Skip to content

Skip to table of contents

ਤੁਸੀਂ ਬਾਈਬਲ ਦੀ ਸਮਝ ਕਿੱਦਾਂ ਹਾਸਲ ਕਰ ਸਕਦੇ ਹੋ?

ਤੁਸੀਂ ਬਾਈਬਲ ਦੀ ਸਮਝ ਕਿੱਦਾਂ ਹਾਸਲ ਕਰ ਸਕਦੇ ਹੋ?

ਤੁਸੀਂ ਬਾਈਬਲ ਦੀ ਸਮਝ ਕਿੱਦਾਂ ਹਾਸਲ ਕਰ ਸਕਦੇ ਹੋ?

“ਤੈਂ ਇਨ੍ਹਾਂ ਗੱਲਾਂ ਨੂੰ ਗਿਆਨੀਆਂ ਅਤੇ ਬੁੱਧਵਾਨਾਂ ਤੋਂ ਲੁਕਾਇਆ ਅਰ ਉਨ੍ਹਾਂ ਨੂੰ ਇਆਣਿਆਂ ਉੱਤੇ ਪਰਗਟ ਕੀਤਾ।” (ਲੂਕਾ 10:21) ਯਹੋਵਾਹ ਪਰਮੇਸ਼ੁਰ ਨੂੰ ਕਹੇ ਗਏ ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਦਾ ਬਚਨ ਸਮਝਣ ਲਈ ਸਾਨੂੰ ਸਹੀ ਰਵੱਈਆ ਰੱਖਣ ਦੀ ਲੋੜ ਹੈ। ਇਸ ਗੱਲ ਤੋਂ ਯਹੋਵਾਹ ਦੀ ਬੁੱਧ ਨਜ਼ਰ ਆਉਂਦੀ ਹੈ ਕਿ ਉਸ ਨੇ ਜੋ ਕਿਤਾਬ ਮਨੁੱਖਜਾਤੀ ਨੂੰ ਦਿੱਤੀ ਹੈ, ਉਸ ਨੂੰ ਸਿਰਫ਼ ਨਿਮਰ ਲੋਕ ਹੀ ਸਮਝ ਸਕਦੇ ਹਨ।

ਨਿਮਰਤਾ ਦਾ ਗੁਣ ਪੈਦਾ ਕਰਨਾ ਸਾਡੇ ਲਈ ਕੋਈ ਸੌਖੀ ਗੱਲ ਨਹੀਂ। ਅਸੀਂ ਸਾਰੇ ਨਾਮੁਕੰਮਲ ਹੋਣ ਕਰਕੇ ਘਮੰਡੀ ਬਣਨ ਦਾ ਝੁਕਾਅ ਰੱਖਦੇ ਹਾਂ। ਇਸ ਤੋਂ ਇਲਾਵਾ, ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ ਜਦੋਂ ਲੋਕ ‘ਆਪ ਸੁਆਰਥੀ, ਕਾਹਲੇ ਅਤੇ ਘਮੰਡੀ’ ਹਨ। (2 ਤਿਮੋਥਿਉਸ 3:1-4) ਲੋਕਾਂ ਦਾ ਇਹ ਰਵੱਈਆ ਕੁਝ ਹੱਦ ਤਕ ਸਾਡੇ ਤੇ ਵੀ ਅਸਰ ਕਰਦਾ ਹੈ। ਪਰ ਪਰਮੇਸ਼ੁਰ ਦੇ ਬਚਨ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਅਸੀਂ ਸਹੀ ਰਵੱਈਆ ਪੈਦਾ ਕਰੀਏ। ਤਾਂ ਫਿਰ, ਅਸੀਂ ਸਹੀ ਰਵੱਈਆ ਕਿੱਦਾਂ ਪੈਦਾ ਕਰ ਸਕਦੇ ਹਾਂ?

ਮਨ ਅਤੇ ਦਿਲ ਨੂੰ ਤਿਆਰ ਕਰੋ

ਪੁਰਾਣੇ ਸਮਿਆਂ ਵਿਚ ਅਜ਼ਰਾ ਪਰਮੇਸ਼ੁਰ ਦੇ ਲੋਕਾਂ ਦਾ ਇਕ ਆਗੂ ਸੀ। ਅਜ਼ਰਾ ਨੇ ‘ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਉੱਤੇ ਮਨ ਲਾਇਆ’ ਯਾਨੀ ਉਸ ਨੇ ਆਪਣੇ ਦਿਲ ਨੂੰ ਤਿਆਰ ਕੀਤਾ ਸੀ। (ਅਜ਼ਰਾ 7:10) ਕੀ ਅਜਿਹਾ ਕੋਈ ਤਰੀਕਾ ਹੈ ਜਿਸ ਨਾਲ ਅਸੀਂ ਅਜ਼ਰਾ ਵਾਂਗ ਆਪਣੇ ਦਿਲ ਨੂੰ ਤਿਆਰ ਕਰ ਸਕਦੇ ਹਾਂ? ਹਾਂ ਹੈ। ਪਹਿਲਾਂ ਸਾਨੂੰ ਪਰਮੇਸ਼ੁਰ ਦੇ ਬਚਨ ਪ੍ਰਤੀ ਸਹੀ ਨਜ਼ਰੀਆ ਰੱਖਣ ਦੀ ਲੋੜ ਹੈ। ਪੌਲੁਸ ਰਸੂਲ ਨੇ ਆਪਣੇ ਮਸੀਹੀ ਭੈਣ-ਭਰਾਵਾਂ ਨੂੰ ਲਿਖਿਆ: “ਜਦ ਤੁਹਾਨੂੰ ਪਰਮੇਸ਼ੁਰ ਦਾ ਸੁਣਿਆ ਹੋਇਆ ਬਚਨ ਸਾਥੋਂ ਮਿਲਿਆ ਤਾਂ ਉਹ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ ਮੁੱਚੀਂ ਹੈ ਪਰਮੇਸ਼ੁਰ ਦਾ ਬਚਨ ਕਰਕੇ ਕਬੂਲ ਕੀਤਾ।” (1 ਥੱਸਲੁਨੀਕੀਆਂ 2:13) ਇਹ ਸੱਚ ਹੈ ਕਿ ਬਾਈਬਲ ਨੂੰ ਇਨਸਾਨਾਂ ਨੇ ਲਿਖਿਆ ਸੀ, ਪਰ ਉਨ੍ਹਾਂ ਨੇ ਇਸ ਵਿਚ ਸਭ ਵਿਚਾਰ ਯਹੋਵਾਹ ਪਰਮੇਸ਼ੁਰ ਦੇ ਲਿਖੇ ਸਨ। ਜੇ ਅਸੀਂ ਇਸ ਗੱਲ ਉੱਤੇ ਵਿਸ਼ਵਾਸ ਕਰੀਏ, ਤਾਂ ਇਸ ਵਿਚ ਲਿਖੀਆਂ ਗੱਲਾਂ ਨੂੰ ਮੰਨਣਾ ਤੇ ਉਨ੍ਹਾਂ ਉੱਤੇ ਚੱਲਣਾ ਸਾਡੇ ਲਈ ਜ਼ਿਆਦਾ ਆਸਾਨ ਹੋਵੇਗਾ।—2 ਤਿਮੋਥਿਉਸ 3:16.

ਅਸੀਂ ਪ੍ਰਾਰਥਨਾ ਕਰਨ ਨਾਲ ਵੀ ਆਪਣੇ ਦਿਲ ਨੂੰ ਤਿਆਰ ਕਰ ਸਕਦੇ ਹਾਂ। ਬਾਈਬਲ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੁਆਰਾ ਪ੍ਰੇਰਿਤ ਹੈ, ਇਸ ਲਈ ਅਸੀਂ ਪਵਿੱਤਰ ਆਤਮਾ ਦੀ ਮਦਦ ਨਾਲ ਇਸ ਦਾ ਸੰਦੇਸ਼ ਸਮਝ ਸਕਦੇ ਹਾਂ। ਜ਼ਬੂਰਾਂ ਦਾ ਲਿਖਾਰੀ ਵੀ ਪਰਮੇਸ਼ੁਰ ਦਾ ਬਚਨ ਸਮਝਣਾ ਚਾਹੁੰਦਾ ਸੀ, ਇਸ ਲਈ ਪਰਮੇਸ਼ੁਰ ਨੂੰ ਉਸ ਨੇ ਦੁਆ ਕੀਤੀ: “ਮੈਨੂੰ ਸਮਝ ਦੇਹ ਅਤੇ ਮੈਂ ਤੇਰੀ ਬਿਵਸਥਾ ਨੂੰ ਸਾਂਭਾਂਗਾ, ਸਗੋਂ ਆਪਣੇ ਸਾਰੇ ਮਨ ਨਾਲ ਉਹ ਦੀ ਪਾਲਨਾ ਕਰਾਂਗਾ।” (ਜ਼ਬੂਰਾਂ ਦੀ ਪੋਤੀ 119:34) ਸਾਨੂੰ ਵੀ ਪ੍ਰਾਰਥਨਾ ਕਰ ਕੇ ਬਾਈਬਲ ਵਿਚ ਲਿਖੀਆਂ ਗੱਲਾਂ ਨੂੰ ਸਮਝਣ ਲਈ ਯਹੋਵਾਹ ਤੋਂ ਮਦਦ ਮੰਗਣੀ ਚਾਹੀਦੀ ਹੈ। ਪਰ ਇਸ ਦੇ ਨਾਲ-ਨਾਲ ਸਾਨੂੰ ਇਹ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਅਸੀਂ ਉਨ੍ਹਾਂ ਗੱਲਾਂ ਨੂੰ ਦਿਲੋਂ ਕਬੂਲ ਕਰਨ ਲਈ ਸਹੀ ਰਵੱਈਆ ਪੈਦਾ ਕਰ ਸਕੀਏ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰ ਸਕੀਏ।

ਆਪਣੇ ਮਨ ਅਤੇ ਦਿਲ ਨੂੰ ਤਿਆਰ ਕਰਦੇ ਹੋਏ, ਇਹ ਵੀ ਯਾਦ ਰੱਖੋ ਕਿ ਬਾਈਬਲ ਦਾ ਅਧਿਐਨ ਕਰਨ ਦਾ ਫ਼ਾਇਦਾ ਕੀ ਹੈ। ਬਾਈਬਲ ਨੂੰ ਪੜ੍ਹਨ ਦੇ ਬਹੁਤ ਸਾਰੇ ਵਧੀਆ ਕਾਰਨ ਹਨ, ਪਰ ਸਭ ਤੋਂ ਜ਼ਰੂਰੀ ਕਾਰਨ ਇਹ ਹੈ ਕਿ ਬਾਈਬਲ ਪੜ੍ਹਨ ਨਾਲ ਅਸੀਂ ਯਹੋਵਾਹ ਪਰਮੇਸ਼ੁਰ ਦੇ ਨਜ਼ਦੀਕ ਜਾਂਦੇ ਹਾਂ। (ਯਾਕੂਬ 4:8) ਜਦੋਂ ਅਸੀਂ ਬਾਈਬਲ ਵਿਚ ਪੜ੍ਹਦੇ ਹਾਂ ਕਿ ਯਹੋਵਾਹ ਨੇ ਵੱਖੋ-ਵੱਖਰੇ ਹਾਲਾਤਾਂ ਵਿਚ ਕੀ ਕੀਤਾ ਸੀ, ਉਹ ਆਪਣੇ ਸੇਵਕਾਂ ਨਾਲ ਕਿੰਨਾ ਪਿਆਰ ਕਰਦਾ ਹੈ ਅਤੇ ਉਹ ਉਨ੍ਹਾਂ ਲੋਕਾਂ ਨਾਲ ਕਿੱਦਾਂ ਪੇਸ਼ ਆਉਂਦਾ ਹੈ ਜੋ ਉਸ ਤੋਂ ਮੂੰਹ ਮੋੜ ਲੈਂਦੇ ਹਨ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਕਿਹੋ ਜਿਹਾ ਪਰਮੇਸ਼ੁਰ ਹੈ। ਬਾਈਬਲ ਪੜ੍ਹਨ ਦਾ ਸਾਡਾ ਇਹੋ ਉਦੇਸ਼ ਹੋਣਾ ਚਾਹੀਦਾ ਹੈ ਕਿ ਅਸੀਂ ਪਰਮੇਸ਼ੁਰ ਬਾਰੇ ਹੋਰ ਜਾਣ ਸਕੀਏ ਅਤੇ ਉਸ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਸਕੀਏ।

ਸਹੀ ਨਜ਼ਰੀਆ ਪੈਦਾ ਕਰਨ ਵਿਚ ਰੁਕਾਵਟਾਂ

ਪਰਮੇਸ਼ੁਰ ਦਾ ਬਚਨ ਸਮਝਣ ਵਿਚ ਕਿਹੜੀਆਂ ਰੁਕਾਵਟਾਂ ਆ ਸਕਦੀਆਂ ਹਨ? ਜੇ ਅਸੀਂ ਆਪਣੇ ਮਾਪਿਆਂ ਜਾਂ ਹੋਰਨਾਂ ਦੇ ਵਿਸ਼ਵਾਸਾਂ ਉੱਤੇ ਚੱਲਦੇ ਆਏ ਹਾਂ, ਤਾਂ ਸ਼ਾਇਦ ਸਾਨੂੰ ਲੱਗੇ ਕਿ ਉਨ੍ਹਾਂ ਦੇ ਵਿਚਾਰਾਂ ਨੂੰ ਠੁਕਰਾਉਣਾ ਠੀਕ ਨਹੀਂ। ਪਰ ਫਿਰ ਕੀ ਜੇ ਉਨ੍ਹਾਂ ਦੇ ਵਿਚਾਰ ਜਾਂ ਵਿਸ਼ਵਾਸ ਬਾਈਬਲ ਅਨੁਸਾਰ ਨਾ ਹੋਣ? ਇਸ ਸਥਿਤੀ ਵਿਚ ਇਹ ਜਾਣਨਾ ਕਿ ਬਾਈਬਲ ਸੱਚ-ਮੁੱਚ ਕੀ ਸਿਖਾਉਂਦੀ ਹੈ ਸਾਡੇ ਲਈ ਮੁਸ਼ਕਲ ਹੋ ਸਕਦਾ ਹੈ। ਇਸ ਲਈ ਬਾਈਬਲ ਸਾਨੂੰ ਸਲਾਹ ਦਿੰਦੀ ਹੈ ਕਿ ਸਾਨੂੰ ਖ਼ੁਦ ਜਾਂਚ ਕਰ ਕੇ ਦੇਖਣਾ ਚਾਹੀਦਾ ਹੈ ਕਿ ਜੋ ਗੱਲਾਂ ਸਾਨੂੰ ਸਿਖਾਈਆਂ ਗਈਆਂ ਹਨ, ਉਹ ਸੱਚੀਆਂ ਹਨ ਕਿ ਨਹੀਂ।—1 ਥੱਸਲੁਨੀਕੀਆਂ 5:21.

ਯਿਸੂ ਦੀ ਮਾਂ ਮਰਿਯਮ ਦੀ ਉਦਾਹਰਣ ਲਓ। ਉਸ ਨੂੰ ਬਚਪਨ ਤੋਂ ਯਹੂਦੀ ਪਰੰਪਰਾ ਮੁਤਾਬਕ ਜੀਉਣਾ ਸਿਖਾਇਆ ਗਿਆ ਸੀ। ਮਰਿਯਮ ਮੂਸਾ ਦੀ ਬਿਵਸਥਾ ਵਿਚ ਦਰਜ ਪਰਮੇਸ਼ੁਰ ਦੇ ਹੁਕਮਾਂ ਦੀ ਸਹੀ ਤਰ੍ਹਾਂ ਪਾਲਣਾ ਕਰਦੀ ਸੀ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਭਗਤੀ ਕਰਨ ਲਈ ਹੈਕਲ ਨੂੰ ਵੀ ਜ਼ਰੂਰ ਜਾਂਦੀ ਸੀ। ਪਰ ਬਾਅਦ ਵਿਚ ਉਸ ਨੂੰ ਪਤਾ ਲੱਗਾ ਕਿ ਭਗਤੀ ਕਰਨ ਦਾ ਤਰੀਕਾ ਜੋ ਉਸ ਦੇ ਮਾਪਿਆਂ ਨੇ ਉਸ ਨੂੰ ਸਿਖਾਇਆ ਸੀ, ਉਹ ਹੁਣ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਸੀ। ਨਤੀਜੇ ਵਜੋਂ, ਮਰਿਯਮ ਯਿਸੂ ਦੀਆਂ ਸਿੱਖਿਆਵਾਂ ਉੱਤੇ ਚੱਲਣ ਲੱਗ ਪਈ ਅਤੇ ਮਸੀਹੀ ਕਲੀਸਿਯਾ ਦੇ ਪਹਿਲੇ ਮੈਂਬਰਾਂ ਵਿਚ ਸ਼ਾਮਲ ਹੋ ਗਈ। (ਰਸੂਲਾਂ ਦੇ ਕਰਤੱਬ 1:13, 14) ਇਹ ਕਦਮ ਚੁੱਕ ਕੇ ਮਰਿਯਮ ਨੇ ਆਪਣੇ ਮਾਪਿਆਂ ਜਾਂ ਉਨ੍ਹਾਂ ਦੇ ਵਿਚਾਰਾਂ ਦਾ ਨਿਰਾਦਰ ਨਹੀਂ ਕੀਤਾ, ਸਗੋਂ ਪਰਮੇਸ਼ੁਰ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ। ਜੇ ਅਸੀਂ ਬਾਈਬਲ ਤੋਂ ਫ਼ਾਇਦਾ ਉਠਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਵੀ ਮਰਿਯਮ ਵਾਂਗ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਬਜਾਇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਦੀ ਲੋੜ ਹੈ।

ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਬਾਈਬਲ ਦੀ ਇੰਨੀ ਕਦਰ ਨਹੀਂ ਕਰਦੇ। ਕਈ ਲੋਕ ਅਜਿਹੇ ਧਾਰਮਿਕ ਤਿਉਹਾਰ ਮਨਾਉਣ ਵਿਚ ਖ਼ੁਸ਼ ਹਨ ਜੋ ਝੂਠੀਆਂ ਸਿੱਖਿਆਵਾਂ ਨਾਲ ਸੰਬੰਧ ਰੱਖਦੇ ਹਨ। ਅਤੇ ਕੁਝ ਲੋਕ ਆਪਣੀ ਬੋਲੀ ਅਤੇ ਜੀਉਣ ਦੇ ਤੌਰ-ਤਰੀਕਿਆਂ ਦੁਆਰਾ ਪਰਮੇਸ਼ੁਰ ਦੇ ਬਚਨ ਦੀ ਉਲੰਘਣਾ ਕਰਦੇ ਹਨ। ਇਹ ਵੀ ਹੋ ਸਕਦਾ ਹੈ ਕਿ ਸਾਡੇ ਦੋਸਤ-ਮਿੱਤਰ, ਗੁਆਂਢੀ, ਸਹਿਕਰਮੀ, ਇੱਥੋਂ ਤਕ ਕਿ ਸਾਡੇ ਪਰਿਵਾਰ ਦੇ ਜੀਅ ਵੀ ਸਾਡੇ ਨਾਲ ਸਹਿਮਤ ਨਾ ਹੋਣ ਅਤੇ ਸਾਡਾ ਵਿਰੋਧ ਕਰਨ। ਇਸ ਲਈ, ਪਰਮੇਸ਼ੁਰ ਦੇ ਬਚਨ ਅਨੁਸਾਰ ਚੱਲਣਾ ਸਾਡੇ ਲਈ ਮੁਸ਼ਕਲ ਹੋ ਸਕਦਾ ਹੈ। (ਯੂਹੰਨਾ 17:14) ਫਿਰ ਵੀ, ਇਕ ਬੁੱਧਵਾਨ ਆਦਮੀ ਸਲਾਹ ਦਿੰਦਾ ਹੈ: “ਸਤ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ।” (ਕਹਾਉਤਾਂ 23:23) ਜੇ ਅਸੀਂ ਸੱਚਾਈ ਦੀ ਦਿਲੋਂ ਕਦਰ ਕਰੀਏ ਅਤੇ ਉਸ ਨੂੰ ਫੜੀ ਰੱਖੀਏ, ਤਾਂ ਯਹੋਵਾਹ ਪਰਮੇਸ਼ੁਰ ਜ਼ਰੂਰ ਆਪਣੇ ਬਚਨ ਨੂੰ ਸਮਝਣ ਵਿਚ ਸਾਡੀ ਮਦਦ ਕਰੇਗਾ।

ਬਾਈਬਲ ਦੇ ਸੰਦੇਸ਼ ਦੀ ਸਮਝ ਹਾਸਲ ਕਰਨ ਵਿਚ ਇਕ ਹੋਰ ਰੁਕਾਵਟ ਇਹ ਹੈ ਕਿ ਲੋਕ ਉਸ ਉੱਤੇ ਚੱਲਣਾ ਨਹੀਂ ਚਾਹੁੰਦੇ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ। ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ, ਅਤੇ ਓਹ ਕੰਨਾਂ ਨਾਲ ਉੱਚਾ ਸੁਣਦੇ ਹਨ।” (ਮੱਤੀ 13:11, 15) ਜਿਨ੍ਹਾਂ ਲੋਕਾਂ ਨੂੰ ਯਿਸੂ ਨੇ ਪ੍ਰਚਾਰ ਕੀਤਾ, ਉਨ੍ਹਾਂ ਵਿੱਚੋਂ ਜ਼ਿਆਦਾਤਰ ਉਸ ਦਾ ਸੰਦੇਸ਼ ਸੁਣਨਾ ਨਹੀਂ ਚਾਹੁੰਦੇ ਸਨ ਤੇ ਨਾ ਹੀ ਆਪਣੀਆਂ ਜ਼ਿੰਦਗੀਆਂ ਵਿਚ ਤਬਦੀਲੀਆਂ ਕਰਨੀਆਂ ਚਾਹੁੰਦੇ ਸੀ। ਇਹ ਲੋਕ ਯਿਸੂ ਦੀ ਉਦਾਹਰਣ ਦੇ ਵਪਾਰੀ ਤੋਂ ਕਿੰਨੇ ਅਲੱਗ ਸਨ! ਜਦ ਉਸ ਵਪਾਰੀ ਨੂੰ ਇਕ ਵੱਡੇ ਮੁੱਲ ਦਾ ਮੋਤੀ ਮਿਲਿਆ, ਤਾਂ ਉਸ ਨੇ ਆਪਣਾ ਸਭ ਕੁਝ ਵੇਚ ਕੇ ਉਸ ਮੋਤੀ ਨੂੰ ਖ਼ਰੀਦ ਲਿਆ। ਬਾਈਬਲ ਦੀਆਂ ਸੱਚਾਈਆਂ ਸਾਡੇ ਲਈ ਇੰਨੀਆਂ ਹੀ ਕੀਮਤੀ ਹੋਣੀਆਂ ਚਾਹੀਦੀਆਂ ਹਨ।—ਮੱਤੀ 13:45, 46.

ਨਿਮਰ ਹੋਣਾ ਬਹੁਤ ਜ਼ਰੂਰੀ ਹੈ

ਬਾਈਬਲ ਦੀ ਸਮਝ ਹਾਸਲ ਕਰਨ ਵਿਚ ਇਕ ਵੱਡੀ ਚੁਣੌਤੀ ਹੈ ਸਿੱਖਣ ਲਈ ਤਿਆਰ ਹੋਣਾ। ਕੁਝ ਲੋਕਾਂ ਲਈ ਆਮ ਬੰਦੇ ਦੇ ਮੂੰਹੋਂ ਨਵੇਂ ਵਿਚਾਰ ਸੁਣ ਕੇ ਸਵੀਕਾਰ ਕਰਨੇ ਮੁਸ਼ਕਲ ਹੈ। ਪਰ ਯਿਸੂ ਦੇ ਰਸੂਲ ‘ਵਿਦਵਾਨ ਨਹੀਂ ਸਗੋਂ ਆਮ ਲੋਕਾਂ ਵਿੱਚੋਂ ਸਨ।’ (ਰਸੂਲਾਂ ਦੇ ਕਰਤੱਬ 4:13) ਇਸ ਗੱਲ ਨੂੰ ਸਮਝਾਉਂਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਹੇ ਭਰਾਵੋ, ਆਪਣੇ ਸੱਦੇ ਉੱਤੇ ਧਿਆਨ ਕਰੋ ਭਈ ਸਰੀਰ ਦੇ ਅਨੁਸਾਰ ਨਾ ਤਾਂ ਬਾਹਲੇ ਬੁੱਧਵਾਨ, ਨਾ ਬਾਹਲੇ ਬਲਵਾਨ, ਨਾ ਬਾਹਲੇ ਕੁਲੀਨ ਸੱਦੇ ਹੋਏ ਹਨ। ਸਗੋਂ ਸੰਸਾਰ ਦੇ ਮੂਰਖਾਂ ਨੂੰ ਪਰਮੇਸ਼ੁਰ ਨੇ ਚੁਣ ਲਿਆ ਭਈ ਬੁੱਧਵਾਨਾਂ ਨੂੰ ਲੱਜਿਆਵਾਨ ਕਰੇ।” (1 ਕੁਰਿੰਥੀਆਂ 1:26, 27) ਜੇਕਰ ਤੁਹਾਨੂੰ ਕਿਸੇ ਆਮ ਬੰਦੇ ਤੋਂ ਸਿੱਖਿਆ ਲੈਣੀ ਮੁਸ਼ਕਲ ਲੱਗਦੀ ਹੈ, ਤਾਂ ਯਾਦ ਰੱਖੋ ਕਿ ਪਰਮੇਸ਼ੁਰ ਉਸ ਵਿਅਕਤੀ ਨੂੰ ਤੁਹਾਡੀ ਮਦਦ ਕਰਨ ਲਈ ਵਰਤ ਰਿਹਾ ਹੈ। ਇਹ ਕਿੰਨਾ ਵੱਡਾ ਸਨਮਾਨ ਹੈ ਕਿ ਸਾਡਾ ਮਹਾਨ “ਗੁਰੂ” ਯਹੋਵਾਹ ਪਰਮੇਸ਼ੁਰ ਸਾਨੂੰ ਸਿੱਖਿਆ ਦੇ ਰਿਹਾ ਹੈ!—ਯਸਾਯਾਹ 30:20; 54:13.

ਸੀਰੀਆ ਦੇਸ਼ ਦੇ ਸੈਨਾਪਤੀ ਨਅਮਾਨ ਦੀ ਉਦਾਹਰਣ ਲਓ ਜਿਸ ਨੂੰ ਕੋੜ੍ਹ ਹੋ ਗਿਆ ਸੀ। ਆਪਣੀ ਇਸ ਬੀਮਾਰੀ ਦਾ ਇਲਾਜ ਕਰਨ ਲਈ ਨਅਮਾਨ ਯਹੋਵਾਹ ਪਰਮੇਸ਼ੁਰ ਦੇ ਨਬੀ ਅਲੀਸ਼ਾ ਕੋਲ ਗਿਆ। ਅਲੀਸ਼ਾ ਨੇ ਨਅਮਾਨ ਨੂੰ ਪਰਮੇਸ਼ੁਰ ਦਾ ਸੰਦੇਸ਼ ਦੇਣ ਲਈ ਆਪਣੇ ਇਕ ਸੇਵਕ ਨੂੰ ਭੇਜਿਆ। ਪਰ ਨਅਮਾਨ ਨੇ ਸੋਚਿਆ ਕਿ ਸੇਵਕ ਭੇਜ ਕੇ ਉਸ ਦਾ ਅਪਮਾਨ ਕੀਤਾ ਗਿਆ ਸੀ। ਇਸ ਲਈ ਉਸ ਨੇ ਹੰਕਾਰ ਵਿਚ ਆ ਕੇ ਸੇਵਕ ਦੀ ਗੱਲ ਨਾ ਮੰਨੀ। ਪਰ ਜਦ ਨਅਮਾਨ ਨੇ ਆਪਣਾ ਰਵੱਈਆ ਬਦਲਿਆ ਅਤੇ ਸੇਵਕ ਦੇ ਮੂੰਹੋਂ ਕਹੀ ਅਲੀਸ਼ਾ ਦੀ ਗੱਲ ਮੰਨੀ, ਤਾਂ ਉਸ ਦਾ ਕੋੜ੍ਹ ਠੀਕ ਹੋ ਗਿਆ। (2 ਰਾਜਿਆਂ 5:9-14) ਜਦੋਂ ਅਸੀਂ ਬਾਈਬਲ ਪੜ੍ਹਨ ਲੱਗਦੇ ਹਾਂ, ਤਾਂ ਸਾਡੇ ਸਾਮ੍ਹਣੇ ਵੀ ਇਹੋ ਜਿਹੀ ਚੁਣੌਤੀ ਖੜ੍ਹੀ ਹੁੰਦੀ ਹੈ। ਪਰਮੇਸ਼ੁਰ ਨਾਲ ਰਿਸ਼ਤਾ ਜੋੜਨ ਲਈ ਅਤੇ ਨੈਤਿਕ ਤੌਰ ਤੇ ਸ਼ੁੱਧ ਹੋਣ ਲਈ ਸ਼ਾਇਦ ਸਾਨੂੰ ਆਪਣੀ ਜ਼ਿੰਦਗੀ ਵਿਚ ਕੁਝ ਤਬਦੀਲੀਆਂ ਕਰਨ ਦੀ ਲੋੜ ਪਵੇ। ਬਾਈਬਲ ਦੀਆਂ ਸਿੱਖਿਆਵਾਂ ਸਮਝਾਉਣ ਲਈ ਸ਼ਾਇਦ ਸਾਡੀ ਕੋਈ ਮਦਦ ਕਰਨ ਦੀ ਕੋਸ਼ਿਸ਼ ਕਰੇ। ਪਰ ਸਵਾਲ ਇਹ ਹੈ ਕਿ ਕੀ ਅਸੀਂ ਨਿਮਰਤਾ ਨਾਲ ਉਸ ਵਿਅਕਤੀ ਦੀ ਗੱਲ ਮੰਨਣ ਲਈ ਤਿਆਰ ਹੋਵਾਂਗੇ? ਜੀ ਹਾਂ, ਸਿਰਫ਼ ਨਿਮਰ ਸੁਭਾਅ ਵਾਲੇ ਇਨਸਾਨ ਪਰਮੇਸ਼ੁਰ ਦੇ ਬਚਨ ਦੀ ਸਮਝ ਹਾਸਲ ਕਰ ਸਕਦੇ ਹਨ।

ਇਸ ਸੰਬੰਧੀ ਈਥੋਓਪੀਆ ਦੇ ਇਕ ਵੱਡੇ ਅਫ਼ਸਰ ਨੇ ਸਾਡੇ ਲਈ ਬਹੁਤ ਵਧੀਆ ਉਦਾਹਰਣ ਕਾਇਮ ਕੀਤੀ। ਇਹ ਅਫ਼ਸਰ ਆਪਣੇ ਰੱਥ ਵਿਚ ਅਫ਼ਰੀਕਾ ਵਾਪਸ ਜਾ ਰਿਹਾ ਸੀ ਜਦ ਰਾਹ ਵਿਚ ਉਸ ਨੂੰ ਯਿਸੂ ਦਾ ਚੇਲਾ ਫ਼ਿਲਿੱਪੁਸ ਮਿਲਿਆ। ਅਫ਼ਸਰ ਇਕ ਪੋਥੀ ਖੋਲ੍ਹ ਕੇ ਪੜ੍ਹ ਰਿਹਾ ਸੀ ਅਤੇ ਫ਼ਿਲਿੱਪੁਸ ਨੇ ਉਸ ਨੂੰ ਪੁੱਛਿਆ ਕਿ ਉਹ ਪੜ੍ਹੀਆਂ ਗੱਲਾਂ ਸਮਝ ਰਿਹਾ ਸੀ ਕਿ ਨਹੀਂ। ਅਫ਼ਸਰ ਨੇ ਨਿਮਰਤਾ ਨਾਲ ਜਵਾਬ ਦਿੱਤਾ: “ਜਦ ਤਾਈਂ ਕੋਈ ਮੈਨੂੰ ਰਾਹ ਨਾ ਦੱਸੇ ਇਹ ਮੈਥੋਂ ਕਿਕੂੰ ਹੋ ਸੱਕੇ?” ਫਿਰ ਜਦ ਉਸ ਨੂੰ ਪਰਮੇਸ਼ੁਰ ਦਾ ਬਚਨ ਸਮਝਾਇਆ ਗਿਆ, ਤਾਂ ਉਸ ਨੇ ਬਪਤਿਸਮਾ ਲੈ ਲਿਆ। ਇਸ ਤੋਂ ਬਾਅਦ “ਉਹ ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ।”—ਰਸੂਲਾਂ ਦੇ ਕਰਤੱਬ 8:27-39.

ਯਹੋਵਾਹ ਦੇ ਗਵਾਹ ਵੀ ਆਮ ਲੋਕ ਹੀ ਹਨ। ਉਹ ਹਰ ਹਫ਼ਤੇ ਬਾਈਬਲ ਵਿੱਚੋਂ ਪਰਮੇਸ਼ੁਰ ਦਾ ਗਿਆਨ ਲੈਣ ਵਿਚ 60 ਲੱਖ ਤੋਂ ਜ਼ਿਆਦਾ ਲੋਕਾਂ ਦੀ ਮਦਦ ਕਰਦੇ ਹਨ। ਬਾਈਬਲ ਸਾਨੂੰ ਜੀਉਣ ਦਾ ਸਭ ਤੋਂ ਵਧੀਆ ਤਰੀਕਾ ਸਿਖਾਉਂਦੀ ਹੈ ਅਤੇ ਸਾਨੂੰ ਪਰਮੇਸ਼ੁਰ ਬਾਰੇ ਦੱਸਦੀ ਹੈ ਤਾਂਕਿ ਅਸੀਂ ਉਸ ਨਾਲ ਰਿਸ਼ਤਾ ਜੋੜ ਸਕੀਏ। ਇਹ ਗੱਲਾਂ ਸਿੱਖ ਕੇ ਲੱਖਾਂ ਲੋਕਾਂ ਨੂੰ ਬਹੁਤ ਖ਼ੁਸ਼ੀ ਮਿਲੀ ਹੈ। ਤੁਸੀਂ ਵੀ ਪਰਮੇਸ਼ੁਰ ਦਾ ਗਿਆਨ ਲੈ ਕੇ ਖ਼ੁਸ਼ੀ ਹਾਸਲ ਕਰ ਸਕਦੇ ਹੋ।

[ਸਫ਼ਾ 7 ਉੱਤੇ ਤਸਵੀਰ]

ਨਅਮਾਨ ਲਈ ਇਕ ਮਾਮੂਲੀ ਸੇਵਕ ਦੀ ਗੱਲ ਮੰਨਣੀ ਬਹੁਤ ਔਖੀ ਸੀ

[ਸਫ਼ਾ 7 ਉੱਤੇ ਤਸਵੀਰ]

ਬਾਈਬਲ ਦੀ ਸਮਝ ਹਾਸਲ ਕਰਨ ਨਾਲ ਸਾਨੂੰ ਖ਼ੁਸ਼ੀ ਪ੍ਰਾਪਤ ਹੁੰਦੀ ਹੈ