Skip to content

Skip to table of contents

ਝੂਠੀ ਭਗਤੀ ਤੋਂ ਦੂਰ ਰਹੋ!

ਝੂਠੀ ਭਗਤੀ ਤੋਂ ਦੂਰ ਰਹੋ!

ਝੂਠੀ ਭਗਤੀ ਤੋਂ ਦੂਰ ਰਹੋ!

“ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ।”—2 ਕੁਰਿੰਥੀਆਂ 6:17.

1. ਅੱਜ ਬਹੁਤ ਸਾਰੇ ਲੋਕ ਕਿਸ ਹਾਲਤ ਵਿਚ ਹਨ?

ਬਹੁਤ ਸਾਰੇ ਲੋਕ ਪਰਮੇਸ਼ੁਰ ਅਤੇ ਭਵਿੱਖ ਬਾਰੇ ਸੱਚਾਈ ਨਹੀਂ ਜਾਣਦੇ। ਉਨ੍ਹਾਂ ਦੇ ਮਨ ਵਿਚ ਕਈ ਸਵਾਲ ਹਨ, ਪਰ ਜਵਾਬ ਨਾ ਮਿਲਣ ਕਰਕੇ ਉਹ ਉਲਝਣ ਵਿਚ ਪਏ ਹੋਏ ਹਨ। ਲੱਖਾਂ ਲੋਕ ਅਜਿਹੇ ਵਹਿਮਾਂ-ਭਰਮਾਂ, ਰੀਤਾਂ-ਰਿਵਾਜਾਂ ਤੇ ਤਿਉਹਾਰਾਂ ਦੇ ਗ਼ੁਲਾਮ ਹਨ ਜੋ ਸਾਡੇ ਸਿਰਜਣਹਾਰ ਨੂੰ ਨਾਰਾਜ਼ ਕਰਦੇ ਹਨ। ਸ਼ਾਇਦ ਤੁਹਾਡੇ ਗੁਆਂਢੀ ਜਾਂ ਰਿਸ਼ਤੇਦਾਰ ਵੀ ਨਰਕ ਦੀ ਅੱਗ, ਤ੍ਰਿਏਕ, ਅਮਰ ਆਤਮਾ ਜਾਂ ਕੋਈ ਹੋਰ ਝੂਠੀ ਸਿੱਖਿਆ ਨੂੰ ਮੰਨਦੇ ਹੋਣਗੇ।

2. ਧਾਰਮਿਕ ਗੁਰੂਆਂ ਨੇ ਕੀ ਕੀਤਾ ਹੈ ਅਤੇ ਇਸ ਦਾ ਨਤੀਜਾ ਕੀ ਨਿਕਲਿਆ ਹੈ?

2 ਇੰਨੇ ਸਾਰੇ ਲੋਕ ਪਰਮੇਸ਼ੁਰ ਬਾਰੇ ਅਣਜਾਣ ਕਿਉਂ ਹਨ? ਹੈਰਾਨੀ ਦੀ ਗੱਲ ਹੈ ਕਿ ਧਾਰਮਿਕ ਸੰਗਠਨਾਂ ਅਤੇ ਗੁਰੂਆਂ ਨੇ ਹੀ ਲੋਕਾਂ ਨੂੰ ਪਰਮੇਸ਼ੁਰ ਬਾਰੇ ਗ਼ਲਤ ਗੱਲਾਂ ਸਿਖਾਈਆਂ ਹਨ। (ਮਰਕੁਸ 7:7, 8) ਨਤੀਜੇ ਵਜੋਂ ਕਈ ਲੋਕ ਇਸ ਗ਼ਲਤਫ਼ਹਿਮੀ ਵਿਚ ਹਨ ਕਿ ਉਹ ਸੱਚੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ ਜਦ ਕਿ ਉਹ ਉਸ ਦਾ ਅਪਮਾਨ ਕਰ ਰਹੇ ਹਨ। ਝੂਠੇ ਧਰਮ ਇਸ ਤਰਸਯੋਗ ਹਾਲਤ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ।

3. ਝੂਠੇ ਧਰਮਾਂ ਦੇ ਪਿੱਛੇ ਕਿਸ ਦਾ ਹੱਥ ਹੈ ਅਤੇ ਬਾਈਬਲ ਉਸ ਬਾਰੇ ਕੀ ਕਹਿੰਦੀ ਹੈ?

3 ਝੂਠੇ ਧਰਮਾਂ ਦੇ ਪਿੱਛੇ ਇਕ ਦੁਸ਼ਟ ਆਤਮਿਕ ਪ੍ਰਾਣੀ ਦਾ ਹੱਥ ਹੈ। ਉਸ ਬਾਰੇ ਪੌਲੁਸ ਰਸੂਲ ਨੇ ਕਿਹਾ: “ਇਸ ਜੁੱਗ ਦੇ ਈਸ਼ੁਰ ਨੇ ਬੇਪਰਤੀਤਿਆਂ ਦੀਆਂ ਬੁੱਧਾਂ ਅੰਨ੍ਹੀਆਂ ਕਰ ਦਿੱਤੀਆਂ ਮਤੇ ਮਸੀਹ ਜੋ ਪਰਮੇਸ਼ੁਰ ਦਾ ਸਰੂਪ ਹੈ ਉਹ ਦੇ ਤੇਜ ਦੀ ਖੁਸ਼ ਖਬਰੀ ਦਾ ਚਾਨਣ ਉਨ੍ਹਾਂ ਉੱਤੇ ਪਰਕਾਸ਼ ਹੋਵੇ।” (2 ਕੁਰਿੰਥੀਆਂ 4:4) ‘ਇਸ ਜੁੱਗ ਦਾ ਈਸ਼ੁਰ’ ਸ਼ਤਾਨ ਹੈ। ਉਹੀ ਲੋਕਾਂ ਤੋਂ ਝੂਠੀ ਭਗਤੀ ਕਰਵਾਉਂਦਾ ਹੈ। ਪੌਲੁਸ ਨੇ ਲਿਖਿਆ: “ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ। ਇਸ ਲਈ ਜੋ ਉਹ ਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ।” (2 ਕੁਰਿੰਥੀਆਂ 11:14, 15) ਸ਼ਤਾਨ ਬੁਰੀਆਂ ਚੀਜ਼ਾਂ ਨੂੰ ਚੰਗੀਆਂ ਦਿਖਾਉਂਦਾ ਹੈ ਅਤੇ ਇਸ ਤਰ੍ਹਾਂ ਲੋਕਾਂ ਨੂੰ ਝੂਠ ਨੂੰ ਸੱਚ ਮੰਨਣ ਲਈ ਭਰਮਾਉਂਦਾ ਹੈ।

4. ਮੂਸਾ ਦੀ ਬਿਵਸਥਾ ਵਿਚ ਝੂਠੇ ਨਬੀਆਂ ਬਾਰੇ ਕੀ ਕਿਹਾ ਗਿਆ ਸੀ?

4 ਇਸੇ ਲਈ ਬਾਈਬਲ ਵਿਚ ਝੂਠੇ ਧਰਮਾਂ ਨੂੰ ਸਾਫ਼-ਸਾਫ਼ ਨਿੰਦਿਆ ਗਿਆ ਹੈ! ਮਿਸਾਲ ਲਈ, ਮੂਸਾ ਦੀ ਬਿਵਸਥਾ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਝੂਠੇ ਨਬੀਆਂ ਬਾਰੇ ਸਾਫ਼ ਚੇਤਾਵਨੀ ਦਿੱਤੀ ਸੀ। ਪਰਮੇਸ਼ੁਰ ਨੇ ਕਿਹਾ ਕਿ ਝੂਠੀਆਂ ਸਿੱਖਿਆਵਾਂ ਦੇਣ ਵਾਲਿਆਂ ਅਤੇ ਦੇਵੀ-ਦੇਵਤਿਆਂ ਦੀ ਭਗਤੀ ਕਰਨ ਵਾਲਿਆਂ ਨੂੰ “ਮਾਰ ਦਿੱਤਾ ਜਾਵੇ ਕਿਉਂ ਜੋ ਉਸ ਨੇ ਬੋਲ ਕੇ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਕੁਰਾਹੇ ਪਾਇਆ ਹੈ।” ਯਹੋਵਾਹ ਦਾ ਹੁਕਮ ਸੀ ਕਿ ਇਸਰਾਏਲੀ ‘ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦੇਣ।’ (ਬਿਵਸਥਾ ਸਾਰ 13:1-5) ਜੀ ਹਾਂ, ਯਹੋਵਾਹ ਦੀਆਂ ਨਜ਼ਰਾਂ ਵਿਚ ਝੂਠੇ ਧਰਮ ਬਹੁਤ ਘਿਣਾਉਣੇ ਹਨ।—ਹਿਜ਼ਕੀਏਲ 13:3.

5. ਸਾਨੂੰ ਕਿਨ੍ਹਾਂ ਚੇਤਾਵਨੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ?

5 ਝੂਠੀ ਭਗਤੀ ਬਾਰੇ ਯਿਸੂ ਮਸੀਹ ਅਤੇ ਉਸ ਦੇ ਰਸੂਲ ਵੀ ਯਹੋਵਾਹ ਵਾਂਗ ਹੀ ਮਹਿਸੂਸ ਕਰਦੇ ਸਨ। ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ: “ਝੂਠੇ ਨਬੀਆਂ ਤੋਂ ਹੁਸ਼ਿਆਰ ਰਹੋ ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਹਨ ਪਰ ਅੰਦਰੋਂ ਓਹ ਪਾੜਨ ਵਾਲੇ ਬਘਿਆੜ ਹਨ।” (ਮੱਤੀ 7:15; ਮਰਕੁਸ 13:22, 23) ਪੌਲੁਸ ਨੇ ਲਿਖਿਆ ਕਿ “ਜਿਹੜੇ ਮਨੁੱਖ ਸਚਿਆਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ ਉਨ੍ਹਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਤਾਂ ਅਕਾਸ਼ੋਂ ਪਰਗਟ ਹੋਇਆ।” (ਰੋਮੀਆਂ 1:18) ਤਾਂ ਫਿਰ ਇਹ ਬਹੁਤ ਜ਼ਰੂਰੀ ਹੈ ਕਿ ਸੱਚੇ ਮਸੀਹੀ ਇਨ੍ਹਾਂ ਚੇਤਾਵਨੀਆਂ ਵੱਲ ਧਿਆਨ ਦੇਣ ਤੇ ਉਨ੍ਹਾਂ ਸਾਰਿਆਂ ਤੋਂ ਦੂਰ ਰਹਿਣ ਜੋ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਨ ਜਾਂ ਝੂਠੀਆਂ ਸਿੱਖਿਆਵਾਂ ਫੈਲਾਉਂਦੇ ਹਨ!—1 ਯੂਹੰਨਾ 4:1.

‘ਵੱਡੀ ਬਾਬੁਲ’ ਵਿੱਚੋਂ ਨਿਕਲ ਆਓ

6. ਬਾਈਬਲ ਵਿਚ ‘ਵੱਡੀ ਬਾਬੁਲ’ ਨੂੰ ਕਿਵੇਂ ਦਰਸਾਇਆ ਗਿਆ ਹੈ?

6 ਜ਼ਰਾ ਗੌਰ ਕਰੋ ਕਿ ਬਾਈਬਲ ਵਿਚ ਪਰਕਾਸ਼ ਦੀ ਪੋਥੀ ਝੂਠੇ ਧਰਮਾਂ ਬਾਰੇ ਕੀ ਕਹਿੰਦੀ ਹੈ। ਇਸ ਵਿਚ ਝੂਠੇ ਧਰਮਾਂ ਨੂੰ ਇਕ ਸ਼ਰਾਬੀ ਕੰਜਰੀ ਵਜੋਂ ਦਰਸਾਇਆ ਗਿਆ ਹੈ ਜੋ ਕਈ ਹਕੂਮਤਾਂ ਅਤੇ ਲੋਕਾਂ ਉੱਤੇ ਇਖ਼ਤਿਆਰ ਰੱਖਦੀ ਹੈ। ਉਹ ਕਈ ਰਾਜਿਆਂ ਨਾਲ ਵਿਭਚਾਰ ਕਰਦੀ ਹੈ ਅਤੇ ਪਰਮੇਸ਼ੁਰ ਦੇ ਸੱਚੇ ਸੇਵਕਾਂ ਦੇ ਲਹੂ ਨਾਲ ਮਸਤ ਹੋਈ ਪਈ ਹੈ। (ਪਰਕਾਸ਼ ਦੀ ਪੋਥੀ 17:1, 2, 6, 18) ਉਸ ਦੇ ਮੱਥੇ ਉੱਤੇ ਇਕ ਨਾਂ ਲਿਖਿਆ ਹੋਇਆ ਹੈ ਜੋ ਉਸ ਦੇ ਘਿਣਾਉਣੇ ਕੰਮਾਂ ਨੂੰ ਜ਼ਾਹਰ ਕਰਦਾ ਹੈ। ਇਹ ਨਾਂ ਹੈ, “ਬਾਬੁਲ ਉਹ ਵੱਡੀ ਨਗਰੀ, ਕੰਜਰੀਆਂ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ।”—ਪਰਕਾਸ਼ ਦੀ ਪੋਥੀ 17:5.

7, 8. ਝੂਠੇ ਧਰਮਾਂ ਨੇ ਕੰਜਰੀ ਦਾ ਕੰਮ ਕਿਵੇਂ ਕੀਤਾ ਹੈ ਅਤੇ ਇਸ ਦਾ ਸਿੱਟਾ ਕੀ ਨਿਕਲਿਆ ਹੈ?

7 ਵੱਡੀ ਬਾਬੁਲ ਦੁਨੀਆਂ ਦੇ ਸਾਰੇ ਝੂਠੇ ਧਰਮਾਂ ਨੂੰ ਦਰਸਾਉਂਦੀ ਹੈ। ਭਾਵੇਂ ਦੁਨੀਆਂ ਦੇ ਹਜ਼ਾਰਾਂ ਧਰਮ ਇਕ-ਦੂਜੇ ਤੋਂ ਵੱਖਰੇ ਹਨ, ਫਿਰ ਵੀ ਉਨ੍ਹਾਂ ਦਾ ਉਦੇਸ਼ ਅਤੇ ਕੰਮ ਇੱਕੋ ਹਨ। ਜਿਸ ਤਰ੍ਹਾਂ ਪਰਕਾਸ਼ ਦੀ ਪੋਥੀ ਵਿਚ ਦਿਖਾਇਆ ਗਿਆ ਹੈ, ਝੂਠੇ ਧਰਮਾਂ ਨੇ ਹਕੂਮਤਾਂ ਉੱਤੇ ਵੱਡਾ ਪ੍ਰਭਾਵ ਪਾਇਆ ਹੈ। ਇਕ ਬੇਵਫ਼ਾ ਪਤਨੀ ਵਾਂਗ ਝੂਠੇ ਧਰਮਾਂ ਨੇ ਕਈ ਹਕੂਮਤਾਂ ਨਾਲ ਨਾਜਾਇਜ਼ ਸੰਬੰਧ ਜੋੜ ਕੇ ਕੰਜਰੀ ਦਾ ਕੰਮ ਕੀਤਾ ਹੈ। ਯਾਕੂਬ ਨੇ ਲਿਖਿਆ: “ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।”—ਯਾਕੂਬ 4:4.

8 ਝੂਠੇ ਧਰਮਾਂ ਦਾ ਹਕੂਮਤਾਂ ਵਿਚ ਦਖ਼ਲ ਦੇਣ ਕਰਕੇ ਬਹੁਤ ਸਾਰੇ ਇਨਸਾਨਾਂ ਨੇ ਦੁੱਖ ਭੋਗੇ ਹਨ। ਅਫ਼ਰੀਕਾ ਦੇ ਇਕ ਸਿਆਸੀ ਵਿਸ਼ਲੇਸ਼ਕ ਡਾਕਟਰ ਮਾਂਗੂ ਨੇ ਕਿਹਾ ਕਿ “ਇਤਿਹਾਸ ਵਿਚ ਇਸ ਗੱਲ ਦੀਆਂ ਕਈ ਮਿਸਾਲਾਂ ਹਨ ਕਿ ਧਰਮ ਅਤੇ ਸਿਆਸਤ ਦੇ ਮੇਲ ਕਰਕੇ ਬਹੁਤ ਖ਼ੂਨ-ਖ਼ਰਾਬਾ ਹੋਇਆ ਹੈ।” ਹਾਲ ਹੀ ਵਿਚ ਇਕ ਅਖ਼ਬਾਰ ਨੇ ਕਿਹਾ: “ਅੱਜ ਦੇ ਸਭ ਤੋਂ ਖ਼ਤਰਨਾਕ ਝਗੜੇ ਅਤੇ ਕਤਲਾਮ ਧਰਮ ਦੇ ਨਾਂ ਤੇ ਹੋ ਰਹੇ ਹਨ।” ਧਰਮ ਦੇ ਨਾਂ ਤੇ ਲੜੀਆਂ ਲੜਾਈਆਂ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ। ਵੱਡੀ ਬਾਬੁਲ ਨੇ ਪਰਮੇਸ਼ੁਰ ਦੇ ਸੱਚੇ ਭਗਤਾਂ ਉੱਤੇ ਵੀ ਜ਼ੁਲਮ ਕੀਤੇ ਹਨ ਅਤੇ ਉਨ੍ਹਾਂ ਨੂੰ ਮਾਰਿਆ ਹੈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਉਹ ਉਨ੍ਹਾਂ ਦਾ ਲਹੂ ਪੀ ਕੇ ਮਤਵਾਲੀ ਹੋਈ ਪਈ ਹੈ।—ਪਰਕਾਸ਼ ਦੀ ਪੋਥੀ 18:24.

9. ਪਰਕਾਸ਼ ਦੀ ਪੋਥੀ ਵਿਚ ਝੂਠੀ ਭਗਤੀ ਲਈ ਯਹੋਵਾਹ ਦੀ ਨਫ਼ਰਤ ਦਾ ਅਸੀਂ ਕੀ ਸਬੂਤ ਦੇਖਦੇ ਹਾਂ?

9 ਵੱਡੀ ਬਾਬੁਲ ਨਾਲ ਜੋ ਕੁਝ ਹੋਣ ਵਾਲਾ ਹੈ, ਉਸ ਤੋਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਯਹੋਵਾਹ ਝੂਠੀ ਭਗਤੀ ਨਾਲ ਸਖ਼ਤ ਨਫ਼ਰਤ ਕਰਦਾ ਹੈ। ਪਰਕਾਸ਼ ਦੀ ਪੋਥੀ 17:16 ਵਿਚ ਲਿਖਿਆ ਹੈ: “ਜਿਹੜੇ ਦਸ ਸਿੰਙ ਤੈਂ ਵੇਖੇ ਸਨ ਨਾਲੇ ਉਹ ਦਰਿੰਦਾ, ਏਹ ਓਸ ਕੰਜਰੀ ਨਾਲ ਵੈਰ ਕਰਨਗੇ ਅਤੇ ਉਹ ਨੂੰ ਉਜਾੜ ਦੇਣਗੇ ਅਤੇ ਨੰਗਿਆਂ ਕਰਨਗੇ ਅਤੇ ਉਹ ਦਾ ਮਾਸ ਖਾ ਜਾਣਗੇ ਅਤੇ ਉਹ ਨੂੰ ਅੱਗ ਨਾਲ ਸਾੜ ਸੁੱਟਣਗੇ।” ਪਹਿਲਾਂ ਤਾਂ ਇਕ ਦਰਿੰਦਾ ਉਸ ਨੂੰ ਪਾੜ ਖਾਵੇਗਾ। ਫਿਰ ਉਸ ਦਾ ਜੋ ਵੀ ਬਚੇਗਾ, ਉਹ ਅੱਗ ਵਿਚ ਸਾੜਿਆ ਜਾਵੇਗਾ। ਇਸ ਭਵਿੱਖਬਾਣੀ ਅਨੁਸਾਰ ਜਲਦੀ ਹੀ ਦੁਨੀਆਂ ਦੀਆਂ ਹਕੂਮਤਾਂ ਝੂਠੇ ਧਰਮਾਂ ਨੂੰ ਖ਼ਤਮ ਕਰ ਦੇਣਗੀਆਂ। ਪਰਮੇਸ਼ੁਰ ਉਨ੍ਹਾਂ ਤੋਂ ਇਹ ਕੰਮ ਕਰਵਾਏਗਾ। (ਪਰਕਾਸ਼ ਦੀ ਪੋਥੀ 17:17) ਸਾਰੇ ਝੂਠੇ ਧਰਮਾਂ ਦੇ ਨਾਸ਼ ਤੋਂ ਬਾਅਦ ਵੱਡੀ ਬਾਬੁਲ ਦਾ ਫਿਰ ਕਦੇ “ਪਤਾ ਨਾ ਲੱਗੇਗਾ!”—ਪਰਕਾਸ਼ ਦੀ ਪੋਥੀ 18:21.

10. ਸਾਨੂੰ ਵੱਡੀ ਬਾਬੁਲ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ?

10 ਯਹੋਵਾਹ ਦੇ ਸੱਚੇ ਭਗਤਾਂ ਨੂੰ ਵੱਡੀ ਬਾਬੁਲ ਨੂੰ ਕਿਵੇਂ ਵਿਚਾਰਨਾ ਚਾਹੀਦਾ ਹੈ? ਬਾਈਬਲ ਸਾਫ਼ ਹੁਕਮ ਦਿੰਦੀ ਹੈ: “ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹ ਦੀਆਂ ਬਵਾਂ ਵਿੱਚ ਸਾਂਝੀ ਹੋਵੋ!” (ਪਰਕਾਸ਼ ਦੀ ਪੋਥੀ 18:4) ਜਿਹੜੇ ਲੋਕ ਝੂਠੇ ਧਰਮਾਂ ਦੇ ਨਾਸ਼ ਤੋਂ ਬਚਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੱਡੀ ਬਾਬੁਲ ਵਿੱਚੋਂ ਨਿਕਲ ਆਉਣਾ ਚਾਹੀਦਾ ਹੈ, ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ। ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਕਿਹਾ ਸੀ ਕਿ ਆਖ਼ਰੀ ਦਿਨਾਂ ਵਿਚ ਕਈ ਉਸ ਦੇ ਚੇਲੇ ਹੋਣ ਦਾ ਕੇਵਲ ਦਾਅਵਾ ਕਰਨਗੇ। (ਮੱਤੀ 24:3-5) ਇਨ੍ਹਾਂ ਲੋਕਾਂ ਨੂੰ ਉਹ ਕਹੇਗਾ: “ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਹੇ ਬੁਰਿਆਰੋ, ਮੇਰੇ ਕੋਲੋਂ ਚੱਲੇ ਜਾਓ!” (ਮੱਤੀ 7:23) ਜੀ ਹਾਂ, ਰਾਜਾ ਯਿਸੂ ਮਸੀਹ ਦਾ ਝੂਠੇ ਧਰਮਾਂ ਨਾਲ ਕੋਈ ਵਾਸਤਾ ਨਹੀਂ ਹੈ।

ਦੂਰ ਰਹੋ—ਕਿਸ ਤਰ੍ਹਾਂ?

11. ਅਸੀਂ ਝੂਠੀ ਭਗਤੀ ਤੋਂ ਦੂਰ ਕਿਵੇਂ ਰਹਿ ਸਕਦੇ ਹਾਂ?

11 ਸੱਚੇ ਮਸੀਹੀਆਂ ਨੂੰ ਝੂਠੀ ਭਗਤੀ ਅਤੇ ਝੂਠੀਆਂ ਸਿੱਖਿਆਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਅਸੀਂ ਰੇਡੀਓ ਅਤੇ ਟੈਲੀਵਿਯਨ ਉੱਤੇ ਕੋਈ ਵੀ ਧਾਰਮਿਕ ਪ੍ਰੋਗ੍ਰਾਮ ਨਹੀਂ ਸੁਣਾਂਗੇ ਜਾਂ ਦੇਖਾਂਗੇ ਤੇ ਨਾ ਹੀ ਅਸੀਂ ਅਜਿਹੀਆਂ ਧਾਰਮਿਕ ਪੁਸਤਕਾਂ ਪੜ੍ਹਾਂਗੇ ਜਿਨ੍ਹਾਂ ਵਿਚ ਪਰਮੇਸ਼ੁਰ ਅਤੇ ਉਸ ਦੇ ਬਚਨ ਬਾਰੇ ਝੂਠੀਆਂ ਗੱਲਾਂ ਕਹੀਆਂ ਗਈਆਂ ਹਨ। (ਜ਼ਬੂਰਾਂ ਦੀ ਪੋਥੀ 119:37) ਅਸੀਂ ਉਨ੍ਹਾਂ ਪਾਰਟੀਆਂ ਜਾਂ ਮਨੋਰੰਜਨ ਦੇ ਪ੍ਰੋਗ੍ਰਾਮਾਂ ਵਿਚ ਵੀ ਸ਼ਾਮਲ ਨਹੀਂ ਹੋਵਾਂਗੇ ਜਿਨ੍ਹਾਂ ਦਾ ਪ੍ਰਬੰਧ ਕਿਸੇ ਝੂਠੇ ਧਰਮ ਨਾਲ ਜੁੜੇ ਸੰਗਠਨ ਨੇ ਕੀਤਾ ਹੋਵੇ। ਇਸ ਤੋਂ ਇਲਾਵਾ, ਅਸੀਂ ਕਿਸੇ ਵੀ ਤਰ੍ਹਾਂ ਝੂਠੇ ਧਰਮਾਂ ਦਾ ਸਮਰਥਨ ਨਹੀਂ ਕਰਾਂਗੇ। (1 ਕੁਰਿੰਥੀਆਂ 10:21) ਇਸ ਤਰ੍ਹਾਂ ਸਾਡੀ ਰੱਖਿਆ ਹੋਵੇਗੀ ਅਤੇ ਅਸੀਂ ਇਨ੍ਹਾਂ ਸ਼ਬਦਾਂ ਅਨੁਸਾਰ ਚੱਲ ਸਕਾਂਗੇ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।”—ਕੁਲੁੱਸੀਆਂ 2:8.

12. ਕੋਈ ਵਿਅਕਤੀ ਕਿਸੇ ਝੂਠੇ ਧਰਮ ਨਾਲੋਂ ਆਪਣੇ ਸੰਬੰਧ ਕਿਵੇਂ ਤੋੜ ਸਕਦਾ ਹੈ?

12 ਉਦੋਂ ਕੀ ਜਦ ਕੋਈ ਵਿਅਕਤੀ ਯਹੋਵਾਹ ਦਾ ਗਵਾਹ ਬਣਨਾ ਚਾਹੁੰਦਾ ਹੈ, ਪਰ ਉਸ ਦਾ ਨਾਂ ਕਿਸੇ ਝੂਠੇ ਧਰਮ ਦੇ ਮੈਂਬਰ ਵਜੋਂ ਦਰਜ ਹੈ? ਆਮ ਤੌਰ ਤੇ ਉਹ ਚਿੱਠੀ ਲਿਖ ਕੇ ਕਹਿ ਸਕਦਾ ਹੈ ਕਿ ਉਹ ਉਸ ਝੂਠੇ ਧਰਮ ਦਾ ਮੈਂਬਰ ਨਹੀਂ ਰਹਿਣਾ ਚਾਹੁੰਦਾ। ਇਹ ਬਹੁਤ ਜ਼ਰੂਰੀ ਹੈ ਕਿ ਉਹ ਝੂਠੀ ਭਗਤੀ ਨਾਲ ਜੁੜੀ ਹਰ ਗੱਲ ਤੋਂ ਆਪਣੇ ਆਪ ਨੂੰ ਦੂਰ ਰੱਖੇ। ਸਾਰਿਆਂ ਨੂੰ ਸਾਫ਼ ਨਜ਼ਰ ਆਉਣਾ ਚਾਹੀਦਾ ਹੈ ਕਿ ਉਸ ਵਿਅਕਤੀ ਦਾ ਹੁਣ ਆਪਣੇ ਪੁਰਾਣੇ ਧਰਮ ਨਾਲ ਕੋਈ ਸੰਬੰਧ ਨਹੀਂ ਹੈ।

13. ਝੂਠੀ ਭਗਤੀ ਤੋਂ ਦੂਰ ਰਹਿਣ ਬਾਰੇ ਬਾਈਬਲ ਸਾਨੂੰ ਕਿਹੜੀ ਸਲਾਹ ਦਿੰਦੀ ਹੈ?

13 ਪੌਲੁਸ ਰਸੂਲ ਨੇ ਲਿਖਿਆ: “ਤੁਸੀਂ ਬੇਪਰਤੀਤਿਆਂ ਨਾਲ ਅਣਸਾਵੇਂ ਨਾ ਜੁੱਤੋ ਕਿਉਂ ਜੋ ਧਰਮ ਅਤੇ ਕੁਧਰਮ ਵਿੱਚ ਕੀ ਸਾਂਝ ਹੈ? ਯਾ ਚਾਨਣ ਦਾ ਅਨ੍ਹੇਰੇ ਨਾਲ ਕੀ ਮੇਲ ਹੈ? ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮਿਲਾਪ ਹੈ ਅਥਵਾ ਪਰਤੀਤਵਾਨ ਦਾ ਬੇਪਰਤੀਤੇ ਨਾਲ ਕੀ ਹਿੱਸਾ ਹੈ? ਅਤੇ ਪਰਮੇਸ਼ੁਰ ਦੀ ਹੈਕਲ ਨੂੰ ਮੂਰਤੀਆਂ ਨਾਲ ਕੀ ਵਾਸਤਾ ਹੈ? . . . ਇਸ ਲਈ ਉਨ੍ਹਾਂ ਵਿੱਚੋਂ ਨਿੱਕਲ ਆਓ ਅਤੇ ਅੱਡ ਹੋਵੋ, ਪ੍ਰਭੁ ਆਖਦਾ ਹੈ, ਅਤੇ ਕਿਸੇ ਭ੍ਰਿਸ਼ਟ ਵਸਤ ਨੂੰ ਹੱਥ ਨਾ ਲਾਓ।” (2 ਕੁਰਿੰਥੀਆਂ 6:14-17) ਅਸੀਂ ਝੂਠੀ ਭਗਤੀ ਤੋਂ ਦੂਰ ਰਹਿ ਕੇ ਇਨ੍ਹਾਂ ਸ਼ਬਦਾਂ ਉੱਤੇ ਚੱਲ ਸਕਦੇ ਹਾਂ। ਪਰ ਕੀ ਪੌਲੁਸ ਦੀ ਸਲਾਹ ਦਾ ਇਹ ਮਤਲਬ ਹੈ ਕਿ ਸਾਨੂੰ ਝੂਠੀ ਭਗਤੀ ਕਰਨ ਵਾਲਿਆਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ?

“ਹੋਸ਼ ਨਾਲ ਚੱਲੋ”

14. ਕੀ ਸਾਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਝੂਠੀ ਭਗਤੀ ਕਰਦੇ ਹਨ? ਸਮਝਾਓ।

14 ਕੀ ਯਹੋਵਾਹ ਦੇ ਸੱਚੇ ਭਗਤਾਂ ਨੂੰ ਉਨ੍ਹਾਂ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਝੂਠੀ ਭਗਤੀ ਕਰਦੇ ਹਨ? ਕੀ ਸਾਨੂੰ ਉਨ੍ਹਾਂ ਨਾਲ ਗੱਲ ਵੀ ਨਹੀਂ ਕਰਨੀ ਚਾਹੀਦੀ ਹੈ ਜੋ ਯਹੋਵਾਹ ਦੀ ਸੇਵਾ ਨਹੀਂ ਕਰਦੇ? ਨਹੀਂ। ਸਭ ਤੋਂ ਵੱਡੇ ਹੁਕਮਾਂ ਵਿੱਚੋਂ ਦੂਜਾ ਇਹ ਹੈ: “ਤੂੰ ਆਪਣੇ ਗਆਂਢੀ ਨੂੰ ਆਪਣੇ ਜਿਹਾ ਪਿਆਰ ਕਰ।” (ਮੱਤੀ 22:39) ਅਸੀਂ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਕੇ ਆਪਣਾ ਪਿਆਰ ਜ਼ਾਹਰ ਕਰਦੇ ਹਾਂ। ਅਸੀਂ ਉਦੋਂ ਵੀ ਪਿਆਰ ਦਾ ਸਬੂਤ ਦਿੰਦੇ ਹਾਂ ਜਦ ਅਸੀਂ ਉਨ੍ਹਾਂ ਨਾਲ ਬਾਈਬਲ ਸਟੱਡੀ ਕਰਦੇ ਹਾਂ ਤੇ ਉਨ੍ਹਾਂ ਨੂੰ ਝੂਠੀ ਭਗਤੀ ਤੋਂ ਦੂਰ ਰਹਿਣ ਦੀ ਜ਼ਰੂਰਤ ਬਾਰੇ ਸਮਝਾਉਂਦੇ ਹਾਂ।

15. ਜਗਤ ਦੇ ਨਾ ਹੋਣ ਦਾ ਕੀ ਮਤਲਬ ਹੈ?

15 ਭਾਵੇਂ ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਪਰ ਯਿਸੂ ਦੇ ਚੇਲੇ ਹੋਣ ਦੇ ਨਾਤੇ ਅਸੀਂ “ਜਗਤ ਦੇ ਨਹੀਂ” ਹਾਂ। (ਯੂਹੰਨਾ 15:19) ਇੱਥੇ “ਜਗਤ” ਦਾ ਮਤਲਬ ਹੈ ਉਹ ਸਾਰੇ ਲੋਕ ਜੋ ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਹਨ। (ਅਫ਼ਸੀਆਂ 4:17-19; 1 ਯੂਹੰਨਾ 5:19) ਅਸੀਂ ਜਗਤ ਤੋਂ ਕਿਵੇਂ ਵੱਖਰੇ ਰਹਿੰਦੇ ਹਾਂ? ਅਸੀਂ ਯਹੋਵਾਹ ਦਾ ਅਪਮਾਨ ਕਰਨ ਵਾਲੇ ਆਚਰਣ, ਤੌਰ-ਤਰੀਕੇ ਤੇ ਬੋਲੀ ਤੋਂ ਦੂਰ ਰਹਿੰਦੇ ਹਾਂ। (1 ਯੂਹੰਨਾ 2:15-17) ਇਸ ਤੋਂ ਇਲਾਵਾ, ਅਸੀਂ ਇਹ ਸਿਧਾਂਤ ਯਾਦ ਰੱਖਦੇ ਹਾਂ ਕਿ “ਬੁਰੀਆਂ ਸੰਗਤਾਂ ਚੰਗਿਆਂ ਚਲਣਾਂ ਨੂੰ ਵਿਗਾੜ ਦਿੰਦੀਆਂ ਹਨ।” ਇਸ ਲਈ ਅਸੀਂ ਉਨ੍ਹਾਂ ਲੋਕਾਂ ਨਾਲ ਦੋਸਤੀ ਨਹੀਂ ਕਰਦੇ ਜੋ ਯਹੋਵਾਹ ਦੇ ਮਿਆਰਾਂ ਉੱਤੇ ਨਹੀਂ ਚੱਲਦੇ। (1 ਕੁਰਿੰਥੀਆਂ 15:33) ਜਗਤ ਦੇ ਨਾ ਹੋਣ ਦਾ ਮਤਲਬ ਹੈ ਕਿ ਅਸੀਂ “ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ” ਰੱਖੀਏ। (ਯਾਕੂਬ 1:27) ਸੋ ਜਗਤ ਤੋਂ ਵੱਖਰੇ ਰਹਿਣ ਲਈ ਜ਼ਰੂਰੀ ਨਹੀਂ ਕਿ ਅਸੀਂ ਦੁਨੀਆਂ ਦੇ ਲੋਕਾਂ ਨਾਲ ਬਿਲਕੁਲ ਕੋਈ ਵਾਸਤਾ ਨਾ ਰੱਖੀਏ।—ਯੂਹੰਨਾ 17:15, 16; 1 ਕੁਰਿੰਥੀਆਂ 5:9, 10.

16, 17. ਮਸੀਹੀਆਂ ਨੂੰ ਉਨ੍ਹਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਜੋ ਬਾਈਬਲ ਦੀ ਸੱਚਾਈ ਨਹੀਂ ਜਾਣਦੇ?

16 ਸਾਨੂੰ ਉਨ੍ਹਾਂ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ ਜੋ ਬਾਈਬਲ ਦੀ ਸੱਚਾਈ ਨਹੀਂ ਜਾਣਦੇ? ਕੁਲੁੱਸੈ ਦੀ ਕਲੀਸਿਯਾ ਨੂੰ ਪੌਲੁਸ ਨੇ ਲਿਖਿਆ: “ਤੁਸੀਂ ਸਮੇਂ ਨੂੰ ਲਾਹਾ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ। ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।” (ਕੁਲੁੱਸੀਆਂ 4:5, 6) ਪਤਰਸ ਰਸੂਲ ਨੇ ਲਿਖਿਆ: “ਮਸੀਹ ਨੂੰ ਪ੍ਰਭੁ ਕਰਕੇ ਆਪਣੇ ਹਿਰਦੇ ਵਿੱਚ ਪਵਿੱਤਰ ਮੰਨੋ ਅਤੇ ਜਿਹੜੀ ਤੁਹਾਨੂੰ ਆਸ ਹੈ ਤੁਸੀਂ ਹਰੇਕ ਨੂੰ ਜੋ ਤੁਹਾਡੇ ਕੋਲੋਂ ਉਹ ਦਾ ਕਾਰਨ ਪੁੱਛੇ ਉੱਤਰ ਦੇਣ ਨੂੰ ਸਦਾ ਤਿਆਰ ਰਹੋ ਪਰ ਨਰਮਾਈ ਅਤੇ ਭੈ ਨਾਲ।” (1 ਪਤਰਸ 3:15) ਪੌਲੁਸ ਨੇ ਮਸੀਹੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ “ਕਿਸੇ ਦੀ ਬਦਨਾਮੀ ਨਾ ਕਰਨ। ਝਗੜਾਲੂ ਨਹੀਂ ਸਗੋਂ ਸੀਲ ਸੁਭਾਉ ਹੋਣ ਅਤੇ ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ ਰੱਖਣ।”—ਤੀਤੁਸ 3:2.

17 ਯਹੋਵਾਹ ਦੇ ਗਵਾਹਾਂ ਵਜੋਂ ਅਸੀਂ ਦੂਸਰਿਆਂ ਨਾਲ ਰੁੱਖੇ ਜਾਂ ਹੰਕਾਰੀ ਤਰੀਕੇ ਨਾਲ ਪੇਸ਼ ਨਹੀਂ ਆਵਾਂਗੇ ਤੇ ਨਾ ਹੀ ਅਸੀਂ ਹੋਰਨਾਂ ਧਰਮਾਂ ਦੇ ਲੋਕਾਂ ਲਈ ਅਪਮਾਨਜਨਕ ਸ਼ਬਦ ਵਰਤਾਂਗੇ। ਚਾਹੇ ਗੁਆਂਢੀ, ਸਹਿਕਰਮੀ ਜਾਂ ਪ੍ਰਚਾਰ ਵਿਚ ਲੋਕ ਸਾਡੇ ਨਾਲ ਰੁੱਖਾ ਪੇਸ਼ ਆਉਣ ਜਾਂ ਸਾਨੂੰ ਬੁਰਾ-ਭਲਾ ਕਹਿਣ, ਪਰ ਅਸੀਂ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਵਾਂਗੇ।—ਕੁਲੁੱਸੀਆਂ 4:6; 2 ਤਿਮੋਥਿਉਸ 2:24.

‘ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖੋ’

18. ਉਨ੍ਹਾਂ ਲੋਕਾਂ ਦਾ ਕੀ ਬੁਰਾ ਹਾਲ ਹੁੰਦਾ ਹੈ ਜੋ ਮੁੜ ਝੂਠੀ ਭਗਤੀ ਕਰਨ ਲੱਗ ਪੈਂਦੇ ਹਨ?

18 ਕਿੰਨੀ ਅਫ਼ਸੋਸ ਦੀ ਗੱਲ ਹੋਵੇਗੀ ਜੇ ਕੋਈ ਇਨਸਾਨ ਬਾਈਬਲ ਦੀ ਸੱਚਾਈ ਸਿੱਖਣ ਤੋਂ ਬਾਅਦ ਮੁੜ ਝੂਠੀ ਭਗਤੀ ਕਰਨ ਲੱਗ ਪਵੇ! ਬਾਈਬਲ ਅਜਿਹਾ ਕਰਨ ਦੇ ਬੁਰੇ ਨਤੀਜੇ ਬਾਰੇ ਦੱਸਦੀ ਹੈ: “ਜੇਕਰ ਓਹ ਪ੍ਰਭੁ ਅਤੇ ਮੁਕਤੀ ਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੇ ਗੰਦ ਮੰਦ ਤੋਂ ਬਚ ਕੇ ਓਸ ਵਿੱਚ ਮੁੜ ਕੇ ਫਸਣ ਅਤੇ ਹਠਾੜੂ ਹੋ ਜਾਣ ਤਾਂ ਉਨ੍ਹਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ। . . . ਇਹ ਸੱਚੀ ਕਹਾਉਤ ਉਨ੍ਹਾਂ ਉੱਤੇ ਠੀਕ ਬਹਿੰਦੀ ਹੈ ਭਈ ਕੁੱਤਾ ਆਪਣੀ ਉੱਪਰ ਛਲ ਵੱਲ ਮੁੜਿਆ ਅਤੇ ਨੁਲ੍ਹਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਮੁੜ ਗਈ।”—2 ਪਤਰਸ 2:20-22.

19. ਸਾਨੂੰ ਆਪਣੀ ਨਿਹਚਾ ਪੱਕੀ ਰੱਖਣ ਲਈ ਚੌਕਸ ਕਿਉਂ ਰਹਿਣਾ ਚਾਹੀਦਾ ਹੈ?

19 ਸਾਨੂੰ ਆਪਣੀ ਨਿਹਚਾ ਪੱਕੀ ਰੱਖਣ ਲਈ ਚੌਕਸ ਰਹਿਣਾ ਚਾਹੀਦਾ ਹੈ। ਵਰਨਾ ਸਾਡੀ ਨਿਹਚਾ ਭ੍ਰਿਸ਼ਟ ਹੋਣ ਦਾ ਖ਼ਤਰਾ ਹੈ! ਪੌਲੁਸ ਰਸੂਲ ਨੇ ਕਿਹਾ: “ਆਤਮਾ ਸਾਫ਼ ਆਖਦਾ ਹੈ ਭਈ ਆਉਣ ਵਾਲਿਆਂ ਸਮਿਆਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਣਗੇ।” (1 ਤਿਮੋਥਿਉਸ 4:1) ਇਸ ਆਇਤ ਵਿਚ ਪੌਲੁਸ ਜਿਸ ਸਮੇਂ ਦੀ ਗੱਲ ਕਰ ਰਿਹਾ ਸੀ, ਅਸੀਂ ਹੁਣ ਉਸ ਸਮੇਂ ਵਿਚ ਜੀ ਰਹੇ ਹਾਂ। ਜਿਹੜੇ ਲੋਕ ਝੂਠੀ ਭਗਤੀ ਤੋਂ ਦੂਰ ਨਹੀਂ ਰਹਿੰਦੇ, ਉਹ “ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।”—ਅਫ਼ਸੀਆਂ 4:13, 14.

20. ਅਸੀਂ ਝੂਠੇ ਧਰਮਾਂ ਦੇ ਬੁਰੇ ਪ੍ਰਭਾਵ ਤੋਂ ਕਿਵੇਂ ਬਚ ਸਕਦੇ ਹਾਂ?

20 ਅਸੀਂ ਝੂਠੇ ਧਰਮਾਂ ਦੇ ਬੁਰੇ ਪ੍ਰਭਾਵ ਤੋਂ ਕਿਵੇਂ ਬਚ ਸਕਦੇ ਹਾਂ? ਜ਼ਰਾ ਸੋਚੋ ਕਿ ਯਹੋਵਾਹ ਨੇ ਸਾਨੂੰ ਕੀ-ਕੀ ਦਿੱਤਾ ਹੈ। ਸਾਡੇ ਕੋਲ ਉਸ ਦਾ ਬਚਨ ਬਾਈਬਲ ਹੈ। (2 ਤਿਮੋਥਿਉਸ 3:16, 17) ਯਹੋਵਾਹ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਸਾਨੂੰ ਭਰਪੂਰ ਰੂਹਾਨੀ ਖ਼ੁਰਾਕ ਦਿੱਤੀ ਹੈ। (ਮੱਤੀ 24:45) ਯਹੋਵਾਹ ਦੀ ਸੇਵਾ ਵਿਚ ਤਰੱਕੀ ਕਰਦੇ ਹੋਏ ਸਾਨੂੰ ਉਸ “ਅੰਨ” ਨੂੰ ਖ਼ੁਸ਼ੀ-ਖ਼ੁਸ਼ੀ ਖਾਣਾ ਚਾਹੀਦਾ ਹੈ ਜੋ “ਸਿਆਣਿਆਂ ਲਈ ਹੈ।” ਇਸ ਦੇ ਨਾਲ-ਨਾਲ ਸਾਨੂੰ ਸਭਾਵਾਂ ਵਿਚ ਆਉਣ ਦੀ ਚਾਹ ਵੀ ਪੈਦਾ ਕਰਨੀ ਚਾਹੀਦੀ ਹੈ ਜਿੱਥੇ ਅਸੀਂ ਯਹੋਵਾਹ ਬਾਰੇ ਸਿੱਖਦੇ ਹਾਂ। (ਇਬਰਾਨੀਆਂ 5:13, 14; ਜ਼ਬੂਰਾਂ ਦੀ ਪੋਥੀ 26:8) ਆਓ ਆਪਾਂ ਯਹੋਵਾਹ ਦੇ ਸਾਰੇ ਪ੍ਰਬੰਧਾਂ ਦਾ ਪੂਰਾ-ਪੂਰਾ ਲਾਭ ਉਠਾਈਏ ਤਾਂਕਿ ਅਸੀਂ ‘ਖਰੀਆਂ ਗੱਲਾਂ ਦੇ ਨਮੂਨੇ ਨੂੰ ਫੜੀ ਰੱਖ ਸਕੀਏ।’ (2 ਤਿਮੋਥਿਉਸ 1:13) ਇਸ ਤਰ੍ਹਾਂ ਕਰਨ ਨਾਲ ਅਸੀਂ ਝੂਠੀ ਭਗਤੀ ਤੋਂ ਦੂਰ ਰਹਿ ਸਕਾਂਗੇ।

ਤੁਸੀਂ ਕੀ ਸਿੱਖਿਆ?

• ‘ਵੱਡੀ ਬਾਬੁਲ’ ਕੀ ਹੈ?

• ਸਾਨੂੰ ਝੂਠੇ ਧਰਮਾਂ ਤੋਂ ਦੂਰ ਰਹਿਣ ਲਈ ਕੀ ਕਰਨ ਦੀ ਲੋੜ ਹੈ?

• ਆਪਣੀ ਨਿਹਚਾ ਪੱਕੀ ਰੱਖਣ ਲਈ ਸਾਨੂੰ ਕਿਨ੍ਹਾਂ ਖ਼ਤਰਿਆਂ ਤੋਂ ਬਚਣਾ ਚਾਹੀਦਾ ਹੈ?

[ਸਵਾਲ]

[ਸਫ਼ਾ 28 ਉੱਤੇ ਤਸਵੀਰ]

ਕੀ ਤੁਸੀਂ ਜਾਣਦੇ ਹੋ ਕਿ ਵੱਡੀ ਬਾਬੁਲ ਨੂੰ ਕੰਜਰੀ ਕਿਉਂ ਕਿਹਾ ਗਿਆ ਹੈ?

[ਸਫ਼ਾ 29 ਉੱਤੇ ਤਸਵੀਰ]

ਵੱਡੀ ਬਾਬੁਲ ਦਾ ਨਾਸ਼ ਕੀਤਾ ਜਾਵੇਗਾ

[ਸਫ਼ਾ 31 ਉੱਤੇ ਤਸਵੀਰ]

ਅਸੀਂ ਉਨ੍ਹਾਂ ਲੋਕਾਂ ਨਾਲ ਨਰਮਾਈ ਅਤੇ ਆਦਰ ਨਾਲ ਪੇਸ਼ ਆਉਂਦੇ ਹਾਂ ਜੋ ਯਹੋਵਾਹ ਦੇ ਗਵਾਹ ਨਹੀਂ ਹਨ