Skip to content

Skip to table of contents

ਬੱਚੇ ਦੇ ਦਿਲ ਨੂੰ ਛੂਹੋ

ਬੱਚੇ ਦੇ ਦਿਲ ਨੂੰ ਛੂਹੋ

ਬੱਚੇ ਦੇ ਦਿਲ ਨੂੰ ਛੂਹੋ

ਕੀ ਤੁਸੀਂ ਕਦੇ ਕਿਸੇ ਬੱਚੇ ਨੂੰ ਖਿਡੌਣਾ ਬੰਦੂਕ ਨਾਲ ਖੇਡਦੇ ਦੇਖ ਕੇ ਦੁਖੀ ਹੋਏ ਹੋ? ਅੱਜ-ਕੱਲ੍ਹ ਛੋਟੇ-ਛੋਟੇ ਬੱਚੇ ਵੀ ਹਿੰਸਕ ਖੇਡਾਂ ਖੇਡਦੇ ਹਨ ਕਿਉਂਕਿ ਟੈਲੀਵਿਯਨ ਤੇ ਫਿਲਮਾਂ ਵਿਚ ਬਹੁਤ ਹੀ ਮਾਰਧਾੜ ਦਿਖਾਈ ਜਾਂਦੀ ਹੈ। ਜੇ ਤੁਸੀਂ ਕਿਸੇ ਬੱਚੇ ਨੂੰ ਜੰਗੀ ਖਿਡੌਣੇ ਛੱਡ ਕੇ ਹੋਰਨਾਂ ਖਿਡੌਣਿਆਂ ਨਾਲ ਖੇਡਦੇ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰੋਗੇ? ਯਹੋਵਾਹ ਦੇ ਗਵਾਹਾਂ ਦੀ ਇਕ ਮਿਸ਼ਨਰੀ ਨੇ ਇਕ ਮੁੰਡੇ ਦੀ ਮਦਦ ਕਰਨ ਲਈ ਇਕ ਸੋਹਣਾ ਤਰੀਕਾ ਵਰਤਿਆ।

ਉਸ ਗਵਾਹ ਦਾ ਨਾਂ ਵਾਲਟਰਾਉਟ ਹੈ ਤੇ ਉਹ ਕਈ ਸਾਲਾਂ ਤੋਂ ਅਫ਼ਰੀਕਾ ਦੇ ਇਕ ਦੇਸ਼ ਵਿਚ ਮਿਸ਼ਨਰੀ ਸੇਵਾ ਕਰ ਰਹੀ ਹੈ। ਉਸ ਦੇਸ਼ ਵਿਚ ਜੰਗ ਕਾਰਨ ਉਸ ਨੂੰ ਦੂਜੇ ਦੇਸ਼ ਜਾ ਕੇ ਰਹਿਣਾ ਪਿਆ। ਉੱਥੇ ਉਸ ਨੇ ਇਕ ਤੀਵੀਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਜਿਸ ਦਾ ਪੰਜ ਸਾਲਾਂ ਦਾ ਮੁੰਡਾ ਸੀ। ਜਦ ਵੀ ਉਹ ਉਨ੍ਹਾਂ ਦੇ ਘਰ ਜਾਂਦੀ, ਤਾਂ ਉਹ ਉਸ ਮੁੰਡੇ ਨੂੰ ਪਲਾਸਟਿਕ ਦੀ ਇਕ ਬੰਦੂਕ ਨਾਲ ਖੇਡਦੇ ਦੇਖਦੀ। ਉਸ ਨਿਆਣੇ ਕੋਲ ਹੋਰ ਕੋਈ ਖਿਡੌਣਾ ਨਹੀਂ ਸੀ। ਉਹ ਕਦੇ ਕਿਸੇ ਵੱਲ ਨਿਸ਼ਾਨਾ ਨਹੀਂ ਲਾਉਂਦਾ ਸੀ, ਪਰ ਹਮੇਸ਼ਾ ਬੰਦੂਕ ਨੂੰ ਖੋਲ੍ਹਦਾ ਤੇ ਬੰਦ ਕਰਦਾ ਸੀ ਜਿਵੇਂ ਕਿਤੇ ਉਹ ਉਸ ਵਿਚ ਗੋਲੀਆਂ ਪਾ ਰਿਹਾ ਹੋਵੇ।

ਇਕ ਦਿਨ ਵਾਲਟਰਾਉਟ ਨੇ ਉਸ ਨੂੰ ਕਿਹਾ: “ਵਰਨਰ ਕੀ ਤੈਨੂੰ ਪਤਾ ਕਿ ਮੈਂ ਤੇਰੇ ਦੇਸ਼ ਵਿਚ ਕਿਉਂ ਰਹਿੰਦੀ ਹਾਂ? ਜਿੱਥੇ ਮੈਂ ਰਹਿੰਦੇ ਸੀ ਉੱਥੇ ਜੰਗ ਸ਼ੁਰੂ ਹੋ ਗਈ ਤੇ ਮੈਨੂੰ ਉੱਥੋਂ ਨੱਠਣਾ ਪਿਆ। ਬੁਰੇ ਲੋਕ ਤੇਰੀ ਬੰਦੂਕ ਵਰਗੀਆਂ ਬੰਦੂਕਾਂ ਨਾਲ ਇਕ-ਦੂਜੇ ਨੂੰ ਮਾਰ ਰਹੇ ਸਨ। ਤੇਰੇ ਖ਼ਿਆਲ ਵਿਚ ਕੀ ਗੋਲੀਆਂ ਚਲਾਉਣੀਆਂ ਠੀਕ ਹਨ?”

“ਨਹੀਂ, ਇਹ ਠੀਕ ਨਹੀਂ,” ਵਰਨਰ ਨੇ ਹੌਲੀ ਦੇਣੀ ਜਵਾਬ ਦਿੱਤਾ।

ਫਿਰ ਵਾਲਟਰਾਉਟ ਨੇ ਕਿਹਾ: “ਤੂੰ ਬਿਲਕੁਲ ਸਹੀ ਕਿਹਾ। ਤੈਨੂੰ ਪਤਾ ਕਿ ਮੈਂ ਹਰ ਹਫ਼ਤੇ ਤੇਰੀ ਮੰਮੀ ਨੂੰ ਕਿਉਂ ਮਿਲਣ ਆਉਂਦੀ ਹਾਂ? ਕਿਉਂਕਿ ਅਸੀਂ ਯਹੋਵਾਹ ਦੇ ਗਵਾਹ ਲੋਕਾਂ ਦੀ ਮਦਦ ਕਰਦੇ ਹਾਂ ਕਿ ਉਹ ਹੋਰਨਾਂ ਲੋਕਾਂ ਨਾਲ ਅਤੇ ਪਰਮੇਸ਼ੁਰ ਨਾਲ ਸੁਲ੍ਹਾ ਰੱਖਣ।” ਮੁੰਡੇ ਦੀ ਮੰਮੀ ਦੀ ਇਜਾਜ਼ਤ ਦੇ ਨਾਲ ਵਾਲਟਰਾਉਟ ਨੇ ਵਰਨਰ ਨੂੰ ਕਿਹਾ: “ਜੇ ਤੂੰ ਮੈਨੂੰ ਆਪਣੀ ਬੰਦੂਕ ਦੇ ਦੇਵੇ, ਤਾਂ ਮੈਂ ਇਸ ਨੂੰ ਸੁੱਟ ਦੇਵਾਂਗੀ ਅਤੇ ਬਦਲੇ ਵਿਚ ਖੇਡਣ ਲਈ ਤੈਨੂੰ ਚਾਰ ਪਹੀਆਂ ਵਾਲਾ ਇਕ ਟਰੱਕ ਦੇਵਾਂਗੀ।”

ਵਰਨਰ ਨੇ ਉਸ ਨੂੰ ਆਪਣੀ ਬੰਦੂਕ ਦੇ ਦਿੱਤੀ। ਚਾਰ ਹਫ਼ਤਿਆਂ ਦੀ ਉਡੀਕ ਤੋਂ ਬਾਅਦ ਉਸ ਦਾ ਨਵਾਂ ਖਿਡੌਣਾ ਆ ਗਿਆ। ਉਸ ਨੇ ਖ਼ੁਸ਼ੀ-ਖ਼ੁਸ਼ੀ ਲੱਕੜੀ ਦੇ ਟਰੱਕ ਨੂੰ ਸਵੀਕਾਰ ਕਰ ਲਿਆ।

ਕੀ ਤੁਸੀਂ ਆਪਣੇ ਬੱਚੇ ਦੇ ਦਿਲ ਨੰ ਛੋਹਣ ਲਈ ਉਸ ਨਾਲ ਗੱਲਾਂ ਕਰਦੇ ਹੋ ਤਾਂਕਿ ਉਹ ਬੰਦੂਕ ਵਰਗੇ ਆਪਣੇ ਖਿਡੌਣੇ ਸੁੱਟਣ ਲਈ ਤਿਆਰ ਹੋ ਜਾਣ? ਇਸ ਤਰ੍ਹਾਂ ਕਰ ਕੇ ਤੁਸੀਂ ਆਪਣੇ ਬੱਚਿਆਂ ਨੂੰ ਵਧੀਆ ਸਬਕ ਸਿਖਾਉਂਦੇ ਹੋ ਜਿਸ ਤੋਂ ਉਨ੍ਹਾਂ ਨੂੰ ਉਮਰ ਭਰ ਫ਼ਾਇਦਾ ਹੋਵੇਗਾ।