ਡਰੋ ਨਾ, ਯਹੋਵਾਹ ਤੁਹਾਡੇ ਨਾਲ ਹੈ!
ਡਰੋ ਨਾ, ਯਹੋਵਾਹ ਤੁਹਾਡੇ ਨਾਲ ਹੈ!
ਅੱਜ ਤੋਂ ਤਕਰੀਬਨ 50 ਸਾਲ ਪਹਿਲਾਂ ਨੋਬਲ ਪੁਰਸਕਾਰ ਵਿਜੇਤਾ ਹੈਰਲਡ ਸੀ. ਯੂਰੀ ਨੇ ਭਵਿੱਖ ਬਾਰੇ ਕਿਹਾ ਸੀ: “ਅਸੀਂ ਡਰ ਖਾਵਾਂਗੇ, ਡਰ ਸੌਂਵਾਂਗੇ, ਡਰ ਵਿਚ ਜੀਵਾਂਗੇ ਅਤੇ ਡਰ ਵਿਚ ਮਰਾਂਗੇ।” ਅੱਜ ਇਨਸਾਨਾਂ ਦਾ ਇਹੋ ਹਾਲ ਹੈ! ਸਭ ਡਰ-ਡਰ ਕੇ ਜੀਉਂਦੇ ਹਨ। ਰੋਜ਼ ਅਖ਼ਬਾਰਾਂ ਅੱਤਵਾਦ ਦੇ ਭਿਆਨਕ ਹਮਲਿਆਂ, ਘੋਰ ਅਪਰਾਧ ਤੇ ਅਜੀਬੋ-ਗ਼ਰੀਬ ਬੀਮਾਰੀਆਂ ਬਾਰੇ ਦੱਸਦੀਆਂ ਹਨ।
ਬਾਈਬਲ ਦਾ ਗਿਆਨ ਹੋਣ ਦੇ ਕਾਰਨ ਅਸੀਂ ਇਨ੍ਹਾਂ ਗੱਲਾਂ ਦਾ ਮਤਲਬ ਸਮਝਦੇ ਹਾਂ। ਇਨ੍ਹਾਂ ‘ਭੈੜੇ ਸਮਿਆਂ’ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਇਸ ਬੁਰੀ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1) ਬਾਈਬਲ ਦੀ ਭਵਿੱਖਬਾਣੀ ਪੂਰੀ ਹੁੰਦੀ ਦੇਖ ਕੇ ਸਾਨੂੰ ਹੌਸਲਾ ਮਿਲਦਾ ਹੈ ਕਿ ਹੁਣ ਜਲਦੀ ਹੀ ਯਹੋਵਾਹ ਪਰਮੇਸ਼ੁਰ ਇਕ ਨਵੀਂ ਧਰਤੀ (ਧਰਮੀ ਲੋਕਾਂ ਦਾ ਸਮਾਜ) ਸਥਾਪਿਤ ਕਰੇਗਾ। (2 ਪਤਰਸ 3:13) ਪਰ ਕੀ ਇਸ ਦਾ ਇਹ ਮਤਲਬ ਹੈ ਕਿ ਸਾਡੇ ਤੇ ਡਰ ਕਦੇ ਹਾਵੀ ਨਹੀਂ ਹੋਵੇਗਾ?
ਪਰਮੇਸ਼ੁਰ ਦੇ ਸੇਵਕਾਂ ਉੱਤੇ ਡਰ ਦਾ ਅਸਰ
ਯਾਕੂਬ, ਦਾਊਦ ਅਤੇ ਏਲੀਯਾਹ ਯਹੋਵਾਹ ਦੇ ਵਫ਼ਾਦਾਰ ਭਗਤ ਸਨ, ਪਰ ਖ਼ਤਰਿਆਂ ਦਾ ਸਾਮ੍ਹਣਾ ਕਰਦੇ ਵੇਲੇ ਉਹ ਵੀ ਡਰੇ ਸਨ। (ਉਤਪਤ 32:6, 7; 1 ਸਮੂਏਲ 21:11, 12; 1 ਰਾਜਿਆਂ 19:2, 3) ਪਰ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਵਿਚ ਨਿਹਚਾ ਦੀ ਘਾਟ ਸੀ, ਸਗੋਂ ਉਨ੍ਹਾਂ ਨੇ ਯਹੋਵਾਹ ਤੇ ਪੂਰਾ ਭਰੋਸਾ ਰੱਖਿਆ ਸੀ। ਫਿਰ ਵੀ ਯਾਕੂਬ, ਦਾਊਦ ਅਤੇ ਏਲੀਯਾਹ ਆਖ਼ਰ ਇਨਸਾਨ ਹੀ ਸਨ ਅਤੇ ਉਨ੍ਹਾਂ ਦਾ ਡਰਨਾ ਕੁਦਰਤੀ ਸੀ। ਯਿਸੂ ਦੇ ਚੇਲੇ ਯਾਕੂਬ ਨੇ ਲਿਖਿਆ: “ਏਲੀਯਾਹ ਸਾਡੇ ਵਰਗਾ ਦੁੱਖ ਸੁਖ ਭੋਗਣ ਵਾਲਾ ਮਨੁੱਖ ਸੀ।”—ਯਾਕੂਬ 5:17.
ਕਿਸੇ ਸਮੱਸਿਆ ਜਾਂ ਭਵਿੱਖ ਬਾਰੇ ਸੋਚ ਕੇ ਡਰ ਸ਼ਾਇਦ ਸਾਨੂੰ ਅੰਦਰੋਂ-ਅੰਦਰੀਂ ਖਾਈ ਜਾਵੇ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿਉਂਕਿ ਸ਼ਤਾਨ ਉਨ੍ਹਾਂ ਨਾਲ “ਜੁੱਧ ਕਰਨ” ਤੇ ਤੁਲਿਆ ਹੋਇਆ ਹੈ ਜੋ “ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ।” (ਪਰਕਾਸ਼ ਦੀ ਪੋਥੀ 12:17) ਹਾਂ, ਇਹ ਸੱਚ ਹੈ ਕਿ ਇਹ ਗੱਲ ਖ਼ਾਸਕਰ ਉਨ੍ਹਾਂ ਮਸੀਹੀਆਂ ਲਈ ਲਿਖੀ ਗਈ ਸੀ ਜੋ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ, ਪਰ ਪੌਲੁਸ ਨੇ ਲਿਖਿਆ ਕਿ ਸਾਰੇ ਜਣੇ, ਹਾਂ ‘ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।’ (2 ਤਿਮੋਥਿਉਸ 3:12) ਪਰ ਫਿਰ ਵੀ ਸਤਾਹਟਾਂ ਦੇ ਆਉਣ ਤੇ ਸਾਨੂੰ ਡਰ-ਡਰ ਕੇ ਜੀਣ ਦੀ ਲੋੜ ਨਹੀਂ ਹੈ। ਕਿਉਂ ਨਹੀਂ?
“ਬਚਾਵਾਂ ਦਾ ਪਰਮੇਸ਼ੁਰ”
ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ: “ਪਰਮੇਸ਼ੁਰ ਸਾਡੇ ਲਈ ਬਚਾਵਾਂ ਦਾ ਪਰਮੇਸ਼ੁਰ ਹੈ।” (ਜ਼ਬੂਰਾਂ ਦੀ ਪੋਥੀ 68:20) ਇਸ ਗੱਲ ਦਾ ਯਹੋਵਾਹ ਨੇ ਕਈ ਵਾਰ ਸਬੂਤ ਦਿੱਤਾ ਹੈ। ਉਸ ਨੇ ਕਈ ਵਾਰ ਆਪਣੇ ਲੋਕਾਂ ਨੂੰ ਮੁਸੀਬਤਾਂ ਵਿੱਚੋਂ ਕੱਢਿਆ ਜਾਂ ਉਨ੍ਹਾਂ ਨੂੰ ਮੁਸ਼ਕਲਾਂ ਸਹਿਣ ਦੀ ਤਾਕਤ ਦਿੱਤੀ। (ਜ਼ਬੂਰਾਂ ਦੀ ਪੋਥੀ 34:17; ਦਾਨੀਏਲ 6:22; 1 ਕੁਰਿੰਥੀਆਂ 10:13) ਤੁਹਾਨੂੰ ਪੁਰਾਣੇ ਸਮਿਆਂ ਦੇ ਕਿੰਨੇ ਵਫ਼ਾਦਾਰ ਲੋਕਾਂ ਦੀਆਂ ਮਿਸਾਲਾਂ ਯਾਦ ਹਨ ਜਿਨ੍ਹਾਂ ਨੂੰ ਯਹੋਵਾਹ ਨੇ ਬਚਾਇਆ ਸੀ?
ਤੁਸੀਂ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ * ਦੀ ਮਦਦ ਨਾਲ ਨਿੱਜੀ ਅਧਿਐਨ ਕਰਦੇ ਹੋਏ ਨੂਹ ਦੇ ਦਿਨਾਂ ਦੀ ਜਲ-ਪਰਲੋ, ਸਦੂਮ ਤੇ ਅਮੂਰਾਹ ਵਿੱਚੋਂ ਲੂਤ ਤੇ ਉਸ ਦੀਆਂ ਧੀਆਂ ਦੇ ਬਚਾਅ, ਇਸਰਾਏਲ ਦੇ ਮਿਸਰ ਤੋਂ ਛੁੱਟਣ ਅਤੇ ਲਾਲ ਸਮੁੰਦਰ ਵਿੱਚੋਂ ਲੰਘਣ ਜਾਂ ਯਹੂਦੀਆਂ ਨੂੰ ਨਾਸ਼ ਕਰਨ ਦੀ ਹਾਮਾਨ ਦੀ ਨਾਕਾਮ ਕੋਸ਼ਿਸ਼ ਬਾਰੇ ਪੜ੍ਹ ਸਕਦੇ ਹੋ। ਇਸ ਤਰ੍ਹਾਂ ਰਿਸਰਚ ਕਰ ਕੇ ਤੁਹਾਡੀ ਨਿਹਚਾ ਹੋਰ ਵੀ ਮਜ਼ਬੂਤ ਹੋਵੇਗੀ ਕਿ ਯਹੋਵਾਹ ਸਾਨੂੰ ਹਰ ਮੁਸ਼ਕਲ ਵਿੱਚੋਂ ਬਚਾ ਸਕਦਾ ਹੈ। ਫਿਰ ਜਦੋਂ ਸਾਡੀ ਨਿਹਚਾ ਪਰਖੀ ਜਾਵੇਗੀ, ਤਾਂ ਅਸੀਂ ਨਿਡਰ ਹੋ ਕੇ ਪਰੀਖਿਆਵਾਂ ਦਾ ਸਾਮ੍ਹਣਾ ਕਰ ਸਕਾਂਗੇ।
ਅੱਜ ਦੀਆਂ ਮਿਸਾਲਾਂ
ਕੀ ਤੁਸੀਂ ਆਪਣੇ ਨੇੜੇ-ਤੇੜੇ ਰਹਿਣ ਵਾਲੇ ਕਿਸੇ ਭੈਣ ਜਾਂ ਭਰਾ ਨੂੰ ਜਾਣਦੇ ਹੋ ਜੋ ਦੁੱਖਾਂ ਨੂੰ ਬੜੇ ਹੌਸਲੇ ਨਾਲ ਸਹਿ ਰਿਹਾ ਹੈ? ਹੋ ਸਕਦਾ ਹੈ ਕਿ ਕੋਈ ਭੈਣ ਜਾਂ ਭਰਾ ਯਹੋਵਾਹ ਵਿਚ ਵਿਸ਼ਵਾਸ
ਕਰਨ ਕਰਕੇ ਕੈਦ ਵਿਚ ਹੋਵੇ। ਤੁਸੀਂ ਸ਼ਾਇਦ ਕਿਸੇ ਬਜ਼ੁਰਗ ਭੈਣ ਨੂੰ ਜਾਣਦੇ ਹੋਵੋ ਜੋ ਮਾੜੀ ਸਿਹਤ ਦੇ ਬਾਵਜੂਦ ਯਹੋਵਾਹ ਦੀ ਸੇਵਾ ਕਰਨੋਂ ਨਹੀਂ ਹਟੀ। ਉਨ੍ਹਾਂ ਨੌਜਵਾਨਾਂ ਬਾਰੇ ਵੀ ਸੋਚੋ ਜੋ ਸਕੂਲ ਦੇ ਮੁੰਡੇ-ਕੁੜੀਆਂ ਦੇ ਵਾਰ-ਵਾਰ ਦਬਾਅ ਪਾਉਣ ਤੇ ਵੀ ਦੁਨੀਆਂ ਦੇ ਤੌਰ-ਤਰੀਕੇ ਨਹੀਂ ਅਪਣਾਉਂਦੇ ਹਨ। ਬਾਲ-ਬੱਚੇਦਾਰ ਭੈਣਾਂ ਜਾਂ ਭਰਾਵਾਂ ਨੂੰ ਵੀ ਨਾ ਭੁੱਲੋ ਜੋ ਬਿਨਾਂ ਜੀਵਨ-ਸਾਥੀ ਦੇ ਇਕੱਲੇ ਹੀ ਬੱਚਿਆਂ ਨੂੰ ਪਾਲ-ਪੋਸ ਕੇ ਵੱਡਾ ਕਰ ਰਹੇ ਹਨ। ਸਾਡੇ ਕਈ ਅਣਵਿਆਹੇ ਭੈਣ-ਭਾਈ ਤਨਹਾਈਆਂ ਸਹਿੰਦੇ ਹੋਏ ਵੀ ਯਹੋਵਾਹ ਦੀ ਸੇਵਾ ਕਰ ਰਹੇ ਹਨ। ਇਨ੍ਹਾਂ ਸਾਰਿਆਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ਦੀ ਵਫ਼ਾਦਾਰੀ ਉੱਤੇ ਸੋਚ-ਵਿਚਾਰ ਕਰ ਕੇ ਸਾਨੂੰ ਹਿੰਮਤ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲ ਸਕਦੀ ਹੈ।ਸਾਨੂੰ ਸਿਰਫ਼ ਉਨ੍ਹਾਂ ਸਮਿਆਂ ਤੇ ਹੀ ਹਿੰਮਤ ਤੇ ਨਿਡਰਤਾ ਦੀ ਲੋੜ ਨਹੀਂ ਜਦੋਂ ਅਸੀਂ ਵਿਰੋਧਤਾ ਅਤੇ ਅਤਿਆਚਾਰਾਂ ਦਾ ਸਾਮ੍ਹਣਾ ਕਰ ਰਹੇ ਹੁੰਦੇ ਹਾਂ, ਪਰ ਉਦੋਂ ਵੀ ਜਦੋਂ ਸਾਨੂੰ ਯਹੋਵਾਹ ਦੇ ਪਿਆਰ ਉੱਤੇ ਸ਼ੱਕ ਹੋਣ ਲੱਗਦਾ ਹੈ। ਅਜਿਹੇ ਸਮੇਂ ਤੇ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ ਯਿਸੂ ਸਾਡੇ ਲਈ ਕੁਰਬਾਨ ਹੋਇਆ ਸੀ। (ਗਲਾਤੀਆਂ 2:20) ਫਿਰ ਅਸੀਂ ਬਿਨਾਂ ਕਿਸੇ ਭੈ ਦੇ ਯਹੋਵਾਹ ਤੋਂ ਮਦਦ ਮੰਗ ਸਕਾਂਗੇ। ਜੇ ਅਸੀਂ ਆਪਣੇ ਆਪ ਨੂੰ ਯਹੋਵਾਹ ਦੇ ਪਿਆਰ ਦੇ ਕਾਬਲ ਨਹੀਂ ਸਮਝਦੇ, ਤਾਂ ਸਾਨੂੰ ਯਿਸੂ ਦੀ ਇਸ ਗੱਲ ਬਾਰੇ ਸੋਚਣਾ ਚਾਹੀਦਾ ਹੈ ਜੋ ਉਸ ਨੇ ਆਪਣੇ ਚੇਲਿਆਂ ਨੂੰ ਕਹੀ ਸੀ: ‘ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।’—ਮੱਤੀ 10:29-31.
ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਅਕਸਰ ਸਾਡੇ ਉਨ੍ਹਾਂ ਭੈਣ-ਭਾਈਆਂ ਦੇ ਤਜਰਬੇ ਹੁੰਦੇ ਹਨ ਜਿਨ੍ਹਾਂ ਨਿਡਰਤਾ ਨਾਲ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ। ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨੂੰ ਕਦੇ ਉਦਾਸੀ ਜਾਂ ਨਿਰਾਸ਼ਾ ਨਹੀਂ ਹੋਈ। ਪਰ ਉਨ੍ਹਾਂ ਨੇ ਨਿਰਾਸ਼ ਹੋ ਕੇ ਯਹੋਵਾਹ ਦੀ ਸੇਵਾ ਕਰਨੀ ਨਹੀਂ ਛੱਡ ਦਿੱਤੀ। ਉਨ੍ਹਾਂ ਦੇ ਤਜਰਬੇ ਪੜ੍ਹ ਕੇ ਤੁਹਾਨੂੰ ਆਪਣੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਮਦਦ ਮਿਲੇਗੀ। ਆਓ ਆਪਾਂ ਦੋ ਉਦਾਹਰਣਾਂ ਉੱਤੇ ਗੌਰ ਕਰੀਏ।
ਇਕ ਹਾਦਸੇ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ
ਜੁਲਾਈ-ਸਤੰਬਰ 2003 ਦੇ ਜਾਗਰੂਕ ਬਣੋ! ਵਿਚ ਇਕ ਕਹਾਣੀ ਛਪੀ ਸੀ ਜਿਸ ਦਾ ਨਾਂ ਸੀ “ਇਕ ਹਾਦਸੇ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ।” ਇਸ ਵਿਚ ਕੀਨੀਆ ਵਿਚ ਰਹਿਣ ਵਾਲੇ ਸਾਡੇ ਭਰਾ ਸਟੈਨਲੀ ਓਮਬੇਵਾ ਦੀ ਗੱਲ ਦੱਸੀ ਗਈ ਸੀ। ਉਸ ਭਰਾ ਨੇ ਦੱਸਿਆ ਕਿ ਜਦ ਤੇਜ਼ ਰਫ਼ਤਾਰ ਨਾਲ ਆਉਂਦੀ ਮੋਟਰ ਗੱਡੀ ਉਸ ਵਿਚ ਆ ਕੇ ਵੱਜੀ, ਤਾਂ ਉਸ ਉੱਤੇ ਕਿਵੇਂ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਇਸ ਹਾਦਸੇ ਤੋਂ ਬਾਅਦ ਸਿਹਤ ਵਿਗੜਨ ਕਰਕੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਜਿਸ ਕਰਕੇ ਘਰ ਚਲਾਉਣਾ ਮੁਸ਼ਕਲ ਹੋ ਗਿਆ। ਭਰਾ ਓਮਬੇਵਾ ਨੇ ਕਿਹਾ: “ਸਿਹਤ ਦੇ ਜ਼ਿਆਦਾ ਵਿਗੜਨ ਕਾਰਨ ਮੈਂ ਨਿਰਾਸ਼ ਰਹਿਣ ਲੱਗ ਪਿਆ ਅਤੇ ਖ਼ੁਦਗਰਜ਼ ਹੋ ਗਿਆ। ਮੈਂ ਹਮੇਸ਼ਾ ਖਿਝਿਆ ਰਹਿੰਦਾ ਸੀ ਅਤੇ ਛੋਟੀ-ਛੋਟੀ ਗੱਲ ਤੇ ਗੁੱਸੇ ਹੋ ਜਾਂਦਾ ਸੀ।” ਆਪਣੀ ਇਸ ਮਾੜੀ ਹਾਲਤ ਵਿਚ ਵੀ ਸਾਡੇ ਭਰਾ ਨੇ ਹੌਸਲਾ ਨਹੀਂ ਹਾਰਿਆ। ਉਸ ਨੇ ਨਿਰਾਸ਼ਾ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੱਤਾ। ਇਸ ਦੀ ਬਜਾਇ ਉਸ ਨੇ ਯਹੋਵਾਹ ਤੇ ਭਰੋਸਾ ਰੱਖਿਆ। ਉਹ ਦੱਸਦਾ ਹੈ: “ਇਹ ਤਕਲੀਫ਼ ਸਹਿਣ ਵਿਚ ਯਹੋਵਾਹ ਨੇ ਮੇਰੀ ਹਮੇਸ਼ਾ ਮਦਦ ਕੀਤੀ ਸੀ—ਇੰਨੀ ਮਦਦ ਕੀਤੀ ਕਿ ਮੈਂ ਆਪਣੇ ਆਪ ਨੂੰ ਕਦੇ-ਕਦੇ ਸ਼ਰਮਿੰਦਾ ਮਹਿਸੂਸ ਕਰਦਾ ਸੀ। ਮੈਂ ਉਨ੍ਹਾਂ ਹਵਾਲਿਆਂ ਨੂੰ ਪੜ੍ਹ ਕੇ ਉਨ੍ਹਾਂ ਉੱਤੇ ਮਨਨ ਕਰਦਾ ਹੁੰਦਾ ਸੀ ਜਿਹੜੇ ਮੈਂ ਜਾਣਦਾ ਸੀ ਕਿ ਮੇਰੇ ਦੁੱਖ ਵਿਚ ਮੈਨੂੰ ਹੌਸਲਾ ਦੇਣਗੇ।”
ਭਰਾ ਓਮਬੇਵਾ ਦੀ ਇਸ ਕਹਾਣੀ ਨੂੰ ਪੜ੍ਹ ਕੇ ਬਹੁਤ ਸਾਰੇ ਭੈਣ-ਭਰਾਵਾਂ ਨੂੰ ਅਜ਼ਮਾਇਸ਼ਾਂ ਝੱਲਣ ਵਿਚ ਮਦਦ ਮਿਲੀ। ਇਕ ਭੈਣ ਨੇ ਲਿਖਿਆ: “ਇਸ ਲੇਖ ਨੂੰ ਪੜ੍ਹ ਕੇ ਮੈਂ ਆਪਣੇ ਅੰਝੂ ਨਹੀਂ ਰੋਕ ਸਕੀ। ਮੈਨੂੰ ਇੰਜ ਲੱਗਾ ਜਿਵੇਂ ਇਸ ਲੇਖ ਦੇ ਰਾਹੀਂ ਯਹੋਵਾਹ ਮੈਨੂੰ ਦਿਲਾਸਾ ਦੇ ਰਿਹਾ ਸੀ। ਇਹ ਲੇਖ ਉਸ ਦੇ ਪਿਆਰ ਦਾ ਸਬੂਤ ਸੀ।” ਇਕ ਭਰਾ ਨੇ ਲਿਖਿਆ: “ਇਸ ਤਰ੍ਹਾਂ ਦੇ ਲੇਖ ਸਾਡੇ ਵਰਗੇ ਉਨ੍ਹਾਂ ਭੈਣ-ਭਾਈਆਂ ਨੂੰ ਹਿੰਮਤ ਦਿੰਦੇ ਹਨ ਜੋ ਖ਼ਾਮੋਸ਼ੀ ਵਿਚ ਦੁੱਖ ਝੱਲ ਰਹੇ ਹਨ।”
ਮਾਨਸਿਕ ਪਰੇਸ਼ਾਨੀਆਂ ਨਾਲ ਨਜਿੱਠਣ ਦੀ ਤਾਕਤ
ਭਰਾ ਹਰਬਰਟ ਜੈਨਿੰਗਜ਼ ਦੀ ਕਹਾਣੀ ਵੀ ਦਿਲ ਨੂੰ ਛੋਹ ਲੈਣ ਵਾਲੀ ਹੈ ਜਿਸ ਦਾ ਨਾਂ ਹੈ “ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੀ * ਭਰਾ ਜੈਨਿੰਗਜ਼ ਨੂੰ ਬਾਈਪੋਲਰ ਡਿਸਔਰਡਰ ਨਾਂ ਦੀ ਬੀਮਾਰੀ ਹੈ ਜਿਸ ਕਰਕੇ ਉਸ ਦਾ ਮੂਡ ਮੌਸਮ ਵਾਂਗ ਬਦਲਦਾ ਰਹਿੰਦਾ ਹੈ। ਉਹ ਆਪਣੀ ਬੀਮਾਰੀ ਦੇ ਸ਼ੁਰੂਆਤੀ ਦਿਨਾਂ ਬਾਰੇ ਦੱਸਦਾ ਹੈ: “ਸਭਾਵਾਂ ਵਿਚ ਜਾਣਾ ਮੇਰੇ ਲਈ ਇਕ ਵੱਡੀ ਚੁਣੌਤੀ ਸੀ। ਪਰ, ਮੈਨੂੰ ਪਤਾ ਸੀ ਕਿ ਭੈਣ-ਭਰਾਵਾਂ ਦੀ ਸੰਗਤ ਕਿੰਨੀ ਜ਼ਰੂਰੀ ਹੈ। ਇਸ ਲਈ ਇਸ ਮੁਸ਼ਕਲ ਦਾ ਸਾਮ੍ਹਣਾ ਕਰਨ ਲਈ ਮੈਂ ਅਕਸਰ ਕਿੰਗਡਮ ਹਾਲ ਅੰਦਰ ਉਦੋਂ ਦਾਖ਼ਲ ਹੁੰਦਾ ਸੀ ਜਦੋਂ ਸਾਰੇ ਬੈਠ ਜਾਂਦੇ ਸਨ ਤੇ ਮੀਟਿੰਗ ਖ਼ਤਮ ਹੋਣ ਤੇ ਸਾਰਿਆਂ ਨਾਲੋਂ ਪਹਿਲਾਂ ਹੀ ਬਾਹਰ ਨਿਕਲ ਆਉਂਦਾ ਸੀ।”
ਜ਼ਿੰਦਗੀ ਕਿੱਦਾਂ ਦੀ ਹੋਵੇਗੀ।”ਭਰਾ ਜੈਨਿੰਗਜ਼ ਲਈ ਪ੍ਰਚਾਰ ਕਰਨਾ ਵੀ ਮੁਸ਼ਕਲ ਸੀ। ਉਸ ਨੇ ਆਪਣੀ ਕਹਾਣੀ ਵਿਚ ਦੱਸਿਆ: “ਕਈ ਵਾਰ, ਇਕ ਘਰ ਪਹੁੰਚਣ ਤੇ ਮੈਂ ਦਰਵਾਜ਼ੇ ਦੀ ਘੰਟੀ ਵਜਾਉਣ ਦਾ ਹੌਸਲਾ ਨਹੀਂ ਕਰ ਸਕਦਾ ਸੀ। ਪਰ, ਮੈਂ ਹਾਰ ਨਹੀਂ ਮੰਨੀ ਕਿਉਂਕਿ ਮੈਨੂੰ ਪਤਾ ਸੀ ਕਿ ਪ੍ਰਚਾਰ ਦਾ ਇਹ ਕੰਮ ਸਾਨੂੰ ਅਤੇ ਉਨ੍ਹਾਂ ਨੂੰ ਬਚਾ ਸਕਦਾ ਹੈ ਜਿਹੜੇ ਇਸ ਨੂੰ ਧਿਆਨ ਨਾਲ ਸੁਣਦੇ ਹਨ। (1 ਤਿਮੋਥਿਉਸ 4:16) ਥੋੜ੍ਹੀ ਦੇਰ ਬਾਅਦ ਮੈਂ ਆਪਣੇ ਆਪ ਤੇ ਕਾਬੂ ਪਾ ਕੇ ਅਗਲੇ ਘਰ ਦੇ ਦਰਵਾਜ਼ੇ ਤੇ ਪਹੁੰਚ ਕੇ ਮੁੜ ਕੋਸ਼ਿਸ਼ ਕਰਦਾ ਸੀ। ਸੇਵਕਾਈ ਵਿਚ ਲਗਾਤਾਰ ਹਿੱਸਾ ਲੈਣ ਨਾਲ, ਮੈਂ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਈ ਰੱਖਿਆ ਤੇ ਮੈਂ ਇਸ ਬੀਮਾਰੀ ਦਾ ਮੁਕਾਬਲਾ ਕਰਨ ਦੀ ਤਾਕਤ ਜੁਟਾਈ।”
ਭਰਾ ਜੈਨਿੰਗਜ਼ ਵਾਂਗ ਦੁੱਖ ਝੱਲਣ ਵਾਲੇ ਕਈ ਭੈਣ-ਭਰਾਵਾਂ ਨੂੰ ਉਸ ਦੀ ਕਹਾਣੀ ਪੜ੍ਹ ਕੇ ਬਹੁਤ ਹੌਸਲਾ ਮਿਲਿਆ। ਮਿਸਾਲ ਲਈ ਇਕ ਭੈਣ ਨੇ ਲਿਖਿਆ: “ਮੈਨੂੰ ਪਹਿਰਾਬੁਰਜ ਤੇ ਜਾਗਰੂਕ ਬਣੋ! ਰਸਾਲੇ ਪੜ੍ਹਦੀ ਨੂੰ 28 ਸਾਲ ਹੋ ਚੁੱਕੇ ਹਨ, ਪਰ ਪਹਿਲਾਂ ਕਦੇ ਕਿਸੇ ਲੇਖ ਨੇ ਮੈਨੂੰ ਇੰਨਾ ਭਾਵੁਕ ਨਹੀਂ ਕੀਤਾ ਜਿੰਨਾ ਇਸ ਲੇਖ ਨੇ ਕੀਤਾ। ਮੈਂ ਪਾਇਨੀਅਰੀ ਕਰਦੀ ਹੁੰਦੀ ਸੀ, ਪਰ ਫਿਰ ਮੈਨੂੰ ਕਿਸੇ ਕਾਰਨ ਕਰਕੇ ਇਹ ਛੱਡਣੀ ਪਈ। ਇਸ ਕਰਕੇ ਮੇਰੀ ਜ਼ਮੀਰ ਮੈਨੂੰ ਕੋਸਦੀ ਸੀ ਕਿ ਜੇ ਮੇਰੀ ਨਿਹਚਾ ਪੱਕੀ ਹੁੰਦੀ, ਤਾਂ ਮੈਂ ਪਾਇਨੀਅਰੀ ਕਦੀ ਨਾ ਛੱਡਦੀ। ਭਰਾ ਜੈਨਿੰਗਜ਼ ਦੀ ਕਹਾਣੀ ਪੜ੍ਹ ਕੇ ਮੈਨੂੰ ਬਹੁਤ ਹੌਸਲਾ ਮਿਲਿਆ। ਉਸ ਨੂੰ ਵੀ ਸਿਹਤ ਖ਼ਰਾਬ ਹੋਣ ਕਰਕੇ ਅਫ਼ਰੀਕਾ ਵਿਚ ਆਪਣੀ ਮਿਸ਼ਨਰੀ ਸੇਵਾ ਛੱਡਣੀ ਪਈ ਸੀ। ਉਸ ਬਾਰੇ ਪੜ੍ਹ ਕੇ ਮੈਨੂੰ ਆਪਣੀਆਂ ਦੋਸ਼ੀ ਭਾਵਨਾਵਾਂ ਤੋਂ ਰਾਹਤ ਮਿਲੀ। ਯਹੋਵਾਹ ਨੇ ਸੱਚ-ਮੁੱਚ ਮੇਰੀਆਂ ਪ੍ਰਾਰਥਨਾਵਾਂ ਸੁਣ ਲਈਆਂ ਸਨ!”
ਇਸੇ ਤਰ੍ਹਾਂ ਇਕ ਭਰਾ ਨੇ ਵੀ ਲਿਖਿਆ: “ਮੈਂ ਆਪਣੀ ਕਲੀਸਿਯਾ ਵਿਚ ਦਸ ਸਾਲ ਬਜ਼ੁਰਗ ਦੇ ਨਾਤੇ ਸੇਵਾ ਕੀਤੀ, ਪਰ ਫਿਰ ਮਾਨਸਿਕ ਰੋਗ ਕਾਰਨ ਮੈਨੂੰ ਇਹ ਛੱਡਣੀ ਪਈ। ਮੈਂ ਅੰਦਰੋਂ-ਅੰਦਰੀਂ ਇੰਨਾ ਬੁਰਾ ਮਹਿਸੂਸ ਕਰਦਾ ਸੀ ਕਿ ਰਸਾਲਿਆਂ ਵਿਚ ਕਿਸੇ ਦੇ ਤਜਰਬੇ ਨਹੀਂ ਪੜ੍ਹਦਾ ਸੀ ਕਿਉਂਕਿ ਉਹ ਆਪਣੀ ਜ਼ਿੰਦਗੀ ਵਿਚ ਜੋ-ਜੋ ਕਰ ਪਾਏ ਸਨ, ਉਸ ਨੂੰ ਪੜ੍ਹ ਕੇ ਮੈਂ ਉਦਾਸ ਹੋ ਜਾਂਦਾ ਸੀ। ਪਰ ਭਰਾ ਜੈਨਿੰਗਜ਼ ਬਾਰੇ ਪੜ੍ਹ ਕੇ ਮੈਨੂੰ ਹੌਸਲਾ ਮਿਲਿਆ ਤੇ ਉਸ ਲੇਖ ਨੂੰ ਮੈਂ ਕਈ ਵਾਰ ਪੜ੍ਹਿਆ।”
ਹਿੰਮਤ ਨਾ ਹਾਰੋ
ਭਰਾ ਸਟੈਨਲੀ ਓਮਬੇਵਾ ਅਤੇ ਹਰਬਰਟ ਜੈਨਿੰਗਜ਼ ਵਾਂਗ ਯਹੋਵਾਹ ਦੇ ਕਈ ਗਵਾਹ ਵੱਡੀਆਂ-ਵੱਡੀਆਂ ਚੁਣੌਤੀਆਂ ਦੇ ਬਾਵਜੂਦ ਯਹੋਵਾਹ ਪਰਮੇਸ਼ੁਰ ਦੀ ਸੇਵਾ ਹੌਸਲੇ ਨਾਲ ਕਰ ਰਹੇ ਹਨ। ਜੇ ਤੁਸੀਂ ਉਨ੍ਹਾਂ ਵਿੱਚੋਂ ਹੋ, ਤਾਂ ਤੁਸੀਂ ਤਾਰੀਫ਼ ਦੇ ਲਾਇਕ ਹੋ। ਕਦੇ ਨਾ ਭੁੱਲੋ: “ਪਰਮੇਸ਼ੁਰ ਕੁਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸਾਂ ਉਹ ਦੇ ਨਾਮ ਨਾਲ ਵਿਖਾਇਆ ਭਈ ਤੁਸਾਂ ਸੰਤਾਂ ਦੀ ਸੇਵਾ ਕੀਤੀ, ਨਾਲੇ ਕਰਦੇ ਭੀ ਹੋ।”—ਇਬਰਾਨੀਆਂ 6:10.
ਪੁਰਾਣੇ ਜ਼ਮਾਨੇ ਵਿਚ ਜਿਵੇਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਹਿੰਮਤ ਨਾਲ ਆਪਣੇ ਵੈਰੀਆਂ ਤੇ ਹਾਵੀ ਹੋਣ ਦੀ ਤਾਕਤ ਦਿੱਤੀ ਸੀ, ਇਸੇ ਤਰ੍ਹਾਂ ਉਹ ਸਾਨੂੰ ਵੀ ਹਰ ਰੁਕਾਵਟ ਨੂੰ ਪਾਰ ਕਰਨ ਦੀ ਤਾਕਤ ਦੇ ਸਕਦਾ ਹੈ। ਇਸ ਲਈ ਯਹੋਵਾਹ ਦੇ ਇਹ ਵਾਕ ਯਾਦ ਰੱਖੋ ਜੋ ਉਸ ਨੇ ਯਸਾਯਾਹ ਨਬੀ ਦੇ ਜ਼ਰੀਏ ਕਹੇ ਸਨ: “ਨਾ ਡਰ, ਮੈਂ ਤੇਰੇ ਅੰਗ ਸੰਗ ਜੋ ਹਾਂ, ਨਾ ਘਾਬਰ, ਮੈਂ ਤੇਰਾ ਪਰਮੇਸ਼ੁਰ ਜੋ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫਤਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।”—ਯਸਾਯਾਹ 41:10.
[ਫੁਟਨੋਟ]
^ ਪੈਰਾ 9 ਵਾਚ ਟਾਵਰ ਪ੍ਰਕਾਸ਼ਨ ਇੰਡੈਕਸ ਪੰਜਾਬੀ ਵਿਚ ਉਪਲਬਧ ਨਹੀਂ ਹੈ। ਹਰੇਕ ਸਾਲ ਦੇ 15 ਦਸੰਬਰ ਦੇ ਪਹਿਰਾਬੁਰਜ ਰਸਾਲੇ ਦੇ ਅਖ਼ੀਰਲੇ ਸਫ਼ੇ ਤੇ ਵਿਸ਼ਾ ਇੰਡੈਕਸ ਦੀ ਮਦਦ ਨਾਲ ਤੁਸੀਂ ਰਿਸਰਚ ਕਰ ਸਕਦੇ ਹੋ।
[ਸਫ਼ਾ 16 ਉੱਤੇ ਤਸਵੀਰਾਂ]
ਸਟੈਨਲੀ ਓਮਬੇਵਾ (ਉੱਪਰ) ਅਤੇ ਹਰਬਰਟ ਜੈਨਿੰਗਜ਼ (ਸੱਜੇ) ਵਾਂਗ ਕਈ ਨਿਡਰਤਾ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ
[ਸਫ਼ਾ 14 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
USAF photo