ਨਾਂ ਤੋਂ ਜਾਣੇ ਜਾਣ ਦਾ ਹੱਕ
ਨਾਂ ਤੋਂ ਜਾਣੇ ਜਾਣ ਦਾ ਹੱਕ
ਹਰੇਕ ਇਨਸਾਨ ਦਾ ਇਹ ਹੱਕ ਹੈ ਕਿ ਉਸ ਦਾ ਇਕ ਨਾਂ ਹੋਵੇ। ਤਾਹੀਟੀ ਟਾਪੂ ਵਿਚ ਤਾਂ ਲਾਵਾਰਸ ਬੱਚਿਆਂ ਨੂੰ ਵੀ ਰਜਿਸਟਰੀ ਆਫ਼ਿਸ ਦੁਆਰਾ ਨਾਂ ਦਿੱਤਾ ਜਾਂਦਾ ਹੈ।
ਪਰ ਇਕ ਸ਼ਖ਼ਸ ਨੂੰ ਇਸ ਹੱਕ ਤੋਂ ਵਾਂਝਿਆ ਕੀਤਾ ਗਿਆ ਹੈ, ਜੋ ਹੱਕ ਦੁਨੀਆਂ ਭਰ ਵਿਚ ਤਕਰੀਬਨ ਹਰ ਇਨਸਾਨ ਨੂੰ ਦਿੱਤਾ ਜਾਂਦਾ ਹੈ। ਹੈਰਾਨੀ ਦੀ ਤਾਂ ਗੱਲ ਇਹ ਹੈ ਕਿ ਇਹ ਸ਼ਖ਼ਸ ਸਾਡਾ ਸਿਰਜਣਹਾਰ ਹੈ ਜਿਸ ਤੋਂ “ਅਕਾਸ਼ ਅਤੇ ਧਰਤੀ ਦਾ ਹਰ ਟਬਰ ਆਪਣਾ ਨਾਂ ਪ੍ਰਾਪਤ ਕਰਦਾ ਹੈ”! (ਅਫ਼ਸੀਆਂ 3:14, 15, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਹੁਤ ਸਾਰੇ ਲੋਕ ਬਾਈਬਲ ਵਿਚ ਲਿਖਿਆ ਪਰਮੇਸ਼ੁਰ ਦਾ ਨਾਂ ਵਰਤਣ ਤੋਂ ਜਾਣ-ਬੁੱਝ ਕੇ ਇਨਕਾਰ ਕਰਦੇ ਹਨ। ਉਸ ਦਾ ਨਾਂ ਲੈਣ ਦੀ ਬਜਾਇ ਉਹ “ਪਰਮੇਸ਼ੁਰ” ਜਾਂ “ਪ੍ਰਭੂ” ਜਾਂ “ਅਕਾਲ ਪੁਰਖ” ਇਸਤੇਮਾਲ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਤਾਂ ਫਿਰ, ਉਸ ਦਾ ਨਾਂ ਹੈ ਕੀ? ਜ਼ਬੂਰਾਂ ਦਾ ਇਕ ਲਿਖਾਰੀ ਇਸ ਸਵਾਲ ਦਾ ਜਵਾਬ ਦਿੰਦਾ ਹੈ: “ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!”—ਜ਼ਬੂਰਾਂ ਦੀ ਪੋਥੀ 83:18.
ਜਦ 19ਵੀਂ ਸਦੀ ਦੇ ਸ਼ੁਰੂ ਵਿਚ ਲੰਡਨ ਮਿਸ਼ਨਰੀ ਸੋਸਾਇਟੀ ਦੇ ਮਿਸ਼ਨਰੀ ਤਾਹੀਟੀ ਪਹੁੰਚੇ, ਤਾਂ ਤਾਹੀਟੀ ਦੇ ਲੋਕ ਕਈ ਵੱਖਰੇ-ਵੱਖਰੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ। ਹਰੇਕ ਦੇਵਤੇ ਦਾ ਆਪਣਾ-ਆਪਣਾ ਨਾਂ ਸੀ ਅਤੇ ਉਨ੍ਹਾਂ ਦੇ ਦੋ ਮੁੱਖ ਦੇਵਤਿਆਂ ਦੇ ਨਾਂ ਓਰੋ ਤੇ ਤਆਰੋਆ ਸਨ। ਤਾਹੀਟੀ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਉਣ ਲਈ ਕਿ ਬਾਈਬਲ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਦੇ ਦੇਵਤਿਆਂ ਤੋਂ ਵੱਖਰਾ ਹੈ, ਮਿਸ਼ਨਰੀਆਂ ਨੇ ਯਹੋਵਾਹ ਨਾਂ ਵਰਤਣਾ ਸ਼ੁਰੂ ਕਰ ਦਿੱਤਾ।
ਇਹ ਨਾਂ ਕਾਫ਼ੀ ਪ੍ਰਚਲਿਤ ਹੋ ਗਿਆ ਅਤੇ ਲੋਕ ਇਸ ਨੂੰ ਗੱਲਾਂ-ਬਾਤਾਂ ਕਰਦਿਆਂ ਅਤੇ ਚਿੱਠੀ-ਪੱਤਰ ਲਿਖਦਿਆਂ ਆਮ ਵਰਤਦੇ ਹੁੰਦੇ ਸਨ। ਉਸ ਸਮੇਂ ਤਾਹੀਟੀ ਦਾ ਰਾਜਾ ਪੋਮਾਰੇ ਦੂਜਾ ਸੀ ਅਤੇ ਉਹ ਆਪਣੀਆਂ ਚਿੱਠੀਆਂ ਵਗੈਰਾ ਵਿਚ ਪਰਮੇਸ਼ੁਰ ਦਾ ਨਾਂ ਅਕਸਰ ਵਰਤਦਾ ਹੁੰਦਾ ਸੀ। ਇਸ ਸਫ਼ੇ ਉੱਤੇ ਉਨ੍ਹਾਂ ਵਿੱਚੋਂ ਇਕ ਚਿੱਠੀ ਦੀ ਤਸਵੀਰ ਦਿੱਤੀ ਗਈ ਹੈ ਜੋ ਅੰਗ੍ਰੇਜ਼ੀ ਵਿਚ ਲਿਖੀ ਗਈ ਸੀ। ਇਹ ਚਿੱਠੀ ਤਾਹੀਟੀ ਟਾਪੂ ਦੇ ਇਕ ਮਿਊਜ਼ੀਅਮ ਵਿਚ ਰੱਖੀ ਗਈ ਹੈ। ਇਸ ਚਿੱਠੀ ਤੋਂ ਪਤਾ ਲੱਗਦਾ ਹੈ ਕਿ ਉਨ੍ਹੀਂ ਦਿਨੀਂ ਲੋਕ ਪਰਮੇਸ਼ੁਰ ਦਾ ਨਾਂ ਵਰਤਣ ਨੂੰ ਬੁਰਾ ਨਹੀਂ ਮੰਨਦੇ ਸਨ। ਹੋਰ ਤਾਂ ਹੋਰ, ਜਦੋਂ 1835 ਵਿਚ ਪਹਿਲੀ ਤਾਹੀਟੀ ਬਾਈਬਲ ਛਪੀ, ਤਾਂ ਉਸ ਵਿਚ ਹਜ਼ਾਰਾਂ ਵਾਰ ਪਰਮੇਸ਼ੁਰ ਦਾ ਨਾਂ ਵਰਤਿਆ ਗਿਆ ਸੀ।
[ਸਫ਼ਾ 32 ਉੱਤੇ ਤਸਵੀਰ]
ਰਾਜਾ ਪੋਮਾਰੇ ਦੂਜਾ
[ਸਫ਼ਾ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
King and letter: Collection du Musée de Tahiti et de ses Îles, Punaauia, Tahiti