Skip to content

Skip to table of contents

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਨੂੰ ਪੜ੍ਹਨ ਦਾ ਆਨੰਦ ਮਾਣਿਆ ਹੈ? ਜ਼ਰਾ ਪਰਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਅੱਜ ਦੁਨੀਆਂ ਵਿਚ ਹਰ ਪਾਸੇ ਬੁਰਾਈ ਫੈਲੀ ਹੋਈ ਹੈ। ਇਸ ਦੇ ਕੁਝ ਕਾਰਨ ਕੀ ਹਨ?

ਦੁਨੀਆਂ ਵਿਚ ਫੈਲੀ ਬੁਰਾਈ ਦਾ ਇਕ ਕਾਰਨ ਹੈ ਆਦਮੀ ਦੇ ਮਨ ਦੀ ਬੁਰੀ ਭਾਵਨਾ। (ਉਤਪਤ 8:21) ਇਕ ਹੋਰ ਕਾਰਨ ਹੈ ਕਿ ਜ਼ਿਆਦਾਤਰ ਲੋਕਾਂ ਕੋਲ ਪਰਮੇਸ਼ੁਰ ਦੀ ਇੱਛਾ ਦਾ ਸਹੀ ਗਿਆਨ ਨਹੀਂ ਹੈ। ਇਸ ਦੇ ਨਾਲ-ਨਾਲ, ਸ਼ਤਾਨ ਹੀ ਬੁਰਾਈ ਦੀ ਜੜ੍ਹ ਹੈ ਅਤੇ ਉਹ ਵਧ-ਚੜ੍ਹ ਕੇ ਮਨੁੱਖੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰ ਰਿਹਾ ਹੈ।—1/1, ਸਫ਼ੇ 4-6.

ਕਿਸੇ ਦੀ ਤਾਰੀਫ਼ ਕਰਨ ਦੇ ਕੀ ਫ਼ਾਇਦੇ ਹਨ? (ਕਹਾਉਤਾਂ 12:25)

ਤਾਰੀਫ਼ ਕਰਨ ਨਾਲ ਦੂਸਰੇ ਵਿਅਕਤੀ ਵਿਚ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ, ਉਸ ਨੂੰ ਕੁਝ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ ਅਤੇ ਆਪਣੇਪਣ ਦਾ ਅਹਿਸਾਸ ਹੁੰਦਾ ਹੈ। ਨਾਲੇ ਕਿਸੇ ਦੀ ਤਾਰੀਫ਼ ਕਰਨ ਦੀ ਚਾਹ ਹੋਣ ਕਰਕੇ ਸਾਨੂੰ ਦੂਸਰਿਆਂ ਵਿਚ ਚੰਗੇ ਗੁਣ ਦੇਖਣ ਵਿਚ ਮਦਦ ਮਿਲਦੀ ਹੈ।—1/1, ਸਫ਼ੇ 16-17.

ਨੇਮ ਦੇ ਸੰਦੂਕ ਵਿਚ ਕੀ ਰੱਖਿਆ ਗਿਆ ਸੀ?

ਇਸ ਵਿਚ ਪੱਥਰ ਦੀਆਂ ਦੋ ਫੱਟੀਆਂ ਰੱਖੀਆਂ ਗਈਆਂ ਸਨ ਜਿਨ੍ਹਾਂ ਤੇ ਦਸ ਹੁਕਮ ਲਿਖੇ ਸਨ ਅਤੇ ਥੋੜ੍ਹੀ ਜਿਹੀ ਮੰਨ ਨਾਮਕ ਰੋਟੀ। ਕੋਰਾਹ ਦੇ ਬਗਾਵਤ ਕਰਨ ਮਗਰੋਂ, ਹਾਰੂਨ ਦੀ ਲਾਠੀ ਸੰਦੂਕ ਵਿਚ ਇਕ ਨਿਸ਼ਾਨੀ ਵਜੋਂ ਰੱਖੀ ਗਈ ਸੀ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਯਹੋਵਾਹ ਦੇ ਵਿਰੁੱਧ ਜਾਣ ਦੇ ਨਤੀਜੇ ਮਾੜੇ ਹੀ ਨਿਕਲਦੇ ਹਨ। (ਇਬਰਾਨੀਆਂ 9:4) ਹੋ ਸਕਦਾ ਹੈ ਕਿ ਸੁਲੇਮਾਨ ਦੁਆਰਾ ਯਹੋਵਾਹ ਦੇ ਭਵਨ ਦੇ ਉਦਘਾਟਨ ਤੋਂ ਪਹਿਲਾਂ, ਹਾਰੂਨ ਦੀ ਲਾਠੀ ਅਤੇ ਮੰਨ ਨੇਮ ਦੇ ਸੰਦੂਕ ਵਿੱਚੋਂ ਕੱਢ ਦਿੱਤੇ ਗਏ ਸਨ।—1/15, ਸਫ਼ਾ 31.

ਨਹਮਯਾਹ ਦੇ ਦਿਨਾਂ ਦੇ ਯਹੂਦੀਆਂ ਨੂੰ ਹੈਕਲ ਵਿਚ ਲੱਕੜ ਲਿਆਉਣ ਲਈ ਕਿਉਂ ਕਿਹਾ ਗਿਆ ਸੀ?

ਮੂਸਾ ਦੀ ਬਿਵਸਥਾ ਵਿਚ ਲੋਕਾਂ ਨੂੰ ਲੱਕੜੀ ਦੇ ਚੜ੍ਹਾਵੇ ਚੜ੍ਹਾਉਣ ਲਈ ਨਹੀਂ ਕਿਹਾ ਗਿਆ ਸੀ। ਪਰ ਨਹਮਯਾਹ ਦੇ ਦਿਨਾਂ ਵਿਚ ਜਗਵੇਦੀ ਉੱਤੇ ਬਲੀਆਂ ਸਾੜਨ ਲਈ ਬਹੁਤ ਸਾਰੀ ਲੱਕੜ ਦੀ ਲੋੜ ਸੀ।—2/1, ਸਫ਼ਾ 11.

ਮੂਰਾਟੋਰੀਅਨ ਫਰੈਗਮੈਂਟ ਕੀ ਹੈ?

ਮੂਰਾਟੋਰੀਅਨ ਫਰੈਗਮੈਂਟ ਲਾਤੀਨੀ ਭਾਸ਼ਾ ਵਿਚ ਇਕ ਹੱਥ-ਲਿਖਤ ਕਿਤਾਬ ਦਾ ਹਿੱਸਾ ਹੈ। ਇਸ ਨੂੰ ਦੂਸਰੀ ਸਦੀ ਈਸਵੀ ਦੇ ਅੰਤ ਵਿਚ ਯੂਨਾਨੀ ਭਾਸ਼ਾ ਵਿਚ ਤਿਆਰ ਕੀਤਾ ਗਿਆ ਸੀ। ਇਸ ਵਿਚ ਬਾਈਬਲ ਦੀਆਂ ਯੂਨਾਨੀ ਪੋਥੀਆਂ ਦੀ ਸਭ ਤੋਂ ਪੁਰਾਣੀ ਪ੍ਰਮਾਣਕ ਸੂਚੀ ਦਿੱਤੀ ਗਈ ਹੈ ਤੇ ਇਨ੍ਹਾਂ ਪੋਥੀਆਂ ਅਤੇ ਉਨ੍ਹਾਂ ਦੇ ਲੇਖਕਾਂ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਹਨ।—2/15, ਸਫ਼ੇ 13-14.

ਫ਼ਾਰਸੀ ਮਲਕਾ ਵਸ਼ਤੀ ਨੇ ਪਾਤਸ਼ਾਹ ਦੇ ਹੁਕਮ ਤੇ ਦਾਅਵਤ ਵਿਚ ਆਉਣ ਤੋਂ ਕਿਉਂ ਇਨਕਾਰ ਕੀਤਾ ਸੀ? (ਅਸਤਰ 1:10-12)

ਬਾਈਬਲ ਵਿਚ ਉਸ ਦੇ ਨਾ ਆਉਣ ਦਾ ਕਾਰਨ ਨਹੀਂ ਦੱਸਿਆ ਹੈ। ਕੁਝ ਵਿਦਵਾਨ ਕਹਿੰਦੇ ਹਨ ਕਿ ਮਲਕਾ ਨੇ ਪਾਤਸ਼ਾਹ ਦੇ ਸ਼ਰਾਬੀ ਹੋਏ ਮਹਿਮਾਨਾਂ ਸਾਮ੍ਹਣੇ ਆਉਣਾ ਆਪਣੀ ਹੱਤਕ ਸਮਝੀ, ਇਸ ਕਰਕੇ ਉਸ ਨੇ ਪਾਤਸ਼ਾਹ ਦਾ ਹੁਕਮ ਨਹੀਂ ਮੰਨਿਆ। ਜਾਂ ਫਿਰ ਇਹ ਖੂਬਸੂਰਤ ਮਲਕਾ ਆਪਣੇ ਪਤੀ ਦੀ ਤਾਬਿਆਦਾਰ ਨਹੀਂ ਸੀ। ਇਸ ਤਰ੍ਹਾਂ ਕਰ ਕੇ ਉਸ ਨੇ ਫ਼ਾਰਸੀ ਸਾਮਰਾਜ ਦੀਆਂ ਸਾਰੀਆਂ ਤੀਵੀਆਂ ਲਈ ਭੈੜੀ ਮਿਸਾਲ ਕਾਇਮ ਕੀਤੀ।—3/1, ਸਫ਼ਾ 9.

ਯਿਸੂ ਦੀ ਕੁਰਬਾਨੀ ਸਦਕਾ ਕਿਹੜੀਆਂ ਚੀਜ਼ਾਂ ਤੋਂ ਰਿਹਾਈ ਮਿਲਦੀ ਹੈ?

ਯਿਸੂ ਦੀ ਕੁਰਬਾਨੀ ਕਰਕੇ ਸਾਨੂੰ ਪਾਪ ਤੋਂ ਰਿਹਾਈ ਮਿਲਦੀ ਹੈ ਅਤੇ ਮੌਤ ਦੇ ਪੰਜੇ ਤੋਂ ਮੁਕਤੀ। (ਰੋਮੀਆਂ 6:23) ਸਾਨੂੰ ਦੋਸ਼ੀ ਅੰਤਹਕਰਣ ਤੋਂ ਵੀ ਰਿਹਾਈ ਮਿਲਦੀ ਹੈ ਅਤੇ ਇਸ ਕੁਰਬਾਨੀ ਤੇ ਨਿਹਚਾ ਕਰਨ ਨਾਲ ਸਾਨੂੰ ਇਸ ਡਰ ਤੋਂ ਮੁਕਤੀ ਮਿਲਦੀ ਹੈ ਕਿ ਪਰਮੇਸ਼ੁਰ ਸਾਨੂੰ ਸ਼ੁੱਧ ਸਮਝਦਾ ਕਿ ਨਹੀਂ। (1 ਯੂਹੰਨਾ 2:1)—3/15, ਸਫ਼ਾ 8.

ਬਿਵਸਥਾ ਵਿਚ ਲੇਲੇ ਨੂੰ ਆਪਣੀ ਮਾਂ ਦੇ ਦੁੱਧ ਵਿਚ ਨਾ ਉਬਾਲਣ ਦਾ ਹੁਕਮ ਦਿੱਤਾ ਗਿਆ ਸੀ। ਅਸੀਂ ਇਸ ਪਾਬੰਦੀ ਤੋਂ ਕੀ ਸਿੱਖ ਸਕਦੇ ਹਾਂ? (ਕੂਚ 23:19)

ਪੁਰਾਣੇ ਜ਼ਮਾਨੇ ਵਿਚ ਗ਼ੈਰ-ਯਹੂਦੀ ਧਰਮਾਂ ਦੇ ਲੋਕ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਲੇਲੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਉਬਾਲਣ ਦੀ ਰਸਮ ਪੂਰੀ ਕਰਦੇ ਸਨ ਤਾਂਕਿ ਦੇਵਤੇ ਮੀਂਹ ਵਰ੍ਹਾਉਣ। (ਲੇਵੀਆਂ 20:23) ਪਰਮੇਸ਼ੁਰ ਨੇ ਲੇਲੇ ਦੀ ਮਾਂ ਦਾ ਦੁੱਧ ਉਸ ਦੇ ਬੱਚਿਆਂ ਨੂੰ ਪਿਲਾਉਣ ਲਈ ਦਿੱਤਾ ਸੀ ਤਾਂਕਿ ਉਹ ਵਧ-ਫੁੱਲ ਸਕਣ। ਲੇਲੇ ਨੂੰ ਉਸ ਦੀ ਮਾਂ ਦੇ ਦੁੱਧ ਵਿਚ ਉਬਾਲਣਾ ਪਰਮੇਸ਼ੁਰ ਦੁਆਰਾ ਸਥਾਪਿਤ ਕੀਤਾ ਮਾਪਿਆਂ ਤੇ ਬੱਚਿਆਂ ਵਿਚਕਾਰ ਰਿਸ਼ਤੇ ਦਾ ਅਪਮਾਨ ਸੀ। ਇਸ ਪਾਬੰਦੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦਇਆਵਾਨ ਤੇ ਕੋਮਲ ਹੈ।—4/1, ਸਫ਼ਾ 31.