Skip to content

Skip to table of contents

ਬਜ਼ੁਰਗ ਜਿਹੜੇ “ਇੱਜੜ ਦੇ ਲਈ ਨਮੂਨਾ” ਹਨ

ਬਜ਼ੁਰਗ ਜਿਹੜੇ “ਇੱਜੜ ਦੇ ਲਈ ਨਮੂਨਾ” ਹਨ

ਬਜ਼ੁਰਗ ਜਿਹੜੇ “ਇੱਜੜ ਦੇ ਲਈ ਨਮੂਨਾ” ਹਨ

‘ਪਰਮੇਸ਼ੁਰ ਦੇ ਇੱਜੜ ਦੀ ਖੁਸ਼ੀ ਨਾਲ ਅਤੇ ਮਨ ਦੀ ਚਾਹ ਨਾਲ ਚਰਵਾਹੀ ਕਰੋ ਅਤੇ ਇੱਜੜ ਦੇ ਲਈ ਨਮੂਨਾ ਬਣੋ।’—1 ਪਤਰਸ 5:2, 3.

1, 2. (ੳ) ਯਿਸੂ ਨੇ ਪਤਰਸ ਰਸੂਲ ਨੂੰ ਕਿਹੜਾ ਕੰਮ ਸੌਂਪਿਆ ਸੀ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਕਰ ਕੇ ਉਸ ਨੇ ਕੋਈ ਗ਼ਲਤੀ ਨਹੀਂ ਕੀਤੀ? (ਅ) ਯਹੋਵਾਹ ਬਜ਼ੁਰਗਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ?

ਪੰਤੇਕੁਸਤ 33 ਈਸਵੀ ਤੋਂ ਕੁਝ ਸਮਾਂ ਪਹਿਲਾਂ ਪਤਰਸ ਅਤੇ ਛੇ ਹੋਰ ਚੇਲੇ ਗਲੀਲ ਦੀ ਝੀਲ ਦੇ ਕਿਨਾਰੇ ਨਾਸ਼ਤਾ ਕਰ ਰਹੇ ਸਨ ਜੋ ਯਿਸੂ ਨੇ ਉਨ੍ਹਾਂ ਲਈ ਤਿਆਰ ਕੀਤਾ ਸੀ। ਪਤਰਸ ਨੇ ਮੁੜ ਜੀ ਉੱਠੇ ਯਿਸੂ ਨੂੰ ਪਹਿਲਾਂ ਵੀ ਦੇਖਿਆ ਸੀ। ਯਿਸੂ ਨੂੰ ਜ਼ਿੰਦਾ ਦੇਖ ਕੇ ਉਹ ਖ਼ੁਸ਼ ਵੀ ਹੋਇਆ ਹੋਣਾ ਤੇ ਘਬਰਾਇਆ ਵੀ ਹੋਣਾ। ਉਸ ਦੀ ਘਬਰਾਹਟ ਦਾ ਕਾਰਨ ਇਹ ਸੀ ਕਿ ਕੁਝ ਹੀ ਦਿਨ ਪਹਿਲਾਂ ਉਸ ਨੇ ਸਾਰਿਆਂ ਦੇ ਸਾਮ੍ਹਣੇ ਕਿਹਾ ਸੀ ਕਿ ਉਹ ਯਿਸੂ ਨੂੰ ਨਹੀਂ ਜਾਣਦਾ। (ਲੂਕਾ 22:55-60; 24:34; ਯੂਹੰਨਾ 18:25-27; 21:1-14) ਕੀ ਯਿਸੂ ਨੇ ਪਤਰਸ ਦੀ ਇਸ ਗ਼ਲਤੀ ਲਈ ਉਸ ਨੂੰ ਸਾਰਿਆਂ ਦੇ ਸਾਮ੍ਹਣੇ ਝਾੜਿਆ ਸੀ? ਨਹੀਂ, ਬਲਕਿ ਉਸ ਨੇ ਆਪਣੀਆਂ “ਭੇਡਾਂ” ਯਾਨੀ ਚੇਲਿਆਂ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਪਤਰਸ ਨੂੰ ਸੌਂਪੀ। (ਯੂਹੰਨਾ 21:15-17) ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਦਾ ਇਤਿਹਾਸ ਪੜ੍ਹ ਕੇ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਨੇ ਪਤਰਸ ਉੱਤੇ ਭਰੋਸਾ ਕਰ ਕੇ ਗ਼ਲਤੀ ਨਹੀਂ ਕੀਤੀ ਸੀ। ਦੂਸਰੇ ਰਸੂਲਾਂ ਅਤੇ ਯਰੂਸ਼ਲਮ ਦੇ ਬਜ਼ੁਰਗਾਂ ਨਾਲ ਮਿਲ ਕੇ ਪਤਰਸ ਨੇ ਵੱਡੀ ਹੋ ਰਹੀ ਮਸੀਹੀ ਕਲੀਸਿਯਾ ਦੀ ਬੜੇ ਮੁਸ਼ਕਲ ਭਰੇ ਸਮਿਆਂ ਦੌਰਾਨ ਵੀ ਵਧੀਆ ਤਰੀਕੇ ਨਾਲ ਦੇਖ-ਰੇਖ ਕੀਤੀ ਸੀ।—ਰਸੂਲਾਂ ਦੇ ਕਰਤੱਬ 1:15-26; 2:14; 15:6-9.

2 ਯਹੋਵਾਹ ਨੇ ਯਿਸੂ ਮਸੀਹ ਰਾਹੀਂ ਇਨ੍ਹਾਂ ਅੰਤ ਦੇ ਮੁਸ਼ਕਲ ਸਮਿਆਂ ਦੌਰਾਨ ਆਪਣੇ ਸੇਵਕਾਂ ਦੀ ਅਗਵਾਈ ਕਰਨ ਲਈ ਕਾਬਲ ਬਜ਼ੁਰਗਾਂ ਨੂੰ ਨਿਯੁਕਤ ਕੀਤਾ ਹੈ। (ਅਫ਼ਸੀਆਂ 4:11, 12; 2 ਤਿਮੋਥਿਉਸ 3:1) ਕੀ ਇਹ ਬਜ਼ੁਰਗ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ? ਹਾਂ, ਯਹੋਵਾਹ ਦੇ ਗਵਾਹਾਂ ਵਿਚ ਜੋ ਸ਼ਾਂਤੀ ਹੈ, ਉਹ ਇਸ ਗੱਲ ਦਾ ਸਬੂਤ ਹੈ। ਇਹ ਸੱਚ ਹੈ ਕਿ ਪਤਰਸ ਵਾਂਗ ਬਜ਼ੁਰਗ ਵੀ ਭੁੱਲਣਹਾਰ ਇਨਸਾਨ ਹਨ। (ਗਲਾਤੀਆਂ 2:11-14; ਯਾਕੂਬ 3:2) ਫਿਰ ਵੀ ਯਹੋਵਾਹ ਨੂੰ ਭਰੋਸਾ ਹੈ ਕਿ ਉਹ ਉਸ ਦੇ ਇੱਜੜ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰਨਗੇ ਜਿਸ ਨੂੰ ਉਸ ਨੇ ਆਪਣੇ ਪੁੱਤਰ ਦੇ ਲਹੂ ਨਾਲ ਮੁੱਲ ਲਿਆ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਬਜ਼ੁਰਗ ਬਹੁਤ ਅਨਮੋਲ ਹਨ ਅਤੇ ਉਹ ਇਨ੍ਹਾਂ ਨੂੰ “ਦੂਣੇ ਆਦਰ ਦੇ ਜੋਗ” ਸਮਝਦਾ ਹੈ।—1 ਤਿਮੋਥਿਉਸ 5:17.

3. ਕਲੀਸਿਯਾ ਦੀ ਸੇਵਾ ਕਰਨ ਵਿਚ ਬਜ਼ੁਰਗ ਆਪਣੀ ਖ਼ੁਸ਼ੀ ਕਿਵੇਂ ਬਰਕਰਾਰ ਰੱਖ ਸਕਦੇ ਹਨ?

3 ਬਜ਼ੁਰਗ ਖ਼ੁਸ਼ੀ ਨਾਲ ਕਲੀਸਿਯਾ ਦੀ ਸੇਵਾ ਕਰ ਕੇ ਭੈਣਾਂ-ਭਰਾਵਾਂ ਲਈ ਇਕ ਚੰਗਾ ਨਮੂਨਾ ਕਿਵੇਂ ਬਣ ਸਕਦੇ ਹਨ? ਪਤਰਸ ਅਤੇ ਪਹਿਲੀ ਸਦੀ ਦੇ ਬਜ਼ੁਰਗਾਂ ਵਾਂਗ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਮੰਗਦੇ ਹਨ। (2 ਕੁਰਿੰਥੀਆਂ 4:7) ਪਵਿੱਤਰ ਆਤਮਾ ਉਨ੍ਹਾਂ ਵਿਚ ਪ੍ਰੇਮ, ਆਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫ਼ਾਦਾਰੀ, ਨਰਮਾਈ ਅਤੇ ਸੰਜਮ ਵਰਗੇ ਗੁਣ ਪੈਦਾ ਕਰਦੀ ਹੈ। (ਗਲਾਤੀਆਂ 5:22, 23) ਆਓ ਆਪਾਂ ਦੇਖੀਏ ਕਿ ਬਜ਼ੁਰਗ ਯਹੋਵਾਹ ਦੇ ਇੱਜੜ ਦੀ ਦੇਖ-ਭਾਲ ਕਰਦੇ ਵੇਲੇ ਆਤਮਾ ਦੇ ਇਨ੍ਹਾਂ ਫਲਾਂ ਦਾ ਕਿਵੇਂ ਸਬੂਤ ਦਿੰਦੇ ਹਨ।

ਕਲੀਸਿਯਾ ਵਿਚ ਹਰੇਕ ਨੂੰ ਪਿਆਰ ਕਰੋ

4, 5. (ੳ) ਯਹੋਵਾਹ ਅਤੇ ਯਿਸੂ ਕਲੀਸਿਯਾ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰਦੇ ਹਨ? (ਅ) ਬਜ਼ੁਰਗ ਕਿਨ੍ਹਾਂ ਕੁਝ ਤਰੀਕਿਆਂ ਨਾਲ ਕਲੀਸਿਯਾ ਲਈ ਆਪਣੇ ਪਿਆਰ ਦਾ ਸਬੂਤ ਦਿੰਦੇ ਹਨ?

4 ਪਰਮੇਸ਼ੁਰ ਦੀ ਆਤਮਾ ਦਾ ਪਹਿਲਾ ਫਲ ਪਿਆਰ ਹੈ। ਯਹੋਵਾਹ ਕਲੀਸਿਯਾ ਨੂੰ ਰੂਹਾਨੀ ਭੋਜਨ ਦੇ ਕੇ ਉਸ ਲਈ ਆਪਣਾ ਪਿਆਰ ਜ਼ਾਹਰ ਕਰਦਾ ਹੈ। (ਯਸਾਯਾਹ 65:13, 14; ਮੱਤੀ 24:45-47) ਪਰ ਉਹ ਸਿਰਫ਼ ਉਸ ਨੂੰ ਭੋਜਨ ਹੀ ਨਹੀਂ ਦਿੰਦਾ। ਉਹ ਕਲੀਸਿਯਾ ਦੇ ਹਰੇਕ ਮੈਂਬਰ ਨਾਲ ਪਿਆਰ ਵੀ ਕਰਦਾ ਹੈ। (1 ਪਤਰਸ 5:6, 7) ਯਿਸੂ ਵੀ ਕਲੀਸਿਯਾ ਨੂੰ ਪਿਆਰ ਕਰਦਾ ਹੈ। ਉਸ ਨੇ ਕਲੀਸਿਯਾ ਲਈ ਆਪਣੀ ਜਾਨ ਕੁਰਬਾਨ ਕੀਤੀ ਅਤੇ ਉਹ ਹਰੇਕ ਮੈਂਬਰ ਨੂੰ “ਨਾਉਂ” ਤੋਂ ਜਾਣਦਾ ਹੈ।—ਯੂਹੰਨਾ 10:3, 14-16.

5 ਬਜ਼ੁਰਗ ਯਹੋਵਾਹ ਅਤੇ ਯਿਸੂ ਦੇ ਨਮੂਨੇ ਉੱਤੇ ਚੱਲਦੇ ਹਨ। ਉਹ ਬੜੀ ਮਿਹਨਤ ਨਾਲ ਕਲੀਸਿਯਾ ਨੂੰ ‘ਸਿੱਖਿਆ ਦੇ ਕੇ’ ਆਪਣੇ ਪਿਆਰ ਦਾ ਸਬੂਤ ਦਿੰਦੇ ਹਨ। ਉਨ੍ਹਾਂ ਦੇ ਬਾਈਬਲ ਉੱਤੇ ਆਧਾਰਿਤ ਭਾਸ਼ਣਾਂ ਤੋਂ ਭੈਣਾਂ-ਭਰਾਵਾਂ ਨੂੰ ਰੂਹਾਨੀ ਖ਼ੁਰਾਕ ਮਿਲਦੀ ਹੈ ਅਤੇ ਉਨ੍ਹਾਂ ਦੀ ਬੁਰੇ ਪ੍ਰਭਾਵਾਂ ਤੋਂ ਰਾਖੀ ਹੁੰਦੀ ਹੈ। ਸਿੱਖਿਆ ਦੇਣ ਵਿਚ ਬਜ਼ੁਰਗਾਂ ਦੀ ਮਿਹਨਤ ਨੂੰ ਸਾਰੇ ਭੈਣ-ਭਰਾ ਦੇਖ ਸਕਦੇ ਹਨ। (1 ਤਿਮੋਥਿਉਸ 4:13, 16) ਪਰ ਕਈ ਇਸ ਤਰ੍ਹਾਂ ਦੇ ਕੰਮ ਹਨ ਜੋ ਭੈਣ-ਭਰਾ ਨਹੀਂ ਦੇਖ ਸਕਦੇ ਜਿਵੇਂ ਕਿ ਕਲੀਸਿਯਾ ਦੇ ਰਿਕਾਰਡ ਰੱਖਣੇ, ਚਿੱਠੀਆਂ ਲਿਖਣੀਆਂ ਜਾਂ ਉਨ੍ਹਾਂ ਦਾ ਜਵਾਬ ਦੇਣਾ, ਅਨੁਸੂਚੀਆਂ ਤਿਆਰ ਕਰਨੀਆਂ ਅਤੇ ਇੱਦਾਂ ਦੇ ਸੌ ਹੋਰ ਕੰਮ। ਇਨ੍ਹਾਂ ਕੰਮਾਂ ਵਿਚ ਬਜ਼ੁਰਗਾਂ ਦਾ ਬਹੁਤ ਸਮਾਂ ਲੱਗ ਜਾਂਦਾ ਹੈ। ਪਰ ਫਿਰ ਵੀ ਬਜ਼ੁਰਗ ਇਹ ਕੰਮ ਖ਼ੁਸ਼ੀ-ਖ਼ੁਸ਼ੀ ਕਰਦੇ ਹਨ ਤਾਂਕਿ ਕਲੀਸਿਯਾ ਦੀਆਂ ਸਭਾਵਾਂ ਅਤੇ ਬਾਕੀ ਕੰਮ “ਢਬ ਸਿਰ ਅਤੇ ਜੁਗਤੀ ਨਾਲ ਹੋਣ।” (1 ਕੁਰਿੰਥੀਆਂ 14:40) ਭੈਣ-ਭਰਾ ਬਜ਼ੁਰਗਾਂ ਨੂੰ ਇਹ ਕੰਮ ਕਰਦਿਆਂ ਦੇਖ ਨਹੀਂ ਸਕਦੇ, ਇਸ ਲਈ ਉਹ ਸ਼ਾਇਦ ਇਸ ਦੀ ਕਦਰ ਨਾ ਕਰਨ। ਪਰ ਫਿਰ ਵੀ ਬਜ਼ੁਰਗ ਇਹ ਕੰਮ ਕਰ ਕੇ ਆਪਣੇ ਪਿਆਰ ਦਾ ਸਬੂਤ ਦਿੰਦੇ ਹਨ।—ਗਲਾਤੀਆਂ 5:13.

6, 7. (ੳ) ਬਜ਼ੁਰਗ ਕਿਹੜੇ ਇਕ ਤਰੀਕੇ ਨਾਲ ਭੈਣਾਂ-ਭਰਾਵਾਂ ਨੂੰ ਬਿਹਤਰ ਜਾਣ ਸਕਦੇ ਹਨ? (ਅ) ਆਪਣੇ ਦੁੱਖ-ਸੁਖ ਬਾਰੇ ਬਜ਼ੁਰਗਾਂ ਨਾਲ ਗੱਲ ਕਰਨੀ ਕਿਉਂ ਫ਼ਾਇਦੇਮੰਦ ਹੈ?

6 ਬਜ਼ੁਰਗ ਕਲੀਸਿਯਾ ਦੇ ਹਰ ਮੈਂਬਰ ਵਿਚ ਗਹਿਰੀ ਦਿਲਚਸਪੀ ਲੈਂਦੇ ਹਨ। (ਫ਼ਿਲਿੱਪੀਆਂ 2:4) ਉਹ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨਾਲ ਪ੍ਰਚਾਰ ਕਰਦਿਆਂ ਉਨ੍ਹਾਂ ਨੂੰ ਹੌਸਲਾ ਦਿੱਤਾ ਸੀ। (ਲੂਕਾ 8:1) ਇਕ ਬਜ਼ੁਰਗ ਕਹਿੰਦਾ ਹੈ: “ਮੈਂ ਦੇਖਿਆ ਕਿ ਕਿਸੇ ਭੈਣ ਜਾਂ ਭਰਾ ਨੂੰ ਚੰਗੀ ਤਰ੍ਹਾਂ ਜਾਣਨ ਅਤੇ ਹੌਸਲਾ ਦੇਣ ਦਾ ਇਕ ਸਭ ਤੋਂ ਵਧੀਆ ਤਰੀਕਾ ਹੈ ਉਸ ਨਾਲ ਸੇਵਕਾਈ ਵਿਚ ਕੰਮ ਕਰਨਾ।” ਜੇ ਤੁਸੀਂ ਕਿਸੇ ਬਜ਼ੁਰਗ ਨਾਲ ਪ੍ਰਚਾਰ ਵਿਚ ਕੰਮ ਨਹੀਂ ਕੀਤਾ, ਤਾਂ ਕਿਉਂ ਨਾ ਉਨ੍ਹਾਂ ਨਾਲ ਅਗਲੀ ਵਾਰ ਪ੍ਰਚਾਰ ਕਰਨ ਦਾ ਪ੍ਰੋਗ੍ਰਾਮ ਬਣਾਓ?

7 ਆਪਣੇ ਚੇਲਿਆਂ ਨਾਲ ਪਿਆਰ ਹੋਣ ਕਰਕੇ ਯਿਸੂ ਉਨ੍ਹਾਂ ਦੇ ਦੁੱਖ-ਸੁਖ ਵਿਚ ਸ਼ਾਮਲ ਹੁੰਦਾ ਸੀ। ਮਿਸਾਲ ਲਈ, ਜਦ ਉਸ ਦੇ 70 ਚੇਲੇ ਪ੍ਰਚਾਰ ਕਰਨ ਤੋਂ ਬਾਅਦ ਚਾਈਂ-ਚਾਈਂ ਵਾਪਸ ਆਏ, ਤਾਂ ਯਿਸੂ ‘ਖ਼ੁਸ਼ੀ ਨਾਲ ਭਰ ਗਿਆ।’ (ਲੂਕਾ 10:17-21, ਪਵਿੱਤਰ ਬਾਈਬਲ ਨਵਾਂ ਅਨੁਵਾਦ) ਲੇਕਿਨ ਜਦ ਉਸ ਨੇ ਲਾਜ਼ਰ ਦੀ ਮੌਤ ਤੇ ਮਰਿਯਮ, ਉਸ ਦੇ ਪਰਿਵਾਰ ਤੇ ਦੋਸਤ-ਮਿੱਤਰਾਂ ਨੂੰ ਰੋਂਦੇ ਦੇਖਿਆ, ਤਾਂ “ਯਿਸੂ ਰੋਇਆ।” (ਯੂਹੰਨਾ 11:33-35) ਇਸੇ ਤਰ੍ਹਾਂ ਅੱਜ ਬਜ਼ੁਰਗ ਵੀ ਭੈਣਾਂ-ਭਰਾਵਾਂ ਦੇ ਦੁੱਖ-ਸੁਖ ਵਿਚ ਸਾਂਝੀ ਹੁੰਦੇ ਹਨ। ਉਹ ‘ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਤੇ ਰੋਣ ਵਾਲਿਆਂ ਨਾਲ ਰੋਂਦੇ ਹਨ।’ (ਰੋਮੀਆਂ 12:15) ਤੁਸੀਂ ਵੀ ਆਪਣਾ ਦੁੱਖ-ਸੁਖ ਕਲੀਸਿਯਾ ਦੇ ਬਜ਼ੁਰਗਾਂ ਨਾਲ ਵੰਡ ਸਕਦੇ ਹੋ। ਤੁਹਾਡੀ ਖ਼ੁਸ਼ੀ ਬਾਰੇ ਸੁਣ ਕੇ ਉਹ ਵੀ ਖ਼ੁਸ਼ ਹੋਣਗੇ। (ਰੋਮੀਆਂ 1:11, 12) ਤੁਹਾਡੇ ਦੁੱਖਾਂ ਬਾਰੇ ਜਾਣ ਕੇ ਉਹ ਤੁਹਾਡੀ ਮਦਦ ਕਰ ਪਾਉਣਗੇ ਤੇ ਤੁਹਾਨੂੰ ਦਿਲਾਸਾ ਦੇ ਸਕਣਗੇ।—1 ਥੱਸਲੁਨੀਕੀਆਂ 1:6; 3:1-3.

8, 9. (ੳ) ਇਕ ਬਜ਼ੁਰਗ ਨੇ ਆਪਣੀ ਪਤਨੀ ਲਈ ਕਿਵੇਂ ਪਿਆਰ ਜ਼ਾਹਰ ਕੀਤਾ? (ਅ) ਬਜ਼ੁਰਗ ਲਈ ਆਪਣੇ ਪਰਿਵਾਰ ਨਾਲ ਪਿਆਰ ਨਾਲ ਪੇਸ਼ ਆਉਣਾ ਕਿਉਂ ਜ਼ਰੂਰੀ ਹੈ?

8 ਕਲੀਸਿਯਾ ਲਈ ਬਜ਼ੁਰਗ ਦਾ ਪਿਆਰ ਇਸ ਤੋਂ ਵੀ ਦੇਖਿਆ ਜਾ ਸਕਦਾ ਕਿ ਉਹ ਆਪਣੇ ਪਰਿਵਾਰ ਨਾਲ ਕਿਵੇਂ ਪੇਸ਼ ਆਉਂਦਾ ਹੈ। (1 ਤਿਮੋਥਿਉਸ 3:1, 4) ਜੇ ਉਹ ਵਿਆਹਿਆ ਹੈ, ਤਾਂ ਉਹ ਆਪਣੀ ਪਤਨੀ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆਉਂਦਾ ਹੈ। ਇਸ ਤਰ੍ਹਾਂ ਉਹ ਕਲੀਸਿਯਾ ਦੇ ਦੂਜੇ ਪਤੀਆਂ ਲਈ ਨਮੂਨਾ ਬਣਦਾ ਹੈ। (ਅਫ਼ਸੀਆਂ 5:25; 1 ਪਤਰਸ 3:7) ਜ਼ਰਾ ਧਿਆਨ ਦਿਓ ਕਿ ਲਿੰਡਾ ਨਾਂ ਦੀ ਭੈਣ ਨੇ ਆਪਣੇ ਪਤੀ ਬਾਰੇ ਕੀ ਕਿਹਾ। ਉਸ ਦੇ ਪਤੀ ਨੇ ਆਪਣੀ ਮੌਤ ਤੋਂ ਪਹਿਲਾਂ 20 ਸਾਲਾਂ ਤਕ ਇਕ ਬਜ਼ੁਰਗ ਵਜੋਂ ਸੇਵਾ ਕੀਤੀ ਸੀ। ਉਹ ਕਹਿੰਦੀ ਹੈ: “ਭਾਵੇਂ ਮੇਰੇ ਪਤੀ ਦੇ ਮੋਢਿਆਂ ਉੱਤੇ ਕਲੀਸਿਯਾ ਦੀਆਂ ਕਾਫ਼ੀ ਜ਼ਿੰਮੇਵਾਰੀਆਂ ਸਨ, ਫਿਰ ਵੀ ਉਨ੍ਹਾਂ ਨੇ ਮੈਨੂੰ ਕਦੇ ਨਜ਼ਰਅੰਦਾਜ਼ ਨਹੀਂ ਕੀਤਾ। ਉਨ੍ਹਾਂ ਨੇ ਅਕਸਰ ਮੇਰੀ ਮਦਦ ਤੇ ਸਹਿਯੋਗ ਲਈ ਕਦਰ ਜ਼ਾਹਰ ਕੀਤੀ। ਉਹ ਬਹੁਤ ਰੁੱਝੇ ਹੋਣ ਦੇ ਬਾਵਜੂਦ ਵੀ ਮੇਰੇ ਨਾਲ ਸਮਾਂ ਬਿਤਾਉਂਦੇ ਸਨ। ਉਨ੍ਹਾਂ ਨੇ ਹਮੇਸ਼ਾ ਮੈਨੂੰ ਆਪਣੇ ਪਿਆਰ ਦਾ ਅਹਿਸਾਸ ਦਿਲਾਇਆ। ਇਸ ਲਈ ਮੈਨੂੰ ਕੋਈ ਇਤਰਾਜ਼ ਨਹੀਂ ਸੀ ਕਿ ਉਹ ਆਪਣਾ ਜ਼ਿਆਦਾਤਰ ਸਮਾਂ ਕਲੀਸਿਯਾ ਦੇ ਕੰਮਾਂ ਵਿਚ ਲਾਉਂਦੇ ਸਨ।”

9 ਜੇ ਬਜ਼ੁਰਗ ਦੇ ਬੱਚੇ ਹਨ, ਤਾਂ ਉਹ ਉਨ੍ਹਾਂ ਨੂੰ ਪਿਆਰ ਨਾਲ ਤਾੜਨਾ ਤੇ ਸ਼ਾਬਾਸ਼ੀ ਦੇ ਕੇ ਦੂਸਰੇ ਮਾਪਿਆਂ ਲਈ ਇਕ ਮਿਸਾਲ ਕਾਇਮ ਕਰਦਾ ਹੈ। (ਅਫ਼ਸੀਆਂ 6:4) ਉਹ ਆਪਣੇ ਪਰਿਵਾਰ ਨਾਲ ਪਿਆਰ ਨਾਲ ਪੇਸ਼ ਆ ਕੇ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਉਹ ਯਹੋਵਾਹ ਵੱਲੋਂ ਮਿਲੀਆਂ ਜ਼ਿੰਮੇਵਾਰੀਆਂ ਨੂੰ ਚੰਗੀ ਤਰ੍ਹਾਂ ਨਿਭਾ ਰਿਹਾ ਹੈ।—1 ਤਿਮੋਥਿਉਸ 3:4, 5.

ਖੁੱਲ੍ਹ ਕੇ ਗੱਲ ਕਰਨ ਦੁਆਰਾ ਖ਼ੁਸ਼ੀ ਤੇ ਸ਼ਾਂਤੀ ਬਣਾਈ ਰੱਖੋ

10. (ੳ) ਕਿਹੜੀ ਚੀਜ਼ ਕਲੀਸਿਯਾ ਦੀ ਖ਼ੁਸ਼ੀ ਤੇ ਸ਼ਾਂਤੀ ਨੂੰ ਭੰਗ ਕਰ ਸਕਦੀ ਹੈ? (ਅ) ਪਹਿਲੀ ਸਦੀ ਦੀ ਕਲੀਸਿਯਾ ਵਿਚ ਕਿਹੜੀ ਮੁਸ਼ਕਲ ਖੜ੍ਹੀ ਹੋਈ ਸੀ ਤੇ ਇਸ ਨੂੰ ਕਿਵੇਂ ਹੱਲ ਕੀਤਾ ਗਿਆ ਸੀ?

10 ਪਵਿੱਤਰ ਆਤਮਾ ਹਰ ਮਸੀਹੀ ਦੇ ਦਿਲ ਵਿਚ, ਬਜ਼ੁਰਗਾਂ ਦੇ ਸਮੂਹ ਵਿਚ ਅਤੇ ਕਲੀਸਿਯਾ ਵਿਚ ਆਨੰਦ ਅਤੇ ਸ਼ਾਂਤੀ ਪੈਦਾ ਕਰ ਸਕਦੀ ਹੈ। ਪਰ ਖੁੱਲ੍ਹ ਕੇ ਗੱਲ ਨਾ ਕਰਨ ਨਾਲ ਕਲੀਸਿਯਾ ਦਾ ਆਨੰਦ ਜਾਂਦਾ ਰਹੇਗਾ ਅਤੇ ਸ਼ਾਂਤੀ ਭੰਗ ਹੋ ਜਾਵੇਗੀ। ਬਾਦਸ਼ਾਹ ਸੁਲੇਮਾਨ ਨੇ ਕਿਹਾ: “ਬਿਨਾਂ ਸਲਾਹ ਲਿਆ ਯੋਜਨਾਵਾਂ ਅਸਫਲ ਹੋ ਜਾਂਦੀਆਂ ਹਨ।” (ਕਹਾਉਤਾਂ 15:22, ਨਵਾਂ ਅਨੁਵਾਦ) ਦੂਜੇ ਪਾਸੇ, ਖੁੱਲ੍ਹ ਕੇ ਤੇ ਆਦਰ ਨਾਲ ਆਪਣੀ ਰਾਇ ਦੇਣ ਨਾਲ ਕਲੀਸਿਯਾ ਦੀ ਖ਼ੁਸ਼ੀ ਤੇ ਸ਼ਾਂਤੀ ਵਿਚ ਵਾਧਾ ਹੋਵੇਗਾ। ਮਿਸਾਲ ਲਈ, ਜਦ ਪਹਿਲੀ ਸਦੀ ਵਿਚ ਸੁੰਨਤ ਬਾਰੇ ਮਤਭੇਦ ਪੈਦਾ ਹੋਣ ਕਰਕੇ ਕਲੀਸਿਯਾ ਦੀ ਸ਼ਾਂਤੀ ਖ਼ਤਰੇ ਵਿਚ ਸੀ, ਤਾਂ ਯਰੂਸ਼ਲਮ ਵਿਚ ਪ੍ਰਬੰਧਕ ਸਭਾ ਨੇ ਯਹੋਵਾਹ ਤੋਂ ਪਵਿੱਤਰ ਆਤਮਾ ਦੀ ਮਦਦ ਮੰਗੀ। ਪ੍ਰਬੰਧਕ ਸਭਾ ਦੇ ਮੈਂਬਰਾਂ ਨੇ ਇਸ ਵਿਸ਼ੇ ਉੱਤੇ ਆਪੋ-ਆਪਣੀ ਰਾਇ ਦਿੱਤੀ ਅਤੇ ਚੰਗੀ ਤਰ੍ਹਾਂ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਫ਼ੈਸਲਾ ਕੀਤਾ। ਜਦ ਉਨ੍ਹਾਂ ਨੇ ਕਲੀਸਿਯਾਵਾਂ ਨੂੰ ਆਪਣਾ ਫ਼ੈਸਲਾ ਸੁਣਾਇਆ, ਤਾਂ ਇਸ ਦਾ ਨਤੀਜਾ ਕੀ ਨਿਕਲਿਆ? ਭੈਣ-ਭਰਾ “ਏਸ ਤਸੱਲੀ ਦੀ ਗੱਲੋਂ ਬਹੁਤ ਅਨੰਦ ਹੋਏ।” (ਰਸੂਲਾਂ ਦੇ ਕਰਤੱਬ 15:6-23, 25, 31; 16:4, 5) ਇਸ ਤਰ੍ਹਾਂ ਕਲੀਸਿਯਾ ਦੀ ਖ਼ੁਸ਼ੀ ਅਤੇ ਸ਼ਾਂਤੀ ਬਰਕਰਾਰ ਰਹੀ।

11. ਬਜ਼ੁਰਗ ਕਲੀਸਿਯਾ ਵਿਚ ਆਨੰਦ ਅਤੇ ਸ਼ਾਂਤੀ ਨੂੰ ਕਿਵੇਂ ਵਧਾ ਸਕਦੇ ਹਨ?

11 ਅੱਜ ਵੀ ਬਜ਼ੁਰਗ ਕਲੀਸਿਯਾ ਦਾ ਆਨੰਦ ਅਤੇ ਸ਼ਾਂਤੀ ਬਰਕਰਾਰ ਰੱਖਣ ਲਈ ਇਕ-ਦੂਜੇ ਨਾਲ ਖੁੱਲ੍ਹ ਕੇ ਗੱਲਬਾਤ ਕਰਦੇ ਹਨ। ਜਦ ਕਲੀਸਿਯਾ ਦੀ ਸ਼ਾਂਤੀ ਭੰਗ ਕਰਨ ਵਾਲੀ ਕੋਈ ਮੁਸ਼ਕਲ ਖੜ੍ਹੀ ਹੁੰਦੀ ਹੈ, ਤਾਂ ਬਜ਼ੁਰਗ ਇਸ ਦਾ ਕੋਈ ਹੱਲ ਕੱਢਣ ਲਈ ਇਕੱਠੇ ਹੁੰਦੇ ਹਨ। ਉਹ ਇਕ-ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹਨ। ਉਹ ਸਿਰਫ਼ ਆਪਣੀ ਹੀ ਗੱਲ ਨਹੀਂ ਕਹਿੰਦੇ, ਸਗੋਂ ਦੂਸਰਿਆਂ ਦੀ ਵੀ ਆਦਰ ਨਾਲ ਸੁਣਦੇ ਹਨ। (ਕਹਾਉਤਾਂ 13:10; 18:13) ਯਹੋਵਾਹ ਦੀ ਪਵਿੱਤਰ ਆਤਮਾ ਦੀ ਮਦਦ ਲਈ ਪ੍ਰਾਰਥਨਾ ਕਰਨ ਤੋਂ ਬਾਅਦ ਉਹ ਬਾਈਬਲ ਦੇ ਅਸੂਲਾਂ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਸੇਧ ਅਨੁਸਾਰ ਫ਼ੈਸਲੇ ਕਰਦੇ ਹਨ। (ਮੱਤੀ 24:45-47; 1 ਕੁਰਿੰਥੀਆਂ 4:6) ਜਦ ਬਜ਼ੁਰਗ ਫ਼ੈਸਲਾ ਕਰ ਲੈਂਦੇ ਹਨ, ਤਾਂ ਹਰੇਕ ਬਜ਼ੁਰਗ ਨੂੰ ਇਹ ਫ਼ੈਸਲਾ ਸਵੀਕਾਰ ਕਰਨਾ ਚਾਹੀਦਾ ਹੈ, ਉਦੋਂ ਵੀ ਜਦ ਇਹ ਉਸ ਦੀ ਰਾਇ ਅਨੁਸਾਰ ਨਾ ਹੋਵੇ। ਕਿਉਂ? ਕਿਉਂਕਿ ਇਹ ਯਹੋਵਾਹ ਦੀ ਪਵਿੱਤਰ ਆਤਮਾ ਦੀ ਅਗਵਾਈ ਹੇਠ ਕੀਤਾ ਜਾਂਦਾ ਹੈ। ਇਸ ਗੱਲ ਵਿਚ ਬਜ਼ੁਰਗਾਂ ਦੀ ਹਲੀਮੀ ਕਲੀਸਿਯਾ ਵਿਚ ਖ਼ੁਸ਼ੀ ਅਤੇ ਸ਼ਾਂਤੀ ਵਧਾਉਂਦੀ ਹੈ ਅਤੇ ਭੈਣਾਂ-ਭਰਾਵਾਂ ਲਈ ਇਕ ਚੰਗੀ ਮਿਸਾਲ ਕਾਇਮ ਕਰਦੀ ਹੈ। (ਮੀਕਾਹ 6:8) ਕੀ ਤੁਸੀਂ ਹਲੀਮੀ ਨਾਲ ਕਲੀਸਿਯਾ ਦੇ ਬਜ਼ੁਰਗਾਂ ਦੇ ਫ਼ੈਸਲਿਆਂ ਨੂੰ ਸਵੀਕਾਰ ਕਰਦੇ ਹੋ?

ਧੀਰਜਵਾਨ ਤੇ ਦਿਆਲੂ ਬਣੋ

12. ਆਪਣੇ ਰਸੂਲਾਂ ਨਾਲ ਪੇਸ਼ ਆਉਣ ਵਿਚ ਯਿਸੂ ਨੂੰ ਧੀਰਜ ਅਤੇ ਦਿਆਲਤਾ ਦੀ ਕਿਉਂ ਲੋੜ ਪਈ?

12 ਭਾਵੇਂ ਕਿ ਯਿਸੂ ਦੇ ਰਸੂਲ ਵਾਰ-ਵਾਰ ਗ਼ਲਤੀਆਂ ਕਰਦੇ ਸਨ, ਫਿਰ ਵੀ ਯਿਸੂ ਉਨ੍ਹਾਂ ਨਾਲ ਧੀਰਜ ਅਤੇ ਦਿਆਲਤਾ ਨਾਲ ਪੇਸ਼ ਆਇਆ। ਮਿਸਾਲ ਲਈ, ਯਿਸੂ ਨੇ ਕਈ ਵਾਰ ਉਨ੍ਹਾਂ ਨੂੰ ਹਲੀਮ ਬਣਨ ਦੀ ਅਹਿਮੀਅਤ ਸਮਝਾਉਣ ਦੀ ਕੋਸ਼ਿਸ਼ ਕੀਤੀ। (ਮੱਤੀ 18:1-4; 20:25-27) ਧਰਤੀ ਉੱਤੇ ਆਪਣੀ ਆਖ਼ਰੀ ਰਾਤ ਨੂੰ ਯਿਸੂ ਨੇ ਉਨ੍ਹਾਂ ਦੇ ਪੈਰ ਧੋ ਕੇ ਵੀ ਨਿਮਰ ਹੋਣ ਦਾ ਸਬਕ ਸਿਖਾਇਆ। ਲੇਕਿਨ ਸਬਕ ਸਿੱਖਣ ਦੀ ਬਜਾਇ ਉਸੇ ਰਾਤ ‘ਉਨ੍ਹਾਂ ਵਿੱਚ ਇਹ ਤਕਰਾਰ ਹੋਇਆ ਭਈ ਸਾਡੇ ਵਿੱਚੋਂ ਕੌਣ ਵੱਡਾ ਕਰਕੇ ਮੰਨੀਦਾ ਹੈ?’ (ਲੂਕਾ 22:24; ਯੂਹੰਨਾ 13:1-5) ਕੀ ਯਿਸੂ ਨੇ ਗੁੱਸੇ ਹੋ ਕੇ ਉਨ੍ਹਾਂ ਨੂੰ ਝਿੜਕਿਆ ਸੀ? ਨਹੀਂ, ਸਗੋਂ ਉਸ ਨੇ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ: “ਵੱਡਾ ਕੌਣ ਹੈ, ਉਹ ਜਿਹੜਾ ਖਾਣ ਨੂੰ ਬੈਠਦਾ ਹੈ ਯਾ ਉਹ ਜਿਹੜਾ ਟਹਿਲ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ? ਪਰ ਮੈਂ ਤੁਹਾਡੇ ਵਿੱਚ ਟਹਿਲੂਏ ਵਰਗਾ ਹਾਂ।” (ਲੂਕਾ 22:27) ਯਿਸੂ ਦੇ ਧੀਰਜ, ਦਿਆਲਤਾ ਅਤੇ ਚੰਗੀ ਮਿਸਾਲ ਨੇ ਉਸ ਦੇ ਰਸੂਲਾਂ ਦਾ ਦਿਲ ਜਿੱਤ ਲਿਆ।

13, 14. ਬਜ਼ੁਰਗਾਂ ਨੂੰ ਖ਼ਾਸ ਕਰਕੇ ਕਿਸ ਸਮੇਂ ਭੈਣ-ਭਰਾਵਾਂ ਨਾਲ ਦਿਆਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ?

13 ਸ਼ਾਇਦ ਬਜ਼ੁਰਗ ਨੂੰ ਕਿਸੇ ਭੈਣ ਜਾਂ ਭਰਾ ਦੀ ਕਿਸੇ ਕਮਜ਼ੋਰੀ ਕਰਕੇ ਉਸ ਨੂੰ ਵਾਰ-ਵਾਰ ਸੁਧਾਰ ਕਰਨ ਦੀ ਸਲਾਹ ਦੇਣੀ ਪਵੇ। ਹੋ ਸਕਦਾ ਹੈ ਕਿ ਇਸ ਕਰਕੇ ਬਜ਼ੁਰਗ ਉਸ ਤੋਂ ਅੱਕ ਜਾਵੇ। ਪਰ ‘ਕੁਸੂਤਿਆਂ ਨੂੰ ਸਮਝਾਉਂਦੇ’ ਵਕਤ ਉਹ ਇਹ ਨਹੀਂ ਭੁੱਲਦਾ ਕਿ ਉਹ ਆਪ ਵੀ ਗ਼ਲਤੀਆਂ ਕਰਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਯਹੋਵਾਹ ਤੇ ਯਿਸੂ ਦੀ ਰੀਸ ਕਰਦਾ ਹੈ ਜੋ ਬਜ਼ੁਰਗਾਂ ਸਮੇਤ ਸਾਰੇ ਮਸੀਹੀਆਂ ਨਾਲ ਧੀਰਜ ਅਤੇ ਦਿਆਲਗੀ ਨਾਲ ਪੇਸ਼ ਆਉਂਦੇ ਹਨ।—1 ਥੱਸਲੁਨੀਕੀਆਂ 5:14; ਯਾਕੂਬ 2:13.

14 ਕਈ ਵਾਰ ਬਜ਼ੁਰਗਾਂ ਨੂੰ ਕਿਸੇ ਭੈਣ ਜਾਂ ਭਰਾ ਦੇ ਗੰਭੀਰ ਪਾਪ ਕਰਕੇ ਉਸ ਨੂੰ ਤਾੜਨਾ ਵੀ ਦੇਣੀ ਪੈਂਦੀ ਹੈ। ਜੇ ਉਹ ਤੋਬਾ ਨਹੀਂ ਕਰਦਾ, ਤਾਂ ਬਜ਼ੁਰਗਾਂ ਨੂੰ ਉਸ ਨੂੰ ਕਲੀਸਿਯਾ ਵਿੱਚੋਂ ਕੱਢਣਾ ਪੈਂਦਾ ਹੈ। (1 ਕੁਰਿੰਥੀਆਂ 5:11-13) ਫਿਰ ਵੀ ਬਜ਼ੁਰਗ ਉਸ ਨੂੰ ਅਹਿਸਾਸ ਦਿਲਾਉਂਦੇ ਹਨ ਕਿ ਉਹ ਉਸ ਤੋਂ ਨਹੀਂ, ਬਲਕਿ ਉਸ ਦੇ ਪਾਪ ਤੋਂ ਨਫ਼ਰਤ ਕਰਦੇ ਹਨ। (ਯਹੂਦਾਹ 23) ਭਟਕੇ ਹੋਏ ਭੈਣ ਜਾਂ ਭਰਾ ਨਾਲ ਪਿਆਰ ਨਾਲ ਪੇਸ਼ ਆਉਣ ਨਾਲ ਸ਼ਾਇਦ ਉਸ ਲਈ ਕਲੀਸਿਯਾ ਵਿਚ ਵਾਪਸ ਆਉਣਾ ਆਸਾਨ ਹੋਵੇ।—ਲੂਕਾ 15:11-24.

ਨਿਹਚਾ ਨਾਲ ਕੰਮ ਕਰੋ

15. ਬਜ਼ੁਰਗ ਪਰਮੇਸ਼ੁਰ ਵਾਂਗ ਭਲਾਈ ਕਿਸ ਤਰ੍ਹਾਂ ਕਰ ਸਕਦੇ ਹਨ ਅਤੇ ਉਹ ਇਸ ਤਰ੍ਹਾਂ ਕਿਉਂ ਕਰਦੇ ਹਨ?

15 “ਯਹੋਵਾਹ ਸਭਨਾਂ ਦੇ ਲਈ ਭਲਾ ਹੈ,” ਉਨ੍ਹਾਂ ਲਈ ਵੀ ਜੋ ਉਸ ਦੀ ਭਲਾਈ ਦੀ ਕਦਰ ਨਹੀਂ ਕਰਦੇ। (ਜ਼ਬੂਰਾਂ ਦੀ ਪੋਥੀ 145:9; ਮੱਤੀ 5:45) ਯਹੋਵਾਹ ਦੀ ਭਲਾਈ ਦਾ ਇਕ ਸਬੂਤ ਹੈ ਕਿ ਉਹ ਆਪਣੇ ਲੋਕਾਂ ਨੂੰ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਲਈ ਭੇਜਦਾ ਹੈ। (ਮੱਤੀ 24:14) ਬਜ਼ੁਰਗ ਪਰਮੇਸ਼ੁਰ ਦੀ ਭਲਾਈ ਦੀ ਰੀਸ ਕਰਦੇ ਹੋਏ ਪ੍ਰਚਾਰ ਕਰਨ ਵਿਚ ਪਹਿਲ ਕਰਦੇ ਹਨ। ਉਹ ਇਸ ਤਰ੍ਹਾਂ ਕਿਉਂ ਕਰਦੇ ਹਨ? ਕਿਉਂਕਿ ਯਹੋਵਾਹ ਅਤੇ ਉਸ ਦੇ ਵਾਅਦਿਆਂ ਉੱਤੇ ਉਨ੍ਹਾਂ ਦੀ ਨਿਹਚਾ ਪੱਕੀ ਹੈ।—ਰੋਮੀਆਂ 10:10, 13, 14.

16. ਬਜ਼ੁਰਗ ਕਿਵੇਂ ਭੈਣਾਂ-ਭਰਾਵਾਂ ਦੀ ਭਲਾਈ ਕਰ ਸਕਦੇ ਹਨ?

16 ਬਜ਼ੁਰਗ ਪ੍ਰਚਾਰ ਰਾਹੀਂ “ਸਭਨਾਂ ਨਾਲ ਭਲਾ” ਕਰਦੇ ਹਨ, ਪਰ ਇਸ ਦੇ ਨਾਲ-ਨਾਲ ਉਨ੍ਹਾਂ ਨੂੰ ਇਹ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ “ਨਿਜ ਕਰਕੇ ਨਿਹਚਾਵਾਨਾਂ ਦੇ ਨਾਲ” ਭਲਾ ਕਰਨ। (ਗਲਾਤੀਆਂ 6:10) ਭਲਾਈ ਕਰਨ ਦਾ ਇਕ ਤਰੀਕਾ ਹੈ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਉਨ੍ਹਾਂ ਨੂੰ ਮਿਲਣ ਜਾਣਾ। ਇਕ ਬਜ਼ੁਰਗ ਕਹਿੰਦਾ ਹੈ: “ਮੈਨੂੰ ਭੈਣਾਂ-ਭਰਾਵਾਂ ਨੂੰ ਮਿਲਣ ਜਾਣਾ ਬਹੁਤ ਪਸੰਦ ਹੈ ਕਿਉਂਕਿ ਉਸ ਵੇਲੇ ਮੈਨੂੰ ਉਨ੍ਹਾਂ ਨੂੰ ਇਹ ਦੱਸਣ ਦਾ ਮੌਕਾ ਮਿਲਦਾ ਹੈ ਕਿ ਬਜ਼ੁਰਗ ਉਨ੍ਹਾਂ ਦੀ ਮਿਹਨਤ ਦੀ ਬਹੁਤ ਕਦਰ ਕਰਦੇ ਹਨ।” ਕਈ ਵਾਰ ਬਜ਼ੁਰਗ ਕਿਸੇ ਭੈਣ ਜਾਂ ਭਰਾ ਨੂੰ ਯਹੋਵਾਹ ਦੀ ਸੇਵਾ ਵਿਚ ਅੱਗੇ ਵਧਣ ਦੇ ਤਰੀਕੇ ਵੀ ਦੱਸਦੇ ਹਨ। ਇਸ ਤਰ੍ਹਾਂ ਉਹ ਪੌਲੁਸ ਰਸੂਲ ਦੀ ਰੀਸ ਕਰਦੇ ਹਨ। ਧਿਆਨ ਦਿਓ ਕਿ ਪੌਲੁਸ ਨੇ ਥੱਸਲੁਨੀਕਿਯਾ ਦੇ ਭੈਣਾਂ-ਭਰਾਵਾਂ ਨੂੰ ਕਿੱਦਾਂ ਪ੍ਰੇਰਿਆ ਸੀ: “ਸਾਨੂੰ ਪ੍ਰਭੁ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਭਈ ਜੋ ਕੁਝ ਅਸੀਂ ਹੁਕਮ ਦਿੰਦੇ ਹਾਂ ਸੋ ਤੁਸੀਂ ਕਰਦੇ ਹੋ ਨਾਲੇ ਕਰੋਗੇ ਭੀ।” (2 ਥੱਸਲੁਨੀਕੀਆਂ 3:4) ਭੈਣਾਂ-ਭਰਾਵਾਂ ਉੱਤੇ ਇਸ ਤਰ੍ਹਾਂ ਦਾ ਭਰੋਸਾ ਉਨ੍ਹਾਂ ਦੇ ਹੌਸਲੇ ਨੂੰ ਹੋਰ ਬੁਲੰਦ ਕਰਦਾ ਹੈ ਅਤੇ ਉਨ੍ਹਾਂ ਲਈ “ਆਪਣੇ ਆਗੂਆਂ ਦੀ ਆਗਿਆਕਾਰੀ” ਕਰਨੀ ਆਸਾਨ ਹੋ ਜਾਂਦੀ ਹੈ। (ਇਬਰਾਨੀਆਂ 13:17) ਜਦ ਕੋਈ ਬਜ਼ੁਰਗ ਤੁਹਾਨੂੰ ਮਿਲਣ ਆਉਂਦਾ ਹੈ, ਤਾਂ ਕਿਉਂ ਨਾ ਤੁਸੀਂ ਉਸ ਦੇ ਆਉਣ ਦਾ ਧੰਨਵਾਦ ਕਰੋ?

ਨਰਮਾਈ ਨਾਲ ਪੇਸ਼ ਆਉਣ ਲਈ ਸੰਜਮ ਦੀ ਲੋੜ ਹੈ

17. ਪਤਰਸ ਨੇ ਯਿਸੂ ਤੋਂ ਕੀ ਸਿੱਖਿਆ ਸੀ?

17 ਯਿਸੂ ਹਮੇਸ਼ਾ ਸ਼ਾਂਤ ਰਹਿੰਦਾ ਸੀ, ਉਦੋਂ ਵੀ ਜਦ ਲੋਕ ਉਸ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਸਨ। (ਮੱਤੀ 11:29) ਜਦ ਯਿਸੂ ਨੂੰ ਧੋਖਾ ਦੇ ਕੇ ਗਿਰਫ਼ਤਾਰ ਕਰਵਾਇਆ ਗਿਆ, ਤਾਂ ਵੀ ਉਹ ਸ਼ਾਂਤ ਰਿਹਾ ਤੇ ਸੰਜਮ ਨਾਲ ਪੇਸ਼ ਆਇਆ। ਦੂਜੇ ਪਾਸੇ, ਪਤਰਸ ਇਕਦਮ ਤਲਵਾਰ ਕੱਢ ਕੇ ਮੁਕਾਬਲਾ ਕਰਨ ਲਈ ਤਿਆਰ ਹੋ ਗਿਆ, ਪਰ ਯਿਸੂ ਨੇ ਉਸ ਨੂੰ ਯਾਦ ਕਰਾਇਆ: “ਕੀ ਤੂੰ ਇਹ ਸਮਝਦਾ ਹੈਂ ਜੋ ਮੈਂ ਆਪਣੇ ਪਿਤਾ ਕੋਲੋਂ ਬੇਨਤੀ ਨਹੀਂ ਕਰ ਸੱਕਦਾ ਅਤੇ ਉਹ ਹੁਣੇ ਦੂਤਾਂ ਦੀਆਂ ਬਾਰਾਂ ਫੌਜਾਂ ਤੋਂ ਵਧੀਕ ਮੇਰੇ ਕੋਲ ਹਾਜਰ ਨਾ ਕਰੇਗਾ?” (ਮੱਤੀ 26:51-53; ਯੂਹੰਨਾ 18:10) ਪਤਰਸ ਯਿਸੂ ਦੀ ਗੱਲ ਚੰਗੀ ਤਰ੍ਹਾਂ ਸਮਝ ਗਿਆ ਸੀ, ਤਾਂ ਹੀ ਬਾਅਦ ਵਿਚ ਉਸ ਨੇ ਮਸੀਹੀਆਂ ਨੂੰ ਕਿਹਾ: “ਮਸੀਹ ਵੀ ਤੁਹਾਡੇ ਨਮਿੱਤ ਦੁਖ ਝੱਲ ਕੇ ਇੱਕ ਨਮੂਨਾ ਤੁਹਾਡੇ ਲਈ ਛੱਡ ਗਿਆ ਭਈ ਤੁਸੀਂ ਉਹ ਦੀ ਪੈੜ ਉੱਤੇ ਤੁਰੋ। . . . ਉਹ ਗਾਲੀਆਂ ਖਾ ਕੇ ਗਾਲੀ ਨਾ ਦਿੰਦਾ ਸੀ ਅਤੇ ਦੁਖ ਪਾ ਕੇ ਦਬਕਾ ਨਾ ਦਿੰਦਾ ਸੀ।”—1 ਪਤਰਸ 2:21-23.

18, 19. (ੳ) ਬਜ਼ੁਰਗਾਂ ਨੂੰ ਖ਼ਾਸ ਕਰਕੇ ਕਦੋਂ ਨਰਮਾਈ ਅਤੇ ਸੰਜਮ ਨਾਲ ਪੇਸ਼ ਆਉਣਾ ਚਾਹੀਦਾ ਹੈ? (ਅ) ਅਗਲੇ ਲੇਖ ਵਿਚ ਅਸੀਂ ਕਿਨ੍ਹਾਂ ਸਵਾਲਾਂ ਦਾ ਜਵਾਬ ਦੇਖਾਂਗੇ?

18 ਇਸੇ ਤਰ੍ਹਾਂ ਬਜ਼ੁਰਗ ਹਮੇਸ਼ਾ ਨਰਮਾਈ ਨਾਲ ਪੇਸ਼ ਆਉਂਦੇ ਹਨ, ਚਾਹੇ ਕੋਈ ਉਨ੍ਹਾਂ ਨਾਲ ਬੁਰੇ ਤਰੀਕੇ ਨਾਲ ਪੇਸ਼ ਆਵੇ। ਮਿਸਾਲ ਲਈ, ਹੋ ਸਕਦਾ ਹੈ ਕਿ ਕਲੀਸਿਯਾ ਵਿਚ ਕੁਝ ਭੈਣਾਂ-ਭਰਾਵਾਂ ਨੂੰ ਚੰਗਾ ਨਾ ਲੱਗੇ ਜਦ ਬਜ਼ੁਰਗ ਉਨ੍ਹਾਂ ਦੀ ਮਦਦ ਕਰਨ ਦਾ ਜਤਨ ਕਰਦੇ ਹਨ। ਜੇ ਕੋਈ ਮਸੀਹੀ ਨਿਹਚਾ ਵਿਚ ਬਹੁਤ ਕਮਜ਼ੋਰ ਹੈ, ਤਾਂ ਸਲਾਹ ਮਿਲਣ ਤੇ ਉਹ ਸ਼ਾਇਦ ਬਿਨਾਂ ਸੋਚੇ-ਸਮਝੇ ਅਜਿਹੀਆਂ ਗੱਲਾਂ ਕਹਿ ਦੇਵੇ ਜੋ “ਤਲਵਾਰ ਵਾਂਙੁ ਵਿੰਨ੍ਹਦੀਆਂ” ਹਨ। (ਕਹਾਉਤਾਂ 12:18) ਪਰ ਯਿਸੂ ਦੇ ਨਮੂਨੇ ਉੱਤੇ ਚੱਲਦੇ ਹੋਏ ਬਜ਼ੁਰਗ ਖਰੀਆਂ-ਖਰੀਆਂ ਨਹੀਂ ਸੁਣਾਉਂਦੇ ਜਾਂ ਉਸ ਤੋਂ ਬਦਲਾ ਨਹੀਂ ਲੈਂਦੇ। ਇਸ ਦੀ ਬਜਾਇ ਉਹ ਸ਼ਾਂਤ ਰਹਿੰਦੇ ਹਨ ਅਤੇ ਪਿਆਰ ਨਾਲ ਪੇਸ਼ ਆਉਂਦੇ ਹਨ। ਇਸ ਵਿਚ ਭੈਣਾਂ-ਭਰਾਵਾਂ ਦਾ ਹੀ ਫ਼ਾਇਦਾ ਹੁੰਦਾ ਹੈ। (1 ਪਤਰਸ 3:8, 9) ਕੀ ਤੁਸੀਂ ਬਜ਼ੁਰਗਾਂ ਵੱਲੋਂ ਮਿਲੀ ਸਲਾਹ ਨਰਮਾਈ ਤੇ ਸ਼ਾਂਤੀ ਨਾਲ ਕਬੂਲ ਕਰਦੇ ਹੋ?

19 ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਅਤੇ ਯਿਸੂ ਸੰਸਾਰ ਭਰ ਵਿਚ ਭੈਣਾਂ-ਭਰਾਵਾਂ ਦੀ ਦੇਖ-ਭਾਲ ਕਰ ਰਹੇ ਸਾਰੇ ਬਜ਼ੁਰਗਾਂ ਦੀ ਕਦਰ ਕਰਦੇ ਹਨ। ਯਹੋਵਾਹ ਅਤੇ ਉਸ ਦਾ ਪੁੱਤਰ ਹਜ਼ਾਰਾਂ ਸਹਾਇਕ ਸੇਵਕਾਂ ਨੂੰ ਵੀ ਪਿਆਰ ਕਰਦੇ ਹਨ ਜੋ “ਸੰਤਾਂ ਦੀ ਸੇਵਾ” ਕਰਨ ਵਿਚ ਬਜ਼ੁਰਗਾਂ ਦਾ ਸਾਥ ਦਿੰਦੇ ਹਨ। (ਇਬਰਾਨੀਆਂ 6:10) ਤਾਂ ਫਿਰ, ਜਿਨ੍ਹਾਂ ਭਰਾਵਾਂ ਨੇ ਬਪਤਿਸਮਾ ਲਿਆ ਹੈ, ਉਹ ਇਸ “ਚੰਗੇ ਕੰਮ” ਦੀ ਜ਼ਿੰਮੇਵਾਰੀ ਲੈਣ ਤੋਂ ਕਿਉਂ ਹਿਚਕਿਚਾਉਂਦੇ ਹਨ? (1 ਤਿਮੋਥਿਉਸ 3:1) ਯਹੋਵਾਹ ਬਜ਼ੁਰਗਾਂ ਨੂੰ ਕਿਵੇਂ ਸਿਖਲਾਈ ਦਿੰਦਾ ਹੈ? ਅਸੀਂ ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦਾ ਜਵਾਬ ਦੇਖਾਂਗੇ।

ਕੀ ਤੁਹਾਨੂੰ ਯਾਦ ਹੈ?

• ਬਜ਼ੁਰਗ ਕਲੀਸਿਯਾ ਲਈ ਆਪਣੇ ਪਿਆਰ ਦਾ ਸਬੂਤ ਕਿਵੇਂ ਦਿੰਦੇ ਹਨ?

• ਸਾਰੇ ਭੈਣ-ਭਰਾ ਕਲੀਸਿਯਾ ਦੀ ਖ਼ੁਸ਼ੀ ਅਤੇ ਸ਼ਾਂਤੀ ਕਿਵੇਂ ਵਧਾ ਸਕਦੇ ਹਨ?

• ਬਜ਼ੁਰਗ ਸਲਾਹ ਦੇਣ ਵੇਲੇ ਧੀਰਜ ਅਤੇ ਦਿਆਲਤਾ ਤੋਂ ਕਿਉਂ ਕੰਮ ਲੈਂਦੇ ਹਨ?

• ਬਜ਼ੁਰਗ ਨਿਹਚਾ ਅਤੇ ਭਲਾਈ ਦਾ ਕਿਵੇਂ ਸਬੂਤ ਦਿੰਦੇ ਹਨ?

[ਸਵਾਲ]

[ਸਫ਼ਾ 18 ਉੱਤੇ ਤਸਵੀਰ]

ਬਜ਼ੁਰਗਾਂ ਨੂੰ ਕਲੀਸਿਯਾ ਨਾਲ ਪਿਆਰ ਹੈ, ਇਸ ਲਈ ਉਹ ਇਸ ਦੀ ਸੇਵਾ ਕਰਦੇ ਹਨ

[ਸਫ਼ਾ 18 ਉੱਤੇ ਤਸਵੀਰਾਂ]

ਉਹ ਆਪਣੇ ਪਰਿਵਾਰਾਂ ਨਾਲ ਮਨੋਰੰਜਨ ਕਰਦੇ ਹਨ . . .

. . . ਅਤੇ ਪ੍ਰਚਾਰ ਕਰਦੇ ਹਨ

[ਸਫ਼ਾ 20 ਉੱਤੇ ਤਸਵੀਰ]

ਜਦ ਬਜ਼ੁਰਗ ਆਪਸ ਵਿਚ ਖੁੱਲ੍ਹ ਕੇ ਗੱਲਬਾਤ ਕਰਦੇ ਹਨ, ਤਾਂ ਕਲੀਸਿਯਾ ਦੀ ਖ਼ੁਸ਼ੀ ਤੇ ਸ਼ਾਂਤੀ ਵਧਦੀ ਹੈ