Skip to content

Skip to table of contents

ਯਿਸੂ ਵਾਂਗ ਆਪਣੇ ਅਧਿਕਾਰ ਦਾ ਸਹੀ ਇਸਤੇਮਾਲ ਕਰੋ

ਯਿਸੂ ਵਾਂਗ ਆਪਣੇ ਅਧਿਕਾਰ ਦਾ ਸਹੀ ਇਸਤੇਮਾਲ ਕਰੋ

ਯਿਸੂ ਵਾਂਗ ਆਪਣੇ ਅਧਿਕਾਰ ਦਾ ਸਹੀ ਇਸਤੇਮਾਲ ਕਰੋ

ਕੁਝ ਸਾਲ ਪਹਿਲਾਂ ਇਨਸਾਨੀ ਸੁਭਾਅ ਤੇ ਇਕ ਤਜਰਬਾ ਕੀਤਾ ਗਿਆ ਸੀ। ਇਸ ਤਜਰਬੇ ਵਿਚ ਭਾਗ ਲੈਣ ਵਾਲਿਆਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਸੀ। ਇਕ ਗਰੁੱਪ ਦੇ ਲੋਕਾਂ ਨੂੰ ਪਹਿਰੇਦਾਰ ਬਣਾਇਆ ਗਿਆ ਤੇ ਦੂਸਰੇ ਗਰੁੱਪ ਦੇ ਲੋਕਾਂ ਨੂੰ ਕੈਦੀ। ਫਿਰ ਕੀ ਹੋਇਆ?

ਇਸ ਤਜਰਬੇ ਦੇ ਦਿਲਚਸਪ ਨਤੀਜੇ ਨਿਕਲੇ। ਰਿਪੋਰਟ ਵਿਚ ਕਿਹਾ ਗਿਆ, “ਕੁਝ ਹੀ ਦਿਨਾਂ ਵਿਚ ਪਹਿਰੇਦਾਰਾਂ ਨੇ ਕੈਦੀਆਂ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਨੂੰ ਗੱਲ-ਗੱਲ ਤੇ ਮਾਰਿਆ-ਕੁੱਟਿਆ। ਕੈਦੀ ਬਹੁਤ ਸਹਿਮ ਗਏ ਤੇ ਪਹਿਰੇਦਾਰਾਂ ਦੇ ਅਧੀਨ ਦੱਬ ਕੇ ਰਹਿਣ ਲੱਗੇ।” ਇਹ ਤਜਰਬਾ ਕਰਨ ਵਾਲੇ ਮਾਹਰ ਇਸ ਨਤੀਜੇ ਤੇ ਪਹੁੰਚੇ: “ਕੋਈ ਵੀ ਇਨਸਾਨ ਆਪਣੇ ਅਧਿਕਾਰ ਦੀ ਗ਼ਲਤ ਵਰਤੋਂ ਕਰਨ ਦੇ ਖ਼ਤਰੇ ਵਿਚ ਪੈ ਸਕਦਾ ਹੈ।”

ਅਧਿਕਾਰ ਦੀ ਸਹੀ ਤੇ ਗ਼ਲਤ ਵਰਤੋਂ

ਜੇ ਅਧਿਕਾਰ ਸਹੀ ਤਰ੍ਹਾਂ ਵਰਤਿਆ ਜਾਵੇ, ਤਾਂ ਇਸ ਦੇ ਕਈ ਫ਼ਾਇਦੇ ਹੋ ਸਕਦੇ ਹਨ। ਚੰਗਾ ਅਧਿਕਾਰੀ ਦੂਸਰਿਆਂ ਦੇ ਸਰੀਰਕ, ਭਾਵਾਤਮਕ ਅਤੇ ਰੂਹਾਨੀ ਲਾਭ ਲਈ ਕੰਮ ਕਰਦਾ ਹੈ ਅਤੇ ਉਨ੍ਹਾਂ ਨੂੰ ਸਹੀ ਰਾਹ ਦਿਖਾਉਂਦਾ ਹੈ। (ਕਹਾਉਤਾਂ 1:5; ਯਸਾਯਾਹ 48:17, 18) ਪਰ ਜਿਸ ਤਰ੍ਹਾਂ ਉੱਪਰ ਤਜਰਬੇ ਵਿਚ ਦੱਸਿਆ ਹੈ, ਕੋਈ ਵੀ ਇਨਸਾਨ ਅਧਿਕਾਰ ਨੂੰ ਸਹੀ ਤਰ੍ਹਾਂ ਵਰਤਣ ਦੀ ਬਜਾਇ ਉਸ ਦਾ ਗ਼ਲਤ ਇਸਤੇਮਾਲ ਕਰ ਸਕਦਾ ਹੈ। ਬਾਈਬਲ ਇਸ ਖ਼ਤਰੇ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਹੈ: “ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਲੋਕ ਢਾਹਾਂ ਮਾਰਦੇ ਹਨ।”—ਕਹਾਉਤਾਂ 29:2; ਉਪਦੇਸ਼ਕ ਦੀ ਪੋਥੀ 8:9.

ਆਪਣੇ ਅਧਿਕਾਰ ਦਾ ਨਾਜਾਇਜ਼ ਫ਼ਾਇਦਾ ਉਠਾਉਣਾ ਹਮੇਸ਼ਾ ਨੁਕਸਾਨਦੇਹ ਹੁੰਦਾ ਹੈ, ਭਾਵੇਂ ਫ਼ਾਇਦਾ ਚੰਗੀ ਨੀਅਤ ਨਾਲ ਹੀ ਕਿਉਂ ਨਾ ਉਠਾਇਆ ਗਿਆ ਹੋਵੇ। ਉਦਾਹਰਣ ਲਈ, ਹਾਲ ਹੀ ਵਿਚ ਆਇਰਲੈਂਡ ਵਿਚ ਇਕ ਧਾਰਮਿਕ ਸੰਗਠਨ ਨੇ ਜਨਤਕ ਤੌਰ ਤੇ ਆਪਣੇ ਕੁਝ ਅਧਿਆਪਕਾਂ ਦੀ ਗ਼ਲਤੀ ਲਈ ਮਾਫ਼ੀ ਮੰਗੀ ਜਿਨ੍ਹਾਂ ਨੇ ਆਪਣੇ ਅਧਿਕਾਰ ਨੂੰ ਵਰਤਦਿਆਂ ਵਿਦਿਆਰਥੀਆਂ ਨਾਲ ਦੁਰਵਿਹਾਰ ਕੀਤਾ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਧਿਆਪਕਾਂ ਨੇ ਵਿਦਿਆਰਥੀਆਂ ਦਾ ਭਲਾ ਚਾਹੁੰਦਿਆਂ ਹੋਇਆ ਇਸ ਤਰ੍ਹਾਂ ਕੀਤਾ ਸੀ, ਪਰ ਉਨ੍ਹਾਂ ਨੇ ਸਜ਼ਾ ਦੇਣ ਲਈ ਜੋ ਤਰੀਕੇ ਵਰਤੇ, ਉਹ ਵਿਦਿਆਰਥੀਆਂ ਲਈ ਨੁਕਸਾਨਦੇਹ ਸਿੱਧ ਹੋਏ। ਇਕ ਅਖ਼ਬਾਰ ਨੇ ਦੱਸਿਆ ਕਿ “ਕਈ ਅਧਿਆਪਕਾਂ ਦੁਆਰਾ ਵਿਦਿਆਰਥੀਆਂ ਦੀ ਮਾਰ-ਕੁਟਾਈ ਕਰਨ ਅਤੇ ਉਨ੍ਹਾਂ ਨਾਲ ਹੱਦੋਂ ਵਧ ਸਖ਼ਤੀ ਵਰਤਣ ਕਰਕੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਜਜ਼ਬਾਤੀ ਤੇ ਸਰੀਰਕ ਤੌਰ ਤੇ ਨੁਕਸਾਨ ਹੋਇਆ।” (ਦੀ ਆਇਰਿਸ਼ ਟਾਈਮਜ਼) ਤਾਂ ਫਿਰ ਤੁਸੀਂ ਆਪਣੇ ਅਧਿਕਾਰ ਦੀ ਸਹੀ ਵਰਤੋਂ ਕਿਵੇਂ ਕਰ ਸਕਦੇ ਹੋ ਤਾਂਕਿ ਤੁਹਾਡੀਆਂ ਗੱਲਾਂ ਜਾਂ ਕੰਮਾਂ ਤੋਂ ਦੂਸਰਿਆਂ ਨੂੰ ਦੁੱਖ ਜਾਂ ਸਦਮਾ ਨਾ ਪਹੁੰਚੇ?—ਕਹਾਉਤਾਂ 12:18.

“ਸਾਰਾ ਇਖ਼ਤਿਆਰ” ਯਿਸੂ ਮਸੀਹ ਨੂੰ ਦਿੱਤਾ ਗਿਆ

ਯਿਸੂ ਮਸੀਹ ਦੀ ਹੀ ਮਿਸਾਲ ਲੈ ਲਓ। ਸਵਰਗ ਵਿਚ ਜਾਣ ਤੋਂ ਕੁਝ ਚਿਰ ਪਹਿਲਾਂ ਉਸ ਨੇ ਆਪਣੇ ਚੇਲਿਆਂ ਨੂੰ ਦੱਸਿਆ: ‘ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।’ (ਮੱਤੀ 28:18) ਕੀ ਇਹ ਗੱਲ ਸੁਣ ਕੇ ਉਸ ਦੇ ਚੇਲੇ ਡਰ ਗਏ ਸਨ? ਕੀ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕਿ ਹੁਣ ਯਿਸੂ ਰੋਮੀ ਹਾਕਮਾਂ ਵਾਂਗ, ਜੋ ਕਿਸੇ ਵੀ ਵਿਰੋਧ ਜਾਂ ਬਗਾਵਤ ਨੂੰ ਝੱਟ ਕੁਚਲ ਦਿੰਦੇ ਸਨ, ਉਨ੍ਹਾਂ ਤੇ ਹੁਕਮ ਚਲਾਉਣ ਲੱਗ ਪਵੇਗਾ?

ਬਾਈਬਲ ਇਸ ਸਵਾਲ ਦਾ ਸਾਫ਼ ਜਵਾਬ ਦਿੰਦੀ ਹੈ। ਆਪਣੇ ਪਿਤਾ ਯਹੋਵਾਹ ਵਾਂਗ ਯਿਸੂ ਮਸੀਹ ਵੀ ਆਪਣੇ ਅਧਿਕਾਰ ਨੂੰ ਸਹੀ ਤਰੀਕੇ ਨਾਲ ਵਰਤਦਾ ਹੈ। ਭਾਵੇਂ ਯਹੋਵਾਹ ਸਾਰੀ ਦੁਨੀਆਂ ਦਾ ਮਾਲਕ ਹੈ, ਪਰ ਉਹ ਇਹ ਨਹੀਂ ਚਾਹੁੰਦਾ ਕਿ ਲੋਕ ਡਰ ਦੇ ਮਾਰੇ ਜਾਂ ਮਜਬੂਰੀ ਹੇਠ ਉਸ ਦੀ ਸੇਵਾ ਕਰਨ ਜਾਂ ਉਸ ਦਾ ਕਹਿਣਾ ਮੰਨਣ। ਉਹ ਚਾਹੁੰਦਾ ਹੈ ਕਿ ਉਹ ਦਿਲੋਂ ਉਸ ਦੀ ਸੇਵਾ ਕਰਨ। (ਮੱਤੀ 22:37) ਯਹੋਵਾਹ ਆਪਣਾ ਅਧਿਕਾਰ ਕਦੀ ਗ਼ਲਤ ਤਰੀਕੇ ਨਾਲ ਨਹੀਂ ਇਸਤੇਮਾਲ ਕਰਦਾ। ਅਸੀਂ ਹਿਜ਼ਕੀਏਲ ਨਬੀ ਨੂੰ ਦਿੱਤੇ ਇਕ ਪ੍ਰਭਾਵਸ਼ਾਲੀ ਦਰਸ਼ਣ ਤੋਂ ਇਹ ਗੱਲ ਵੇਖ ਸਕਦੇ ਹਾਂ।

ਹਿਜ਼ਕੀਏਲ ਨੇ ਦਰਸ਼ਣ ਵਿਚ ਚਾਰ ਆਤਮਿਕ ਪ੍ਰਾਣੀ ਵੇਖੇ ਜੋ ਯਹੋਵਾਹ ਦੇ ਰਾਜ ਕਰਨ ਦੇ ਅਧਿਕਾਰ ਦਾ ਸਮਰਥਨ ਕਰਦੇ ਸਨ। ਹਰੇਕ ਪ੍ਰਾਣੀ ਦੇ ਚਾਰ ਚਿਹਰੇ ਸਨ। ਹਿਜ਼ਕੀਏਲ ਦੱਸਦਾ ਹੈ: “ਉਨ੍ਹਾਂ ਦੇ ਚਿਹਰੇ ਆਦਮੀ ਦੇ ਚਿਹਰੇ ਵਰਗੇ ਸਨ, ਉਨ੍ਹਾਂ ਚੌਹਾਂ ਦੇ ਸੱਜੇ ਪਾਸੇ ਸ਼ੇਰ ਬਬਰ ਦੇ ਚਿਹਰੇ ਸਨ ਅਤੇ ਉਨ੍ਹਾਂ ਚੌਹਾਂ ਦੇ ਖੱਬੇ ਪਾਸੇ ਵੱਲ ਬਲਦ ਦੇ ਚਿਹਰੇ ਸਨ ਅਤੇ ਉਨ੍ਹਾਂ ਚੌਹਾਂ ਦੇ ਉਕਾਬ ਦੇ ਚਿਹਰੇ ਵੀ ਸਨ।” (ਹਿਜ਼ਕੀਏਲ 1:10) ਇਹ ਚਾਰ ਚਿਹਰੇ ਯਹੋਵਾਹ ਦੇ ਚਾਰ ਮੁੱਖ ਗੁਣਾਂ ਨੂੰ ਦਰਸਾਉਂਦੇ ਹਨ। ਪਰਮੇਸ਼ੁਰ ਦੇ ਬਚਨ ਅਨੁਸਾਰ ਇਹ ਚਾਰ ਗੁਣ ਹਨ: ਪਿਆਰ (ਆਦਮੀ ਦਾ ਚਿਹਰਾ); ਇਨਸਾਫ਼ (ਬੱਬਰ ਸ਼ੇਰ ਦਾ ਚਿਹਰਾ); ਬੁੱਧ (ਉਕਾਬ ਦਾ ਚਿਹਰਾ) ਅਤੇ ਸ਼ਕਤੀ (ਬਲਦ ਦਾ ਚਿਹਰਾ)। ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਚਾਰੇ ਗੁਣ ਬਹੁਤ ਹੀ ਅਹਿਮ ਹਨ ਅਤੇ ਉਹ ਇਨ੍ਹਾਂ ਵਿੱਚੋਂ ਕਿਸੇ ਗੁਣ ਨੂੰ ਨਜ਼ਰਅੰਦਾਜ਼ ਨਹੀਂ ਕਰਦਾ। ਇਸ ਦਰਸ਼ਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਯਹੋਵਾਹ ਆਪਣੀ ਅਸੀਮ ਸ਼ਕਤੀ ਤੇ ਅਧਿਕਾਰ ਦੀ ਵਰਤੋਂ ਕਰਦੇ ਸਮੇਂ ਆਪਣੇ ਦੂਸਰੇ ਮੁੱਖ ਗੁਣਾਂ ਨੂੰ ਵੀ ਜ਼ਾਹਰ ਕਰਦਾ ਹੈ।

ਆਪਣੇ ਪਿਤਾ ਦੀ ਨਕਲ ਕਰਦੇ ਹੋਏ ਯਿਸੂ ਨੇ ਵੀ ਆਪਣਾ ਅਧਿਕਾਰ ਪਿਆਰ, ਬੁੱਧ ਅਤੇ ਇਨਸਾਫ਼ ਨਾਲ ਇਸਤੇਮਾਲ ਕੀਤਾ ਸੀ। ਉਸ ਦੇ ਚੇਲਿਆਂ ਨੇ ਉਸ ਦੇ ਅਧਿਕਾਰ ਅਧੀਨ ਰਹਿ ਕੇ ਤਾਜ਼ਗੀ ਮਹਿਸੂਸ ਕੀਤੀ। (ਮੱਤੀ 11:28-30) ਯਹੋਵਾਹ ਅਤੇ ਯਿਸੂ ਮਸੀਹ ਦੀ ਪਛਾਣ ਕਰਾਉਣ ਵਾਲਾ ਮੁੱਖ ਗੁਣ ਪਿਆਰ ਹੈ, ਨਾ ਕਿ ਸ਼ਕਤੀ ਜਾਂ ਅਧਿਕਾਰ।—1 ਕੁਰਿੰਥੀਆਂ 13:13; 1 ਯੂਹੰਨਾ 4:8.

ਤੁਸੀਂ ਆਪਣਾ ਅਧਿਕਾਰ ਕਿਵੇਂ ਇਸਤੇਮਾਲ ਕਰਦੇ ਹੋ?

ਤੁਸੀਂ ਆਪਣਾ ਅਧਿਕਾਰ ਕਿਸ ਤਰ੍ਹਾਂ ਇਸਤੇਮਾਲ ਕਰਦੇ ਹੋ? ਮਿਸਾਲ ਲਈ, ਪਰਿਵਾਰ ਵਿਚ ਕੀ ਤੁਸੀਂ ਆਪਣੇ ਅਧਿਕਾਰ ਦਾ ਨਾਜਾਇਜ਼ ਫ਼ਾਇਦਾ ਉਠਾਉਂਦੇ ਹੋਏ ਦੂਸਰਿਆਂ ਤੇ ਰੋਹਬ ਜਮਾਉਂਦੇ ਹੋ ਅਤੇ ਹਮੇਸ਼ਾ ਆਪਣੀ ਗੱਲ ਮੰਨਵਾ ਕੇ ਰਹਿੰਦੇ ਹੋ? ਕੀ ਪਰਿਵਾਰ ਦੇ ਦੂਸਰੇ ਮੈਂਬਰ ਪਿਆਰ ਦੀ ਖ਼ਾਤਰ ਜਾਂ ਡਰ ਦੇ ਮਾਰੇ ਤੁਹਾਡੀ ਗੱਲ ਸੁਣਦੇ ਹਨ? ਪਰਿਵਾਰਾਂ ਦੇ ਮੁਖੀਆਂ ਨੂੰ ਇਨ੍ਹਾਂ ਸਵਾਲਾਂ ਤੇ ਗੌਰ ਕਰਨ ਦੀ ਲੋੜ ਹੈ, ਤਾਂਕਿ ਉਹ ਆਪਣੇ ਪਰਿਵਾਰਾਂ ਨੂੰ ਪਰਮੇਸ਼ੁਰ ਦੇ ਇੰਤਜ਼ਾਮ ਮੁਤਾਬਕ ਚਲਾ ਸਕਣ।—1 ਕੁਰਿੰਥੀਆਂ 11:3.

ਉਦੋਂ ਕੀ ਜੇ ਕਲੀਸਿਯਾ ਵਿਚ ਤੁਹਾਡੇ ਕੋਲ ਕੁਝ ਹੱਦ ਤਕ ਅਧਿਕਾਰ ਹੋਵੇ? ਇਹ ਪਤਾ ਕਰਨ ਲਈ ਕਿ ਤੁਸੀਂ ਆਪਣੇ ਅਧਿਕਾਰ ਨੂੰ ਸਹੀ ਤਰ੍ਹਾਂ ਇਸਤੇਮਾਲ ਕਰ ਰਹੇ ਹੋ ਜਾਂ ਨਹੀਂ, ਕਿਉਂ ਨਾ ਯਹੋਵਾਹ ਪਰਮੇਸ਼ੁਰ ਦੇ ਇਨ੍ਹਾਂ ਸਿਧਾਂਤਾਂ ਨਾਲ ਆਪਣੇ ਕੰਮਾਂ ਦੀ ਤੁਲਨਾ ਕਰੋ ਜਿਨ੍ਹਾਂ ਤੇ ਯਿਸੂ ਪੂਰਾ ਉਤਰਿਆ ਸੀ।

“ਪ੍ਰਭੁ ਦਾ ਦਾਸ . . . ਸਭਨਾਂ ਨਾਲ ਅਸੀਲ . . . ਅਤੇ ਸਬਰ ਕਰਨ ਵਾਲਾ ਹੋਵੇ ਅਤੇ ਜਿਹੜੇ ਸਾਹਮਣਾ ਕਰਦੇ ਹਨ ਓਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ।”—2 ਤਿਮੋਥਿਉਸ 2:24, 25.

ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਕਈਆਂ ਕੋਲ ਕਾਫ਼ੀ ਅਧਿਕਾਰ ਸੀ। ਤਿਮੋਥਿਉਸ ਦੀ ਮਿਸਾਲ ਲੈ ਲਓ ਜੋ ‘ਕਈਆਂ ਨੂੰ ਹੁਕਮ ਕਰਨ’ ਦਾ ਹੱਕ ਰੱਖਦਾ ਸੀ ਕਿ ਉਹ ਪੁੱਠੀ ਜਾਂ “ਹੋਰ ਤਰਾਂ ਦੀ ਸਿੱਖਿਆ ਨਾ ਦੇਣ।” (1 ਤਿਮੋਥਿਉਸ 1:3) ਭਾਵੇਂ ਤਿਮੋਥਿਉਸ ਕੋਲ ਇਹ ਅਧਿਕਾਰ ਸੀ, ਪਰ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਸ ਨੇ ਕੁਝ ਕਹਿਣ ਜਾਂ ਕਰਨ ਵੇਲੇ ਪਰਮੇਸ਼ੁਰ ਦੇ ਗੁਣਾਂ ਨੂੰ ਜ਼ਰੂਰ ਜ਼ਾਹਰ ਕੀਤਾ ਹੋਵੇਗਾ। ਬਿਨਾਂ ਸ਼ੱਕ, ਜਿਵੇਂ ਪੌਲੁਸ ਨੇ ਕਿਹਾ ਸੀ, ਉਹ ਕਲੀਸਿਯਾ ਵਿਚ ਸਾਰਿਆਂ ਨਾਲ “ਅਸੀਲ” ਢੰਗ ਨਾਲ ਪੇਸ਼ ਆਇਆ ਹੋਵੇਗਾ ਅਤੇ “ਨਰਮਾਈ ਨਾਲ” ਉਨ੍ਹਾਂ ਨੂੰ ਉਪਦੇਸ਼ ਕੀਤਾ ਹੋਵੇਗਾ। ਨਾਲੇ ਤਿਮੋਥਿਉਸ ਬਾਕੀ ਬਜ਼ੁਰਗਾਂ ਤੋਂ ਉਮਰ ਵਿਚ ਕਾਫ਼ੀ ਛੋਟਾ ਸੀ, ਇਸ ਲਈ ਜ਼ਰੂਰੀ ਸੀ ਕਿ ਉਹ ਦੂਸਰਿਆਂ ਦੀ ਇੱਜ਼ਤ ਕਰੇ। ਉਸ ਨੇ ਬਿਰਧ ਭੈਣਾਂ-ਭਰਾਵਾਂ ਨਾਲ ਪੁੱਤਰ ਵਾਂਗ ਪੇਸ਼ ਆਉਣਾ ਸੀ ਅਤੇ ਆਪਣੇ ਤੋਂ ਛੋਟਿਆਂ ਨਾਲ ਭਰਾ ਵਾਂਗ ਪੇਸ਼ ਆਉਣਾ ਸੀ। (1 ਤਿਮੋਥਿਉਸ 5:1, 2) ਜਦੋਂ ਕਲੀਸਿਯਾ ਦੀ ਪਿਆਰ ਨਾਲ ਦੇਖ-ਭਾਲ ਕੀਤੀ ਜਾਂਦੀ ਹੈ, ਤਾਂ ਇਸ ਵਿਚ ਪਰਿਵਾਰ ਵਰਗਾ ਮਾਹੌਲ ਪੈਦਾ ਹੋ ਜਾਂਦਾ ਹੈ ਜਿਸ ਵਿਚ ਸਾਰੇ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਮਸੀਹੀ ਕਲੀਸਿਯਾ ਕੋਈ ਵਪਾਰਕ ਸੰਗਠਨ ਨਹੀਂ ਹੈ ਜਿਸ ਵਿਚ ਕਿਸੇ ਦੀ ਪਰਵਾਹ ਨਹੀਂ ਕੀਤੀ ਜਾਂਦੀ।—1 ਕੁਰਿੰਥੀਆਂ 4:14; 1 ਥੱਸਲੁਨੀਕੀਆਂ 2:7, 8.

“ਪਰਾਈਆਂ ਕੌਮਾਂ ਦੇ ਸਰਦਾਰ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਓਹ ਜਿਹੜੇ ਵੱਡੇ ਹਨ ਉਨ੍ਹਾਂ ਉੱਤੇ ਧੌਂਸ ਜਮਾਉਂਦੇ ਹਨ। ਤੁਹਾਡੇ ਵਿੱਚ ਅਜਿਹਾ ਨਾ ਹੋਵੇ ਪਰ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ।”—ਮੱਤੀ 20:25, 26.

ਦੁਨੀਆਂ ਦੇ ਜ਼ਾਲਮ ਸ਼ਾਸਕ ਲੋਕਾਂ ਉੱਤੇ “ਹੁਕਮ ਚਲਾਉਂਦੇ” ਹਨ ਅਤੇ ਉਨ੍ਹਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਤੋਂ ਜ਼ਬਰਦਸਤੀ ਆਪਣੀ ਮਰਜ਼ੀ ਪੂਰੀ ਕਰਾਉਂਦੇ ਹਨ। ਪਰ ਯਿਸੂ ਨੇ ਆਪਣੇ ਚੇਲਿਆਂ ਨੂੰ ਦੂਸਰਿਆਂ ਤੇ ਰੋਹਬ ਜਮਾਉਣ ਦੀ ਬਜਾਇ ਇਕ-ਦੂਜੇ ਦੀ ਸੇਵਾ ਕਰਨੀ ਸਿਖਾਈ। (ਮੱਤੀ 20:27, 28) ਉਹ ਆਪਣੇ ਚੇਲਿਆਂ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਉਂਦਾ ਸੀ। ਜੇ ਅਸੀਂ ਯਿਸੂ ਦੀ ਮਿਸਾਲ ਤੇ ਚੱਲੀਏ, ਤਾਂ ਦੂਸਰਿਆਂ ਲਈ ਸਾਡੇ ਨਾਲ ਮਿਲ ਕੇ ਕੰਮ ਕਰਨਾ ਸੌਖਾ ਹੋਵੇਗਾ। (ਇਬਰਾਨੀਆਂ 13:7, 17) ਨਾਲੇ ਉਹ ਸਾਡੇ ਲਈ ਖ਼ੁਸ਼ੀ-ਖ਼ੁਸ਼ੀ ਕੰਮ ਕਰਨ ਲਈ ਤਿਆਰ ਹੋਣਗੇ ਅਤੇ ਉਹ ਕਿਸੇ ਤਰ੍ਹਾਂ ਦਾ ਦਬਾਅ ਮਹਿਸੂਸ ਨਹੀਂ ਕਰਨਗੇ।—ਮੱਤੀ 5:41.

‘ਪਰਮੇਸ਼ੁਰ ਦੇ ਉਸ ਇੱਜੜ ਦੀ ਜੋ ਤੁਹਾਡੇ ਵਿੱਚ ਹੈ ਚਰਵਾਹੀ ਕਰੋ। ਅਤੇ ਓਹਨਾਂ ਉੱਤੇ ਜਿਹੜੇ ਤੁਹਾਡੇ ਸਪੁਰਦ ਹਨ ਹੁਕਮ ਨਾ ਚਲਾਓ ਸਗੋਂ ਇੱਜੜ ਦੇ ਲਈ ਨਮੂਨਾ ਬਣੋ।’—1 ਪਤਰਸ 5:2, 3.

ਕਲੀਸਿਯਾ ਦੇ ਨਿਗਾਹਬਾਨ ਜਾਣਦੇ ਹਨ ਕਿ ਭੈਣਾਂ-ਭਰਾਵਾਂ ਦੀ ਰੂਹਾਨੀ ਤੌਰ ਤੇ ਦੇਖ-ਭਾਲ ਕਰਨ ਲਈ ਉਹ ਪਰਮੇਸ਼ੁਰ ਅੱਗੇ ਜਵਾਬਦੇਹ ਹਨ। ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਬੜੀ ਗੰਭੀਰਤਾ ਨਾਲ ਲੈਂਦੇ ਹਨ। ਉਹ ਖ਼ੁਸ਼ੀ ਤੇ ਪਿਆਰ ਨਾਲ ਇੱਜੜ ਦੀ ਦੇਖ-ਭਾਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਪੌਲੁਸ ਰਸੂਲ ਵਾਂਗ ਆਪਣੇ ਭੈਣਾਂ-ਭਰਾਵਾਂ ਨੂੰ ਰੂਹਾਨੀ ਤੌਰ ਤੇ ਤਕੜੇ ਕਰਨ ਲਈ ਸਖ਼ਤ ਮਿਹਨਤ ਕਰਦੇ ਹਨ, ਪਰ ਉਨ੍ਹਾਂ ਉੱਤੇ ਹੁਕਮ ਚਲਾਉਣ ਤੋਂ ਪਰਹੇਜ਼ ਕਰਦੇ ਹਨ।—2 ਕੁਰਿੰਥੀਆਂ 1:24.

ਜੇ ਕੋਈ ਭੈਣ ਜਾਂ ਭਰਾ ਗ਼ਲਤੀ ਕਰ ਬੈਠੇ, ਤਾਂ ਬਜ਼ੁਰਗ ਉਸ ਨੂੰ ਨਰਮਾਈ ਨਾਲ ਤਾੜਨਾ ਦੇ ਕੇ ਸੁਧਾਰਦੇ ਹਨ ਤਾਂਕਿ ਗ਼ਲਤੀ ਕਰਨ ਵਾਲੇ ਨੂੰ ਪਰਮੇਸ਼ੁਰ ਦੇ ਨਜ਼ਦੀਕ ਰਹਿਣ ਵਿਚ ਮਦਦ ਮਿਲੇ। ਉਹ ਪੌਲੁਸ ਰਸੂਲ ਦੀ ਇਹ ਗੱਲ ਯਾਦ ਰੱਖਦੇ ਹਨ: “ਭਰਾਵੋ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਵੀ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਅ ਨਾਲ ਸੁਧਾਰੋ ਅਤੇ ਤੂੰ ਆਪਣੇ ਆਪ ਵੱਲ ਧਿਆਨ ਰੱਖ ਮਤੇ ਤੂੰ ਵੀ ਪਰਤਾਵੇ ਵਿੱਚ ਪਵੇਂ।”—ਗਲਾਤੀਆਂ 6:1; ਇਬਰਾਨੀਆਂ 6:1, 9-12.

‘ਇੱਕ ਦੂਏ ਦੀ ਸਹਿ ਲਓ ਅਤੇ ਇੱਕ ਦੂਏ ਨੂੰ ਮਾਫ਼ ਕਰ ਦਿਓ। ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।’—ਕੁਲੁੱਸੀਆਂ 3:13, 14.

ਤੁਸੀਂ ਉਨ੍ਹਾਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹੋ ਜੋ ਉੱਚੇ ਮਸੀਹੀ ਮਿਆਰਾਂ ਤੇ ਖਰੇ ਨਹੀਂ ਉਤਰਦੇ? ਕੀ ਤੁਸੀਂ ਯਹੋਵਾਹ ਤੇ ਯਿਸੂ ਵਾਂਗ ਉਨ੍ਹਾਂ ਦੇ ਪਾਪੀ ਸਰੀਰ ਦੀਆਂ ਕਮਜ਼ੋਰੀਆਂ ਤੇ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨੂੰ ਮਾਫ਼ ਕਰ ਦਿੰਦੇ ਹੋ? (ਯਸਾਯਾਹ 42:2-4) ਜਾਂ ਕੀ ਤੁਸੀਂ ਹਰ ਵਾਰ ਉਨ੍ਹਾਂ ਦੀਆਂ ਗ਼ਲਤੀਆਂ ਫੜਨ ਲਈ ਤਿਆਰ ਰਹਿੰਦੇ ਹੋ? (ਜ਼ਬੂਰਾਂ ਦੀ ਪੋਥੀ 130:3) ਯਾਦ ਰੱਖੋ ਕਿ ਜਿੱਥੇ ਹੋ ਸਕੇ, ਉੱਥੇ ਸਾਨੂੰ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ ਅਤੇ ਸਿਰਫ਼ ਲੋੜ ਪੈਣ ਤੇ ਹੀ ਸਖ਼ਤੀ ਵਰਤਣੀ ਚਾਹੀਦੀ ਹੈ। ਜੇ ਤੁਸੀਂ ਆਪਣੇ ਅਧਿਕਾਰ ਨੂੰ ਪਿਆਰ ਨਾਲ ਵਰਤੋਗੇ, ਤਾਂ ਇਸ ਨਾਲ ਭੈਣਾਂ-ਭਰਾਵਾਂ ਦਾ ਤੁਹਾਡੇ ਉੱਤੇ ਭਰੋਸਾ ਵਧੇਗਾ।

ਜੇ ਤੁਹਾਡੇ ਕੋਲ ਕੋਈ ਅਧਿਕਾਰ ਹੈ, ਤਾਂ ਇਸ ਦਾ ਇਸਤੇਮਾਲ ਕਰਨ ਲੱਗਿਆਂ ਯਹੋਵਾਹ ਤੇ ਯਿਸੂ ਦੀ ਨਕਲ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰੋ। ਯਾਦ ਕਰੋ ਕਿ ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਸੁੰਦਰ ਤਸਵੀਰੀ ਭਾਸ਼ਾ ਵਿਚ ਯਹੋਵਾਹ ਦੁਆਰਾ ਆਪਣੇ ਅਧਿਕਾਰ ਦੀ ਵਰਤੋਂ ਬਾਰੇ ਕੀ ਕਿਹਾ ਸੀ: “ਯਹੋਵਾਹ ਮੇਰਾ ਅਯਾਲੀ ਹੈ, ਮੈਨੂੰ ਥੁੜ ਨਹੀਂ ਹੋਵੇਗੀ। ਉਹ ਮੈਨੂੰ ਹਰੇ ਹਰੇ ਘਾਹ ਦੀਆਂ ਜੂਹਾਂ ਵਿੱਚ ਬਿਠਾਉਂਦਾ ਹੈ, ਉਹ ਮੈਨੂੰ ਸੁਖਦਾਇਕ ਪਾਣੀਆਂ ਕੋਲ ਲੈ ਜਾਂਦਾ ਹੈ। ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ, ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਮਿੱਤ ਮੇਰੀ ਅਗਵਾਈ ਕਰਦਾ ਹੈ।” ਇਸੇ ਤਰ੍ਹਾਂ ਯਿਸੂ ਨੇ ਵੀ ਕਿਹਾ ਸੀ: “ਅੱਛਾ ਅਯਾਲੀ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ ਅਤੇ ਮੇਰੀਆਂ ਆਪਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ। ਜਿਸ ਪਰਕਾਰ ਪਿਤਾ ਮੈਨੂੰ ਸਿਆਣਦਾ ਹੈ ਅਰ ਮੈਂ ਪਿਤਾ ਨੂੰ ਸਿਆਣਦਾ ਹਾਂ। ਮੈਂ ਭੇਡਾਂ ਦੇ ਬਦਲੇ ਆਪਣੀ ਜਾਨ ਦਿੰਦਾ ਹਾਂ।” ਜੀ ਹਾਂ, ਅਧਿਕਾਰ ਦਾ ਸਹੀ ਤਰ੍ਹਾਂ ਇਸਤੇਮਾਲ ਕਰਨ ਦੇ ਸੰਬੰਧ ਵਿਚ ਯਹੋਵਾਹ ਤੇ ਯਿਸੂ ਹੀ ਸਾਡੇ ਲਈ ਸਭ ਤੋਂ ਵਧੀਆ ਨਮੂਨਾ ਹਨ!—ਜ਼ਬੂਰਾਂ ਦੀ ਪੋਥੀ 23:1-3; ਯੂਹੰਨਾ 10:14, 15.

[ਸਫ਼ਾ 18 ਉੱਤੇ ਸੁਰਖੀ]

ਯਹੋਵਾਹ ਆਪਣੀ ਸ਼ਕਤੀ ਦਾ ਇਸਤੇਮਾਲ ਹਮੇਸ਼ਾ ਇਨਸਾਫ਼, ਬੁੱਧੀ ਅਤੇ ਪਿਆਰ ਨਾਲ ਕਰਦਾ ਹੈ

[ਸਫ਼ਾ 18 ਉੱਤੇ ਤਸਵੀਰ]

ਕਦੀ-ਕਦੀ ਬਜ਼ੁਰਗਾਂ ਨੂੰ ਗ਼ਲਤੀ ਕਰਨ ਵਾਲਿਆਂ ਨੂੰ ਪਿਆਰ ਨਾਲ ਸੁਧਾਰਨਾ ਪੈਂਦਾ ਹੈ

[ਸਫ਼ਾ 19 ਉੱਤੇ ਤਸਵੀਰ]

ਪੌਲੁਸ ਨੇ ਤਿਮੋਥਿਉਸ ਨੂੰ ਕਿਹਾ ਸੀ ਕਿ ਉਹ ਭਰਾ ਅਤੇ ਪੁੱਤਰ ਦੀ ਤਰ੍ਹਾਂ ਹੋਰਨਾਂ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਵੇ

[ਸਫ਼ਾ 20 ਉੱਤੇ ਤਸਵੀਰ]

ਯਿਸੂ ਮਸੀਹ ਆਪਣਾ ਅਧਿਕਾਰ ਪਿਆਰ, ਬੁੱਧ ਅਤੇ ਇਨਸਾਫ਼ ਨਾਲ ਇਸਤੇਮਾਲ ਕਰਦਾ ਹੈ