Skip to content

Skip to table of contents

ਯਹੋਵਾਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਸਿਖਲਾਈ ਦਿੰਦਾ ਹੈ

ਯਹੋਵਾਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਸਿਖਲਾਈ ਦਿੰਦਾ ਹੈ

ਯਹੋਵਾਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਸਿਖਲਾਈ ਦਿੰਦਾ ਹੈ

“ਬੁੱਧ ਯਹੋਵਾਹ ਹੀ ਦਿੰਦਾ ਹੈ, ਗਿਆਨ ਅਤੇ ਸਮਝ ਓਸੇ ਦੇ ਮੂੰਹੋਂ ਨਿੱਕਲਦੀ ਹੈ।”—ਕਹਾਉਤਾਂ 2:6.

1, 2. ਜਿਨ੍ਹਾਂ ਭਰਾਵਾਂ ਨੇ ਬਪਤਿਸਮਾ ਲਿਆ ਹੈ, ਉਹ ਕਲੀਸਿਯਾ ਵਿਚ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਕਿਉਂ ਚੁੱਕਣੀ ਚਾਹੁੰਦੇ ਹਨ?

ਨਿੱਕ ਸੱਤਾਂ ਸਾਲਾਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਉਹ ਕਹਿੰਦਾ ਹੈ: “ਮੈਂ ਬਹੁਤ ਖ਼ੁਸ਼ ਹੋਇਆ ਜਦ ਮੈਨੂੰ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ। ਇਹ ਸਨਮਾਨ ਮਿਲਣ ਕਰਕੇ ਮੈਨੂੰ ਯਹੋਵਾਹ ਦੀ ਹੋਰ ਕਈ ਤਰੀਕਿਆਂ ਨਾਲ ਸੇਵਾ ਕਰਨ ਦੇ ਮੌਕੇ ਮਿਲ ਰਹੇ ਹਨ। ਯਹੋਵਾਹ ਨੇ ਮੇਰੇ ਲਈ ਬਹੁਤ ਕੁਝ ਕੀਤਾ ਹੈ ਜਿਸ ਕਰਕੇ ਮੈਂ ਯਹੋਵਾਹ ਦਾ ਬਹੁਤ ਅਹਿਸਾਨਮੰਦ ਹਾਂ। ਮੈਂ ਆਪਣੀ ਪੂਰੀ ਵਾਹ ਲਾ ਕੇ ਕਲੀਸਿਯਾ ਦੇ ਭੈਣਾਂ-ਭਰਾਵਾਂ ਦੀ ਮਦਦ ਕਰਨੀ ਚਾਹੁੰਦਾ ਸੀ ਜਿਵੇਂ ਹੋਰਨਾਂ ਬਜ਼ੁਰਗਾਂ ਨੇ ਮੇਰੀ ਮਦਦ ਕੀਤੀ ਸੀ।” ਬਜ਼ੁਰਗ ਬਣਨ ਤੇ ਨਿੱਕ ਨੂੰ ਖ਼ੁਸ਼ੀ ਦੇ ਨਾਲ-ਨਾਲ ਕੁਝ ਘਬਰਾਹਟ ਵੀ ਹੋਈ ਸੀ। ਉਸ ਦੀ ਘਬਰਾਹਟ ਦਾ ਇਕ ਕਾਰਨ ਉਸ ਦੀ ਉਮਰ ਸੀ। ਉਹ ਦੱਸਦਾ ਹੈ: “ਮੈਂ ਅਜੇ 30 ਸਾਲਾਂ ਦਾ ਵੀ ਨਹੀਂ ਹੋਇਆ ਸੀ ਜਦ ਮੈਨੂੰ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ। ਮੈਨੂੰ ਲੱਗਦਾ ਸੀ ਕਿ ਮੇਰੇ ਵਿਚ ਸਮਝ ਤੇ ਬੁੱਧ ਦੀ ਕਮੀ ਸੀ ਜੋ ਕਲੀਸਿਯਾ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰਨ ਲਈ ਜ਼ਰੂਰੀ ਹਨ।”

2 ਯਹੋਵਾਹ ਨੇ ਆਪਣੇ ਲੋਕਾਂ ਦੀ ਦੇਖ-ਰੇਖ ਕਰਨ ਲਈ ਜਿਨ੍ਹਾਂ ਭਰਾਵਾਂ ਨੂੰ ਚੁਣਿਆ ਹੈ, ਉਹ ਕਈ ਕਾਰਨਾਂ ਕਰਕੇ ਖ਼ੁਸ਼ ਹੋ ਸਕਦੇ ਹਨ। ਪੌਲੁਸ ਰਸੂਲ ਨੇ ਯਿਸੂ ਦੇ ਸ਼ਬਦਾਂ ਨੂੰ ਦੁਹਰਾਉਂਦੇ ਹੋਏ ਅਫ਼ਸੁਸ ਦੇ ਮਸੀਹੀਆਂ ਨੂੰ ਖ਼ੁਸ਼ੀ ਦਾ ਇਕ ਕਾਰਨ ਦੱਸਿਆ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਸਹਾਇਕ ਸੇਵਕ ਜਾਂ ਬਜ਼ੁਰਗ ਯਹੋਵਾਹ ਅਤੇ ਕਲੀਸਿਯਾ ਦੀ ਕਈ ਤਰੀਕਿਆਂ ਨਾਲ ਸੇਵਾ ਕਰ ਸਕਦੇ ਹਨ। ਮਿਸਾਲ ਲਈ, ਸਹਾਇਕ ਸੇਵਕ ਬਜ਼ੁਰਗਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਹਨ। ਉਹ ਅਜਿਹੇ ਕਈ ਜ਼ਰੂਰੀ ਕੰਮ ਕਰਦੇ ਹਨ ਜਿਨ੍ਹਾਂ ਨੂੰ ਕਰਨ ਵਿਚ ਕਾਫ਼ੀ ਸਮਾਂ ਲੱਗਦਾ ਹੈ। ਪਰ ਉਹ ਇਹ ਸਭ ਕੁਝ ਪਰਮੇਸ਼ੁਰ ਅਤੇ ਆਪਣੇ ਭੈਣਾਂ-ਭਰਾਵਾਂ ਲਈ ਪਿਆਰ ਦੀ ਖ਼ਾਤਰ ਕਰਦੇ ਹਨ।—ਮਰਕੁਸ 12:30, 31.

3. ਕਲੀਸਿਯਾ ਵਿਚ ਹੋਰ ਜ਼ਿੰਮੇਵਾਰੀਆਂ ਲੈਣ ਤੋਂ ਕੁਝ ਭਰਾ ਸ਼ਾਇਦ ਕਿਉਂ ਹਿਚਕਿਚਾਉਂਦੇ ਹਨ?

3 ਉਹ ਭਰਾ ਕੀ ਕਰ ਸਕਦਾ ਹੈ ਜੋ ਸੋਚਦਾ ਕਿ ਸਹਾਇਕ ਸੇਵਕ ਜਾਂ ਬਜ਼ੁਰਗ ਵਜੋਂ ਸੇਵਾ ਕਰਨ ਦੀ ਜ਼ਿੰਮੇਵਾਰੀ ਨਿਭਾਉਣੀ ਉਸ ਦੇ ਵੱਸ ਦਾ ਰੋਗ ਨਹੀਂ ਜਿਸ ਕਰਕੇ ਉਹ ਇਹ ਕਦਮ ਚੁੱਕਣ ਤੋਂ ਹਿਚਕਿਚਾਉਂਦਾ ਹੈ? ਨਿੱਕ ਵਾਂਗ ਉਸ ਨੂੰ ਸ਼ਾਇਦ ਲੱਗੇ ਕਿ ਉਹ ਕਲੀਸਿਯਾ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰਨ ਦੇ ਯੋਗ ਨਹੀਂ ਹੈ। ਕੀ ਤੁਸੀਂ ਵੀ ਇਸ ਤਰ੍ਹਾਂ ਸੋਚਦੇ ਹੋ? ਇਸ ਤਰ੍ਹਾਂ ਸੋਚਣਾ ਗ਼ਲਤ ਨਹੀਂ ਹੈ ਕਿਉਂਕਿ ਜੋ ਇੱਜੜ ਦੀ ਰਖਵਾਲੀ ਕਰਦਾ ਹੈ, ਉਸ ਨੂੰ ਯਹੋਵਾਹ ਨੂੰ ਲੇਖਾ ਦੇਣਾ ਪਵੇਗਾ। ਯਿਸੂ ਨੇ ਕਿਹਾ: “ਜਿਸ ਕਿਸੇ ਨੂੰ ਬਹੁਤ ਦਿੱਤਾ ਗਿਆ ਹੈ ਉਸ ਤੋਂ ਬਹੁਤੇ ਦਾ ਲੇਖਾ ਲਿਆ ਜਾਵੇਗਾ ਅਤੇ ਜਿਹ ਨੂੰ ਲੋਕਾਂ ਨੇ ਬਹੁਤ ਸੌਂਪਿਆ ਹੈ ਉਸ ਤੋਂ ਵਧੀਕ ਮੰਗਣਗੇ।”—ਲੂਕਾ 12:48.

4. ਯਹੋਵਾਹ ਉਨ੍ਹਾਂ ਭਰਾਵਾਂ ਦੀ ਮਦਦ ਕਿਵੇਂ ਕਰਦਾ ਹੈ ਜਿਨ੍ਹਾਂ ਨੂੰ ਉਸ ਨੇ ਆਪਣੇ ਲੋਕਾਂ ਦੀ ਦੇਖ-ਰੇਖ ਕਰਨ ਲਈ ਚੁਣਿਆ ਹੈ?

4 ਕੀ ਯਹੋਵਾਹ ਇਹ ਚਾਹੁੰਦਾ ਹੈ ਕਿ ਸਹਾਇਕ ਸੇਵਕ ਅਤੇ ਬਜ਼ੁਰਗ ਇਹ ਭਾਰੀ ਜ਼ਿੰਮੇਵਾਰੀ ਇਕੱਲੇ ਚੁੱਕਣ? ਬਿਲਕੁਲ ਨਹੀਂ! ਉਹ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਉਣ ਵਿਚ ਮਦਦ ਦਿੰਦਾ ਹੈ। ਜਿਸ ਤਰ੍ਹਾਂ ਅਸੀਂ ਪਿਛਲੇ ਲੇਖ ਵਿਚ ਦੇਖਿਆ ਸੀ, ਯਹੋਵਾਹ ਉਨ੍ਹਾਂ ਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ ਜੋ ਉਨ੍ਹਾਂ ਵਿਚ ਚੰਗੇ ਗੁਣ ਪੈਦਾ ਕਰਦੀ ਹੈ ਤੇ ਇਨ੍ਹਾਂ ਗੁਣਾਂ ਸਦਕਾ ਉਹ ਭੈਣਾਂ-ਭਰਾਵਾਂ ਦੀ ਪਿਆਰ ਨਾਲ ਦੇਖ-ਰੇਖ ਕਰਦੇ ਹਨ। (ਰਸੂਲਾਂ ਦੇ ਕਰਤੱਬ 20:28; ਗਲਾਤੀਆਂ 5:22, 23) ਇਸ ਤੋਂ ਇਲਾਵਾ ਯਹੋਵਾਹ ਉਨ੍ਹਾਂ ਨੂੰ ਬੁੱਧ, ਗਿਆਨ ਅਤੇ ਸਮਝ ਦਿੰਦਾ ਹੈ। (ਕਹਾਉਤਾਂ 2:6) ਉਹ ਉਨ੍ਹਾਂ ਨੂੰ ਇਹ ਸਭ ਕਿਸ ਤਰ੍ਹਾਂ ਦਿੰਦਾ ਹੈ? ਆਓ ਆਪਾਂ ਤਿੰਨ ਤਰੀਕਿਆਂ ਉੱਤੇ ਗੌਰ ਕਰੀਏ ਜਿਨ੍ਹਾਂ ਰਾਹੀਂ ਯਹੋਵਾਹ ਭਰਾਵਾਂ ਨੂੰ ਕਲੀਸਿਯਾ ਦੀ ਦੇਖ-ਭਾਲ ਕਰਨ ਦੀ ਸਿਖਲਾਈ ਦਿੰਦਾ ਹੈ।

ਤਜਰਬੇਕਾਰ ਬਜ਼ੁਰਗਾਂ ਦੁਆਰਾ ਸਿਖਲਾਈ

5. ਪਤਰਸ ਅਤੇ ਯੂਹੰਨਾ ਨੂੰ ਕਲੀਸਿਯਾ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰਨ ਦੀ ਸਿਖਲਾਈ ਕਿੱਥੋਂ ਮਿਲੀ ਸੀ?

5 ਜਦ ਪਤਰਸ ਅਤੇ ਯੂਹੰਨਾ ਰਸੂਲ ਯਹੂਦੀ ਉੱਚ ਅਦਾਲਤ ਸਾਮ੍ਹਣੇ ਖੜ੍ਹੇ ਸਨ, ਤਾਂ ਦੁਨਿਆਵੀ ਨਜ਼ਰੀਆ ਰੱਖਣ ਵਾਲੇ ਨਿਆਂਕਾਰਾਂ ਨੇ ਉਨ੍ਹਾਂ ਨੂੰ “ਵਿਦਵਾਨ ਨਹੀਂ ਸਗੋਂ ਆਮ” ਇਨਸਾਨ ਸਮਝਿਆ। ਰਸੂਲ ਪੜ੍ਹ-ਲਿਖ ਤਾਂ ਸਕਦੇ ਸਨ, ਪਰ ਉਨ੍ਹਾਂ ਨੇ ਯਹੂਦੀ ਰਾਬਿਨੀ ਸਕੂਲਾਂ ਵਿਚ ਜਾ ਕੇ ਸਿੱਖਿਆ ਹਾਸਲ ਨਹੀਂ ਕੀਤੀ ਸੀ। ਫਿਰ ਵੀ, ਪਤਰਸ, ਯੂਹੰਨਾ ਤੇ ਦੂਸਰੇ ਚੇਲਿਆਂ ਦੀਆਂ ਸਿੱਖਿਆਵਾਂ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਜਿਸ ਕਰਕੇ ਕਈ ਲੋਕ ਯਿਸੂ ਦੇ ਚੇਲੇ ਬਣ ਗਏ। ਇਹ ਆਮ ਬੰਦੇ ਕਿਵੇਂ ਇਹ ਸਭ ਕੁਝ ਕਰ ਪਾਏ? ਪਤਰਸ ਤੇ ਯੂਹੰਨਾ ਦੀ ਗੱਲ ਸੁਣਨ ਤੋਂ ਬਾਅਦ ਅਦਾਲਤ ਨੇ ਵੀ “ਓਹਨਾਂ ਨੂੰ ਪਛਾਣਿਆ ਭਈ ਏਹ ਯਿਸੂ ਦੇ ਨਾਲ ਰਹੇ ਸਨ।” (ਰਸੂਲਾਂ ਦੇ ਕਰਤੱਬ 4:1-4, 13) ਇਹ ਸੱਚ ਹੈ ਕਿ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਪਵਿੱਤਰ ਆਤਮਾ ਮਿਲੀ ਸੀ। (ਰਸੂਲਾਂ ਦੇ ਕਰਤੱਬ 1:8) ਪਰ ਇਨ੍ਹਾਂ ਨਿਆਂਕਾਰਾਂ ਨੂੰ ਇਹ ਸਾਫ਼ ਨਜ਼ਰ ਆਇਆ ਕਿ ਯਿਸੂ ਨੇ ਇਨ੍ਹਾਂ ਨੂੰ ਸਿਖਲਾਈ ਦਿੱਤੀ ਸੀ। ਹਾਂ ਧਰਤੀ ਉੱਤੇ ਰਹਿੰਦਿਆਂ ਯਿਸੂ ਨੇ ਆਪਣੇ ਰਸੂਲਾਂ ਨੂੰ ਸਿਰਫ਼ ਪ੍ਰਚਾਰ ਕਰਨਾ ਹੀ ਨਹੀਂ ਸਿਖਾਇਆ, ਸਗੋਂ ਉਸ ਨੇ ਉਨ੍ਹਾਂ ਨੂੰ ਨਵੇਂ ਚੇਲਿਆਂ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰਨੀ ਵੀ ਸਿਖਾਈ।—ਮੱਤੀ 11:29; 20:24-28; 1 ਪਤਰਸ 5:4.

6. ਦੂਸਰਿਆਂ ਨੂੰ ਸਿਖਲਾਈ ਦੇਣ ਵਿਚ ਯਿਸੂ ਤੇ ਪੌਲੁਸ ਨੇ ਕਿਹੜੀ ਮਿਸਾਲ ਕਾਇਮ ਕੀਤੀ?

6 ਯਿਸੂ ਜੀ ਉੱਠਣ ਤੋਂ ਬਾਅਦ ਵੀ ਆਪਣੇ ਚੇਲਿਆਂ ਨੂੰ ਸਿਖਲਾਈ ਦਿੰਦਾ ਰਿਹਾ। (ਪਰਕਾਸ਼ ਦੀ ਪੋਥੀ 1:1; 2:1–3:22) ਮਿਸਾਲ ਲਈ, ਉਸ ਨੇ ਪੌਲੁਸ ਨੂੰ ਚੁਣ ਕੇ ਆਪਣੀ ਨਿਗਰਾਨੀ ਹੇਠ ਉਸ ਨੂੰ ਸਿਖਲਾਈ ਦਿੱਤੀ। (ਰਸੂਲਾਂ ਦੇ ਕਰਤੱਬ 22:6-10) ਪੌਲੁਸ ਨੇ ਜੋ ਕੁਝ ਸਿੱਖਿਆ, ਉਸ ਲਈ ਉਹ ਬਹੁਤ ਸ਼ੁਕਰਗੁਜ਼ਾਰ ਸੀ ਤੇ ਉਸ ਨੇ ਦੂਜੇ ਬਜ਼ੁਰਗਾਂ ਨੂੰ ਵੀ ਸਿੱਖੀਆਂ ਗੱਲਾਂ ਸਿਖਾਈਆਂ। (ਰਸੂਲਾਂ ਦੇ ਕਰਤੱਬ 20:17-35) ਉਦਾਹਰਣ ਲਈ, ਪੌਲੁਸ ਨੇ ਤਿਮੋਥਿਉਸ ਨੂੰ ਸਿਖਲਾਈ ਦੇਣ ਲਈ ਨਾ ਸਿਰਫ਼ ਸਮਾਂ ਕੱਢਿਆ, ਸਗੋਂ ਕਾਫ਼ੀ ਮਿਹਨਤ ਵੀ ਕੀਤੀ ਤਾਂਕਿ ਉਹ ਪਰਮੇਸ਼ੁਰ ਦੀ ਸੇਵਾ ਵਿਚ “ਅਜਿਹਾ ਕਾਰੀਗਰ” ਬਣੇ “ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ।” (2 ਤਿਮੋਥਿਉਸ 2:15) ਤਿਮੋਥਿਉਸ ਪੌਲੁਸ ਦੇ ਪੁੱਤਰ ਵਾਂਗ ਸੀ ਜਿਸ ਬਾਰੇ ਉਸ ਨੇ ਲਿਖਿਆ: “ਜਿਵੇਂ ਪੁੱਤ੍ਰ ਪਿਉ ਦੀ ਸੇਵਾ ਕਰਦਾ ਹੈ ਤਿਵੇਂ [ਤਿਮੋਥਿਉਸ] ਨੇ ਮੇਰੇ ਨਾਲ ਇੰਜੀਲੀ ਸੇਵਾ ਕੀਤੀ।” (ਫ਼ਿਲਿੱਪੀਆਂ 2:22) ਪੌਲੁਸ ਨੇ ਇਹ ਨਹੀਂ ਚਾਹਿਆ ਕਿ ਤਿਮੋਥਿਉਸ ਜਾਂ ਹੋਰ ਕੋਈ ਵਿਅਕਤੀ ਉਸ ਦਾ ਚੇਲਾ ਬਣੇ। ਇਸ ਦੀ ਬਜਾਇ, ਉਸ ਨੇ ਭਰਾਵਾਂ ਨੂੰ ਉਤਸ਼ਾਹ ਦਿੱਤਾ: “ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।”—1 ਕੁਰਿੰਥੀਆਂ 10:33ਅ.

7, 8. (ੳ) ਕਿਹੜੀ ਮਿਸਾਲ ਦਿਖਾਉਂਦੀ ਹੈ ਕਿ ਯਿਸੂ ਤੇ ਪੌਲੁਸ ਦੀ ਮਿਸਾਲ ਤੇ ਚੱਲਣ ਦੇ ਵਧੀਆ ਨਤੀਜੇ ਨਿਕਲਦੇ ਹਨ? (ਅ) ਬਜ਼ੁਰਗਾਂ ਨੂੰ ਭਰਾਵਾਂ ਨੂੰ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਦੀ ਸਿਖਲਾਈ ਕਦੋਂ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ?

7 ਯਿਸੂ ਅਤੇ ਪੌਲੁਸ ਦੀ ਰੀਸ ਕਰਦੇ ਹੋਏ ਤਜਰਬੇਕਾਰ ਬਜ਼ੁਰਗ ਬਪਤਿਸਮਾ ਲਏ ਭਰਾਵਾਂ ਨੂੰ ਸਿਖਲਾਈ ਦਿੰਦੇ ਹਨ। ਚਾਡ ਦੀ ਮਿਸਾਲ ਵੱਲ ਧਿਆਨ ਦਿਓ। ਉਸ ਦਾ ਪੂਰਾ ਪਰਿਵਾਰ ਸੱਚਾਈ ਵਿਚ ਨਹੀਂ ਸੀ ਤੇ ਹਾਲ ਹੀ ਵਿਚ ਉਸ ਨੂੰ ਬਜ਼ੁਰਗ ਵਜੋਂ ਨਿਯੁਕਤ ਕੀਤਾ ਗਿਆ। ਉਸ ਨੇ ਕਿਹਾ: “ਕਈ ਸਾਲ ਬਜ਼ੁਰਗਾਂ ਨੇ ਸੱਚਾਈ ਵਿਚ ਅੱਗੇ ਵਧਣ ਵਿਚ ਮੇਰੀ ਮਦਦ ਕੀਤੀ। ਮੇਰੇ ਪਿਤਾ ਜੀ ਤਾਂ ਸੱਚਾਈ ਵਿਚ ਨਹੀਂ ਸਨ, ਇਸ ਲਈ ਇਨ੍ਹਾਂ ਬਜ਼ੁਰਗਾਂ ਨੇ ਹੀ ਮੇਰੇ ਵਿਚ ਦਿਲਚਸਪੀ ਲਈ ਤੇ ਉਹ ਮੇਰੇ ਲਈ ਮੇਰੇ ਪਿਤਾ ਸਮਾਨ ਸਨ। ਉਨ੍ਹਾਂ ਨੇ ਮੈਨੂੰ ਪ੍ਰਚਾਰ ਦੇ ਕੰਮ ਵਿਚ ਸਿਖਲਾਈ ਦਿੱਤੀ ਅਤੇ ਇਸ ਤੋਂ ਬਾਅਦ ਖ਼ਾਸਕਰ ਇਕ ਬਜ਼ੁਰਗ ਨੇ ਮੈਨੂੰ ਕਲੀਸਿਯਾ ਵਿਚ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣੀਆਂ ਵੀ ਸਿਖਾਈਆਂ।”

8 ਚਾਡ ਦੀ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸਮਝਦਾਰ ਬਜ਼ੁਰਗ ਭਰਾਵਾਂ ਦੇ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਤੋਂ ਬਹੁਤ ਪਹਿਲਾਂ ਹੀ ਉਨ੍ਹਾਂ ਨੂੰ ਸਿਖਲਾਈ ਦੇਣ ਲੱਗ ਪੈਂਦੇ ਹਨ। ਕਿਉਂ? ਕਿਉਂਕਿ ਬਾਈਬਲ ਹੁਕਮ ਦਿੰਦੀ ਹੈ ਕਿ ਕੋਈ ਵੀ ਭਰਾ ਸਹਾਇਕ ਸੇਵਕ ਜਾਂ ਬਜ਼ੁਰਗ ਦੇ ਤੌਰ ਤੇ ਨਿਯੁਕਤ ਕੀਤੇ ਜਾਣ ਤੋਂ ‘ਪਹਿਲਾਂ ਪਰਤਾਇਆ ਜਾਣਾ’ ਚਾਹੀਦਾ ਹੈ। ਇਸ ਤੋਂ ਪਤਾ ਲੱਗੇਗਾ ਕਿ ਉਹ ਨੈਤਿਕ ਤੇ ਰੂਹਾਨੀ ਤੌਰ ਤੇ ਬਾਈਬਲ ਦੇ ਉੱਚੇ ਮਿਆਰਾਂ ਉੱਤੇ ਖਰਾ ਉਤਰਦਾ ਹੈ ਜਾਂ ਨਹੀਂ।—1 ਤਿਮੋਥਿਉਸ 3:1-10.

9. ਤਜਰਬੇਕਾਰ ਬਜ਼ੁਰਗਾਂ ਦੀ ਕੀ ਜ਼ਿੰਮੇਵਾਰੀ ਹੈ ਅਤੇ ਕਿਉਂ?

9 ਜੇ ਭਰਾਵਾਂ ਨੂੰ ਪਰਤਾਇਆ ਜਾਣਾ ਹੈ, ਤਾਂ ਜ਼ਰੂਰੀ ਹੈ ਕਿ ਪਹਿਲਾਂ ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇ। ਮਿਸਾਲ ਲਈ, ਜੇ ਸਕੂਲ ਵਿਚ ਅਧਿਆਪਕ ਵਿਦਿਆਰਥੀ ਨੂੰ ਕੁਝ ਸਿਖਾਏ ਬਗੈਰ ਹੀ ਉਸ ਦਾ ਇਮਤਿਹਾਨ ਲੈਂਦੇ ਹਨ, ਤਾਂ ਕੀ ਉਹ ਇਮਤਿਹਾਨ ਪਾਸ ਕਰ ਪਾਏਗਾ? ਨਹੀਂ, ਉਹ ਫੇਲ੍ਹ ਹੋ ਜਾਵੇਗਾ। ਇਸ ਲਈ ਪਹਿਲਾਂ ਉਸ ਨੂੰ ਸਿਖਲਾਈ ਦੇਣੀ ਲਾਜ਼ਮੀ ਹੈ। ਪਰ ਚੰਗੇ ਅਧਿਆਪਕ ਬੱਚਿਆਂ ਨੂੰ ਸਿਰਫ਼ ਇਸ ਲਈ ਨਹੀਂ ਪੜ੍ਹਾਉਂਦੇ ਕਿ ਉਹ ਇਮਤਿਹਾਨ ਪਾਸ ਕਰਨ, ਸਗੋਂ ਉਨ੍ਹਾਂ ਨੂੰ ਗਿਆਨ ਨੂੰ ਇਸਤੇਮਾਲ ਕਰਨਾ ਵੀ ਸਿਖਾਉਂਦੇ ਹਨ। ਇਸੇ ਤਰ੍ਹਾਂ ਮਿਹਨਤੀ ਬਜ਼ੁਰਗ ਭਰਾਵਾਂ ਨੂੰ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਦੇ ਲਾਇਕ ਜ਼ਰੂਰੀ ਗੁਣ ਪੈਦਾ ਕਰਨ ਵਿਚ ਮਦਦ ਕਰਨ ਵਾਸਤੇ ਖ਼ਾਸ ਸਿਖਲਾਈ ਦਿੰਦੇ ਹਨ। ਇਹ ਸਿਖਲਾਈ ਸਿਰਫ਼ ਇਸ ਲਈ ਨਹੀਂ ਦਿੱਤੀ ਜਾਂਦੀ ਕਿ ਭਰਾ ਬਜ਼ੁਰਗ ਜਾਂ ਸਹਾਇਕ ਸੇਵਕ ਬਣ ਸਕਣ। ਪਰ ਇਸ ਲਈ ਵੀ ਦਿੱਤੀ ਜਾਂਦੀ ਹੈ ਕਿ ਉਹ ਭੈਣਾਂ-ਭਰਾਵਾਂ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰ ਸਕਣ। (2 ਤਿਮੋਥਿਉਸ 2:2) ਪਰ ਸਿਰਫ਼ ਬਜ਼ੁਰਗਾਂ ਨੇ ਹੀ ਮਿਹਨਤ ਨਹੀਂ ਕਰਨੀ ਹੈ, ਸਗੋਂ ਭਰਾਵਾਂ ਨੂੰ ਆਪ ਵੀ ਸਹਾਇਕ ਸੇਵਕ ਜਾਂ ਬਜ਼ੁਰਗ ਬਣਨ ਲਈ ਮਿਹਨਤ ਕਰਨੀ ਪੈਂਦੀ ਹੈ। (ਤੀਤੁਸ 1:5-9) ਜੇ ਤਜਰਬੇਕਾਰ ਬਜ਼ੁਰਗ ਖ਼ੁਸ਼ੀ ਨਾਲ ਉਨ੍ਹਾਂ ਭਰਾਵਾਂ ਦੀ ਮਦਦ ਕਰਨਗੇ ਜੋ ਕਲੀਸਿਯਾ ਵਿਚ ਜ਼ਿੰਮੇਵਾਰੀ ਚੁੱਕਣੀ ਚਾਹੁੰਦੇ ਹਨ, ਤਾਂ ਇਹ ਭਰਾ ਜਲਦੀ ਤਰੱਕੀ ਕਰ ਸਕਣਗੇ।

10, 11. ਬਜ਼ੁਰਗ ਦੂਸਰੇ ਭਰਾਵਾਂ ਨੂੰ ਹੋਰ ਜ਼ਿੰਮੇਵਾਰੀਆਂ ਸਾਂਭਣ ਦੇ ਕਾਬਲ ਬਣਨ ਦੀ ਸਿਖਲਾਈ ਕਿਵੇਂ ਦੇ ਸਕਦੇ ਹਨ?

10 ਤਜਰਬੇਕਾਰ ਬਜ਼ੁਰਗ ਭਰਾਵਾਂ ਨੂੰ ਕਿਵੇਂ ਖ਼ਾਸ ਸਿਖਲਾਈ ਦੇ ਸਕਦੇ ਹਨ? ਪਹਿਲਾਂ, ਉਹ ਕਲੀਸਿਯਾ ਦੇ ਭਰਾਵਾਂ ਵਿਚ ਦਿਲਚਸਪੀ ਲੈ ਸਕਦੇ ਹਨ। ਉਹ ਬਾਕਾਇਦਾ ਉਨ੍ਹਾਂ ਨਾਲ ਪ੍ਰਚਾਰ ਕਰ ਸਕਦੇ ਹਨ ਤੇ “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ” ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਨ। (2 ਤਿਮੋਥਿਉਸ 2:15) ਬਜ਼ੁਰਗ ਇਨ੍ਹਾਂ ਭਰਾਵਾਂ ਨੂੰ ਦੱਸ ਸਕਦੇ ਹਨ ਕਿ ਦੂਸਰਿਆਂ ਦੀ ਸੇਵਾ ਤੇ ਰੂਹਾਨੀ ਟੀਚੇ ਹਾਸਲ ਕਰਨ ਨਾਲ ਕਿੰਨੀ ਖ਼ੁਸ਼ੀ ਮਿਲਦੀ ਹੈ। ਉਹ ਪਿਆਰ ਨਾਲ ਸਮਝਾ ਸਕਦੇ ਹਨ ਕਿ ਭਰਾ ਕਿਨ੍ਹਾਂ ਤਰੀਕਿਆਂ ਨਾਲ “ਇੱਜੜ ਦੇ ਲਈ ਨਮੂਨਾ” ਬਣ ਸਕਦਾ ਹੈ।—1 ਪਤਰਸ 5:3, 5.

11 ਜਦ ਭਰਾ ਸਹਾਇਕ ਸੇਵਕ ਬਣ ਜਾਂਦਾ ਹੈ, ਤਾਂ ਸਮਝਦਾਰ ਬਜ਼ੁਰਗ ਉਸ ਨੂੰ ਸਿਖਲਾਈ ਦਿੰਦੇ ਰਹਿੰਦੇ ਹਨ। ਬਰੂਸ ਤਕਰੀਬਨ 50 ਸਾਲਾਂ ਤੋਂ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਉਹ ਕਹਿੰਦਾ ਹੈ: “ਮੈਂ ਨਵੇਂ ਸਹਾਇਕ ਸੇਵਕ ਨਾਲ ਬੈਠ ਕੇ ਮਾਤਬਰ ਅਤੇ ਬੁੱਧਵਾਨ ਨੌਕਰ ਦੀਆਂ ਦਿੱਤੀਆਂ ਹਿਦਾਇਤਾਂ ਬਾਰੇ ਗੱਲਬਾਤ ਕਰਦਾ ਹਾਂ। ਅਸੀਂ ਉਸ ਦੀ ਜ਼ਿੰਮੇਵਾਰੀ ਨਾਲ ਸੰਬੰਧਿਤ ਹਿਦਾਇਤਾਂ ਨੂੰ ਵੀ ਪੜ੍ਹਦੇ ਹਾਂ। ਫਿਰ ਮੈਂ ਉੱਨਾ ਚਿਰ ਉਸ ਦੀ ਮਦਦ ਕਰਦਾ ਹਾਂ ਜਿੰਨਾ ਚਿਰ ਉਹ ਆਪਣਾ ਕੰਮ ਚੰਗੀ ਤਰ੍ਹਾਂ ਸਿੱਖ ਨਹੀਂ ਜਾਂਦਾ।” ਜਿੱਦਾਂ-ਜਿੱਦਾਂ ਸਹਾਇਕ ਸੇਵਕ ਤਜਰਬਾ ਹਾਸਲ ਕਰਦਾ ਜਾਂਦਾ ਹੈ, ਉੱਦਾਂ-ਉੱਦਾਂ ਉਸ ਨੂੰ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਮਿਲਣ ਜਾਣ ਵਾਸਤੇ ਵੀ ਸਿਖਲਾਈ ਦਿੱਤੀ ਜਾ ਸਕਦੀ ਹੈ। ਬਰੂਸ ਅੱਗੇ ਦੱਸਦਾ ਹੈ: “ਜਦ ਮੈਂ ਭੈਣਾਂ-ਭਰਾਵਾਂ ਨੂੰ ਹੌਸਲਾ ਦੇਣ ਲਈ ਮਿਲਣ ਜਾਂਦਾ ਹਾਂ, ਤਾਂ ਮੈਂ ਕਿਸੇ ਸਹਾਇਕ ਸੇਵਕ ਨੂੰ ਨਾਲ ਲੈ ਜਾਂਦਾ ਹਾਂ। ਮੈਂ ਉਸ ਦੀ ਬਾਈਬਲ ਦੀਆਂ ਖ਼ਾਸ ਆਇਤਾਂ ਚੁਣਨ ਵਿਚ ਮਦਦ ਕਰਦਾ ਹਾਂ ਜਿਨ੍ਹਾਂ ਤੋਂ ਉਸ ਭੈਣ-ਭਰਾ ਜਾਂ ਪਰਿਵਾਰ ਨੂੰ ਹੌਸਲਾ ਮਿਲੇਗਾ। ਜੇ ਸਹਾਇਕ ਸੇਵਕ ਵਧੀਆ ਬਜ਼ੁਰਗ ਬਣਨਾ ਚਾਹੁੰਦਾ ਹੈ, ਤਾਂ ਉਸ ਲਈ ਬਾਈਬਲ ਨੂੰ ਚੰਗੀ ਤਰ੍ਹਾਂ ਵਰਤਣਾ ਸਿੱਖਣਾ ਬਹੁਤ ਜ਼ਰੂਰੀ ਹੈ।”—ਇਬਰਾਨੀਆਂ 4:12; 5:14.

12. ਤਜਰਬੇਕਾਰ ਬਜ਼ੁਰਗ ਨਵੇਂ ਬਜ਼ੁਰਗਾਂ ਨੂੰ ਕਿਵੇਂ ਸਿਖਲਾਈ ਦੇ ਸਕਦੇ ਹਨ?

12 ਨਵੇਂ ਬਜ਼ੁਰਗਾਂ ਨੂੰ ਹੋਰ ਸਿਖਲਾਈ ਤੋਂ ਕਾਫ਼ੀ ਲਾਭ ਹੋ ਸਕਦਾ ਹੈ। ਨਿੱਕ ਜਿਸ ਦਾ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਸੀ, ਕਹਿੰਦਾ ਹੈ: “ਖ਼ਾਸ ਕਰਕੇ ਦੋ ਬਜ਼ੁਰਗਾਂ ਵੱਲੋਂ ਮਿਲੀ ਸਿਖਲਾਈ ਤੋਂ ਮੈਨੂੰ ਬਹੁਤ ਫ਼ਾਇਦਾ ਹੋਇਆ। ਇਨ੍ਹਾਂ ਭਰਾਵਾਂ ਨੂੰ ਪਤਾ ਹੁੰਦਾ ਹੈ ਕਿ ਕਿਸੇ ਮਾਮਲੇ ਵਿਚ ਕੀ ਕੀਤਾ ਜਾਣਾ ਚਾਹੀਦਾ ਹੈ। ਉਹ ਹਮੇਸ਼ਾ ਧੀਰਜ ਨਾਲ ਮੇਰੀ ਗੱਲ ਸੁਣਦੇ ਹਨ ਤੇ ਉਸ ਨੂੰ ਗੰਭੀਰਤਾ ਨਾਲ ਲੈਂਦੇ ਹਨ, ਉਦੋਂ ਵੀ ਜਦ ਉਹ ਮੇਰੇ ਨਾਲ ਸਹਿਮਤ ਨਹੀਂ ਹੁੰਦੇ। ਉਹ ਕਲੀਸਿਯਾ ਦੇ ਭੈਣਾਂ-ਭਰਾਵਾਂ ਨਾਲ ਨਿਮਰਤਾ ਤੇ ਆਦਰ ਨਾਲ ਪੇਸ਼ ਆਉਂਦੇ ਹਨ ਤੇ ਉਨ੍ਹਾਂ ਦੇ ਇਸ ਰਵੱਈਏ ਤੋਂ ਮੈਂ ਕਾਫ਼ੀ ਕੁਝ ਸਿੱਖਿਆ। ਇਨ੍ਹਾਂ ਬਜ਼ੁਰਗਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੈਂ ਮੁਸ਼ਕਲਾਂ ਦਾ ਹੱਲ ਲੱਭਣ ਤੇ ਹੌਸਲਾ ਦੇਣ ਲਈ ਬਾਈਬਲ ਨੂੰ ਚੰਗੀ ਤਰ੍ਹਾਂ ਇਸਤੇਮਾਲ ਕਰਾਂ।”

ਪਰਮੇਸ਼ੁਰ ਦੇ ਬਚਨ ਦੁਆਰਾ ਸਿਖਲਾਈ

13. (ੳ) ਚੰਗਾ ਚਰਵਾਹਾ ਬਣਨ ਲਈ ਇਕ ਭਰਾ ਨੂੰ ਕੀ ਕਰਨ ਦੀ ਜ਼ਰੂਰਤ ਹੈ? (ਅ) ਯਿਸੂ ਨੇ ਕਿਉਂ ਕਿਹਾ ਸੀ ਕਿ “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ”?

13 ਪਰਮੇਸ਼ੁਰ ਦੇ ਬਚਨ ਵਿਚ ਨਿਯਮ, ਸਿਧਾਂਤ ਤੇ ਮਿਸਾਲਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀ ਮਦਦ ਨਾਲ ਬਜ਼ੁਰਗ “ਹਰੇਕ ਭਲੇ ਕੰਮ ਲਈ ਤਿਆਰ” ਹੋ ਸਕਦਾ ਹੈ। (2 ਤਿਮੋਥਿਉਸ 3:16, 17) ਇਕ ਭਰਾ ਸ਼ਾਇਦ ਕਾਫ਼ੀ ਪੜ੍ਹਿਆ-ਲਿਖਿਆ ਹੋਵੇ, ਪਰ ਬਾਈਬਲ ਦਾ ਚੰਗਾ ਗਿਆਨ ਹੋਣ ਨਾਲ ਤੇ ਉਸ ਗਿਆਨ ਨੂੰ ਇਸਤੇਮਾਲ ਕਰਨ ਨਾਲ ਹੀ ਉਸ ਨੂੰ ਚੰਗਾ ਚਰਵਾਹਾ ਬਣਨ ਵਿਚ ਮਦਦ ਮਿਲੇਗੀ। ਯਿਸੂ ਦੀ ਮਿਸਾਲ ਉੱਤੇ ਗੌਰ ਕਰੋ। ਦੁਨੀਆਂ ਵਿਚ ਉਸ ਜਿੰਨਾ ਗਿਆਨਵਾਨ, ਸਮਝਦਾਰ ਤੇ ਬੁੱਧੀਮਾਨ ਚਰਵਾਹਾ ਹੋਰ ਕੋਈ ਨਹੀਂ ਸੀ। ਫਿਰ ਵੀ ਉਸ ਨੇ ਯਹੋਵਾਹ ਦੇ ਸੇਵਕਾਂ ਨੂੰ ਸਿਖਾਉਣ ਲਈ ਆਪਣੀ ਹੀ ਬੁੱਧ ਤੇ ਇਤਬਾਰ ਨਹੀਂ ਕੀਤਾ। ਉਸ ਨੇ ਕਿਹਾ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” ਯਿਸੂ ਨੇ ਯਹੋਵਾਹ ਦੀ ਵਡਿਆਈ ਕਿਉਂ ਕੀਤੀ ਸੀ? ਉਸ ਨੇ ਸਮਝਾਇਆ: “ਜੋ ਕੋਈ ਆਪਣੀ ਵੱਲੋਂ ਬੋਲਦਾ ਹੈ ਸੋ ਆਪਣੀ ਹੀ ਵਡਿਆਈ ਚਾਹੁੰਦਾ ਹੈ।”—ਯੂਹੰਨਾ 7:16, 18.

14. ਬਜ਼ੁਰਗ ਕਿਵੇਂ ਆਪਣੀ ਵਡਿਆਈ ਨਹੀਂ ਕਰਵਾਉਂਦੇ?

14 ਵਫ਼ਾਦਾਰ ਬਜ਼ੁਰਗ ਆਪਣੀ ਵਡਿਆਈ ਕਰਵਾਉਣ ਬਾਰੇ ਨਹੀਂ ਸੋਚਦੇ। ਉਹ ਭੈਣਾਂ-ਭਰਾਵਾਂ ਨੂੰ ਸਲਾਹ ਤੇ ਹੱਲਾਸ਼ੇਰੀ ਆਪਣੀ ਸੋਚ ਮੁਤਾਬਕ ਨਹੀਂ ਬਲਕਿ ਪਰਮੇਸ਼ੁਰ ਦੇ ਬਚਨ ਵਿੱਚੋਂ ਦਿੰਦੇ ਹਨ। ਉਹ ਇਸ ਗੱਲ ਨੂੰ ਭਲੀ-ਭਾਂਤ ਜਾਣਦੇ ਹਨ ਕਿ ਉਨ੍ਹਾਂ ਦੀ ਜ਼ਿੰਮੇਵਾਰੀ “ਮਸੀਹ ਦੀ ਬੁੱਧੀ” ਪਾਉਣ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰਨੀ ਹੈ, ਨਾ ਕਿ ਆਪਣੀ। (1 ਕੁਰਿੰਥੀਆਂ 2:14-16) ਫ਼ਰਜ਼ ਕਰੋ ਕਿ ਇਕ ਬਜ਼ੁਰਗ ਕਲੀਸਿਯਾ ਵਿਚ ਪਤੀ-ਪਤਨੀ ਨੂੰ ਵਿਆਹ ਸੰਬੰਧੀ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਦੀ ਸਲਾਹ ਦਿੰਦਾ ਹੈ। ਜੇ ਉਹ ਬਾਈਬਲ ਦੇ ਸਿਧਾਂਤਾਂ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਸਲਾਹ ਦੇਣ ਦੀ ਬਜਾਇ ਆਪਣੀ ਸਮਝ ਅਨੁਸਾਰ ਸਲਾਹ ਦੇਵੇ, ਤਾਂ ਕੀ ਹੋਵੇਗਾ? (ਮੱਤੀ 24:45) ਉਹ ਸ਼ਾਇਦ ਸਥਾਨਕ ਰੀਤਾਂ-ਰਿਵਾਜਾਂ ਅਨੁਸਾਰ ਸਲਾਹ ਦੇਵੇ ਅਤੇ ਸਿਰਫ਼ ਉਹੀ ਗੱਲਾਂ ਦੱਸੇ ਜਿਨ੍ਹਾਂ ਦਾ ਉਸ ਨੂੰ ਕੁਝ ਹੱਦ ਤਕ ਪਤਾ ਹੈ। ਬੇਸ਼ੱਕ ਕੁਝ ਰੀਤੀ-ਰਿਵਾਜ ਗ਼ਲਤ ਨਹੀਂ ਹਨ ਤੇ ਉਸ ਬਜ਼ੁਰਗ ਨੂੰ ਜ਼ਿੰਦਗੀ ਦਾ ਤਜਰਬਾ ਹੈ। ਪਰ ਭੈਣਾਂ-ਭਰਾਵਾਂ ਨੂੰ ਜ਼ਿਆਦਾ ਲਾਭ ਉਦੋਂ ਹੁੰਦਾ ਹੈ ਜਦ ਬਜ਼ੁਰਗ ਉਨ੍ਹਾਂ ਨੂੰ ਇਨਸਾਨਾਂ ਦੀਆਂ ਗੱਲਾਂ ਜਾਂ ਰੀਤੀ-ਰਿਵਾਜਾਂ ਅਨੁਸਾਰ ਚੱਲਣ ਦੀ ਬਜਾਇ ਯਿਸੂ ਦੀਆਂ ਸਿੱਖਿਆਵਾਂ ਤੇ ਯਹੋਵਾਹ ਦੇ ਬਚਨ ਦੀ ਸਲਾਹ ਦਿੰਦੇ ਹਨ।—ਜ਼ਬੂਰਾਂ ਦੀ ਪੋਥੀ 12:6; ਕਹਾਉਤਾਂ 3:5, 6.

“ਮਾਤਬਰ ਤੇ ਬੁੱਧਵਾਨ ਨੌਕਰ” ਦੁਆਰਾ ਸਿਖਲਾਈ

15. ਯਿਸੂ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਕਿਹੜਾ ਕੰਮ ਸੌਂਪਿਆ ਹੈ ਅਤੇ ਉਸ ਦੀ ਕਾਮਯਾਬੀ ਦਾ ਇਕ ਕਾਰਨ ਕੀ ਹੈ?

15 ਪਤਰਸ, ਯੂਹੰਨਾ ਤੇ ਪੌਲੁਸ ਰਸੂਲ ਆਦਿ ਬਜ਼ੁਰਗ “ਮਾਤਬਰ ਅਤੇ ਬੁੱਧਵਾਨ ਨੌਕਰ” ਵਰਗ ਦੇ ਮੈਂਬਰ ਸਨ। ਇਹ ਨੌਕਰ ਵਰਗ ਧਰਤੀ ਉੱਤੇ ਪਵਿੱਤਰ ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀ ਹਨ ਜੋ ਸਵਰਗ ਵਿਚ ਮਸੀਹ ਨਾਲ ਰਾਜ ਕਰਨਗੇ। (ਪਰਕਾਸ਼ ਦੀ ਪੋਥੀ 5:9, 10) ਦੁਨੀਆਂ ਦੇ ਇਨ੍ਹਾਂ ਆਖ਼ਰੀ ਦਿਨਾਂ ਵਿਚ ਧਰਤੀ ਉੱਤੇ ਮਸੀਹ ਦੇ ਭਰਾਵਾਂ ਦੀ ਗਿਣਤੀ ਘੱਟ ਰਹੀ ਹੈ। ਪਰ ਯਿਸੂ ਵੱਲੋਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਦਿੱਤਾ ਕੰਮ ਅੱਗੇ ਨਾਲੋਂ ਹੋਰ ਜ਼ੋਰ-ਸ਼ੋਰ ਨਾਲ ਹੋ ਰਿਹਾ ਹੈ। ਗਿਣਤੀ ਘੱਟਣ ਦੇ ਬਾਵਜੂਦ ਮਾਤਬਰ ਨੌਕਰ ਇਹ ਕੰਮ ਕਰਨ ਵਿਚ ਕਾਮਯਾਬ ਹੋਇਆ ਹੈ! ਕਿਉਂ? ਇਕ ਕਾਰਨ ਇਹ ਹੈ ਕਿ ਉਨ੍ਹਾਂ ਨੇ ‘ਹੋਰ ਭੇਡਾਂ’ ਯਾਨੀ ਵੱਡੀ ਭੀੜ ਦੇ ਮੈਂਬਰਾਂ ਨੂੰ ਪ੍ਰਚਾਰ ਕਰਨ ਅਤੇ ਚੇਲੇ ਬਣਾਉਣ ਦੇ ਕੰਮ ਦੀ ਸਿਖਲਾਈ ਦਿੱਤੀ ਹੈ। (ਯੂਹੰਨਾ 10:16; ਮੱਤੀ 24:14; 25:40) ਅੱਜ ਜ਼ਿਆਦਾ ਕੰਮ ਇਨ੍ਹਾਂ ਵਫ਼ਾਦਾਰ ਮਸੀਹੀਆਂ ਨੇ ਹੀ ਆਪਣੇ ਮੋਢਿਆਂ ਤੇ ਚੁੱਕਿਆ ਹੋਇਆ ਹੈ।

16. ਮਾਤਬਰ ਨੌਕਰ ਜ਼ਿੰਮੇਵਾਰ ਭਰਾਵਾਂ ਨੂੰ ਸਿਖਲਾਈ ਕਿਵੇਂ ਦਿੰਦਾ ਹੈ?

16 ਇਹ ਮਾਤਬਰ ਨੌਕਰ ਸਿਖਲਾਈ ਕਿਵੇਂ ਦਿੰਦਾ ਹੈ? ਪਹਿਲੀ ਸਦੀ ਵਿਚ ਇਸ ਮਾਤਬਰ ਨੌਕਰ ਨੇ ਕੁਝ ਭਰਾਵਾਂ ਨੂੰ ਅਧਿਕਾਰ ਦਿੱਤਾ ਸੀ ਕਿ ਉਹ ਕਲੀਸਿਯਾਵਾਂ ਵਿਚ ਭਰਾਵਾਂ ਨੂੰ ਸਿਖਲਾਈ ਦੇਣ ਅਤੇ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਨਿਯੁਕਤ ਕਰਨ। ਫਿਰ ਇਹ ਨਵੇਂ ਨਿਯੁਕਤ ਭਰਾ ਕਲੀਸਿਯਾ ਦੇ ਹੋਰਨਾਂ ਭੈਣਾਂ-ਭਰਾਵਾਂ ਨੂੰ ਸਿਖਲਾਈ ਦਿੰਦੇ ਸਨ। (1 ਕੁਰਿੰਥੀਆਂ 4:17) ਅੱਜ ਵੀ ਇਸੇ ਤਰ੍ਹਾਂ ਹੁੰਦਾ ਹੈ। ਮਸਹ ਕੀਤੇ ਹੋਏ ਬਜ਼ੁਰਗਾਂ ਨਾਲ ਬਣੀ ਪ੍ਰਬੰਧਕ ਸਭਾ ਬੁੱਧਵਾਨ ਨੌਕਰ ਦੀ ਪ੍ਰਤਿਨਿਧ ਹੈ। ਪ੍ਰਬੰਧਕ ਸਭਾ ਨੇ ਕੁਝ ਭਰਾਵਾਂ ਨੂੰ ਅਧਿਕਾਰ ਦਿੱਤਾ ਹੈ ਕਿ ਉਹ ਦੁਨੀਆਂ ਭਰ ਦੀਆਂ ਹਜ਼ਾਰਾਂ ਕਲੀਸਿਯਾਵਾਂ ਵਿਚ ਭਰਾਵਾਂ ਨੂੰ ਸਿਖਲਾਈ ਦੇਣ ਤੇ ਉਨ੍ਹਾਂ ਨੂੰ ਸਹਾਇਕ ਸੇਵਕਾਂ ਅਤੇ ਬਜ਼ੁਰਗਾਂ ਵਜੋਂ ਨਿਯੁਕਤ ਕਰਨ। ਇਸ ਦੇ ਨਾਲ-ਨਾਲ ਪ੍ਰਬੰਧਕ ਸਭਾ ਬ੍ਰਾਂਚ ਕਮੇਟੀ ਮੈਂਬਰਾਂ, ਸਫ਼ਰੀ ਨਿਗਾਹਬਾਨਾਂ, ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਲਈ ਸਕੂਲਾਂ ਦਾ ਇੰਤਜ਼ਾਮ ਕਰਦੀ ਹੈ ਤਾਂਕਿ ਇਹ ਭਰਾ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰ ਸਕਣ। ਹੋਰ ਅਗਵਾਈ ਚਿੱਠੀਆਂ ਰਾਹੀਂ, ਪਹਿਰਾਬੁਰਜ ਦੇ ਲੇਖਾਂ ਰਾਹੀਂ ਤੇ ਹੋਰ ਪ੍ਰਕਾਸ਼ਨਾਂ ਜਿਵੇਂ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ * (ਹਿੰਦੀ) ਵਰਗੀਆਂ ਪੁਸਤਕਾਂ ਰਾਹੀਂ ਦਿੱਤੀ ਜਾਂਦੀ ਹੈ।

17. (ੳ) ਯਿਸੂ ਨੇ ਕਿਵੇਂ ਦਿਖਾਇਆ ਕਿ ਉਹ ਨੌਕਰ ਵਰਗ ਉੱਤੇ ਭਰੋਸਾ ਰੱਖਦਾ ਹੈ? (ਅ) ਬਜ਼ੁਰਗ ਕਿਵੇਂ ਦਿਖਾਉਂਦੇ ਹਨ ਕਿ ਉਨ੍ਹਾਂ ਨੂੰ ਮਾਤਬਰ ਨੌਕਰ ਉੱਤੇ ਭਰੋਸਾ ਹੈ?

17 ਯਿਸੂ ਨੂੰ ਇਸ ਨੌਕਰ ਵਰਗ ਉੱਤੇ ਪੱਕਾ ਭਰੋਸਾ ਹੈ। ਇਸ ਲਈ ਉਸ ਨੇ ‘ਆਪਣੇ ਸਾਰੇ ਮਾਲ ਮਤੇ’ ਉੱਤੇ ਉਸ ਨੂੰ ਠਹਿਰਾਇਆ ਹੋਇਆ ਹੈ ਯਾਨੀ ਧਰਤੀ ਉੱਤੇ ਪਰਮੇਸ਼ੁਰ ਦੇ ਸਾਰੇ ਕੰਮਾਂ ਦੀ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ। (ਮੱਤੀ 24:47) ਬਜ਼ੁਰਗ ਵੀ ਇਸ ਨੌਕਰ ਵਰਗ ਦੀ ਪ੍ਰਬੰਧਕ ਸਭਾ ਦੀ ਸੇਧ ਵਿਚ ਚੱਲ ਕੇ ਦਿਖਾਉਂਦੇ ਹਨ ਕਿ ਉਹ ਨੌਕਰ ਵਰਗ ਉੱਤੇ ਭਰੋਸਾ ਰੱਖਦੇ ਹਨ। ਜੀ ਹਾਂ, ਜਦ ਬਜ਼ੁਰਗ ਦੂਸਰਿਆਂ ਨੂੰ ਸਿਖਲਾਈ ਦਿੰਦੇ ਹਨ, ਆਪ ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਉੱਤੇ ਚੱਲਦੇ ਹਨ ਅਤੇ ਮਾਤਬਰ ਨੌਕਰ ਦੁਆਰਾ ਮਿਲੀ ਸਿਖਲਾਈ ਨੂੰ ਇਸਤੇਮਾਲ ਕਰਦੇ ਹਨ, ਤਾਂ ਉਹ ਕਲੀਸਿਯਾ ਵਿਚ ਏਕਤਾ ਵਧਾਉਂਦੇ ਹਨ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਯਹੋਵਾਹ ਬਜ਼ੁਰਗਾਂ ਨੂੰ ਸਿਖਲਾਈ ਦਿੰਦਾ ਹੈ ਜੋ ਕਲੀਸਿਯਾ ਦੇ ਹਰ ਮੈਂਬਰ ਨੂੰ ਪਿਆਰ ਕਰਦੇ ਹਨ ਤੇ ਉਨ੍ਹਾਂ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰਦੇ ਹਨ!

[ਫੁਟਨੋਟ]

^ ਪੈਰਾ 16 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ।

ਤੁਸੀਂ ਕੀ ਜਵਾਬ ਦਿਓਗੇ?

• ਤਜਰਬੇਕਾਰ ਬਜ਼ੁਰਗ ਹੋਰਨਾਂ ਭਰਾਵਾਂ ਨੂੰ ਸਿਖਲਾਈ ਕਿਵੇਂ ਦਿੰਦੇ ਹਨ?

• ਬਜ਼ੁਰਗ ਆਪਣੀ ਸਮਝ ਅਨੁਸਾਰ ਭੈਣਾਂ-ਭਰਾਵਾਂ ਨੂੰ ਸਲਾਹ ਕਿਉਂ ਨਹੀਂ ਦਿੰਦੇ?

• ਬਜ਼ੁਰਗ ਬੁੱਧਵਾਨ ਨੌਕਰ ਉੱਤੇ ਭਰੋਸਾ ਕਿਵੇਂ ਅਤੇ ਕਿਉਂ ਰੱਖਦੇ ਹਨ?

[ਸਵਾਲ]

[ਸਫ਼ੇ 24, 25 ਉੱਤੇ ਤਸਵੀਰਾਂ]

ਕਲੀਸਿਯਾ ਦੇ ਬਜ਼ੁਰਗ ਹੋਰਨਾਂ ਭਰਾਵਾਂ ਨੂੰ ਸਿਖਲਾਈ ਦਿੰਦੇ ਹਨ

[ਸਫ਼ਾ 26 ਉੱਤੇ ਤਸਵੀਰਾਂ]

“ਮਾਤਬਰ ਅਤੇ ਬੁੱਧਵਾਨ ਨੌਕਰ” ਬਜ਼ੁਰਗਾਂ ਨੂੰ ਸਿਖਲਾਈ ਦਿੰਦਾ ਹੈ