Skip to content

Skip to table of contents

ਗ਼ਰੀਬੀ ਦੀ ਮੂੰਹ ਬੋਲਦੀ ਤਸਵੀਰ

ਗ਼ਰੀਬੀ ਦੀ ਮੂੰਹ ਬੋਲਦੀ ਤਸਵੀਰ

ਗ਼ਰੀਬੀ ਦੀ ਮੂੰਹ ਬੋਲਦੀ ਤਸਵੀਰ

ਸਾ ਓ ਪੌਲੋ, ਬ੍ਰਾਜ਼ੀਲ ਦੀਆਂ ਸੜਕਾਂ ਤੇ ਵਿਸੈਂਟੇ * ਟੁੱਟੀਆਂ-ਫੁੱਟੀਆਂ ਚੀਜ਼ਾਂ ਨਾਲ ਲੱਦਿਆ ਹੋਇਆ ਰੇੜ੍ਹਾ ਖਿੱਚਦਾ ਅਕਸਰ ਨਜ਼ਰ ਆਉਂਦਾ ਹੈ। ਉਹ ਕਚਰੇ ਵਿੱਚੋਂ ਵੇਚਣ ਯੋਗ ਗੱਤੇ, ਧਾਤ ਅਤੇ ਪਲਾਸਟਿਕ ਦੀਆਂ ਚੀਜ਼ਾਂ ਲੱਭਦਾ ਹੈ। ਜਦ ਤਕਾਲਾਂ ਪੈ ਜਾਂਦੀਆਂ ਹਨ, ਤਾਂ ਉਹ ਆਪਣੇ ਰੇੜ੍ਹੇ ਹੇਠਾਂ ਗੱਤਾ ਵਿਛਾ ਕੇ ਸੌਂ ਜਾਂਦਾ ਹੈ। ਕੋਲ ਚੱਲ ਰਹੀਆਂ ਮੋਟਰ-ਗੱਡੀਆਂ ਅਤੇ ਬੱਸਾਂ ਦਾ ਸ਼ੋਰਸ਼ਰਾਬਾ ਜਿਵੇਂ ਉਸ ਨੂੰ ਸੁਣਾਈ ਹੀ ਨਹੀਂ ਦਿੰਦਾ। ਇਕ ਉਹ ਵੀ ਸਮਾਂ ਸੀ ਜਦ ਵਿਸੈਂਟੇ ਕੋਲ ਚੰਗੀ ਨੌਕਰੀ, ਸੋਹਣਾ ਘਰ-ਬਾਰ ਅਤੇ ਸੁਖੀ ਪਰਿਵਾਰ ਸੀ, ਪਰ ਹੁਣ ਉਸ ਦੇ ਪੱਲੇ ਕੁਝ ਨਹੀਂ ਰਿਹਾ। ਇਸ ਲਈ ਉਹ ਸੜਕਾਂ ਤੇ ਲਹੂ ਪਸੀਨਾ ਇਕ ਕਰ ਕੇ ਆਪਣਾ ਗੁਜ਼ਾਰਾ ਤੋਰਦਾ ਹੈ।

ਬੜੇ ਦੁੱਖ ਦੀ ਗੱਲ ਹੈ ਕਿ ਦੁਨੀਆਂ ਭਰ ਵਿਚ ਵਿਸੈਂਟੇ ਵਾਂਗ ਲੱਖਾਂ ਲੋਕ ਗ਼ਰੀਬੀ ਦੀ ਮਾਰ ਹੇਠ ਰਹਿ ਰਹੇ ਹਨ। ਗ਼ਰੀਬ ਦੇਸ਼ਾਂ ਵਿਚ ਕਈ ਲੋਕ ਸੜਕਾਂ ਤੇ ਜਾਂ ਝੌਂਪੜ-ਪੱਟੀਆਂ ਵਿਚ ਰਹਿਣ ਲਈ ਮਜਬੂਰ ਹਨ। ਦੁੱਧ ਚੁੰਘਾਉਂਦੀਆਂ ਗ਼ਰੀਬ ਮਾਵਾਂ, ਅੰਨ੍ਹੇ ਅਤੇ ਲੰਗੜੇ-ਲੂਲ੍ਹੇ ਭੀਖ ਮੰਗ ਕੇ ਆਪਣਾ ਪੇਟ ਭਰਦੇ ਹਨ। ਟ੍ਰੈਫਿਕ ਜਾਮ ਵੇਲੇ ਜਦ ਕਾਰਾਂ ਰੁਕਦੀਆਂ ਹਨ, ਤਾਂ ਮਾਸੂਮ ਬੱਚੇ ਕਾਰਾਂ ਦੇ ਵਿਚਾਲੇ ਦੌੜ ਕੇ ਕੁਝ ਪੈਸਿਆਂ ਬਦਲੇ ਟੌਫ਼ੀਆਂ ਵੇਚਦੇ ਨਜ਼ਰ ਆਉਂਦੇ ਹਨ।

ਪਰ ਗ਼ਰੀਬੀ ਨੇ ਹਾਲੇ ਤਕ ਲੋਕਾਂ ਨੂੰ ਜਕੜ ਕੇ ਕਿਉਂ ਰੱਖਿਆ ਹੋਇਆ ਹੈ? ਦੀ ਇਕਾਨੋਮਿਸਟ ਨਾਮਕ ਬਰਤਾਨਵੀ ਰਸਾਲੇ ਅਨੁਸਾਰ “ਗ਼ਰੀਬੀ ਨੂੰ ਜੜ੍ਹੋਂ ਉਖਾੜਨ ਲਈ ਅੱਜ ਦੁਨੀਆਂ ਵਿਚ ਪੈਸਾ, ਡਾਕਟਰੀ ਗਿਆਨ, ਤਕਨਾਲੋਜੀ ਅਤੇ ਜਾਣਕਾਰੀ ਦੀ ਕੋਈ ਘਾਟ ਨਹੀਂ।” ਜੇ ਦੇਖਿਆ ਜਾਵੇ ਤਾਂ ਅਜਿਹੇ ਗਿਆਨ ਦਾ ਕਈਆਂ ਨੂੰ ਫ਼ਾਇਦਾ ਵੀ ਹੋਇਆ ਹੈ। ਕਈ ਗ਼ਰੀਬ ਦੇਸ਼ਾਂ ਦੇ ਵੱਡੇ-ਵੱਡੇ ਸ਼ਹਿਰਾਂ ਵਿਚ ਵੱਡੀਆਂ-ਵੱਡੀਆਂ ਤੇ ਮਹਿੰਗੀਆਂ ਕਾਰਾਂ ਦੀਆਂ ਭੀੜਾਂ ਲੱਗੀਆਂ ਹੋਈਆਂ ਨਜ਼ਰ ਆਉਂਦੀਆਂ ਹਨ। ਦੁਕਾਨਾਂ ਵਿਚ ਨਵੀਆਂ ਤੋਂ ਨਵੀਆਂ ਚੀਜ਼ਾਂ ਵੇਚੀਆਂ ਜਾਂਦੀਆਂ ਹਨ ਅਤੇ ਖ਼ਰੀਦਣ ਵਾਲਿਆਂ ਦੀ ਵੀ ਕੋਈ ਘਾਟ ਨਹੀਂ। ਮਿਸਾਲ ਲਈ, ਬ੍ਰਾਜ਼ੀਲ ਦੇ ਦੋ ਸੁਪਰ ਬਾਜ਼ਾਰਾਂ ਵਿਚ ਖ਼ਾਸ ਚੀਜ਼ਾਂ ਦੀ ਮਸ਼ਹੂਰੀ ਕਰਨ ਲਈ 23 ਅਤੇ 24 ਦਸੰਬਰ 2004 ਨੂੰ ਰਾਤ-ਦਿਨ ਦੁਕਾਨਾਂ ਖੁੱਲ੍ਹੀਆਂ ਰਹੀਆਂ। ਗਾਹਕਾਂ ਦਾ ਦਿਲ ਬਹਿਲਾਉਣ ਲਈ ਦੁਕਾਨਦਾਰਾਂ ਨੇ ਨੱਚਣ ਵਾਲੀਆਂ ਵੀ ਬੁਲਾਈਆਂ। ਇਨ੍ਹਾਂ ਦੋ ਦਿਨਾਂ ਵਿਚ ਤਕਰੀਬਨ 5,00,000 ਗਾਹਕ ਆਏ ਸਨ।

ਪਰ ਗੱਲ ਇਹ ਹੈ ਕਿ ਅਮੀਰ ਲੋਕਾਂ ਦੇ ਧਨ-ਦੌਲਤ ਤੋਂ ਗ਼ਰੀਬਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। ਇਸ ਤੋਂ ਇਲਾਵਾ, ਅਮੀਰਾਂ ਤੇ ਗ਼ਰੀਬਾਂ ਵਿਚਕਾਰ ਪਾੜ ਵਧਦਾ ਜਾ ਰਿਹਾ ਹੈ ਜਿਸ ਕਰਕੇ ਕਈ ਸੋਚਦੇ ਹਨ ਕਿ ਗ਼ਰੀਬੀ ਨੂੰ ਮਿਟਾਉਣ ਲਈ ਜਲਦੀ ਕੁਝ ਕਰਨਾ ਚਾਹੀਦਾ ਹੈ। ਬ੍ਰਾਜ਼ੀਲ ਦੇ ਵੇਜ਼ਾ ਰਸਾਲੇ ਨੇ ਲਿਖਿਆ: “ਇਸ ਸਾਲ [2005] ਦੁਨੀਆਂ ਦੇ ਨੇਤਾਵਾਂ ਨੂੰ ਖ਼ਾਸ ਕਰਕੇ ਗ਼ਰੀਬੀ ਨੂੰ ਮਿਟਾਉਣ ਬਾਰੇ ਗੱਲ-ਬਾਤ ਕਰਨੀ ਚਾਹੀਦੀ ਹੈ।” ਇਸ ਰਸਾਲੇ ਵਿਚ ਇਹ ਵੀ ਦੱਸਿਆ ਗਿਆ ਸੀ ਕਿ ਅਮੀਰ ਦੇਸ਼ਾਂ ਦੇ ਸਿਆਸੀ ਲੀਡਰਾਂ ਨੇ ਦੁਨੀਆਂ ਦੇ ਸਭ ਤੋਂ ਗ਼ਰੀਬ ਦੇਸ਼ਾਂ, ਖ਼ਾਸ ਕਰਕੇ ਅਫ਼ਰੀਕੀ ਦੇਸ਼ਾਂ ਦੇ ਲੋਕਾਂ ਦੀ ਮਦਦ ਕਰਨ ਵਾਸਤੇ ਇਕ ਨਵਾਂ ਮਾਰਸ਼ਲ ਪਲੈਨ ਬਣਾਇਆ ਹੈ। * ਇਸ ਤਰ੍ਹਾਂ ਦੇ ਵਧੀਆ ਮਤਿਆਂ ਤੋਂ ਲੱਗਦਾ ਹੈ ਕਿ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਬਹੁਤ ਤਰੱਕੀ ਕੀਤੀ ਜਾ ਰਹੀ ਹੈ, ਪਰ ਇਸੇ ਰਸਾਲੇ ਨੇ ਅੱਗੇ ਕਿਹਾ: “ਇਨ੍ਹਾਂ ਯੋਜਨਾਵਾਂ ਦੇ ਸਫ਼ਲ ਹੋਣ ਬਾਰੇ ਸ਼ੱਕ ਕਰਨ ਦੇ ਕਈ ਕਾਰਨ ਹਨ। ਜ਼ਿਆਦਾਤਰ ਦੇਸ਼ ਗ਼ਰੀਬਾਂ ਦੀ ਮਦਦ ਲਈ ਪੈਸਾ ਦਾਨ ਕਰਨ ਵਿਚ ਸੰਕੋਚ ਇਸ ਲਈ ਕਰਦੇ ਹਨ ਕਿਉਂਕਿ ਦਾਨ ਕੀਤਾ ਗਿਆ ਪੈਸਾ ਅਕਸਰ ਗ਼ਰੀਬਾਂ ਤਕ ਪਹੁੰਚਦਾ ਹੀ ਨਹੀਂ।” ਅਫ਼ਸੋਸ ਦੀ ਗੱਲ ਹੈ ਕਿ ਸਰਕਾਰਾਂ, ਅੰਤਰਰਾਸ਼ਟਰੀ ਏਜੰਸੀਆਂ ਅਤੇ ਲੋਕਾਂ ਦੁਆਰਾ ਦਿੱਤੇ ਪੈਸਿਆਂ ਦਾ ਜ਼ਿਆਦਾਤਰ ਹਿੱਸਾ ਭ੍ਰਿਸ਼ਟਾਚਾਰ ਅਤੇ ਦਫ਼ਤਰੀ ਢਿੱਲ (red tape) ਕਰਕੇ ਲੋੜਵੰਦਾਂ ਤਕ ਪਹੁੰਚਦਾ ਹੀ ਨਹੀਂ।

ਯਿਸੂ ਨੂੰ ਪਤਾ ਸੀ ਕਿ ਗ਼ਰੀਬੀ ਦੀ ਸਮੱਸਿਆ ਜਾਰੀ ਰਹੇਗੀ। ਉਸ ਨੇ ਕਿਹਾ: “ਕੰਗਾਲ ਤਾਂ ਸਦਾ ਤੁਹਾਡੇ ਨਾਲ ਹਨ।” (ਮੱਤੀ 26:11) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਗ਼ਰੀਬੀ ਇਨਸਾਨਾਂ ਦਾ ਕਦੇ ਵੀ ਪਿੱਛਾ ਨਹੀਂ ਛੱਡੇਗੀ? ਕੀ ਗ਼ਰੀਬ ਲੋਕਾਂ ਦੀ ਕਿਸੇ ਤਰ੍ਹਾਂ ਮਦਦ ਨਹੀਂ ਕੀਤੀ ਜਾ ਸਕਦੀ? ਮਸੀਹੀ ਹੋਣ ਦੇ ਨਾਤੇ ਅਸੀਂ ਗ਼ਰੀਬਾਂ ਦੀ ਮਦਦ ਕਿੱਦਾਂ ਕਰ ਸਕਦੇ ਹਾਂ?

[ਫੁਟਨੋਟ]

^ ਪੈਰਾ 2 ਨਾਂ ਬਦਲਿਆ ਗਿਆ ਹੈ।

^ ਪੈਰਾ 5 ਮਾਰਸ਼ਲ ਪਲੈਨ ਉਹ ਪ੍ਰੋਗ੍ਰਾਮ ਸੀ ਜੋ ਅਮਰੀਕੀ ਸਰਕਾਰ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦੀ ਆਰਥਿਕ ਸਥਿਤੀ ਸੁਧਾਰਨ ਲਈ ਬਣਾਇਆ ਸੀ।