Skip to content

Skip to table of contents

ਬਪਤਿਸਮਾ ਲੈਣ ਤੋਂ ਪਹਿਲਾਂ ਕੀ ਕਰਨਾ ਜ਼ਰੂਰੀ ਹੈ?

ਬਪਤਿਸਮਾ ਲੈਣ ਤੋਂ ਪਹਿਲਾਂ ਕੀ ਕਰਨਾ ਜ਼ਰੂਰੀ ਹੈ?

ਬਪਤਿਸਮਾ ਲੈਣ ਤੋਂ ਪਹਿਲਾਂ ਕੀ ਕਰਨਾ ਜ਼ਰੂਰੀ ਹੈ?

“ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?”—ਰਸੂਲਾਂ ਦੇ ਕਰਤੱਬ 8:36.

1, 2. ਫ਼ਿਲਿੱਪੁਸ ਨੇ ਇਥੋਪੀਆ ਦੇ ਇਕ ਸਰਕਾਰੀ ਅਫ਼ਸਰ ਨਾਲ ਗੱਲਬਾਤ ਕਿਵੇਂ ਸ਼ੁਰੂ ਕੀਤੀ ਸੀ ਅਤੇ ਸਾਨੂੰ ਕਿਵੇਂ ਪਤਾ ਕਿ ਇਹ ਅਫ਼ਸਰ ਪਰਮੇਸ਼ੁਰ ਨੂੰ ਬਹੁਤ ਮੰਨਦਾ ਸੀ?

ਯਿਸੂ ਦੀ ਮੌਤ ਤੋਂ ਸਾਲ-ਦੋ-ਸਾਲ ਬਾਅਦ ਇਕ ਸਰਕਾਰੀ ਅਫ਼ਸਰ ਯਰੂਸ਼ਲਮ ਤੋਂ ਦੱਖਣ ਵੱਲ ਗਾਜ਼ਾ ਜਾ ਰਿਹਾ ਸੀ। ਉਸ ਦੇ ਅੱਗੇ ਅਜੇ ਸ਼ਾਇਦ 1,500 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਨੂੰ ਪਿਆ ਸੀ। ਇਹ ਧਰਮੀ ਬੰਦਾ ਯਹੋਵਾਹ ਦੀ ਭਗਤੀ ਕਰਨ ਲਈ ਇਥੋਪੀਆ ਤੋਂ ਯਰੂਸ਼ਲਮ ਆਇਆ ਸੀ। ਉਸ ਦੀ ਨਿਹਚਾ ਇੰਨੀ ਪੱਕੀ ਸੀ ਕਿ ਉਹ ਘਰ ਵਾਪਸ ਜਾਣ ਦੇ ਲੰਬੇ ਸਫ਼ਰ ਦੌਰਾਨ ਆਪਣਾ ਸਮਾਂ ਬਰਬਾਦ ਕਰਨ ਦੀ ਬਜਾਇ ਪਰਮੇਸ਼ੁਰ ਦਾ ਬਚਨ ਪੜ੍ਹ ਰਿਹਾ ਸੀ। ਯਹੋਵਾਹ ਨੇ ਇਸ ਨੇਕ ਬੰਦੇ ਵੱਲ ਧਿਆਨ ਦਿੱਤਾ ਅਤੇ ਇਕ ਦੂਤ ਰਾਹੀਂ ਫ਼ਿਲਿੱਪੁਸ ਨੂੰ ਉਸ ਨਾਲ ਗੱਲ ਕਰਨ ਲਈ ਭੇਜਿਆ।—ਰਸੂਲਾਂ ਦੇ ਕਰਤੱਬ 8:26-28.

2 ਫ਼ਿਲਿੱਪੁਸ ਨੇ ਸੌਖਿਆਂ ਹੀ ਇਸ ਇਥੋਪੀਆਈ ਅਫ਼ਸਰ ਨਾਲ ਗੱਲਬਾਤ ਸ਼ੁਰੂ ਕਰ ਲਈ ਕਿਉਂਕਿ ਉਸ ਨੇ ਇਸ ਨੂੰ ਯਸਾਯਾਹ ਦੀ ਪੋਥੀ ਤੋਂ ਪੜ੍ਹਦਿਆਂ ਸੁਣਿਆ ਸੀ। ਉਨ੍ਹੀਂ ਦਿਨੀਂ ਪਵਿੱਤਰ ਸ਼ਾਸਤਰ ਨੂੰ ਉੱਚੀ ਆਵਾਜ਼ ਵਿਚ ਪੜ੍ਹਨਾ ਆਮ ਗੱਲ ਸੀ। ਫ਼ਿਲਿੱਪੁਸ ਨੇ ਇਕ ਸੌਖਾ ਜਿਹਾ ਸਵਾਲ ਪੁੱਛ ਕੇ ਉਸ ਦਾ ਧਿਆਨ ਖਿੱਚ ਲਿਆ: “ਜੋ ਕੁਝ ਤੁਸੀਂ ਵਾਚਦੇ ਹੋ ਸਮਝਦੇ ਭੀ ਹੋ?” ਇਸ ਤਰ੍ਹਾਂ ਉਨ੍ਹਾਂ ਨੇ ਯਸਾਯਾਹ 53:7, 8 ਬਾਰੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ। ਅਖ਼ੀਰ ਵਿਚ ਫ਼ਿਲਿੱਪੁਸ ਨੇ “ਯਿਸੂ ਦੀ ਖੁਸ਼ ਖਬਰੀ ਉਸ ਨੂੰ ਸੁਣਾਈ।”—ਰਸੂਲਾਂ ਦੇ ਕਰਤੱਬ 8:29-35.

3, 4. (ੳ) ਫ਼ਿਲਿੱਪੁਸ ਨੇ ਇਥੋਪੀਆਈ ਅਫ਼ਸਰ ਨੂੰ ਇੰਨੀ ਜਲਦੀ ਕਿਉਂ ਬਪਤਿਸਮਾ ਦੇ ਦਿੱਤਾ ਸੀ? (ਅ) ਅਸੀਂ ਹੁਣ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?

3 ਥੋੜ੍ਹੇ ਹੀ ਸਮੇਂ ਵਿਚ ਇਹ ਬੰਦਾ ਜਾਣ ਗਿਆ ਕਿ ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੀ ਕੀ ਭੂਮਿਕਾ ਸੀ। ਉਹ ਇਹ ਵੀ ਸਮਝ ਗਿਆ ਕਿ ਉਸ ਨੂੰ ਯਿਸੂ ਦਾ ਚੇਲਾ ਬਣਨ ਲਈ ਬਪਤਿਸਮਾ ਲੈਣਾ ਚਾਹੀਦਾ ਸੀ। ਰਾਹ ਵਿਚ ਝੀਲ ਦੇਖ ਕੇ ਉਸ ਨੇ ਫ਼ਿਲਿੱਪੁਸ ਨੂੰ ਪੁੱਛਿਆ: “ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” ਪਰ ਕੀ ਉਸ ਦਾ ਇੰਨੀ ਜਲਦੀ ਬਪਤਿਸਮਾ ਲੈਣਾ ਸਹੀ ਸੀ? ਹਾਂ, ਕਿਉਂਕਿ ਉਸ ਨੇ ਯਹੂਦੀ ਧਰਮ ਅਪਣਾਇਆ ਸੀ ਤੇ ਉਹ ਪਹਿਲਾਂ ਹੀ ਪਰਮੇਸ਼ੁਰ ਦੀ ਸੇਵਾ ਕਰ ਰਿਹਾ ਸੀ। ਇਸ ਤੋਂ ਇਲਾਵਾ, ਸ਼ਾਇਦ ਉਸ ਨੂੰ ਬਪਤਿਸਮਾ ਲੈਣ ਦਾ ਮੌਕਾ ਫਿਰ ਦੁਬਾਰਾ ਇੰਨੀ ਜਲਦੀ ਨਾ ਮਿਲਦਾ। ਸਭ ਤੋਂ ਅਹਿਮ ਗੱਲ ਹੈ ਕਿ ਉਹ ਸਮਝ ਗਿਆ ਸੀ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਉਸ ਨੂੰ ਕੀ ਕਰਨ ਦੀ ਲੋੜ ਸੀ ਤੇ ਉਸ ਨੇ ਪੂਰੇ ਦਿਲ ਨਾਲ ਇਹ ਕਦਮ ਚੁੱਕਿਆ। ਫ਼ਿਲਿੱਪੁਸ ਨੇ ਖ਼ੁਸ਼ ਹੋ ਕੇ ਉਸ ਨੂੰ ਬਪਤਿਸਮਾ ਦਿੱਤਾ ਅਤੇ ਉਹ ਬਪਤਿਸਮਾ ਲੈ ਕੇ “ਅਨੰਦ ਨਾਲ ਆਪਣੇ ਰਾਹ ਚੱਲਿਆ ਗਿਆ।” ਆਪਣੇ ਦੇਸ਼ ਮੁੜ ਕੇ ਉਸ ਨੇ ਜ਼ਰੂਰ ਪੂਰੇ ਜੋਸ਼ ਨਾਲ ਪ੍ਰਚਾਰ ਕੀਤਾ ਹੋਵੇਗਾ।—ਰਸੂਲਾਂ ਦੇ ਕਰਤੱਬ 8:36-39.

4 ਇਹ ਸੱਚ ਹੈ ਕਿ ਸਮਰਪਣ ਅਤੇ ਬਪਤਿਸਮੇ ਦੇ ਕਦਮ ਕਾਹਲੀ ਵਿਚ ਨਹੀਂ ਚੁੱਕੇ ਜਾਣੇ ਚਾਹੀਦੇ। ਪਰ ਇਥੋਪੀਆਈ ਅਫ਼ਸਰ ਦੀ ਮਿਸਾਲ ਤੋਂ ਅਸੀਂ ਦੇਖ ਸਕਦੇ ਹਾਂ ਕਿ ਕਈ ਵਾਰ ਲੋਕਾਂ ਨੇ ਪਰਮੇਸ਼ੁਰ ਦੇ ਬਚਨ ਵਿੱਚੋਂ ਸੱਚਾਈ ਜਾਣਨ ਤੋਂ ਥੋੜ੍ਹੀ ਦੇਰ ਬਾਅਦ ਹੀ ਬਪਤਿਸਮਾ ਲੈ ਲਿਆ ਸੀ। * ਇਸ ਲਈ ਇਨ੍ਹਾਂ ਸਵਾਲਾਂ ਉੱਤੇ ਗੌਰ ਕਰਨਾ ਜ਼ਰੂਰੀ ਹੈ: ਬਪਤਿਸਮੇ ਤੋਂ ਪਹਿਲਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਇਸ ਵਿਚ ਉਮਰ ਵੀ ਕੋਈ ਮਾਅਨੇ ਰੱਖਦੀ ਹੈ? ਬਪਤਿਸਮਾ ਲੈਣ ਤੋਂ ਪਹਿਲਾਂ ਸਾਡੀ ਨਿਹਚਾ ਦੇ ਕਿਹੜੇ ਸਬੂਤ ਜ਼ਾਹਰ ਹੋਣੇ ਚਾਹੀਦੇ ਹਨ? ਸਭ ਤੋਂ ਜ਼ਰੂਰੀ ਸਵਾਲ ਇਹ ਹੈ ਕਿ ਯਹੋਵਾਹ ਕਿਉਂ ਚਾਹੁੰਦਾ ਹੈ ਕਿ ਉਸ ਦੇ ਸੇਵਕ ਬਪਤਿਸਮਾ ਲੈਣ?

ਪਰਮੇਸ਼ੁਰ ਨਾਲ ਕੀਤਾ ਵਾਅਦਾ

5, 6. (ੳ) ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਯਹੋਵਾਹ ਦੀਆਂ ਬਰਕਤਾਂ ਪਾਉਣ ਲਈ ਕੀ ਕੀਤਾ ਸੀ? (ਅ) ਬਪਤਿਸਮਾ ਲੈ ਕੇ ਅਸੀਂ ਪਰਮੇਸ਼ੁਰ ਨਾਲ ਕਿਹੋ ਜਿਹਾ ਗੂੜ੍ਹਾ ਰਿਸ਼ਤਾ ਕਾਇਮ ਕਰ ਸਕਦੇ ਹਾਂ?

5 ਇਸਰਾਏਲੀਆਂ ਨੂੰ ਮਿਸਰ ਤੋਂ ਛੁਡਾਉਣ ਤੋਂ ਬਾਅਦ ਯਹੋਵਾਹ ਨੇ ਉਨ੍ਹਾਂ ਨੂੰ ਉਸ ਦੀ “ਨਿਜੀ ਪਰਜਾ” ਬਣਨ ਦਾ ਮੌਕਾ ਦਿੱਤਾ। ਉਸ ਨੇ ਉਨ੍ਹਾਂ ਨੂੰ “ਪਵਿੱਤ੍ਰ ਕੌਮ” ਬਣਾਉਣ, ਉਨ੍ਹਾਂ ਨੂੰ ਪਿਆਰ ਕਰਨ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦਾ ਵਾਅਦਾ ਕੀਤਾ। ਪਰ ਇਹ ਬਰਕਤਾਂ ਪਾਉਣ ਲਈ ਉਨ੍ਹਾਂ ਨੂੰ ਵੀ ਕੁਝ ਕਰਨ ਦੀ ਲੋੜ ਸੀ। ਉਨ੍ਹਾਂ ਨੇ ਉਹ “ਸਭ ਕੁਝ” ਕਰਨ ਦਾ ਵਾਅਦਾ ਕੀਤਾ ਜੋ “ਯਹੋਵਾਹ ਬੋਲਿਆ” ਸੀ। ਤਦ ਯਹੋਵਾਹ ਨੇ ਉਨ੍ਹਾਂ ਨਾਲ ਇਕ ਨੇਮ ਬੰਨ੍ਹਿਆ। (ਕੂਚ 19:4-9) ਪਹਿਲੀ ਸਦੀ ਵਿਚ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਉਣ ਤੇ ਉਸ ਦੀਆਂ ਸਿੱਖਿਆਵਾਂ ਸਵੀਕਾਰ ਕਰਨ ਵਾਲਿਆਂ ਨੂੰ ਬਪਤਿਸਮਾ ਦੇਣ। ਯਿਸੂ ਉੱਤੇ ਨਿਹਚਾ ਕਰ ਕੇ ਅਤੇ ਬਪਤਿਸਮਾ ਲੈ ਕੇ ਹੀ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕੀਤਾ ਜਾ ਸਕਦਾ ਸੀ।—ਮੱਤੀ 28:19, 20; ਰਸੂਲਾਂ ਦੇ ਕਰਤੱਬ 2:38, 41.

6 ਬਾਈਬਲ ਦੇ ਇਨ੍ਹਾਂ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਅਸੀਸਾਂ ਦਿੰਦਾ ਹੈ ਜੋ ਉਸ ਦੀ ਸੇਵਾ ਕਰਨ ਦਾ ਪੱਕਾ ਵਾਅਦਾ ਕਰਦੇ ਤੇ ਇਸ ਨੂੰ ਨਿਭਾਉਂਦੇ ਹਨ। ਸੋ ਯਹੋਵਾਹ ਦੀ ਬਰਕਤ ਹਾਸਲ ਕਰਨ ਲਈ ਮਸੀਹੀਆਂ ਲਈ ਆਪਣਾ ਸਮਰਪਣ ਕਰਨਾ ਅਤੇ ਬਪਤਿਸਮਾ ਲੈਣਾ ਜ਼ਰੂਰੀ ਹੈ। ਇਸ ਤੋਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦੇ ਰਾਹਾਂ ਤੇ ਚੱਲਣ ਅਤੇ ਉਸ ਦੀ ਅਗਵਾਈ ਭਾਲਣ ਦਾ ਪੱਕਾ ਫ਼ੈਸਲਾ ਕੀਤਾ ਹੈ। (ਜ਼ਬੂਰਾਂ ਦੀ ਪੋਥੀ 48:14) ਨਤੀਜੇ ਵਜੋਂ ਯਹੋਵਾਹ ਇਕ ਤਰ੍ਹਾਂ ਨਾਲ ਸਾਡਾ ਹੱਥ ਫੜ ਕੇ ਸਾਨੂੰ ਉਸ ਰਸਤੇ ਤੇ ਪਾਉਂਦਾ ਹੈ ਜਿਸ ਉੱਤੇ ਸਾਨੂੰ ਚੱਲਣਾ ਚਾਹੀਦਾ ਹੈ।—ਜ਼ਬੂਰਾਂ ਦੀ ਪੋਥੀ 73:23; ਯਸਾਯਾਹ 30:21; 41:10, 13.

7. ਯਹੋਵਾਹ ਨੂੰ ਆਪਣਾ ਸਮਰਪਣ ਕਰਨ ਤੇ ਬਪਤਿਸਮਾ ਲੈਣ ਦਾ ਫ਼ੈਸਲਾ ਸਾਡਾ ਆਪਣਾ ਕਿਉਂ ਹੋਣਾ ਚਾਹੀਦਾ ਹੈ?

7 ਇਹ ਕਦਮ ਅਸੀਂ ਇਸ ਲਈ ਚੁੱਕਦੇ ਹਾਂ ਕਿਉਂਕਿ ਅਸੀਂ ਯਹੋਵਾਹ ਨਾਲ ਪਿਆਰ ਕਰਦੇ ਹਾਂ ਤੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਾਂ। ਕਿਸੇ ਨੂੰ ਵੀ ਸਿਰਫ਼ ਇਸ ਕਰਕੇ ਬਪਤਿਸਮਾ ਨਹੀਂ ਲੈਣਾ ਚਾਹੀਦਾ ਕਿਉਂਕਿ ਕੋਈ ਦੂਸਰਾ ਉਸ ਨੂੰ ਕਹਿੰਦਾ ਹੈ: “ਤੂੰ ਬਥੇਰੀ ਸਟੱਡੀ ਕਰ ਲਈ ਹੈ, ਹੁਣ ਬਪਤਿਸਮਾ ਲੈ ਲਾ।” ਨਾ ਹੀ ਉਸ ਨੂੰ ਇਸ ਲਈ ਬਪਤਿਸਮਾ ਲੈਣਾ ਚਾਹੀਦਾ ਹੈ ਕਿਉਂਕਿ ਉਸ ਦੇ ਦੋਸਤ-ਮਿੱਤਰ ਬਪਤਿਸਮਾ ਲੈ ਰਹੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਮਾਪਿਆਂ ਜਾਂ ਹੋਰ ਮਸੀਹੀਆਂ ਲਈ ਕਿਸੇ ਨੂੰ ਸਮਰਪਣ ਅਤੇ ਬਪਤਿਸਮੇ ਬਾਰੇ ਸੋਚਣ ਦੀ ਹੱਲਾਸ਼ੇਰੀ ਦੇਣੀ ਗ਼ਲਤ ਹੋਵੇਗੀ। ਪਤਰਸ ਰਸੂਲ ਨੇ ਵੀ ਪੰਤੇਕੁਸਤ ਦੇ ਦਿਨ ਤੇ ਹਜ਼ਾਰਾਂ ਲੋਕਾਂ ਨੂੰ “ਬਪਤਿਸਮਾ” ਲੈਣ ਦੀ ਤਾਕੀਦ ਕੀਤੀ ਸੀ। (ਰਸੂਲਾਂ ਦੇ ਕਰਤੱਬ 2:38) ਫਿਰ ਵੀ, ਸਾਡਾ ਸਮਰਪਣ ਇਕ ਨਿੱਜੀ ਮਾਮਲਾ ਹੈ। ਯਹੋਵਾਹ ਦੀ ਮਰਜ਼ੀ ਪੂਰੀ ਕਰਨ ਦਾ ਫ਼ੈਸਲਾ ਸਾਡਾ ਆਪਣਾ ਹੋਣਾ ਚਾਹੀਦਾ ਹੈ। ਹੋਰ ਕੋਈ ਸਾਡੇ ਲਈ ਇਹ ਫ਼ੈਸਲਾ ਨਹੀਂ ਕਰ ਸਕਦਾ।—ਜ਼ਬੂਰਾਂ ਦੀ ਪੋਥੀ 40:8.

ਬਪਤਿਸਮਾ ਲੈਣ ਤੋਂ ਪਹਿਲਾਂ ਪੂਰੀ ਤਿਆਰੀ

8, 9. (ੳ) ਬਾਈਬਲ ਦੇ ਅਨੁਸਾਰ ਦੁੱਧ ਪੀਂਦੇ ਬੱਚਿਆਂ ਨੂੰ ਬਪਤਿਸਮਾ ਦੇਣਾ ਗ਼ਲਤ ਕਿਉਂ ਹੈ? (ਅ) ਬਪਤਿਸਮਾ ਲੈਣ ਤੋਂ ਪਹਿਲਾਂ ਬੱਚਿਆਂ ਨੂੰ ਕੀ ਪਤਾ ਹੋਣਾ ਚਾਹੀਦਾ ਹੈ?

8 ਕੀ ਬੱਚੇ ਸੋਚ-ਸਮਝ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪਣ ਦਾ ਫ਼ੈਸਲਾ ਕਰ ਸਕਦੇ ਹਨ? ਬਾਈਬਲ ਇਹ ਨਹੀਂ ਦੱਸਦੀ ਕਿ ਸਾਨੂੰ ਕਿਸ ਉਮਰ ਤੇ ਬਪਤਿਸਮਾ ਲੈਣਾ ਚਾਹੀਦਾ ਹੈ। ਪਰ ਦੁੱਧ ਪੀਂਦੇ ਬੱਚੇ ਨਾ ਤਾਂ ਨਿਹਚਾ ਕਰ ਸਕਦੇ ਹਨ ਤੇ ਨਾ ਹੀ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸੌਂਪਣ ਦਾ ਫ਼ੈਸਲਾ ਕਰ ਸਕਦੇ ਹਨ। (ਰਸੂਲਾਂ ਦੇ ਕਰਤੱਬ 8:12) ਇਤਿਹਾਸਕਾਰ ਔਗਸਟਸ ਨੀਐਂਡਰ ਨੇ ਆਪਣੀ ਪੁਸਤਕ ਵਿਚ ਪਹਿਲੀ ਸਦੀ ਦੇ ਮਸੀਹੀਆਂ ਬਾਰੇ ਕਿਹਾ: “ਸ਼ੁਰੂ ਵਿਚ ਸਿਰਫ਼ ਵੱਡਿਆਂ ਨੂੰ ਬਪਤਿਸਮਾ ਦਿੱਤਾ ਜਾਂਦਾ ਸੀ ਕਿਉਂਕਿ ਲੋਕਾਂ ਦੀ ਰਾਇ ਵਿਚ ਬਪਤਿਸਮਾ ਲੈਣ ਲਈ ਨਿਹਚਾ ਹੋਣੀ ਲਾਜ਼ਮੀ ਸੀ।”

9 ਕਈ ਬੱਚੇ ਛੋਟੀ ਉਮਰ ਵਿਚ ਹੀ ਪਰਮੇਸ਼ੁਰ ਦੀਆਂ ਗੱਲਾਂ ਵਿਚ ਦਿਲਚਸਪੀ ਲੈਣ ਲੱਗ ਪੈਂਦੇ ਹਨ ਜਦ ਕਿ ਹੋਰਨਾਂ ਨੂੰ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬਪਤਿਸਮਾ ਲੈਣ ਤੋਂ ਪਹਿਲਾਂ ਬੱਚਿਆਂ ਦਾ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਹੋਣਾ ਚਾਹੀਦਾ ਹੈ ਅਤੇ ਬਾਈਬਲ ਦੀ ਚੰਗੀ ਸਮਝ ਹੋਣੀ ਚਾਹੀਦੀ ਹੈ। ਵੱਡਿਆਂ ਵਾਂਗ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨ ਦਾ ਕੀ ਮਤਲਬ ਹੈ।

10. ਸਮਰਪਣ ਤੇ ਬਪਤਿਸਮੇ ਤੋਂ ਪਹਿਲਾਂ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨ?

10 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਉਹ ਨਵੇਂ ਚੇਲਿਆਂ ਨੂੰ ਉਹ ਸਾਰੀਆਂ ਗੱਲਾਂ ਸਿਖਾਉਣ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ। (ਮੱਤੀ 28:20) ਸੋ ਨਵੇਂ ਚੇਲਿਆਂ ਨੂੰ ਬਾਈਬਲ ਦਾ ਸਹੀ ਗਿਆਨ ਲੈਣ ਦੀ ਲੋੜ ਹੈ ਜਿਸ ਦੇ ਨਤੀਜੇ ਵਜੋਂ ਉਹ ਯਹੋਵਾਹ ਅਤੇ ਬਾਈਬਲ ਉੱਤੇ ਨਿਹਚਾ ਕਰ ਸਕਣਗੇ। (ਰੋਮੀਆਂ 10:17; 1 ਤਿਮੋਥਿਉਸ 2:4; ਇਬਰਾਨੀਆਂ 11:6) ਫਿਰ ਜਦ ਬਾਈਬਲ ਦਾ ਗਿਆਨ ਉਨ੍ਹਾਂ ਦੇ ਦਿਲਾਂ ਨੂੰ ਛੂਹ ਜਾਂਦਾ ਹੈ, ਤਾਂ ਉਹ ਤੋਬਾ ਕਰਨ ਅਤੇ ਆਪਣੇ ਬੁਰੇ ਕੰਮਾਂ ਤੋਂ ਮੁੜਨ ਲਈ ਪ੍ਰੇਰਿਤ ਹੋਣਗੇ। (ਰਸੂਲਾਂ ਦੇ ਕਰਤੱਬ 3:19) ਅਖ਼ੀਰ ਵਿਚ ਉਹ ਉਸ ਮੁਕਾਮ ਤੇ ਪਹੁੰਚ ਜਾਂਦੇ ਹਨ ਜਿੱਥੇ ਉਹ ਆਪਣਾ ਜੀਵਨ ਯਹੋਵਾਹ ਨੂੰ ਅਰਪਣ ਕਰ ਕੇ ਯਿਸੂ ਦੇ ਹੁਕਮ ਅਨੁਸਾਰ ਬਪਤਿਸਮਾ ਲੈਣਾ ਚਾਹੁੰਦੇ ਹਨ।

11. ਬਪਤਿਸਮੇ ਤੋਂ ਪਹਿਲਾਂ ਬਾਕਾਇਦਾ ਪ੍ਰਚਾਰ ਕਰਨਾ ਜ਼ਰੂਰੀ ਕਿਉਂ ਹੈ?

11 ਬਪਤਿਸਮੇ ਦੀ ਤਿਆਰੀ ਲਈ ਇਕ ਹੋਰ ਜ਼ਰੂਰੀ ਕਦਮ ਹੈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਇਨ੍ਹਾਂ ਅੰਤ ਦਿਆਂ ਦਿਨਾਂ ਦੌਰਾਨ ਯਹੋਵਾਹ ਨੇ ਇਹੀ ਕੰਮ ਆਪਣੇ ਲੋਕਾਂ ਨੂੰ ਸੌਂਪਿਆ ਹੈ। (ਮੱਤੀ 24:14) ਸੋ ਬਪਤਿਸਮਾ ਲੈਣ ਤੋਂ ਪਹਿਲਾਂ ਹੀ ਇਕ ਵਿਅਕਤੀ ਦੂਸਰਿਆਂ ਨਾਲ ਆਪਣੇ ਵਿਸ਼ਵਾਸਾਂ ਬਾਰੇ ਗੱਲ ਕਰ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਸਿਖਲਾਈ ਮਿਲਦੀ ਹੈ ਜਿਸ ਨਾਲ ਉਹ ਬਪਤਿਸਮਾ ਲੈਣ ਤੋਂ ਬਾਅਦ ਵੀ ਜੋਸ਼ ਨਾਲ ਬਾਕਾਇਦਾ ਪ੍ਰਚਾਰ ਕਰਦਾ ਰਹੇਗਾ।—ਰੋਮੀਆਂ 10:9, 10, 14, 15.

ਕੀ ਬਪਤਿਸਮਾ ਲੈਣ ਤੋਂ ਤੁਹਾਨੂੰ ਕੋਈ ਚੀਜ਼ ਰੋਕ ਰਹੀ ਹੈ?

12. ਕਈ ਸ਼ਾਇਦ ਬਪਤਿਸਮਾ ਲੈਣ ਤੋਂ ਕਿਉਂ ਕਤਰਾਉਂਦੇ ਹਨ?

12 ਕਈ ਸ਼ਾਇਦ ਬਪਤਿਸਮਾ ਲੈਣ ਤੋਂ ਇਸ ਲਈ ਕਤਰਾਉਂਦੇ ਹਨ ਕਿਉਂਕਿ ਉਹ ਇਸ ਨਾਲ ਜੁੜੀਆਂ ਜ਼ਿੰਮੇਵਾਰੀਆਂ ਨੂੰ ਨਹੀਂ ਚੁੱਕਣਾ ਚਾਹੁੰਦੇ। ਉਹ ਜਾਣਦੇ ਹਨ ਕਿ ਯਹੋਵਾਹ ਦੇ ਮਿਆਰਾਂ ਉੱਤੇ ਚੱਲਣ ਲਈ ਉਨ੍ਹਾਂ ਨੂੰ ਆਪਣੀਆਂ ਜ਼ਿੰਦਗੀਆਂ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰਨੀਆਂ ਪੈਣਗੀਆਂ। ਜਾਂ ਸ਼ਾਇਦ ਉਹ ਡਰਦੇ ਹਨ ਕਿ ਬਪਤਿਸਮਾ ਲੈ ਕੇ ਉਹ ਪਰਮੇਸ਼ੁਰ ਦੇ ਮਿਆਰਾਂ ਤੇ ਖਰੇ ਨਹੀਂ ਉਤਰਨਗੇ। ਕੋਈ ਸ਼ਾਇਦ ਇਹ ਵੀ ਸੋਚੇ: “ਜੇ ਮੈਂ ਕੋਈ ਵੱਡੀ ਗ਼ਲਤੀ ਕਰ ਬੈਠਾ, ਤਾਂ ਮੈਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਵੇਗਾ।”

13. ਯਿਸੂ ਦੇ ਜ਼ਮਾਨੇ ਵਿਚ ਕੁਝ ਲੋਕ ਉਸ ਦੇ ਚੇਲੇ ਬਣਨ ਤੋਂ ਕਿਉਂ ਪਿੱਛੇ ਹਟ ਗਏ ਸਨ?

13 ਯਿਸੂ ਦੇ ਜ਼ਮਾਨੇ ਵਿਚ ਕੁਝ ਲੋਕ ਉਸ ਦੇ ਚੇਲੇ ਇਸ ਲਈ ਨਹੀਂ ਬਣੇ ਕਿਉਂਕਿ ਉਹ ਆਪਣੇ ਹੀ ਕੰਮਾਂ ਵਿਚ ਰੁੱਝੇ ਹੋਏ ਸਨ ਜਾਂ ਉਨ੍ਹਾਂ ਨੂੰ ਆਪਣਾ ਪਰਿਵਾਰ ਜ਼ਿਆਦਾ ਪਿਆਰਾ ਸੀ। ਇਕ ਧਰਮ-ਗੁਰੂ ਨੇ ਯਿਸੂ ਨੂੰ ਕਿਹਾ ਕਿ ਉਹ ਜਿੱਥੇ ਕਿਤੇ ਜਾਵੇਗਾ, ਉਹ ਉਸ ਦੇ ਮਗਰ-ਮਗਰ ਜਾਵੇਗਾ। ਪਰ ਯਿਸੂ ਨੇ ਕਿਹਾ ਕਿ ਉਸ ਕੋਲ ਤਾਂ ਕਈ ਵਾਰ ਰਾਤ ਗੁਜ਼ਾਰਨ ਲਈ ਵੀ ਜਗ੍ਹਾ ਨਹੀਂ ਹੁੰਦੀ। ਜਦ ਯਿਸੂ ਨੇ ਇਕ ਹੋਰ ਬੰਦੇ ਨੂੰ ਉਸ ਦਾ ਚੇਲਾ ਬਣਨ ਲਈ ਕਿਹਾ, ਤਾਂ ਇਸ ਬੰਦੇ ਨੇ ਜਵਾਬ ਦਿੱਤਾ ਕਿ ਪਹਿਲਾਂ ਉਸ ਨੂੰ ਆਪਣੇ ਪਿਤਾ ਨੂੰ ਕਬਰ ਵਿਚ ‘ਦਬਾਉਣ’ ਦੀ ਆਗਿਆ ਦਿੱਤੀ ਜਾਵੇ। ਉਸ ਦੇ ਕਹਿਣ ਦਾ ਭਾਵ ਸੀ ਕਿ ਯਿਸੂ ਦਾ ਚੇਲਾ ਬਣਨ ਦੀ ਬਜਾਇ ਉਹ ਘਰੇ ਰਹਿਣਾ ਚਾਹੁੰਦਾ ਸੀ ਤਾਂਕਿ ਪਿਤਾ ਦੀ ਮੌਤ ਹੋਣ ਤੇ ਉਹ ਉਸ ਨੂੰ ਦਫ਼ਨਾਉਣ ਦਾ ਆਪਣਾ ਫ਼ਰਜ਼ ਨਿਭਾ ਸਕੇ। ਅਖ਼ੀਰ ਵਿਚ ਇਕ ਹੋਰ ਬੰਦੇ ਨੇ ਯਿਸੂ ਦੇ ਮਗਰ ਜਾਣ ਤੋਂ ਪਹਿਲਾਂ ਆਪਣੇ ਘਰ ਵਾਲਿਆਂ ਤੋਂ ‘ਵਿਦਿਆ’ ਹੋਣ ਦੀ ਆਗਿਆ ਮੰਗੀ। ਯਿਸੂ ਨੇ ਕਿਹਾ ਕਿ ਇਹ ਸਾਰੇ ਬੰਦੇ ਢਿੱਲ-ਮੱਠ ਕਰ ਰਹੇ ਸਨ ਅਤੇ ‘ਪਿਛਾਹਾਂ ਨੂੰ ਵੇਖ’ ਰਹੇ ਸਨ। ਕਹਿਣ ਦਾ ਮਤਲਬ ਹੈ ਕਿ ਜਿਹੜੇ ਲੋਕ ਪਰਮੇਸ਼ੁਰ ਦੇ ਸੇਵਕ ਨਹੀਂ ਬਣਨਾ ਚਾਹੁੰਦੇ, ਉਹ ਕੋਈ-ਨਾ-ਕੋਈ ਬਹਾਨਾ ਲੱਭ ਹੀ ਲੈਂਦੇ ਹਨ।—ਲੂਕਾ 9:57-62.

14. (ੳ) ਜਦ ਯਿਸੂ ਨੇ ਪਤਰਸ, ਅੰਦ੍ਰਿਯਾਸ, ਯਾਕੂਬ ਅਤੇ ਯੂਹੰਨਾ ਨੂੰ ਮਨੁੱਖਾਂ ਦੇ ਸ਼ਿਕਾਰੀ ਬਣਨ ਲਈ ਕਿਹਾ ਸੀ, ਤਾਂ ਉਨ੍ਹਾਂ ਨੇ ਕੀ ਕੀਤਾ? (ਅ) ਸਾਨੂੰ ਯਿਸੂ ਦਾ ਜੂਲਾ ਚੁੱਕਣ ਤੋਂ ਪਿੱਛੇ ਕਿਉਂ ਨਹੀਂ ਹਟਣਾ ਚਾਹੀਦਾ?

14 ਪਤਰਸ, ਅੰਦ੍ਰਿਯਾਸ, ਯਾਕੂਬ ਅਤੇ ਯੂਹੰਨਾ ਦੀ ਮਿਸਾਲ ਇਸ ਦੇ ਬਿਲਕੁਲ ਉਲਟ ਸੀ। ਜਦ ਯਿਸੂ ਨੇ ਉਨ੍ਹਾਂ ਨੂੰ ਆਪਣੇ ਮਗਰ ਆਉਣ ਅਤੇ ਮਨੁੱਖਾਂ ਦੇ ਸ਼ਿਕਾਰੀ ਬਣਨ ਲਈ ਕਿਹਾ, ਤਾਂ ਬਾਈਬਲ ਕਹਿੰਦੀ ਹੈ ਕਿ “ਓਹ ਝੱਟ ਜਾਲਾਂ ਨੂੰ ਛੱਡ ਕੇ ਉਹ ਦੇ ਮਗਰ ਹੋ ਤੁਰੇ।” (ਮੱਤੀ 4:19-22) ਯਿਸੂ ਦੇ ਚੇਲੇ ਬਣਨ ਦਾ ਝੱਟ ਫ਼ੈਸਲਾ ਕਰ ਕੇ ਉਨ੍ਹਾਂ ਨੇ ਉਸ ਗੱਲ ਦੀ ਸੱਚਾਈ ਨੂੰ ਅਨੁਭਵ ਕੀਤਾ ਜੋ ਯਿਸੂ ਨੇ ਬਾਅਦ ਵਿਚ ਉਨ੍ਹਾਂ ਨੂੰ ਕਹੀ ਸੀ: “ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੈਥੋਂ ਸਿੱਖੋ ਕਿਉਂ ਜੋ ਮੈਂ ਕੋਮਲ ਅਤੇ ਮਨ ਦਾ ਗ਼ਰੀਬ ਹਾਂ ਅਤੇ ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।” (ਮੱਤੀ 11:29, 30) ਇਹ ਸੱਚ ਹੈ ਕਿ ਬਪਤਿਸਮਾ ਲੈਣ ਨਾਲ ਸਾਡੇ ਉੱਤੇ ਕਈ ਜ਼ਿੰਮੇਵਾਰੀਆਂ ਆ ਜਾਂਦੀਆਂ ਹਨ, ਪਰ ਯਿਸੂ ਸਾਨੂੰ ਭਰੋਸਾ ਦਿਲਾਉਂਦਾ ਹੈ ਕਿ ਇਹ ਜ਼ਿੰਮੇਵਾਰੀਆਂ ਬੋਝ ਨਹੀਂ ਹਨ, ਸਗੋਂ ਇਨ੍ਹਾਂ ਨੂੰ ਨਿਭਾ ਕੇ ਸਾਨੂੰ ਬਹੁਤ ਖ਼ੁਸ਼ੀ ਤੇ ਤਾਜ਼ਗੀ ਮਿਲੇਗੀ।

15. ਮੂਸਾ ਅਤੇ ਯਿਰਮਿਯਾਹ ਦੀਆਂ ਮਿਸਾਲਾਂ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡਾ ਸਾਥ ਦੇਵੇਗਾ?

15 ਕਈ ਆਪਣੇ ਆਪ ਨੂੰ ਯਿਸੂ ਦੇ ਚੇਲੇ ਬਣਨ ਦੇ ਕਾਬਲ ਨਹੀਂ ਸਮਝਦੇ। ਪਰ ਯਾਦ ਰੱਖੋ ਕਿ ਮੂਸਾ ਅਤੇ ਯਿਰਮਿਯਾਹ ਨੇ ਵੀ ਮਹਿਸੂਸ ਕੀਤਾ ਸੀ ਕਿ ਉਹ ਯਹੋਵਾਹ ਵੱਲੋਂ ਦਿੱਤਾ ਕੰਮ ਪੂਰਾ ਨਹੀਂ ਕਰ ਪਾਉਣਗੇ। (ਕੂਚ 3:11; ਯਿਰਮਿਯਾਹ 1:6) ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਵੇਂ ਹੌਸਲਾ ਦਿੱਤਾ ਸੀ? ਉਸ ਨੇ ਮੂਸਾ ਨੂੰ ਕਿਹਾ: “ਮੈਂ ਤੇਰੇ ਨਾਲ ਹੋਵਾਂਗਾ” ਤੇ ਉਸ ਨੇ ਯਿਰਮਿਯਾਹ ਨਾਲ ਵਾਅਦਾ ਕੀਤਾ: “ਮੈਂ ਤੈਨੂੰ ਛੁਡਾਉਣ ਲਈ ਤੇਰੇ ਅੰਗ ਸੰਗ” ਹਾਂ। (ਕੂਚ 3:12; ਯਿਰਮਿਯਾਹ 1:8) ਅਸੀਂ ਵੀ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡਾ ਸਾਥ ਦੇਵੇਗਾ। ਜੇ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ ਤੇ ਉਸ ਉੱਤੇ ਭਰੋਸਾ ਰੱਖਦੇ ਹਾਂ, ਤਾਂ ਸਾਡਾ ਸ਼ੱਕ ਦੂਰ ਹੋ ਜਾਵੇਗਾ ਕਿ ਅਸੀਂ ਉਸ ਦੀ ਸੇਵਾ ਕਰਨ ਦਾ ਵਾਅਦਾ ਨਿਭਾ ਸਕਾਂਗੇ ਕਿ ਨਹੀਂ। ਯੂਹੰਨਾ ਰਸੂਲ ਨੇ ਲਿਖਿਆ: “ਪ੍ਰੇਮ ਵਿੱਚ ਧੜਕਾ ਨਹੀਂ ਸਗੋਂ ਪੂਰਾ ਪ੍ਰੇਮ ਧੜਕੇ ਨੂੰ ਹਟਾ ਦਿੰਦਾ ਹੈ।” (1 ਯੂਹੰਨਾ 4:18) ਇਕ ਛੋਟਾ ਜਿਹਾ ਮੁੰਡਾ ਇਕੱਲਾ ਤੁਰਨ ਤੋਂ ਸ਼ਾਇਦ ਡਰਦਾ ਹੋਵੇ, ਪਰ ਜਦ ਉਹ ਆਪਣੇ ਪਿਤਾ ਦਾ ਹੱਥ ਫੜ ਕੇ ਤੁਰਦਾ ਹੈ, ਤਾਂ ਉਸ ਨੂੰ ਕੋਈ ਡਰ ਨਹੀਂ ਹੁੰਦਾ। ਇਸੇ ਤਰ੍ਹਾਂ ਜੇ ਅਸੀਂ ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ ਕੇ ਉਸ ਦੇ ਨਾਲ-ਨਾਲ ਚੱਲੀਏ, ਤਾਂ ਉਹ ‘ਸਾਡੇ ਮਾਰਗਾਂ ਨੂੰ ਸਿੱਧਾ ਕਰਨ’ ਦਾ ਵਾਅਦਾ ਕਰਦਾ ਹੈ।—ਕਹਾਉਤਾਂ 3:5, 6.

ਪਵਿੱਤਰ ਅਵਸਰ

16. ਬਪਤਿਸਮਾ ਲੈਣ ਵਾਲਿਆਂ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੁਬੋਇਆ ਕਿਉਂ ਜਾਂਦਾ ਹੈ?

16 ਬਪਤਿਸਮੇ ਤੋਂ ਪਹਿਲਾਂ ਇਕ ਭਾਸ਼ਣ ਦਿੱਤਾ ਜਾਂਦਾ ਹੈ ਜਿਸ ਵਿਚ ਬਪਤਿਸਮੇ ਦੀ ਅਹਿਮੀਅਤ ਸਮਝਾਈ ਜਾਂਦੀ ਹੈ। ਇਸ ਭਾਸ਼ਣ ਤੋਂ ਬਾਅਦ ਬਪਤਿਸਮਾ ਲੈਣ ਵਾਲਿਆਂ ਨੂੰ ਦੋ ਸਵਾਲ ਪੁੱਛੇ ਜਾਂਦੇ ਹਨ ਜਿਨ੍ਹਾਂ ਦਾ ਜਵਾਬ ਦੇ ਕੇ ਉਹ ਸਾਰਿਆਂ ਦੇ ਸਾਮ੍ਹਣੇ ਆਪਣੀ ਨਿਹਚਾ ਦਾ ਐਲਾਨ ਕਰਦੇ ਹਨ। (ਰੋਮੀਆਂ 10:10; ਸਫ਼ਾ 22 ਉੱਤੇ ਡੱਬੀ ਦੇਖੋ।) ਫਿਰ ਉਨ੍ਹਾਂ ਨੂੰ ਉਸੇ ਤਰ੍ਹਾਂ ਪਾਣੀ ਵਿਚ ਬਪਤਿਸਮਾ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਯਿਸੂ ਨੇ ਪਾਣੀ ਵਿਚ ਬਪਤਿਸਮਾ ਲਿਆ ਸੀ। ਬਾਈਬਲ ਦੱਸਦੀ ਹੈ ਕਿ ਬਪਤਿਸਮਾ ਲੈਣ ਤੋਂ ਬਾਅਦ ਯਿਸੂ “ਪਾਣੀ ਤੋਂ ਉੱਪਰ ਆਇਆ” ਜਾਂ ਉਹ ‘ਪਾਣੀ ਵਿੱਚੋਂ ਨਿੱਕਲਿਆ।’ (ਮੱਤੀ 3:16; ਮਰਕੁਸ 1:10) ਸੋ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਿਸੂ ਨੂੰ ਪੂਰੀ ਤਰ੍ਹਾਂ ਪਾਣੀ ਵਿਚ ਡੁਬੋਇਆ ਗਿਆ ਸੀ। * ਜਦ ਵਿਅਕਤੀ ਪਾਣੀ ਦੇ ਅੰਦਰ ਜਾਂਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੇ ਆਪਣੀ ਪੁਰਾਣੀ ਜ਼ਿੰਦਗੀ ਨੂੰ ਤਿਆਗ ਦਿੱਤਾ ਹੈ। ਫਿਰ ਜਦ ਉਹ ਪਾਣੀ ਵਿੱਚੋਂ ਨਿਕਲਦਾ ਹੈ, ਤਾਂ ਮਾਨੋ ਉਹ ਪਰਮੇਸ਼ੁਰ ਦੀ ਸੇਵਾ ਕਰਨ ਲਈ ਜ਼ਿੰਦਗੀ ਨੂੰ ਨਵੇਂ ਸਿਰਿਓਂ ਸ਼ੁਰੂ ਕਰ ਰਿਹਾ ਹੈ।

17. ਬਪਤਿਸਮਾ ਲੈਣ ਵਾਲੇ ਅਤੇ ਬਪਤਿਸਮਾ ਦੇਖਣ ਵਾਲੇ ਕਿਹੜੀਆਂ ਗੱਲਾਂ ਯਾਦ ਰੱਖ ਸਕਦੇ ਹਨ?

17 ਬਪਤਿਸਮਾ ਇਕ ਬਹੁਤ ਹੀ ਪਵਿੱਤਰ ਤੇ ਖ਼ੁਸ਼ੀ ਦਾ ਮੌਕਾ ਹੈ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਿਸੂ ਪ੍ਰਾਰਥਨਾ ਕਰ ਰਿਹਾ ਸੀ ਜਦ ਯੂਹੰਨਾ ਨੇ ਯਰਦਨ ਨਦੀ ਵਿਚ ਉਸ ਨੂੰ ਬਪਤਿਸਮਾ ਦਿੱਤਾ। (ਲੂਕਾ 3:21, 22) ਇਸੇ ਤਰ੍ਹਾਂ ਅੱਜ ਬਪਤਿਸਮਾ ਲੈਣ ਵਾਲੇ ਵਿਅਕਤੀਆਂ ਨੂੰ ਯਿਸੂ ਵਰਗਾ ਰਵੱਈਆ ਅਪਣਾਉਣਾ ਚਾਹੀਦਾ ਹੈ। ਬਾਈਬਲ ਸਾਨੂੰ ਰੋਜ਼ ਦੀ ਜ਼ਿੰਦਗੀ ਵਿਚ ਸਹੀ ਢੰਗ ਦੇ ਕੱਪੜੇ ਪਾਉਣ ਦੀ ਸਲਾਹ ਦਿੰਦੀ ਹੈ ਤੇ ਸਾਨੂੰ ਖ਼ਾਸ ਕਰਕੇ ਬਪਤਿਸਮਾ ਲੈਣ ਵੇਲੇ ਇਸ ਸਲਾਹ ਉੱਤੇ ਚੱਲਣਾ ਚਾਹੀਦਾ ਹੈ। (1 ਤਿਮੋਥਿਉਸ 2:9) ਸਾਰਿਆਂ ਨੂੰ ਧਿਆਨ ਨਾਲ ਬਪਤਿਸਮੇ ਦਾ ਭਾਸ਼ਣ ਸੁਣਨਾ ਚਾਹੀਦਾ ਹੈ ਤੇ ਸਲੀਕੇ ਨਾਲ ਬੈਠ ਕੇ ਬਪਤਿਸਮਾ ਦੇਖਣਾ ਚਾਹੀਦਾ ਹੈ।—1 ਕੁਰਿੰਥੀਆਂ 14:40.

ਬਪਤਿਸਮਾ ਲੈਣ ਨਾਲ ਮਿਲਦੀਆਂ ਬਰਕਤਾਂ

18, 19. ਬਪਤਿਸਮਾ ਲੈਣ ਤੋਂ ਬਾਅਦ ਸਾਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

18 ਸਮਰਪਣ ਅਤੇ ਬਪਤਿਸਮੇ ਤੋਂ ਬਾਅਦ ਅਸੀਂ ਇਕ ਅਨੋਖੇ ਪਰਿਵਾਰ ਦਾ ਹਿੱਸਾ ਬਣ ਜਾਂਦੇ ਹਾਂ। ਬਪਤਿਸਮੇ ਤੋਂ ਪਹਿਲਾਂ ਅਸੀਂ ਯਹੋਵਾਹ ਪਰਮੇਸ਼ੁਰ ਤੋਂ ਦੂਰ ਸੀ, ਪਰ ਬਪਤਿਸਮੇ ਤੋਂ ਬਾਅਦ ਉਹ ਸਾਡਾ ਪਿਤਾ ਅਤੇ ਦੋਸਤ ਬਣ ਜਾਂਦਾ ਹੈ। (2 ਕੁਰਿੰਥੀਆਂ 5:19; ਕੁਲੁੱਸੀਆਂ 1:20) ਯਿਸੂ ਮਸੀਹ ਦੇ ਬਲੀਦਾਨ ਸਦਕਾ ਅਸੀਂ ਪਰਮੇਸ਼ੁਰ ਦੇ ਨੇੜੇ ਹੁੰਦੇ ਹਾਂ ਤੇ ਉਹ ਸਾਡੇ ਨੇੜੇ ਆਉਂਦਾ ਹੈ। (ਯਾਕੂਬ 4:8) ਮਲਾਕੀ ਨਬੀ ਦੱਸਦਾ ਹੈ ਕਿ ਯਹੋਵਾਹ ਉਨ੍ਹਾਂ ਦੀਆਂ ਗੱਲਾਂ ਵੱਲ ਧਿਆਨ ਦਿੰਦਾ ਹੈ ਜੋ ਉਸ ਦਾ ਨਾਂ ਲੈਂਦੇ ਹਨ ਅਤੇ ਉਸ ਦੇ ਨਾਂ ਤੋਂ ਜਾਣੇ ਜਾਂਦੇ ਹਨ ਅਤੇ ਉਹ ਉਨ੍ਹਾਂ ਦੇ ਨਾਂ ਆਪਣੀ ਯਾਦਗਾਰੀ ਦੀ ਪੁਸਤਕ ਵਿਚ ਲਿਖਦਾ ਹੈ। ਪਰਮੇਸ਼ੁਰ ਕਹਿੰਦਾ ਹੈ: “ਉਹ ਸੱਚ ਮੁੱਚ ਮੇਰੇ ਲੋਕ ਹੋਣਗੇ, ਹਾਂ ਮੇਰੇ ਆਪਣੇ ਲੋਕ, ਜਦੋਂ ਮੈਂ ਇਹ ਕਰਾਂਗਾ, ਮੈਂ ਉਹਨਾਂ ਉਤੇ ਇਸ ਤਰ੍ਹਾਂ ਦਇਆ ਕਰਾਂਗਾ, ਜਿਸ ਤਰ੍ਹਾਂ ਇਕ ਪਿਤਾ ਆਪਣੀ ਸੰਤਾਨ ਉਤੇ ਕਰਦਾ ਹੈ, ਜੋ ਉਸ ਦੀ ਸੇਵਾ ਕਰਦੀ ਹੈ।”—ਮਲਾਕੀ 3:16-18, ਪਵਿੱਤਰ ਬਾਈਬਲ ਨਵਾਂ ਅਨੁਵਾਦ।

19 ਬਪਤਿਸਮਾ ਲੈਣ ਤੋਂ ਬਾਅਦ ਅਸੀਂ ਇਕ ਵਿਸ਼ਵ-ਵਿਆਪੀ ਭਾਈਚਾਰੇ ਦਾ ਹਿੱਸਾ ਬਣ ਜਾਂਦੇ ਹਾਂ। ਜਦ ਪਤਰਸ ਨੇ ਯਿਸੂ ਨੂੰ ਪੁੱਛਿਆ ਸੀ ਕਿ ਉਸ ਦੇ ਚੇਲੇ ਬਣ ਕੇ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ, ਤਾਂ ਯਿਸੂ ਨੇ ਵਾਅਦਾ ਕੀਤਾ ਸੀ: “ਹਰ ਕੋਈ ਜਿਹ ਨੇ ਘਰਾਂ ਯਾ ਭਾਈਆਂ ਯਾ ਭੈਣਾਂ ਯਾ ਪਿਉ ਯਾ ਮਾਂ ਯਾ ਬਾਲ ਬੱਚਿਆਂ ਯਾ ਜਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ ਉਹ ਸੌ ਗੁਣਾ ਪਾਵੇਗਾ ਅਤੇ ਸਦੀਪਕ ਜੀਉਣ ਦਾ ਵਾਰਸ ਹੋਵੇਗਾ।” (ਮੱਤੀ 19:29) ਇਸ ਤੋਂ ਕਈ ਸਾਲ ਬਾਅਦ ਪਤਰਸ ਨੇ ਦੁਨੀਆਂ ਭਰ ਵਿਚ ਰਹਿੰਦੇ “ਭਾਈਆਂ” ਬਾਰੇ ਗੱਲ ਕੀਤੀ। ਉਸ ਨੇ ਖ਼ੁਦ ਇਸ ਭਾਈਚਾਰੇ ਦੇ ਪਿਆਰ ਤੇ ਦਿਲਾਸੇ ਨੂੰ ਅਨੁਭਵ ਕੀਤਾ ਸੀ ਤੇ ਇਹੋ ਤਜਰਬਾ ਸਾਡਾ ਵੀ ਹੋ ਸਕਦਾ ਹੈ।—1 ਪਤਰਸ 2:17; 5:9.

20. ਬਪਤਿਸਮਾ ਲੈਣ ਨਾਲ ਸਾਨੂੰ ਕਿਹੜੀ ਉਮੀਦ ਮਿਲਦੀ ਹੈ?

20 ਇਸ ਤੋਂ ਇਲਾਵਾ ਯਿਸੂ ਨੇ ਕਿਹਾ ਸੀ ਕਿ ਉਸ ਦੇ ਚੇਲੇ ‘ਸਦੀਪਕ ਜੀਉਣ ਦੇ ਵਾਰਸ ਹੋਣਗੇ।’ ਜੀ ਹਾਂ, ਸਮਰਪਣ ਅਤੇ ਬਪਤਿਸਮੇ ਦੇ ਕਦਮ ਚੁੱਕਣ ਕਰਕੇ ਸਾਨੂੰ ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ “ਅਸਲ ਜੀਵਨ” ਪਾਉਣ ਦੀ ਉਮੀਦ ਮਿਲਦੀ ਹੈ। (1 ਤਿਮੋਥਿਉਸ 6:19) ਇਸ ਨਾਲੋਂ ਵਧੀਆ ਭਵਿੱਖ ਦੀ ਉਮੀਦ ਹੋਰ ਕਿਹੜੀ ਹੋ ਸਕਦੀ ਹੈ? ਉਦੋਂ ਅਸੀਂ “ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਸਦੀਪ ਕਾਲ ਤੀਕੁਰ” ਚੱਲਦੇ ਰਹਿ ਸਕਾਂਗੇ।—ਮੀਕਾਹ 4:5.

[ਫੁਟਨੋਟ]

^ ਪੈਰਾ 4 ਪੰਤੇਕੁਸਤ ਦੇ ਦਿਨ ਤੇ ਪਤਰਸ ਦਾ ਭਾਸ਼ਣ ਸੁਣਨ ਤੋਂ ਬਾਅਦ ਤਿੰਨ ਹਜ਼ਾਰ ਯਹੂਦੀਆਂ ਅਤੇ ਯਹੂਦੀ ਧਰਮ ਨੂੰ ਅਪਣਾਉਣ ਵਾਲਿਆਂ ਨੇ ਬਿਨਾਂ ਦੇਰ ਕੀਤਿਆਂ ਬਪਤਿਸਮਾ ਲੈ ਲਿਆ ਸੀ। ਇਥੋਪੀਆਈ ਅਫ਼ਸਰ ਵਾਂਗ ਉਹ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ।—ਰਸੂਲਾਂ ਦੇ ਕਰਤੱਬ 2:37-41.

^ ਪੈਰਾ 16 ਵਾਈਨਜ਼ ਐਕਸਪੌਜ਼ੀਟਰੀ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਵਰਡਜ਼ ਦੇ ਅਨੁਸਾਰ ਯੂਨਾਨੀ ਭਾਸ਼ਾ ਵਿਚ “ਬਪਤਿਸਮੇ” ਦਾ ਮਤਲਬ ਹੈ ‘ਪੂਰੀ ਤਰ੍ਹਾਂ ਪਾਣੀ ਦੇ ਥੱਲੇ ਜਾ ਕੇ ਬਾਹਰ ਆਉਣਾ।’

ਕੀ ਤੁਸੀਂ ਸਮਝਾ ਸਕਦੇ ਹੋ?

• ਸਾਨੂੰ ਯਹੋਵਾਹ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦੇਣਾ ਚਾਹੀਦਾ ਹੈ ਤੇ ਕਿਉਂ?

• ਬਪਤਿਸਮਾ ਲੈਣ ਤੋਂ ਪਹਿਲਾਂ ਸਾਡੀ ਨਿਹਚਾ ਦੇ ਕਿਹੜੇ ਸਬੂਤ ਜ਼ਾਹਰ ਹੋਣੇ ਚਾਹੀਦੇ ਹਨ?

• ਆਪਣੇ ਸਮਰਪਣ ਤੇ ਖਰੇ ਨਾ ਉਤਰ ਸਕਣ ਦੇ ਡਰ ਕਰਕੇ ਜਾਂ ਜ਼ਿੰਮੇਵਾਰੀਆਂ ਆਉਣ ਦੇ ਡਰ ਕਰਕੇ ਸਾਨੂੰ ਬਪਤਿਸਮਾ ਲੈਣ ਤੋਂ ਕਿਉਂ ਨਹੀਂ ਕਤਰਾਉਣਾ ਚਾਹੀਦਾ?

• ਬਪਤਿਸਮਾ ਲੈਣ ਤੋਂ ਬਾਅਦ ਯਿਸੂ ਦੇ ਚੇਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

“ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?”

[ਸਫ਼ਾ 29 ਉੱਤੇ ਤਸਵੀਰਾਂ]

ਬਪਤਿਸਮਾ ਇਕ ਬਹੁਤ ਹੀ ਪਵਿੱਤਰ ਤੇ ਖ਼ੁਸ਼ੀ ਦਾ ਮੌਕਾ ਹੈ