Skip to content

Skip to table of contents

ਤੁਹਾਡੇ ਹੱਥ ਤਕੜੇ ਹੋਣ

ਤੁਹਾਡੇ ਹੱਥ ਤਕੜੇ ਹੋਣ

ਤੁਹਾਡੇ ਹੱਥ ਤਕੜੇ ਹੋਣ

‘ਤੁਹਾਡੇ ਹੱਥ ਤਕੜੇ ਹੋਣ, ਤੁਸੀਂ ਜੋ ਏਹ ਬਚਨ ਏਹਨਾਂ ਦਿਨਾਂ ਵਿੱਚ ਸੁਣਦੇ ਹੋ ਜਿਹੜੇ ਨਬੀਆਂ ਦੇ ਮੂੰਹੋਂ ਨਿੱਕਲੇ ਸਨ।’—ਜ਼ਕਰਯਾਹ 8:9.

1, 2. ਸਾਨੂੰ ਹੱਜਈ ਅਤੇ ਜ਼ਕਰਯਾਹ ਦੀਆਂ ਪੋਥੀਆਂ ਵੱਲ ਧਿਆਨ ਕਿਉਂ ਦੇਣਾ ਚਾਹੀਦਾ ਹੈ?

ਭਾਵੇਂ ਹੱਜਈ ਤੇ ਜ਼ਕਰਯਾਹ ਦੀਆਂ ਪੋਥੀਆਂ ਤਕਰੀਬਨ 2,500 ਸਾਲ ਪਹਿਲਾਂ ਲਿਖੀਆਂ ਗਈਆਂ ਸਨ, ਪਰ ਇਨ੍ਹਾਂ ਤੋਂ ਅਸੀਂ ਕਈ ਅਹਿਮ ਗੱਲਾਂ ਸਿੱਖਦੇ ਹਾਂ। ਇਨ੍ਹਾਂ ਦੋਹਾਂ ਪੋਥੀਆਂ ਵਿਚ ਸਾਨੂੰ ਸਿਰਫ਼ ਇਸਰਾਏਲੀਆਂ ਦੇ ਇਤਿਹਾਸ ਬਾਰੇ ਹੀ ਨਹੀਂ ਦੱਸਿਆ ਗਿਆ, ਬਲਕਿ ਇਹ ਪੋਥੀਆਂ ਉਨ੍ਹਾਂ ਗੱਲਾਂ ਦਾ ਹਿੱਸਾ ਹਨ ‘ਜੋ ਸਾਡੀ ਸਿੱਖਿਆ ਦੇ ਲਈ ਲਿਖੀਆਂ ਗਈਆਂ ਹਨ।’ (ਰੋਮੀਆਂ 15:4) ਇਨ੍ਹਾਂ ਨੂੰ ਪੜ੍ਹ ਕੇ ਸਾਨੂੰ ਉਹ ਗੱਲਾਂ ਚੇਤੇ ਆਉਂਦੀਆਂ ਹਨ ਜੋ 1914 ਵਿਚ ਪਰਮੇਸ਼ੁਰ ਦੇ ਰਾਜ ਦੇ ਸਥਾਪਿਤ ਹੋਣ ਤੋਂ ਬਾਅਦ ਵਾਪਰ ਰਹੀਆਂ ਹਨ।

2 ਇਹ ਜ਼ਿਕਰ ਕਰਨ ਤੋਂ ਬਾਅਦ ਕਿ ਪ੍ਰਾਚੀਨ ਯਹੂਦੀਆਂ ਦੇ ਨਾਲ ਕਿਹੜੀਆਂ ਘਟਨਾਵਾਂ ਵਾਪਰੀਆਂ ਅਤੇ ਉਨ੍ਹਾਂ ਨੂੰ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰਨਾ ਪਿਆ, ਪੌਲੁਸ ਰਸੂਲ ਨੇ ਕਿਹਾ: “ਸੋ ਏਹ ਗੱਲਾਂ ਓਹਨਾਂ ਉੱਤੇ ਨਸੀਹਤ ਦੇ ਲਈ ਹੋਈਆਂ ਅਤੇ ਸਾਨੂੰ ਮੱਤ ਦੇਣ ਲਈ ਲਿਖੀਆਂ ਹੋਈਆਂ ਹਨ ਜਿਨ੍ਹਾਂ ਉੱਤੇ ਜੁੱਗਾਂ ਦੇ ਅੰਤ ਆਣ ਪਹੁੰਚੇ ਹਨ।” (1 ਕੁਰਿੰਥੀਆਂ 10:11) ਤਾਂ ਫਿਰ ਤੁਸੀਂ ਸ਼ਾਇਦ ਸੋਚੋ: ‘ਹੱਜਈ ਅਤੇ ਜ਼ਕਰਯਾਹ ਦੀਆਂ ਪੋਥੀਆਂ ਦਾ ਸਾਡੇ ਜ਼ਮਾਨੇ ਨਾਲ ਕੀ ਲੈਣਾ-ਦੇਣਾ ਹੈ?’

3. ਹੱਜਈ ਤੇ ਜ਼ਕਰਯਾਹ ਨੇ ਕਿਸ ਗੱਲ ਉੱਤੇ ਜ਼ੋਰ ਦਿੱਤਾ ਸੀ?

3 ਜਿਸ ਤਰ੍ਹਾਂ ਪਿਛਲੇ ਲੇਖ ਵਿਚ ਦੱਸਿਆ ਗਿਆ ਸੀ, ਹੱਜਈ ਅਤੇ ਜ਼ਕਰਯਾਹ ਦੀਆਂ ਭਵਿੱਖਬਾਣੀਆਂ ਉਸ ਸਮੇਂ ਲਿਖੀਆਂ ਗਈਆਂ ਸਨ ਜਦੋਂ ਯਹੂਦੀ ਬਾਬਲ ਦੀ ਗ਼ੁਲਾਮੀ ਵਿੱਚੋਂ ਛੁੱਟ ਕੇ ਆਪਣੇ ਦੇਸ਼ ਵਾਪਸ ਆਏ ਸਨ। ਇਨ੍ਹਾਂ ਦੋ ਨਬੀਆਂ ਨੇ ਹੈਕਲ ਦੀ ਮੁੜ ਉਸਾਰੀ ਉੱਤੇ ਖ਼ਾਸ ਜ਼ੋਰ ਦਿੱਤਾ ਸੀ। ਯਹੂਦੀਆਂ ਨੇ 536 ਈ.ਪੂ. ਵਿਚ ਹੈਕਲ ਦੀ ਨੀਂਹ ਧਰੀ ਸੀ। ਉਦੋਂ ਭਾਵੇਂ ਕੁਝ ਬਿਰਧ ਯਹੂਦੀ ਪੁਰਾਣੀ ਹੈਕਲ ਨੂੰ ਯਾਦ ਕਰ ਕੇ ਦੁਖੀ ਹੋਏ ਸਨ, ਪਰ ਜ਼ਿਆਦਾਤਰ ਲੋਕਾਂ ਨੇ ‘ਨਿਹਾਲ ਹੋ ਕੇ ਉੱਚੇ ਸ਼ਬਦ ਨਾਲ ਲਲਕਾਰੇ ਮਾਰੇ’ ਸਨ। ਪਰ ਸਾਡੇ ਜ਼ਮਾਨੇ ਵਿਚ ਇਸ ਤੋਂ ਵੀ ਸ਼ਾਨਦਾਰ ਗੱਲ ਵਾਪਰੀ ਹੈ। ਉਹ ਕਿਹੜੀ ਗੱਲ ਹੈ?—ਅਜ਼ਰਾ 3:3-13.

4. ਪਹਿਲੇ ਵਿਸ਼ਵ ਯੁੱਧ ਤੋਂ ਥੋੜ੍ਹੀ ਦੇਰ ਬਾਅਦ ਕੀ ਹੋਇਆ ਸੀ?

4 ਪਹਿਲੇ ਵਿਸ਼ਵ ਯੁੱਧ ਤੋਂ ਥੋੜ੍ਹੀ ਦੇਰ ਬਾਅਦ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕ ਵੱਡੀ ਬਾਬੁਲ ਤੋਂ ਆਜ਼ਾਦ ਹੋਏ ਸਨ। ਇਹ ਯਹੋਵਾਹ ਦੀ ਬਰਕਤ ਦਾ ਵੱਡਾ ਸਬੂਤ ਸੀ। ਯੁੱਧ ਦੌਰਾਨ ਇਵੇਂ ਲੱਗਦਾ ਸੀ ਕਿ ਈਸਾਈ-ਧਰਮ ਦੇ ਆਗੂ ਆਪਣੇ ਸਿਆਸੀ ਹਿਮਾਇਤੀਆਂ ਦੀ ਮਦਦ ਨਾਲ ਪਰਮੇਸ਼ੁਰ ਦੇ ਲੋਕਾਂ ਦੇ ਪ੍ਰਚਾਰ ਦੇ ਕੰਮ ਨੂੰ ਬੰਦ ਕਰਨ ਵਿਚ ਸਫ਼ਲ ਹੋ ਗਏ ਸਨ। (ਅਜ਼ਰਾ 4:8, 13, 21-24) ਪਰ ਯਹੋਵਾਹ ਨੇ ਪ੍ਰਚਾਰ ਦੇ ਕੰਮ ਦੇ ਰਾਹ ਵਿਚ ਆਈਆਂ ਰੁਕਾਵਟਾਂ ਨੂੰ ਦੂਰ ਕਰ ਦਿੱਤਾ। ਸਾਲ 1919 ਤੋਂ ਬਾਅਦ ਪ੍ਰਚਾਰ ਦੇ ਕੰਮ ਵਿਚ ਬਹੁਤ ਵਾਧਾ ਹੋਇਆ ਤੇ ਅੱਜ ਤਕ ਦੁਨੀਆਂ ਦੀ ਕੋਈ ਵੀ ਤਾਕਤ ਇਸ ਕੰਮ ਨੂੰ ਰੋਕ ਨਹੀਂ ਸਕੀ ਹੈ।

5, 6. ਜ਼ਕਰਯਾਹ 4:7 ਦੀ ਸ਼ਾਨਦਾਰ ਪੂਰਤੀ ਕਿਵੇਂ ਹੋਵੇਗੀ?

5 ਸਾਨੂੰ ਪੱਕਾ ਯਕੀਨ ਹੈ ਕਿ ਯਹੋਵਾਹ ਦੇ ਆਗਿਆਕਾਰ ਸੇਵਕ ਉਸ ਦੀ ਸਹਾਇਤਾ ਨਾਲ ਪ੍ਰਚਾਰ ਦਾ ਕੰਮ ਕਰਦੇ ਰਹਿਣਗੇ। ਜ਼ਕਰਯਾਹ 4:7 ਵਿਚ ਅਸੀਂ ਪੜ੍ਹਦੇ ਹਾਂ: “ਜਦੋਂ ਤੂੰ ਅੰਤਮ ਪੱਥਰ ਰੱਖ ਰਿਹਾ ਹੋਵੇਂਗਾ, ਤਾਂ ਲੋਕ ਕਹਿ ਉਠਣਗੇ, ‘ਸੁੰਦਰ, ਸੁੰਦਰ!’” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਸਾਡੇ ਸਮੇਂ ਵਿਚ ਇਸ ਭਵਿੱਖਬਾਣੀ ਦੀ ਪੂਰਤੀ ਕਿਵੇਂ ਹੋਵੇਗੀ?

6ਜ਼ਕਰਯਾਹ 4:7 ਉਸ ਸਮੇਂ ਵੱਲ ਇਸ਼ਾਰਾ ਕਰਦਾ ਹੈ ਜਦੋਂ ਰੂਹਾਨੀ ਹੈਕਲ ਦੇ ਜ਼ਮੀਨੀ ਵਿਹੜੇ ਵਿਚ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀ ਭਗਤੀ ਮੁਕੰਮਲ ਤੌਰ ਤੇ ਬੁਲੰਦ ਕੀਤੀ ਜਾਵੇਗੀ। ਰੂਹਾਨੀ ਹੈਕਲ ਯਹੋਵਾਹ ਦੀ ਸੇਵਾ ਕਰਨ ਦੇ ਪ੍ਰਬੰਧ ਨੂੰ ਦਰਸਾਉਂਦੀ ਹੈ ਜੋ ਉਸ ਨੇ ਯਿਸੂ ਮਸੀਹ ਦਾ ਬਲੀਦਾਨ ਦੇ ਕੇ ਕੀਤਾ ਹੈ। ਭਾਵੇਂ ਕਿ ਇਹ ਰੂਹਾਨੀ ਹੈਕਲ ਪਹਿਲੀ ਸਦੀ ਤੋਂ ਹੀ ਹੋਂਦ ਵਿਚ ਹੈ, ਪਰ ਇਸ ਦੇ ਜ਼ਮੀਨੀ ਵਿਹੜੇ ਵਿਚ ਅਜੇ ਤਕ ਸੱਚੀ ਭਗਤੀ ਮੁਕੰਮਲ ਤੌਰ ਤੇ ਬੁਲੰਦ ਨਹੀਂ ਹੋਈ ਹੈ। ਅੱਜ ਲੱਖਾਂ ਲੋਕ ਇਸ ਰੂਹਾਨੀ ਹੈਕਲ ਦੇ ਜ਼ਮੀਨੀ ਵਿਹੜੇ ਵਿਚ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਇਨ੍ਹਾਂ ਲੋਕਾਂ ਦੇ ਨਾਲ-ਨਾਲ ਮਰੇ ਹੋਇਆਂ ਵਿੱਚੋਂ ਜੀ ਉਠਾਏ ਗਏ ਲੋਕਾਂ ਨੂੰ ਵੀ ਮੁਕੰਮਲ ਬਣਾਇਆ ਜਾਵੇਗਾ। ਹਜ਼ਾਰ ਸਾਲਾਂ ਦੇ ਅੰਤ ਤੋਂ ਬਾਅਦ ਇਕ ਸਾਫ਼-ਸੁਥਰੀ ਧਰਤੀ ਉੱਤੇ ਸਿਰਫ਼ ਪਰਮੇਸ਼ੁਰ ਦੇ ਸੱਚੇ ਭਗਤ ਹੀ ਵਸਣਗੇ।

7. ਸੱਚੀ ਭਗਤੀ ਦੇ ਸੰਬੰਧ ਵਿਚ ਯਿਸੂ ਕਿਹੜੀ ਭੂਮਿਕਾ ਨਿਭਾਉਂਦਾ ਹੈ ਤੇ ਸਾਨੂੰ ਇਸ ਤੋਂ ਹੌਸਲਾ ਕਿਉਂ ਮਿਲਣਾ ਚਾਹੀਦਾ ਹੈ?

7 ਹਾਕਮ ਜ਼ਰੁੱਬਾਬਲ ਤੇ ਪ੍ਰਧਾਨ ਜਾਜਕ ਯਹੋਸ਼ੁਆ 515 ਈ.ਪੂ. ਵਿਚ ਹੈਕਲ ਦੀ ਉਸਾਰੀ ਪੂਰੀ ਹੋਣ ਤਕ ਉੱਥੇ ਮੌਜੂਦ ਸਨ। ਜ਼ਕਰਯਾਹ 6:12, 13 ਵਿਚ ਦੱਸਿਆ ਗਿਆ ਸੀ ਕਿ ਸੱਚੀ ਭਗਤੀ ਨੂੰ ਮੁਕੰਮਲ ਤੌਰ ਤੇ ਬੁਲੰਦ ਕਰਨ ਵਿਚ ਯਿਸੂ ਅਹਿਮ ਭੂਮਿਕਾ ਨਿਭਾਵੇਗਾ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਵੇਖੋ, ਇੱਕ ਪੁਰਖ ਜਿਹ ਦਾ ਨਾਮ ਸ਼ਾਖ ਹੈ ਉਹ ਆਪਣੇ ਥਾਂ ਤੋਂ ਸ਼ਾਖਾਂ ਦੇਵੇਗਾ ਅਤੇ ਯਹੋਵਾਹ ਦੀ ਹੈਕਲ ਨੂੰ ਬਣਾਵੇਗਾ। . . . ਉਹ ਸ਼ਾਨ ਵਾਲਾ ਹੋਵੇਗਾ ਅਤੇ ਉਹ ਆਪਣੇ ਸਿੰਘਾਸਣ ਉੱਤੇ ਬੈਠ ਕੇ ਹਕੂਮਤ ਕਰੇਗਾ ਅਤੇ ਇੱਕ ਜਾਜਕ ਵੀ ਆਪਣੇ ਸਿੰਘਾਸਣ ਉੱਤੇ ਹੋਵੇਗਾ।” ਯਿਸੂ ਦਾਊਦ ਦੀ ਸ਼ਾਖ ਯਾਨੀ ਵੰਸ਼ ਵਿੱਚੋਂ ਹੈ ਅਤੇ ਉਹ ਹੁਣ ਸਵਰਗ ਵਿਚ ਰਾਜ ਕਰ ਰਿਹਾ ਹੈ। ਉਹ ਇਸ ਸਮੇਂ ਰੂਹਾਨੀ ਹੈਕਲ ਵਿਚ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰ ਰਿਹਾ ਹੈ, ਇਸ ਲਈ ਕੋਈ ਵੀ ਇਸ ਕੰਮ ਨੂੰ ਰੋਕ ਨਹੀਂ ਸਕਦਾ। ਇਹ ਜਾਣਦੇ ਹੋਏ, ਕੀ ਸਾਨੂੰ ਆਪਣੇ ਨਿੱਜੀ ਕੰਮਾਂ-ਕਾਰਾਂ ਵਿਚ ਰੁੱਝੇ ਰਹਿਣ ਦੀ ਬਜਾਇ ਪ੍ਰਚਾਰ ਕਰਨ ਵਿਚ ਜ਼ਿਆਦਾ ਮਿਹਨਤ ਨਹੀਂ ਕਰਨੀ ਚਾਹੀਦੀ?

ਸਾਡੀ ਜ਼ਿੰਦਗੀ ਵਿਚ ਕੀ ਅਹਿਮ ਹੈ?

8. ਸਾਨੂੰ ਰੂਹਾਨੀ ਹੈਕਲ ਦੇ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਕਿਉਂ ਦੇਣੀ ਚਾਹੀਦੀ ਹੈ?

8 ਯਹੋਵਾਹ ਦੀ ਮਦਦ ਅਤੇ ਬਰਕਤ ਪਾਉਣ ਲਈ ਸਾਨੂੰ ਰੂਹਾਨੀ ਹੈਕਲ ਦੇ ਕੰਮ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦੇਣੀ ਪਵੇਗੀ। ਸਾਨੂੰ ਉਨ੍ਹਾਂ ਯਹੂਦੀਆਂ ਵਰਗੇ ਨਹੀਂ ਬਣਨਾ ਚਾਹੀਦਾ ਜਿਨ੍ਹਾਂ ਨੇ ਕਿਹਾ ਸੀ ਕਿ ‘ਅਜੇ ਵੇਲਾ ਨਹੀਂ ਆਇਆ,’ ਸਗੋਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ “ਅੰਤ ਦਿਆਂ ਦਿਨਾਂ” ਵਿਚ ਜੀ ਰਹੇ ਹਾਂ। (ਹੱਜਈ 1:2; 2 ਤਿਮੋਥਿਉਸ 3:1) ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਉਸ ਦੇ ਸੱਚੇ ਚੇਲੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਗੇ ਅਤੇ ਚੇਲੇ ਬਣਾਉਣਗੇ। ਸਾਨੂੰ ਇਸ ਕੰਮ ਦੀ ਅਹਿਮੀਅਤ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਇਹ ਕੰਮ ਵਿਰੋਧਤਾ ਦੇ ਬਾਵਜੂਦ 1919 ਵਿਚ ਦੁਬਾਰਾ ਸ਼ੁਰੂ ਹੋ ਗਿਆ ਸੀ। ਇਹ ਅਜੇ ਪੂਰਾ ਨਹੀਂ ਹੋਇਆ ਹੈ, ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਜ਼ਰੂਰ ਪੂਰਾ ਹੋਵੇਗਾ!

9, 10. ਯਹੋਵਾਹ ਦੀ ਬਰਕਤ ਕਿਸ ਗੱਲ ਉੱਤੇ ਨਿਰਭਰ ਕਰਦੀ ਹੈ ਅਤੇ ਸਾਡੇ ਲਈ ਇਸ ਦਾ ਕੀ ਅਰਥ ਹੈ?

9 ਅਸੀਂ ਇਕ ਸਮੂਹ ਦੇ ਤੌਰ ਤੇ ਅਤੇ ਨਿੱਜੀ ਤੌਰ ਤੇ ਵੀ ਇਸ ਕੰਮ ਨੂੰ ਜਿੰਨੇ ਜੀ-ਜਾਨ ਨਾਲ ਕਰਾਂਗੇ, ਉੱਨੀਆਂ ਹੀ ਅਸੀਂ ਬਰਕਤਾਂ ਪਾਵਾਂਗੇ। ਯਹੋਵਾਹ ਦੇ ਵਾਅਦੇ ਵੱਲ ਧਿਆਨ ਦਿਓ। ਜਦੋਂ ਯਹੂਦੀ ਪੂਰੇ ਦਿਲ ਨਾਲ ਹੈਕਲ ਦੀ ਉਸਾਰੀ ਕਰਨ ਵਿਚ ਜੁਟ ਗਏ, ਤਾਂ ਯਹੋਵਾਹ ਨੇ ਵਾਅਦਾ ਕੀਤਾ: “ਅੱਜ ਤੋਂ ਮੈਂ ਤੁਹਾਨੂੰ ਬਰਕਤ ਦਿਆਂਗਾ।” (ਹੱਜਈ 2:19) ਯਹੋਵਾਹ ਦੀ ਕਿਰਪਾ ਫਿਰ ਤੋਂ ਉਨ੍ਹਾਂ ਉੱਤੇ ਹੋਣੀ ਸੀ। ਧਿਆਨ ਦਿਓ ਕਿ ਯਹੋਵਾਹ ਨੇ ਕਿਹੜੀਆਂ ਬਰਕਤਾਂ ਦੇਣ ਦਾ ਵਾਅਦਾ ਕੀਤਾ ਸੀ: “ਬੀ ਸ਼ਾਂਤੀ ਦਾ ਹੋਵੇਗਾ, ਅੰਗੂਰੀ ਬੇਲ ਆਪਣਾ ਫਲ ਦੇਵੇਗੀ, ਧਰਤੀ ਆਪਣੀ ਪੈਦਾਵਾਰ ਦੇਵੇਗੀ ਅਤੇ ਅਕਾਸ਼ ਆਪਣੀ ਤ੍ਰੇਲ ਦੇਵੇਗਾ। ਮੈਂ ਏਸ ਪਰਜਾ ਦੇ ਬਕੀਏ ਨੂੰ ਏਹਨਾਂ ਸਾਰੀਆਂ ਵਸਤਾਂ ਦਾ ਅਧਕਾਰੀ ਬਣਾਵਾਂਗਾ।”—ਜ਼ਕਰਯਾਹ 8:9-13.

10 ਜਿਸ ਤਰ੍ਹਾਂ ਯਹੋਵਾਹ ਨੇ ਯਹੂਦੀਆਂ ਨੂੰ ਬਰਕਤਾਂ ਦਿੱਤੀਆਂ ਸਨ, ਉਸੇ ਤਰ੍ਹਾਂ ਉਹ ਸਾਨੂੰ ਵੀ ਬਰਕਤਾਂ ਦੇਵੇਗਾ ਜੇ ਅਸੀਂ ਪੂਰੇ ਦਿਲ ਨਾਲ ਉਸ ਦਾ ਕੰਮ ਕਰਦੇ ਰਹਾਂਗੇ। ਸਾਡੇ ਮਸੀਹੀ ਭਾਈਚਾਰੇ ਵਿਚ ਸ਼ਾਂਤੀ ਹੋਵੇਗੀ, ਅਸੀਂ ਸੁਰੱਖਿਅਤ ਤੇ ਖ਼ੁਸ਼ਹਾਲ ਹੋਵਾਂਗੇ ਅਤੇ ਨਿਹਚਾ ਵਿਚ ਤਕੜੇ ਹੁੰਦੇ ਜਾਵਾਂਗੇ। ਪਰ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦੀਆਂ ਬਰਕਤਾਂ ਸਾਨੂੰ ਤਾਂ ਹੀ ਮਿਲਦੀਆਂ ਰਹਿਣਗੀਆਂ ਜੇ ਅਸੀਂ ਯਹੋਵਾਹ ਦੇ ਕਹੇ ਅਨੁਸਾਰ ਰੂਹਾਨੀ ਹੈਕਲ ਦਾ ਕੰਮ ਕਰਦੇ ਰਹੀਏ।

11. ਅਸੀਂ ਆਪਣੇ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?

11 ਹੁਣ ਸਾਨੂੰ ‘ਆਪਣੇ ਚਾਲੇ ਉੱਤੇ ਧਿਆਨ ਦੇਣਾ’ ਚਾਹੀਦਾ ਹੈ। (ਹੱਜਈ 1:5, 7) ਸਾਨੂੰ ਸਾਰਿਆਂ ਨੂੰ ਗੌਰ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕਿਹੜੀਆਂ ਗੱਲਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹਾਂ। ਜੇ ਅਸੀਂ ਯਹੋਵਾਹ ਦਾ ਨਾਂ ਰੌਸ਼ਨ ਕਰਦੇ ਰਹਾਂਗੇ ਅਤੇ ਉਸ ਦੀ ਰੂਹਾਨੀ ਹੈਕਲ ਵਿਚ ਮਿਹਨਤ ਕਰਦੇ ਰਹਾਂਗੇ, ਤਾਂ ਉਹ ਸਾਨੂੰ ਬਰਕਤਾਂ ਦਿੰਦਾ ਰਹੇਗਾ। ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਮੈਂ ਕਿਨ੍ਹਾਂ ਚੀਜ਼ਾਂ ਨੂੰ ਪਹਿਲ ਦਿੰਦਾ ਹਾਂ? ਕੀ ਮੈਂ ਯਹੋਵਾਹ, ਉਸ ਦੇ ਮਿਆਰਾਂ ਅਤੇ ਉਸ ਦੇ ਕੰਮ ਲਈ ਉੱਨਾ ਹੀ ਜੋਸ਼ੀਲਾ ਹਾਂ ਜਿੰਨਾ ਮੈਂ ਬਪਤਿਸਮਾ ਲੈਣ ਦੇ ਸਮੇਂ ਸੀ? ਕੀ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਣ ਕਰਕੇ ਮੈਂ ਯਹੋਵਾਹ ਅਤੇ ਉਸ ਦੇ ਰਾਜ ਨੂੰ ਘੱਟ ਅਹਿਮੀਅਤ ਦੇ ਰਿਹਾ ਹਾਂ? ਕੀ ਲੋਕਾਂ ਤੋਂ ਡਰਨ ਕਰਕੇ ਮੈਂ ਪ੍ਰਚਾਰ ਵਿਚ ਢਿੱਲਾ ਪੈ ਗਿਆ ਹਾਂ?’—ਪਰਕਾਸ਼ ਦੀ ਪੋਥੀ 2:2-4.

12. ਹੱਜਈ 1:6, 9 ਦੇ ਅਨੁਸਾਰ ਯਹੂਦੀ ਕੀ ਕਰ ਰਹੇ ਸਨ ਤੇ ਇਸ ਦਾ ਨਤੀਜਾ ਕੀ ਨਿਕਲਿਆ?

12 ਅਸੀਂ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ ਦੀ ਆਪਣੀ ਜ਼ਿੰਮੇਵਾਰੀ ਪ੍ਰਤੀ ਲਾਪਰਵਾਹੀ ਵਰਤ ਕੇ ਯਹੋਵਾਹ ਦੀਆਂ ਬਰਕਤਾਂ ਤੋਂ ਵਾਂਝੇ ਨਹੀਂ ਹੋਣਾ ਚਾਹੁੰਦੇ। ਯਾਦ ਕਰੋ ਕਿ ਯਹੂਦੀਆਂ ਨੇ ਹੈਕਲ ਦਾ ਕੰਮ ਬੜੇ ਜੋਸ਼ ਨਾਲ ਸ਼ੁਰੂ ਕੀਤਾ ਸੀ, ਪਰ ਫਿਰ ਹੱਜਈ 1:9 ਦੇ ਅਨੁਸਾਰ ਉਹ ‘ਆਪੋ ਆਪਣੇ ਘਰਾਂ ਨੂੰ ਭੱਜ ਗਏ ਸਨ।’ ਉਹ ਆਪੋ-ਆਪਣੇ ਕੰਮ-ਧੰਦਿਆਂ ਵਿਚ ਰੁੱਝ ਗਏ ਸਨ। ਨਤੀਜੇ ਵਜੋਂ ਉਹ ‘ਥੋੜਾ ਹੀ ਖੱਟਦੇ ਸਨ’ ਅਤੇ ਉਨ੍ਹਾਂ ਕੋਲ ਵਧੀਆ ਖਾਣ-ਪੀਣ ਤੇ ਨਿੱਘੇ

ਕੱਪੜਿਆਂ ਦੀ ਥੁੜ੍ਹ ਹੋ ਗਈ ਸੀ। (ਹੱਜਈ 1:6) ਉਨ੍ਹਾਂ ਉੱਤੇ ਯਹੋਵਾਹ ਦੀ ਬਰਕਤ ਨਾ ਰਹੀ। ਕੀ ਅਸੀਂ ਇਨ੍ਹਾਂ ਗੱਲਾਂ ਤੋਂ ਕੋਈ ਸਬਕ ਸਿੱਖ ਸਕਦੇ ਹਾਂ?

13, 14. ਅਸੀਂ ਹੱਜਈ 1:6, 9 ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ ਅਤੇ ਇਸ ਉੱਤੇ ਅਮਲ ਕਰਨਾ ਜ਼ਰੂਰੀ ਕਿਉਂ ਹੈ?

13 ਜੇ ਅਸੀਂ ਯਹੋਵਾਹ ਦੀ ਕਿਰਪਾ ਪਾਉਣੀ ਹੈ, ਤਾਂ ਸਾਨੂੰ ਆਪਣੇ ਲਈ ਜੀਣ ਦੀ ਬਜਾਇ ਉਸ ਦੇ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਅਸੀਂ ਪੈਸੇ ਮਗਰ ਭੱਜੀਏ, ਝੱਟ ਅਮੀਰ ਬਣਨ ਦੀਆਂ ਸਕੀਮਾਂ ਅਜ਼ਮਾਈਏ, ਦੁਨੀਆਂ ਵਿਚ ਨਾਂ ਤੇ ਸ਼ੁਹਰਤ ਪਾਉਣ ਲਈ ਉੱਚੀ ਵਿੱਦਿਆ ਹਾਸਲ ਕਰਨ ਵਿਚ ਦਿਨ-ਰਾਤ ਲਾ ਦੇਈਏ ਜਾਂ ਆਪਣੀਆਂ ਖ਼ਾਹਸ਼ਾਂ ਪੂਰੀਆਂ ਕਰਨ ਵਿਚ ਲੱਗ ਜਾਈਏ, ਤਾਂ ਇਸ ਦਾ ਮਤਲਬ ਹੋਵੇਗਾ ਕਿ ਅਸੀਂ ‘ਆਪੋ ਆਪਣੇ ਘਰ ਨੂੰ ਭੱਜ’ ਰਹੇ ਹਾਂ।

14 ਭਾਵੇਂ ਅਜਿਹੇ ਕੰਮ ਆਪਣੇ ਆਪ ਵਿਚ ਗ਼ਲਤ ਨਹੀਂ ਹਨ, ਪਰ ਫਿਰ ਵੀ ਹਮੇਸ਼ਾ ਦੀ ਜ਼ਿੰਦਗੀ ਦੀ ਤੁਲਨਾ ਵਿਚ ਇਹ ‘ਮੁਰਦੇ ਕੰਮ’ ਹਨ। (ਇਬਰਾਨੀਆਂ 9:14) ਇਸ ਦਾ ਕੀ ਮਤਲਬ ਹੈ? ਅਜਿਹੇ ਕੰਮ ਮੁਰਦੇ ਜਾਂ ਬੇਕਾਰ ਹਨ ਕਿਉਂਕਿ ਇਹ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਨਹੀਂ ਬਣਾਉਂਦੇ। ਜੇ ਅਸੀਂ ਇਨ੍ਹਾਂ ਵਿਚ ਰੁੱਝੇ ਰਹੀਏ, ਤਾਂ ਅਸੀਂ ਪਰਮੇਸ਼ੁਰ ਤੋਂ ਦੂਰ ਚਲੇ ਜਾਵਾਂਗੇ। ਪਹਿਲੀ ਸਦੀ ਵਿਚ ਕੁਝ ਮਸਹ ਕੀਤੇ ਹੋਏ ਮਸੀਹੀਆਂ ਨਾਲ ਇਹੋ ਹੀ ਹੋਇਆ ਸੀ। (ਫ਼ਿਲਿੱਪੀਆਂ 3:17-19) ਸਾਡੇ ਜ਼ਮਾਨੇ ਵਿਚ ਵੀ ਕਈਆਂ ਨਾਲ ਇਹੋ ਹੀ ਹੋਇਆ ਹੈ। ਤੁਸੀਂ ਸ਼ਾਇਦ ਅਜਿਹੇ ਭੈਣਾਂ-ਭਰਾਵਾਂ ਨੂੰ ਜਾਣਦੇ ਹੋਵੋਗੇ ਜੋ ਯਹੋਵਾਹ ਦੀ ਸੇਵਾ ਵਿਚ ਹੌਲੀ-ਹੌਲੀ ਢਿੱਲੇ ਪੈ ਗਏ ਤੇ ਹੁਣ ਉਹ ਨਾ ਤਾਂ ਯਹੋਵਾਹ ਦੀ ਸੇਵਾ ਕਰਦੇ ਹਨ ਤੇ ਨਾ ਹੀ ਕਰਨੀ ਚਾਹੁੰਦੇ ਹਨ। ਸਾਡੀ ਇਹੋ ਉਮੀਦ ਹੈ ਕਿ ਉਹ ਯਹੋਵਾਹ ਵੱਲ ਮੁੜ ਆਉਣਗੇ। ਪਰ ਉਨ੍ਹਾਂ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ “ਮੁਰਦਿਆਂ ਕੰਮਾਂ” ਮਗਰ ਲੱਗਣ ਨਾਲ ਅਸੀਂ ਯਹੋਵਾਹ ਦੀ ਮਿਹਰ ਗੁਆ ਸਕਦੇ ਹਾਂ। ਇਹ ਕਿੰਨੇ ਅਫ਼ਸੋਸ ਦੀ ਗੱਲ ਹੋਵੇਗੀ ਕਿਉਂਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਤੋਂ ਬਗੈਰ ਅਸੀਂ ਆਪਣੀ ਖ਼ੁਸ਼ੀ ਤੇ ਸ਼ਾਂਤੀ ਗੁਆ ਬੈਠਾਂਗੇ। ਅਸੀਂ ਆਪਣੇ ਮਸੀਹੀ ਭਾਈਚਾਰੇ ਦੇ ਪਿਆਰ ਤੇ ਸਹਾਰੇ ਤੋਂ ਵੀ ਵਾਂਝੇ ਕੀਤੇ ਜਾਵਾਂਗੇ।—ਗਲਾਤੀਆਂ 1:6; 5:7, 13, 22-24.

15. ਅਸੀਂ ਹੱਜਈ 2:14 ਤੋਂ ਪਰਮੇਸ਼ੁਰ ਦੀ ਭਗਤੀ ਕਰਨ ਦੀ ਗੰਭੀਰਤਾ ਬਾਰੇ ਕੀ ਸਿੱਖਦੇ ਹਾਂ?

15 ਇਸ ਗੱਲ ਦੀ ਗੰਭੀਰਤਾ ਨੂੰ ਸਮਝਣ ਲਈ, ਆਓ ਆਪਾਂ ਹੱਜਈ 2:14 ਉੱਤੇ ਧਿਆਨ ਦੇਈਏ ਕਿ ਯਹੋਵਾਹ ਉਨ੍ਹਾਂ ਯਹੂਦੀਆਂ ਬਾਰੇ ਕੀ ਸੋਚਦਾ ਸੀ ਜੋ ਉਸ ਦਾ ਭਵਨ ਬਣਾਉਣ ਦੀ ਬਜਾਇ ਆਪਣੇ ਹੀ ਘਰਾਂ ਨੂੰ ਸੰਵਾਰਨ ਵਿਚ ਲੱਗੇ ਹੋਏ ਸਨ। “ਏਸ ਪਰਜਾ ਅਰ ਏਸ ਕੌਮ ਦਾ ਇਹੋ ਹਾਲ ਹੈ, ਯਹੋਵਾਹ ਦਾ ਵਾਕ ਹੈ ਅਤੇ ਏਸੇ ਤਰਾਂ ਓਹਨਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਓਹ ਉੱਥੇ ਚੜ੍ਹਾਉਂਦੇ ਹਨ ਉਹ ਵੀ ਅਸ਼ੁੱਧ ਹੈ।” ਯਹੂਦੀ ਜੋ ਵੀ ਬਲੀਆਂ ਚੜ੍ਹਾਉਂਦੇ ਸਨ ਉਹ ਪਰਮੇਸ਼ੁਰ ਨੂੰ ਮਨਜ਼ੂਰ ਨਹੀਂ ਸਨ ਕਿਉਂਕਿ ਉਹ ਉਸ ਦੀ ਸ਼ੁੱਧ ਭਗਤੀ ਨਹੀਂ ਕਰ ਰਹੇ ਸਨ।—ਅਜ਼ਰਾ 3:3.

ਪਰਮੇਸ਼ੁਰ ਆਪਣੇ ਸੇਵਕਾਂ ਦਾ ਸਾਥ ਦੇਵੇਗਾ

16. ਜ਼ਕਰਯਾਹ ਨੂੰ ਦਿਖਾਏ ਗਏ ਦਰਸ਼ਣਾਂ ਵਿਚ ਯਹੂਦੀਆਂ ਨੂੰ ਕਿਹੜਾ ਭਰੋਸਾ ਦਿਵਾਇਆ ਗਿਆ ਸੀ?

16 ਜ਼ਕਰਯਾਹ ਨੂੰ ਦਿਖਾਏ ਗਏ ਅੱਠ ਦਰਸ਼ਣਾਂ ਦੁਆਰਾ ਆਗਿਆਕਾਰ ਯਹੂਦੀਆਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਯਹੋਵਾਹ ਉਸਾਰੀ ਦੇ ਕੰਮ ਵਿਚ ਉਨ੍ਹਾਂ ਦਾ ਸਾਥ ਦੇਵੇਗਾ। ਪਹਿਲੇ ਦਰਸ਼ਣ ਵਿਚ ਯਕੀਨ ਦਿਲਾਇਆ ਗਿਆ ਸੀ ਕਿ ਜੇ ਲੋਕ ਵਫ਼ਾਦਾਰੀ ਨਾਲ ਕੰਮ ਕਰਨਗੇ, ਤਾਂ ਹੈਕਲ ਦੀ ਉਸਾਰੀ ਜ਼ਰੂਰ ਪੂਰੀ ਹੋਵੇਗੀ ਅਤੇ ਯਰੂਸ਼ਲਮ ਤੇ ਯਹੂਦਾਹ ਵਿਚ ਖ਼ੁਸ਼ਹਾਲੀ ਆਵੇਗੀ। (ਜ਼ਕਰਯਾਹ 1:8-17) ਦੂਜੇ ਦਰਸ਼ਣ ਵਿਚ ਇਹ ਵਾਅਦਾ ਕੀਤਾ ਗਿਆ ਸੀ ਕਿ ਸੱਚੀ ਭਗਤੀ ਦਾ ਵਿਰੋਧ ਕਰ ਰਹੀਆਂ ਸਾਰੀਆਂ ਸਰਕਾਰਾਂ ਦਾ ਅੰਤ ਹੋ ਜਾਵੇਗਾ। (ਜ਼ਕਰਯਾਹ 1:18-21) ਅਗਲੇ ਦਰਸ਼ਣਾਂ ਵਿਚ ਇਹ ਦੱਸਿਆ ਗਿਆ ਸੀ ਕਿ ਪਰਮੇਸ਼ੁਰ ਹੈਕਲ ਨੂੰ ਉਸਾਰਨ ਵਾਲਿਆਂ ਦੀ ਰਾਖੀ ਕਰੇਗਾ, ਅਨੇਕ ਕੌਮਾਂ ਦੇ ਬਹੁਤ ਸਾਰੇ ਲੋਕ ਯਹੋਵਾਹ ਦੀ ਭਗਤੀ ਕਰਨ ਲਈ ਹੈਕਲ ਵਿਚ ਆਉਣਗੇ, ਦੇਸ਼ ਵਿਚ ਅਮਨ-ਚੈਨ ਹੋਵੇਗਾ, ਪਰਮੇਸ਼ੁਰ ਦੇ ਕੰਮ ਵਿਚ ਰੁਕਾਵਟ ਪਾਉਣ ਵਾਲੀਆਂ ਪਹਾੜ ਜਿੱਡੀਆਂ ਮੁਸੀਬਤਾਂ ਹਟਾ ਦਿੱਤੀਆਂ ਜਾਣਗੀਆਂ, ਦੁਸ਼ਟਤਾ ਮਿਟਾ ਦਿੱਤੀ ਜਾਵੇਗੀ ਅਤੇ ਪਰਮੇਸ਼ੁਰ ਦੇ ਦੂਤ ਇਸਰਾਏਲੀਆਂ ਦੀ ਨਿਗਰਾਨੀ ਤੇ ਰੱਖਿਆ ਕਰਨਗੇ। (ਜ਼ਕਰਯਾਹ 2:5, 11; 3:10; 4:7; 5:6-11; 6:1-8) ਪਰਮੇਸ਼ੁਰ ਤੋਂ ਭਰੋਸਾ ਮਿਲਣ ਤੇ ਵਫ਼ਾਦਾਰ ਲੋਕਾਂ ਨੇ ਆਪਣੀ ਜ਼ਿੰਦਗੀ ਵਿਚ ਤਬਦੀਲੀਆਂ ਕਰ ਕੇ ਉਸ ਕੰਮ ਉੱਤੇ ਪੂਰਾ ਧਿਆਨ ਲਾਇਆ ਜਿਸ ਕੰਮ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਾਬਲ ਤੋਂ ਛੁਡਾਇਆ ਸੀ।

17. ਸੱਚੀ ਭਗਤੀ ਦੀ ਫਤਹ ਹੋਣ ਦੀ ਗਾਰੰਟੀ ਕਾਰਨ ਸਾਨੂੰ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

17 ਇਸੇ ਤਰ੍ਹਾਂ ਸਾਨੂੰ ਵੀ ਇਸ ਗੱਲ ਦੀ ਗਾਰੰਟੀ ਮਿਲਦੀ ਹੈ ਕਿ ਫਤਹ ਸੱਚੀ ਭਗਤੀ ਦੀ ਹੀ ਹੋਵੇਗੀ ਜਿਸ ਤੋਂ ਸਾਨੂੰ ਪ੍ਰੇਰਣਾ ਮਿਲਣੀ ਚਾਹੀਦੀ ਹੈ ਕਿ ਅਸੀਂ ਯਹੋਵਾਹ ਦੀ ਭਗਤੀ ਨੂੰ ਗੰਭੀਰਤਾ ਨਾਲ ਲਈਏ। ਆਪਣੇ ਆਪ ਤੋਂ ਪੁੱਛੋ: ‘ਜੇ ਮੈਂ ਮੰਨਦਾ ਹਾਂ ਕਿ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦਾ ਸਮਾਂ ਹੁਣੇ ਹੈ, ਤਾਂ ਕੀ ਇਹ ਗੱਲ ਮੇਰੇ ਟੀਚਿਆਂ ਤੇ ਜੀਣ ਦੇ ਤੌਰ-ਤਰੀਕਿਆਂ ਤੋਂ ਦਿਖਾਈ ਦਿੰਦੀ ਹੈ? ਕੀ ਮੈਂ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਲਈ ਸਮਾਂ ਕੱਢਦਾ ਹਾਂ ਅਤੇ ਕੀ ਮੈਂ ਦੂਸਰੇ ਮਸੀਹੀਆਂ ਨਾਲ ਤੇ ਹੋਰਨਾਂ ਲੋਕਾਂ ਨਾਲ ਇਸ ਬਾਰੇ ਗੱਲਬਾਤ ਕਰਦਾ ਹਾਂ?’

18. ਜ਼ਕਰਯਾਹ ਦੇ 14ਵੇਂ ਅਧਿਆਇ ਦੇ ਅਨੁਸਾਰ ਅਗਾਹਾਂ ਨੂੰ ਕੀ ਹੋਵੇਗਾ?

18 ਜ਼ਕਰਯਾਹ ਨੇ ਵੱਡੀ ਬਾਬੁਲ ਦੇ ਨਾਸ਼ ਅਤੇ ਉਸ ਤੋਂ ਬਾਅਦ ਹੋਣ ਵਾਲੇ ਆਰਮਾਗੇਡਨ ਦੇ ਯੁੱਧ ਵੱਲ ਇਸ਼ਾਰਾ ਕੀਤਾ ਸੀ। ਅਸੀਂ ਪੜ੍ਹਦੇ ਹਾਂ: “ਇੱਕ ਦਿਨ ਹੋਵੇਗਾ ਜਿਹ ਨੂੰ ਯਹੋਵਾਹ ਹੀ ਜਾਣਦਾ ਹੈ, ਨਾ ਦਿਨ ਹੋਵੇਗਾ ਨਾ ਰਾਤ ਪਰ ਸ਼ਾਮਾਂ ਦੇ ਵੇਲੇ ਚਾਨਣਾ ਹੋਵੇਗਾ।” ਜੀ ਹਾਂ, ਯਹੋਵਾਹ ਦੇ ਵੈਰੀਆਂ ਲਈ ਆਰਮਾਗੇਡਨ ਦਾ ਦਿਨ ਸੱਚ-ਮੁੱਚ ਹਨੇਰ ਭਰਿਆ ਹੋਵੇਗਾ! ਪਰ ਯਹੋਵਾਹ ਦੇ ਵਫ਼ਾਦਾਰ ਭਗਤਾਂ ਲਈ ਉਹ ਦਿਨ ਚਾਨਣ ਦਾ ਦਿਨ ਹੋਵੇਗਾ। ਜ਼ਕਰਯਾਹ ਨੇ ਇਹ ਵੀ ਦੱਸਿਆ ਕਿ ਨਵੀਂ ਦੁਨੀਆਂ ਵਿਚ ਹਰ ਕੋਈ ਯਹੋਵਾਹ ਦੀ ਪਵਿੱਤਰਤਾ ਦਾ ਐਲਾਨ ਕਰੇਗਾ। ਪੂਰੀ ਧਰਤੀ ਉੱਤੇ ਪਰਮੇਸ਼ੁਰ ਦੀ ਸੱਚੀ ਭਗਤੀ ਕੀਤੀ ਜਾਵੇਗੀ। (ਜ਼ਕਰਯਾਹ 14:7, 16-19) ਇਹ ਕਿੰਨਾ ਸੋਹਣਾ ਵਾਅਦਾ ਹੈ! ਅਸੀਂ ਇਸ ਭਵਿੱਖਬਾਣੀ ਨੂੰ ਪੂਰਾ ਹੁੰਦੇ ਦੇਖਾਂਗੇ ਜਦੋਂ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਜਾਇਜ਼ ਸਾਬਤ ਕੀਤਾ ਜਾਵੇਗਾ। ਹਾਂ, ਉਹ ਦਿਨ ਯਹੋਵਾਹ ਦਾ ਖ਼ਾਸ ਦਿਨ ਹੋਵੇਗਾ!

ਬਰਕਤਾਂ ਹੀ ਬਰਕਤਾਂ

19, 20. ਤੁਹਾਨੂੰ ਜ਼ਕਰਯਾਹ 14:8, 9 ਦੀ ਕਿਹੜੀ ਗੱਲ ਚੰਗੀ ਲੱਗਦੀ ਹੈ?

19 ਇਨ੍ਹਾਂ ਅਸਚਰਜ ਘਟਨਾਵਾਂ ਤੋਂ ਬਾਅਦ, ਸ਼ਤਾਨ ਤੇ ਉਸ ਦੇ ਦੂਤਾਂ ਨੂੰ ਅਥਾਹ ਕੁੰਡ ਵਿਚ ਕੈਦ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 20:1-3, 7) ਫਿਰ ਮਨੁੱਖਜਾਤੀ ਨੂੰ ਮਸੀਹ ਦੇ ਹਜ਼ਾਰ ਵਰ੍ਹਿਆਂ ਦੀ ਹਕੂਮਤ ਦੌਰਾਨ ਬਰਕਤਾਂ ਹੀ ਬਰਕਤਾਂ ਮਿਲਣਗੀਆਂ। ਜ਼ਕਰਯਾਹ 14:8, 9 ਦੱਸਦਾ ਹੈ: “ਉਸ ਦਿਨ ਇਉਂ ਹੋਵੇਗਾ ਕਿ ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿੱਕਲੇਗਾ ਜਿਸ ਦਾ ਅੱਧ ਚੜ੍ਹਦੇ ਪਾਸੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਲਹਿੰਦੇ ਪਾਸੇ ਦੇ ਸਮੁੰਦਰ ਵਿੱਚ। ਇਹ ਗਰਮੀ ਅਤੇ ਸਰਦੀ ਵਿੱਚ ਰਹੇਗਾ। ਸਾਰੀ ਧਰਤੀ ਉੱਤੇ ਯਹੋਵਾਹ ਹੀ ਪਾਤਸ਼ਾਹ ਹੋਵੇਗਾ, ਉਸ ਦਿਨ ਯਹੋਵਾਹ ਇੱਕੋ ਹੀ ਹੋਵੇਗਾ ਅਤੇ ਉਸ ਦਾ ਨਾਮ ਵੀ ਇੱਕ ਹੀ ਹੋਵੇਗਾ।”

20 ਯਹੋਵਾਹ ਅਤੇ ਮਸੀਹ ਦੇ ਸਿੰਘਾਸਣ ਵਿੱਚੋਂ ਲਗਾਤਾਰ ਵਗਣ ਵਾਲਾ “ਅੰਮ੍ਰਿਤ ਜਲ” ਜਾਂ “ਅੰਮ੍ਰਿਤ ਜਲ ਦੀ ਇੱਕ ਨਦੀ” ਯਹੋਵਾਹ ਵੱਲੋਂ ਇਨਸਾਨਾਂ ਨੂੰ ਸਦੀਪਕ ਜ਼ਿੰਦਗੀ ਦੇਣ ਦੇ ਪ੍ਰਬੰਧਾਂ ਨੂੰ ਦਰਸਾਉਂਦੀ ਹੈ। (ਪਰਕਾਸ਼ ਦੀ ਪੋਥੀ 22:1, 2) ਆਰਮਾਗੇਡਨ ਵਿੱਚੋਂ ਬਚ ਨਿਕਲਣ ਵਾਲੇ ਲੋਕਾਂ ਦੀ ਇਕ ਵੱਡੀ ਭੀੜ ਨੂੰ ਮੌਤ ਦੇ ਸਰਾਪ ਤੋਂ ਮੁਕਤ ਕੀਤਾ ਜਾਵੇਗਾ। ਮਰ ਚੁੱਕੇ ਲੋਕ ਵੀ ਜੀ ਉਠਾਏ ਜਾਣਗੇ। ਉਦੋਂ ਪੂਰੀ ਧਰਤੀ ਉੱਤੇ ਸਿਰਫ਼ ਯਹੋਵਾਹ ਦੀ ਹਕੂਮਤ ਹੋਵੇਗੀ। ਹਰ ਇਨਸਾਨ ਸਵੀਕਾਰ ਕਰੇਗਾ ਕਿ ਸਿਰਫ਼ ਯਹੋਵਾਹ ਹੀ ਸਰਬਸ਼ਕਤੀਮਾਨ ਹੈ ਅਤੇ ਸਿਰਫ਼ ਉਸ ਦੀ ਹੀ ਭਗਤੀ ਕੀਤੀ ਜਾਣੀ ਚਾਹੀਦੀ ਹੈ।

21. ਸਾਡਾ ਕੀ ਪੱਕਾ ਇਰਾਦਾ ਹੋਣਾ ਚਾਹੀਦਾ ਹੈ?

21 ਹੱਜਈ ਤੇ ਜ਼ਕਰਯਾਹ ਦੀਆਂ ਭਵਿੱਖਬਾਣੀਆਂ ਅਤੇ ਇਨ੍ਹਾਂ ਦੀ ਪੂਰਤੀ ਨੂੰ ਧਿਆਨ ਵਿਚ ਰੱਖਦਿਆਂ, ਸਾਨੂੰ ਰੂਹਾਨੀ ਹੈਕਲ ਵਿਚ ਉਹ ਕੰਮ ਕਰਦੇ ਰਹਿਣਾ ਚਾਹੀਦਾ ਹੈ ਜੋ ਯਹੋਵਾਹ ਨੇ ਸਾਨੂੰ ਦਿੱਤਾ ਹੈ। ਜਦੋਂ ਤਕ ਸਾਰੀ ਧਰਤੀ ਉੱਤੇ ਸੱਚੀ ਭਗਤੀ ਮੁਕੰਮਲ ਤੌਰ ਤੇ ਬੁਲੰਦ ਨਹੀਂ ਹੋ ਜਾਂਦੀ, ਉਦੋਂ ਤਕ ਆਓ ਆਪਾਂ ਯਹੋਵਾਹ ਦੇ ਰਾਜ ਨੂੰ ਪਹਿਲੀ ਥਾਂ ਦਿੰਦੇ ਰਹੀਏ। ਜ਼ਕਰਯਾਹ 8:9 ਸਾਨੂੰ ਹੌਸਲਾ ਦਿੰਦਾ ਹੈ: “ਤੁਹਾਡੇ ਹੱਥ ਤਕੜੇ ਹੋਣ, ਤੁਸੀਂ ਜੋ ਏਹ ਬਚਨ ਏਹਨਾਂ ਦਿਨਾਂ ਵਿੱਚ ਸੁਣਦੇ ਹੋ ਜਿਹੜੇ . . . ਨਬੀਆਂ ਦੇ ਮੂੰਹੋਂ ਨਿੱਕਲੇ ਸਨ।”

ਕੀ ਤੁਹਾਨੂੰ ਯਾਦ ਹੈ?

• ਹੱਜਈ ਅਤੇ ਜ਼ਕਰਯਾਹ ਦੀਆਂ ਪੋਥੀਆਂ ਅੱਜ ਸਾਡੇ ਲਈ ਕਿਉਂ ਮਾਅਨੇ ਰੱਖਦੀਆਂ ਹਨ?

• ਹੱਜਈ ਅਤੇ ਜ਼ਕਰਯਾਹ ਸਾਨੂੰ ਕਿਨ੍ਹਾਂ ਗੱਲਾਂ ਨੂੰ ਪਹਿਲ ਦੇਣ ਦੀ ਸਲਾਹ ਦਿੰਦੇ ਹਨ?

• ਹੱਜਈ ਅਤੇ ਜ਼ਕਰਯਾਹ ਦੀਆਂ ਪੋਥੀਆਂ ਤੋਂ ਸਾਨੂੰ ਭਵਿੱਖ ਬਾਰੇ ਕਿਹੜਾ ਭਰੋਸਾ ਮਿਲਦਾ ਹੈ?

[ਸਵਾਲ]

[ਸਫ਼ਾ 26 ਉੱਤੇ ਤਸਵੀਰ]

ਹੱਜਈ ਤੇ ਜ਼ਕਰਯਾਹ ਨੇ ਯਹੂਦੀਆਂ ਨੂੰ ਪੂਰੇ ਦਿਲ ਨਾਲ ਕੰਮ ਕਰਨ ਦਾ ਹੌਸਲਾ ਦਿੱਤਾ ਤਾਂਕਿ ਉਨ੍ਹਾਂ ਨੂੰ ਬਰਕਤਾਂ ਮਿਲਣ

[ਸਫ਼ਾ 27 ਉੱਤੇ ਤਸਵੀਰਾਂ]

ਕੀ ਤੁਸੀਂ ‘ਆਪੋ ਆਪਣੇ ਘਰ ਨੂੰ ਭੱਜ’ ਰਹੇ ਹੋ?

[ਸਫ਼ਾ 28 ਉੱਤੇ ਤਸਵੀਰ]

ਯਹੋਵਾਹ ਨੇ ਬਰਕਤ ਦੇਣ ਦਾ ਵਾਅਦਾ ਕੀਤਾ ਸੀ ਅਤੇ ਉਸ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ