ਕੀ ਸਾਰਦੀਸ ਦਾ ਬਿਸ਼ਪ ਮਲੀਟੋ ਬਾਈਬਲ ਦੀਆਂ ਸਿੱਖਿਆਵਾਂ ਦਾ ਹਿਮਾਇਤੀ ਸੀ?
ਕੀ ਸਾਰਦੀਸ ਦਾ ਬਿਸ਼ਪ ਮਲੀਟੋ ਬਾਈਬਲ ਦੀਆਂ ਸਿੱਖਿਆਵਾਂ ਦਾ ਹਿਮਾਇਤੀ ਸੀ?
ਹਰ ਸਾਲ ਸੱਚੇ ਮਸੀਹੀ ਉਸ ਤਾਰੀਖ਼ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਂਦੇ ਹਨ ਜੋ ਇਬਰਾਨੀ ਕਲੰਡਰ ਉੱਤੇ ਨੀਸਾਨ ਮਹੀਨੇ ਦੀ 14 ਤਾਰੀਖ਼ ਨਾਲ ਮੇਲ ਖਾਂਦੀ ਹੈ। ਉਹ ਇਸ ਲਈ ਇਹ ਯਾਦਗਾਰ ਮਨਾਉਂਦੇ ਹਨ ਕਿਉਂਕਿ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਕਿ “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।” ਸੰਨ 33 ਈਸਵੀ ਵਿਚ ਨੀਸਾਨ ਮਹੀਨੇ ਦੇ 14ਵੇਂ ਦਿਨ ਤੇ ਪਸਾਹ ਦਾ ਭੋਜਨ ਖਾਣ ਮਗਰੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੀ ਮੌਤ ਦੀ ਯਾਦਗਾਰ ਮਨਾਉਣ ਦਾ ਹੁਕਮ ਦਿੱਤਾ ਸੀ। ਇਹ ਉਹੀ ਦਿਨ ਸੀ ਜਦੋਂ ਯਿਸੂ ਮਸੀਹ ਨੂੰ ਮਾਰਿਆ ਗਿਆ ਸੀ।—ਲੂਕਾ 22:19, 20; 1 ਕੁਰਿੰਥੀਆਂ 11:23-28.
ਦੂਸਰੀ ਸਦੀ ਵਿਚ ਕੁਝ ਲੋਕਾਂ ਨੇ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਦੇ ਦਿਨ ਅਤੇ ਤਰੀਕੇ ਵਿਚ ਫੇਰ-ਬਦਲ ਕਰਨਾ ਸ਼ੁਰੂ ਕਰ ਦਿੱਤਾ। ਪਰ ਏਸ਼ੀਆ ਮਾਈਨਰ ਵਿਚ ਮਸੀਹੀ ਇਹ ਯਾਦਗਾਰ 14 ਨੀਸਾਨ ਨੂੰ ਹੀ ਮਨਾਉਂਦੇ ਸਨ। ਇਕ ਕਿਤਾਬ ਮੁਤਾਬਕ “ਰੋਮ ਅਤੇ ਸਿਕੰਦਰੀਆ ਦੇ ਲੋਕ ਯਿਸੂ ਦੀ ਮੌਤ ਦੇ ਦਿਨ ਤੋਂ ਬਾਅਦ ਆਉਣ ਵਾਲੇ ਐਤਵਾਰ ਨੂੰ ਉਸ ਦੇ ਪੁਨਰ-ਉਥਾਨ ਦੀ ਯਾਦ ਮਨਾਉਂਦੇ ਸਨ।” ਉਹ ਇਸ ਐਤਵਾਰ ਨੂੰ ‘ਪੁਨਰ-ਉਥਾਨ ਦਾ ਪਸਾਹ’ ਕਹਿੰਦੇ ਸਨ। ਪਰ ਕਵੌਰਟੋਡੈਸੀਮਨ (ਚੌਦਾਂ ਤਾਰੀਖ਼ ਦੇ ਹਿਮਾਇਤੀ) ਨਾਂ ਦੇ ਮਸੀਹੀ 14 ਨੀਸਾਨ ਨੂੰ ਹੀ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਦੇ ਹੱਕ ਵਿਚ ਸਨ। ਸਾਰਦੀਸ ਦਾ ਬਿਸ਼ਪ ਮਲੀਟੋ ਵੀ ਇਸੇ ਵਿਚਾਰ ਨੂੰ ਮੰਨਦਾ ਸੀ। ਪਰ ਮਲੀਟੋ ਸੀ ਕੌਣ? ਉਸ ਨੇ 14 ਨੀਸਾਨ ਨੂੰ ਯਿਸੂ ਦੀ ਮੌਤ ਦੀ ਯਾਦਗਾਰ ਮਨਾਉਣ ਦੀ ਸਿੱਖਿਆ ਅਤੇ ਬਾਈਬਲ ਦੀਆਂ ਹੋਰ ਸੱਚੀਆਂ ਸਿੱਖਿਆਵਾਂ ਦਾ ਕਿਵੇਂ ਸਮਰਥਨ ਕੀਤਾ ਸੀ?
‘ਮਹਾਨ ਗੁਰੂ’
ਕੈਸਰਿਯਾ ਦੇ ਬਿਸ਼ਪ ਯੂਸੀਬੀਅਸ ਦੁਆਰਾ ਲਿਖੀ ਕਿਤਾਬ ਵਿਚ ਦੱਸਿਆ ਹੈ ਕਿ ਦੂਜੀ ਸਦੀ ਦੇ ਅਖ਼ੀਰ ਵਿਚ ਅਫ਼ਸੁਸ ਦੇ ਬਿਸ਼ਪ ਪੌਲਿਕ੍ਰਟੀਜ਼ ਨੇ ਰੋਮੀ ਈਸਾਈਆਂ ਨੂੰ ਇਕ ਚਿੱਠੀ ਲਿਖੀ ਸੀ ਜਿਸ ਵਿਚ ਉਸ ਨੇ “ਚੌਦ੍ਹਵੇਂ ਦਿਨ ਨੂੰ ਪਸਾਹ ਦਾ ਤਿਉਹਾਰ ਮਨਾਉਣ ਦੀ ਪੁਸ਼ਟੀ ਕੀਤੀ ਜੋ ਕਿ ਇੰਜੀਲ ਅਤੇ ਮਸੀਹੀ ਧਰਮ ਦੇ ਕਾਇਦਿਆਂ ਅਨੁਸਾਰ ਹੈ।” (ਇਕਲੀਜ਼ਿਐਸਟਿਕਲ ਹਿਸਟਰੀ) ਪੌਲਿਕ੍ਰਟੀਜ਼ ਦੀ ਇਸ ਚਿੱਠੀ ਅਨੁਸਾਰ, ਲਿਡੀਆ ਦੇਸ਼ ਦੇ ਸਾਰਦੀਸ ਸ਼ਹਿਰ ਦਾ ਬਿਸ਼ਪ ਮਲੀਟੋ ਇਸ ਗੱਲ ਦੇ ਪੱਖ ਵਿਚ ਸੀ ਕਿ ਮਸੀਹ ਦੀ ਮੌਤ ਦੀ ਯਾਦਗਾਰ 14 ਨੀਸਾਨ ਨੂੰ ਹੀ ਮਨਾਈ ਜਾਵੇ। ਚਿੱਠੀ ਵਿਚ ਇਹ ਵੀ ਲਿਖਿਆ ਸੀ ਕਿ ਮਲੀਟੋ ਦੇ ਜ਼ਮਾਨੇ ਦੇ ਲੋਕ ਉਸ ਨੂੰ ‘ਮਹਾਨ ਗੁਰੂਆਂ’ ਵਿੱਚੋਂ ਇਕ ਮੰਨਦੇ ਸਨ। ਪੌਲਿਕ੍ਰਟੀਜ਼ ਮੁਤਾਬਕ ਮਲੀਟੋ ਨੇ ਕਦੇ ਵਿਆਹ ਨਹੀਂ ਕਰਾਇਆ, ਸਗੋਂ ਉਹ ‘ਪਵਿੱਤਰ ਆਤਮਾ ਨਾਲ ਸੰਬੰਧਿਤ ਗੱਲਾਂ ਵਿਚ ਹੀ ਰੁੱਝਿਆ ਰਹਿੰਦਾ ਸੀ ਅਤੇ ਉਹ ਹੁਣ ਉਸ ਘੜੀ ਦੀ ਉਡੀਕ ਕਰ ਰਿਹਾ ਹੈ ਜਦੋਂ ਮਸੀਹ ਉਸ ਨੂੰ ਮਰੇ ਹੋਇਆਂ ਵਿੱਚੋਂ ਪਰਕਾਸ਼ ਦੀ ਪੋਥੀ 20:1-6.
ਜੀ ਉਠਾਏਗਾ।’ ਇਨ੍ਹਾਂ ਸ਼ਬਦਾਂ ਤੋਂ ਸੰਕੇਤ ਮਿਲਦਾ ਹੈ ਕਿ ਮਲੀਟੋ ਦਾ ਇਹ ਵਿਸ਼ਵਾਸ ਸੀ ਕਿ ਮਸੀਹ ਦੇ ਦੁਬਾਰਾ ਆਉਣ ਤੇ ਹੀ ਮਰੇ ਹੋਇਆਂ ਨੂੰ ਜੀ ਉਠਾਇਆ ਜਾਵੇਗਾ।—ਇਨ੍ਹਾਂ ਗੱਲਾਂ ਤੋਂ ਲੱਗਦਾ ਹੈ ਕਿ ਮਲੀਟੋ ਬਹੁਤ ਹੀ ਦਲੇਰ ਤੇ ਇਰਾਦੇ ਦਾ ਪੱਕਾ ਸੀ। ਉਸ ਨੇ ਮਸੀਹੀਆਂ ਦੇ ਵਿਸ਼ਵਾਸਾਂ ਦਾ ਸਮਰਥਨ ਕਰਨ ਲਈ ਅਪੌਲੋਜੀ ਨਾਂ ਦਾ ਪਹਿਲਾ ਲੇਖ ਲਿਖ ਕੇ ਰੋਮੀ ਸਮਰਾਟ ਮਾਰਕਸ ਔਰੇਲਿਅਸ (161-180 ਈਸਵੀ) ਨੂੰ ਘੱਲਿਆ। ਮਲੀਟੋ ਮਸੀਹੀ ਧਰਮ ਦੀ ਵਕਾਲਤ ਕਰਨ ਅਤੇ ਉਨ੍ਹਾਂ ਬੁਰੇ ਤੇ ਲਾਲਚੀ ਬੰਦਿਆਂ ਦੀ ਨਿੰਦਾ ਕਰਨ ਤੋਂ ਨਹੀਂ ਡਰਦਾ ਸੀ ਜੋ ਮਸੀਹੀਆਂ ਨੂੰ ਸਤਾਉਂਦੇ ਤੇ ਬਦਨਾਮ ਕਰਦੇ ਸਨ ਅਤੇ ਉਨ੍ਹਾਂ ਦੇ ਖ਼ਿਲਾਫ਼ ਸ਼ਾਹੀ ਫ਼ਰਮਾਨ ਜਾਰੀ ਕਰਵਾ ਕੇ ਉਨ੍ਹਾਂ ਦੀ ਧਨ-ਸੰਪਤੀ ਹੜੱਪ ਲੈਂਦੇ ਸਨ।
ਮਲੀਟੋ ਨੇ ਬੜੀ ਦਲੇਰੀ ਨਾਲ ਸਮਰਾਟ ਔਰੇਲਿਅਸ ਨੂੰ ਲਿਖਿਆ: ‘ਤੁਹਾਨੂੰ ਸਾਡੀ ਸਿਰਫ਼ ਇਹੋ ਗੁਜ਼ਾਰਸ਼ ਹੈ ਕਿ ਤੁਸੀਂ ਮਸੀਹੀਆਂ ਖ਼ਿਲਾਫ਼ ਖੜ੍ਹੇ ਹੋਏ ਬਖੇੜੇ ਦੀ ਚੰਗੀ ਤਰ੍ਹਾਂ ਤਹਿਕੀਕਾਤ ਕਰੋ ਅਤੇ ਸੱਚਾ ਇਨਸਾਫ਼ ਕਰੋ ਕਿ ਤਸੀਹਿਆਂ ਦੇ ਸ਼ਿਕਾਰ ਹੋਏ ਇਹ ਮਸੀਹੀ ਮੌਤ ਅਤੇ ਸਜ਼ਾ ਦੇ ਲਾਇਕ ਹਨ ਜਾਂ ਹਿਫਾਜ਼ਤ ਤੇ ਖਿਮਾ ਦੇ। ਪਰ ਜੇ ਇਹ ਜ਼ਾਲਮਾਨਾ ਫ਼ਰਮਾਨ, ਜੋ ਕਿ ਦੁਸ਼ਮਣਾਂ ਲਈ ਵੀ ਭੈੜਾ ਹੈ, ਤੁਹਾਡੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਸੀ, ਤਾਂ ਅਸੀਂ ਤੁਹਾਡੇ ਅੱਗੇ ਤਰਲੇ ਕਰਦੇ ਹਾਂ ਕਿ ਤੁਸੀਂ ਸਾਨੂੰ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਇਨ੍ਹਾਂ ਖੂੰਖਾਰ ਲੋਕਾਂ ਤੋਂ ਬਚਾਓ।’
ਬਾਈਬਲ ਦੀ ਮਦਦ ਨਾਲ ਮਸੀਹੀ ਧਰਮ ਦਾ ਸਮਰਥਨ
ਮਲੀਟੋ ਨੂੰ ਪਵਿੱਤਰ ਸ਼ਾਸਤਰ ਵਿਚ ਗਹਿਰੀ ਦਿਲਚਸਪੀ ਸੀ। ਭਾਵੇਂ ਕਿ ਅੱਜ ਉਸ ਦੀਆਂ ਲਿਖਤਾਂ ਦੀ ਪੂਰੀ ਸੂਚੀ ਉਪਲਬਧ ਨਹੀਂ, ਪਰ ਉਸ ਦੀਆਂ ਕਈ ਲਿਖਤਾਂ ਦੇ ਵਿਸ਼ਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਬਾਈਬਲ ਦੀਆਂ ਗੱਲਾਂ ਵਿਚ ਬਹੁਤ ਰੁਚੀ ਲੈਂਦਾ ਸੀ। ਇਨ੍ਹਾਂ ਵਿੱਚੋਂ ਕੁਝ ਵਿਸ਼ੇ ਸਨ: ਮਸੀਹੀ ਜੀਵਨ ਅਤੇ ਨਬੀ; ਇਨਸਾਨ ਦੀ ਨਿਹਚਾ; ਸ੍ਰਿਸ਼ਟੀ; ਬਪਤਿਸਮਾ, ਸੱਚਾਈ, ਨਿਹਚਾ ਅਤੇ ਮਸੀਹ ਦਾ ਜਨਮ; ਪਰਾਹੁਣਚਾਰੀ; ਸ਼ਾਸਤਰ ਨੂੰ ਸਮਝਣ ਦੀ ਕੁੰਜੀ; ਅਤੇ ਯੂਹੰਨਾ ਦੀ ਪਰਕਾਸ਼ ਦੀ ਪੋਥੀ ਤੇ ਸ਼ਤਾਨ।
ਮਲੀਟੋ ਨੇ ਬਾਈਬਲ ਵਿਚ ਜ਼ਿਕਰ ਕੀਤੇ ਗਏ ਦੇਸ਼ਾਂ ਦਾ ਦੌਰਾ ਕਰ ਕੇ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਹੜੀਆਂ ਕਿਤਾਬਾਂ ਅਸਲ ਵਿਚ ਬਾਈਬਲ ਦੇ “ਪੁਰਾਣੇ ਨੇਮ” ਦਾ ਹਿੱਸਾ ਸਨ। ਇਸ ਸੰਬੰਧ ਵਿਚ ਉਸ ਨੇ ਲਿਖਿਆ: ‘ਜਿਨ੍ਹਾਂ ਪੂਰਬੀ ਦੇਸ਼ਾਂ ਵਿਚ ਮੁਢਲੇ ਮਸੀਹੀ ਇਨ੍ਹਾਂ ਗੱਲਾਂ ਉੱਤੇ ਚੱਲਦੇ ਤੇ ਪ੍ਰਚਾਰ ਕਰਦੇ ਸਨ, ਉੱਥੇ ਦਾ ਦੌਰਾ ਕਰ ਕੇ ਮੈਂ ਪਤਾ ਲਗਾ ਲਿਆ ਹੈ ਕਿ
ਪੁਰਾਣੇ ਨੇਮ ਦੀਆਂ ਕਿਹੜੀਆਂ ਪ੍ਰਮਾਣਿਤ ਪੋਥੀਆਂ ਹਨ। ਇਹ ਸੂਚੀ ਮੈਂ ਤੁਹਾਨੂੰ ਭੇਜ ਰਿਹਾ ਹਾਂ।’ ਉਸ ਸੂਚੀ ਵਿਚ ਨਹਮਯਾਹ ਤੇ ਅਸਤਰ ਦੀਆਂ ਪੋਥੀਆਂ ਦੇ ਨਾਂ ਨਹੀਂ ਸਨ। ਪਰ ਇਹ ਬਾਈਬਲ ਦੀਆਂ ਇਬਰਾਨੀ ਪੋਥੀਆਂ ਦੀ ਸਭ ਤੋਂ ਪੁਰਾਣੀ ਸੂਚੀ ਹੈ ਜੋ ਅੱਜ ਉਪਲਬਧ ਹੈ।ਆਪਣੀ ਖੋਜਬੀਨ ਦੌਰਾਨ ਮਲੀਟੋ ਨੇ ਬਾਈਬਲ ਦੀਆਂ ਇਬਰਾਨੀ ਪੋਥੀਆਂ ਵਿੱਚੋਂ ਉਨ੍ਹਾਂ ਆਇਤਾਂ ਨੂੰ ਲੱਭ ਕੇ ਇਕ ਸੂਚੀ ਤਿਆਰ ਕੀਤੀ ਜਿਨ੍ਹਾਂ ਵਿਚ ਯਿਸੂ ਬਾਰੇ ਭਵਿੱਖਬਾਣੀ ਕੀਤੀ ਗਈ ਸੀ। ਉਸ ਦੀ ਪਵਿੱਤਰ ਸ਼ਾਸਤਰ ਦੀਆਂ ਟੂਕਾਂ ਨਾਮਕ ਰਚਨਾ ਤੋਂ ਜ਼ਾਹਰ ਹੁੰਦਾ ਹੈ ਕਿ ਯਿਸੂ ਹੀ ਮਸੀਹਾ ਸੀ ਜਿਸ ਦੀ ਲੋਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ ਅਤੇ ਮੂਸਾ ਦੀ ਬਿਵਸਥਾ ਤੇ ਨਬੀਆਂ ਦੀਆਂ ਭਵਿੱਖਬਾਣੀਆਂ ਵੀ ਮਸੀਹ ਵੱਲ ਇਸ਼ਾਰਾ ਕਰਦੀਆਂ ਸਨ।
ਯਿਸੂ ਦੀ ਕੁਰਬਾਨੀ ਦੀ ਜ਼ਰੂਰਤ
ਏਸ਼ੀਆ ਮਾਈਨਰ ਦੇ ਮਹਾਂਨਗਰਾਂ ਵਿਚ ਯਹੂਦੀਆਂ ਦੀ ਵੱਡੀ ਆਬਾਦੀ ਸੀ। ਮਲੀਟੋ ਦੇ ਸ਼ਹਿਰ ਸਾਰਦੀਸ ਵਿਚ ਰਹਿਣ ਵਾਲੇ ਯਹੂਦੀ 14 ਨੀਸਾਨ ਨੂੰ ਪਸਾਹ ਦਾ ਤਿਉਹਾਰ ਮਨਾਉਂਦੇ ਸਨ। ਮਲੀਟੋ ਨੇ ਪਸਾਹ ਦਾ ਤਿਉਹਾਰ ਨਾਂ ਦੇ ਧਰਮ-ਉਪਦੇਸ਼ ਵਿਚ ਲਿਖਿਆ ਕਿ ਮੂਸਾ ਦੀ ਬਿਵਸਥਾ ਅਧੀਨ 14 ਨੀਸਾਨ ਨੂੰ ਪਸਾਹ ਮਨਾਉਣਾ ਬਿਲਕੁਲ ਸਹੀ ਸੀ, ਇਸ ਲਈ ਪ੍ਰਭੂ ਦੀ ਮੌਤ ਦੀ ਯਾਦਗਾਰ ਵੀ ਉਸੇ ਦਿਨ ਮਨਾਈ ਜਾਣੀ ਚਾਹੀਦੀ ਹੈ।
ਬਾਈਬਲ ਵਿਚ ਕੂਚ ਨਾਂ ਦੀ ਪੋਥੀ ਦੇ 12ਵੇਂ ਅਧਿਆਇ ਉੱਤੇ ਟਿੱਪਣੀ ਕਰਨ ਅਤੇ ਇਹ ਸਾਬਤ ਕਰਨ ਤੋਂ ਬਾਅਦ ਕਿ ਪਸਾਹ ਦਾ ਤਿਉਹਾਰ ਮਸੀਹ ਦੇ ਬਲੀਦਾਨ ਨੂੰ ਦਰਸਾਉਂਦਾ ਸੀ, ਮਲੀਟੋ ਨੇ ਸਮਝਾਇਆ ਕਿ ਮਸੀਹੀਆਂ ਲਈ ਹੁਣ ਪਸਾਹ ਮਨਾਉਣਾ ਜ਼ਰੂਰੀ ਨਹੀਂ ਸੀ। ਕਿਉਂ ਨਹੀਂ? ਕਿਉਂਕਿ ਪਰਮੇਸ਼ੁਰ ਨੇ ਮੂਸਾ ਦੀ ਬਿਵਸਥਾ ਹਟਾ ਦਿੱਤੀ ਸੀ। ਫਿਰ ਮਲੀਟੋ ਨੇ ਮਸੀਹ ਦੇ ਬਲੀਦਾਨ ਦੀ ਜ਼ਰੂਰਤ ਬਾਰੇ ਸਮਝਾਇਆ: ਪਰਮੇਸ਼ੁਰ ਨੇ ਪਹਿਲੇ ਇਨਸਾਨ ਆਦਮ ਨੂੰ ਅਦਨ ਦੇ ਬਾਗ਼ ਵਿਚ ਸੁਖਦ ਜ਼ਿੰਦਗੀ ਜੀਣ ਲਈ ਰੱਖਿਆ ਸੀ। ਪਰ ਆਦਮ ਨੇ ਭਲੇ-ਬੁਰੇ ਦੇ ਗਿਆਨ ਦੇ ਦਰਖ਼ਤ ਦਾ ਫਲ ਖਾ ਕੇ ਪਰਮੇਸ਼ੁਰ ਦੀ ਅਣਆਗਿਆਕਾਰੀ ਕੀਤੀ ਜਿਸ ਕਰਕੇ ਇਨਸਾਨਾਂ ਨੂੰ ਯਿਸੂ ਦੇ ਬਲੀਦਾਨ ਦੀ ਲੋੜ ਪਈ।
ਮਲੀਟੋ ਨੇ ਅੱਗੇ ਸਮਝਾਇਆ ਕਿ ਯਿਸੂ ਨੂੰ ਧਰਤੀ ਤੇ ਘੱਲਿਆ ਗਿਆ ਸੀ ਤਾਂਕਿ ਉਹ ਸੂਲੀ ਉੱਤੇ ਆਪਣੀ ਜਾਨ ਕੁਰਬਾਨ ਕਰ ਕੇ ਨਿਹਚਾਵਾਨ ਮਨੁੱਖਜਾਤੀ ਨੂੰ ਪਾਪ ਤੇ ਮੌਤ ਤੋਂ ਮੁਕਤੀ ਦਿਲਾਵੇ। ਇਹ ਧਿਆਨ ਦੇਣ ਯੋਗ ਗੱਲ ਹੈ ਕਿ ਮਲੀਟੋ ਨੇ ਯਿਸੂ ਨੂੰ ਸੂਲੀ ਤੇ ਚੜ੍ਹਾਉਣ ਦੀ ਗੱਲ ਲਿਖਦੇ ਸਮੇਂ ਯੂਨਾਨੀ ਸ਼ਬਦ ਜ਼ਾਇਲੋਨ ਵਰਤਿਆ ਜਿਸ ਦਾ ਮਤਲਬ ਹੈ “ਕਾਠ।”—ਰਸੂਲਾਂ ਦੇ ਕਰਤੱਬ 5:30; 10:39; 13:29.
ਮਲੀਟੋ ਦਾ ਨਾਂ ਏਸ਼ੀਆ ਮਾਈਨਰ ਤੋਂ ਇਲਾਵਾ ਹੋਰ ਥਾਵਾਂ ਤੇ ਵੀ ਬਹੁਤ ਮਸ਼ਹੂਰ ਸੀ। ਟਰਟੂਲੀਅਨ, ਕਲੈਮੰਟ (ਸਿਕੰਦਰੀਆ ਵਿਚ ਰਹਿਣ ਵਾਲਾ ਧਰਮ-ਗੁਰੂ) ਅਤੇ ਔਰਿਜੇਨ ਸਾਰੇ ਉਸ ਦੀਆਂ ਲਿਖਤਾਂ ਤੋਂ ਵਾਕਫ਼ ਸਨ। ਪਰ ਇਤਿਹਾਸਕਾਰ ਰਾਨਿਏਰੋ ਕਾਂਟਾਲਾਮੇਸਾ ਲਿਖਦਾ ਹੈ ਕਿ “ਐਤਵਾਰ ਨੂੰ ਪਸਾਹ ਮਨਾਉਣ ਦੀ ਰੀਤ ਪ੍ਰਚਲਿਤ ਹੋਣ ਨਾਲ ਮਲੀਟੋ ਦੀ ਮਸ਼ਹੂਰੀ ਘੱਟਣੀ ਸ਼ੁਰੂ ਹੋ ਗਈ ਅਤੇ 14 ਨੀਸਾਨ ਦੇ ਹਿਮਾਇਤੀਆਂ ਨੂੰ ਧਰਮ-ਧਰੋਹੀ ਸਮਝਿਆ ਜਾਣ ਲੱਗਾ। ਹੌਲੀ-ਹੌਲੀ ਮਲੀਟੋ ਦੀਆਂ ਲਿਖਤਾਂ ਵੀ ਲੁਪਤ ਹੁੰਦੀਆਂ ਗਈਆਂ।” ਸਿੱਟੇ ਵਜੋਂ ਅੱਜ ਮਲੀਟੋ ਦੀਆਂ ਇਕ-ਅੱਧ ਲਿਖਤਾਂ ਹੀ ਬਚੀਆਂ ਹਨ।
ਮਲੀਟੋ ਤੇ ਝੂਠੀਆਂ ਸਿੱਖਿਆਵਾਂ ਦਾ ਪ੍ਰਭਾਵ
ਯਿਸੂ ਦੇ ਰਸੂਲਾਂ ਦੇ ਮਰਨ ਤੋਂ ਬਾਅਦ ਸੱਚੀ ਮਸੀਹੀਅਤ ਵਿਚ ਝੂਠੀਆਂ ਸਿੱਖਿਆਵਾਂ ਮਿਲ ਗਈਆਂ। (ਰਸੂਲਾਂ ਦੇ ਕਰਤੱਬ 20:29, 30) ਸਪੱਸ਼ਟ ਹੈ ਕਿ ਇਨ੍ਹਾਂ ਸਿੱਖਿਆਵਾਂ ਦਾ ਮਲੀਟੋ ਉੱਤੇ ਵੀ ਅਸਰ ਪਿਆ। ਉਹ ਜਿਸ ਢੰਗ ਨਾਲ ਗੱਲਾਂ ਨੂੰ ਗੋਲ-ਮੋਲ ਕਰ ਕੇ ਗੁੰਝਲਦਾਰ ਤਰੀਕੇ ਨਾਲ ਲਿਖਦਾ ਸੀ, ਉਸ ਤੋਂ ਯੂਨਾਨੀ ਫ਼ਲਸਫ਼ੇ ਅਤੇ ਰੋਮੀ ਜਗਤ ਦਾ ਅਸਰ ਝਲਕਦਾ ਹੈ। ਸ਼ਾਇਦ ਇਸੇ ਪ੍ਰਭਾਵ ਕਰਕੇ ਉਸ ਨੇ ਮਸੀਹੀਅਤ ਨੂੰ “ਸਾਡਾ ਫ਼ਲਸਫ਼ਾ” ਕਿਹਾ ਸੀ। ਉਹ ਮਸੀਹੀ ਧਰਮ ਅਤੇ ਰੋਮੀ ਸਾਮਰਾਜ ਦੇ ਗੱਠਜੋੜ ਨੂੰ ‘ਕਾਮਯਾਬੀ ਦਾ ਸਭ ਤੋਂ ਵੱਡਾ ਸਬੂਤ’ ਸਮਝਦਾ ਸੀ।
ਮਲੀਟੋ ਨੇ ਪੌਲੁਸ ਰਸੂਲ ਦੀ ਇਸ ਸਲਾਹ ਵੱਲ ਕੋਈ ਧਿਆਨ ਨਹੀਂ ਦਿੱਤਾ: “ਵੇਖਣਾ ਕਿਤੇ ਕੋਈ ਆਪਣੀ ਫ਼ੈਲਸੂਫ਼ੀ ਅਤੇ ਲਾਗ ਲਪੇਟ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ।” ਸੋ ਭਾਵੇਂ ਮਲੀਟੋ ਨੇ ਬਾਈਬਲ ਦੀਆਂ ਕੁਝ ਸਿੱਖਿਆਵਾਂ ਦਾ ਸਮਰਥਨ ਕੀਤਾ, ਪਰ ਬਹੁਤ ਸਾਰੀਆਂ ਗੱਲਾਂ ਵਿਚ ਉਹ ਬਾਈਬਲ ਦੀਆਂ ਸਿੱਖਿਆਵਾਂ ਦੇ ਉਲਟ ਹੀ ਚੱਲਿਆ।—ਕੁਲੁੱਸੀਆਂ 2:8.
[ਸਫ਼ਾ 18 ਉੱਤੇ ਤਸਵੀਰ]
ਯਿਸੂ ਨੇ 14 ਨੀਸਾਨ ਨੂੰ ਆਪਣੇ ਚੇਲਿਆਂ ਨੂੰ ਉਸ ਦੀ ਮੌਤ ਦੀ ਯਾਦਗਾਰ ਮਨਾਉਣ ਦਾ ਹੁਕਮ ਦਿੱਤਾ ਸੀ