Skip to content

Skip to table of contents

“ਮੈਂ ਤੁਹਾਡੇ ਨਾਲ ਹਾਂ”

“ਮੈਂ ਤੁਹਾਡੇ ਨਾਲ ਹਾਂ”

“ਮੈਂ ਤੁਹਾਡੇ ਨਾਲ ਹਾਂ”

‘ਤਦ ਯਹੋਵਾਹ ਦੇ ਦੂਤ ਨੇ ਲੋਕਾਂ ਨੂੰ ਆਖਿਆ, ਯਹੋਵਾਹ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ।’—ਹੱਜਈ 1:13.

1. ਯਿਸੂ ਨੇ ਸਾਡੇ ਦਿਨਾਂ ਦੀ ਤੁਲਨਾ ਕਿਨ੍ਹਾਂ ਦੇ ਦਿਨਾਂ ਨਾਲ ਕੀਤੀ ਸੀ?

ਅਸੀਂ ਖ਼ਾਸ ਸਮੇਂ ਵਿਚ ਜੀ ਰਹੇ ਹਾਂ। ਬਾਈਬਲ ਦੀਆਂ ਭਵਿੱਖਬਾਣੀਆਂ ਅਨੁਸਾਰ 1914 ਤੋਂ ਅਸੀਂ “ਪ੍ਰਭੁ ਦੇ ਦਿਨ” ਵਿਚ ਜੀ ਰਹੇ ਹਾਂ। (ਪਰਕਾਸ਼ ਦੀ ਪੋਥੀ 1:10) ਯਿਸੂ ਨੇ ਕਿਹਾ ਸੀ ਕਿ “ਮਨੁੱਖ ਦੇ ਪੁੱਤ੍ਰ” ਦੇ ਰਾਜ ਦੇ ਦਿਨ “ਨੂਹ ਦੇ ਦਿਨਾਂ” ਅਤੇ “ਲੂਤ ਦੇ ਦਿਨਾਂ” ਵਰਗੇ ਹੋਣਗੇ। (ਲੂਕਾ 17:26, 28) ਹਾਂ, ਉਨ੍ਹਾਂ ਦੇ ਜ਼ਮਾਨੇ ਦੇ ਹਾਲਾਤ ਸਾਡੇ ਦਿਨਾਂ ਦੇ ਹਾਲਾਤਾਂ ਵਰਗੇ ਹੀ ਸਨ। ਪਰ ਇਕ ਹੋਰ ਜ਼ਮਾਨਾ ਵੀ ਸੀ ਜੋ ਸਾਡੇ ਜ਼ਮਾਨੇ ਵਰਗਾ ਸੀ।

2. ਯਹੋਵਾਹ ਨੇ ਹੱਜਈ ਅਤੇ ਜ਼ਕਰਯਾਹ ਨੂੰ ਕਿਹੜਾ ਕੰਮ ਸੌਂਪਿਆ ਸੀ?

2 ਆਓ ਆਪਾਂ ਹੱਜਈ ਅਤੇ ਜ਼ਕਰਯਾਹ ਨਬੀਆਂ ਦੇ ਜ਼ਮਾਨੇ ਵੱਲ ਧਿਆਨ ਦੇਈਏ। ਉਨ੍ਹਾਂ ਦੋ ਵਫ਼ਾਦਾਰ ਨਬੀਆਂ ਦੀਆਂ ਭਵਿੱਖਬਾਣੀਆਂ ਤੋਂ ਅੱਜ ਯਹੋਵਾਹ ਦੇ ਲੋਕ ਕੀ ਸਿੱਖ ਸਕਦੇ ਹਨ? ਹੱਜਈ ਅਤੇ ਜ਼ਕਰਯਾਹ “ਯਹੋਵਾਹ ਦੇ ਦੂਤ” ਯਾਨੀ ਸੰਦੇਸ਼ਵਾਹਕ ਸਨ। ਉਨ੍ਹਾਂ ਨੂੰ ਬਾਬਲ ਤੋਂ ਵਾਪਸ ਆਏ ਯਹੂਦੀਆਂ ਕੋਲ ਘੱਲਿਆ ਗਿਆ ਸੀ ਤਾਂਕਿ ਉਹ ਉਨ੍ਹਾਂ ਨੂੰ ਭਰੋਸਾ ਦਿਲਾ ਸਕਣ ਕਿ ਹੈਕਲ ਦੀ ਦੁਬਾਰਾ ਉਸਾਰੀ ਕਰਨ ਵਿਚ ਯਹੋਵਾਹ ਉਨ੍ਹਾਂ ਦੀ ਮਦਦ ਕਰੇਗਾ। (ਹੱਜਈ 1:13; ਜ਼ਕਰਯਾਹ 4:8, 9) ਇਹ ਸੱਚ ਹੈ ਕਿ ਹੱਜਈ ਅਤੇ ਜ਼ਕਰਯਾਹ ਦੀਆਂ ਪੋਥੀਆਂ ਛੋਟੀਆਂ-ਛੋਟੀਆਂ ਹਨ। ਪਰ ਫਿਰ ਵੀ ਇਹ ਦੋਵੇਂ ਪੋਥੀਆਂ ਉਸ “ਸਾਰੀ ਲਿਖਤ” ਦਾ ਹਿੱਸਾ ਹਨ ਜੋ “ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ ਹੈ।”—2 ਤਿਮੋਥਿਉਸ 3:16.

ਉਨ੍ਹਾਂ ਦੇ ਸੰਦੇਸ਼ ਵੱਲ ਧਿਆਨ ਦਿਓ!

3, 4. ਹੱਜਈ ਤੇ ਜ਼ਕਰਯਾਹ ਦੀਆਂ ਭਵਿੱਖਬਾਣੀਆਂ ਸਾਡੇ ਜ਼ਮਾਨੇ ਵਿਚ ਕਿਉਂ ਮਾਅਨੇ ਰੱਖਦੀਆਂ ਹਨ?

3 ਉਸ ਜ਼ਮਾਨੇ ਦੇ ਯਹੂਦੀਆਂ ਨੂੰ ਹੱਜਈ ਅਤੇ ਜ਼ਕਰਯਾਹ ਦੇ ਸੰਦੇਸ਼ਾਂ ਤੋਂ ਲਾਭ ਹੋਇਆ ਤੇ ਉਨ੍ਹਾਂ ਦੀਆਂ ਭਵਿੱਖਬਾਣੀਆਂ ਕੁਝ ਹੱਦ ਤਕ ਉਦੋਂ ਪੂਰੀਆਂ ਵੀ ਹੋਈਆਂ ਸਨ। ਪਰ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਉਨ੍ਹਾਂ ਦਾ ਸੰਦੇਸ਼ ਅੱਜ ਮਸੀਹੀਆਂ ਲਈ ਵੀ ਮਾਅਨੇ ਰੱਖਦਾ ਹੈ? ਇਸ ਸਵਾਲ ਦਾ ਜਵਾਬ ਇਬਰਾਨੀਆਂ 12:26-29 ਵਿਚ ਦਿੱਤਾ ਗਿਆ ਹੈ। ਇਨ੍ਹਾਂ ਆਇਤਾਂ ਵਿਚ ਪੌਲੁਸ ਰਸੂਲ ਨੇ ਹੱਜਈ 2:6 ਦਾ ਹਵਾਲਾ ਦੇ ਕੇ ਕਿਹਾ ਕਿ ਯਹੋਵਾਹ ‘ਅਕਾਸ਼ ਅਤੇ ਧਰਤੀ ਨੂੰ ਹਿਲਾਵੇਗਾ।’ ਅਖ਼ੀਰ ਵਿਚ ਉਹ ਹਲੂਣਾ ਦੇ ਕੇ ‘ਰਾਜਾਂ ਦੀਆਂ ਗੱਦੀਆਂ ਨੂੰ ਉਲੱਦ ਦੇਵੇਗਾ ਅਤੇ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਦੇਵੇਗਾ।’—ਹੱਜਈ 2:22.

4 ਹੱਜਈ ਦੀ ਪੋਥੀ ਵਿੱਚੋਂ ਹਵਾਲਾ ਦਿੰਦੇ ਹੋਏ ਪੌਲੁਸ ਰਸੂਲ ਨੇ ਦੱਸਿਆ ਕਿ “ਕੌਮਾਂ ਦੇ ਰਾਜਾਂ” ਦਾ ਕੀ ਹਸ਼ਰ ਹੋਵੇਗਾ। ਉਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪਰਮੇਸ਼ੁਰ ਦਾ ਰਾਜ ਸਦਾ ਤਾਈਂ ਖੜ੍ਹਾ ਰਹੇਗਾ ਕਿਉਂਕਿ ਇਹ ਸਭਨਾਂ ਤੋਂ ਉੱਤਮ ਹੈ। ਉਸ ਨੇ ਇਹ ਵੀ ਕਿਹਾ ਕਿ ਇਹ ਰਾਜ ਮਸਹ ਕੀਤੇ ਹੋਏ ਮਸੀਹੀਆਂ ਨੂੰ ਮਿਲੇਗਾ। (ਇਬਰਾਨੀਆਂ 12:28) ਤਾਂ ਫਿਰ ਅਸੀਂ ਦੇਖ ਸਕਦੇ ਹਾਂ ਕਿ ਪਹਿਲੀ ਸਦੀ ਵਿਚ ਜਿਸ ਵੇਲੇ ਇਬਰਾਨੀਆਂ ਨੂੰ ਪੱਤਰੀ ਲਿਖੀ ਗਈ ਸੀ, ਉਸ ਵੇਲੇ ਹੱਜਈ ਤੇ ਜ਼ਕਰਯਾਹ ਦੀਆਂ ਭਵਿੱਖਬਾਣੀਆਂ ਅਜੇ ਪੂਰੀਆਂ ਨਹੀਂ ਹੋਈਆਂ ਸਨ। ਅੱਜ ਧਰਤੀ ਉੱਤੇ ਕੁਝ ਮਸਹ ਕੀਤੇ ਹੋਏ ਮਸੀਹੀ ਹਾਲੇ ਵੀ ਜੀਉਂਦੇ ਹਨ ਜੋ ਭਵਿੱਖ ਵਿਚ ਯਿਸੂ ਨਾਲ ਰਾਜ ਕਰਨਗੇ। ਇਸ ਲਈ ਕਿਹਾ ਜਾ ਸਕਦਾ ਹੈ ਕਿ ਇਹ ਭਵਿੱਖਬਾਣੀਆਂ ਸਾਡੇ ਜ਼ਮਾਨੇ ਵਿਚ ਬਹੁਤ ਮਾਅਨੇ ਰੱਖਦੀਆਂ ਹਨ।

5, 6. ਹੱਜਈ ਤੇ ਜ਼ਕਰਯਾਹ ਦੇ ਜ਼ਮਾਨੇ ਵਿਚ ਹਾਲਾਤ ਕਿਹੋ ਜਿਹੇ ਸਨ?

5 ਅਜ਼ਰਾ ਦੀ ਪੋਥੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਹੱਜਈ ਤੇ ਜ਼ਕਰਯਾਹ ਦੇ ਜ਼ਮਾਨੇ ਵਿਚ ਹਾਲਾਤ ਕਿਹੋ ਜਿਹੇ ਸਨ। ਯਹੂਦੀ ਲੋਕ 537 ਈ.ਪੂ. ਵਿਚ ਬਾਬਲ ਦੀ ਗ਼ੁਲਾਮੀ ਵਿੱਚੋਂ ਛੁੱਟ ਕੇ ਆਏ ਸਨ। ਜ਼ਰੁੱਬਾਬਲ ਹਾਕਮ ਤੇ ਪ੍ਰਧਾਨ ਜਾਜਕ ਯਹੋਸ਼ੁਆ (ਜਿਸ ਨੂੰ ਯੇਸ਼ੂਆ ਵੀ ਕਿਹਾ ਜਾਂਦਾ ਸੀ) ਦੀ ਨਿਗਰਾਨੀ ਅਧੀਨ ਸੰਨ 536 ਵਿਚ ਨਵੀਂ ਹੈਕਲ ਦੀ ਨੀਂਹ ਧਰੀ ਗਈ ਸੀ। (ਅਜ਼ਰਾ 3:8-13; 5:1) ਭਾਵੇਂ ਇਹ ਬਹੁਤ ਹੀ ਖ਼ੁਸ਼ੀ ਦਾ ਮੌਕਾ ਸੀ, ਲੇਕਿਨ ਛੇਤੀ ਹੀ ਯਹੂਦੀਆਂ ਦੀ ਖ਼ੁਸ਼ੀ ਦਹਿਸ਼ਤ ਵਿਚ ਬਦਲ ਗਈ। ਅਜ਼ਰਾ 4:4 ਵਿਚ ਲਿਖਿਆ ਹੈ ਕਿ ਉਨ੍ਹਾਂ ਦੇ ਦੁਸ਼ਮਣ ਅਰਥਾਤ “ਦੇਸ ਦੇ ਲੋਕ ਯਹੂਦਾਹ ਦੀ ਪਰਜਾ ਦੇ ਹੱਥ ਢਿੱਲੇ ਕਰਨ ਅਰ [ਹੈਕਲ] ਬਣਾਉਣ ਦੇ ਵੇਲੇ ਉਨ੍ਹਾਂ ਨੂੰ ਕਸ਼ਟ ਦੇਣ ਲੱਗੇ।” ਇਨ੍ਹਾਂ ਦੁਸ਼ਮਣਾਂ, ਖ਼ਾਸ ਕਰਕੇ ਸਾਮਰੀ ਲੋਕਾਂ ਨੇ ਯਹੂਦੀਆਂ ਉੱਤੇ ਝੂਠੇ ਇਲਜ਼ਾਮ ਲਾ ਕੇ ਫਾਰਸ ਦੇ ਪਾਤਸ਼ਾਹ ਨੂੰ ਉਨ੍ਹਾਂ ਖ਼ਿਲਾਫ਼ ਭੜਕਾ ਦਿੱਤਾ। ਸੋ ਫਾਰਸ ਦੇ ਪਾਤਸ਼ਾਹ ਨੇ ਹੈਕਲ ਦੀ ਉਸਾਰੀ ਦੇ ਕੰਮ ਉੱਤੇ ਪਾਬੰਦੀ ਲਗਵਾ ਦਿੱਤੀ।—ਅਜ਼ਰਾ 4:10-21.

6 ਇਸ ਨਾਲ ਹੈਕਲ ਦੀ ਉਸਾਰੀ ਦੇ ਕੰਮ ਲਈ ਯਹੂਦੀਆਂ ਦਾ ਜੋਸ਼ ਘੱਟ ਗਿਆ। ਉਹ ਹੈਕਲ ਦੀ ਉਸਾਰੀ ਛੱਡ ਕੇ ਆਪੋ-ਆਪਣੇ ਕੰਮਾਂ ਵਿਚ ਰੁੱਝ ਗਏ। ਪਰ ਹੈਕਲ ਦੀ ਨੀਂਹ ਧਰਨ ਤੋਂ 16 ਸਾਲ ਬਾਅਦ 520 ਈ.ਪੂ. ਵਿਚ ਯਹੋਵਾਹ ਨੇ ਹੱਜਈ ਤੇ ਜ਼ਕਰਯਾਹ ਨਬੀਆਂ ਨੂੰ ਯਹੂਦੀਆਂ ਕੋਲ ਘੱਲਿਆ ਤਾਂਕਿ ਉਹ ਮੁੜ ਹੈਕਲ ਦਾ ਕੰਮ ਸ਼ੁਰੂ ਕਰਨ ਲਈ ਯਹੂਦੀਆਂ ਅੰਦਰ ਜੋਸ਼ ਪੈਦਾ ਕਰ ਸਕਣ। (ਹੱਜਈ 1:1; ਜ਼ਕਰਯਾਹ 1:1) ਯਹੂਦੀਆਂ ਨੂੰ ਵਿਸ਼ਵਾਸ ਦੁਆਇਆ ਗਿਆ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ। ਨਤੀਜੇ ਵਜੋਂ ਯਹੂਦੀ ਹੈਕਲ ਨੂੰ ਮੁੜ ਉਸਾਰਨ ਲੱਗ ਪਏ ਤੇ ਸੰਨ 515 ਵਿਚ ਉਨ੍ਹਾਂ ਨੇ ਇਹ ਕੰਮ ਪੂਰਾ ਕਰ ਲਿਆ।—ਅਜ਼ਰਾ 6:14, 15.

7. ਹੱਜਈ ਤੇ ਜ਼ਕਰਯਾਹ ਦੇ ਦਿਨਾਂ ਅਤੇ ਸਾਡੇ ਦਿਨਾਂ ਵਿਚ ਕੀ ਸਮਾਨਤਾਵਾਂ ਹਨ?

7 ਹੈਕਲ ਦੀ ਉਸਾਰੀ ਸੰਬੰਧੀ ਇਹ ਸਭ ਗੱਲਾਂ ਸਾਡੇ ਲਈ ਕੀ ਮਾਅਨੇ ਰੱਖਦੀਆਂ ਹਨ? ਸਾਨੂੰ ਅੱਜ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਗਿਆ ਹੈ। (ਮੱਤੀ 24:14) ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਇਸ ਕੰਮ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਣ ਲੱਗਾ। ਜਿਸ ਤਰ੍ਹਾਂ ਪ੍ਰਾਚੀਨ ਯਹੂਦੀਆਂ ਨੂੰ ਬਾਬਲ ਦੀ ਗ਼ੁਲਾਮੀ ਵਿੱਚੋਂ ਛੁਡਾਇਆ ਗਿਆ ਸੀ, ਉਸੇ ਤਰ੍ਹਾਂ ਆਧੁਨਿਕ ਸਮਿਆਂ ਵਿਚ ਯਹੋਵਾਹ ਦੇ ਲੋਕ ਵੱਡੀ ਬਾਬੁਲ ਯਾਨੀ ਝੂਠੇ ਧਰਮਾਂ ਤੋਂ ਆਜ਼ਾਦ ਹੋਏ ਸਨ। ਉਦੋਂ ਤੋਂ ਹੀ ਮਸਹ ਕੀਤੇ ਹੋਏ ਮਸੀਹੀ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਸਿੱਖਿਆ ਦੇ ਕੇ ਉਨ੍ਹਾਂ ਨੂੰ ਸੱਚੀ ਉਪਾਸਨਾ ਵੱਲ ਮੋੜਨ ਦੇ ਕੰਮ ਵਿਚ ਲੱਗ ਗਏ। ਅੱਜ ਇਹ ਕੰਮ ਵੱਡੇ ਪੈਮਾਨੇ ਤੇ ਹੋ ਰਿਹਾ ਹੈ ਜਿਸ ਵਿਚ ਤੁਸੀਂ ਵੀ ਸ਼ਾਇਦ ਹਿੱਸਾ ਲੈ ਰਹੇ ਹੋ। ਪ੍ਰਚਾਰ ਕਰਨ ਦਾ ਹੁਣ ਸਮਾਂ ਹੈ ਕਿਉਂਕਿ ਦੁਨੀਆਂ ਦਾ ਅੰਤ ਬਹੁਤ ਨਜ਼ਦੀਕ ਹੈ! ਇਹ ਅਨੋਖਾ ਕੰਮ ਬਿਨਾਂ ਕਿਸੇ ਰੁਕਾਵਟ ਦੇ ਚੱਲਦਾ ਰਹੇਗਾ ਜਦ ਤਕ ਯਹੋਵਾਹ “ਵੱਡਾ ਕਸ਼ਟ” ਨਹੀਂ ਲਿਆਉਂਦਾ। (ਮੱਤੀ 24:21) ਉਹ ਸਮਾਂ ਆਉਣ ਤੇ ਬੁਰਾਈ ਖ਼ਤਮ ਕੀਤੀ ਜਾਵੇਗੀ ਜਿਸ ਤੋਂ ਬਾਅਦ ਸਾਰੇ ਲੋਕ ਯਹੋਵਾਹ ਪਰਮੇਸ਼ੁਰ ਦੀ ਭਗਤੀ ਕਰਨਗੇ।

8. ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਸਾਡੇ ਪ੍ਰਚਾਰ ਦੇ ਕੰਮ ਉੱਤੇ ਪਰਮੇਸ਼ੁਰ ਦੀ ਬਰਕਤ ਹੈ?

8 ਜਿਵੇਂ ਹੱਜਈ ਤੇ ਜ਼ਕਰਯਾਹ ਦੀਆਂ ਭਵਿੱਖਬਾਣੀਆਂ ਤੋਂ ਪਤਾ ਚੱਲਦਾ ਹੈ, ਜੇ ਅਸੀਂ ਪੂਰੇ ਜੀ-ਜਾਨ ਨਾਲ ਪ੍ਰਚਾਰ ਦੇ ਕੰਮ ਵਿਚ ਲੱਗੇ ਰਹੀਏ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰੇਗਾ ਤੇ ਸਾਨੂੰ ਬਰਕਤਾਂ ਦੇਵੇਗਾ। ਪਰਮੇਸ਼ੁਰ ਦੇ ਸੇਵਕਾਂ ਨੂੰ ਰੋਕਣ ਜਾਂ ਉਨ੍ਹਾਂ ਦੇ ਕੰਮ ਉੱਤੇ ਪਾਬੰਦੀ ਲਾਉਣ ਦੇ ਬਾਵਜੂਦ ਕੋਈ ਵੀ ਸਰਕਾਰ ਇਸ ਕੰਮ ਨੂੰ ਰੋਕ ਨਹੀਂ ਸਕੀ ਹੈ। ਜ਼ਰਾ ਗੌਰ ਕਰੋ ਕਿ ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਤਕ ਪ੍ਰਚਾਰ ਦੇ ਕੰਮ ਉੱਤੇ ਯਹੋਵਾਹ ਨੇ ਕਿੰਨੀ ਬਰਕਤ ਪਾਈ ਹੈ। ਲੇਕਿਨ ਹਾਲੇ ਵੀ ਬਹੁਤ ਕੰਮ ਕਰਨ ਵਾਲਾ ਹੈ।

9. ਸਾਨੂੰ ਯਹੂਦੀਆਂ ਦੀ ਕਿਹੜੀ ਸਥਿਤੀ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਉਂ?

9 ਅਸੀਂ ਹੱਜਈ ਤੇ ਜ਼ਕਰਯਾਹ ਦੀਆਂ ਪੋਥੀਆਂ ਤੋਂ ਕੀ ਸਿੱਖ ਸਕਦੇ ਹਾਂ ਜੋ ਸਾਨੂੰ ਪ੍ਰਚਾਰ ਕਰਨ ਦੇ ਹੁਕਮ ਨੂੰ ਦਿਲੋਂ ਮੰਨਣ ਦੀ ਪ੍ਰੇਰਣਾ ਦੇਵੇਗਾ? ਆਓ ਆਪਾਂ ਦੇਖੀਏ ਕਿ ਬਾਈਬਲ ਦੀਆਂ ਇਨ੍ਹਾਂ ਦੋ ਪੋਥੀਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ। ਮਿਸਾਲ ਲਈ, ਹੈਕਲ ਦੀ ਉਸਾਰੀ ਨਾਲ ਸੰਬੰਧਿਤ ਕੁਝ ਗੱਲਾਂ ਉੱਤੇ ਗੌਰ ਕਰੋ। ਜਿਵੇਂ ਅਸੀਂ ਪਹਿਲਾਂ ਦੇਖਿਆ ਸੀ, ਬਾਬਲ ਤੋਂ ਯਰੂਸ਼ਲਮ ਵਾਪਸ ਆਏ ਯਹੂਦੀਆਂ ਨੇ ਹੈਕਲ ਦੀ ਨੀਂਹ ਧਰਨ ਤੋਂ ਬਾਅਦ ਉਸਾਰੀ ਦਾ ਕੰਮ ਵਿਚ-ਵਿਚਾਲੇ ਹੀ ਛੱਡ ਦਿੱਤਾ ਸੀ ਤੇ ਉਹ ਜੋਸ਼ ਵਿਚ ਠੰਢੇ ਪੈ ਗਏ ਸਨ। ਉਨ੍ਹਾਂ ਵਿਚ ਕਿਹੜਾ ਗ਼ਲਤ ਰਵੱਈਆ ਪੈਦਾ ਹੋ ਗਿਆ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

ਸਹੀ ਰਵੱਈਆ

10. ਯਹੂਦੀਆਂ ਨੇ ਕਿਹੜਾ ਗ਼ਲਤ ਰਵੱਈਆ ਅਪਣਾ ਲਿਆ ਸੀ ਅਤੇ ਇਸ ਦਾ ਨਤੀਜਾ ਕੀ ਨਿਕਲਿਆ?

10 ਯਰੂਸ਼ਲਮ ਵਾਪਸ ਆਏ ਯਹੂਦੀਆਂ ਨੇ ਪਰਮੇਸ਼ੁਰ ਦੇ ਭਵਨ ਦੀ ਉਸਾਰੀ ਬਾਰੇ ਕਿਹਾ: ‘ਅਜੇ ਵੇਲਾ ਨਹੀਂ ਆਇਆ।’ (ਹੱਜਈ 1:2) ਪਰ ਉਨ੍ਹਾਂ ਨੇ ਇਹ ਉਦੋਂ ਤਾਂ ਨਹੀਂ ਕਿਹਾ ਸੀ ਜਦੋਂ ਸੰਨ 536 ਵਿਚ ਉਨ੍ਹਾਂ ਨੇ ਨੀਂਹ ਧਰ ਕੇ ਹੈਕਲ ਦੀ ਉਸਾਰੀ ਸ਼ੁਰੂ ਕੀਤੀ ਸੀ। ਲੇਕਿਨ ਕੁਝ ਸਮੇਂ ਬਾਅਦ ਉਨ੍ਹਾਂ ਨੇ ਗੁਆਂਢੀਆਂ ਦੇ ਵਿਰੋਧ ਅਤੇ ਸਰਕਾਰ ਦੀ ਦਖ਼ਲ-ਅੰਦਾਜ਼ੀ ਦੇ ਕਾਰਨ ਉਸਾਰੀ ਦਾ ਕੰਮ ਰੋਕ ਦਿੱਤਾ। ਯਹੂਦੀ ਆਪਣੇ ਘਰ ਬਣਾਉਣ ਅਤੇ ਆਪਣੇ ਐਸ਼ੋ-ਆਰਾਮ ਬਾਰੇ ਜ਼ਿਆਦਾ ਸੋਚਣ ਲੱਗ ਪਏ। ਯਹੂਦੀਆਂ ਦੇ ਸੋਹਣੇ-ਸੋਹਣੇ ਘਰਾਂ ਦੀ ਤੁਲਨਾ ਹੈਕਲ ਨਾਲ ਕਰਦੇ ਹੋਏ ਯਹੋਵਾਹ ਨੇ ਉਨ੍ਹਾਂ ਨੂੰ ਪੁੱਛਿਆ: “ਭਲਾ, ਏਹ ਕੋਈ ਸਮਾ ਹੈ ਕਿ ਤੁਸੀਂ ਆਪ ਆਪਣੇ ਛੱਤੇ ਹੋਏ ਕੋਠਿਆਂ ਵਿੱਚ ਰਹੋ ਜਦ ਕਿ ਏਹ ਭਵਨ ਬਰਬਾਦ ਪਿਆ ਹੈ?”—ਹੱਜਈ 1:4.

11. ਯਹੋਵਾਹ ਨੂੰ ਹੱਜਈ ਦੇ ਜ਼ਮਾਨੇ ਦੇ ਯਹੂਦੀਆਂ ਨੂੰ ਤਾੜਨਾ ਕਿਉਂ ਦੇਣੀ ਪਈ ਸੀ?

11 ਯਹੂਦੀ ਆਪਣੇ ਹੀ ਕੰਮਾਂ-ਕਾਰਾਂ ਵੱਲ ਜ਼ਿਆਦਾ ਧਿਆਨ ਦੇਣ ਲੱਗ ਪਏ ਸਨ। ਯਹੋਵਾਹ ਦਾ ਭਵਨ ਉਸਾਰਨ ਦੀ ਬਜਾਇ, ਉਨ੍ਹਾਂ ਨੂੰ ਆਪਣੀ ਤੇ ਆਪਣੇ ਘਰਾਂ ਦੀ ਜ਼ਿਆਦਾ ਚਿੰਤਾ ਸੀ। ਪਰਮੇਸ਼ੁਰ ਦੀ ਉਪਾਸਨਾ ਦੇ ਭਵਨ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ। ਹੱਜਈ 1:5 ਵਿਚ ਯਹੋਵਾਹ ਨੇ ਯਹੂਦੀਆਂ ਨੂੰ ‘ਆਪਣੇ ਚਾਲੇ ਉੱਤੇ ਧਿਆਨ ਦੇਣ’ ਯਾਨੀ ਇਸ ਬਾਰੇ ਸੋਚਣ ਲਈ ਉਤਸ਼ਾਹਿਤ ਕੀਤਾ ਕਿ ਹੈਕਲ ਦੇ ਕੰਮ ਪ੍ਰਤੀ ਲਾਪਰਵਾਹੀ ਵਰਤਣ ਨਾਲ ਉਨ੍ਹਾਂ ਨੂੰ ਕੀ ਨੁਕਸਾਨ ਹੋ ਰਿਹਾ ਸੀ।

12, 13. ਹੱਜਈ 1:6 ਵਿਚ ਯਹੂਦੀਆਂ ਦੀ ਹਾਲਤ ਬਾਰੇ ਕੀ ਲਿਖਿਆ ਗਿਆ ਸੀ ਅਤੇ ਇਸ ਆਇਤ ਦਾ ਕੀ ਮਤਲਬ ਸੀ?

12 ਸੱਚੀ ਭਗਤੀ ਪ੍ਰਤੀ ਲਾਪਰਵਾਹੀ ਵਰਤਣ ਨਾਲ ਯਹੂਦੀਆਂ ਨੂੰ ਕੀ ਨੁਕਸਾਨ ਹੋਇਆ? ਧਿਆਨ ਦਿਓ ਕਿ ਯਹੋਵਾਹ ਨੇ ਹੱਜਈ 1:6 ਵਿਚ ਕੀ ਕਿਹਾ: “ਤੁਸਾਂ ਬਹੁਤ ਬੀਜਿਆ ਪਰ ਥੋੜਾ ਖੱਟਿਆ, ਤੁਸੀਂ ਖਾਂਦੇ ਹੋ ਪਰ ਰੱਜਦੇ ਨਹੀਂ, ਤੁਸੀਂ ਪੀਂਦੇ ਹੋ ਪਰ ਤ੍ਰੇਹ ਨਹੀਂ ਬੁੱਝਦੀ, ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ, ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ।”

13 ਭਾਵੇਂ ਯਹੂਦੀ ਉਸ ਦੇਸ਼ ਵਿਚ ਰਹਿੰਦੇ ਸਨ ਜੋ ਪਰਮੇਸ਼ੁਰ ਨੇ ਉਨ੍ਹਾਂ ਨੂੰ ਦਿੱਤਾ ਸੀ, ਪਰ ਧਰਤੀ ਉੱਨੀ ਫਲਦਾਰ ਸਾਬਤ ਨਹੀਂ ਹੋ ਰਹੀ ਸੀ ਜਿੰਨੀ ਉਹ ਉਮੀਦ ਰੱਖਦੇ ਸਨ। ਯਹੋਵਾਹ ਉਨ੍ਹਾਂ ਉੱਤੇ ਆਪਣੀ ਬਰਕਤ ਨਹੀਂ ਪਾ ਰਿਹਾ ਸੀ ਜਿਵੇਂ ਉਸ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ। (ਬਿਵਸਥਾ ਸਾਰ 28:38-48) ਭਾਵੇਂ ਉਹ ਬੀਜ ਬੀਜਦੇ ਸਨ, ਪਰ ਪੈਦਾਵਾਰ ਬਹੁਤ ਘੱਟ ਹੁੰਦੀ ਸੀ ਅਤੇ ਢਿੱਡ ਭਰ ਕੇ ਖਾਣ ਜੋਗਾ ਅਨਾਜ ਜਾਂ ਪਿਆਸ ਬੁਝਾਉਣ ਜੋਗੀ ਮੈ ਵੀ ਨਹੀਂ ਹੁੰਦੀ ਸੀ। ਯਹੋਵਾਹ ਦੀ ਬਰਕਤ ਤੋਂ ਬਿਨਾਂ ਉਨ੍ਹਾਂ ਕੋਲ ਠੰਢ ਤੋਂ ਬਚਣ ਲਈ ਗਰਮ ਕੱਪੜੇ ਵੀ ਨਹੀਂ ਸਨ। ਇਸ ਤਰ੍ਹਾਂ ਲੱਗਦਾ ਸੀ ਕਿ ਉਹ ਆਪਣੀ ਕਮਾਈ ਛੇਕਾਂ ਵਾਲੀ ਥੈਲੀ ਵਿਚ ਪਾ ਰਹੇ ਸਨ ਜਿਸ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੁੰਦਾ ਸੀ।

14, 15. ਅਸੀਂ ਹੱਜਈ 1:6 ਤੋਂ ਕੀ ਸਿੱਖਦੇ ਹਾਂ?

14 ਅਸੀਂ ਇਸ ਤੋਂ ਜੋ ਸਬਕ ਸਿੱਖਦੇ ਹਾਂ ਉਹ ਘਰ ਦੀ ਸਜਾਵਟ ਕਰਨ ਬਾਰੇ ਨਹੀਂ ਹੈ। ਬਾਬਲ ਵਿਚ ਗ਼ੁਲਾਮ ਬਣਨ ਤੋਂ ਬਹੁਤ ਚਿਰ ਪਹਿਲਾਂ ਆਮੋਸ ਨਬੀ ਨੇ ਇਸਰਾਏਲ ਦੇ ਅਮੀਰਾਂ ਨੂੰ ਉਨ੍ਹਾਂ ਦੇ ‘ਹਾਥੀ ਦੰਦ ਦੇ ਮਹਿਲਾਂ’ ਤੇ “ਹਾਥੀ ਦੰਦ ਦੇ ਪਲੰਘਾਂ” ਦੇ ਸੰਬੰਧ ਵਿਚ ਤਾੜਨਾ ਦਿੱਤੀ ਸੀ। (ਆਮੋਸ 3:15; 6:4) ਉਨ੍ਹਾਂ ਦੇ ਵੱਡੇ-ਵੱਡੇ ਮਹਿਲ ਅਤੇ ਸੋਹਣਾ-ਸੋਹਣਾ ਫਰਨੀਚਰ ਉਨ੍ਹਾਂ ਕੋਲ ਹਮੇਸ਼ਾ ਲਈ ਨਹੀਂ ਰਹੇ ਸਨ। ਦੁਸ਼ਮਣ ਫ਼ੌਜਾਂ ਨੇ ਆ ਕੇ ਇਹ ਚੀਜ਼ਾਂ ਲੁੱਟ ਲਈਆਂ ਸਨ। ਪਰ 70 ਸਾਲਾਂ ਦੀ ਗ਼ੁਲਾਮੀ ਤੋਂ ਬਾਅਦ ਵੀ ਪਰਮੇਸ਼ੁਰ ਦੇ ਕਈ ਲੋਕਾਂ ਨੇ ਇਸ ਤੋਂ ਸਬਕ ਨਹੀਂ ਸਿੱਖਿਆ ਸੀ। ਕੀ ਅਸੀਂ ਸਬਕ ਸਿੱਖਾਂਗੇ? ਸਾਨੂੰ ਸਾਰਿਆਂ ਨੂੰ ਪੁੱਛਣਾ ਚਾਹੀਦਾ ਹੈ: ‘ਮੈਂ ਆਪਣੇ ਘਰ ਅਤੇ ਉਸ ਦੀ ਸਜਾਵਟ ਨੂੰ ਕਿੰਨੀ ਕੁ ਮਹੱਤਤਾ ਦਿੰਦਾ ਹਾਂ? ਚੰਗੀ ਨੌਕਰੀ ਪ੍ਰਾਪਤ ਕਰਨ ਲਈ ਉੱਚ ਸਿੱਖਿਆ ਲੈਣ ਬਾਰੇ ਕੀ ਜਿਸ ਨੂੰ ਹਾਸਲ ਕਰਨ ਵਿਚ ਕਈ ਸਾਲ ਲੱਗ ਸਕਦੇ ਹਨ ਤੇ ਜੋ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਣ ਤੋਂ ਮੈਨੂੰ ਰੋਕ ਸਕਦੀ ਹੈ?’—ਲੂਕਾ 12:20, 21; 1 ਤਿਮੋਥਿਉਸ 6:17-19.

15ਹੱਜਈ 1:6 ਦੇ ਸ਼ਬਦ ਸਾਨੂੰ ਚੇਤੇ ਕਰਾਉਂਦੇ ਹਨ ਕਿ ਸਾਨੂੰ ਪਰਮੇਸ਼ੁਰ ਦੀ ਬਰਕਤ ਦੀ ਲੋੜ ਹੈ। ਹੱਜਈ ਤੇ ਜ਼ਕਰਯਾਹ ਦੇ ਜ਼ਮਾਨੇ ਦੇ ਯਹੂਦੀਆਂ ਉੱਤੇ ਯਹੋਵਾਹ ਦੀ ਬਰਕਤ ਨਹੀਂ ਸੀ ਜਿਸ ਕਰਕੇ ਉਨ੍ਹਾਂ ਦਾ ਨੁਕਸਾਨ ਹੋਇਆ। ਚਾਹੇ ਸਾਡੇ ਕੋਲ ਧਨ-ਦੌਲਤ ਹੋਵੇ ਜਾਂ ਨਾ, ਪਰ ਜੇ ਸਾਡੇ ਉੱਤੇ ਯਹੋਵਾਹ ਦੀ ਬਰਕਤ ਨਾ ਰਹੀ, ਤਾਂ ਰੂਹਾਨੀ ਤੌਰ ਤੇ ਸਾਡਾ ਹੀ ਨੁਕਸਾਨ ਹੋਵੇਗਾ। (ਮੱਤੀ 25:34-40; 2 ਕੁਰਿੰਥੀਆਂ 9:8-12) ਪਰ ਸਾਨੂੰ ਯਹੋਵਾਹ ਦੀ ਬਰਕਤ ਕਿਵੇਂ ਮਿਲ ਸਕਦੀ ਹੈ?

ਯਹੋਵਾਹ ਆਪਣੀ ਪਵਿੱਤਰ ਆਤਮਾ ਰਾਹੀਂ ਮਦਦ ਕਰਦਾ ਹੈ

16-18. ਪੁਰਾਣੇ ਜ਼ਮਾਨੇ ਵਿਚ ਜ਼ਕਰਯਾਹ 4:6 ਦਾ ਕੀ ਅਰਥ ਸੀ?

16 ਹੱਜਈ ਦੇ ਸਾਥੀ ਨਬੀ ਜ਼ਕਰਯਾਹ ਨੇ ਲਿਖਿਆ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਪ੍ਰੇਰਿਆ ਸੀ ਅਤੇ ਉਨ੍ਹਾਂ ਨੂੰ ਕਿਵੇਂ ਬਰਕਤ ਦਿੱਤੀ ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਕਿਵੇਂ ਬਰਕਤ ਦੇਵੇਗਾ। ਅਸੀਂ ਪੜ੍ਹਦੇ ਹਾਂ: “ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫਰਮਾਨ ਹੈ।” (ਜ਼ਕਰਯਾਹ 4:6) ਅਸੀਂ ਇਹ ਆਇਤ ਕਈ ਵਾਰ ਸੁਣ ਚੁੱਕੇ ਹਾਂ, ਪਰ ਹੱਜਈ ਅਤੇ ਜ਼ਕਰਯਾਹ ਦੇ ਜ਼ਮਾਨੇ ਦੇ ਯਹੂਦੀਆਂ ਲਈ ਇਸ ਦਾ ਕੀ ਅਰਥ ਸੀ ਅਤੇ ਸਾਡੇ ਲਈ ਇਸ ਦਾ ਕੀ ਅਰਥ ਹੈ?

17 ਯਾਦ ਕਰੋ ਕਿ ਹੱਜਈ ਅਤੇ ਜ਼ਕਰਯਾਹ ਦੇ ਪ੍ਰੇਰਿਤ ਸ਼ਬਦਾਂ ਦਾ ਲੋਕਾਂ ਤੇ ਬਹੁਤ ਹੀ ਚੰਗਾ ਅਸਰ ਪਿਆ ਸੀ। ਵਫ਼ਾਦਾਰ ਯਹੂਦੀ ਪੂਰੇ ਜੋਸ਼ ਨਾਲ ਮੁੜ ਉਸਾਰੀ ਕਰਨ ਲੱਗ ਪਏ ਸਨ। ਹੱਜਈ ਨੇ 520 ਈ.ਪੂ. ਦੇ ਛੇਵੇਂ ਮਹੀਨੇ ਵਿਚ ਭਵਿੱਖਬਾਣੀ ਕਰਨੀ ਸ਼ੁਰੂ ਕੀਤੀ ਸੀ ਅਤੇ ਜ਼ਕਰਯਾਹ ਨੇ ਅੱਠਵੇਂ ਮਹੀਨੇ ਵਿਚ। (ਜ਼ਕਰਯਾਹ 1:1) ਅਸੀਂ ਹੱਜਈ 2:18 ਤੋਂ ਦੇਖ ਸਕਦੇ ਹਾਂ ਕਿ ਉਸੇ ਸਾਲ ਦੇ ਨੌਵੇਂ ਮਹੀਨੇ ਵਿਚ ਹੈਕਲ ਦੀ ਉਸਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਿਆ। ਸੋ ਯਹੋਵਾਹ ਨੇ ਹੱਜਈ ਤੇ ਜ਼ਕਰਯਾਹ ਦੁਆਰਾ ਯਹੂਦੀਆਂ ਨੂੰ ਪ੍ਰੇਰਣਾ ਦਿੱਤੀ ਤੇ ਉਨ੍ਹਾਂ ਨੇ ਯਹੋਵਾਹ ਦੀ ਆਗਿਆ ਮੰਨਦੇ ਹੋਏ ਹੈਕਲ ਦੀ ਉਸਾਰੀ ਦੁਬਾਰਾ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਇਸ ਕੰਮ ਵਿਚ ਉਨ੍ਹਾਂ ਦੀ ਮਦਦ ਕਰੇਗਾ। ਜ਼ਕਰਯਾਹ 4:6 ਦੇ ਲਫ਼ਜ਼ਾਂ ਤੋਂ ਪਤਾ ਚੱਲਦਾ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਦੇ ਕੰਮ ਤੇ ਬਰਕਤ ਪਾਈ।

18 ਜਦੋਂ ਯਹੂਦੀ 537 ਈ.ਪੂ. ਵਿਚ ਆਪਣੇ ਦੇਸ਼ ਵਾਪਸ ਮੁੜੇ ਸਨ, ਤਾਂ ਉਨ੍ਹਾਂ ਦੀ ਕੋਈ ਫ਼ੌਜ ਨਹੀਂ ਸੀ। ਫਿਰ ਵੀ ਯਹੋਵਾਹ ਨੇ ਬਾਬਲ ਤੋਂ ਯਰੂਸ਼ਲਮ ਤਕ ਦੇ ਸਫ਼ਰ ਦੌਰਾਨ ਉਨ੍ਹਾਂ ਦੀ ਰੱਖਿਆ ਕੀਤੀ। ਵਾਪਸ ਆਪਣੇ ਦੇਸ਼ ਆ ਕੇ ਜਦੋਂ ਉਨ੍ਹਾਂ ਨੇ ਹੈਕਲ ਦੀ ਉਸਾਰੀ ਸ਼ੁਰੂ ਕੀਤੀ ਸੀ, ਤਾਂ ਯਹੋਵਾਹ ਦੀ ਪਵਿੱਤਰ ਆਤਮਾ ਨੇ ਹੀ ਉਨ੍ਹਾਂ ਨੂੰ ਸੇਧ ਦਿੱਤੀ ਸੀ। ਹੁਣ ਜਦੋਂ ਉਹ ਫਿਰ ਤੋਂ ਪੂਰੇ ਦਿਲ ਨਾਲ ਕੰਮ ਕਰਨ ਲੱਗ ਪਏ ਸਨ, ਤਾਂ ਯਹੋਵਾਹ ਨੇ ਆਪਣੀ ਪਵਿੱਤਰ ਆਤਮਾ ਨਾਲ ਉਨ੍ਹਾਂ ਦੀ ਜ਼ਰੂਰ ਮਦਦ ਕਰਨੀ ਸੀ।

19. ਯਹੋਵਾਹ ਦੀ ਆਤਮਾ ਨੇ ਕਿਸ ਦੁਸ਼ਮਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ?

19 ਜ਼ਕਰਯਾਹ ਨੂੰ ਅੱਠ ਦਰਸ਼ਣਾਂ ਦੁਆਰਾ ਭਰੋਸਾ ਦਿਵਾਇਆ ਗਿਆ ਕਿ ਯਹੋਵਾਹ ਆਪਣੀ ਪਰਜਾ ਦਾ ਸਾਥ ਦੇਵੇਗਾ ਅਤੇ ਲੋਕ ਵਫ਼ਾਦਾਰੀ ਨਾਲ ਉਸਾਰੀ ਦਾ ਕੰਮ ਜ਼ਰੂਰ ਪੂਰਾ ਕਰਨਗੇ। ਤੀਜੇ ਅਧਿਆਇ ਵਿਚ ਦੱਸੇ ਗਏ ਚੌਥੇ ਦਰਸ਼ਣ ਤੋਂ ਪਤਾ ਚੱਲਦਾ ਹੈ ਕਿ ਹੈਕਲ ਦੀ ਉਸਾਰੀ ਵਿਚ ਰੁਕਾਵਟਾਂ ਖੜ੍ਹੀਆਂ ਕਰਨ ਪਿੱਛੇ ਸ਼ਤਾਨ ਦਾ ਹੱਥ ਸੀ ਤਾਂਕਿ ਯਹੂਦੀ ਇਸ ਕੰਮ ਨੂੰ ਪੂਰਾ ਨਾ ਕਰ ਸਕਣ। (ਜ਼ਕਰਯਾਹ 3:1) ਸ਼ਤਾਨ ਨਹੀਂ ਚਾਹੁੰਦਾ ਸੀ ਕਿ ਪ੍ਰਧਾਨ ਜਾਜਕ ਯਹੋਸ਼ੁਆ ਨਵੀਂ ਹੈਕਲ ਵਿਚ ਲੋਕਾਂ ਦੀ ਖ਼ਾਤਰ ਸੇਵਾ ਜਾਂ ਪ੍ਰਾਰਥਨਾ ਕਰੇ। ਭਾਵੇਂ ਸ਼ਤਾਨ ਨੇ ਯਹੂਦੀਆਂ ਨੂੰ ਨਵੀਂ ਹੈਕਲ ਬਣਾਉਣ ਤੋਂ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਯਹੋਵਾਹ ਦੀ ਆਤਮਾ ਨੇ ਉਨ੍ਹਾਂ ਦੇ ਅੱਗਿਓਂ ਸਾਰੀਆਂ ਰੁਕਾਵਟਾਂ ਦੂਰ ਕੀਤੀਆਂ ਤੇ ਯਹੂਦੀਆਂ ਨੂੰ ਤਕੜਿਆਂ ਕੀਤਾ ਜਦ ਤਕ ਹੈਕਲ ਦਾ ਕੰਮ ਪੂਰਾ ਨਹੀਂ ਹੋ ਗਿਆ।

20. ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਿਚ ਪਵਿੱਤਰ ਆਤਮਾ ਨੇ ਯਹੂਦੀਆਂ ਦੀ ਕਿਵੇਂ ਮਦਦ ਕੀਤੀ ਸੀ?

20 ਜਦੋਂ ਫ਼ਾਰਸੀ ਸਾਮਰਾਜ ਦੇ ਰਾਜ ਮੰਤਰੀਆਂ ਨੇ ਹੈਕਲ ਦੀ ਉਸਾਰੀ ਦੇ ਕੰਮ ਉੱਤੇ ਪਾਬੰਦੀ ਲਗਵਾ ਦਿੱਤੀ, ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕਿ ਯਹੂਦੀਆਂ ਦੇ ਰਾਹ ਵਿਚ ਮੁਸੀਬਤਾਂ ਦਾ ਪਹਾੜ ਖੜ੍ਹਾ ਹੋ ਗਿਆ ਸੀ। ਪਰ ਯਹੋਵਾਹ ਨੇ ਵਾਅਦਾ ਕੀਤਾ ਕਿ ਇਹ “ਪਹਾੜ” ਰਾਹ ਵਿੱਚੋਂ ਹਟਾਇਆ ਜਾਵੇਗਾ ਤੇ ਯਹੂਦੀਆਂ ਦਾ ਰਾਹ ਪੱਧਰਾ “ਮਦਾਨ” ਬਣ ਜਾਵੇਗਾ। (ਜ਼ਕਰਯਾਹ 4:7) ਇਸੇ ਤਰ੍ਹਾਂ ਹੀ ਹੋਇਆ! ਦਾਰਾ ਪਾਤਸ਼ਾਹ ਪਹਿਲੇ ਨੇ ਸਰਕਾਰੀ ਦਸਤਾਵੇਜ਼ਾਂ ਦੀ ਜਾਂਚ-ਪੜਤਾਲ ਕੀਤੀ ਤੇ ਉਸ ਨੂੰ ਇਕ ਪੱਤਰੀ ਤੋਂ ਪਤਾ ਲੱਗਾ ਕਿ ਖੋਰਸ ਪਾਤਸ਼ਾਹ ਯਹੂਦੀਆਂ ਨੂੰ ਹੈਕਲ ਬਣਾਉਣ ਦੀ ਇਜਾਜ਼ਤ ਦੇ ਚੁੱਕਾ ਸੀ। ਇਸ ਸਬੂਤ ਦੇ ਆਧਾਰ ਤੇ ਦਾਰਾ ਨੇ ਉਸਾਰੀ ਦੇ ਕੰਮ ਤੇ ਲੱਗੀ ਪਾਬੰਦੀ ਹਟਾ ਦਿੱਤੀ। ਇਸ ਤੋਂ ਇਲਾਵਾ, ਉਸ ਨੇ ਹੁਕਮ ਦਿੱਤਾ ਕਿ ਯਹੂਦੀਆਂ ਨੂੰ ਸ਼ਾਹੀ ਖ਼ਜ਼ਾਨੇ ਵਿੱਚੋਂ ਉਸਾਰੀ ਦੇ ਕੰਮ ਲਈ ਪੈਸਾ ਵੀ ਦਿੱਤਾ ਜਾਵੇ। ਹਾਲਾਤ ਕਿੰਨੇ ਬਦਲ ਗਏ ਸਨ! ਦੁਸ਼ਮਣ ਇਕ-ਦੂਜੇ ਦਾ ਮੂੰਹ ਤਕਦੇ ਰਹਿ ਗਏ! ਇਹ ਸਿਰਫ਼ ਯਹੋਵਾਹ ਦੀ ਆਤਮਾ ਦਾ ਹੀ ਕਮਾਲ ਸੀ। ਦਾਰਾ ਪਾਤਸ਼ਾਹ ਪਹਿਲੇ ਦੇ ਰਾਜ ਦੇ ਛੇਵੇਂ ਵਰ੍ਹੇ 515 ਈ.ਪੂ. ਵਿਚ ਯਹੋਵਾਹ ਦੇ ਭਵਨ ਦਾ ਕੰਮ ਪੂਰਾ ਹੋ ਗਿਆ।—ਅਜ਼ਰਾ 6:1, 15.

21. (ੳ) ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਨੇ ‘ਸਾਰੀਆਂ ਕੌਮਾਂ ਨੂੰ ਕਿਵੇਂ ਹਿਲਾ’ ਦਿੱਤਾ ਸੀ ਅਤੇ “ਕੌਮਾਂ ਦੇ ਪਦਾਰਥਾਂ” ਨੂੰ ਕਿਵੇਂ ਇਕੱਠਾ ਕੀਤਾ ਸੀ? (ਅ) ਸਾਡੇ ਜ਼ਮਾਨੇ ਵਿਚ ਇਹ ਭਵਿੱਖਬਾਣੀ ਕਿਵੇਂ ਪੂਰੀ ਹੋ ਰਹੀ ਹੈ?

21ਹੱਜਈ 2:5 ਵਿਚ ਹੱਜਈ ਨਬੀ ਨੇ ਯਹੂਦੀਆਂ ਨੂੰ ਉਹ ਬਚਨ ਜਾਂ ਨੇਮ ਯਾਦ ਕਰਾਇਆ ਜੋ ਯਹੋਵਾਹ ਨੇ 1513 ਈ. ਵਿਚ ਸੀਨਈ ਪਹਾੜ ਤੇ ਉਨ੍ਹਾਂ ਨਾਲ ਬੰਨ੍ਹਿਆ ਸੀ। ਉਸ ਸਮੇਂ “ਸਾਰਾ ਪਹਾੜ ਅੱਤ ਕੰਬ ਰਿਹਾ ਸੀ।” (ਕੂਚ 19:18) ਹੱਜਈ ਤੇ ਜ਼ਕਰਯਾਹ ਦੇ ਜ਼ਮਾਨੇ ਦੇ ਹਾਲਾਤਾਂ ਵਿਚ ਯਹੋਵਾਹ ਵੱਡੀ ਤਬਦੀਲੀ ਕਰਨ ਵਾਲਾ ਸੀ ਜਿਵੇਂ ਆਇਤਾਂ 6 ਤੇ 7 ਵਿਚ ਲਿਖਿਆ ਹੈ। ਫ਼ਾਰਸੀ ਸਾਮਰਾਜ ਵਿਚ ਉਥਲ-ਪੁਥਲ ਮੱਚ ਜਾਣੀ ਸੀ, ਪਰ ਹੈਕਲ ਦਾ ਕੰਮ ਪੂਰਾ ਹੋ ਕੇ ਹੀ ਰਹਿਣਾ ਸੀ। ਨਤੀਜੇ ਵਜੋਂ, “ਸਾਰੀਆਂ ਕੌਮਾਂ ਦੇ ਪਦਾਰਥ” ਅਰਥਾਤ ਕਈ ਗ਼ੈਰ-ਯਹੂਦੀ ਲੋਕਾਂ ਨੇ ਉਸ ਭਵਨ ਵਿਚ ਯਹੂਦੀਆਂ ਦੇ ਸੰਗ ਪਰਮੇਸ਼ੁਰ ਦੀ ਮਹਿਮਾ ਕਰਨੀ ਸੀ। ਸਾਡੇ ਜ਼ਮਾਨੇ ਵਿਚ ਪਰਮੇਸ਼ੁਰ ਨੇ ਪ੍ਰਚਾਰ ਦੇ ਕੰਮ ਰਾਹੀਂ ‘ਸਾਰੀਆਂ ਕੌਮਾਂ ਨੂੰ ਹਿਲਾ’ ਦਿੱਤਾ ਹੈ ਜਿਸ ਕਰਕੇ “ਕੌਮਾਂ ਦੇ ਪਦਾਰਥ” ਯਾਨੀ ਲੋਕ ਮਸਹ ਕੀਤੇ ਹੋਏ ਮਸੀਹੀਆਂ ਦੇ ਨਾਲ ਪਰਮੇਸ਼ੁਰ ਦੀ ਭਗਤੀ ਕਰ ਰਹੇ ਹਨ। ਮਸਹ ਕੀਤੇ ਹੋਏ ਮਸੀਹੀ ਅਤੇ ਉਨ੍ਹਾਂ ਦੇ ਸਾਥੀ ਮਿਲ ਕੇ ਯਹੋਵਾਹ ਦੇ ਭਵਨ ਨੂੰ ਪ੍ਰਤਾਪ ਨਾਲ ਭਰ ਰਹੇ ਹਨ। ਇਹ ਸਾਰੇ ਮਸੀਹੀ ਉਸ ਸਮੇਂ ਦੀ ਉਡੀਕ ਕਰ ਰਹੇ ਹਨ ਜਦ ਯਹੋਵਾਹ ਇਕ ਹੋਰ ਤਰੀਕੇ ਨਾਲ ‘ਅਕਾਸ਼ ਅਤੇ ਧਰਤੀ ਨੂੰ ਹਿਲਾ’ ਦੇਵੇਗਾ। ਉਸ ਸਮੇਂ ਉਹ ਸਾਰੀਆਂ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਕੇ ਉਨ੍ਹਾਂ ਨੂੰ ਉਲੱਦ ਦੇਵੇਗਾ।—ਹੱਜਈ 2:22.

22. ਅੱਜ ਕੌਮਾਂ ਨੂੰ ਕਿਵੇਂ ‘ਹਿਲਾਇਆ’ ਜਾ ਰਿਹਾ ਹੈ ਅਤੇ ਇਸ ਦਾ ਨਤੀਜਾ ਕੀ ਨਿਕਲਿਆ ਹੈ ਤੇ ਅਗਾਹਾਂ ਨੂੰ ਕੌਮਾਂ ਨੂੰ ਕਿਵੇਂ ਹਿਲਾਇਆ ਜਾਵੇਗਾ?

22 ਆਧੁਨਿਕ ਸਮਿਆਂ ਵਿਚ ਵੀ “ਅਕਾਸ਼ ਅਤੇ ਧਰਤੀ ਅਤੇ ਜਲ ਥਲ” ਵਿਚ ਉਥਲ-ਪੁਥਲ ਮਚੀ ਹੋਈ ਹੈ। ਮਿਸਾਲ ਲਈ, ਸ਼ਤਾਨ ਤੇ ਉਸ ਦੇ ਦੂਤ ਸਵਰਗੋਂ ਧਰਤੀ ਤੇ ਸੁੱਟ ਦਿੱਤੇ ਗਏ ਹਨ। (ਪਰਕਾਸ਼ ਦੀ ਪੋਥੀ 12:7-12) ਇਸ ਤੋਂ ਇਲਾਵਾ, ਮਸਹ ਕੀਤੇ ਹੋਏ ਮਸੀਹੀਆਂ ਨੇ ਦੁਨੀਆਂ ਨੂੰ ਆਪਣੇ ਪ੍ਰਚਾਰ ਨਾਲ ਵਾਕਈ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। (ਪਰਕਾਸ਼ ਦੀ ਪੋਥੀ 11:18) ਪਰ ਇਸ ਦੇ ਬਾਵਜੂਦ ਸਾਰੀਆਂ ਕੌਮਾਂ ਵਿੱਚੋਂ ਆਈ ਲੋਕਾਂ ਦੀ “ਇੱਕ ਵੱਡੀ ਭੀੜ” ਹੁਣ ਰੂਹਾਨੀ ਇਸਰਾਏਲ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕਰ ਰਹੀ ਹੈ। (ਪਰਕਾਸ਼ ਦੀ ਪੋਥੀ 7:9, 10) ਇਹ ਵੱਡੀ ਭੀੜ ਮਸਹ ਕੀਤੇ ਹੋਏ ਮਸੀਹੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਕਰ ਰਹੀ ਹੈ ਕਿ ਆਰਮਾਗੇਡਨ ਦੀ ਲੜਾਈ ਵਿਚ ਪਰਮੇਸ਼ੁਰ ਕੌਮਾਂ ਨੂੰ ਹਿਲਾ ਕੇ ਨਾਸ਼ ਕਰ ਦੇਵੇਗਾ। ਇਸ ਤੋਂ ਬਾਅਦ ਨਵੀਂ ਦੁਨੀਆਂ ਵਿਚ ਰਹਿਣ ਵਾਲਾ ਹਰ ਇਨਸਾਨ ਸੱਚੇ ਪਰਮੇਸ਼ੁਰ ਯਹੋਵਾਹ ਦੀ ਉਪਾਸਨਾ ਕਰੇਗਾ।

ਕੀ ਤੁਹਾਨੂੰ ਯਾਦ ਹੈ?

• ਹੱਜਈ ਤੇ ਜ਼ਕਰਯਾਹ ਨੇ ਨਬੀਆਂ ਵਜੋਂ ਕਦੋਂ ਸੇਵਾ ਕੀਤੀ ਸੀ ਅਤੇ ਉਨ੍ਹਾਂ ਦੇ ਜ਼ਮਾਨੇ ਵਿਚ ਹਾਲਾਤ ਕਿਹੋ ਜਿਹੇ ਸਨ?

• ਤੁਸੀਂ ਹੱਜਈ ਤੇ ਜ਼ਕਰਯਾਹ ਦੀ ਦਿੱਤੀ ਸਲਾਹ ਨੂੰ ਕਿਵੇਂ ਲਾਗੂ ਕਰ ਸਕਦੇ ਹੋ?

• ਤੁਹਾਨੂੰ ਜ਼ਕਰਯਾਹ 4:6 ਤੋਂ ਕੀ ਹੌਸਲਾ ਮਿਲਿਆ?

[ਸਵਾਲ]

[ਸਫ਼ਾ 20 ਉੱਤੇ ਤਸਵੀਰਾਂ]

ਹੱਜਈ ਅਤੇ ਜ਼ਕਰਯਾਹ ਦੀਆਂ ਲਿਖਤਾਂ ਸਾਨੂੰ ਯਹੋਵਾਹ ਦੀ ਮਦਦ ਦਾ ਭਰੋਸਾ ਦਿਵਾਉਂਦੀਆਂ ਹਨ

[ਸਫ਼ਾ 23 ਉੱਤੇ ਤਸਵੀਰ]

“ਭਲਾ, ਏਹ ਕੋਈ ਸਮਾ ਹੈ ਕਿ ਤੁਸੀਂ ਆਪ ਆਪਣੇ ਛੱਤੇ ਹੋਏ ਕੋਠਿਆਂ ਵਿੱਚ ਰਹੋ ਜਦ ਕਿ ਏਹ ਭਵਨ ਬਰਬਾਦ ਪਿਆ ਹੈ?”

[ਸਫ਼ਾ 24 ਉੱਤੇ ਤਸਵੀਰ]

ਯਹੋਵਾਹ ਦੇ ਸੇਵਕ ਸਾਰੀਆਂ ਕੌਮਾਂ ਦੇ ਲੋਕਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ