Skip to content

Skip to table of contents

ਮੈਂ ਦੁੱਖਾਂ ਦਾ ਅਸਲੀ ਕਾਰਨ ਜਾਣਿਆ

ਮੈਂ ਦੁੱਖਾਂ ਦਾ ਅਸਲੀ ਕਾਰਨ ਜਾਣਿਆ

ਜੀਵਨੀ

ਮੈਂ ਦੁੱਖਾਂ ਦਾ ਅਸਲੀ ਕਾਰਨ ਜਾਣਿਆ

ਹੈਰੀ ਪਲੋਅਨ ਦੀ ਜ਼ਬਾਨੀ

ਦੁਨੀਆਂ ਵਿਚ ਇੰਨੇ ਦੁੱਖ ਕਿਉਂ ਹਨ? ਇਹ ਸਵਾਲ ਮੈਨੂੰ ਛੋਟੀ ਉਮਰ ਤੋਂ ਹੀ ਪਰੇਸ਼ਾਨ ਕਰਦਾ ਰਿਹਾ। ਮੇਰਾ ਜਨਮ 1925 ਵਿਚ ਹੋਇਆ ਸੀ। ਮੇਰੇ ਮਾਂ-ਬਾਪ ਬੜੇ ਮਿਹਨਤੀ ਤੇ ਈਮਾਨਦਾਰ ਸਨ। ਮੇਰੇ ਮਾਤਾ ਜੀ ਨੂੰ ਧਰਮ ਵਿਚ ਥੋੜ੍ਹੀ ਜਿਹੀ ਦਿਲਚਸਪੀ ਸੀ, ਪਰ ਪਿਤਾ ਜੀ ਨੂੰ ਧਰਮ ਵਿਚ ਕੋਈ ਦਿਲਚਸਪੀ ਨਹੀਂ ਸੀ। ਇਸ ਕਰਕੇ ਉਹ ਦੋਵੇਂ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਸਕੇ।

ਦੂਜੇ ਵਿਸ਼ਵ ਯੁੱਧ ਦੌਰਾਨ ਮੈਂ ਅਮਰੀਕੀ ਜਲ-ਸੈਨਾ ਵਿਚ ਤਿੰਨ ਸਾਲ ਸੇਵਾ ਕੀਤੀ ਤੇ ਇਸ ਦੌਰਾਨ ਦੁਨੀਆਂ ਦੇ ਦੁੱਖਾਂ ਨੇ ਮੈਨੂੰ ਹੋਰ ਵੀ ਪਰੇਸ਼ਾਨ ਕੀਤਾ। ਯੁੱਧ ਤੋਂ ਬਾਅਦ ਸਾਡਾ ਜਹਾਜ਼ ਚੀਨ ਨੂੰ ਰਾਹਤ ਸਾਮੱਗਰੀ ਲੈ ਕੇ ਗਿਆ। ਉੱਥੇ ਮੈਂ ਤਕਰੀਬਨ ਇਕ ਸਾਲ ਗੁਜ਼ਾਰਿਆ ਤੇ ਵੱਡੇ ਪੈਮਾਨੇ ਤੇ ਲੋਕਾਂ ਦੀ ਤਕਲੀਫ਼ ਨੂੰ ਦੇਖਿਆ।

ਚੀਨੀ ਅਕਲਮੰਦ ਤੇ ਮਿਹਨਤੀ ਲੋਕ ਹਨ। ਪਰ ਦੂਜੀ ਜੰਗ ਵਿਚ ਹੋਏ ਕਤਲਾਮ ਅਤੇ ਗ਼ਰੀਬੀ ਕਾਰਨ ਜ਼ਿਆਦਾਤਰ ਲੋਕਾਂ ਦਾ ਬੁਰਾ ਹਾਲ ਸੀ। ਫਟੇ-ਪੁਰਾਣੇ ਕੱਪੜਿਆਂ ਵਿਚ ਲਿਪਟੇ ਅਤੇ ਹੱਡੀਆਂ ਦੀ ਮੁੱਠ ਬਣ ਚੁੱਕੇ ਨੰਨ੍ਹੇ-ਮੁੰਨੇ ਮਾਸੂਮ ਬੱਚਿਆਂ ਨੂੰ ਦੇਖ ਕੇ ਮੇਰਾ ਦਿਲ ਬਹੁਤ ਖ਼ਰਾਬ ਹੋਇਆ। ਜਦ ਵੀ ਅਸੀਂ ਜਹਾਜ਼ ਤੋਂ ਉਤਰਦੇ, ਤਾਂ ਉਹ ਸਾਡੇ ਸਾਮ੍ਹਣੇ ਹੱਥ ਅੱਡੀ ਖੜ੍ਹੇ ਹੁੰਦੇ ਸਨ।

ਇੰਨੇ ਸਾਰੇ ਦੁੱਖ ਕਿਉਂ?

ਮੈਂ ਅਮਰੀਕਾ ਦੇ ਅਮੀਰ ਕੈਲੇਫ਼ੋਰਨੀਆ ਰਾਜ ਦਾ ਜੰਮਪਲ ਸੀ ਤੇ ਪਹਿਲਾਂ ਕਦੇ ਅਜਿਹੇ ਹਾਲਾਤ ਨਹੀਂ ਦੇਖੇ ਸਨ। ਇਸ ਲਈ ਮੇਰੇ ਮਨ ਵਿਚ ਵਾਰ-ਵਾਰ ਇੱਕੋ ਸਵਾਲ ਉੱਠਦਾ ਸੀ ਕਿ ‘ਜੇਕਰ ਸਾਨੂੰ ਬਣਾਉਣ ਵਾਲਾ ਸਰਬਸ਼ਕਤੀਮਾਨ ਹੈ, ਤਾਂ ਉਹ ਇੰਨੇ ਸਾਰੇ ਲੋਕਾਂ ਨੂੰ, ਖ਼ਾਸਕਰ ਮਾਸੂਮ ਬੱਚਿਆਂ ਦੇ ਦੁੱਖਾਂ ਨੂੰ ਦੇਖ ਕੇ ਕੁਝ ਕਰਦਾ ਕਿਉਂ ਨਹੀਂ ਹੈ?’

ਮੈਂ ਇਹ ਵੀ ਸੋਚਦਾ ਰਹਿੰਦਾ ਸੀ ਕਿ ਜੇਕਰ ਪਰਮੇਸ਼ੁਰ ਹੈ, ਤਾਂ ਉਸ ਨੇ ਇੰਨੀ ਸਾਰੀ ਤਬਾਹੀ, ਖ਼ੂਨ-ਖ਼ਰਾਬੇ, ਮੌਤ ਤੇ ਦੁੱਖਾਂ ਨੂੰ ਰੋਕਿਆ ਕਿਉਂ ਨਹੀਂ। ਖ਼ਾਸ ਕਰਕੇ ਮੈਨੂੰ ਦੂਜਾ ਵਿਸ਼ਵ ਯੁੱਧ ਪਰੇਸ਼ਾਨ ਕਰਦਾ ਸੀ ਜਿਸ ਵਿਚ 5 ਕਰੋੜ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ ਇੱਕੋ ਧਰਮ ਦੇ ਲੋਕ ਆਪਣੇ ਪਾਦਰੀਆਂ ਦੀ ਗੱਲ ਵਿਚ ਆ ਕੇ ਇਕ-ਦੂਜੇ ਨੂੰ ਮਾਰਨ ਨੂੰ ਕਿਉਂ ਤਿਆਰ ਹੋ ਜਾਂਦੇ ਸਨ? ਸਿਰਫ਼ ਇਸ ਲਈ ਕਿ ਉਹ ਲੋਕ ਕਿਸੇ ਹੋਰ ਦੇਸ਼ ਦੇ ਸਨ?

ਦੂਰਬੀਨ

ਸੰਨ 1939 ਵਿਚ ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਵੇਲੇ ਮੈਂ ਅਜੇ ਸਕੂਲੇ ਪੜ੍ਹ ਰਿਹਾ ਸੀ। ਇੰਨੇ ਸਾਰੇ ਕਤਲਾਮ ਬਾਰੇ ਸੁਣ ਕੇ ਮੈਨੂੰ ਯਕੀਨ ਹੋ ਗਿਆ ਸੀ ਕਿ ਪਰਮੇਸ਼ੁਰ ਨਾਂ ਦੀ ਕੋਈ ਚੀਜ਼ ਨਹੀਂ। ਸਾਡੀ ਸਾਇੰਸ ਦੀ ਕਲਾਸ ਵਿਚ ਹਰ ਵਿਦਿਆਰਥੀ ਨੂੰ ਕੋਈ-ਨ-ਕੋਈ ਵਿਗਿਆਨਕ ਚੀਜ਼ ਬਣਾਉਣ ਲਈ ਕਿਹਾ ਗਿਆ। ਮੈਨੂੰ ਖਗੋਲ-ਵਿਗਿਆਨ ਵਿਚ ਬਹੁਤ ਦਿਲਚਸਪੀ ਸੀ ਤੇ ਮੈਂ ਅੱਠ ਇੰਚ ਚੌੜੇ ਸ਼ੀਸ਼ੇ ਵਾਲੀ ਰਿਫਲੈਕਟਿੰਗ ਟੈਲੀਸਕੋਪ ਬਣਾਉਣ ਲੱਗ ਪਿਆ।

ਟੈਲੀਸਕੋਪ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਕੱਚ ਦਾ ਅੱਠ ਇੰਚ ਚੌੜਾ ਤੇ ਇਕ ਇੰਚ ਮੋਟਾ ਟੁਕੜਾ ਖ਼ਰੀਦ ਕੇ ਉਸ ਨੂੰ ਗੋਲ ਆਕਾਰ ਵਿਚ ਕਟਵਾ ਲਿਆ। ਫਿਰ ਮੈਂ ਉਸ ਨੂੰ ਰਗੜ-ਰਗੜ ਕੇ ਕਾਨਕੇਵ ਸ਼ੀਸ਼ਾ ਬਣਾ ਦਿੱਤਾ। ਇਸ ਨੂੰ ਬਣਾਉਣ ਵਿਚ ਮੈਨੂੰ ਛੇ ਮਹੀਨੇ ਲੱਗੇ ਤੇ ਇਸ ਨੇ ਮੇਰਾ ਤਕਰੀਬਨ ਸਾਰਾ ਵਿਹਲਾ ਸਮਾਂ ਲੈ ਲਿਆ। ਜਦ ਸ਼ੀਸ਼ਾ ਤਿਆਰ ਹੋ ਗਿਆ, ਤਾਂ ਮੈਂ ਉਸ ਨੂੰ ਲੋਹੇ ਦੇ ਇਕ ਲੰਮੇ ਪਾਈਪ ਵਿਚ ਫਿੱਟ ਕਰ ਕੇ ਉਸ ਤੇ ਕਈ ਲੈੱਨਜ਼ ਲਾ ਦਿੱਤੇ।

ਮੇਰੀ ਟੈਲੀਸਕੋਪ ਤਿਆਰ ਸੀ। ਫਿਰ ਇਕ ਰਾਤ ਮੈਂ ਤਾਰਿਆਂ ਨਾਲ ਭਰੇ ਆਕਾਸ਼ ਤੇ ਆਪਣੀ ਟੈਲੀਸਕੋਪ ਨੂੰ ਫੋਕਸ ਕੀਤਾ। ਸੂਰਜੀ ਪਰਿਵਾਰ ਵਿਚ ਇੰਨੇ ਤਾਰੇ ਅਤੇ ਪਿੰਡ ਦੇਖ ਮੈਂ ਹੈਰਾਨ ਰਹਿ ਗਿਆ। ਮੈਨੂੰ ਇਹ ਦੇਖ ਕੇ ਵੀ ਹੈਰਾਨੀ ਹੋਈ ਕਿ ਉਹ ਸਾਰੇ ਆਪੋ-ਆਪਣੀ ਥਾਂ ਤੇ ਟਿਕੇ ਹੋਏ ਸਨ। ਪਰ ਫਿਰ ਜਦ ਮੈਨੂੰ ਪਤਾ ਲੱਗਾ ਕਿ ਕਿੰਨੇ ਸਾਰੇ ਤਾਰੇ ਤਾਰੇ ਨਹੀਂ ਸਨ, ਸਗੋਂ ਆਕਾਸ਼-ਗੰਗਾ ਵਰਗੀਆਂ ਗਲੈਕਸੀਆਂ ਸਨ ਜਿਨ੍ਹਾਂ ਵਿਚ ਖਰਬਾਂ-ਅਰਬਾਂ ਤਾਰੇ ਸਨ, ਤਾਂ ਮੈਂ ਤਾਂ ਹੋਰ ਵੀ ਦੰਗ ਰਹਿ ਗਿਆ।

ਮੈਂ ਤਾਂ ਯਕੀਨ ਕਰ ਚੁੱਕਾ ਸੀ ਕਿ ਪਰਮੇਸ਼ੁਰ ਹੈ ਹੀ ਨਹੀਂ। ਪਰ ਆਕਾਸ਼ ਵੱਲ ਦੇਖ ਕੇ ਮੈਂ ਸੋਚਾਂ ਵਿਚ ਪੈ ਗਿਆ ਕਿ ‘ਇਹ ਸਭ ਕੁਝ ਆਪੇ ਤਾਂ ਨਹੀਂ ਬਣ ਸਕਦਾ। ਇਹ ਬ੍ਰਹਿਮੰਡ ਇੰਨੇ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਨੂੰ ਜ਼ਰੂਰ ਕਿਸੇ ਹੁਸ਼ਿਆਰ ਤੇ ਅਕਲਮੰਦ ਸ਼ਖ਼ਸ ਨੇ ਬਣਾਇਆ ਹੈ। ਕੀ ਇਹ ਅਕਲਮੰਦ ਸ਼ਖ਼ਸ ਪਰਮੇਸ਼ੁਰ ਤਾਂ ਨਹੀਂ?’ ਇਸ ਤਜਰਬੇ ਕਾਰਨ ਮੈਂ ਕੁਝ ਹੱਦ ਤਕ ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਲੱਗ ਪਿਆ।

ਫਿਰ ਮੈਂ ਆਪਣੇ ਆਪ ਨੂੰ ਪੁੱਛਿਆ: ‘ਜੇ ਇਸ ਹੈਰਾਨਕੁਨ ਵਿਸ਼ਵ-ਮੰਡਲ ਨੂੰ ਰਚਣ ਵਾਲਾ ਸੱਚ-ਮੁੱਚ ਕੋਈ ਤਾਕਤਵਰ ਤੇ ਬੁੱਧੀਮਾਨ ਪਰਮੇਸ਼ੁਰ ਹੈ, ਤਾਂ ਕੀ ਉਹ ਇਨ੍ਹਾਂ ਦੁਖਦਾਈ ਹਾਲਾਤਾਂ ਨੂੰ ਸੁਧਾਰ ਨਹੀਂ ਸਕਦਾ? ਅਜਿਹੇ ਹਾਲਾਤ ਪੈਦਾ ਹੀ ਕਿਉਂ ਹੋਏ ਸਨ?’ ਜਦ ਮੈਂ ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਇਹ ਸਵਾਲ ਪੁੱਛਦਾ, ਤਾਂ ਕਿਸੇ ਨੇ ਮੈਨੂੰ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ।

ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਅਤੇ ਕਈ ਸਾਲ ਕਾਲਜ ਜਾਣ ਤੋਂ ਬਾਅਦ ਮੈਂ ਅਮਰੀਕੀ ਜਲ-ਸੈਨਾ ਵਿਚ ਭਰਤੀ ਹੋ ਗਿਆ। ਜਲ-ਸੈਨਾ ਦੇ ਪਾਦਰੀ ਵੀ ਮੇਰੇ ਸਵਾਲਾਂ ਦਾ ਜਵਾਬ ਨਹੀਂ ਦੇ ਸਕੇ। ਕਈ ਅਕਸਰ ਕਹਿੰਦੇ ਸਨ: “ਰੱਬ ਦੀ ਕਰਨੀ ਨੂੰ ਕੋਈ ਨਹੀਂ ਸਮਝ ਸਕਦਾ।”

ਤਲਾਸ਼ ਜਾਰੀ ਰੱਖੀ

ਚੀਨ ਛੱਡਣ ਤੋਂ ਬਾਅਦ ਵੀ ਮੇਰੇ ਮਨ ਵਿਚ ਦੁਨੀਆਂ ਦੇ ਦੁੱਖਾਂ ਬਾਰੇ ਪ੍ਰਸ਼ਨ ਰਹੇ। ਘਰ ਮੁੜਦੇ ਵਕਤ ਸਾਡਾ ਜਹਾਜ਼ ਕਈ ਟਾਪੂਆਂ ਤੇ ਰੁਕਿਆ। ਥਾਂ-ਥਾਂ ਫ਼ੌਜੀਆਂ ਦੀਆਂ ਕਬਰਾਂ ਦੇਖ ਕੇ ਮੇਰਾ ਮਨ ਬੇਹੱਦ ਪਰੇਸ਼ਾਨ ਹੋਇਆ। ਇਹ ਤਕਰੀਬਨ ਸਾਰੀਆਂ ਕਬਰਾਂ ਉਨ੍ਹਾਂ ਜਵਾਨਾਂ ਦੀਆਂ ਸਨ ਜੋ ਆਪਣੀ ਜਵਾਨੀ ਭੋਗੇ ਬਿਨਾਂ ਹੀ ਇਸ ਦੁਨੀਆਂ ਤੋਂ ਤੁਰ ਗਏ। ਪਰਮੇਸ਼ੁਰ ਨੇ ਇਹ ਸਭ ਕੁਝ ਕਿਉਂ ਹੋਣ ਦਿੱਤਾ?

ਅਮਰੀਕਾ ਵਾਪਸ ਪਹੁੰਚ ਕੇ ਜਲ-ਸੈਨਾ ਤੋਂ ਮੈਂ ਮੁਕਤ ਹੋਇਆ। ਫਿਰ ਮੈਂ ਅਮਰੀਕਾ ਦੇ ਪੂਰਬੀ ਪਾਸੇ ਕੇਮਬ੍ਰਿਜ, ਮੈਸੇਚਿਉਸੇਟਸ ਵਿਚ ਹਾਰਵਰਡ ਯੂਨੀਵਰਸਿਟੀ ਵਿਚ ਦਾਖ਼ਲਾ ਲਿਆ। ਉੱਥੇ ਮੈਂ ਬੀ.ਏ. ਦਾ ਬਾਕੀ ਰਹਿੰਦਾ ਇਕ ਸਾਲ ਪੂਰਾ ਕਰ ਕੇ ਡਿਗਰੀ ਲੈ ਲਈ। ਪਰ ਪੜ੍ਹਾਈ ਤੋਂ ਬਾਅਦ ਮੈਂ ਕੈਲੇਫ਼ੋਰਨੀਆ ਵਾਪਸ ਨਹੀਂ ਗਿਆ। ਮੈਂ ਨਿਊਯਾਰਕ ਸਿਟੀ ਜਾਣ ਬਾਰੇ ਸੋਚਿਆ ਜਿੱਥੇ ਕਈ ਈਸਾਈ ਫ਼ਿਰਕੇ ਸਨ। ਮੈਂ ਵੱਖ-ਵੱਖ ਗਿਰਜਿਆਂ ਦੀਆਂ ਸਿੱਖਿਆਵਾਂ ਦੀ ਜਾਂਚ ਕਰਨੀ ਚਾਹੁੰਦਾ ਸੀ।

ਨਿਊਯਾਰਕ ਵਿਚ ਮੈਂ ਆਪਣੇ ਮਾਸੀ ਜੀ ਇਜ਼ਾਬੈਲ ਕੈਪਿਜਨ ਅਤੇ ਉਨ੍ਹਾਂ ਦੀਆਂ ਦੋ ਧੀਆਂ ਰੋਜ਼ ਤੇ ਰੂਥ ਦੇ ਘਰ ਰਿਹਾ। ਉਹ ਤਿੰਨੇ ਯਹੋਵਾਹ ਦੀਆਂ ਗਵਾਹਾਂ ਸਨ। ਮੈਨੂੰ ਉਨ੍ਹਾਂ ਦੇ ਧਰਮ ਵਿਚ ਕੋਈ ਦਿਲਚਸਪੀ ਨਹੀਂ ਸੀ। ਮੈਂ ਈਸਾਈ ਫ਼ਿਰਕਿਆਂ ਦੇ ਗਿਰਜਿਆਂ ਵਿਚ ਜਾ ਕੇ ਲੋਕਾਂ ਨਾਲ ਗੱਲਾਂ-ਬਾਤਾਂ ਕਰਨ ਲੱਗਾ ਤੇ ਉਨ੍ਹਾਂ ਦੀਆਂ ਕਿਤਾਬਾਂ ਪੜ੍ਹਨ ਲੱਗਾ। ਮੈਂ ਥਾਂ-ਥਾਂ ਆਪਣੇ ਸਵਾਲਾਂ ਦੇ ਜਵਾਬ ਲੱਭਦਾ ਫਿਰਦਾ ਰਿਹਾ, ਪਰ ਮੈਨੂੰ ਕੋਈ ਜਵਾਬ ਨਾ ਮਿਲਿਆ। ਮੈਂ ਫਿਰ ਤੋਂ ਸੋਚਣ ਲੱਗਾ ਕਿ ਆਖ਼ਰਕਾਰ ਪਰਮੇਸ਼ੁਰ ਹੈ ਹੀ ਨਹੀਂ।

ਮੈਨੂੰ ਆਪਣੇ ਸਵਾਲ ਦਾ ਜਵਾਬ ਮਿਲਿਆ

ਫਿਰ ਮੈਂ ਆਪਣੇ ਮਾਸੀ ਜੀ ਤੇ ਉਨ੍ਹਾਂ ਦੀਆਂ ਬੇਟੀਆਂ ਤੋਂ ਕੁਝ ਰਸਾਲੇ-ਕਿਤਾਬਾਂ ਲੈ ਕੇ ਪੜ੍ਹਨੇ ਸ਼ੁਰੂ ਕੀਤੇ ਤਾਂਕਿ ਮੈਂ ਯਹੋਵਾਹ ਦੇ ਗਵਾਹਾਂ ਦੀਆਂ ਸਿੱਖਿਆਵਾਂ ਜਾਣ ਸਕਾਂ। ਮੈਨੂੰ ਇਹ ਸਮਝਣ ਨੂੰ ਬਹੁਤੀ ਦੇਰ ਨਹੀਂ ਲੱਗੀ ਕਿ ਉਨ੍ਹਾਂ ਦੀਆਂ ਸਿੱਖਿਆਵਾਂ ਬਾਕੀ ਦੇ ਧਰਮਾਂ ਦੀਆਂ ਸਿੱਖਿਆਵਾਂ ਤੋਂ ਵੱਖਰੀਆਂ ਸਨ। ਇਨ੍ਹਾਂ ਰਸਾਲੇ-ਕਿਤਾਬਾਂ ਵਿਚ ਹਰ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਦਿੱਤਾ ਗਿਆ ਸੀ। ਆਖ਼ਰਕਾਰ ਮੈਂ ਸਮਝ ਗਿਆ ਕਿ ਪਰਮੇਸ਼ੁਰ ਦੁਨੀਆਂ ਤੇ ਦੁੱਖ ਕਿਉਂ ਆਉਣ ਦਿੰਦਾ ਹੈ।

ਇਸ ਤੋਂ ਇਲਾਵਾ ਮੈਂ ਦੇਖਿਆ ਕਿ ਯਹੋਵਾਹ ਦੇ ਗਵਾਹ ਬਾਈਬਲ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਹੀ ਨਹੀਂ ਕਰਦੇ ਸਨ, ਪਰ ਉਸ ਤੇ ਅਮਲ ਵੀ ਕਰਦੇ ਸਨ। ਮਿਸਾਲ ਲਈ, ਮੈਂ ਮਾਸੀ ਜੀ ਨੂੰ ਪੁੱਛਿਆ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨੀ ਵਿਚ ਰਹਿਣ ਵਾਲੇ ਯਹੋਵਾਹ ਦੇ ਨੌਜਵਾਨ ਗਵਾਹਾਂ ਨੇ ਕੀ ਕੀਤਾ ਸੀ। ਕੀ ਉਹ ਮਿਲਟਰੀ ਵਿਚ ਭਰਤੀ ਹੋਏ ਸਨ? ਕੀ ਉਨ੍ਹਾਂ ਨੇ “ਹਾਈਲ ਹਿਟਲਰ” ਕਿਹਾ ਸੀ ਤੇ ਸਵਾਸਤਿਕ ਝੰਡੇ ਨੂੰ ਸਲੂਟ ਮਾਰਿਆ ਸੀ? ਮੇਰੇ ਮਾਸੀ ਜੀ ਨੇ ਸਮਝਾਇਆ ਕਿ ਉਨ੍ਹਾਂ ਜਵਾਨਾਂ ਨੇ ਅਜਿਹਾ ਕੁਝ ਨਹੀਂ ਕੀਤਾ ਸੀ। ਜੰਗ ਵਿਚ ਹਿੱਸਾ ਲੈਣ ਤੋਂ ਇਨਕਾਰ ਕਰਨ ਦੇ ਕਾਰਨ ਉਨ੍ਹਾਂ ਨੂੰ ਤਸ਼ੱਦਦ ਕੈਂਪਾਂ ਵਿਚ ਸੁੱਟਿਆ ਗਿਆ ਤੇ ਕਈਆਂ ਨੂੰ ਉੱਥੇ ਆਪਣੀ ਜਾਨ ਤੋਂ ਹੱਥ ਧੋਣੇ ਪਏ। ਦੁਨੀਆਂ ਦੇ ਬਾਕੀ ਹਿੱਸਿਆਂ ਵਿਚ ਵੀ ਯਹੋਵਾਹ ਦੇ ਗਵਾਹਾਂ ਨੇ ਯੁੱਧ ਵਿਚ ਹਿੱਸਾ ਨਹੀਂ ਲਿਆ ਸੀ। ਲੋਕਰਾਜੀ ਦੇਸ਼ਾਂ ਵਿਚ ਵੀ ਯਹੋਵਾਹ ਦੇ ਨੌਜਵਾਨ ਗਵਾਹਾਂ ਨੂੰ ਫ਼ੌਜੀ ਸੇਵਾ ਤੋਂ ਇਨਕਾਰ ਕਰਨ ਕਰਕੇ ਜੇਲ੍ਹਾਂ ਵਿਚ ਸੁੱਟਿਆ ਗਿਆ ਸੀ।

ਫਿਰ ਮੇਰੇ ਮਾਸੀ ਜੀ ਨੇ ਮੈਨੂੰ ਬਾਈਬਲ ਖੋਲ੍ਹ ਕੇ ਯੂਹੰਨਾ 13:35 ਪੜ੍ਹਨ ਨੂੰ ਕਿਹਾ, ਜਿੱਥੇ ਲਿਖਿਆ ਹੈ: “ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” ਯਿਸੂ ਮਸੀਹ ਦੇ ਸੱਚੇ ਚੇਲਿਆਂ ਦੀ ਨਿਸ਼ਾਨੀ ਉਨ੍ਹਾਂ ਦਾ ਆਪਸੀ ਪਿਆਰ ਹੈ। ਉਹ ਨਾ ਕਦੇ ਜੰਗ ਵਿਚ ਜਾਣਗੇ ਤੇ ਨਾ ਹੀ ਕਿਸੇ ਹੋਰ ਦੇਸ਼ ਦੇ ਆਪਣੇ ਮਸੀਹੀ ਭਾਈ ਨੂੰ ਮਾਰਨਗੇ। ਮਾਸੀ ਜੀ ਨੇ ਫਿਰ ਪੁੱਛਿਆ: “ਕੀ ਤੂੰ ਸੋਚ ਸਕਦਾਂ ਕਿ ਯਿਸੂ ਤੇ ਉਸ ਦੇ ਚੇਲੇ ਰੋਮ ਦੀਆਂ ਜੰਗਾਂ ਵਿਚ ਲੜੇ ਹੋਣਗੇ ਤੇ ਉਨ੍ਹਾਂ ਨੇ ਇਕ-ਦੂਜੇ ਨੂੰ ਜਾਨੋਂ ਮਾਰਿਆ ਹੋਵੇਗਾ?”

ਮਾਸੀ ਜੀ ਨੇ ਮੈਨੂੰ 1 ਯੂਹੰਨਾ 3:10-12 ਵੀ ਪੜ੍ਹਾਇਆ। ਉੱਥੇ ਲਿਖਿਆ ਹੈ: ‘ਇਸ ਤੋਂ ਪਰਮੇਸ਼ੁਰ ਦੇ ਬਾਲਕ ਅਤੇ ਸ਼ਤਾਨ ਦੇ ਬਾਲਕ ਪਰਗਟ ਹੁੰਦੇ ਹਨ। ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਪਰਮੇਸ਼ੁਰ ਤੋਂ ਨਹੀਂ ਅਤੇ ਨਾ ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਨਹੀਂ ਰੱਖਦਾ ਹੈ। ਸਾਨੂੰ ਇੱਕ ਦੂਏ ਨਾਲ ਪ੍ਰੇਮ ਰੱਖਣਾ ਚਾਹੀਦਾ, ਤਿਵੇਂ ਨਹੀਂ ਜਿਵੇਂ ਕਇਨ ਓਸ ਦੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ।’

ਬਾਈਬਲ ਦੀ ਸਿੱਖਿਆ ਬਿਲਕੁਲ ਸਾਫ਼ ਹੈ: ਯਿਸੂ ਦੇ ਸੱਚੇ ਚੇਲੇ ਇਕ-ਦੂਜੇ ਨਾਲ ਪਿਆਰ ਕਰਦੇ ਹਨ, ਭਾਵੇਂ ਉਹ ਕਿਸੇ ਵੀ ਦੇਸ਼ ਦੇ ਕਿਉਂ ਨਾ ਹੋਣ। ਇਸ ਲਈ ਉਹ ਕਦੇ ਵੀ ਆਪਣੇ ਮਸੀਹੀ ਭੈਣ-ਭਾਈਆਂ ਨੂੰ ਜਾਂ ਕਿਸੇ ਹੋਰ ਨੂੰ ਨਹੀਂ ਮਾਰਨਗੇ। ਇਸੇ ਕਰਕੇ ਯਿਸੂ ਆਪਣੇ ਚੇਲਿਆਂ ਬਾਰੇ ਕਹਿ ਸਕਿਆ ਸੀ: “ਓਹ ਜਗਤ ਦੇ ਨਹੀਂ ਹਨ ਜਿਵੇਂ ਮੈਂ ਜਗਤ ਦਾ ਨਹੀਂ ਹਾਂ।”—ਯੂਹੰਨਾ 17:16.

ਪਰਮੇਸ਼ੁਰ ਨੇ ਦੁੱਖਾਂ ਨੂੰ ਕਿਉਂ ਰਹਿਣ ਦਿੱਤਾ

ਹੁਣ ਮੈਂ ਬਾਈਬਲ ਦੀ ਗੱਲ ਸਮਝ ਗਿਆ ਸੀ ਕਿ ਪਰਮੇਸ਼ੁਰ ਨੇ ਦੁਨੀਆਂ ਵਿਚ ਦੁੱਖ ਕਿਉਂ ਰਹਿਣ ਦਿੱਤੇ ਹਨ। ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਜਦ ਪਰਮੇਸ਼ੁਰ ਨੇ ਸਾਡੇ ਪਹਿਲੇ ਮਾਂ-ਬਾਪ ਆਦਮ ਤੇ ਹੱਵਾਹ ਨੂੰ ਬਣਾਇਆ ਸੀ, ਤਾਂ ਉਸ ਨੇ ਉਨ੍ਹਾਂ ਨੂੰ ਇਕ ਸੁੰਦਰ ਬਾਗ਼ ਵਿਚ ਖ਼ੁਸ਼ੀਆਂ-ਭਰੀ ਜ਼ਿੰਦਗੀ ਦਿੱਤੀ ਸੀ। (ਉਤਪਤ 1:26; 2:15) ਉਨ੍ਹਾਂ ਕੋਲ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਸੀ। ਇਹ ਆਜ਼ਾਦੀ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਸੀ ਜਿਸ ਨੂੰ ਉਨ੍ਹਾਂ ਨੇ ਸਾਵਧਾਨੀ ਨਾਲ ਵਰਤਣਾ ਸੀ। ਜੇ ਉਹ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਚੱਲਦੇ, ਤਾਂ ਉਨ੍ਹਾਂ ਤੇ ਅਤੇ ਉਨ੍ਹਾਂ ਦੀ ਸੰਤਾਨ ਤੇ ਕਦੇ ਦੁੱਖ ਨਾ ਆਉਂਦੇ। ਉਨ੍ਹਾਂ ਨੇ ਪੂਰੀ ਧਰਤੀ ਨੂੰ ਬਾਗ਼ ਬਣਾ ਦੇਣਾ ਸੀ।—ਉਤਪਤ 1:28.

ਪਰ ਜੇ ਆਦਮ ਤੇ ਹੱਵਾਹ ਨੇ ਆਪਣੀ ਆਜ਼ਾਦੀ ਨੂੰ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਨਹੀਂ ਵਰਤਿਆ, ਤਾਂ ਉਹ ਆਪਣੀ ਖ਼ੁਸ਼ੀਆਂ-ਭਰੀ ਜ਼ਿੰਦਗੀ ਗੁਆ ਬੈਠਦੇ। (ਉਤਪਤ 2:16, 17) ਦੁੱਖ ਦੀ ਗੱਲ ਹੈ ਕਿ ਸਾਡੇ ਪਹਿਲੇ ਮਾਂ-ਬਾਪ ਨੇ ਪਰਮੇਸ਼ੁਰ ਨੂੰ ਛੱਡ ਕੇ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਣ ਦਾ ਫ਼ੈਸਲਾ ਕੀਤਾ। ਇਹ ਕੰਮ ਉਨ੍ਹਾਂ ਨੇ ਇਕ ਫ਼ਰਿਸ਼ਤੇ ਦੀ ਚੁੱਕ ਵਿਚ ਆ ਕੇ ਕੀਤਾ ਜੋ ਖ਼ੁਦ ਪਰਮੇਸ਼ੁਰ ਤੋਂ ਆਜ਼ਾਦੀ ਚਾਹੁੰਦਾ ਸੀ। ਬਾਈਬਲ ਵਿਚ ਇਸ ਫ਼ਰਿਸ਼ਤੇ ਨੂੰ ਸ਼ਤਾਨ ਕਿਹਾ ਗਿਆ ਹੈ। ਉਹ ਚਾਹੁੰਦਾ ਸੀ ਕਿ ਲੋਕ ਪਰਮੇਸ਼ੁਰ ਦੀ ਬਜਾਇ ਉਸ ਦੀ ਭਗਤੀ ਕਰਨ।—ਉਤਪਤ 3:1-19; ਪਰਕਾਸ਼ ਦੀ ਪੋਥੀ 4:11.

ਪਰਮੇਸ਼ੁਰ ਖ਼ਿਲਾਫ਼ ਜਾ ਕੇ ਸ਼ਤਾਨ ‘ਇਸ ਜੁੱਗ ਦਾ ਈਸ਼ੁਰ’ ਬਣਿਆ। (2 ਕੁਰਿੰਥੀਆਂ 4:4) ਬਾਈਬਲ ਵਿਚ ਦੱਸਿਆ ਗਿਆ ਹੈ ਕਿ “ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਯਿਸੂ ਨੇ ਸ਼ਤਾਨ ਨੂੰ ਇਸ “ਜਗਤ ਦਾ ਸਰਦਾਰ” ਕਿਹਾ ਸੀ। (ਯੂਹੰਨਾ 14:30) ਸ਼ਤਾਨ ਅਤੇ ਸਾਡੇ ਪਹਿਲੇ ਮਾਂ-ਬਾਪ ਨੇ ਪਰਮੇਸ਼ੁਰ ਦੀ ਗੱਲ ਨਹੀਂ ਸੁਣੀ ਜਿਸ ਕਰਕੇ ਦੁੱਖ-ਦਰਦ, ਬੀਮਾਰੀਆਂ, ਬੁਢਾਪਾ ਤੇ ਮੌਤ ਇਨਸਾਨ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ।—ਰੋਮੀਆਂ 5:12.

“ਮਨੁੱਖ ਦੇ ਵੱਸ ਨਹੀਂ”

ਪਰਮੇਸ਼ੁਰ ਨੇ ਲੋਕਾਂ ਦੀ ਭਲਾਈ ਸੋਚੀ ਸੀ, ਪਰ ਉਸ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਸਾਡੇ ਪਹਿਲੇ ਮਾਂ-ਬਾਪ ਨੇ ਉਸ ਤੋਂ ਆਜ਼ਾਦੀ ਚਾਹੀ। ਪਰਮੇਸ਼ੁਰ ਜਾਣਦਾ ਸੀ ਕਿ ਉਸ ਤੋਂ ਆਜ਼ਾਦ ਹੋਣ ਦੇ ਦੁਖਦਾਈ ਨਤੀਜੇ ਨਿਕਲਣਗੇ। ਇਹ ਦਿਖਾਉਣ ਲਈ ਉਸ ਨੇ ਇਨਸਾਨਾਂ ਨੂੰ ਕਈ ਹਜ਼ਾਰ ਸਾਲਾਂ ਤਕ ਆਪਣੀ ਮਨ-ਮਰਜ਼ੀ ਕਰਨ ਦਿੱਤੀ। ਉਸ ਸਮੇਂ ਤੋਂ ਹੀ ਇਨਸਾਨਾਂ ਨੇ ਬਾਈਬਲ ਦੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਦੇਖੀ ਹੈ: “ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। ਹੇ ਯਹੋਵਾਹ, ਮੇਰਾ ਸੁਧਾਰ ਕਰ।”—ਯਿਰਮਿਯਾਹ 10:23, 24.

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪਰਮੇਸ਼ੁਰ ਅਤੇ ਉਸ ਦੇ ਹੁਕਮਾਂ ਤੋਂ ਆਜ਼ਾਦ ਹੋ ਕੇ ਇਨਸਾਨ ਕਾਮਯਾਬ ਨਹੀਂ ਹੋਏ ਹਨ। ਇਸ ਲਈ ਪਰਮੇਸ਼ੁਰ ਲੋਕਾਂ ਨੂੰ ਹਮੇਸ਼ਾ ਲਈ ਆਪਣੀ ਮਨ-ਮਰਜ਼ੀ ਨਹੀਂ ਕਰਨ ਦੇਵੇਗਾ।

ਸੁਨਹਿਰਾ ਭਵਿੱਖ

ਬਾਈਬਲ ਦੀਆਂ ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਜਲਦੀ ਹੀ ਇਸ ਦੁਨੀਆਂ ਦੇ ਦੁੱਖ-ਦਰਦਾਂ ਨੂੰ ਖ਼ਤਮ ਕਰ ਦੇਵੇਗਾ। ਜ਼ਬੂਰ 37:10, 11 ਵਿਚ ਸਾਨੂੰ ਦੱਸਿਆ ਗਿਆ ਹੈ ਕਿ “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, . . . ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”

ਦਾਨੀਏਲ 2:44 ਵਿਚ ਲਿਖੀ ਭਵਿੱਖਬਾਣੀ ਕਹਿੰਦੀ ਹੈ: “ਉਨ੍ਹਾਂ ਰਾਜਿਆਂ [ਅੱਜ ਰਾਜ ਕਰ ਰਹੀਆਂ ਸਾਰੀਆਂ ਸਰਕਾਰਾਂ] ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੀਕ ਨੇਸਤ ਨਾ ਹੋਵੇਗਾ ਅਤੇ ਉਹ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ ਕਰੇਗਾ ਪਰ ਆਪ ਸਦਾ ਤਾਈਂ ਖੜਾ ਰਹੇਗਾ।” ਪਰਮੇਸ਼ੁਰ ਫਿਰ ਕਦੇ ਵੀ ਲੋਕਾਂ ਨੂੰ ਹਕੂਮਤ ਨਹੀਂ ਕਰਨ ਦੇਵੇਗਾ। ਪੂਰੀ ਧਰਤੀ ਉੱਤੇ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦਾ ਰਾਜ ਹੋਵੇਗਾ ਅਤੇ ਉਸ ਦੀ ਹਕੂਮਤ ਅਧੀਨ ਧਰਤੀ ਸੋਹਣਾ ਬਾਗ਼ ਬਣ ਜਾਵੇਗੀ ਤੇ ਸਾਰੇ ਇਨਸਾਨ ਹਮੇਸ਼ਾ ਵਾਸਤੇ ਸੁਖ-ਚੈਨ ਵਿਚ ਰਹਿਣਗੇ। ਬਾਈਬਲ ਦੀ ਇਕ ਹੋਰ ਭਵਿੱਖਬਾਣੀ ਕਹਿੰਦੀ ਹੈ ਕਿ ਪਰਮੇਸ਼ੁਰ “ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁੱਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:4) ਪਰਮੇਸ਼ੁਰ ਨੇ ਸੱਚ-ਮੁੱਚ ਸਾਡੇ ਅੱਗੇ ਇਕ ਸੁਨਹਿਰਾ ਭਵਿੱਖ ਰੱਖਿਆ ਹੈ!

ਜ਼ਿੰਦਗੀ ਵਿਚ ਨਵਾਂ ਮੋੜ

ਆਪਣੇ ਸਵਾਲਾਂ ਦੇ ਜਵਾਬ ਪਾਉਣ ਨਾਲ ਮੇਰੀ ਜ਼ਿੰਦਗੀ ਹੀ ਬਦਲ ਗਈ। ਉਸ ਸਮੇਂ ਤੋਂ ਹੀ ਮੈਂ ਪਰਮੇਸ਼ੁਰ ਦੀ ਭਗਤੀ ਕਰਨ ਅਤੇ ਹੋਰਨਾਂ ਲੋਕਾਂ ਦੀ ਮਦਦ ਕਰਨ ਦਾ ਮਨ ਬਣਾਇਆ ਜੋ ਮੇਰੇ ਵਾਂਗ ਜਵਾਬ ਲੱਭਦੇ ਫਿਰਦੇ ਸਨ। ਮੈਂ 1 ਯੂਹੰਨਾ 2:17 ਵਿਚ ਦੱਸੀ ਗੱਲ ਦੀ ਗੰਭੀਰਤਾ ਨੂੰ ਚੰਗੀ ਤਰ੍ਹਾਂ ਸਮਝ ਗਿਆ ਸੀ ਕਿ ਸ਼ਤਾਨ ਦੇ ਵੱਸ ਵਿਚ ਪਿਆ “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” ਮੈਂ ਪਰਮੇਸ਼ੁਰ ਦੇ ਰਾਜ ਅਧੀਨ ਉਸ ਦੀ ਨਵੀਂ ਦੁਨੀਆਂ ਵਿਚ ਰਹਿਣਾ ਚਾਹੁੰਦਾ ਸੀ। ਮੈਂ ਨਿਊਯਾਰਕ ਵਿਚ ਹੀ ਰਹਿ ਕੇ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਨਾਲ ਮਿਲਣ-ਗਿਲਣ ਲੱਗਾ। ਉੱਥੇ ਮੈਨੂੰ ਹੋਰਨਾਂ ਨੂੰ ਬਾਈਬਲ ਦੀ ਸੱਚਾਈ ਸਿਖਾਉਣ ਦੇ ਕਈ ਮੌਕੇ ਮਿਲੇ।

ਸਾਲ 1949 ਵਿਚ ਮੈਨੂੰ ਰੋਜ਼-ਮਰੀ ਲੂਅਸ ਨਾਂ ਦੀ ਕੁੜੀ ਮਿਲੀ। ਉਹ ਤੇ ਉਸ ਦੀ ਮੰਮੀ ਸੇਡੀ ਅਤੇ ਉਸ ਦੀਆਂ ਛੇ ਭੈਣਾਂ ਯਹੋਵਾਹ ਦੀਆਂ ਗਵਾਹਾਂ ਸਨ। ਰੋਜ਼-ਮਰੀ ਆਪਣਾ ਪੂਰਾ ਸਮਾਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਲਗਾਉਂਦੀ ਸੀ। ਉਸ ਦੇ ਚੰਗੇ ਗੁਣਾਂ ਨੇ ਮੈਨੂੰ ਮੋਹ ਲਿਆ। ਸਾਡਾ ਵਿਆਹ 1950 ਵਿਚ ਜੂਨ ਦੇ ਮਹੀਨੇ ਵਿਚ ਹੋ ਗਿਆ ਤੇ ਅਸੀਂ ਨਿਊਯਾਰਕ ਵਿਚ ਹੀ ਰਹਿਣ ਲੱਗ ਪਏ। ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਦੀ ਉਡੀਕ ਕਰਦਿਆਂ ਅਸੀਂ ਦੋਵੇਂ ਉਸ ਦੀ ਸੇਵਾ ਕਰ ਕੇ ਬਹੁਤ ਖ਼ੁਸ਼ ਸੀ।

ਸੰਨ 1957 ਵਿਚ ਮੈਨੂੰ ਤੇ ਰੋਜ਼-ਮਰੀ ਨੂੰ ਬਰੁਕਲਿਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ। ਜੂਨ 2004 ਵਿਚ ਸਾਡੇ ਵਿਆਹ ਨੂੰ 54 ਸਾਲ ਹੋ ਗਏ ਸਨ ਜਿਨ੍ਹਾਂ ਵਿੱਚੋਂ 47 ਸਾਲ ਅਸੀਂ ਹੈੱਡ-ਕੁਆਰਟਰ ਵਿਚ ਸੇਵਾ ਕੀਤੀ। ਉਹ ਬਹੁਤ ਹੀ ਵਧੀਆ ਸਾਲ ਸਨ ਜਦ ਅਸੀਂ ਆਪਣੇ ਹਜ਼ਾਰਾਂ ਭੈਣ-ਭਾਈਆਂ ਨਾਲ ਮਿਲ ਕੇ ਯਹੋਵਾਹ ਦੀ ਸੇਵਾ ਕੀਤੀ।

ਸਭ ਤੋਂ ਵੱਡਾ ਸਦਮਾ

ਦਸੰਬਰ 2004 ਵਿਚ ਡਾਕਟਰਾਂ ਨੇ ਰੋਜ਼-ਮਰੀ ਨੂੰ ਦੱਸਿਆ ਕਿ ਉਸ ਨੂੰ ਫੇਫੜੇ ਦਾ ਕੈਂਸਰ ਸੀ। ਉਸ ਦੇ ਇਕ ਫੇਫੜੇ ਵਿਚ ਰਸੌਲੀ ਬੜੀ ਤੇਜ਼ੀ ਨਾਲ ਵਧ ਰਹੀ ਸੀ ਅਤੇ ਇਸ ਨੂੰ ਜਲਦੀ ਤੋਂ ਜਲਦੀ ਕੱਢਣ ਦੀ ਲੋੜ ਸੀ। ਉਸੇ ਮਹੀਨੇ ਓਪਰੇਸ਼ਨ ਕੀਤਾ ਗਿਆ ਜਿਸ ਤੋਂ ਇਕ ਹਫ਼ਤੇ ਬਾਅਦ ਡਾਕਟਰ ਨੇ ਰੋਜ਼ ਕੋਲ ਆ ਕੇ ਕਿਹਾ: “ਰੋਜ਼-ਮਰੀ, ਤੁਸੀਂ ਠੀਕ ਹੋ ਗਏ ਹੋ! ਹੁਣ ਤੁਸੀਂ ਘਰ ਜਾ ਸਕਦੇ ਹੋ!”

ਘਰ ਆਉਣ ਤੋਂ ਕੁਝ ਹੀ ਦਿਨ ਬਾਅਦ ਰੋਜ਼-ਮਰੀ ਦੇ ਪੇਟ ਤੇ ਹੋਰ ਅੰਗਾਂ ਵਿਚ ਬਹੁਤ ਦਰਦ ਹੋਣ ਲੱਗਾ। ਮੁਆਇਨਾ ਕਰਾਉਣ ਵਾਸਤੇ ਅਸੀਂ ਵਾਪਸ ਹਸਪਤਾਲ ਗਏ। ਟੈੱਸਟਾਂ ਤੋਂ ਪਤਾ ਲੱਗਾ ਕਿ ਉਸ ਦੇ ਕਈ ਜ਼ਰੂਰੀ ਅੰਗਾਂ ਵਿਚ ਖ਼ੂਨ ਦੇ ਗਤਲੇ ਬਣ ਰਹੇ ਸਨ ਜਿਨ੍ਹਾਂ ਕਾਰਨ ਉਨ੍ਹਾਂ ਅੰਗਾਂ ਨੂੰ ਆਕਸੀਜਨ ਨਹੀਂ ਪਹੁੰਚ ਰਹੀ ਸੀ। ਡਾਕਟਰਾਂ ਦੀਆਂ ਬੇਅੰਤ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਹਫ਼ਤੇ ਬਾਅਦ 30 ਜਨਵਰੀ 2005 ਦੇ ਦਿਨ ਮੈਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਦਮਾ ਸਹਿਣਾ ਪਿਆ। ਮੇਰੀ ਪਿਆਰੀ ਰੋਜ਼-ਮਰੀ ਮੈਨੂੰ ਛੱਡ ਕੇ ਚਲੀ ਗਈ।

ਆਪਣੇ 80 ਸਾਲਾਂ ਵਿਚ ਮੈਂ ਬਹੁਤ ਦੁੱਖ-ਤਕਲੀਫ਼ ਦੇਖੀ ਸੀ। ਪਰ ਇਹ ਦੁੱਖ ਮੇਰੇ ਸਹਿਣੋਂ ਬਾਹਰ ਸੀ। ਜਿੱਦਾਂ ਬਾਈਬਲ ਵਿਚ ਕਿਹਾ ਗਿਆ ਹੈ, ਮੈਂ ਤੇ ਰੋਜ਼-ਮਰੀ “ਇੱਕ ਸਰੀਰ” ਸੀ। (ਉਤਪਤ 2:24) ਮੈਂ ਦੂਜਿਆਂ ਦੇ ਦੁੱਖ ਦੇਖੇ ਸਨ ਤੇ ਆਪਣੇ ਸਾਕ-ਸੰਬੰਧੀਆਂ ਦੀ ਮੌਤ ਦਾ ਦੁੱਖ ਵੀ ਸਹਿਆ ਸੀ। ਪਰ ਜਿੰਨਾ ਦੁੱਖ ਮੈਨੂੰ ਆਪਣੀ ਪਤਨੀ ਦੇ ਵਿਛੋੜੇ ਤੇ ਹੋਇਆ, ਉੱਨਾ ਦੁੱਖ ਮੈਨੂੰ ਪਹਿਲਾਂ ਕਦੇ ਨਹੀਂ ਹੋਇਆ ਸੀ। ਹੁਣ ਮੈਨੂੰ ਅਹਿਸਾਸ ਹੋਇਆ ਕਿ ਕਿਸੇ ਅਜ਼ੀਜ਼ ਦੀ ਮੌਤ ਦਾ ਸਦਮਾ ਕਿੰਨਾ ਵੱਡਾ ਹੁੰਦਾ ਹੈ!

ਪਰ ਬਾਈਬਲ ਦੇ ਗਿਆਨ ਨੇ ਇਹ ਦੁੱਖ ਝੱਲਣ ਵਿਚ ਮੇਰੀ ਮਦਦ ਕੀਤੀ ਹੈ। ਮੈਂ ਜਾਣਦਾ ਹਾਂ ਕਿ ਦੁੱਖਾਂ ਦਾ ਕੀ ਕਾਰਨ ਹੈ ਅਤੇ ਇਹ ਕਿਵੇਂ ਖ਼ਤਮ ਕੀਤੇ ਜਾਣਗੇ। ਇਸ ਸਮਝ ਨੇ ਮੇਰੇ ਮਨ ਨੂੰ ਸਕੂਨ ਦਿੱਤਾ ਹੈ। ਜ਼ਬੂਰ 34:18 ਵਿਚ ਲਿਖਿਆ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” ਇਸ ਦੁੱਖ ਨੂੰ ਝੱਲਣ ਲਈ ਬਾਈਬਲ ਦੇ ਇਕ ਹੋਰ ਵਾਅਦੇ ਬਾਰੇ ਜਾਣਨਾ ਵੀ ਜ਼ਰੂਰੀ ਹੈ। ਬਾਈਬਲ ਵਿਚ ਦੱਸਿਆ ਹੈ ਕਿ ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਮਰੇ ਹੋਏ ਲੋਕ ਦੁਬਾਰਾ ਜ਼ਿੰਦਾ ਕੀਤੇ ਜਾਣਗੇ। ਰਸੂਲਾਂ ਦੇ ਕਰਤੱਬ 24:15 ਵਿਚ ਲਿਖਿਆ ਹੈ: “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” ਰੋਜ਼-ਮਰੀ ਨੂੰ ਪਰਮੇਸ਼ੁਰ ਦੀ ਬਹੁਤ ਲਗਨ ਸੀ। ਮੈਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਵੀ ਉਸ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਉਸ ਨੂੰ ਭੁੱਲੇਗਾ ਨਹੀਂ। ਮੈਨੂੰ ਉਮੀਦ ਹੈ ਕਿ ਉਹ ਉਸ ਨੂੰ ਜਲਦੀ ਹੀ ਦੁਬਾਰਾ ਜ਼ਿੰਦਾ ਕਰੇਗਾ।—ਲੂਕਾ 20:38; ਯੂਹੰਨਾ 11:25.

ਹਾਂ, ਕਿਸੇ ਅਜ਼ੀਜ਼ ਦੀ ਮੌਤ ਹੋਣ ਤੇ ਬਹੁਤ ਸਦਮਾ ਲੱਗਦਾ ਹੈ, ਪਰ ਜ਼ਰਾ ਸੋਚੋ, ਉਸ ਨੂੰ ਵਾਪਸ ਜ਼ਿੰਦਾ ਦੇਖ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਵੇਗੀ! (ਮਰਕੁਸ 5:42) ਪਰਮੇਸ਼ੁਰ ਵਾਅਦਾ ਕਰਦਾ ਹੈ ਕਿ “ਸਾਡੇ ਮਰੇ ਹੋਏ ਲੋਕ ਦੁਬਾਰਾ ਜੀ ਉੱਠਣਗੇ . . . ਪ੍ਰਭੂ ਉਹਨਾਂ ਸਭ ਨੂੰ, ਜੋ ਬਹੁਤ ਸਮਾਂ ਪਹਿਲਾਂ ਮਰ ਚੁੱਕੇ ਹਨ, ਨਵਾਂ ਜੀਵਨ ਦੇਵੇਗਾ।” (ਯਸਾਯਾਹ 26:19, ਪਵਿੱਤਰ ਬਾਈਬਲ ਨਵਾਂ ਅਨੁਵਾਦ) ਹੋ ਸਕਦਾ ਹੈ ਕਿ ਰਸੂਲਾਂ ਦੇ ਕਰਤੱਬ 24:15 ਵਿਚ ਜ਼ਿਕਰ ਕੀਤੇ ਗਏ “ਧਰਮੀ” ਲੋਕ ਬਾਕੀਆਂ ਤੋਂ ਪਹਿਲਾਂ ਜ਼ਿੰਦਾ ਕੀਤੇ ਜਾਣ। ਉਹ ਸਮਾਂ ਕਿੰਨਾ ਸੋਹਣਾ ਹੋਵੇਗਾ! ਤੇ ਉਨ੍ਹਾਂ ਵਿਚ ਰੋਜ਼-ਮਰੀ ਵੀ ਹੋਵੇਗੀ। ਉਸ ਦਾ ਕਿੰਨਾ ਨਿੱਘਾ ਸੁਆਗਤ ਕੀਤਾ ਜਾਵੇਗਾ! ਉਸ ਸਮੇਂ ਜੀਣਾ ਅਸਲੀ ਜੀਣਾ ਹੋਵੇਗਾ ਜਦੋਂ ਦੁਨੀਆਂ ਵਿਚ ਕੋਈ ਦੁੱਖ ਨਹੀਂ ਹੋਵੇਗਾ।

[ਸਫ਼ਾ 9 ਉੱਤੇ ਤਸਵੀਰ]

ਚੀਨ ਵਿਚ ਮੈਂ ਬਹੁਤ ਸਾਰੇ ਦੁਖੀ ਲੋਕਾਂ ਨੂੰ ਦੇਖਿਆ

[ਸਫ਼ਾ 10 ਉੱਤੇ ਤਸਵੀਰਾਂ]

ਸਾਲ 1957 ਤੋਂ ਮੈਂ ਬਰੁਕਲਿਨ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਸੇਵਾ ਕਰ ਰਿਹਾ ਹਾਂ

[ਸਫ਼ਾ 12 ਉੱਤੇ ਤਸਵੀਰ]

ਸਾਲ 1950 ਵਿਚ ਮੈਂ ਰੋਜ਼-ਮਰੀ ਨੂੰ ਵਿਆਹ ਲਿਆਇਆ

[ਸਫ਼ਾ 13 ਉੱਤੇ ਤਸਵੀਰ]

ਸਾਲ 2000 ਵਿਚ ਸਾਡੇ ਵਿਆਹ ਦੀ 50ਵੀਂ ਵਰ੍ਹੇ-ਗੰਢ