹਨ। ਮਜ਼ਬੂਤ ਕਲੀਸਿਯਾਵਾਂ ਦੀ ਤੁਲਨਾ ਵਿਚ ਇਹੋ ਜਿਹੇ ਛੋਟੇ ਸਮੂਹਾਂ ਵਿਚ ਗ਼ਲਤਫ਼ਹਿਮੀਆਂ ਪੈਦਾ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਸ ਲਈ ਸਿਆਣੇ ਮਸੀਹੀਆਂ ਨੂੰ ਏਕਾ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਅਸੀਂ ਸਾਰਿਆਂ ਪ੍ਰਤੀ ਪਿਆਰ ਨਾਲ ਪੇਸ਼ ਆਈਏ, ਤਾਂ ਇਸ ਨਾਲ ਸਮੂਹ ਵਿਚ ਚੰਗਾ ਮਾਹੌਲ ਪੈਦਾ ਹੋਵੇਗਾ ਅਤੇ ਨਵੇਂ ਲੋਕ ਸੱਚਾਈ ਵਿਚ ਤਰੱਕੀ ਕਰ ਸਕਣਗੇ।

ਅਜਿਹੀ ਕਲੀਸਿਯਾ ਵਿਚ ਸੇਵਾ ਕਰ ਰਹੇ ਭੈਣ-ਭਰਾਵਾਂ ਨੂੰ ਦੂਸਰਿਆਂ ਤੋਂ ਬਹੁਤੀਆਂ ਆਸਾਂ ਨਹੀਂ ਰੱਖਣੀਆਂ ਚਾਹੀਦੀਆਂ। ਇਹੋ ਜਿਹੀ ਇਕ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਰਿੱਕ ਕਹਿੰਦਾ ਹੈ: “ਕੁਝ ਨਵੇਂ ਭਰਾ ਸ਼ਾਇਦ ਕਲੀਸਿਯਾ ਦੇ ਕੰਮਾਂ ਨੂੰ ਸਹੀ ਤਰੀਕੇ ਨਾਲ ਕਰਨਾ ਨਾ ਜਾਣਦੇ ਹੋਣ, ਪਰ ਉਨ੍ਹਾਂ ਦੇ ਪਿਆਰ ਤੇ ਜੋਸ਼ ਨੂੰ ਦੇਖ ਕੇ ਬਹੁਤ ਸਾਰੇ ਲੋਕ ਸੱਚਾਈ ਨੂੰ ਅਪਣਾ ਰਹੇ ਹਨ।” ਭਾਵੇਂ ਤੁਸੀਂ ਅਜੇ ਨਵੀਂ ਭਾਸ਼ਾ ਸਿੱਖ ਰਹੇ ਹੋ, ਪਰ ਜੇ ਤੁਸੀਂ ਬਾਕਾਇਦਾ ਸਭਾਵਾਂ ਵਿਚ ਅਤੇ ਕਲੀਸਿਯਾ ਦੇ ਹੋਰ ਕੰਮਾਂ ਵਿਚ ਹਿੱਸਾ ਲਵੋਗੇ, ਤਾਂ ਤੁਸੀਂ ਕਲੀਸਿਯਾ ਲਈ ਬਰਕਤ ਸਾਬਤ ਹੋਵੋਗੇ। ਸਾਰੇ ਮਿਲ-ਜੁਲ ਕੇ ਕਲੀਸਿਯਾ ਨੂੰ ਮਜ਼ਬੂਤ ਕਰਨ ਵਿਚ ਹਿੱਸਾ ਪਾ ਸਕਦੇ ਹਨ।

ਆਪਣੀ ਨਿਹਚਾ ਨੂੰ ਕਮਜ਼ੋਰ ਨਾ ਪੈਣ ਦਿਓ

ਕਲੀਸਿਯਾ ਵਿਚ ਨਵੇਂ ਆਏ ਇਕ ਭਰਾ ਨੇ ਇਕ ਮਾਂ ਨੂੰ ਆਪਣੇ ਬੱਚੇ ਨੂੰ ਟਿੱਪਣੀ ਤਿਆਰ ਕਰਾਉਂਦੇ ਹੋਏ ਦੇਖਿਆ। ਬੱਚੇ ਨੇ ਇਤਰਾਜ਼ ਕਰਦੇ ਹੋਏ ਕਿਹਾ ਕਿ “ਮੰਮੀ ਮੈਨੂੰ ਕੋਈ ਛੋਟਾ ਜਵਾਬ ਦੱਸੋ।” ਪਰ ਉਸ ਦੀ ਮਾਂ ਨੇ ਕਿਹਾ: “ਨਹੀਂ ਬੇਟਾ, ਛੋਟੇ ਜਵਾਬ ਉਹ ਭੈਣ-ਭਰਾ ਦੇਣਗੇ ਜੋ ਸਾਡੀ ਭਾਸ਼ਾ ਅਜੇ ਸਿੱਖ ਰਹੇ ਨੇ।”

ਵੱਡਿਆਂ ਲਈ ਮਹੀਨਿਆਂ ਜਾਂ ਸਾਲਾਂ ਬੱਧੀ ਕਿਸੇ ਨਵੀਂ ਭਾਸ਼ਾ ਵਿਚ ਚੰਗੀ ਤਰ੍ਹਾਂ ਗੱਲਬਾਤ ਨਾ ਕਰ ਸਕਣਾ ਨਿਰਾਸ਼ਾ ਦਾ ਕਾਰਨ ਹੋ ਸਕਦਾ ਹੈ। ਨਤੀਜੇ ਵਜੋਂ, ਉਨ੍ਹਾਂ ਦੀ ਨਿਹਚਾ ਕਮਜ਼ੋਰ ਪੈ ਸਕਦੀ ਹੈ। ਜੈਨਟ ਹੁਣ ਸਪੇਨੀ ਭਾਸ਼ਾ ਬਾਖੂਬੀ ਬੋਲ ਲੈਂਦੀ ਹੈ, ਪਰ ਉਹ ਚੇਤੇ ਕਰਦੀ ਹੈ ਕਿ ਉਸ ਨੂੰ ਇਹ ਭਾਸ਼ਾ ਸਿੱਖਣ ਵਿਚ ਇੰਨੀ ਮੁਸ਼ਕਲ ਆਈ ਕਿ ਉਹ ਬਹੁਤ ਨਿਰਾਸ਼ ਹੋ ਜਾਂਦੀ ਸੀ। ਹਿਰੋਕੋ ਨੇ ਅੰਗ੍ਰੇਜ਼ੀ ਬੋਲਣੀ ਸਿੱਖੀ ਤੇ ਉਹ ਚੇਤੇ ਕਰਦੀ ਹੈ: ‘ਮੈਂ ਸੋਚਦੀ ਹੁੰਦੀ ਸੀ ਕਿ ਇੱਥੇ ਤਾਂ ਕੁੱਤੇ-ਬਿੱਲੀਆਂ ਵੀ ਮੇਰੇ ਨਾਲੋਂ ਜ਼ਿਆਦਾ ਅੰਗ੍ਰੇਜ਼ੀ ਜਾਣਦੇ ਹਨ।’ ਇਸੇ ਤਰ੍ਹਾਂ ਕੈਥੀ ਕਹਿੰਦੀ ਹੈ: ‘ਸਪੇਨੀ ਕਲੀਸਿਯਾ ਵਿਚ ਆਉਣ ਤੋਂ ਪਹਿਲਾਂ ਮੇਰੇ ਕੋਲ ਕਈ ਬਾਈਬਲ ਸਟੱਡੀਆਂ ਸਨ। ਬਹੁਤ ਸਾਰੇ ਲੋਕ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਸਨ ਤੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਮੈਨੂੰ ਬਹੁਤ ਮਜ਼ਾ ਆਉਂਦਾ ਸੀ। ਪਰ ਸਪੇਨੀ ਕਲੀਸਿਯਾ ਵਿਚ ਆ ਕੇ ਮੇਰੇ ਕੋਲ ਇਕ ਵੀ ਬਾਈਬਲ ਸਟੱਡੀ ਨਹੀਂ ਸੀ। ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਤਾਂ ਕਲੀਸਿਯਾ ਵਿਚ ਕੁਝ ਵੀ ਨਹੀਂ ਕਰ ਰਹੀ ਸੀ।’

ਜੇ ਤੁਸੀਂ ਵੀ ਇੱਦਾਂ ਮਹਿਸੂਸ ਕਰ ਰਹੇ ਹੋ, ਤਾਂ ਹਿੰਮਤ ਨਾ ਹਾਰੋ। ਜਦੋਂ ਹਿਰੋਕੋ ਮਾਯੂਸ ਹੋ ਜਾਂਦੀ ਸੀ, ਤਾਂ ਉਹ ਆਪਣੇ ਆਪ ਨੂੰ ਚੇਤੇ ਕਰਾਉਂਦੀ ਸੀ ਕਿ “ਜੇ ਦੂਜੇ ਇਹ ਭਾਸ਼ਾ ਸਿੱਖ ਸਕਦੇ ਹਨ, ਤਾਂ ਮੈਂ ਵੀ ਸਿੱਖ ਲਵਾਂਗੀ।” ਕੈਥੀ ਕਹਿੰਦੀ ਹੈ: “ਮੈਂ ਆਪਣੇ ਪਤੀ ਨੂੰ ਯਾਦ ਰੱਖਦੀ ਸੀ ਜੋ ਭਾਸ਼ਾ ਸਿੱਖਣ ਵਿਚ ਚੰਗੀ ਤਰੱਕੀ ਕਰ ਰਹੇ ਸਨ ਤੇ ਕਲੀਸਿਯਾ ਵਿਚ ਕਾਫ਼ੀ ਕੁਝ ਕਰ ਰਹੇ ਸਨ। ਉਨ੍ਹਾਂ ਦੀ ਮਿਸਾਲ ਤੋਂ ਮੈਨੂੰ ਬਹੁਤ ਹੌਸਲਾ ਮਿਲਿਆ। ਭਾਵੇਂ ਕਿ ਮੈਨੂੰ ਅਜੇ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ, ਪਰ ਮੈਂ ਹੁਣ ਸਪੇਨੀ ਭਾਸ਼ਾ ਵਿਚ ਪ੍ਰਚਾਰ ਕਰ ਲੈਂਦੀ ਹਾਂ ਅਤੇ ਬਾਈਬਲ ਸਟੱਡੀਆਂ ਵੀ ਕਰਾਉਂਦੀ ਹਾਂ। ਇਸ ਤੋਂ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।” ਉਸ ਦਾ ਪਤੀ ਜੈੱਫ਼ ਕਹਿੰਦਾ ਹੈ: “ਅਕਸਰ ਕਲੀਸਿਯਾ ਵਿਚ ਕੀਤੀਆਂ ਘੋਸ਼ਣਾਵਾਂ ਜਾਂ ਬਜ਼ੁਰਗਾਂ ਦੀਆਂ ਮੀਟਿੰਗਾਂ ਵੇਲੇ ਪੂਰੀ ਗੱਲ ਮੇਰੇ ਪੱਲੇ ਨਹੀਂ ਪੈਂਦੀ ਸੀ। ਉਦੋਂ ਮੈਂ ਈਮਾਨਦਾਰੀ ਤੇ ਹਲੀਮੀ ਨਾਲ ਭਰਾਵਾਂ ਨੂੰ ਕਹਿੰਦਾ ਹਾਂ ਕਿ ਮੈਨੂੰ ਪੂਰੀ ਗੱਲ ਸਮਝ ਨਹੀਂ ਆਈ। ਉਹ ਕਦੇ ਵੀ ਮੈਨੂੰ ਗੱਲ ਸਮਝਾਉਣ ਤੇ ਖਿੱਝਦੇ ਨਹੀਂ।”

ਨਵੀਂ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ ਕਰਦਿਆਂ ਅਸੀਂ ਆਪਣੀ ਖ਼ੁਸ਼ੀ ਗੁਆ ਸਕਦੇ ਹਾਂ। ਇਸ ਲਈ ਸਾਨੂੰ ਆਪਣੀ “ਆਤਮਕ ਲੋੜ” ਪੂਰੀ ਕਰਨ ਅਤੇ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣ ਦੀ ਲੋੜ ਹੈ। (ਮੱਤੀ 5:3, ਨਵਾਂ ਅਨੁਵਾਦ) ਕਈ ਸਾਲਾਂ ਤੋਂ ਪੁਰਤਗਾਲੀ ਇਲਾਕੇ ਵਿਚ ਸੇਵਾ ਕਰ ਰਿਹਾ ਕਾਜ਼ੂਯੂਕੀ ਕਹਿੰਦਾ ਹੈ: “ਨਿਯਮਿਤ ਤੌਰ ਤੇ ਅਧਿਆਤਮਿਕ ਖ਼ੁਰਾਕ ਲੈਂਦੇ ਰਹਿਣਾ ਬਹੁਤ ਜ਼ਰੂਰੀ ਹੈ। ਇਸੇ ਲਈ ਮੈਂ ਤੇ ਮੇਰਾ ਪਰਿਵਾਰ ਪੁਰਤਗਾਲੀ ਭਾਸ਼ਾ ਤੋਂ ਇਲਾਵਾ ਆਪਣੀ ਮਾਂ ਬੋਲੀ ਵਿਚ ਵੀ ਸਟੱਡੀ ਕਰਦੇ ਹਾਂ ਤੇ ਸਭਾਵਾਂ ਲਈ ਤਿਆਰੀ ਕਰਦੇ ਹਾਂ।” ਕੁਝ ਭੈਣ-ਭਰਾ ਸਮੇਂ-ਸਮੇਂ ਤੇ ਆਪਣੀ ਭਾਸ਼ਾ ਦੀਆਂ ਕਲੀਸਿਯਾ ਸਭਾਵਾਂ ਵਿਚ ਵੀ ਜਾਂਦੇ ਹਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ, ਲੋੜ ਮੁਤਾਬਕ ਆਰਾਮ ਕਰਨਾ ਵੀ ਜ਼ਰੂਰੀ ਹੈ।—ਮਰਕੁਸ 6:31.

ਨਫ਼ਾ-ਨੁਕਸਾਨ ਬਾਰੇ ਸੋਚੋ

ਜੇ ਤੁਸੀਂ ਹੋਰ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ ਕਰਨ ਬਾਰੇ ਸੋਚ ਰਹੇ ਹੋ, ਤਾਂ ਪਹਿਲਾਂ ਬੈਠ ਕੇ ਨਫ਼ਾ-ਨੁਕਸਾਨ ਬਾਰੇ ਚੰਗੀ ਤਰ੍ਹਾਂ ਵਿਚਾਰ ਕਰੋ। (ਲੂਕਾ 14:28) ਸੋਚੋ ਕਿ ਤੁਹਾਡੀ ਨਿਹਚਾ ਅਤੇ ਯਹੋਵਾਹ ਨਾਲ ਤੁਹਾਡੇ ਰਿਸ਼ਤੇ ਉੱਤੇ ਇਸ ਦਾ ਕੀ ਅਸਰ ਪਵੇਗਾ। ਆਪਣੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀ ਪਤਨੀ ਤੇ ਬੱਚਿਆਂ ਬਾਰੇ ਵੀ ਸੋਚੋ। ਤੁਸੀਂ ਪੁੱਛ ਸਕਦੇ ਹੋ, ‘ਕੀ ਮੇਰੇ ਹਾਲਾਤ ਮੈਨੂੰ ਹੋਰ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ ਕਰਨ ਦੀ ਇਜਾਜ਼ਤ ਦਿੰਦੇ ਹਨ? ਕੀ ਮੇਰੇ ਵਿਚ ਨਵੀਂ ਭਾਸ਼ਾ ਸਿੱਖਣ ਦਾ ਹੌਸਲਾ ਹੈ?’ ਇਨ੍ਹਾਂ ਗੱਲਾਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ। ਆਪਣੀ ਅਤੇ ਆਪਣੇ ਪਰਿਵਾਰ ਦੀ ਅਧਿਆਤਮਿਕ ਸਿਹਤ ਦਾ ਖ਼ਿਆਲ ਰੱਖਣਾ ਹੀ ਅਕਲਮੰਦੀ ਹੋਵੇਗੀ। ਤੁਸੀਂ ਭਾਵੇਂ ਜਿੱਥੇ ਮਰਜ਼ੀ ਸੇਵਾ ਕਰੋ, ਤੁਸੀਂ ਦੂਸਰਿਆਂ ਨੂੰ ਪਰਮੇਸ਼ੁਰ ਬਾਰੇ ਸਿਖਾ ਕੇ ਬੇਸ਼ੁਮਾਰ ਖ਼ੁਸ਼ੀਆਂ ਹਾਸਲ ਕਰ ਸਕਦੇ ਹੋ।

ਜਿਹੜੇ ਭੈਣ-ਭਰਾ ਹੋਰ ਕਲੀਸਿਯਾ ਵਿਚ ਸੇਵਾ ਕਰ ਸਕਦੇ ਹਨ, ਉਨ੍ਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਆਪਣੇ ਪਤੀ ਦੇ ਨਾਲ ਸਪੇਨੀ ਕਲੀਸਿਯਾ ਵਿਚ ਸੇਵਾ ਕਰ ਰਹੀ ਬਾਰਬਰਾ ਕਹਿੰਦੀ ਹੈ: “ਇਹ ਮੇਰੀ ਜ਼ਿੰਦਗੀ ਦਾ ਸ਼ਾਨਦਾਰ ਤਜਰਬਾ ਰਿਹਾ ਹੈ। ਮੇਰੇ ਲਈ ਇਹ ਨਵੇਂ ਸਿਰਿਓਂ ਸੱਚਾਈ ਸਿੱਖਣ ਦੇ ਬਰਾਬਰ ਹੈ। ਭਾਵੇਂ ਅਸੀਂ ਮਿਸ਼ਨਰੀਆਂ ਵਜੋਂ ਹੋਰ ਦੇਸ਼ ਵਿਚ ਸੇਵਾ ਨਹੀਂ ਕਰ ਸਕਦੇ, ਪਰ ਮੈਂ ਇਸ ਗੱਲ ਲਈ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਆਪਣੇ ਹੀ ਦੇਸ਼ ਵਿਚ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਮਦਦ ਕਰ ਰਹੇ ਹਾਂ।”

ਸੰਸਾਰ ਭਰ ਵਿਚ ਹਰ ਉਮਰ ਦੇ ਹਜ਼ਾਰਾਂ ਗਵਾਹ ਨਵੀਂ ਭਾਸ਼ਾ ਸਿੱਖਣ ਦੀ ਚੁਣੌਤੀ ਨੂੰ ਕਬੂਲ ਕਰ ਰਹੇ ਹਨ ਤਾਂਕਿ ਉਹ ਦੂਸਰਿਆਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾ ਸਕਣ। ਜੇ ਤੁਸੀਂ ਵੀ ਇਨ੍ਹਾਂ ਲੋਕਾਂ ਵਿੱਚੋਂ ਇਕ ਹੋ, ਤਾਂ ਆਪਣੇ ਉਦੇਸ਼ ਨੂੰ ਹਮੇਸ਼ਾ ਯਾਦ ਰੱਖੋ ਅਤੇ ਮਿਹਨਤ ਕਰਦੇ ਰਹੋ। ਯਹੋਵਾਹ ਉੱਤੇ ਪੂਰਾ ਭਰੋਸਾ ਰੱਖੋ ਅਤੇ ਉਹ ਤੁਹਾਡੇ ਜਤਨਾਂ ਨੂੰ ਸਫ਼ਲ ਕਰੇਗਾ।—2 ਕੁਰਿੰਥੀਆਂ 4:7.

[ਸਫ਼ਾ 18 ਉੱਤੇ ਤਸਵੀਰ]

ਕਿਸੇ ਕਾਬਲ ਅਧਿਆਪਕ ਦੀ ਕਲਾਸ ਵਿਚ ਬੈਠ ਕੇ ਭਾਸ਼ਾ ਜ਼ਿਆਦਾ ਤੇਜ਼ੀ ਤੇ ਆਸਾਨੀ ਨਾਲ ਸਿੱਖੀ ਜਾ ਸਕਦੀ ਹੈ

[ਸਫ਼ਾ 20 ਉੱਤੇ ਤਸਵੀਰ]

ਨਵੀਂ ਭਾਸ਼ਾ ਸਿੱਖਦਿਆਂ ਆਪਣੀ ਨਿਹਚਾ ਨੂੰ ਮਜ਼ਬੂਤ ਰੱਖਣਾ ਜ਼ਰੂਰੀ ਹੈ