Skip to content

Skip to table of contents

ਯਿਸੂ ਦੇ ਨਕਸ਼ੇ-ਕਦਮ ਤੇ ਚੱਲ ਕੇ ਗ਼ਰੀਬਾਂ ਦੀ ਮਦਦ ਕਰੋ

ਯਿਸੂ ਦੇ ਨਕਸ਼ੇ-ਕਦਮ ਤੇ ਚੱਲ ਕੇ ਗ਼ਰੀਬਾਂ ਦੀ ਮਦਦ ਕਰੋ

ਯਿਸੂ ਦੇ ਨਕਸ਼ੇ-ਕਦਮ ਤੇ ਚੱਲ ਕੇ ਗ਼ਰੀਬਾਂ ਦੀ ਮਦਦ ਕਰੋ

ਇ ਨਸਾਨ ਦੇ ਮੁੱਢ ਤੋਂ ਹੀ ਗ਼ਰੀਬੀ ਅਤੇ ਦੁੱਖ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਸਦੀਆਂ ਪਹਿਲਾਂ ਪਰਮੇਸ਼ੁਰ ਨੇ ਗ਼ਰੀਬਾਂ ਦੇ ਬਚਾਅ ਅਤੇ ਉਨ੍ਹਾਂ ਦਾ ਦੁੱਖ-ਦਰਦ ਵੰਡਾਉਣ ਸੰਬੰਧੀ ਇਸਰਾਏਲੀ ਲੋਕਾਂ ਨੂੰ ਕੁਝ ਹਿਦਾਇਤਾਂ ਦਿੱਤੀਆਂ ਸਨ। ਪਰ ਉਹ ਅਕਸਰ ਇਹ ਹਿਦਾਇਤਾਂ ਭੁੱਲ ਜਾਂਦੇ ਸਨ। (ਆਮੋਸ 2:6) ਕਈ ਲੋਕ ਗ਼ਰੀਬਾਂ ਨਾਲ ਬਹੁਤ ਬੁਰਾ ਸਲੂਕ ਕਰਦੇ ਸਨ। ਇਸ ਲਈ ਹਿਜ਼ਕੀਏਲ ਨਬੀ ਨੇ ਇਨ੍ਹਾਂ ਲੋਕਾਂ ਦੀ ਨਿੰਦਿਆ ਕਰਦੇ ਹੋਏ ਕਿਹਾ: “ਇਸ ਦੇਸ ਦੇ ਲੋਕਾਂ ਨੇ ਅਤਿਆਚਾਰ ਅਤੇ ਲੁੱਟਮਾਰ ਕੀਤੀ ਹੈ ਅਤੇ ਮਸਕੀਨਾਂ ਤੇ ਕੰਗਾਲਾਂ ਨੂੰ ਦੁਖ ਦਿੱਤਾ ਹੈ ਅਤੇ ਪਰਦੇਸੀਆਂ ਤੇ ਨਾਹੱਕ ਜਬਰ ਕੀਤਾ ਹੈ।”—ਹਿਜ਼ਕੀਏਲ 22:29.

ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਸ ਸਮੇਂ ਵੀ ਗ਼ਰੀਬਾਂ ਨਾਲ ਇਹੋ ਜਿਹਾ ਸਲੂਕ ਕੀਤਾ ਜਾਂਦਾ ਸੀ। ਧਾਰਮਿਕ ਆਗੂ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਦੀ ਬਜਾਇ ਆਪਣੇ ਬਣਾਏ ਰੀਤੀ-ਰਿਵਾਜਾਂ ਦੀ ਪਾਲਣਾ ਕਰਨ ਉੱਤੇ ਜ਼ਿਆਦਾ ਜ਼ੋਰ ਦਿੰਦੇ ਸਨ। ਉਹ “ਰੁਪਿਆਂ ਦੇ ਲੋਭੀ ਸਨ” ਅਤੇ “ਵਿਧਵਾਂ ਦੇ ਘਰਾਂ ਨੂੰ ਚੱਟ ਕਰ ਜਾਂਦੇ ਸਨ।” (ਲੂਕਾ 16:14; 20:47; ਮੱਤੀ 15:5, 6) ਇਨ੍ਹਾਂ ਧਾਰਮਿਕ ਆਗੂਆਂ ਬਾਰੇ ਸਾਨੂੰ ਨੇਕ ਸਾਮਰੀ ਸੰਬੰਧੀ ਯਿਸੂ ਦੇ ਦ੍ਰਿਸ਼ਟਾਂਤ ਵਿੱਚੋਂ ਵੀ ਪਤਾ ਲੱਗਦਾ ਹੈ। ਦ੍ਰਿਸ਼ਟਾਂਤ ਵਿਚ ਯਿਸੂ ਨੇ ਦੱਸਿਆ ਕਿ ਕੁਝ ਡਾਕੂ ਇਕ ਆਦਮੀ ਨੂੰ ਰਾਹ ਵਿਚ ਮਾਰ-ਕੁੱਟ ਕੇ ਅਧਮੋਇਆ ਛੱਡ ਕੇ ਚਲੇ ਗਏ ਸਨ। ਉਸੇ ਰਾਹੋਂ ਇਕ ਜਾਜਕ ਅਤੇ ਇਕ ਲੇਵੀ ਜਾ ਰਹੇ ਸਨ, ਪਰ ਉਹ ਉਸ ਆਦਮੀ ਨੂੰ ਜ਼ਖ਼ਮੀ ਹਾਲਤ ਵਿਚ ਦੇਖ ਕੇ ਉਸ ਦੀ ਮਦਦ ਕਰਨ ਦੀ ਬਜਾਇ ਕੰਨੀ ਕਤਰਾਉਂਦੇ ਹੋਏ ਅੱਗੇ ਲੰਘ ਗਏ।—ਲੂਕਾ 10:30-37.

ਯਿਸੂ ਨੂੰ ਗ਼ਰੀਬਾਂ ਦੀ ਚਿੰਤਾ ਸੀ

ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ ਗ਼ਰੀਬਾਂ ਦਾ ਦੁੱਖ ਚੰਗੀ ਤਰ੍ਹਾਂ ਸਮਝਦਾ ਸੀ ਅਤੇ ਉਨ੍ਹਾਂ ਨਾਲ ਹਮਦਰਦੀ ਰੱਖਦਾ ਸੀ। ਭਾਵੇਂ ਯਿਸੂ ਸਵਰਗ ਵਿਚ ਇਕ ਦੂਤ ਸੀ, ਪਰ ਉਸ ਨੇ ਆਪਣੀ ਇਸ ਉੱਚੀ ਪਦਵੀ ਨੂੰ ਛੱਡ ਕੇ ਸਾਡੀ ਖ਼ਾਤਰ ਇਨਸਾਨ ਦੇ ਰੂਪ ਵਿਚ ਜਨਮ ਲਿਆ ਅਤੇ “ਨਿਰਧਨ ਬਣਿਆ।” (2 ਕੁਰਿੰਥੀਆਂ 8:9) ਜਦ ਯਿਸੂ ਨੇ ਲੋਕਾਂ ਦੀਆਂ ਭੀੜਾਂ ਦੇਖੀਆਂ, ਤਾਂ “ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਇਕ ਵਾਰ ਯਿਸੂ ਹੈਕਲ ਵਿਚ ਬੈਠਾ ਲੋਕਾਂ ਨੂੰ ਦਾਨ ਪੇਟੀ ਵਿਚ ਦਾਨ ਪਾਉਂਦੇ ਦੇਖ ਰਿਹਾ ਸੀ। ਯਿਸੂ ਉਨ੍ਹਾਂ ਧਨਵਾਨਾਂ ਨੂੰ ਦੇਖ ਕੇ ਪ੍ਰਭਾਵਿਤ ਨਹੀਂ ਹੋਇਆ ਜੋ ਆਪਣੇ ਵਾਧੂ ਮਾਲ ਵਿੱਚੋਂ ਬਹੁਤੇ ਪੈਸੇ ਦਾਨ ਕਰ ਰਹੇ ਸਨ, ਸਗੋਂ ਉਹ ਇਕ ਗ਼ਰੀਬ ਵਿਧਵਾ ਨੂੰ ਦੋ ਦਮੜੀਆਂ ਦਾਨ ਪੇਟੀ ਵਿਚ ਪਾਉਂਦਿਆਂ ਦੇਖ ਕੇ ਬਹੁਤ ਹੀ ਪ੍ਰਭਾਵਿਤ ਹੋਇਆ। ਕਿਉਂ? ਕਿਉਂਕਿ ਉਸ ਵਿਧਵਾ ਨੇ ‘ਆਪਣੀ ਥੁੜ ਵਿੱਚੋਂ ਸਾਰੀ ਪੂੰਜੀ ਜੋ ਉਹ ਦੀ ਸੀ ਪਾ ਦਿੱਤੀ।’—ਲੂਕਾ 21:4.

ਯਿਸੂ ਨੇ ਗ਼ਰੀਬਾਂ ਉੱਤੇ ਸਿਰਫ਼ ਤਰਸ ਹੀ ਨਹੀਂ ਕੀਤਾ ਸੀ, ਉਸ ਨੇ ਉਨ੍ਹਾਂ ਦੀ ਮਦਦ ਵੀ ਕੀਤੀ ਸੀ। ਉਹ ਅਤੇ ਉਸ ਦੇ ਚੇਲੇ ਲੋੜਵੰਦ ਇਸਰਾਏਲੀ ਲੋਕਾਂ ਦੀ ਮਦਦ ਕਰਨ ਵਾਸਤੇ ਕੁਝ ਪੈਸਾ ਅਲੱਗ ਰੱਖਦੇ ਹੁੰਦੇ ਸਨ। (ਮੱਤੀ 26:6-9; ਯੂਹੰਨਾ 12:5-8; 13:29) ਜੋ ਯਿਸੂ ਦੇ ਚੇਲੇ ਬਣਨਾ ਚਾਹੁੰਦੇ ਸਨ, ਉਨ੍ਹਾਂ ਨੂੰ ਯਿਸੂ ਨੇ ਤਾਕੀਦ ਕੀਤੀ ਕਿ ਉਹ ਗ਼ਰੀਬਾਂ ਦੀ ਦੇਖ-ਭਾਲ ਕਰਨ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ। ਮਿਸਾਲ ਲਈ, ਯਿਸੂ ਨੇ ਇਕ ਧਨੀ ਨੌਜਵਾਨ ਨੂੰ ਕਿਹਾ: “ਜੋ ਕੁਝ ਤੇਰਾ ਹੈ ਵੇਚ ਅਤੇ ਕੰਗਾਲਾਂ ਨੂੰ ਦੇ ਦੇਹ ਤਾਂ ਤੈਨੂੰ ਸੁਰਗ ਵਿੱਚ ਧਨ ਮਿਲੇਗਾ ਅਤੇ ਆ ਮੇਰੇ ਪਿੱਛੇ ਹੋ ਤੁਰ।” ਪਰ ਉਹ ਨੌਜਵਾਨ ਆਪਣੀ ਧਨ-ਦੌਲਤ ਦਾਨ ਕਰਨ ਲਈ ਤਿਆਰ ਨਹੀਂ ਸੀ। ਉਹ ਪਰਮੇਸ਼ੁਰ ਅਤੇ ਆਪਣੇ ਗੁਆਂਢੀ ਨਾਲੋਂ ਧਨ-ਦੌਲਤ ਨੂੰ ਜ਼ਿਆਦਾ ਪਿਆਰ ਕਰਦਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਉਸ ਵਿਚ ਉਹ ਗੁਣ ਨਹੀਂ ਸਨ ਜੋ ਯਿਸੂ ਦਾ ਚੇਲਾ ਬਣਨ ਲਈ ਜ਼ਰੂਰੀ ਸਨ।—ਲੂਕਾ 18:22, 23.

ਯਿਸੂ ਦੇ ਚੇਲਿਆਂ ਨੂੰ ਵੀ ਗ਼ਰੀਬਾਂ ਦੀ ਚਿੰਤਾ ਹੈ

ਯਿਸੂ ਦੀ ਮੌਤ ਤੋਂ ਬਾਅਦ ਉਸ ਦੇ ਚੇਲਿਆਂ ਨੇ ਗ਼ਰੀਬਾਂ ਦੀ ਦੇਖ-ਭਾਲ ਕਰਨੀ ਜਾਰੀ ਰੱਖੀ। ਯਿਸੂ ਮਸੀਹ ਨੇ ਪੌਲੁਸ ਰਸੂਲ ਨੂੰ ਖ਼ੁਸ਼-ਖ਼ਬਰੀ ਦਾ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਸੀ। ਅਤੇ ਲਗਭਗ 49 ਈ. ਵਿਚ ਇਸ ਬਾਰੇ ਗੱਲ-ਬਾਤ ਕਰਨ ਲਈ ਪੌਲੁਸ ਰਸੂਲ ਹੋਰਨਾਂ ਚੇਲਿਆਂ ਯਾਕੂਬ, ਪਤਰਸ ਅਤੇ ਯੂਹੰਨਾ ਨੂੰ ਮਿਲਿਆ। ਉਹ ਸਭ ਸਹਿਮਤ ਸਨ ਕਿ ਪੌਲੁਸ ਅਤੇ ਬਰਨਬਾਸ ਨੂੰ “ਪਰਾਈਆਂ ਕੌਮਾਂ” ਨੂੰ ਪ੍ਰਚਾਰ ਕਰਨ ਲਈ ਜਾਣਾ ਚਾਹੀਦਾ ਹੈ। ਲੇਕਿਨ ਯਾਕੂਬ ਅਤੇ ਦੂਸਰਿਆਂ ਭਰਾਵਾਂ ਨੇ ਪੌਲੁਸ ਅਤੇ ਬਰਨਬਾਸ ਨੂੰ ਇਹ ਵੀ ਤਾਕੀਦ ਕੀਤੀ ਕਿ ਉਹ ‘ਗਰੀਬਾਂ ਨੂੰ ਚੇਤੇ ਰੱਖਣ।’ ਇਸ ਲਈ ਪੌਲੁਸ ਨੇ ਇਸ ਕੰਮ ਲਈ “ਲੱਕ ਬੱਧਾ।”—ਗਲਾਤੀਆਂ 2:7-10.

ਬਾਦਸ਼ਾਹ ਕਲੌਦਿਯੁਸ ਦੇ ਰਾਜ ਦੌਰਾਨ, ਰੋਮੀ ਸਾਮਰਾਜ ਦੇ ਕਈ ਇਲਾਕਿਆਂ ਵਿਚ ਬਹੁਤ ਵੱਡਾ ਕਾਲ ਪੈ ਗਿਆ। ਇਸ ਲਈ ਅੰਤਾਕਿਯਾ ਦੇ ਮਸੀਹੀਆਂ ਵਿੱਚੋਂ “ਹਰੇਕ ਨੇ ਆਪੋ ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਾਈਆਂ ਦੀ ਮੱਦਤ ਲਈ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ ਕੁਝ ਘੱਲਣ ਦੀ ਦਲੀਲ ਕੀਤੀ। ਸੋ ਉਨ੍ਹਾਂ ਨੇ ਏਵੇਂ ਹੀ ਕੀਤਾ ਅਤੇ ਬਰਨਬਾਸ ਅਰ ਸੌਲੁਸ ਦੇ ਹੱਥੀਂ ਬਜੁਰਗਾਂ ਦੇ ਕੋਲ ਉਹ ਘੱਲਿਆ।”—ਰਸੂਲਾਂ ਦੇ ਕਰਤੱਬ 11:28-30.

ਅੱਜ ਵੀ ਸੱਚੇ ਮਸੀਹੀ ਜਾਣਦੇ ਹਨ ਕਿ ਯਿਸੂ ਦੇ ਚੇਲਿਆਂ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਹ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ, ਖ਼ਾਸ ਕਰਕੇ ਆਪਣੇ ਸੰਗੀ ਵਿਸ਼ਵਾਸੀਆਂ ਦੀ। (ਗਲਾਤੀਆਂ 6:10) ਇਸ ਲਈ ਉਹ ਦਿਲੋਂ ਗ਼ਰੀਬਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਮਿਸਾਲ ਲਈ, 1998 ਵਿਚ ਸੋਕੇ ਕਰਕੇ ਤਕਰੀਬਨ ਸਾਰਾ ਉੱਤਰ-ਪੂਰਬੀ ਬ੍ਰਾਜ਼ੀਲ ਬਰਬਾਦ ਹੋ ਚੁੱਕਾ ਸੀ। ਚੌਲ, ਫਲੀਆਂ ਅਤੇ ਮੱਕੀ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਸਨ। ਨਤੀਜੇ ਵਜੋਂ, ਦੇਸ਼ ਵਿਚ ਵੱਡਾ ਕਾਲ ਪੈ ਗਿਆ। ਇਹ ਪਿਛਲੇ 15 ਸਾਲਾਂ ਵਿਚ ਪਏ ਕਾਲਾਂ ਨਾਲੋਂ ਸਭ ਤੋਂ ਭਿਆਨਕ ਕਾਲ ਸੀ। ਕੁਝ ਇਲਾਕਿਆਂ ਵਿਚ ਪੀਣ ਵਾਲਾ ਪਾਣੀ ਵੀ ਮਸਾਂ ਹੀ ਮਿਲਦਾ ਸੀ। ਪਰ, ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਰਹਿੰਦੇ ਯਹੋਵਾਹ ਦੇ ਗਵਾਹਾਂ ਨੇ ਫ਼ੌਰਨ ਹੀ ਲੋੜਵੰਦਾਂ ਦੀ ਮਦਦ ਕਰਨ ਦਾ ਪ੍ਰੋਗ੍ਰਾਮ ਬਣਾਇਆ। ਥੋੜ੍ਹੇ ਹੀ ਸਮੇਂ ਵਿਚ ਖਾਣ-ਪੀਣ ਦੇ ਸਮਾਨ ਦਾ ਢੇਰ ਲੱਗ ਗਿਆ ਅਤੇ ਇਹ ਸਾਰਾ ਸਮਾਨ ਲੋੜਵੰਦਾਂ ਤਕ ਪਹੁੰਚਾਉਣ ਦਾ ਖ਼ਰਚਾ ਵੀ ਇਨ੍ਹਾਂ ਭੈਣਾਂ-ਭਰਾਵਾਂ ਨੇ ਉਠਾਇਆ ਸੀ।

ਇਹ ਮਦਦ ਦੇਣ ਵਾਲੇ ਭੈਣਾਂ-ਭਰਾਵਾਂ ਨੇ ਲਿਖਿਆ: “ਸਾਨੂੰ ਆਪਣੇ ਭਰਾਵਾਂ ਦੀ ਮਦਦ ਕਰ ਕੇ ਬਹੁਤ ਖ਼ੁਸ਼ੀ ਮਿਲੀ। ਅਸੀਂ ਜਾਣਦੇ ਹਾਂ ਕਿ ਆਪਣੇ ਭੈਣ-ਭਰਾਵਾਂ ਦੀ ਮਦਦ ਕਰ ਕੇ ਅਸੀਂ ਯਹੋਵਾਹ ਪਰਮੇਸ਼ੁਰ ਦਾ ਦਿਲ ਖ਼ੁਸ਼ ਕੀਤਾ ਹੈ। ਅਸੀਂ ਯਾਕੂਬ 2:15, 16 ਦੇ ਸ਼ਬਦ ਕਦੇ ਨਹੀਂ ਭੁੱਲਦੇ।” ਇਨ੍ਹਾਂ ਆਇਤਾਂ ਵਿਚ ਲਿਖਿਆ ਹੈ: “ਜੇ ਕੋਈ ਭਾਈ ਯਾ ਭੈਣ ਨੰਗਾ ਅਤੇ ਰੱਜਵੀ ਰੋਟੀ ਤੋਂ ਥੁੜਿਆ ਹੋਵੇ। ਅਤੇ ਤੁਸਾਂ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਭਈ ਸੁਖ ਸਾਂਦ ਨਾਲ ਜਾਓ। ਨਿੱਘੇ

ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਦੀਆਂ ਹਨ ਓਹ ਤੁਸਾਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ?”

ਸਾਓ ਪੌਲੋ ਸ਼ਹਿਰ ਵਿਚ ਰਹਿਣ ਵਾਲੀ ਇਕ ਜੋਸ਼ੀਲੀ ਯਹੋਵਾਹ ਦੀ ਗਵਾਹ ਦੀ ਉਦਾਹਰਣ ਉੱਤੇ ਗੌਰ ਕਰੋ। ਘੋਰ ਗ਼ਰੀਬੀ ਕਾਰਨ ਇਸ ਭੈਣ ਨੂੰ ਆਪਣਾ ਗੁਜ਼ਾਰਾ ਤੋਰਨ ਲਈ ਬੜੀ ਜੱਦੋ-ਜਹਿਦ ਕਰਨੀ ਪੈਂਦੀ ਹੈ। ਉਹ ਦੱਸਦੀ ਹੈ: “ਗ਼ਰੀਬੀ ਦੀ ਮਾਰ ਹੇਠ ਰਹਿ ਕੇ ਵੀ ਮੈਂ ਮਕਸਦ ਭਰੀ ਜ਼ਿੰਦਗੀ ਜੀਉਂਦੀ ਹਾਂ ਕਿਉਂਕਿ ਮੈਨੂੰ ਬਾਈਬਲ ਦੇ ਸੰਦੇਸ਼ ਤੋਂ ਵਧੀਆ ਉਮੀਦ ਮਿਲੀ ਹੈ। ਜੇ ਮੈਨੂੰ ਯਹੋਵਾਹ ਦੇ ਗਵਾਹਾਂ ਤੋਂ ਮਦਦ ਨਾ ਮਿਲਦੀ, ਤਾਂ ਪਤਾ ਨਹੀਂ ਮੇਰਾ ਕੀ ਹੁੰਦਾ।” ਕੁਝ ਸਮਾਂ ਪਹਿਲਾਂ, ਇਸ ਭੈਣ ਨੂੰ ਓਪਰੇਸ਼ਨ ਕਰਾਉਣ ਦੀ ਲੋੜ ਸੀ, ਪਰ ਓਪਰੇਸ਼ਨ ਕਰਾਉਣ ਲਈ ਉਸ ਕੋਲ ਪੈਸੇ ਨਹੀਂ ਸਨ। ਇਸ ਲਈ, ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਮਿਲ ਕੇ ਉਸ ਦੇ ਓਪਰੇਸ਼ਨ ਦਾ ਖ਼ਰਚਾ ਉਠਾਇਆ। ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਇਕ-ਦੂਜੇ ਦੀ ਮਦਦ ਕਰ ਰਹੇ ਹਨ।

ਅਜਿਹੇ ਤਜਰਬੇ ਪੜ੍ਹ ਕੇ ਸਾਡਾ ਹੌਸਲਾ ਜ਼ਰੂਰ ਵਧਦਾ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਇਨਸਾਨਾਂ ਦੇ ਲੱਖ ਕੋਸ਼ਿਸ਼ ਕਰਨ ਤੇ ਵੀ ਉਹ ਗ਼ਰੀਬੀ ਨੂੰ ਜੜ੍ਹੋਂ ਨਹੀਂ ਖ਼ਤਮ ਕਰ ਸਕਦੇ। ਤਾਕਤਵਰ ਸਰਕਾਰਾਂ ਅਤੇ ਵੱਡੀਆਂ-ਵੱਡੀਆਂ ਅੰਤਰਰਾਸ਼ਟਰੀ ਏਜੰਸੀਆਂ ਵੀ ਕੁਝ ਹੱਦ ਤਕ ਗ਼ਰੀਬਾਂ ਦੀ ਮਦਦ ਕਰ ਰਹੀਆਂ ਹਨ, ਪਰ ਗ਼ਰੀਬੀ ਨੂੰ ਖ਼ਤਮ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ। ਤਾਂ ਫਿਰ, ਸਵਾਲ ਇਹ ਪੈਦਾ ਹੁੰਦਾ ਹੈ: ਕੀ ਇਨਸਾਨਾਂ ਦਾ ਗ਼ਰੀਬੀ ਅਤੇ ਹੋਰ ਇਹੋ ਜਿਹੀਆਂ ਸਮੱਸਿਆਵਾਂ ਤੋਂ ਕਦੇ ਪਿੱਛਾ ਛੁੱਟੇਗਾ?

ਪਰਮੇਸ਼ੁਰ ਦੇ ਬਚਨ ਤੋਂ ਮਦਦ ਮਿਲਦੀ ਹੈ

ਬਾਈਬਲ ਸਾਨੂੰ ਦੱਸਦੀ ਹੈ ਕਿ ਯਿਸੂ ਮਸੀਹ ਆਪਣੇ ਦਸਤੂਰ ਅਨੁਸਾਰ ਨੇਕ ਕੰਮਾਂ ਰਾਹੀਂ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਿਆ ਕਰਦਾ ਸੀ। (ਮੱਤੀ 14:14-21) ਪਰ ਉਸ ਦੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੰਮ ਕੀ ਸੀ? ਇਕ ਵਾਰ ਯਿਸੂ ਨੇ ਕੁਝ ਸਮੇਂ ਤਕ ਲੋੜਵੰਦਾਂ ਦੀ ਮਦਦ ਕਰਨ ਤੋਂ ਬਾਅਦ ਆਪਣੇ ਚੇਲਿਆਂ ਨੂੰ ਕਿਹਾ: ‘ਆਓ, ਕਿਸੇ ਹੋਰ ਪਾਸੇ ਨੇੜੇ ਦੇ ਨਗਰਾਂ ਵਿੱਚ ਚਲੀਏ ਜੋ ਮੈਂ ਉੱਥੇ ਭੀ ਪਰਚਾਰ ਕਰਾਂ।’ ਯਿਸੂ ਨੇ ਪ੍ਰਚਾਰ ਦਾ ਕੰਮ ਕਰਨ ਲਈ ਬੀਮਾਰਾਂ ਅਤੇ ਗ਼ਰੀਬਾਂ ਦੀ ਸੇਵਾ ਕਰਨ ਦਾ ਕੰਮ ਕਿਉਂ ਰੋਕਿਆ ਸੀ? ਉਹ ਸਮਝਾਉਂਦਾ ਹੈ: “ਮੈਂ ਇਸੇ ਲਈ [ਯਾਨੀ ਪ੍ਰਚਾਰ ਕਰਨ ਲਈ] ਨਿੱਕਲਿਆ ਹਾਂ।” (ਮਰਕੁਸ 1:38, 39; ਲੂਕਾ 4:43) ਭਾਵੇਂ ਲੋਕਾਂ ਦਾ ਭਲਾ ਕਰਨਾ ਯਿਸੂ ਦੀਆਂ ਨਜ਼ਰਾਂ ਵਿਚ ਬਹੁਤ ਜ਼ਰੂਰੀ ਕੰਮ ਸੀ, ਪਰ ਉਸ ਦਾ ਮੁੱਖ ਕੰਮ ਪਰਮੇਸ਼ੁਰ ਦੇ ਰਾਜ ਬਾਰੇ ਲੋਕਾਂ ਨੂੰ ਪ੍ਰਚਾਰ ਕਰਨਾ ਸੀ।—ਮਰਕੁਸ 1:14.

ਬਾਈਬਲ ਸਾਨੂੰ ਤਾਕੀਦ ਕਰਦੀ ਹੈ ਕਿ ‘ਤੁਸੀਂ ਯਿਸੂ ਦੀ ਪੈੜ ਉੱਤੇ ਤੁਰੋ।’ (1 ਪਤਰਸ 2:21) ਜੀ ਹਾਂ, ਯਿਸੂ ਵਾਂਗ ਸਾਨੂੰ ਵੀ ਗ਼ਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਲੱਗਿਆਂ ਜ਼ਰੂਰੀ ਗੱਲਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਦਾ ਮਤਲਬ ਹੈ ਕਿ ਯਿਸੂ ਵਾਂਗ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਕੰਮ ਸਾਡਾ ਮੁੱਖ ਕੰਮ ਹੋਣਾ ਚਾਹੀਦਾ ਹੈ। (ਮੱਤੀ 5:14-16; 24:14; 28:19, 20) ਪਰ, ਪ੍ਰਚਾਰ ਦਾ ਕੰਮ ਲੋਕਾਂ ਦੀ ਹੋਰਨਾਂ ਤਰੀਕਿਆਂ ਨਾਲ ਮਦਦ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਕਿਉਂ ਹੈ?

ਦੁਨੀਆਂ ਭਰ ਵਿਚ ਲੋਕਾਂ ਦੇ ਤਜਰਬਿਆਂ ਤੋਂ ਜ਼ਾਹਰ ਹੁੰਦਾ ਹੈ ਕਿ ਜਦ ਉਹ ਬਾਈਬਲ ਨੂੰ ਚੰਗੀ ਤਰ੍ਹਾਂ ਸਮਝਦੇ ਅਤੇ ਉਸ ਦੀ ਸਲਾਹ ਆਪਣੀ ਜ਼ਿੰਦਗੀ ਵਿਚ ਲਾਗੂ ਕਰਦੇ ਹਨ, ਤਾਂ ਉਨ੍ਹਾਂ ਨੂੰ ਗ਼ਰੀਬੀ ਦੇ ਨਾਲ-ਨਾਲ ਹੋਰਨਾਂ ਰੋਜ਼ਮੱਰਾ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਕਾਫ਼ੀ ਮਦਦ ਮਿਲਦੀ ਹੈ। ਇਸ ਤੋਂ ਇਲਾਵਾ, ਬਾਈਬਲ ਵਿਚ ਪਾਇਆ ਜਾਂਦਾ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼, ਜੋ ਅੱਜ ਯਹੋਵਾਹ ਦੇ ਗਵਾਹ ਘਰ-ਘਰ ਜਾ ਕੇ ਲੋਕਾਂ ਨੂੰ ਦੱਸਦੇ ਹਨ, ਚੰਗੇ ਭਵਿੱਖ ਦੀ ਸ਼ਾਨਦਾਰ ਉਮੀਦ ਦਿੰਦਾ ਹੈ। ਇਸ ਉਮੀਦ ਸਦਕਾ ਲੋਕ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ। (1 ਤਿਮੋਥਿਉਸ 4:8) ਇਹ ਉਮੀਦ ਕੀ ਹੈ?

ਬਾਈਬਲ ਸਾਨੂੰ ਭਰੋਸਾ ਦਿੰਦੀ ਹੈ ਕਿ ਪਰਮੇਸ਼ੁਰ ਦੇ ਵਾਅਦੇ ਅਨੁਸਾਰ “ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) ਜਦ ਬਾਈਬਲ ਵਿਚ “ਧਰਤੀ” ਦਾ ਜ਼ਿਕਰ ਆਉਂਦਾ ਹੈ, ਤਦ ਧਰਤੀ ਅਕਸਰ ਲੋਕਾਂ ਨੂੰ ਦਰਸਾਉਂਦੀ ਹੈ। ਇਸ ਦਾ ਮਤਲਬ ਹੈ ਕਿ “ਨਵੀਂ ਧਰਤੀ” ਉਨ੍ਹਾਂ ਨੇਕ-ਦਿਲ ਤੇ ਧਰਮੀ ਲੋਕਾਂ ਨੂੰ ਦਰਸਾਉਂਦੀ ਹੈ ਜੋ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਨ। ਪਰਮੇਸ਼ੁਰ ਇਹ ਵੀ ਵਾਅਦਾ ਕਰਦਾ ਹੈ ਕਿ ਮਸੀਹ ਦੇ ਰਾਜ ਅਧੀਨ ਨੇਕ-ਦਿਲ ਲੋਕਾਂ ਨੂੰ ਫਿਰਦੌਸ ਵਰਗੀ ਧਰਤੀ ਉੱਤੇ ਸੁਖ ਅਤੇ ਖ਼ੁਸ਼ੀਆਂ ਭਰੀ ਸਦਾ ਦੀ ਜ਼ਿੰਦਗੀ ਬਖ਼ਸ਼ੀ ਜਾਵੇਗੀ। (ਮਰਕੁਸ 10:30) ਤੁਸੀਂ ਵੀ ਅਜਿਹੇ ਭਵਿੱਖ ਦੀ ਉਮੀਦ ਰੱਖ ਸਕਦੇ ਹੋ, ਉਹ ਵੀ ਜਿਨ੍ਹਾਂ ਨੂੰ ਅੱਜ ਗ਼ਰੀਬੀ ਨੇ ਆਪਣੀ ਪਕੜ ਵਿਚ ਜਕੜ ਰੱਖਿਆ ਹੈ। ਜੀ ਹਾਂ, ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਗ਼ਰੀਬੀ ਨੂੰ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਵੇਗਾ।

[ਸਫ਼ਾ 7 ਉੱਤੇ ਡੱਬੀ/ਤਸਵੀਰ]

ਯਿਸੂ ਗ਼ਰੀਬਾਂ ਨੂੰ ਕਿੱਦਾਂ ਬਚਾਵੇਗਾ?—ਜ਼ਬੂਰਾਂ ਦੀ ਪੋਥੀ 72:12

ਇਨਸਾਫ਼: ‘ਉਹ ਪਰਜਾ ਦੇ ਮਸਕੀਨਾਂ ਦਾ ਨਿਆਉਂ ਕਰੇਗਾ, ਉਹ ਕੰਗਾਲਾਂ ਦੇ ਬੱਚਿਆਂ ਨੂੰ ਬਚਾਵੇਗਾ, ਅਤੇ ਜ਼ਾਲਮ ਨੂੰ ਫੇਹਵੇਗਾ।’ (ਜ਼ਬੂਰਾਂ ਦੀ ਪੋਥੀ 72:4) ਯਿਸੂ ਮਸੀਹ ਦੇ ਰਾਜ ਅਧੀਨ ਸਾਰਿਆਂ ਨਾਲ ਇਨਸਾਫ਼ ਕੀਤਾ ਜਾਵੇਗਾ। ਭ੍ਰਿਸ਼ਟਾਚਾਰ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ। ਫਿਰ ਦੁਨੀਆਂ ਦਾ ਕੋਈ ਵੀ ਦੇਸ਼ ਕਦੇ ਗ਼ਰੀਬੀ ਦੀ ਮਾਰ ਹੇਠ ਨਹੀਂ ਆਵੇਗਾ।

ਸੁਖ-ਸ਼ਾਂਤੀ: ‘ਉਹ ਦੇ ਦਿਨੀਂ ਧਰਮੀ ਲਹਿ ਲਹਾਉਣਗੇ, ਅਤੇ ਜਿੰਨਾ ਚਿਰ ਚੰਦਰਮਾ ਜਾਂਦਾ ਨਾ ਰਹੇ ਬਾਹਲਾ ਸੁਖ ਹੋਵੇਗਾ।’ (ਜ਼ਬੂਰਾਂ ਦੀ ਪੋਥੀ 72:7) ਦੁਨੀਆਂ ਵਿਚ ਜ਼ਿਆਦਾਤਰ ਲੋਕ ਯੁੱਧਾਂ ਦੇ ਨਤੀਜੇ ਵਜੋਂ ਗ਼ਰੀਬੀ ਦੀ ਮਾਰ ਹੇਠ ਆ ਜਾਂਦੇ ਹਨ। ਯਿਸੂ ਦੁਨੀਆਂ ਭਰ ਵਿਚ ਲੜਾਈਆਂ ਦਾ ਅੰਤ ਕਰੇਗਾ ਜੋ ਗ਼ਰੀਬੀ ਦਾ ਸਭ ਤੋਂ ਵੱਡਾ ਕਾਰਨ ਹੈ।

ਦਇਆ: ‘ਉਹ ਗਰੀਬ ਅਤੇ ਕੰਗਾਲ ਉੱਤੇ ਤਰਸ ਖਾਵੇਗਾ, ਅਤੇ ਕੰਗਾਲ ਦੀਆਂ ਜਾਨਾਂ ਨੂੰ ਬਚਾਵੇਗਾ। ਉਹ ਉਨ੍ਹਾਂ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਨਿਸਤਾਰਾ ਦੇਵੇਗਾ, ਅਤੇ ਉਨ੍ਹਾਂ ਦਾ ਲਹੂ ਉਹ ਦੀ ਨਿਗਾਹ ਵਿੱਚ ਬਹੁਮੁੱਲਾ ਹੋਵੇਗਾ।’ (ਜ਼ਬੂਰਾਂ ਦੀ ਪੋਥੀ 72:12-14) ਸਾਡੇ ਦਇਆਵਾਨ ਰਾਜੇ ਯਿਸੂ ਮਸੀਹ ਦੇ ਰਾਜ ਅਧੀਨ ਗ਼ਰੀਬਾਂ ਦੇ ਸਾਰੇ ਦੁੱਖ ਦੂਰ ਕੀਤੇ ਜਾਣਗੇ ਅਤੇ ਸਭ ਲੋਕ ਇਕ ਸੁਖੀ ਪਰਿਵਾਰ ਵਾਂਗ ਰਹਿਣਗੇ।

ਖ਼ੁਸ਼ਹਾਲੀ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ (ਜ਼ਬੂਰਾਂ ਦੀ ਪੋਥੀ 72:16) ਮਸੀਹ ਦੇ ਰਾਜ ਵਿਚ ਖਾਣ-ਪੀਣ ਦੀ ਕੋਈ ਕਮੀ ਨਹੀਂ ਹੋਵੇਗੀ ਜਿਸ ਕਰਕੇ ਕਿਸੇ ਨੂੰ ਵੀ ਭੁੱਖੇ ਪੇਟ ਨਹੀਂ ਸੌਣਾ ਪਵੇਗਾ। ਕਾਲ ਤੇ ਭੁੱਖਮਰੀ ਤੋਂ ਸਾਰਿਆਂ ਦਾ ਖਹਿੜਾ ਛੁੱਟ ਜਾਵੇਗਾ।

[ਸਫ਼ੇ 4, 5 ਉੱਤੇ ਤਸਵੀਰ]

ਯਿਸੂ ਨੇ ਗ਼ਰੀਬਾਂ ਉੱਤੇ ਤਰਸ ਖਾਣ ਦੇ ਨਾਲ-ਨਾਲ ਉਨ੍ਹਾਂ ਦੀ ਮਦਦ ਵੀ ਕੀਤੀ ਸੀ

[ਸਫ਼ਾ 6 ਉੱਤੇ ਤਸਵੀਰ]

ਪਰਮੇਸ਼ੁਰ ਦੇ ਬਚਨ ਦਾ ਸੰਦੇਸ਼ ਲੋਕਾਂ ਨੂੰ ਚੰਗੇ ਭਵਿੱਖ ਦੀ ਸ਼ਾਨਦਾਰ ਉਮੀਦ ਦਿੰਦਾ ਹੈ