ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਫ਼ੈਸਲੇ ਕਰੋ
ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਫ਼ੈਸਲੇ ਕਰੋ
ਅਮਰੀਕਾ ਵਿਚ ਇਕ ਆਦਮੀ 25,000 ਡਾਲਰ (ਲਗਭਗ 11 ਲੱਖ ਰੁਪਏ) ਦਾ ਚੈੱਕ ਲੈ ਕੇ ਬੈਂਕ ਵਿਚ ਗਿਆ। ਉਹ ਇਹ ਪੈਸਾ ਫਿਕਸਡ ਡਿਪਾਜ਼ਿਟ ਦੇ ਤੌਰ ਤੇ ਜਮ੍ਹਾ ਕਰਾਉਣਾ ਚਾਹੁੰਦਾ ਸੀ। ਪਰ ਬੈਂਕ-ਡਾਇਰੈਕਟਰ ਨੇ ਉਸ ਨੂੰ ਸ਼ੇਅਰ ਬਾਜ਼ਾਰ ਵਿਚ ਪੈਸਾ ਲਗਾਉਣ ਲਈ ਕਿਹਾ। ਉਸ ਦਾ ਦਾਅਵਾ ਸੀ ਕਿ ਸਮਾਂ ਪਾ ਕੇ ਉਹ ਵੱਡਾ ਮੁਨਾਫ਼ਾ ਕਮਾਵੇਗਾ। ਆਦਮੀ ਨੇ ਉਸ ਦੀ ਸਲਾਹ ਮੰਨ ਕੇ ਆਪਣਾ ਸਾਰਾ ਪੈਸਾ ਸ਼ੇਅਰ ਬਾਜ਼ਾਰ ਵਿਚ ਲਗਾ ਦਿੱਤਾ। ਪਰ ਕੁਝ ਹੀ ਸਮੇਂ ਬਾਅਦ ਉਸ ਦਾ ਲਗਭਗ ਸਾਰਾ ਪੈਸਾ ਡੁੱਬ ਗਿਆ।
ਇਸ ਤਜਰਬੇ ਤੋਂ ਅਸੀਂ ਦੇਖ ਸਕਦੇ ਹਾਂ ਕਿ ਸਹੀ ਫ਼ੈਸਲੇ ਕਰਨੇ ਬਹੁਤ ਔਖੇ ਹੁੰਦੇ ਹਨ। ਜ਼ਿੰਦਗੀ ਦੇ ਕਈ ਫ਼ੈਸਲੇ ਇਹ ਨਿਰਧਾਰਿਤ ਕਰਦੇ ਹਨ ਕਿ ਅਸੀਂ ਕਾਮਯਾਬ ਹੋਵਾਂਗੇ ਜਾਂ ਨਾਕਾਮ। ਇੱਥੋਂ ਤਕ ਕਿ ਸਾਡੇ ਫ਼ੈਸਲੇ ਜ਼ਿੰਦਗੀ ਤੇ ਮੌਤ ਦਾ ਸਵਾਲ ਵੀ ਬਣ ਸਕਦੇ ਹਨ। ਤਾਂ ਫਿਰ ਅਸੀਂ ਬੁੱਧੀਮਾਨੀ ਨਾਲ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਾਂ?
“ਰਾਹ ਏਹੋ ਈ ਹੈ”
ਰੋਜ਼ਾਨਾ ਅਸੀਂ ਖਾਣ-ਪੀਣ, ਕੱਪੜਿਆਂ ਤੇ ਮਨੋਰੰਜਨ ਬਾਰੇ ਕਈ ਫ਼ੈਸਲੇ ਕਰਦੇ ਹਾਂ। ਕੁਝ ਫ਼ੈਸਲੇ ਦੇਖਣ ਨੂੰ ਮਾਮੂਲੀ ਜਿਹੇ ਲੱਗਦੇ ਹਨ, ਪਰ ਉਨ੍ਹਾਂ ਦੇ ਨਤੀਜੇ ਬਹੁਤ ਖ਼ਤਰਨਾਕ ਨਿਕਲ ਸਕਦੇ ਹਨ। ਮਿਸਾਲ ਲਈ, ਪਹਿਲੀ ਸਿਗਰਟ ਸੁਲਗਾਉਣ ਦਾ ਫ਼ੈਸਲਾ ਕਰ ਕੇ ਇਕ ਵਿਅਕਤੀ ਨੂੰ ਸਿਗਰਟਾਂ ਪੀਣ ਦੀ ਜਾਨਲੇਵਾ ਲੱਤ ਲੱਗ ਸਕਦੀ ਹੈ। ਤਾਹੀਓਂ ਸਾਨੂੰ ਮਾਮੂਲੀ ਜਾਪਦੇ ਫ਼ੈਸਲੇ ਵੀ ਸੋਚ-ਸਮਝ ਕੇ ਕਰਨੇ ਚਾਹੀਦੇ ਹਨ।
ਫ਼ੈਸਲੇ ਭਾਵੇਂ ਛੋਟੇ ਹੋਣ ਜਾਂ ਵੱਡੇ, ਅਸੀਂ ਸਹੀ ਨਿਰਣਾ ਕਰਨ ਲਈ ਕਿੱਧਰੋਂ ਮਾਰਗ-ਦਰਸ਼ਣ ਲੈ ਸਕਦੇ ਹਾਂ? ਕਿੰਨਾ ਚੰਗਾ ਹੋਵੇ ਜੇ ਸਾਨੂੰ ਕੋਈ ਸਲਾਹਕਾਰ ਮਿਲ ਜਾਵੇ ਜੋ ਮੁਸ਼ਕਲ ਫ਼ੈਸਲੇ ਕਰਨ ਵੇਲੇ ਸਾਨੂੰ ਹਮੇਸ਼ਾ ਸਹੀ ਨਸੀਹਤ ਹੀ ਦੇਵੇ! ਖ਼ੁਸ਼ੀ ਦੀ ਗੱਲ ਹੈ ਕਿ ਅਜਿਹਾ ਸਲਾਹਕਾਰ ਮੌਜੂਦ ਹੈ। ਇਕ ਪ੍ਰਾਚੀਨ ਪੁਸਤਕ ਵਿਚ ਕਿਹਾ ਗਿਆ ਹੈ: “ਤੁਹਾਡੇ ਕੰਨ ਤੁਹਾਡੇ ਪਿੱਛੋਂ ਏਹ ਗੱਲ ਸੁਣਨਗੇ ਕਿ ਤੁਹਾਡਾ ਰਾਹ ਏਹੋ ਈ ਹੈ, ਏਸ ਵਿੱਚ ਚੱਲੋ, ਜਦ ਤੁਸੀਂ ਸੱਜੇ ਨੂੰ ਮੁੜੋ ਅਤੇ ਜਦ ਤੁਸੀਂ ਖੱਬੇ ਨੂੰ ਮੁੜੋ।” (ਯਸਾਯਾਹ 30:21) ਇਹ ਕਿਸ ਦੇ ਸ਼ਬਦ ਹਨ? ਸਾਨੂੰ ਕਿਵੇਂ ਪਤਾ ਕਿ ਉਸ ਦੀ ਸਲਾਹ ਭਰੋਸੇਯੋਗ ਹੈ?
ਇਹ ਸ਼ਬਦ ਬਾਈਬਲ ਵਿਚ ਪਾਏ ਜਾਂਦੇ ਹਨ। ਕਰੋੜਾਂ ਲੋਕਾਂ ਨੇ ਬਾਈਬਲ ਦਾ ਅਧਿਐਨ ਕੀਤਾ ਹੈ ਤੇ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੋ ਗਿਆ ਹੈ ਕਿ ਇਹ ਕਿਤਾਬ ਸਾਡੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਨੇ ਸਾਡੇ ਲਈ ਲਿਖਵਾਈ ਹੈ। (2 ਤਿਮੋਥਿਉਸ 3:16, 17) ਸਾਡਾ ਸਿਰਜਣਹਾਰ ਹੋਣ ਕਰਕੇ ਯਹੋਵਾਹ ਪਰਮੇਸ਼ੁਰ ਸਾਡੇ ਸੁਭਾਅ ਅਤੇ ਲੋੜਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਇਸ ਲਈ ਉਹੋ ਸਾਨੂੰ ਸਹੀ ਰਾਹ ਦਿਖਾ ਸਕਦਾ ਹੈ। ਉਹ ਭਵਿੱਖ ਨੂੰ ਪਹਿਲਾਂ ਤੋਂ ਹੀ ਜਾਣਨ ਦੀ ਕਾਬਲੀਅਤ ਵੀ ਰੱਖਦਾ ਹੈ। ਯਸਾਯਾਹ 46:10 ਵਿਚ ਯਹੋਵਾਹ ਕਹਿੰਦਾ ਹੈ: “ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ, ਮੈਂ ਆਖਦਾ ਹਾਂ, ਮੇਰੀ ਸਲਾਹ ਕਾਇਮ ਰਹੇਗੀ।” ਇਸੇ ਲਈ ਜ਼ਬੂਰਾਂ ਦੇ ਇਕ ਲਿਖਾਰੀ ਨੇ ਯਹੋਵਾਹ ਦੇ ਬਚਨ ਵਿਚ ਭਰੋਸਾ ਜ਼ਾਹਰ ਕਰਦੇ ਹੋਏ ਕਿਹਾ: “ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।” (ਜ਼ਬੂਰਾਂ ਦੀ ਪੋਥੀ 119:105) ਪਰ ਯਹੋਵਾਹ ਅੱਜ ਦੀ ਉਥਲ-ਪੁਥਲ ਦੁਨੀਆਂ ਵਿਚ ਸਾਨੂੰ ਸਹੀ ਰਾਹ ਚੁਣਨ ਵਿਚ ਮਦਦ ਕਿਵੇਂ ਦਿੰਦਾ ਹੈ? ਅਸੀਂ ਉਸ ਦੀ ਮਰਜ਼ੀ ਮੁਤਾਬਕ ਫ਼ੈਸਲੇ ਕਿਵੇਂ ਕਰ ਸਕਦੇ ਹਾਂ?
ਬਾਈਬਲ ਦੇ ਅਸੂਲਾਂ ਤੇ ਚੱਲੋ
ਯਹੋਵਾਹ ਪਰਮੇਸ਼ੁਰ ਨੇ ਸਾਨੂੰ ਸਹੀ ਨਿਰਣਾ ਕਰਨ ਸੰਬੰਧੀ ਕਈ ਚੰਗੇ ਅਸੂਲ ਦਿੱਤੇ ਹਨ। ਬਾਈਬਲ ਦੇ ਇਨ੍ਹਾਂ ਅਸੂਲਾਂ ਨੂੰ ਸਿੱਖਣ ਤੇ ਲਾਗੂ ਕਰਨ ਦੀ ਤੁਲਨਾ ਇਕ ਨਵੀਂ ਭਾਸ਼ਾ ਸਿੱਖਣ ਦੇ ਨਾਲ ਕੀਤੀ ਜਾ ਸਕਦੀ ਹੈ। ਚੰਗੀ ਤਰ੍ਹਾਂ ਭਾਸ਼ਾ ਸਿੱਖ ਲੈਣ ਤੇ ਅਸੀਂ ਝੱਟ ਦੂਸਰਿਆਂ ਦੀ ਗ਼ਲਤੀ ਫੜ ਲੈਂਦੇ ਹਾਂ ਜਦੋਂ ਉਹ ਗ਼ਲਤ ਵਿਆਕਰਣ ਵਰਤਦੇ ਹਨ। ਹੋ ਸਕਦਾ ਕਿ ਅਸੀਂ ਵਿਆਕਰਣ ਦੇ ਕਾਇਦੇ-ਕਾਨੂੰਨਾਂ ਦਾ ਖੁਲਾਸਾ ਨਾ ਦੇ ਸਕੀਏ, ਪਰ ਅਸੀਂ ਇੰਨਾ ਜ਼ਰੂਰ ਜਾਣਦੇ ਹਾਂ ਕਿ ਅਗਲੇ ਨੇ ਜੋ ਵਾਕ ਕਿਹਾ ਉਹ ਗ਼ਲਤ ਹੈ। ਇਸੇ ਤਰ੍ਹਾਂ ਜਦੋਂ ਬਾਈਬਲ ਦੇ ਸਿਧਾਂਤ ਸਾਡੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਜਾਂਦੇ ਹਨ, ਤਾਂ ਅਸੀਂ ਗ਼ਲਤ ਫ਼ੈਸਲਿਆਂ ਨੂੰ ਫ਼ੌਰਨ ਪਛਾਣ ਲੈਂਦੇ ਹਾਂ ਕਿ ਇਹ ਪਰਮੇਸ਼ੁਰੀ ਅਸੂਲਾਂ ਦੇ ਖ਼ਿਲਾਫ਼ ਹਨ।
ਹੇਅਰ-ਸਟਾਈਲ ਦੀ ਹੀ ਮਿਸਾਲ ਲੈ ਲਓ। ਇਕ ਨੌਜਵਾਨ ਮੁੰਡਾ ਕੀ ਕਰੇਗਾ? ਭਾਵੇਂ ਕਿ ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਸਾਡਾ ਹੇਅਰ-ਸਟਾਈਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਦਾ ਨਹੀਂ, ਪਰ ਬਾਈਬਲ ਦੇ ਇਸ ਸਿਧਾਂਤ ਉੱਤੇ ਵਿਚਾਰ ਕਰੋ। ਪੌਲੁਸ ਰਸੂਲ ਨੇ ਲਿਖਿਆ ਸੀ: ‘ਮੈਂ ਚਾਹੁੰਦਾ ਹਾਂ ਭਈ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ, ਨਾ ਗੁੰਦਿਆਂ ਹੋਇਆਂ ਵਾਲਾਂ ਅਤੇ ਸੋਨੇ ਯਾ ਮੋਤੀਆਂ ਯਾ ਭਾਰੇ ਮੁੱਲ ਦੇ ਬਸਤ੍ਰਾਂ ਨਾਲ, ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ।’ (1 ਤਿਮੋਥਿਉਸ 2:9, 10) ਹਾਲਾਂਕਿ ਪੌਲੁਸ ਇਨ੍ਹਾਂ ਆਇਤਾਂ ਵਿਚ ਔਰਤਾਂ ਨੂੰ ਸਲਾਹ ਦੇ ਰਿਹਾ ਸੀ, ਪਰ ਇਹੋ ਸਿਧਾਂਤ ਪੁਰਸ਼ਾਂ ਤੇ ਵੀ ਲਾਗੂ ਹੁੰਦਾ ਹੈ। ਕਿਹੜਾ ਸਿਧਾਂਤ? ਇਹੋ ਕਿ ਸਾਨੂੰ ਲਾਜ ਅਤੇ ਸੰਜਮ ਨਾਲ ਸਜਣਾ-ਸੰਵਰਨਾ ਚਾਹੀਦਾ ਹੈ। ਸੋ ਉਹ ਨੌਜਵਾਨ ਮੁੰਡਾ ਆਪਣੇ ਆਪ ਨੂੰ ਪੁੱਛ ਸਕਦਾ ਹੈ, ‘ਕੀ ਇਹ ਹੇਅਰ-ਸਟਾਈਲ ਮਸੀਹੀਆਂ ਨੂੰ ਸ਼ੋਭਾ ਦਿੰਦਾ ਹੈ?’
ਇਸ ਤੋਂ ਇਲਾਵਾ, ਉਹ ਯਿਸੂ ਦੇ ਚੇਲੇ ਯਾਕੂਬ ਦੇ ਇਨ੍ਹਾਂ ਲਫ਼ਜ਼ਾਂ ਤੋਂ ਵੀ ਇਕ ਅਸੂਲ ਸਿੱਖ ਸਕਦਾ ਹੈ: “ਹੇ ਵਿਭਚਾਰਣੋ, ਕੀ ਤੁਹਾਨੂੰ ਮਲੂਮ ਨਹੀਂ ਭਈ ਸੰਸਾਰ ਦਾ ਮਿੱਤ੍ਰਚਾਰਾ ਪਰਮੇਸ਼ੁਰ ਦਾ ਵੈਰ ਹੈ? ਫੇਰ ਜੇ ਕੋਈ ਸੰਸਾਰ ਦਾ ਮਿੱਤਰ ਹੋਇਆ ਚਾਹੁੰਦਾ ਹੈ ਸੋ ਆਪਣੇ ਆਪ ਨੂੰ ਪਰਮੇਸ਼ੁਰ ਦਾ ਵੈਰੀ ਬਣਾਉਂਦਾ ਹੈ।” (ਯਾਕੂਬ 4:4) ਸੱਚੇ ਮਸੀਹੀਆਂ ਨੂੰ ਤਾਂ ਪਰਮੇਸ਼ੁਰ ਨਾਲ ਵੈਰ ਰੱਖਣ ਵਾਲੀ ਦੁਨੀਆਂ ਦੇ ਮਿੱਤਰ ਬਣਨ ਦੇ ਵਿਚਾਰ ਤੋਂ ਵੀ ਨਫ਼ਰਤ ਹੈ। ਪਰ ਉਸ ਨੌਜਵਾਨ ਮੁੰਡੇ ਦਾ ਹੇਅਰ-ਸਟਾਈਲ ਕੀ ਦਿਖਾਵੇਗਾ? ਕੀ ਇਹ ਦੇਖ ਕੇ ਲੋਕਾਂ ਨੂੰ ਲੱਗੇਗਾ ਕਿ ਉਹ ਪਰਮੇਸ਼ੁਰ ਦਾ ਦੋਸਤ ਹੈ ਜਾਂ ਕਿ ਉਹ ਦੁਨੀਆਂ ਨਾਲ ਦੋਸਤੀ ਕਰ ਰਿਹਾ ਹੈ? ਹੇਅਰ-ਸਟਾਈਲ ਚੁਣਨ ਵੇਲੇ ਨੌਜਵਾਨ ਇਨ੍ਹਾਂ ਸਾਰੇ ਸਿਧਾਂਤਾਂ ਦੀ ਮਦਦ ਨਾਲ ਸਹੀ ਫ਼ੈਸਲਾ ਕਰ ਸਕੇਗਾ। ਹਾਂ, ਬਾਈਬਲ ਦੇ ਅਸੂਲ ਸਾਨੂੰ ਸੋਚ-ਸਮਝ ਕੇ ਫ਼ੈਸਲੇ ਕਰਨ ਵਿਚ ਮਦਦ ਦੇ ਸਕਦੇ ਹਨ। ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਦੇ ਅਸੂਲਾਂ ਮੁਤਾਬਕ ਫ਼ੈਸਲੇ ਕਰਾਂਗੇ, ਉੱਨਾ ਜ਼ਿਆਦਾ ਅਸੀਂ ਬੁੱਧੀਮਾਨ ਬਣਾਂਗੇ ਤੇ ਗ਼ਲਤ ਫ਼ੈਸਲਿਆਂ ਦੇ ਬੁਰੇ ਨਤੀਜਿਆਂ ਤੋਂ ਬਚੇ ਰਹਾਂਗੇ।
ਪਰਮੇਸ਼ੁਰ ਦੇ ਬਚਨ ਬਾਈਬਲ ਵਿਚ ਬਹੁਤ ਸਾਰੇ ਵਧੀਆ ਅਸੂਲ ਹਨ। ਇਹ ਸੱਚ ਹੈ ਕਿ ਸਾਨੂੰ ਸ਼ਾਇਦ ਅਜਿਹਾ ਕੋਈ ਸਿਧਾਂਤ ਨਾ ਲੱਭੇ ਜੋ ਹੂ-ਬਹੂ ਸਾਡੀ ਸਥਿਤੀ ਜਾਂ ਮਸਲੇ ਉੱਤੇ ਲਾਗੂ ਹੁੰਦਾ ਹੋਵੇ। ਪਰ ਬਾਈਬਲ ਵਿਚ ਅਸੀਂ ਕਈ ਵਿਅਕਤੀਆਂ ਦੀਆਂ ਮਿਸਾਲਾਂ ਬਾਰੇ ਪੜ੍ਹ ਸਕਦੇ ਹਾਂ ਜਿਨ੍ਹਾਂ ਨੇ ਸਹੀ ਜਾਂ ਗ਼ਲਤ ਫ਼ੈਸਲੇ ਕੀਤੇ ਸਨ। ਕਈ ਪਰਮੇਸ਼ੁਰ ਦੀ ਅਗਵਾਈ ਉਤਪਤ 4:6, 7, 13-16; ਬਿਵਸਥਾ ਸਾਰ 30:15-20; 1 ਕੁਰਿੰਥੀਆਂ 10:11) ਉਨ੍ਹਾਂ ਦੇ ਚੁਣੇ ਰਾਹਾਂ ਦੇ ਚੰਗੇ-ਬੁਰੇ ਨਤੀਜਿਆਂ ਬਾਰੇ ਪੜ੍ਹ ਕੇ ਅਸੀਂ ਕਈ ਸਿਧਾਂਤ ਸਿੱਖ ਸਕਦੇ ਹਾਂ ਜੋ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰਨਗੇ।
ਵਿਚ ਚੱਲਦੇ ਸਨ, ਪਰ ਕਈਆਂ ਨੇ ਉਸ ਦੀ ਸੇਧ ਨੂੰ ਠੁਕਰਾਇਆ। (ਮਿਸਾਲ ਲਈ, ਆਓ ਆਪਾਂ ਯਿਸੂ ਮਸੀਹ ਅਤੇ ਉਸ ਦੇ ਚੇਲੇ ਪਤਰਸ ਵਿਚ ਹੋਈ ਗੱਲਬਾਤ ਉੱਤੇ ਗੌਰ ਕਰੀਏ। ਮਹਿਸੂਲ ਲੈਣ ਵਾਲੇ ਬੰਦਿਆਂ ਨੇ ਆ ਕੇ ਪਤਰਸ ਨੂੰ ਪੁੱਛਿਆ ਸੀ: “ਕੀ ਤੁਹਾਡਾ ਗੁਰੂ ਅਠੰਨੀ ਨਹੀਂ ਦਿੰਦਾ?” ਜਵਾਬ ਵਿਚ ਪਤਰਸ ਨੇ ਕਿਹਾ ਸੀ ਕਿ “ਹਾਂ, ਦਿੰਦਾ ਹੈ।” ਕੁਝ ਸਮੇਂ ਬਾਅਦ ਯਿਸੂ ਨੇ ਪਤਰਸ ਨੂੰ ਸਵਾਲ ਕੀਤਾ: “ਧਰਤੀ ਦੇ ਰਾਜੇ ਕਿਨ੍ਹਾਂ ਤੋਂ ਕਰ ਯਾ ਮਹਸੂਲ ਲੈਂਦੇ ਹਨ, ਆਪਣੇ ਪੁੱਤ੍ਰਾਂ ਤੋਂ ਯਾ ਪਰਾਇਆਂ ਤੋਂ?” ਜਦੋਂ ਪਤਰਸ ਨੇ ਜਵਾਬ ਦਿੱਤਾ ਕਿ “ਪਰਾਇਆਂ ਤੋਂ,” ਤਾਂ ਯਿਸੂ ਨੇ ਉਸ ਨੂੰ ਕਿਹਾ: “ਫੇਰ ਪੁੱਤ੍ਰ ਤਾਂ ਮਾਫ਼ ਹੋਏ। ਪਰ ਇਸ ਲਈ ਜੋ ਅਸੀਂ ਉਨ੍ਹਾਂ ਨੂੰ ਠੋਕਰ ਨਾ ਖੁਆਈਏ ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਰ ਜੋ ਮੱਛੀ ਪਹਿਲਾਂ ਨਿੱਕਲੇ ਉਹ ਨੂੰ ਚੁੱਕ ਅਤੇ ਤੂੰ ਉਹ ਦਾ ਮੂੰਹ ਖੋਲ੍ਹ ਕੇ ਇੱਕ ਰੁਪਿਆ ਪਾਏਂਗਾ ਸੋ ਉਹ ਨੂੰ ਲੈ ਕੇ ਮੇਰੇ ਅਤੇ ਆਪਣੇ ਬਦਲੇ ਉਨ੍ਹਾਂ ਨੂੰ ਦੇ ਦੇਈਂ।” (ਮੱਤੀ 17:24-27) ਇਸ ਬਿਰਤਾਂਤ ਤੋਂ ਅਸੀਂ ਕਿਹੜਾ ਸਿਧਾਂਤ ਸਿੱਖਦੇ ਹਾਂ?
ਯਿਸੂ ਨੇ ਪਤਰਸ ਨੂੰ ਕਈ ਸਵਾਲ ਪੁੱਛ ਕੇ ਸਹੀ ਸਿੱਟਾ ਕੱਢਣ ਵਿਚ ਉਸ ਦੀ ਮਦਦ ਕੀਤੀ ਕਿ ਪਰਮੇਸ਼ੁਰ ਦਾ ਪੁੱਤਰ ਹੋਣ ਦੇ ਨਾਤੇ ਯਿਸੂ ਨੂੰ ਮਹਿਸੂਲ ਦੇਣ ਦੀ ਲੋੜ ਨਹੀਂ ਸੀ। ਭਾਵੇਂ ਪਤਰਸ ਨੂੰ ਪਹਿਲਾਂ-ਪਹਿਲ ਇਸ ਗੱਲ ਦੀ ਸਮਝ ਨਹੀਂ ਸੀ, ਪਰ ਯਿਸੂ ਨੇ ਬੜੇ ਪਿਆਰ ਤੇ ਧੀਰਜ ਨਾਲ ਉਸ ਨੂੰ ਗੱਲ ਸਮਝਾਈ। ਇਸੇ ਤਰ੍ਹਾਂ ਜਦੋਂ ਦੂਸਰੇ ਗ਼ਲਤੀ ਕਰਦੇ ਹਨ, ਤਾਂ ਅਸੀਂ ਯਿਸੂ ਦੀ ਰੀਸ ਕਰਦੇ ਹੋਏ ਉਨ੍ਹਾਂ ਨਾਲ ਪਿਆਰ ਨਾਲ ਪੇਸ਼ ਆਵਾਂਗੇ, ਨਾ ਕਿ ਉਨ੍ਹਾਂ ਦੀਆਂ ਗ਼ਲਤੀਆਂ ਨੂੰ ਫੜ ਕੇ ਉਨ੍ਹਾਂ ਨੂੰ ਸ਼ਰਮਿੰਦਾ ਕਰਾਂਗੇ।
ਯਿਸੂ ਨਾਲ ਗੱਲ ਕਰ ਕੇ ਪਤਰਸ ਚੰਗੀ ਤਰ੍ਹਾਂ ਸਮਝ ਗਿਆ ਕਿ ਸਰਕਾਰ ਨੂੰ ਕਰ ਦੇਣਾ ਇਸ ਲਈ ਸਹੀ ਸੀ ਤਾਂਕਿ ਦੂਸਰਿਆਂ ਨੂੰ ਠੋਕਰ ਨਾ ਵੱਜੇ। ਇਹੋ ਸਿਧਾਂਤ ਅਸੀਂ ਵੀ ਯਾਦ ਰੱਖ ਸਕਦੇ ਹਾਂ। ਆਪਣਾ ਹੱਕ ਜਤਾਉਣ ਦੀ ਬਜਾਇ ਸਾਡੇ ਲਈ ਇਹ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਦੂਸਰਿਆਂ ਦੀ ਜ਼ਮੀਰ ਨੂੰ ਸੱਟ ਨਾ ਮਾਰੀਏ।
ਫ਼ੈਸਲੇ ਕਰਦੇ ਸਮੇਂ ਸਾਨੂੰ ਦੂਸਰਿਆਂ ਦੀ ਜ਼ਮੀਰ ਦਾ ਧਿਆਨ ਕਿਉਂ ਰੱਖਣਾ ਚਾਹੀਦਾ ਹੈ? ਕਿਉਂਕਿ ਅਸੀਂ ਆਪਣੇ ਗੁਆਂਢੀਆਂ ਨੂੰ ਪਿਆਰ ਕਰਦੇ ਹਾਂ। ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ ਪਰਮੇਸ਼ੁਰ ਨੂੰ ਦਿਲੋ-ਜਾਨ ਨਾਲ ਪਿਆਰ ਕਰਨ ਵਰਗਾ ਦੂਸਰਾ ਹੁਕਮ ਇਹ ਹੈ ਕਿ ਅਸੀਂ ਆਪਣੇ ਗੁਆਂਢੀਆਂ ਨਾਲ ਆਪਣੇ ਜਿਹਾ ਪਿਆਰ ਕਰੀਏ। (ਮੱਤੀ 22:39) ਪਰ ਅੱਜ ਦੀ ਖ਼ੁਦਗਰਜ਼ ਦੁਨੀਆਂ ਵਿਚ ਰਹਿੰਦੇ ਹੋਏ ਸਾਡੇ ਵਿਚ ਵੀ ਸੁਆਰਥ ਆ ਸਕਦਾ ਹੈ। ਇਸ ਲਈ ਜੇ ਅਸੀਂ ਆਪਣੇ ਗੁਆਂਢੀਆਂ ਨੂੰ ਆਪਣੇ ਜਿਹਾ ਪਿਆਰ ਕਰਨਾ ਹੈ, ਤਾਂ ਸਾਨੂੰ ਆਪਣਾ ਸੋਚਣ ਦਾ ਤਰੀਕਾ ਬਦਲਣਾ ਪਵੇਗਾ।—ਰੋਮੀਆਂ 12:2.
ਬਹੁਤ ਸਾਰੇ ਲੋਕਾਂ ਨੇ ਆਪਣੀ ਸੋਚਣੀ ਨੂੰ ਬਦਲਿਆ ਹੈ ਅਤੇ ਉਹ ਹੁਣ ਛੋਟੇ-ਵੱਡੇ ਫ਼ੈਸਲੇ ਕਰਦੇ ਵੇਲੇ ਦੂਸਰਿਆਂ ਦਾ ਖ਼ਿਆਲ ਰੱਖਦੇ ਹਨ। ਪੌਲੁਸ ਨੇ ਲਿਖਿਆ: ‘ਹੇ ਭਰਾਵੋ, ਤੁਸੀਂ ਅਜ਼ਾਦੀ ਲਈ ਸੱਦੇ ਗਏ ਸਾਓ ਪਰ ਆਪਣੀ ਅਜ਼ਾਦੀ ਨੂੰ ਸਰੀਰ ਲਈ ਔਸਰ ਜਾਣ ਕੇ ਨਾ ਵਰਤੋ ਸਗੋਂ ਪ੍ਰੇਮ ਦੇ ਰਾਹੀਂ ਇੱਕ ਦੂਏ ਦੀ ਟਹਿਲ ਸੇਵਾ ਕਰੋ।’ (ਗਲਾਤੀਆਂ 5:13) ਅਸੀਂ ਫ਼ੈਸਲੇ ਕਰਦੇ ਵੇਲੇ ਇਸ ਆਇਤ ਨੂੰ ਕਿਵੇਂ ਲਾਗੂ ਕਰ ਸਕਦੇ ਹਾਂ? ਇਕ ਮੁਟਿਆਰ ਦੀ ਮਿਸਾਲ ਲੈ ਲਓ ਜੋ ਪ੍ਰਚਾਰ ਕਰਨ ਦੇ ਮਕਸਦ ਨਾਲ ਇਕ ਪਿੰਡ ਵਿਚ ਜਾ ਕੇ ਰਹਿਣ ਲੱਗ ਪਈ। ਲੋਕਾਂ ਨਾਲ ਗੱਲ ਕਰਦਿਆਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਹਿਰਾਵਾ ਪੂਰੇ ਪਿੰਡ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਹਾਲਾਂਕਿ ਉਸ ਦੇ ਭੜਕੀਲੇ ਰੰਗਾਂ ਵਾਲੇ ਕੱਪੜੇ ਸ਼ਹਿਰ ਦੇ ਹਿਸਾਬ ਨਾਲ ਸਹੀ ਸਨ, ਪਰ ਪਿੰਡ ਦੇ ਲੋਕਾਂ ਨੂੰ ਇਹ ਬਹੁਤ ਅਜੀਬ ਲੱਗਦੇ ਸਨ। ਇਸ ਲਈ ਉਸ ਨੇ ਆਪਣੇ ਪਹਿਰਾਵੇ ਦਾ ਰੰਗ-ਢੰਗ ਬਦਲਣ ਦਾ ਫ਼ੈਸਲਾ ਕੀਤਾ ਤਾਂਕਿ ਉਸ ਦੇ ਪਹਿਰਾਵੇ ਕਰਕੇ “ਪਰਮੇਸ਼ੁਰ ਦੇ ਬਚਨ ਦੀ ਬਦਨਾਮੀ ਨਾ ਹੋਵੇ।”—ਤੀਤੁਸ 2:5.
ਜੇ ਤੁਹਾਨੂੰ ਆਪਣੇ ਪਹਿਰਾਵੇ, ਹਾਰ-ਸ਼ਿੰਗਾਰ ਜਾਂ ਹੇਅਰ-ਸਟਾਈਲ ਆਦਿ ਬਾਰੇ ਫ਼ੈਸਲਾ ਕਰਨਾ ਪਵੇ, ਤਾਂ ਤੁਸੀਂ ਕੀ ਕਰੋਗੇ? ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਤੋਂ ਬਹੁਤ ਖ਼ੁਸ਼ ਹੋਵੇਗਾ ਜੇਕਰ ਅਸੀਂ ਦੂਸਰਿਆਂ ਦੇ ਜਜ਼ਬਾਤਾਂ ਦਾ ਖ਼ਿਆਲ ਰੱਖਦੇ ਹੋਏ ਫ਼ੈਸਲਾ ਕਰਦੇ ਹਾਂ।
ਦੂਰ ਦੀ ਸੋਚੋ
ਬਾਈਬਲ ਦੇ ਅਸੂਲਾਂ ਤੇ ਚੱਲਣ ਅਤੇ ਦੂਸਰਿਆਂ ਦੇ ਜਜ਼ਬਾਤਾਂ ਦਾ ਖ਼ਿਆਲ ਰੱਖਣ ਤੋਂ ਇਲਾਵਾ, ਅਸੀਂ ਹੋਰ ਕਿਨ੍ਹਾਂ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ? ਭਾਵੇਂ ਕਿ ਮਸੀਹੀ ਜ਼ਿੰਦਗੀ ਦਾ ਰਾਹ ਔਖਾ ਤੇ ਭੀੜਾ ਹੈ, ਪਰ ਪਰਮੇਸ਼ੁਰ ਨੇ ਸਾਨੂੰ ਕਈ ਗੱਲਾਂ ਵਿਚ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ। (ਮੱਤੀ 7:13, 14) ਨਿੱਜੀ ਮਾਮਲਿਆਂ ਸੰਬੰਧੀ ਫ਼ੈਸਲੇ ਕਰਨ ਵੇਲੇ ਸਾਨੂੰ ਸੋਚਣ ਦੀ ਲੋੜ ਹੈ ਕਿ ਅੱਗੇ ਜਾ ਕੇ ਇਨ੍ਹਾਂ ਫ਼ੈਸਲਿਆਂ ਦਾ ਸਾਡੇ ਤੇ ਰੂਹਾਨੀ, ਮਾਨਸਿਕ, ਭਾਵਾਤਮਕ ਤੇ ਸਰੀਰਕ ਤੌਰ ਤੇ ਕੀ ਅਸਰ ਪਵੇਗਾ।
ਨੌਕਰੀ ਦੀ ਮਿਸਾਲ ਲੈ ਲਓ। ਹੋ ਸਕਦਾ ਹੈ ਕਿ ਜਿਹੜੀ ਨੌਕਰੀ ਤੁਸੀਂ ਕਰਨ ਦੀ ਸੋਚ ਰਹੇ ਹੋ, ਉਸ ਵਿਚ ਕੋਈ ਵੀ ਅਨੈਤਿਕ ਜਾਂ ਗ਼ਲਤ ਕੰਮ ਸ਼ਾਮਲ ਨਾ ਹੋਵੇ। ਤੁਸੀਂ ਮਸੀਹੀ ਸਭਾਵਾਂ ਅਤੇ ਸੰਮੇਲਨਾਂ ਵਿਚ ਵੀ ਜਾ ਸਕੋਗੇ। ਤਨਖ਼ਾਹ ਵੀ ਚੰਗੀ-ਖਾਸੀ ਹੈ। ਕੰਪਨੀ ਦਾ ਮਾਲਕ ਤੁਹਾਡੇ ਹੁਨਰ ਦੀ ਬਹੁਤ ਤਾਰੀਫ਼ ਕਰਦਾ ਹੈ ਅਤੇ ਤੁਹਾਨੂੰ ਆਪਣੀ ਕੰਪਨੀ ਵਿਚ ਨੌਕਰੀ ਦੇਣੀ ਚਾਹੁੰਦਾ ਹੈ। ਨਾਲੇ ਕੰਮ ਵੀ ਤੁਹਾਡੇ ਮਨ-ਪਸੰਦ ਦਾ ਹੈ। ਕੀ ਤੁਹਾਨੂੰ ਇਹ ਨੌਕਰੀ ਸਵੀਕਾਰ ਕਰ ਲੈਣੀ ਚਾਹੀਦੀ ਹੈ? ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਕੁਝ ਖ਼ਤਰਿਆਂ ਉੱਤੇ ਗੌਰ ਕਰੋ। ਕਿਤੇ ਇੱਦਾਂ ਤਾਂ ਨਹੀਂ ਹੋਵੇਗਾ ਕਿ ਤੁਹਾਨੂੰ ਆਪਣੇ ਕੰਮ ਨਾਲ ਪਿਆਰ ਹੋ ਜਾਵੇ ਤੇ ਤੁਸੀਂ ਇਸ ਵਿਚ ਪੂਰੀ ਤਰ੍ਹਾਂ ਰੁੱਝ ਜਾਓ? ਹਾਲਾਂਕਿ ਤੁਹਾਨੂੰ ਭਰੋਸਾ ਦਿਲਾਇਆ ਗਿਆ ਹੈ ਕਿ ਓਵਰ-ਟਾਈਮ ਕਰਨ ਲਈ ਤੁਹਾਨੂੰ ਮਜਬੂਰ ਨਹੀਂ ਕੀਤਾ ਜਾਵੇਗਾ, ਪਰ ਕੀ ਤੁਸੀਂ ਆਪ ਹੀ ਕੋਈ ਪ੍ਰਾਜੈਕਟ ਪੂਰਾ ਕਰਨ ਲਈ ਓਵਰ-ਟਾਈਮ ਤਾਂ ਨਹੀਂ ਕਰਨ ਲੱਗ ਪਵੋਗੇ? ਕੀ ਓਵਰ-ਟਾਈਮ ਕਰਨਾ ਤੁਹਾਡੀ ਆਦਤ ਤਾਂ ਨਹੀਂ ਬਣ ਜਾਵੇਗੀ ਜਿਸ ਕਰਕੇ ਤੁਸੀਂ ਆਪਣੇ ਪਰਿਵਾਰ ਤੋਂ ਅਤੇ ਮਸੀਹੀ ਕਲੀਸਿਯਾ ਤੋਂ ਦੂਰ ਹੁੰਦੇ ਚਲੇ ਜਾਓਗੇ?
ਧਿਆਨ ਦਿਓ ਕਿ ਕੰਮ ਦੇ ਮਾਮਲੇ ਵਿਚ ਜਿਮ ਨਾਂ ਦੇ ਬੰਦੇ ਨੇ ਕੀ ਫ਼ੈਸਲਾ ਕੀਤਾ। ਦਿਨ-ਰਾਤ ਇਕ ਕਰਦੇ ਹੋਏ ਉਹ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਗਿਆ। ਫਿਰ ਉਹ ਪੂਰਬੀ ਏਸ਼ੀਆ ਵਿਚ ਆਪਣੀ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਬਣ ਗਿਆ। ਇਸ ਤੋਂ ਇਲਾਵਾ ਉਹ ਆਪਣੀ ਕੰਪਨੀ ਦੀ ਅਮਰੀਕੀ ਬ੍ਰਾਂਚ ਦਾ ਚੀਫ਼ ਐਕਜ਼ੈਕਟਿਵ ਆਫਿਸਰ ਅਤੇ ਯੂਰਪੀ ਬ੍ਰਾਂਚ ਦੇ ਬੋਰਡ ਆਫ਼ ਡਾਇਰੈਕਟਜ਼ ਦਾ ਵੀ ਮੈਂਬਰ ਬਣ ਗਿਆ। ਪਰ ਜਲਦੀ ਹੀ ਉਸ ਨੂੰ ਪਤਾ ਲੱਗ ਗਿਆ ਕਿ ਧਨ-ਦੌਲਤ ਅਤੇ ਤਾਕਤ ਦਾ ਕੋਈ ਭਰੋਸਾ ਨਹੀਂ ਹੁੰਦਾ। ਜਦੋਂ ਜਪਾਨ ਆਰਥਿਕ ਸੰਕਟ ਵਿਚ ਪੈ ਗਿਆ, ਤਾਂ ਜਿਮ ਦੀ ਖ਼ੂਨ-ਪਸੀਨੇ ਦੀ ਕਮਾਈ ਪਲ-ਭਰ ਵਿਚ ਹੀ ਗਾਇਬ ਹੋ ਗਈ। ਉਸ ਦੇ ਸਾਰੇ ਸੁਪਨੇ ਹੀ ਟੁੱਟ ਗਏ। ਉਹ ਆਪਣੇ ਆਪ ਨੂੰ ਪੁੱਛਣ ਲੱਗ ਪਿਆ ਕਿ ‘ਦਸਾਂ ਸਾਲਾਂ ਵਿਚ ਮੇਰੀ ਕੀ ਜ਼ਿੰਦਗੀ ਹੋਵੇਗੀ?’ ਫਿਰ ਉਸ ਨੇ ਦੇਖਿਆ ਕਿ ਉਸ ਦੀ ਪਤਨੀ ਤੇ ਬੱਚੇ ਕਈ ਸਾਲਾਂ ਤੋਂ ਯਹੋਵਾਹ ਦੇ ਗਵਾਹਾਂ ਨਾਲ ਮਿਲ-ਗਿਲ ਰਹੇ ਸਨ ਤੇ ਮਕਸਦ ਭਰੀ ਜ਼ਿੰਦਗੀ ਜੀ ਰਹੇ ਸਨ। ਜਿਮ ਵੀ ਉਨ੍ਹਾਂ ਵਾਂਗ ਖ਼ੁਸ਼ੀ ਤੇ ਸੰਤੋਖ ਭਰੀ ਜ਼ਿੰਦਗੀ ਜੀਉਣਾ ਚਾਹੁੰਦਾ ਸੀ, ਇਸ ਲਈ ਉਸ ਨੇ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ।
ਬਾਈਬਲ ਦਾ ਅਧਿਐਨ ਕਰ ਕੇ ਜਿਮ ਨੂੰ ਅਹਿਸਾਸ ਹੋਇਆ ਕਿ ਉਸ ਦੇ ਕੰਮ ਕਰਕੇ ਉਹ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਪਾ ਰਿਹਾ ਸੀ। ਕੰਮ ਦੇ ਸਿਲਸਿਲੇ ਵਿਚ ਉਸ ਨੂੰ ਏਸ਼ੀਆ, ਅਮਰੀਕਾ ਤੇ ਯੂਰਪ ਦੇ ਚੱਕਰ ਲਾਉਣੇ ਪੈਂਦੇ ਸਨ ਜਿਸ ਕਾਰਨ ਉਹ ਬਾਈਬਲ ਦਾ ਅਧਿਐਨ ਨਹੀਂ ਕਰ ਪਾ ਰਿਹਾ ਸੀ ਤੇ ਨਾ ਹੀ ਮਸੀਹੀ ਸਭਾਵਾਂ ਵਿਚ ਜਾ ਸਕਦਾ ਸੀ। ਉਸ ਨੂੰ ਫ਼ੈਸਲਾ ਕਰਨਾ ਪੈਣਾ ਸੀ: ‘ਕੀ ਮੈਂ ਉਸੇ ਤਰ੍ਹਾਂ ਜ਼ਿੰਦਗੀ ਬਿਤਾਉਂਦਾ ਰਹਾਂਗਾ ਜਿਵੇਂ ਮੈਂ ਪਿਛਲੇ 50 ਸਾਲਾਂ ਦੌਰਾਨ ਬਿਤਾਉਂਦਾ ਆਇਆ ਹਾਂ? ਜਾਂ ਕੀ ਮੈਂ ਆਪਣੀ ਜ਼ਿੰਦਗੀ ਦੇ ਤੌਰ-ਤਰੀਕੇ ਬਦਲਾਂਗਾ?’ ਉਸ ਨੇ ਯਹੋਵਾਹ ਨੂੰ ਇਸ ਬਾਰੇ ਪ੍ਰਾਰਥਨਾ ਕੀਤੀ। ਆਪਣੇ ਫ਼ੈਸਲੇ ਦੇ ਨਤੀਜਿਆਂ ਬਾਰੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਤੋਂ ਬਾਅਦ ਉਸ ਨੇ ਆਪਣੇ ਕਈ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਸ ਨੇ ਸਿਰਫ਼ ਇਕ ਨੌਕਰੀ ਕਰਨ ਦਾ ਫ਼ੈਸਲਾ ਕੀਤਾ ਜਿਸ ਨਾਲ ਉਸ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਸਮਾਂ ਮਿਲਦਾ। (1 ਤਿਮੋਥਿਉਸ 6:6-8) ਉਹ ਹੁਣ ਬਹੁਤ ਖ਼ੁਸ਼ ਹੈ ਅਤੇ ਕਲੀਸਿਯਾ ਨਾਲ ਮਿਲ ਕੇ ਸੇਵਾ ਕਰਨ ਦਾ ਆਨੰਦ ਮਾਣ ਰਿਹਾ ਹੈ।
ਫ਼ੈਸਲੇ ਭਾਵੇਂ ਛੋਟੇ ਹੋਣ ਜਾਂ ਵੱਡੇ, ਇਹ ਤੁਹਾਡੀ ਜ਼ਿੰਦਗੀ ਉੱਤੇ ਅਸਰ ਪਾ ਸਕਦੇ ਹਨ। ਤੁਹਾਨੂੰ ਕਾਮਯਾਬੀ ਮਿਲਦੀ ਹੈ ਜਾਂ ਨਾਕਾਮੀ, ਇਹ ਤੁਹਾਡੇ ਫ਼ੈਸਲਿਆਂ ਤੇ ਨਿਰਭਰ ਕਰ ਸਕਦਾ ਹੈ। ਇੱਥੋਂ ਤਕ ਕਿ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਵੀ ਬਣ ਸਕਦੇ ਹਨ। ਪਰ ਜੇ ਤੁਸੀਂ ਬਾਈਬਲ ਦੇ ਅਸੂਲਾਂ ਉੱਤੇ ਚੱਲੋਗੇ, ਦੂਸਰਿਆਂ ਦੀ ਜ਼ਮੀਰ ਦਾ ਧਿਆਨ ਰੱਖੋਗੇ ਅਤੇ ਆਪਣੇ ਕੰਮਾਂ ਦੇ ਨਤੀਜਿਆਂ ਬਾਰੇ ਚੰਗੀ ਤਰ੍ਹਾਂ ਸੋਚੋਗੇ, ਤਾਂ ਤੁਸੀਂ ਬੁੱਧੀਮਤਾ ਨਾਲ ਸਹੀ ਫ਼ੈਸਲੇ ਕਰ ਸਕੋਗੇ। ਸੋ ਆਓ ਆਪਾਂ ਪਰਮੇਸ਼ੁਰ ਦੇ ਮਨ ਨੂੰ ਭਾਉਣ ਵਾਲੇ ਸਹੀ ਫ਼ੈਸਲੇ ਕਰੀਏ।
[ਸਫ਼ਾ 13 ਉੱਤੇ ਤਸਵੀਰ]
ਮਾਮੂਲੀ ਜਿਹੇ ਜਾਪਦੇ ਫ਼ੈਸਲਿਆਂ ਦੇ ਵੀ ਗੰਭੀਰ ਨਤੀਜੇ ਨਿਕਲ ਸਕਦੇ ਹਨ
[ਸਫ਼ਾ 14 ਉੱਤੇ ਤਸਵੀਰ]
ਸਹੀ ਫ਼ੈਸਲਾ ਕਰਨ ਵਿਚ ਬਾਈਬਲ ਦੇ ਸਿਧਾਂਤ ਇਸ ਭੈਣ ਦੀ ਕਿਵੇਂ ਮਦਦ ਕਰਨਗੇ?
[ਸਫ਼ਾ 15 ਉੱਤੇ ਤਸਵੀਰ]
ਯਿਸੂ ਨੇ ਪਤਰਸ ਨੂੰ ਬੜੇ ਪਿਆਰ ਨਾਲ ਸਮਝਾਇਆ