Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜੇ ਕਿਸੇ ਵਿਅਕਤੀ ਨੂੰ ਭੂਤ-ਪ੍ਰੇਤ ਤੰਗ ਕਰ ਰਹੇ ਹੋਣ, ਤਾਂ ਉਹ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕੀ ਕਰ ਸਕਦਾ ਹੈ?

ਪਰਮੇਸ਼ੁਰ ਦੇ ਬਚਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸ਼ਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਤੋਂ ਪਿੱਛਾ ਛੁਡਾਉਣਾ ਮੁਮਕਿਨ ਹੈ। ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਪ੍ਰਾਰਥਨਾ ਕਰਨੀ ਅਤਿ ਜ਼ਰੂਰੀ ਹੈ। (ਮਰਕੁਸ 9:25-29) ਪਰ ਸਾਨੂੰ ਕਈ ਹੋਰ ਕਦਮ ਚੁੱਕਣ ਦੀ ਵੀ ਲੋੜ ਹੈ। ਜੇ ਅਸੀਂ ਪਹਿਲੀ ਸਦੀ ਦੇ ਮਸੀਹੀਆਂ ਦੇ ਤਜਰਬੇ ਪੜ੍ਹੀਏ, ਤਾਂ ਇਸ ਤੋਂ ਅਸੀਂ ਕਾਫ਼ੀ ਕੁਝ ਸਿੱਖ ਸਕਦੇ ਹਾਂ।

ਪ੍ਰਾਚੀਨ ਅਫ਼ਸੁਸ ਸ਼ਹਿਰ ਵਿਚ ਕੁਝ ਲੋਕ ਮਸੀਹੀ ਬਣਨ ਤੋਂ ਪਹਿਲਾਂ ਜਾਦੂ-ਟੂਣਾ ਕਰਦੇ ਹੁੰਦੇ ਸਨ। ਪਰ ਜਦ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਬਾਰੇ ਸਿੱਖਿਆ ਤੇ ਉਸ ਦੀ ਸੇਵਾ ਕਰਨ ਦੀ ਠਾਣ ਲਈ, ਤਾਂ ਉਹ “ਜਿਹੜੇ ਜਾਦੂ ਕਰਦੇ ਸਨ ਆਪਣੀਆਂ ਪੋਥੀਆਂ ਇਕੱਠੀਆਂ ਕਰ ਕੇ ਲਿਆਏ ਅਤੇ ਸਭਨਾਂ ਦੇ ਸਾਹਮਣੇ ਫੂਕ ਸੁੱਟੀਆਂ।” (ਰਸੂਲਾਂ ਦੇ ਕਰਤੱਬ 19:19) ਇਨ੍ਹਾਂ ਅਫ਼ਸੀ ਮਸੀਹੀਆਂ ਨੇ ਆਪਣੀਆਂ ਜਾਦੂ-ਟੂਣੇ ਦੀਆਂ ਪੁਸਤਕਾਂ ਨੂੰ ਸਾੜ ਕੇ ਉਨ੍ਹਾਂ ਸਾਰਿਆਂ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ ਜੋ ਅੱਜ ਭੂਤ-ਪ੍ਰੇਤਾਂ ਤੋਂ ਆਪਣਾ ਪਿੱਛਾ ਛੁਡਾਉਣਾ ਚਾਹੁੰਦੇ ਹਨ। ਜਿਹੜੇ ਭੂਤ-ਪ੍ਰੇਤਾਂ ਦੇ ਹਮਲਿਆਂ ਤੋਂ ਬਚਣਾ ਚਾਹੁੰਦੇ ਹਨ, ਉਨ੍ਹਾਂ ਲਈ ਅਤਿ ਜ਼ਰੂਰੀ ਹੈ ਕਿ ਉਹ ਜਾਦੂ-ਟੂਣੇ ਨਾਲ ਸੰਬੰਧ ਰੱਖਦੀ ਕੋਈ ਵੀ ਚੀਜ਼ ਆਪਣੇ ਕੋਲ ਨਾ ਰੱਖਣ। ਹਾਂ, ਭਾਵੇਂ ਸਾਡੇ ਕੋਲ ਕਿਤਾਬਾਂ, ਰਸਾਲੇ, ਫ਼ਿਲਮਾਂ ਜਾਂ ਗਾਣਿਆਂ ਦੀਆਂ ਵਿਡਿਓ ਟੇਪਾਂ ਤੇ ਕੈਸਟਾਂ, ਤਵੀਤ ਜਾਂ ਹੋਰ ਕੁਝ ਵੀ ਹੋਵੇ ਜੋ ਜਾਦੂ-ਟੂਣੇ ਨਾਲ ਸੰਬੰਧ ਰੱਖਦਾ ਹੋਵੇ, ਸਾਨੂੰ ਇਹ ਸਭ ਕੁਝ ਸੁੱਟ ਦੇਣਾ ਚਾਹੀਦਾ ਹੈ।—ਬਿਵਸਥਾ ਸਾਰ 7:25, 26; 1 ਕੁਰਿੰਥੀਆਂ 10:21.

ਅਫ਼ਸੁਸ ਦੇ ਮਸੀਹੀਆਂ ਦੁਆਰਾ ਆਪਣੀਆਂ ਜਾਦੂ-ਟੂਣੇ ਦੀਆਂ ਕਿਤਾਬਾਂ ਸਾੜਨ ਤੋਂ ਕੁਝ ਸਾਲ ਬਾਅਦ ਪੌਲੁਸ ਰਸੂਲ ਨੇ ਲਿਖਿਆ: “ਸਾਡੀ ਲੜਾਈ . . . ਦੁਸ਼ਟ ਆਤਮਿਆਂ ਨਾਲ ਹੁੰਦੀ ਹੈ।” (ਅਫ਼ਸੀਆਂ 6:12) ਪੌਲੁਸ ਨੇ ਮਸੀਹੀਆਂ ਨੂੰ ਤਾਕੀਦ ਕੀਤੀ: “ਪਰਮੇਸ਼ੁਰ ਦੇ ਸਾਰੇ ਸ਼ਸਤ੍ਰ ਬਸਤ੍ਰ ਧਾਰੋ ਤਾਂ ਜੋ ਤੁਸੀਂ ਸ਼ਤਾਨ ਦੇ ਛਲ ਛਿੱਦ੍ਰਾਂ ਦੇ ਸਾਹਮਣੇ ਖਲੋ ਸੱਕੋ।” (ਅਫ਼ਸੀਆਂ 6:11) ਇਹ ਸਲਾਹ ਅੱਜ ਵੀ ਲਾਗੂ ਹੁੰਦੀ ਹੈ। ਮਸੀਹੀਆਂ ਨੂੰ ਰੂਹਾਨੀ ਤੌਰ ਤੇ ਤਕੜੇ ਰਹਿਣ ਦੀ ਲੋੜ ਹੈ ਤਾਂਕਿ ਉਹ ਸ਼ਤਾਨ ਤੇ ਉਸ ਦੇ ਦੁਸ਼ਟ ਦੂਤਾਂ ਤੋਂ ਬਚੇ ਰਹਿ ਸਕਣ। ਪੌਲੁਸ ਨੇ ਅੱਗੇ ਕਿਹਾ ਸੀ: “ਓਹਨਾਂ ਸਭਨਾਂ ਸਣੇ ਨਿਹਚਾ ਦੀ ਢਾਲ ਲਾਓ ਜਿਹ ਦੇ ਨਾਲ ਤੁਸੀਂ ਉਸ ਦੁਸ਼ਟ ਦੇ ਸਾਰੇ ਅਗਣ ਬਾਣਾਂ ਨੂੰ ਬੁਝਾ ਸੱਕੋਗੇ।” (ਅਫ਼ਸੀਆਂ 6:16) ਬਾਈਬਲ ਦਾ ਅਧਿਐਨ ਕਰਨ ਨਾਲ ਨਿਹਚਾ ਪੱਕੀ ਹੁੰਦੀ ਹੈ। (ਰੋਮੀਆਂ 10:17; ਕੁਲੁੱਸੀਆਂ 2:6, 7) ਇਸ ਲਈ ਸਾਨੂੰ ਬਾਕਾਇਦਾ ਬਾਈਬਲ ਸਟੱਡੀ ਕਰ ਕੇ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਭੂਤ-ਪ੍ਰੇਤਾਂ ਦੇ ਹਮਲਿਆਂ ਤੋਂ ਬਚੇ ਰਹਿ ਸਕੀਏ।—ਜ਼ਬੂਰਾਂ ਦੀ ਪੋਥੀ 91:4; 1 ਯੂਹੰਨਾ 5:5.

ਅਫ਼ਸੁਸ ਸ਼ਹਿਰ ਦੇ ਮਸੀਹੀਆਂ ਨੂੰ ਇਕ ਹੋਰ ਕਦਮ ਵੀ ਚੁੱਕਣ ਦੀ ਲੋੜ ਸੀ। ਪੌਲੁਸ ਨੇ ਉਨ੍ਹਾਂ ਨੂੰ ਕਿਹਾ: “ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ।” (ਅਫ਼ਸੀਆਂ 6:18) ਜੀ ਹਾਂ, ਸ਼ਤਾਨ ਦੇ ਦੂਤਾਂ ਦੇ ਹਮਲਿਆਂ ਤੋਂ ਆਜ਼ਾਦ ਹੋਣ ਦੀ ਇੱਛਾ ਰੱਖਣ ਵਾਲੇ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਰੱਖਿਆ ਲਈ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਨ। (ਕਹਾਉਤਾਂ 18:10; ਮੱਤੀ 6:13; 1 ਯੂਹੰਨਾ 5:18, 19) ਬਾਈਬਲ ਵਿਚ ਲਿਖਿਆ ਹੈ: “ਉਪਰੰਤ ਤੁਸੀਂ ਪਰਮੇਸ਼ੁਰ ਦੇ ਅਧੀਨ ਹੋਵੋ। ਪਰ ਸ਼ਤਾਨ ਦਾ ਸਾਹਮਣਾ ਕਰੋ ਤਾਂ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।”—ਯਾਕੂਬ 4:7.

ਜੇ ਭੂਤ-ਪ੍ਰੇਤਾਂ ਤੋਂ ਦੁਖੀ ਵਿਅਕਤੀ ਯਹੋਵਾਹ ਦੀ ਦਿਲੋਂ ਸੇਵਾ ਕਰਨੀ ਚਾਹੁੰਦਾ ਹੈ ਅਤੇ ਸ਼ਤਾਨ ਅਤੇ ਉਸ ਦੇ ਦੂਤਾਂ ਦਾ ਡੱਟ ਕੇ ਵਿਰੋਧ ਕਰ ਰਿਹਾ ਹੈ, ਤਾਂ ਦੂਸਰੇ ਸੱਚੇ ਮਸੀਹੀ ਵੀ ਉਸ ਲਈ ਪ੍ਰਾਰਥਨਾ ਕਰ ਸਕਦੇ ਹਨ। ਉਹ ਪਰਮੇਸ਼ੁਰ ਨੂੰ ਬੇਨਤੀ ਕਰ ਸਕਦੇ ਹਨ ਕਿ ਸ਼ਤਾਨੀ ਹਮਲਿਆਂ ਦਾ ਸ਼ਿਕਾਰ ਵਿਅਕਤੀ ਰੂਹਾਨੀ ਤੌਰ ਤੇ ਇੰਨਾ ਤਕੜਾ ਹੋ ਜਾਵੇ ਕਿ ਉਹ ਸ਼ਤਾਨ ਦਾ ਸਾਮ੍ਹਣਾ ਕਰਨ ਵਿਚ ਸਫ਼ਲ ਹੋ ਸਕੇ। ਪਰਮੇਸ਼ੁਰ ਦੇ ਬਚਨ ਵਿਚ ਲਿਖਿਆ ਹੈ ਕਿ “ਧਰਮੀ ਪੁਰਖ ਦੀ ਬੇਨਤੀ ਤੋਂ ਬਹੁਤ ਅਸਰ ਹੁੰਦਾ ਹੈ।” ਇਸ ਲਈ ਪਰਮੇਸ਼ੁਰ ਦੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਉਸ ਵਿਅਕਤੀ ਦੀ ਬਹੁਤ ਮਦਦ ਕਰਨਗੀਆਂ ਜੋ “ਸ਼ਤਾਨ ਦਾ ਸਾਹਮਣਾ” ਕਰਨ ਦਾ ਪੂਰਾ ਜਤਨ ਕਰ ਰਿਹਾ ਹੈ।—ਯਾਕੂਬ 5:16.

[ਸਫ਼ਾ 31 ਉੱਤੇ ਤਸਵੀਰ]

ਅਫ਼ਸੁਸ ਸ਼ਹਿਰ ਦੇ ਮਸੀਹੀਆਂ ਨੇ ਆਪਣੀਆਂ ਜਾਦੂ-ਟੂਣੇ ਦੀਆਂ ਕਿਤਾਬਾਂ ਸਾੜ ਦਿੱਤੀਆਂ