Skip to content

Skip to table of contents

ਪਨਾਮਾ ਵਿਚ ਮੁਸ਼ਕਲਾਂ ਦੂਰ ਹੋਈਆਂ

ਪਨਾਮਾ ਵਿਚ ਮੁਸ਼ਕਲਾਂ ਦੂਰ ਹੋਈਆਂ

ਪਨਾਮਾ ਵਿਚ ਮੁਸ਼ਕਲਾਂ ਦੂਰ ਹੋਈਆਂ

“ਦੁਨੀਆਂ ਨੂੰ ਜੋੜਨ ਵਾਲਾ ਦੇਸ਼—ਪਨਾਮਾ।” ਕੁਝ 50 ਸਾਲ ਪਹਿਲਾਂ ਇਹ ਗੱਲ ਮੱਧ ਅਮਰੀਕਾ ਦੇ ਇਕ ਮਸ਼ਹੂਰ ਰੇਡੀਓ ਪ੍ਰੋਗ੍ਰਾਮ ਤੇ ਪਨਾਮਾ ਦੇਸ਼ ਬਾਰੇ ਕਹੀ ਗਈ ਸੀ। ਅੱਜ ਵੀ ਬਹੁਤ ਸਾਰੇ ਲੋਕ ਇਸ ਗੱਲ ਦੀ ਹਾਮੀ ਭਰਦੇ ਹਨ।

ਪਨਾਮਾ ਦੇਸ਼ ਇਕ ਪੁਲ ਦੀ ਤਰ੍ਹਾਂ ਉੱਤਰੀ ਤੇ ਦੱਖਣੀ ਅਮਰੀਕਾ ਨੂੰ ਆਪਸ ਵਿਚ ਜੋੜਦਾ ਹੈ। ਪਰ ਪਨਾਮਾ ਦੇਸ਼ ਵਿਚ “ਬ੍ਰਿਜ ਆਫ਼ ਦੀ ਅਮੈਰੀਕਾਸ” ਨਾਂ ਦਾ ਅਸਲੀ ਪੁਲ ਵੀ ਹੈ ਜੋ ਕਿ ਪਨਾਮਾ ਨਹਿਰ ਉੱਤੇ ਬਣਿਆ ਹੈ। ਪਨਾਮਾ ਦੇਸ਼ ਵਿੱਚੋਂ ਦੀ ਲੰਘਦੀ ਇਹ ਪਨਾਮਾ ਨਹਿਰ ਅੰਧ ਮਹਾਂਸਾਗਰ ਨੂੰ ਸ਼ਾਂਤ ਮਹਾਂਸਾਗਰ ਨਾਲ ਜੋੜਦੀ ਹੈ। ਇਹ ਨਹਿਰ ਵਿਸ਼ਵ ਦੇ ਮਹਾਨ ਇੰਜੀਨੀਅਰਿੰਗ ਅਜੂਬਿਆਂ ਵਿੱਚੋਂ ਇਕ ਹੈ। ਇਸ ਨਹਿਰ ਸਦਕਾ ਦੁਨੀਆਂ ਭਰ ਤੋਂ ਆਉਂਦੇ ਜਹਾਜ਼ ਇਕ ਮਹਾਂਸਾਗਰ ਤੋਂ ਦੂਸਰੇ ਮਹਾਂਸਾਗਰ ਤਕ ਦਾ ਆਪਣਾ ਸਫ਼ਰ ਹੁਣ ਕੁਝ ਹੀ ਘੰਟਿਆਂ ਵਿਚ ਤੈਅ ਕਰ ਸਕਦੇ ਹਨ ਜਦ ਕਿ ਪਹਿਲਾਂ ਉਨ੍ਹਾਂ ਨੂੰ ਕਈ-ਕਈ ਦਿਨ ਜਾਂ ਹਫ਼ਤੇ ਲੱਗ ਜਾਂਦੇ ਸਨ। ਜੀ ਹਾਂ, ਪਨਾਮਾ ਦੇਸ਼ ਵਾਕਈ ਇਕ ਪੁਲ ਦੀ ਤਰ੍ਹਾਂ ਹੈ ਜੋ ਦੁਨੀਆਂ ਦੇ ਕਈ ਦੇਸ਼ਾਂ ਨੂੰ ਆਪਸ ਵਿਚ ਜੋੜਦਾ ਹੈ।

ਵੰਨ-ਸੁਵੰਨੇ ਲੋਕਾਂ ਦਾ ਦੇਸ਼

ਇਸ ਸੋਹਣੇ ਦੇਸ਼ ਵਿਚ ਪਨਾਮਾ ਦੀਆਂ ਕਈ ਮੂਲ ਜਾਤੀਆਂ ਦੇ ਲੋਕਾਂ ਤੋਂ ਇਲਾਵਾ ਹੋਰਨਾਂ ਵੱਖ-ਵੱਖ ਦੇਸ਼ਾਂ ਤੇ ਪਿਛੋਕੜਾਂ ਦੇ ਲੋਕ ਵੀ ਰਹਿੰਦੇ ਹਨ। ਪਰ ਕੀ ਇਨ੍ਹਾਂ ਲੋਕਾਂ ਵਿਚ ਸਮਾਜਕ, ਸਭਿਆਚਾਰਕ, ਧਾਰਮਿਕ ਅਤੇ ਭਾਸ਼ਾਈ ਦੂਰੀਆਂ ਨੂੰ ਮਿਟਾਇਆ ਜਾ ਸਕਦਾ ਹੈ? ਕੀ ਪਰਮੇਸ਼ੁਰ ਦੇ ਬਚਨ ਦੁਆਰਾ ਇਨ੍ਹਾਂ ਲੋਕਾਂ ਦੇ ਮਕਸਦਾਂ ਤੇ ਸੋਚ ਨੂੰ ਇਕ ਕੀਤਾ ਜਾ ਸਕਦਾ ਹੈ?

ਹਾਂ, ਬਿਲਕੁਲ ਕੀਤਾ ਜਾ ਸਕਦਾ ਹੈ। ਅਫ਼ਸੀਆਂ 2:17, 18 ਵਿਚ ਦਰਜ ਪੌਲੁਸ ਰਸੂਲ ਦੇ ਸ਼ਬਦ ਇਸ ਗੱਲ ਦਾ ਸਬੂਤ ਦਿੰਦੇ ਹਨ। ਇਸ ਹਵਾਲੇ ਮੁਤਾਬਕ, ਪਹਿਲੀ ਸਦੀ ਵਿਚ ਯਹੂਦੀ ਮਸੀਹੀਆਂ ਤੇ ਹੋਰ ਕੌਮਾਂ ਦੇ ਮਸੀਹੀਆਂ ਨੂੰ ਮਸੀਹ ਦੇ ਬਲੀਦਾਨ ਦੁਆਰਾ ਇਕ ਕੀਤਾ ਗਿਆ ਸੀ। ਪੌਲੁਸ ਨੇ ਲਿਖਿਆ ਸੀ: “[ਯਿਸੂ] ਨੇ ਆਣ ਕੇ ਤੁਹਾਨੂੰ ਜਿਹੜੇ ਦੂਰ ਸਾਓ ਮਿਲਾਪ ਦੀ ਅਤੇ ਉਨ੍ਹਾਂ ਨੂੰ ਜਿਹੜੇ ਨੇੜੇ ਸਨ ਮਿਲਾਪ ਦੀ ਖ਼ੁਸ਼ ਖਬਰੀ ਸੁਣਾਈ। ਕਿਉਂ ਜੋ ਉਸੇ ਦੇ ਦੁਆਰਾ ਇੱਕੋ ਆਤਮਾ ਵਿੱਚ ਪਿਤਾ ਵੱਲ ਅਸਾਂ ਦੋਹਾਂ ਦੀ ਢੋਈ ਹੁੰਦੀ ਹੈ।”

ਇਸੇ ਤਰ੍ਹਾਂ ਅੱਜ ਯਹੋਵਾਹ ਦੇ ਗਵਾਹ ਪਨਾਮਾ ਵਿਚ ਵੱਖ-ਵੱਖ ਧਰਮਾਂ ਦੇ ਹੋਰਨਾਂ ਦੇਸ਼ਾਂ ਤੋਂ ਆਏ ਲੋਕਾਂ ਨੂੰ “ਮਿਲਾਪ ਦੀ ਖ਼ੁਸ਼ ਖ਼ਬਰੀ” ਸੁਣਾ ਰਹੇ ਹਨ। ਯਹੋਵਾਹ ਦੀ ਭਗਤੀ ਕਰਨ ਵਾਲਿਆਂ ਵਿਚ ਏਕਤਾ ਹੈ। ਇਹੀ ਕਾਰਨ ਹੈ ਕਿ ਪਨਾਮਾ ਵਿਚ ਛੇ ਭਾਸ਼ਾਵਾਂ ਦੀਆਂ ਕਲੀਸਿਯਾਵਾਂ ਸਥਾਪਿਤ ਕੀਤੀਆਂ ਗਈਆਂ ਹਨ ਤੇ ਇਹ ਭਾਸ਼ਾਵਾਂ ਹਨ ਸਪੇਨੀ, ਕੈਂਟਨੀਸ, ਪਨਾਮੀ ਸੈਨਤ ਭਾਸ਼ਾ, ਅੰਗ੍ਰੇਜ਼ੀ ਅਤੇ ਦੋ ਸਥਾਨਕ ਭਾਸ਼ਾਵਾਂ ਕੂਨਾ ਤੇ ਨਗੋਬੇਰੇ (ਗਵਾਈਮੀ)। ਆਓ ਆਪਾਂ ਦੇਖੀਏ ਕਿ ਇਹ ਵੱਖ-ਵੱਖ ਬੋਲੀਆਂ ਬੋਲਣ ਵਾਲੇ ਲੋਕ ਯਹੋਵਾਹ ਦੀ ਭਗਤੀ ਵਿਚ ਕਿਵੇਂ ਇਕ ਹੋਏ ਹਨ।

ਕੋਮਾਰਕਾ ਦੇ ਲੋਕਾਂ ਵਿਚ ਦੂਰੀਆਂ ਘਟੀਆਂ

ਪਨਾਮਾ ਦੀਆਂ ਅੱਠ ਮੂਲ ਜਾਤੀਆਂ ਵਿੱਚੋਂ ਨਗੋਬੇ ਜਾਤੀ ਵਿਚ ਸਭ ਤੋਂ ਜ਼ਿਆਦਾ ਲੋਕ ਹਨ। ਇਨ੍ਹਾਂ ਦੀ ਆਬਾਦੀ ਲਗਭਗ 1,70,000 ਹੈ। ਜ਼ਿਆਦਾਤਰ ਲੋਕ ਇਕ ਵਿਸ਼ਾਲ ਇਲਾਕੇ ਵਿਚ ਰਹਿੰਦੇ ਹਨ ਜੋ ਖ਼ਾਸਕਰ ਉਨ੍ਹਾਂ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਇਲਾਕੇ ਨੂੰ ਕੋਮਾਰਕਾ ਕਿਹਾ ਜਾਂਦਾ ਹੈ। ਇਸ ਦਾ ਕਾਫ਼ੀ ਸਾਰਾ ਹਿੱਸਾ ਜੰਗਲਾਂ ਨਾਲ ਢਕੇ ਉੱਚੇ-ਨੀਵੇਂ ਪਹਾੜਾਂ ਨਾਲ ਭਰਿਆ ਪਿਆ ਹੈ, ਜਿੱਥੇ ਸਿਰਫ਼ ਪੈਦਲ ਹੀ ਆਇਆ-ਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੋਮਾਰਕਾ ਵਿਚ ਕਈ ਸੋਹਣੀਆਂ ਤਟਵਰਤੀ ਥਾਵਾਂ ਵੀ ਹਨ ਜਿੱਥੇ ਸਿਰਫ਼ ਕਿਸ਼ਤੀ ਰਾਹੀਂ ਜਾਇਆ ਜਾ ਸਕਦਾ ਹੈ। ਜ਼ਿਆਦਾਤਰ ਪਿੰਡ ਨਦੀਆਂ ਜਾਂ ਸਮੁੰਦਰ ਦੇ ਕੰਢੇ ਵਸੇ ਹੋਏ ਹਨ। ਲੋਕ ਆਮ ਤੌਰ ਤੇ ਨਦੀਆਂ ਰਾਹੀਂ ਇਕ ਥਾਂ ਤੋਂ ਦੂਜੀ ਥਾਂ ਜਾਂਦੇ ਹਨ। ਕੋਮਾਰਕਾ ਦੇ ਜ਼ਿਆਦਾਤਰ ਲੋਕ ਖੇਤੀ-ਬਾੜੀ ਕਰ ਕੇ, ਮੱਛੀਆਂ ਫੜ ਕੇ ਜਾਂ ਪਹਾੜਾਂ ਵਿਚ ਕੌਫੀ ਦੀ ਖੇਤੀ ਕਰ ਕੇ ਆਪਣਾ ਗੁਜ਼ਾਰਾ ਤੋਰਦੇ ਹਨ। ਇੱਥੇ ਜ਼ਿਆਦਾਤਰ ਲੋਕ ਈਸਾਈ ਧਰਮ ਨੂੰ ਮੰਨਦੇ ਹਨ ਤੇ ਕੁਝ “ਮਾਮਾ ਟਾਟਾ” ਨਾਂ ਦੇ ਸਥਾਨਕ ਧਰਮ ਨੂੰ ਵੀ ਮੰਨਦੇ ਹਨ। ਕਈ ਬੀਮਾਰੀਆਂ ਦਾ ਇਲਾਜ ਕਰਾਉਣ ਤੇ ਭੂਤ-ਪ੍ਰੇਤਾਂ ਤੋਂ ਛੁਟਕਾਰਾ ਪਾਉਣ ਲਈ ਸੁਕੀਆਸ (ਸਿਆਣਿਆਂ) ਕੋਲ ਜਾਂਦੇ ਹਨ। ਭਾਵੇਂ ਕਈ ਲੋਕ ਸਪੇਨੀ ਭਾਸ਼ਾ ਬੋਲ ਲੈਂਦੇ ਹਨ, ਪਰ ਚੰਗੀ ਤਰ੍ਹਾਂ ਸਮਝੀ ਜਾਂਦੀ ਭਾਸ਼ਾ ਨਗੋਬੇਰੇ ਹੈ।

ਲੋਕਾਂ ਦੇ ਦਿਲਾਂ ਤਕ ਪਹੁੰਚਣ ਦਾ ਜਤਨ

ਯਹੋਵਾਹ ਦੇ ਗਵਾਹ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਰਮੇਸ਼ੁਰ ਦੇ ਬਚਨ ਦੀ ਸੱਚਾਈ ਕੁਝ ਇਸ ਤਰ੍ਹਾਂ ਸਿਖਾਈ ਜਾਣੀ ਚਾਹੀਦੀ ਹੈ ਕਿ ਇਹ ਸਿਰਫ਼ ਲੋਕਾਂ ਦੇ ਦਿਮਾਗ਼ਾਂ ਤੇ ਹੀ ਨਹੀਂ, ਬਲਕਿ ਦਿਲਾਂ ਤੇ ਵੀ ਅਸਰ ਕਰੇ। ਜਦ ਸੱਚਾਈ ਉਨ੍ਹਾਂ ਦੇ ਦਿਲ ਵਿਚ ਘਰ ਕਰ ਜਾਵੇਗੀ, ਤਾਂ ਉਹ ਖ਼ੁਦ-ਬ-ਖ਼ੁਦ ਪਰਮੇਸ਼ੁਰ ਦੇ ਰਸਤੇ ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਲਈ ਕੋਮਾਰਕਾ ਦੇ ਅੱਠ ਵੱਖ-ਵੱਖ ਹਿੱਸਿਆਂ ਵਿਚ ਭੇਜੇ ਗਏ ਸਪੈਸ਼ਲ ਪਾਇਨੀਅਰਾਂ ਨੇ ਸਥਾਨਕ ਭੈਣਾਂ-ਭਰਾਵਾਂ ਦੀ ਮਦਦ ਨਾਲ ਨਗੋਬੇਰੇ ਭਾਸ਼ਾ ਬੋਲਣੀ ਸਿੱਖੀ।

ਇਸ ਇਲਾਕੇ ਵਿਚ ਹੁਣ ਤਕ 14 ਕਲੀਸਿਯਾਵਾਂ ਬਣ ਚੁੱਕੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਸੱਚੇ ਪਰਮੇਸ਼ੁਰ ਬਾਰੇ ਜਾਣਨ ਲਈ ਕਿੰਨੇ ਉਤਸੁਕ ਹਨ। ਮਿਸਾਲ ਲਈ, ਡੀਮਾਸ ਤੇ ਉਸ ਦੀ ਪਤਨੀ ਹਿਜ਼ੈਲਾ ਸਪੈਸ਼ਲ ਪਾਇਨੀਅਰ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਤਟਵਰਤੀ ਇਲਾਕੇ ਟੋਬੋਬੀ ਦੀ ਇਕ ਛੋਟੀ ਜਿਹੀ ਕਲੀਸਿਯਾ ਵਿਚ ਸੇਵਾ ਕਰਨ ਲਈ ਭੇਜਿਆ ਗਿਆ ਸੀ ਜਿਸ ਵਿਚ ਲਗਭਗ 40 ਪ੍ਰਕਾਸ਼ਕ ਸਨ। ਡੀਮਾਸ ਤੇ ਹਿਜ਼ੈਲਾ ਨੂੰ ਅਕਸਰ ਅੰਧ ਮਹਾਂਸਾਗਰ ਦੇ ਤਟੀ ਇਲਾਕਿਆਂ ਵਿਚ ਰਹਿ ਰਹੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਛੋਟੀ ਜਿਹੀ ਕਿਸ਼ਤੀ ਵਿਚ ਸਫ਼ਰ ਕਰਨਾ ਪੈਂਦਾ ਸੀ। ਉਨ੍ਹਾਂ ਲਈ ਕਿਸ਼ਤੀ ਚਲਾਉਣੀ ਕੋਈ ਆਸਾਨ ਕੰਮ ਨਹੀਂ ਸੀ। ਜਲਦ ਹੀ ਇਨ੍ਹਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਸਮੁੰਦਰ ਦੀਆਂ ਸ਼ਾਂਤ ਲਹਿਰਾਂ ਪਲ-ਭਰ ਵਿਚ ਹੀ ਤੂਫ਼ਾਨੀ ਲਹਿਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਸਨ। ਇਕ ਪਿੰਡ ਤੋਂ ਦੂਜੇ ਪਿੰਡ ਜਾਣ ਲਈ ਚੱਪੂ ਚਲਾ-ਚਲਾ ਕੇ ਉਨ੍ਹਾਂ ਦੀਆਂ ਬਾਹਾਂ ਤੇ ਪਿੱਠ ਜਵਾਬ ਦੇ ਜਾਂਦੀਆਂ ਸਨ। ਉਨ੍ਹਾਂ ਲਈ ਟੋਬੋਬੀ ਦੀ ਬੋਲੀ ਸਿੱਖਣੀ ਇਕ ਹੋਰ ਮੁਸ਼ਕਲ ਕੰਮ ਸੀ। ਪਰ ਸਾਲ 2001 ਵਿਚ ਉਨ੍ਹਾਂ ਨੂੰ ਆਪਣੀ ਲਗਨ ਤੇ ਮਿਹਨਤ ਦਾ ਫਲ ਮਿਲਿਆ ਜਦ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ 552 ਜਣੇ ਹਾਜ਼ਰ ਹੋਏ।

ਟੋਬੋਬੀ ਨਾਲ ਲੱਗਦੀ ਖਾੜੀ ਦੇ ਦੂਸਰੇ ਪਾਸੇ ਪੁਨਟਾ ਇਸਕੋਨਡੀਡਾ ਪਿੰਡ ਹੈ। ਮੌਸਮ ਠੀਕ ਹੋਣ ਤੇ ਉੱਥੇ ਦੇ ਭੈਣ-ਭਰਾ ਬਾਕਾਇਦਾ ਕਿਸ਼ਤੀ ਚਲਾ ਕੇ ਟੋਬੋਬੀ ਵਿਚ ਮੀਟਿੰਗਾਂ ਲਈ ਆਉਂਦੇ ਸਨ। ਪੁਨਟਾ ਇਸਕੋਨਡੀਡਾ ਵਿਚ ਪਰਮੇਸ਼ੁਰ ਦੇ ਰਾਜ ਦੇ ਪ੍ਰਚਾਰ ਪ੍ਰਤੀ ਲੋਕਾਂ ਦੇ ਭਰਵੇਂ ਹੁੰਗਾਰੇ ਤੋਂ ਪਤਾ ਲੱਗਦਾ ਸੀ ਕਿ ਜਲਦੀ ਇੱਥੇ ਵੀ ਇਕ ਕਲੀਸਿਯਾ ਬਣਾਉਣੀ ਪਵੇਗੀ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਡੀਮਾਸ ਤੇ ਹਿਜ਼ੈਲਾ ਨੂੰ ਪੁਨਟਾ ਇਸਕੋਨਡੀਡਾ ਜਾਣ ਲਈ ਕਿਹਾ ਗਿਆ। ਦੋ ਸਾਲਾਂ ਦੇ ਅੰਦਰ-ਅੰਦਰ ਇਸ ਪਿੰਡ ਵਿਚ 28 ਜੋਸ਼ੀਲੇ ਪ੍ਰਕਾਸ਼ਕਾਂ ਦੀ ਨਵੀਂ ਕਲੀਸਿਯਾ ਸਥਾਪਿਤ ਹੋ ਗਈ। ਹਰ ਹਫ਼ਤੇ ਪਬਲਿਕ ਭਾਸ਼ਣ ਲਈ ਔਸਤਨ 114 ਜਣੇ ਆਉਂਦੇ ਹਨ। ਸਾਲ 2004 ਵਿਚ ਇਸ ਨਵੀਂ ਕਲੀਸਿਯਾ ਦਾ ਹੌਸਲਾ ਹੋਰ ਵੀ ਬੁਲੰਦ ਹੋਇਆ ਜਦ ਮਸੀਹ ਦੀ ਮੌਤ ਦੀ ਯਾਦਗਾਰ ਮਨਾਉਣ ਲਈ 458 ਜਣੇ ਹਜ਼ਾਰ ਹੋਏ।

ਅਨਪੜ੍ਹ ਵੀ ਸਿੱਖੇ ਪੜ੍ਹਨਾ-ਲਿਖਣਾ

ਕਈ ਨੇਕਦਿਲ ਲੋਕਾਂ ਨੇ ਪੜ੍ਹਨਾ-ਲਿਖਣਾ ਸਿੱਖਿਆ ਜਿਸ ਦੀ ਬਦੌਲਤ ਉਹ ਯਹੋਵਾਹ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰ ਸਕੇ ਹਨ। ਇਹ ਗੱਲ ਕੋਮਾਰਕਾ ਦੇ ਪਹਾੜੀ ਇਲਾਕੇ ਵਿਚ ਰਹਿਣ ਵਾਲੀ ਫੇਰਮੀਨਾ ਨਾਂ ਦੀ ਔਰਤ ਬਾਰੇ ਸੱਚ ਸਾਬਤ ਹੋਈ। ਜਦੋਂ ਮਿਸ਼ਨਰੀਆਂ ਨੇ ਫੇਰਮੀਨਾ ਨੂੰ ਪ੍ਰਚਾਰ ਕੀਤਾ, ਤਾਂ ਫੇਰਮੀਨਾ ਨੇ ਉਨ੍ਹਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ। ਜਦ ਉਨ੍ਹਾਂ ਨੇ ਉਸ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕੀਤੀ, ਤਾਂ ਉਸ ਨੇ ਕਿਹਾ, “ਹਾਂ, ਮੈਂ ਹੋਰ ਸਿੱਖਣਾ ਚਾਹੁੰਦੀ ਹਾਂ।” ਪਰ ਉਨ੍ਹਾਂ ਸਾਮ੍ਹਣੇ ਇਕ ਮੁਸ਼ਕਲ ਸੀ। ਫੇਰਮੀਨਾ ਸਪੇਨੀ ਤੇ ਨਗੋਬੇਰੇ ਬੋਲ ਲੈਂਦੀ ਸੀ, ਪਰ ਉਹ ਇਹ ਦੋਵੇਂ ਭਾਸ਼ਾਵਾਂ ਪੜ੍ਹ-ਲਿਖ ਨਹੀਂ ਸਕਦੀ ਸੀ। ਇਕ ਮਿਸ਼ਨਰੀ ਨੇ ਉਸ ਨੂੰ ਲਗਨ ਨਾਲ ਪੜ੍ਹਨਾ ਅਤੇ ਲਿਖਣਾ * (ਅੰਗ੍ਰੇਜ਼ੀ) ਬਰੋਸ਼ਰ ਤੋਂ ਪੜ੍ਹਨਾ-ਲਿਖਣਾ ਸਿਖਾਉਣ ਦੀ ਪੇਸ਼ਕਸ਼ ਕੀਤੀ।

ਫੇਰਮੀਨਾ ਇਕ ਬਹੁਤ ਹੀ ਚੰਗੀ ਵਿਦਿਆਰਥਣ ਸਾਬਤ ਹੋਈ। ਉਹ ਹਰ ਪਾਠ ਦੀ ਚੰਗੀ ਤਰ੍ਹਾਂ ਤਿਆਰੀ ਕਰਦੀ ਸੀ ਅਤੇ ਬੜੀ ਮਿਹਨਤ ਤੇ ਲਗਨ ਨਾਲ ਆਪਣਾ ਸਾਰਾ ਹੋਮਵਰਕ ਕਰਦੀ ਸੀ। ਇਕ ਸਾਲ ਦੇ ਅੰਦਰ-ਅੰਦਰ ਹੀ ਉਸ ਨੇ ਇਸ ਹੱਦ ਤਕ ਪੜ੍ਹਨਾ-ਲਿਖਣਾ ਸਿੱਖ ਲਿਆ ਕਿ ਉਸ ਨੇ ਤੁਸੀਂ ਪਰਮੇਸ਼ੁਰ ਨਾਲ ਦੋਸਤੀ ਕਰ ਸਕਦੇ ਹੋ! * ਬਰੋਸ਼ਰ ਦੀ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਜਦ ਮੀਟਿੰਗਾਂ ਦਾ ਪ੍ਰਬੰਧ ਕੀਤਾ ਗਿਆ, ਤਾਂ ਉਹ ਮੀਟਿੰਗਾਂ ਵਿਚ ਵੀ ਆਉਣ ਲੱਗ ਪਈ। ਪਰ ਉਸ ਦਾ ਪਰਿਵਾਰ ਬਹੁਤ ਗ਼ਰੀਬ ਸੀ ਜਿਸ ਕਰਕੇ ਉਸ ਲਈ ਆਪਣੇ ਬੱਚਿਆਂ ਨਾਲ ਮੀਟਿੰਗਾਂ ਵਿਚ ਆਉਣ-ਜਾਣ ਲਈ ਬੱਸ ਦਾ ਕਿਰਾਇਆ ਕੱਢਣਾ ਮੁਸ਼ਕਲ ਸੀ। ਇਕ ਪਾਇਨੀਅਰ ਉਸ ਦੀ ਮੁਸ਼ਕਲ ਤੋਂ ਚੰਗੀ ਤਰ੍ਹਾਂ ਵਾਕਫ਼ ਸੀ। ਉਸ ਨੇ ਫੇਰਮੀਨਾ ਨੂੰ ਸਲਾਹ ਦਿੱਤੀ ਕਿ ਕਿਉਂ ਨਾ ਉਹ ਨਗੋਬੇ ਔਰਤਾਂ ਦੀਆਂ ਰਵਾਇਤੀ ਪੁਸ਼ਾਕਾਂ ਬਣਾ ਕੇ ਵੇਚੇ। ਫੇਰਮੀਨਾ ਨੇ ਇਹੋ ਹੀ ਕੀਤਾ। ਭਾਵੇਂ ਉਸ ਦੀਆਂ ਘਰ ਦੀਆਂ ਜ਼ਰੂਰਤਾਂ ਬਹੁਤੇਰੀਆਂ ਸਨ, ਫਿਰ ਵੀ ਉਹ ਜੋ ਕੁਝ ਕਮਾਉਂਦੀ ਸੀ ਉਸ ਨੂੰ ਮੀਟਿੰਗਾਂ ਵਿਚ ਆਉਣ-ਜਾਣ ਦੇ ਕਿਰਾਏ ਲਈ ਵੱਖ ਰੱਖ ਲੈਂਦੀ ਸੀ। ਉਹ ਆਪਣੇ ਪਰਿਵਾਰ ਨਾਲ ਹੁਣ ਕਿਸੇ ਹੋਰ ਜਗ੍ਹਾ ਰਹਿੰਦੀ ਹੈ ਅਤੇ ਅਧਿਆਤਮਿਕ ਤੌਰ ਤੇ ਚੰਗੀ ਤਰੱਕੀ ਕਰ ਰਹੀ ਹੈ। ਉਸ ਦਾ ਪਰਿਵਾਰ ਖ਼ੁਸ਼ ਹੈ ਕਿ ਫੇਰਮੀਨਾ ਹੁਣ ਪੜ੍ਹ-ਲਿਖ ਸਕਦੀ ਹੈ, ਪਰ ਇਸ ਤੋਂ ਵੀ ਜ਼ਿਆਦਾ ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਹ ਯਹੋਵਾਹ ਪਰਮੇਸ਼ੁਰ ਨੂੰ ਜਾਣ ਗਏ ਹਨ।

ਬੋਲ਼ਿਆਂ ਤਕ ਵੀ ਪਰਮੇਸ਼ੁਰ ਦਾ ਸੰਦੇਸ਼ ਪਹੁੰਚਿਆ

ਪਨਾਮਾ ਵਿਚ ਅਜਿਹੇ ਕਈ ਪਰਿਵਾਰ ਹਨ ਜਿਨ੍ਹਾਂ ਦੇ ਕੁਝ ਮੈਂਬਰ ਬੋਲ਼ੇ ਹਨ ਤੇ ਉਹ ਇਸ ਗੱਲ ਤੇ ਸ਼ਰਮਿੰਦਗੀ ਮਹਿਸੂਸ ਕਰਦੇ ਹਨ। ਕਈ ਵਾਰ ਤਾਂ ਬੋਲ਼ਿਆਂ ਨੂੰ ਹਰ ਤਰ੍ਹਾਂ ਦੀ ਤਾਲੀਮ ਤੋਂ ਵਾਂਝਾ ਰੱਖਿਆ ਜਾਂਦਾ ਹੈ। ਉਨ੍ਹਾਂ ਨਾਲ ਗੱਲ ਕਰਨੀ ਔਖੀ ਹੋਣ ਕਰਕੇ ਲੋਕ ਉਨ੍ਹਾਂ ਨਾਲ ਗੱਲ ਨਹੀਂ ਕਰਦੇ, ਇਸ ਕਰਕੇ ਬੋਲ਼ੇ ਲੋਕ ਆਪਣੇ ਆਪ ਨੂੰ ਬਹੁਤ ਇਕੱਲੇ ਮਹਿਸੂਸ ਕਰਦੇ ਹਨ।

ਇਹ ਗੱਲ ਸਾਫ਼ ਸੀ ਕਿ ਇਨ੍ਹਾਂ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਕੁਝ ਨਾ ਕੁਝ ਕੀਤਾ ਜਾਣਾ ਚਾਹੀਦਾ ਸੀ। ਸਫ਼ਰੀ ਨਿਗਾਹਬਾਨ ਦੀ ਹੱਲਾਸ਼ੇਰੀ ਨਾਲ ਕੁਝ ਪਾਇਨੀਅਰਾਂ ਤੇ ਕਈ ਹੋਰ ਭੈਣਾਂ-ਭਰਾਵਾਂ ਨੇ ਪਨਾਮੀ ਸੈਨਤ ਭਾਸ਼ਾ ਸਿੱਖਣ ਦਾ ਇਰਾਦਾ ਕੀਤਾ। ਉਨ੍ਹਾਂ ਦੀ ਮਿਹਨਤ ਰੰਗ ਲਿਆਈ।

ਸਾਲ 2001 ਦੇ ਅੰਤ ਵਿਚ ਪਨਾਮਾ ਸ਼ਹਿਰ ਵਿਚ ਸੈਨਤ ਭਾਸ਼ਾ ਦਾ ਇਕ ਗਰੁੱਪ ਸ਼ੁਰੂ ਕੀਤਾ ਗਿਆ। ਮੀਟਿੰਗਾਂ ਵਿਚ ਤਕਰੀਬਨ 20 ਜਣੇ ਹਾਜ਼ਰ ਹੁੰਦੇ ਸਨ। ਭੈਣਾਂ-ਭਰਾਵਾਂ ਨੇ ਇਹ ਭਾਸ਼ਾ ਚੰਗੀ ਤਰ੍ਹਾਂ ਸਿੱਖੀ ਤੇ ਪਹਿਲੀ ਵਾਰੀ ਬੋਲ਼ਿਆਂ ਤਕ ਸੈਨਤ ਭਾਸ਼ਾ ਵਿਚ ਪਰਮੇਸ਼ੁਰ ਦੇ ਬਚਨ ਦੀ ਖ਼ੁਸ਼ ਖ਼ਬਰੀ ਪਹੁੰਚਾਈ। ਕਈ ਗਵਾਹ ਜਿਨ੍ਹਾਂ ਦੇ ਬੱਚੇ ਬੋਲ਼ੇ ਹਨ, ਵੀ ਇਨ੍ਹਾਂ ਮੀਟਿੰਗਾਂ ਵਿਚ ਆਉਣ ਲੱਗ ਪਏ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਬੱਚੇ ਬਾਈਬਲ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਰਹੇ ਸਨ ਅਤੇ ਉਨ੍ਹਾਂ ਵਿਚ ਨਵਾਂ ਉਤਸ਼ਾਹ ਪੈਦਾ ਹੋ ਰਿਹਾ ਸੀ। ਮਾਪਿਆਂ ਨੇ ਵੀ ਸੈਨਤ ਭਾਸ਼ਾ ਸਿੱਖੀ ਤਾਂਕਿ ਉਹ ਆਪਣੇ ਬੱਚਿਆਂ ਨਾਲ ਗੱਲਬਾਤ ਕਰ ਸਕਣ। ਇਸ ਤਰ੍ਹਾਂ ਉਹ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਬਾਰੇ ਸਿਖਾ ਸਕੇ ਤੇ ਉਨ੍ਹਾਂ ਦਾ ਪਰਿਵਾਰ ਅੱਗੇ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਇਆ। ਐਲਸਾ ਅਤੇ ਉਸ ਦੀ ਧੀ ਇਰਾਇਡਾ ਦੀ ਮਿਸਾਲ ਲੈ ਲਓ।

ਸੈਨਤ ਭਾਸ਼ਾ ਸਿੱਖ ਰਹੀ ਇਕ ਭੈਣ ਨੂੰ ਇਰਾਇਡਾ ਬਾਰੇ ਪਤਾ ਲੱਗਾ ਤੇ ਉਹ ਉਸ ਨੂੰ ਮਿਲਣ ਗਈ। ਉਸ ਨੇ ਇਰਾਇਡਾ ਨੂੰ ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ! * ਬਰੋਸ਼ਰ ਦਿੱਤਾ। ਬਰੋਸ਼ਰ ਵਿਚ ਜੋ ਨਵੇਂ ਸੰਸਾਰ ਬਾਰੇ ਤਸਵੀਰਾਂ ਸਨ, ਉਨ੍ਹਾਂ ਤੋਂ ਇਰਾਇਡਾ ਨੇ ਕਾਫ਼ੀ ਕੁਝ ਸਿੱਖਿਆ ਅਤੇ ਬਹੁਤ ਖ਼ੁਸ਼ ਹੋਈ। ਭੈਣ ਨੇ ਇਸ ਬਰੋਸ਼ਰ ਵਿੱਚੋਂ ਇਰਾਇਡਾ ਨੂੰ ਸਟੱਡੀ ਕਰਾਉਣੀ ਸ਼ੁਰੂ ਕਰ ਦਿੱਤੀ। ਇਸ ਬਰੋਸ਼ਰ ਨੂੰ ਖ਼ਤਮ ਕਰਨ ਤੋਂ ਬਾਅਦ ਭੈਣ ਨੇ ਇਰਾਇਡਾ ਨਾਲ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? * ਬਰੋਸ਼ਰ ਵਿੱਚੋਂ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਸਟੱਡੀ ਦੀ ਤਿਆਰੀ ਕਰਦੇ ਵੇਲੇ ਪਾਠ ਨੂੰ ਸਮਝਣ ਲਈ ਇਰਾਇਡਾ ਨੇ ਆਪਣੀ ਮਾਂ ਕੋਲੋਂ ਮਦਦ ਮੰਗੀ।

ਇਰਾਇਡਾ ਦੀ ਮਾਂ ਐਲਸਾ ਦੇ ਸਾਮ੍ਹਣੇ ਦੋ ਮੁਸ਼ਕਲਾਂ ਸਨ, ਇਕ ਤਾਂ ਉਹ ਯਹੋਵਾਹ ਦੀ ਗਵਾਹ ਨਹੀਂ ਸੀ ਜਿਸ ਕਰਕੇ ਉਸ ਨੂੰ ਬਾਈਬਲ ਬਾਰੇ ਸਹੀ ਗਿਆਨ ਨਹੀਂ ਸੀ ਤੇ ਦੂਜੀ ਉਸ ਨੂੰ ਸੈਨਤ ਭਾਸ਼ਾ ਨਹੀਂ ਆਉਂਦੀ ਸੀ। ਕਈ ਲੋਕਾਂ ਨੇ ਉਸ ਨੂੰ ਕਿਹਾ ਸੀ ਕਿ ਜੇ ਉਹ ਸੈਨਤ ਭਾਸ਼ਾ ਵਿਚ ਆਪਣੀ ਧੀ ਨਾਲ ਗੱਲਾਂ ਕਰੇਗੀ, ਤਾਂ ਉਸ ਦੀ ਧੀ ਕਦੀ ਵੀ ਬੋਲਣਾ ਨਹੀਂ ਸਿੱਖੇਗੀ। ਇਸ ਲਈ ਮਾਵਾਂ-ਧੀਆਂ ਘੱਟ ਹੀ ਆਪਸ ਵਿਚ ਗੱਲ ਕਰ ਸਕਦੀਆਂ ਸਨ। ਪਰ ਜਦੋਂ ਐਲਸਾ ਦੀ ਧੀ ਨੇ ਉਸ ਕੋਲੋਂ ਮਦਦ ਮੰਗੀ, ਤਾਂ ਐਲਸਾ ਨੇ ਕਲੀਸਿਯਾ ਦੀ ਇਕ ਭੈਣ ਨੂੰ ਉਸ ਨਾਲ ਸਟੱਡੀ ਕਰਨ ਲਈ ਕਿਹਾ। ਐਲਸਾ ਕਹਿੰਦੀ ਹੈ: “ਮੈਂ ਆਪਣੀ ਧੀ ਦੀ ਖ਼ਾਤਰ ਸਟੱਡੀ ਲਈ ਦਰਖ਼ਾਸਤ ਕੀਤੀ। ਮੈਂ ਉਸ ਨੂੰ ਪਹਿਲਾਂ ਕਦੇ ਇੰਨਾ ਖ਼ੁਸ਼ ਨਹੀਂ ਦੇਖਿਆ।” ਐਲਸਾ ਵੀ ਆਪਣੀ ਧੀ ਨਾਲ ਮਿਲ ਕੇ ਸਟੱਡੀ ਕਰਨ ਲੱਗ ਪਈ ਅਤੇ ਉਸ ਨੇ ਸੈਨਤ ਭਾਸ਼ਾ ਵੀ ਸਿੱਖੀ। ਐਲਸਾ ਆਪਣੀ ਧੀ ਨਾਲ ਜ਼ਿਆਦਾ ਸਮਾਂ ਬਿਤਾਉਣ ਲੱਗ ਪਈ ਅਤੇ ਉਹ ਆਪਸ ਵਿਚ ਬਹੁਤ ਸਾਰੀਆਂ ਗੱਲਾਂ-ਬਾਤਾਂ ਕਰਨ ਲੱਗ ਪਈਆਂ। ਇਰਾਇਡਾ ਨੇ ਗ਼ਲਤ ਕਿਸਮ ਦੀਆਂ ਸਹੇਲੀਆਂ ਨਾਲ ਮਿਲਣਾ-ਗਿਲਣਾ ਛੱਡ ਦਿੱਤਾ ਅਤੇ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਜ਼ਿਆਦਾ ਮੇਲ-ਜੋਲ ਰੱਖਣ ਲੱਗ ਪਈ। ਹੁਣ ਦੋਵੇਂ ਮਾਵਾਂ-ਧੀਆਂ ਬਾਕਾਇਦਾ ਮੀਟਿੰਗਾਂ ਵਿਚ ਆਉਂਦੀਆਂ ਹਨ। ਐਲਸਾ ਨੇ ਹਾਲ ਹੀ ਵਿਚ ਬਪਤਿਸਮਾ ਲਿਆ ਤੇ ਇਰਾਇਡਾ ਵੀ ਬਪਤਿਸਮਾ ਲੈਣ ਵੱਲ ਕਦਮ ਵਧਾ ਰਹੀ ਹੈ। ਐਲਸਾ ਕਹਿੰਦੀ ਹੈ ਕਿ “ਜ਼ਿੰਦਗੀ ਵਿਚ ਪਹਿਲੀ ਵਾਰੀ ਮੈਂ ਆਪਣੀ ਧੀ ਨੂੰ ਜਾਣਿਆ ਤੇ ਹੁਣ ਅਸੀਂ ਦੋਵੇਂ ਇਕ-ਦੂਜੇ ਨਾਲ ਦਿਲ ਖੋਲ੍ਹ ਕੇ ਗੱਲਾਂ ਕਰ ਸਕਦੀਆਂ ਹਾਂ।”

ਅਪ੍ਰੈਲ 2003 ਵਿਚ ਸੈਨਤ ਭਾਸ਼ਾ ਦਾ ਗਰੁੱਪ ਇਕ ਕਲੀਸਿਯਾ ਬਣ ਗਿਆ ਅਤੇ ਹੁਣ ਇਸ ਵਿਚ ਲਗਭਗ 50 ਪ੍ਰਕਾਸ਼ਕ ਹਨ, ਪਰ ਮੀਟਿੰਗਾਂ ਵਿਚ ਇਸ ਤੋਂ ਵੀ ਜ਼ਿਆਦਾ ਜਣੇ ਆਉਂਦੇ ਹਨ। ਕਲੀਸਿਯਾ ਦੇ ਪ੍ਰਕਾਸ਼ਕਾਂ ਦਾ ਇਕ ਤਿਹਾਈ ਹਿੱਸਾ ਬੋਲ਼ਾ ਹੈ। ਪਨਾਮਾ ਸ਼ਹਿਰ ਤੋਂ ਇਲਾਵਾ ਤਿੰਨ ਹੋਰ ਸ਼ਹਿਰਾਂ ਵਿਚ ਸੈਨਤ ਭਾਸ਼ਾ ਦੇ ਗਰੁੱਪ ਸ਼ੁਰੂ ਹੋਏ ਹਨ। ਹਾਂ, ਇਹ ਸੱਚ ਹੈ ਕਿ ਅਜੇ ਬਹੁਤ ਸਾਰੇ ਬੋਲ਼ਿਆਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣੀ ਬਾਕੀ ਹੈ, ਪਰ ਗਵਾਹਾਂ ਨੇ ਸੈਨਤ ਭਾਸ਼ਾ ਸਿੱਖ ਕੇ ਸੱਚੇ ਪਰਮੇਸ਼ੁਰ ਯਹੋਵਾਹ ਤੋਂ ਉਨ੍ਹਾਂ ਦੀ ਦੂਰੀ ਖ਼ਤਮ ਕਰਨ ਵੱਲ ਅਹਿਮ ਕਦਮ ਵਧਾਇਆ ਹੈ।

ਪੂਰੇ ਪਨਾਮਾ ਦੇਸ਼ ਵਿਚ ਪ੍ਰਚਾਰ ਕੰਮ ਦੇ ਵਧੀਆ ਨਤੀਜੇ ਨਿਕਲ ਰਹੇ ਹਨ। ਭਾਵੇਂ ਇੱਥੇ ਦੇ ਲੋਕ ਵੱਖ-ਵੱਖ ਸਭਿਆਚਾਰਾਂ, ਬੋਲੀਆਂ ਅਤੇ ਪਿਛੋਕੜਾਂ ਦੇ ਹਨ, ਪਰ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਇਕ ਹੋ ਕੇ ਸੱਚੇ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ। ‘ਦੁਨੀਆਂ ਨੂੰ ਜੋੜਨ ਵਾਲੇ ਇਸ ਦੇਸ਼’ ਵਿਚ ਯਹੋਵਾਹ ਦਾ ਬਚਨ ਲੋਕਾਂ ਨੂੰ ਇਕ ਕਰ ਰਿਹਾ ਹੈ।—ਅਫ਼ਸੀਆਂ 4:4.

[ਫੁਟਨੋਟ]

^ ਪੈਰਾ 15 ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

^ ਪੈਰਾ 16 ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

^ ਪੈਰਾ 21 ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

^ ਪੈਰਾ 21 ਇਹ ਬਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

[ਸਫ਼ਾ 8 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਕੈਰੀਬੀਅਨ ਮਹਾਂਸਾਗਰ

ਪਨਾਮਾ

ਟੋਬੋਬੀ

ਸ਼ਾਂਤ ਮਹਾਂਸਾਗਰ

ਪਨਾਮਾ ਨਹਿਰ

[ਸਫ਼ਾ 8 ਉੱਤੇ ਤਸਵੀਰ]

ਬੁਣੇ ਹੋਏ ਸਜਾਵਟੀ ਕੱਪੜੇ ਫੜੀ ਕੂਨਾ ਤੀਵੀਆਂ

[ਸਫ਼ਾ 9 ਉੱਤੇ ਤਸਵੀਰ]

ਇਕ ਮਿਸ਼ਨਰੀ ਨਗੋਬੇ ਔਰਤ ਨੂੰ ਪ੍ਰਚਾਰ ਕਰਦੀ ਹੋਈ

[ਸਫ਼ਾ 10 ਉੱਤੇ ਤਸਵੀਰ]

ਨਗੋਬੇ ਦੇ ਕੁਝ ਗਵਾਹ ਖ਼ਾਸ ਸੰਮੇਲਨ ਦਿਨ ਤੇ ਜਾਣ ਲਈ ਬੇੜੀ ਵਿਚ ਚੜ੍ਹਦੇ ਹੋਏ

[ਸਫ਼ਾ 11 ਉੱਤੇ ਤਸਵੀਰਾਂ]

ਪਨਾਮਾ ਵਿਚ ਬਾਈਬਲ ਦਾ ਗਿਆਨ ਲੋਕਾਂ ਵਿਚ ਸਭਿਆਚਾਰਕ ਤੇ ਭਾਸ਼ਾਈ ਦੂਰੀਆਂ ਨੂੰ ਖ਼ਤਮ ਕਰਦਾ ਹੈ

[ਸਫ਼ਾ 12 ਉੱਤੇ ਤਸਵੀਰ]

ਸੈਨਤ ਭਾਸ਼ਾ ਵਿਚ “ਪਹਿਰਾਬੁਰਜ” ਅਧਿਐਨ

[ਸਫ਼ਾ 12 ਉੱਤੇ ਤਸਵੀਰ]

ਐਲਸਾ ਅਤੇ ਉਸ ਦੀ ਧੀ ਇਰਾਇਡਾ ਆਪਸ ਵਿਚ ਗੱਲਬਾਤ ਕਰਦੀਆਂ ਹੋਈਆਂ

[ਸਫ਼ਾ 8 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

Ship and Kuna women: © William Floyd Holdman/Index Stock Imagery; village: © Timothy O’Keefe/Index Stock Imagery