ਰਾਜਾ ਯਿਸੂ ਮਸੀਹ ਦੀ ਵਫ਼ਾਦਾਰੀ ਨਾਲ ਸੇਵਾ ਕਰੋ
ਰਾਜਾ ਯਿਸੂ ਮਸੀਹ ਦੀ ਵਫ਼ਾਦਾਰੀ ਨਾਲ ਸੇਵਾ ਕਰੋ
“ਪਾਤਸ਼ਾਹੀ ਅਰ ਪਰਤਾਪ ਅਰ ਰਾਜ ਉਹ ਨੂੰ ਦਿੱਤਾ ਗਿਆ, ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ ਉਹ ਦੀ ਟਹਿਲ ਕਰਨ।”—ਦਾਨੀਏਲ 7:14.
1, 2. ਸਾਨੂੰ ਕਿਵੇਂ ਪਤਾ ਹੈ ਕਿ ਯਿਸੂ ਨੇ ਪੰਤੇਕੁਸਤ 33 ਵਿਚ ਸਿਰਫ਼ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਰਾਜ ਕਰਨਾ ਸ਼ੁਰੂ ਕੀਤਾ ਸੀ?
ਉਹ ਕਿਹੜਾ ਹਾਕਮ ਹੈ ਜਿਸ ਨੇ ਆਪਣੀ ਪਰਜਾ ਲਈ ਜਾਨ ਕੁਰਬਾਨ ਕੀਤੀ ਤੇ ਮੁੜ ਜੀਉਂਦਾ ਹੋ ਕੇ ਰਾਜਾ ਬਣ ਗਿਆ? ਉਹ ਕਿਹੜਾ ਰਾਜਾ ਹੈ ਜਿਸ ਨੇ ਧਰਤੀ ਉੱਤੇ ਜੀਉਂਦੇ-ਜੀ ਆਪਣੀ ਪਰਜਾ ਦੀ ਵਫ਼ਾਦਾਰੀ ਤੇ ਵਿਸ਼ਵਾਸ ਨੂੰ ਜਿੱਤਿਆ ਤੇ ਹੁਣ ਸਵਰਗ ਵਿਚ ਰਾਜ ਕਰ ਰਿਹਾ ਹੈ? ਸਿਰਫ਼ ਯਿਸੂ ਮਸੀਹ ਹੀ ਇਸ ਤਰ੍ਹਾਂ ਕਰ ਸਕਦਾ ਸੀ। (ਲੂਕਾ 1:32, 33) ਯਿਸੂ ਦੀ ਮੌਤ, ਉਸ ਦੇ ਜੀ ਉੱਠਣ ਅਤੇ ਸਵਰਗ ਵਾਪਸ ਜਾਣ ਤੋਂ ਬਾਅਦ 33 ਈਸਵੀ ਵਿਚ ਪੰਤੇਕੁਸਤ ਦੇ ਦਿਨ ਤੇ ਪਰਮੇਸ਼ੁਰ ਨੇ “ਉਸ ਨੂੰ ਕਲੀਸਿਯਾ ਦੀਆਂ ਸਮੁੱਚੀਆਂ ਚੀਜ਼ਾਂ ਦਾ ਮੁਖੀਆ ਤਾਇਨਾਤ ਕੀਤਾ।” (ਅਫ਼ਸੀਆਂ 1:20-22, ਈਜ਼ੀ ਟੂ ਰੀਡ ਵਰਯਨ; ਰਸੂਲਾਂ ਦੇ ਕਰਤੱਬ 2:32-36) ਇਸ ਤਰ੍ਹਾਂ ਮਸੀਹ ਰਾਜ ਕਰਨ ਲੱਗ ਪਿਆ, ਪਰ ਸਾਰਿਆਂ ਲੋਕਾਂ ਉੱਤੇ ਨਹੀਂ। ਪਹਿਲਾਂ ਉਸ ਨੇ ਸਿਰਫ਼ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਰਾਜ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਨੂੰ ‘ਪਰਮੇਸ਼ੁਰ ਦਾ ਇਸਰਾਏਲ’ ਕਿਹਾ ਜਾਂਦਾ ਹੈ।—ਗਲਾਤੀਆਂ 6:16; ਕੁਲੁੱਸੀਆਂ 1:13.
2 ਸਾਲ 33 ਈ. ਵਿਚ ਪੰਤੇਕੁਸਤ ਦੇ ਦਿਨ ਤੋਂ ਤਕਰੀਬਨ 30 ਸਾਲ ਬਾਅਦ ਪੌਲੁਸ ਰਸੂਲ ਨੇ ਕਿਹਾ ਕਿ ਯਿਸੂ ਨੇ ਅਜੇ ਸਾਰੀ ਧਰਤੀ ਉੱਤੇ ਰਾਜ ਕਰਨਾ ਸ਼ੁਰੂ ਨਹੀਂ ਕੀਤਾ ਸੀ, ਪਰ ‘ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਅਤੇ ਇਦੋਂ ਅੱਗੇ ਉਡੀਕ ਕਰਦਾ ਸੀ ਜੋ ਉਹ ਦੇ ਵੈਰੀ ਉਹ ਦੇ ਪੈਰ ਰੱਖਣ ਦੀ ਚੌਂਕੀ ਕੀਤੇ ਜਾਣ।’ (ਇਬਰਾਨੀਆਂ 10:12, 13) ਫਿਰ ਪਹਿਲੀ ਸਦੀ ਦੇ ਅਖ਼ੀਰ ਵਿਚ ਵਡੇਰੀ ਉਮਰ ਦੇ ਯੂਹੰਨਾ ਰਸੂਲ ਨੇ ਇਕ ਦਰਸ਼ਣ ਵਿਚ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੂੰ ਯਿਸੂ ਮਸੀਹ ਨੂੰ ਆਪਣੇ ਨਵੇਂ ਸਥਾਪਿਤ ਹੋਏ ਸਵਰਗੀ ਰਾਜ ਦਾ ਰਾਜਾ ਬਣਾਉਂਦੇ ਦੇਖਿਆ। (ਪਰਕਾਸ਼ ਦੀ ਪੋਥੀ 11:15; 12:1-5) ਅੱਜ ਅਸੀਂ ਅਤੀਤ ਉੱਤੇ ਨਜ਼ਰ ਮਾਰ ਕੇ ਇਸ ਗੱਲ ਦੇ ਪੱਕੇ ਸਬੂਤ ਦੇਖ ਸਕਦੇ ਹਾਂ ਕਿ ਮਸੀਹ ਨੇ 1914 ਵਿਚ ਸਵਰਗ ਵਿਚ ਰਾਜ ਕਰਨਾ ਸ਼ੁਰੂ ਕਰ ਦਿੱਤਾ ਸੀ। *
3. (ੳ) ਸੰਨ 1914 ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਵਿਚ ਕਿਹੜੀ ਇਕ ਹੋਰ ਨਵੀਂ ਗੱਲ ਸ਼ਾਮਲ ਹੋਈ ਸੀ? (ਅ) ਅਸੀਂ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦੇ ਹਾਂ?
3 ਪਰਮੇਸ਼ੁਰ ਦੇ ਲੋਕਾਂ ਨੇ ਇਸ ਨਵੀਂ ਗੱਲ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ 1914 ਵਿਚ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸਥਾਪਿਤ ਹੋ ਗਿਆ ਸੀ। ਯਿਸੂ ਨੇ “ਆਪਣੇ ਵੈਰੀਆਂ ਦੇ ਵਿਚਕਾਰ” ਰਾਜ ਕਰਨਾ ਸ਼ੁਰੂ ਕਰ ਦਿੱਤਾ। (ਜ਼ਬੂਰਾਂ ਦੀ ਪੋਥੀ 110:1, 2; ਮੱਤੀ 24:14; ਪਰਕਾਸ਼ ਦੀ ਪੋਥੀ 12:7-12) ਇਸ ਤੋਂ ਇਲਾਵਾ, ਸਾਰੀ ਧਰਤੀ ਉੱਤੇ ਉਸ ਦੀ ਪਰਜਾ ਉਸ ਦੇ ਅਧਿਕਾਰ ਦੇ ਅਧੀਨ ਹੋ ਕੇ ਬਾਈਬਲ ਦੀ ਸਿੱਖਿਆ ਦੇਣ ਦੇ ਕੰਮ ਵਿਚ ਜ਼ੋਰ-ਸ਼ੋਰ ਨਾਲ ਹਿੱਸਾ ਲੈ ਰਹੀ ਹੈ। ਇਹ ਕੰਮ ਇੰਨੇ ਵੱਡੇ ਪੈਮਾਨੇ ਤੇ ਪਹਿਲਾਂ ਕਦੀ ਨਹੀਂ ਹੋਇਆ। (ਦਾਨੀਏਲ 7:13, 14; ਮੱਤੀ 28:18) “ਰਾਜ ਦੇ ਪੁੱਤ੍ਰ” ਯਾਨੀ ਮਸਹ ਕੀਤੇ ਹੋਏ ਮਸੀਹੀ ‘ਮਸੀਹ ਦੇ ਏਲਚੀਆਂ’ ਯਾਨੀ ਰਾਜਦੂਤ ਵਜੋਂ ਸੇਵਾ ਕਰਦੇ ਹਨ। ਮਸੀਹ ਦੀਆਂ ‘ਹੋਰ ਭੇਡਾਂ’ ਉਨ੍ਹਾਂ ਦਾ ਸਾਥ ਦਿੰਦੀਆਂ ਹਨ ਤੇ ਉਹ ਪਰਮੇਸ਼ੁਰ ਦੇ ਰਾਜ ਦੇ ਸੰਦੇਸ਼ਵਾਹਕਾਂ ਵਜੋਂ ਕੰਮ ਕਰਦੀਆਂ ਹਨ। (ਮੱਤੀ 13:38; 2 ਕੁਰਿੰਥੀਆਂ 5:20; ਯੂਹੰਨਾ 10:16) ਫਿਰ ਵੀ ਸਾਨੂੰ ਜਾਂਚ ਕਰਨ ਦੀ ਲੋੜ ਹੈ ਕਿ ਕੀ ਅਸੀਂ ਸੱਚ-ਮੁੱਚ ਮਸੀਹ ਦੇ ਅਧਿਕਾਰ ਨੂੰ ਸਵੀਕਾਰ ਕਰਦੇ ਹਾਂ? ਕੀ ਅਸੀਂ ਹਰ ਗੱਲ ਵਿਚ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ? ਅਸੀਂ ਉਸ ਰਾਜੇ ਦੇ ਅਧੀਨ ਕਿਵੇਂ ਹੋ ਸਕਦੇ ਹਾਂ ਜੋ ਸਵਰਗ ਵਿਚ ਰਹਿੰਦਾ ਹੈ? ਆਓ ਆਪਾਂ ਪਹਿਲਾਂ ਮਸੀਹ ਪ੍ਰਤੀ ਵਫ਼ਾਦਾਰ ਰਹਿਣ ਦੇ ਕੁਝ ਕਾਰਨ ਦੇਖੀਏ।
ਲੋਕਾਂ ਦੇ ਦਿਲਾਂ ਨੂੰ ਜਿੱਤ ਲੈਣ ਵਾਲਾ ਰਾਜਾ
4. ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਕਿਸ ਗੱਲ ਦੀ ਗਾਰੰਟੀ ਦਿੱਤੀ ਸੀ?
4 ਅਸੀਂ ਮਸੀਹ ਪ੍ਰਤੀ ਇਸ ਲਈ ਵਫ਼ਾਦਾਰ ਰਹਿਣਾ ਚਾਹੁੰਦੇ 1 ਪਤਰਸ 1:8) ਧਰਤੀ ਉੱਤੇ ਰਹਿੰਦਿਆਂ ਯਿਸੂ ਨੇ ਲੋਕਾਂ ਲਈ ਬਹੁਤ ਕੁਝ ਕੀਤਾ। ਉਸ ਨੇ ਭੁੱਖਿਆਂ ਨੂੰ ਖੁਆਇਆ, ਬੀਮਾਰਾਂ, ਅੰਨ੍ਹਿਆਂ, ਲੰਗੜਿਆਂ, ਬੋਲ਼ਿਆਂ ਅਤੇ ਗੁੰਗਿਆਂ ਨੂੰ ਠੀਕ ਕੀਤਾ। ਇੱਥੋਂ ਤਕ ਕਿ ਉਸ ਨੇ ਮੁਰਦਿਆਂ ਨੂੰ ਵੀ ਦੁਬਾਰਾ ਜ਼ਿੰਦਾ ਕੀਤਾ। ਇਹ ਸਭ ਕੁਝ ਇਸ ਗੱਲ ਦੀ ਗਾਰੰਟੀ ਸੀ ਕਿ ਜਦ ਉਹ ਰਾਜਾ ਬਣੇਗਾ, ਤਾਂ ਉਹ ਇਹ ਕੰਮ ਵੱਡੇ ਪੈਮਾਨੇ ਤੇ ਕਰੇਗਾ। (ਮੱਤੀ 15:30, 31; ਲੂਕਾ 7:11-16; ਯੂਹੰਨਾ 6:5-13) ਯਿਸੂ ਦੇ ਸੋਹਣੇ ਗੁਣ ਅਤੇ ਖ਼ਾਸ ਕਰਕੇ ਇਨਸਾਨਾਂ ਲਈ ਉਸ ਦੇ ਪਿਆਰ ਬਾਰੇ ਜਾਣ ਕੇ ਅਸੀਂ ਕਹਿ ਸਕਦੇ ਹਾਂ ਕਿ ਭਵਿੱਖ ਵਿਚ ਉਹ ਇਕ ਵਧੀਆ ਰਾਜਾ ਸਾਬਤ ਹੋਵੇਗਾ। (ਮਰਕੁਸ 1:40-45) ਇਸ ਬਾਰੇ ਨੈਪੋਲੀਅਨ ਬੋਨਾਪਾਰਟ ਨੇ ਕਿਹਾ: “ਸਿਕੰਦਰ, ਕੈਸਰ, ਸ਼ਾਰਲਮੇਨ ਨੇ ਅਤੇ ਮੈਂ ਵੱਡੇ-ਵੱਡੇ ਸਾਮਰਾਜ ਖੜ੍ਹੇ ਕੀਤੇ, ਪਰ ਅਸੀਂ ਇਹ ਮਹਾਨ ਕੰਮ ਕਿਸ ਤਰ੍ਹਾਂ ਕਰ ਪਾਏ? ਆਪਣੀ ਤਾਕਤ ਤੇ ਧੱਕੇਸ਼ਾਹੀ ਨਾਲ। ਸਿਰਫ਼ ਯਿਸੂ ਮਸੀਹ ਨੇ ਆਪਣੇ ਰਾਜ ਦੀ ਨੀਂਹ ਪਿਆਰ ਉੱਤੇ ਧਰੀ। ਅੱਜ ਵੀ ਲੱਖਾਂ ਲੋਕ ਉਸ ਵਾਸਤੇ ਮਰਨ ਲਈ ਤਿਆਰ ਹਨ।”
ਹਾਂ ਕਿਉਂਕਿ ਉਸ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ ਤੇ ਉਸ ਦੇ ਚੰਗੇ ਗੁਣ ਸਾਨੂੰ ਮੋਹ ਲੈਂਦੇ ਹਨ। (5. ਲੋਕ ਯਿਸੂ ਵੱਲ ਕਿਉਂ ਖਿੱਚੇ ਜਾਂਦੇ ਸੀ?
5 ਯਿਸੂ ਕੋਮਲ ਅਤੇ ਮਨ ਦਾ ਗ਼ਰੀਬ ਸੀ। ਇਸ ਲਈ ਪਰੇਸ਼ਾਨੀਆਂ ਤੇ ਸਮੱਸਿਆਵਾਂ ਦੇ ਬੋਝ ਥੱਲੇ ਦੱਬੇ ਹੋਏ ਲੋਕਾਂ ਨੂੰ ਉਸ ਦੇ ਚੰਗੇ ਗੁਣਾਂ ਤੇ ਉਸ ਦੀਆਂ ਸਿੱਖਿਆਵਾਂ ਤੋਂ ਬਹੁਤ ਸਕੂਨ ਮਿਲਿਆ। (ਮੱਤੀ 11:28-30) ਬੱਚੇ ਵੀ ਉਸ ਤੋਂ ਡਰਦੇ ਨਹੀਂ ਸਨ। ਨਿਮਰ ਤੇ ਸੂਝਵਾਨ ਇਨਸਾਨ ਝੱਟ ਉਸ ਦੇ ਚੇਲੇ ਬਣ ਗਏ ਸਨ। (ਮੱਤੀ 4:18-22; ਮਰਕੁਸ 10:13-16) ਉਹ ਲੋਕਾਂ ਦਾ ਲਿਹਾਜ਼ ਕਰਦਾ ਸੀ ਅਤੇ ਉਨ੍ਹਾਂ ਨਾਲ ਆਦਰ ਨਾਲ ਪੇਸ਼ ਆਉਂਦਾ ਸੀ। ਕਈ ਔਰਤਾਂ ਨੇ ਤਨੋਂ-ਮਨੋਂ-ਧਨੋਂ ਯਿਸੂ ਦੀ ਸੇਵਾ ਕੀਤੀ।—ਲੂਕਾ 8:1-3.
6. ਲਾਜ਼ਰ ਦੀ ਮੌਤ ਹੋਣ ਤੇ ਯਿਸੂ ਨੇ ਕਿਹੋ ਜਿਹੀਆਂ ਭਾਵਨਾਵਾਂ ਪ੍ਰਗਟ ਕੀਤੀਆਂ ਸਨ?
6 ਯਿਸੂ ਆਪਣੇ ਪਿਆਰੇ ਮਿੱਤਰ ਲਾਜ਼ਰ ਦੀ ਮੌਤ ਹੋਣ ਤੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਹੋਣ ਤੋਂ ਰੋਕ ਨਾ ਸਕਿਆ। ਮਰਿਯਮ ਤੇ ਮਾਰਥਾ ਦਾ ਦੁੱਖ ਦੇਖ ਕੇ ਯਿਸੂ ਦਾ ਦਿਲ ਤੜਫ਼ ਉੱਠਿਆ ਅਤੇ ਉਹ “ਰੋਇਆ।” ਭਾਵੇਂ ਉਹ ਜਾਣਦਾ ਸੀ ਕਿ ਕੁਝ ਹੀ ਪਲਾਂ ਵਿਚ ਉਸ ਨੇ ਲਾਜ਼ਰ ਨੂੰ ਜ਼ਿੰਦਾ ਕਰ ਦੇਣਾ ਸੀ, ਫਿਰ ਵੀ ਉਹ ਬਹੁਤ ਦੁਖੀ ਹੋਇਆ। ਪਿਆਰ ਅਤੇ ਦਇਆ ਦੀ ਖ਼ਾਤਰ ਉਸ ਨੇ ਪਰਮੇਸ਼ੁਰ ਤੋਂ ਮਿਲੀ ਸ਼ਕਤੀ ਇਸਤੇਮਾਲ ਕਰ ਕੇ ਲਾਜ਼ਰ ਨੂੰ ਜ਼ਿੰਦਾ ਕੀਤਾ।—ਯੂਹੰਨਾ 11:11-15, 33-35, 38-44.
7. ਯਿਸੂ ਸਾਡੀ ਵਫ਼ਾਦਾਰੀ ਦੇ ਲਾਇਕ ਕਿਉਂ ਹੈ? (ਸਫ਼ਾ 31 ਉੱਤੇ ਡੱਬੀ ਵੀ ਦੇਖੋ।)
7 ਇਹ ਜਾਣ ਕੇ ਅਸੀਂ ਦੰਗ ਰਹਿ ਜਾਂਦੇ ਹਾਂ ਕਿ ਯਿਸੂ ਦੇ ਦਿਲ ਵਿਚ ਸੱਚਾਈ ਲਈ ਗਹਿਰਾ ਪਿਆਰ ਅਤੇ ਮਕਾਰੀ ਤੇ ਦੁਸ਼ਟਤਾ ਲਈ ਸਖ਼ਤ ਨਫ਼ਰਤ ਸੀ। ਦੋ ਵਾਰ ਉਸ ਨੇ ਲਾਲਚੀ ਵਪਾਰੀਆਂ ਨੂੰ ਹੈਕਲ ਵਿੱਚੋਂ ਬਾਹਰ ਕੱਢ ਕੇ ਦਲੇਰੀ ਦਿਖਾਈ। (ਮੱਤੀ 21:12, 13; ਯੂਹੰਨਾ 2:14-17) ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ਉਸ ਨੇ ਵੀ ਸਾਡੇ ਵਾਂਗ ਹਰ ਤਰ੍ਹਾਂ ਦੇ ਦੁੱਖ ਸਹੇ ਸਨ। ਇਸ ਲਈ ਉਹ ਸਾਡੇ ਦੁੱਖਾਂ ਤੇ ਮੁਸੀਬਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। (ਇਬਰਾਨੀਆਂ 5:7-9) ਯਿਸੂ ਨਫ਼ਰਤ ਅਤੇ ਬੇਇਨਸਾਫ਼ੀ ਦਾ ਵੀ ਸ਼ਿਕਾਰ ਹੋਇਆ। (ਯੂਹੰਨਾ 5:15-18; 11:53, 54; 18:38–19:16) ਅਖ਼ੀਰ ਵਿਚ ਆਪਣੇ ਪਿਤਾ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਲਈ ਤੇ ਆਪਣੀ ਪਰਜਾ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਉਸ ਨੇ ਹਿੰਮਤ ਨਾਲ ਬੇਰਹਿਮ ਮੌਤ ਨੂੰ ਵੀ ਗਲੇ ਲਗਾਇਆ। (ਯੂਹੰਨਾ 3:16) ਕੀ ਮਸੀਹ ਦੇ ਇਹ ਗੁਣ ਸਾਨੂੰ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਲਈ ਨਹੀਂ ਪ੍ਰੇਰਦੇ? (ਇਬਰਾਨੀਆਂ 13:8; ਪਰਕਾਸ਼ ਦੀ ਪੋਥੀ 5:6-10) ਪਰ ਆਪਣੇ ਰਾਜੇ ਯਿਸੂ ਮਸੀਹ ਦੀ ਪਰਜਾ ਬਣਨ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
ਪਰਜਾ ਬਣਨ ਲਈ ਜ਼ਰੂਰੀ ਮੰਗਾਂ
8. ਮਸੀਹ ਦੇ ਰਾਜ ਦੀ ਪਰਜਾ ਬਣਨ ਦੇ ਇੱਛੁਕ ਲੋਕਾਂ ਤੋਂ ਕੀ ਮੰਗ ਕੀਤੀ ਜਾਂਦੀ ਹੈ?
8 ਜ਼ਰਾ ਇਸ ਬਾਰੇ ਸੋਚੋ: ਜੇ ਕੋਈ ਕਿਸੇ ਦੂਸਰੇ ਦੇਸ਼ ਦਾ ਨਾਗਰਿਕ ਬਣਨਾ ਚਾਹੁੰਦਾ ਹੈ, ਤਾਂ ਉਸ ਨੂੰ ਕੀ ਕਰਨਾ ਪਵੇਗਾ? ਉਸ ਨੂੰ ਉਸ ਦੇਸ਼ ਦੇ ਕਾਇਦੇ-ਕਾਨੂੰਨ ਮੰਨਣੇ ਪੈਣਗੇ। ਉਸ ਦਾ ਚੰਗਾ ਕਿਰਦਾਰ ਹੋਣਾ ਚਾਹੀਦਾ ਹੈ ਅਤੇ ਉਹ ਸਿਹਤ ਪੱਖੋਂ ਵੀ ਤੰਦਰੁਸਤ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਮਸੀਹ ਦੇ ਰਾਜ ਦੀ ਪਰਜਾ ਬਣਨ ਦੇ ਇੱਛੁਕ ਲੋਕਾਂ ਦਾ ਚਾਲ-ਚਲਣ ਨੇਕ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਦੀ ਰੂਹਾਨੀ ਸਿਹਤ ਵੀ ਚੰਗੀ ਹੋਣੀ ਚਾਹੀਦੀ ਹੈ।—1 ਕੁਰਿੰਥੀਆਂ 6:9-11; ਗਲਾਤੀਆਂ 5:19-23.
9. ਅਸੀਂ ਯਿਸੂ ਮਸੀਹ ਨੂੰ ਆਪਣੀ ਵਫ਼ਾਦਾਰੀ ਦਾ ਸਬੂਤ ਕਿਵੇਂ ਦੇ ਸਕਦੇ ਹਾਂ?
9 ਯਿਸੂ ਮਸੀਹ ਦੀ ਇਹ ਮੰਗ ਵੀ ਜਾਇਜ਼ ਹੈ ਕਿ ਉਸ ਦੀ ਪਰਜਾ ਉਸ ਪ੍ਰਤੀ ਅਤੇ ਉਸ ਦੇ ਰਾਜ ਪ੍ਰਤੀ ਵਫ਼ਾਦਾਰ ਰਹੇ। ਯਿਸੂ ਦੀਆਂ ਸਿੱਖਿਆਵਾਂ ਉੱਤੇ ਚੱਲ ਕੇ ਉਸ ਦੇ ਚੇਲੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦੇ ਹਨ। ਮਿਸਾਲ ਲਈ, ਧਨ ਨੂੰ ਆਪਣਾ ਰੱਬ ਮੰਨਣ ਦੀ ਬਜਾਇ ਉਹ ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਮਰਜ਼ੀ ਨੂੰ ਪਹਿਲ ਦਿੰਦੇ ਹਨ। (ਮੱਤੀ 6:31-34) ਮੁਸ਼ਕਲਾਂ ਸਹਿੰਦੇ ਸਮੇਂ ਵੀ ਉਹ ਯਿਸੂ ਵਰਗੇ ਗੁਣਾਂ ਨੂੰ ਜ਼ਾਹਰ ਕਰਦੇ ਹਨ। (1 ਪਤਰਸ 2:21-23) ਉਹ ਯਿਸੂ ਵਾਂਗ ਦੂਸਰਿਆਂ ਦਾ ਭਲਾ ਕਰਨ ਵਿਚ ਵੀ ਪਹਿਲ ਕਰਦੇ ਹਨ।—ਮੱਤੀ 7:12; ਯੂਹੰਨਾ 13:3-17.
10. (ੳ) ਅਸੀਂ ਪਰਿਵਾਰ ਵਿਚ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਮਸੀਹ ਪ੍ਰਤੀ ਵਫ਼ਾਦਾਰ ਹਾਂ? (ਅ) ਕਲੀਸਿਯਾ ਵਿਚ ਮਸੀਹ ਪ੍ਰਤੀ ਵਫ਼ਾਦਾਰੀ ਕਿਵੇਂ ਦਿਖਾਈ ਜਾ ਸਕਦੀ ਹੈ?
10 ਪਰਿਵਾਰ ਦਾ ਹਰ ਮੈਂਬਰ ਇਕ-ਦੂਜੇ ਨਾਲ ਪੇਸ਼ ਆਉਣ ਵੇਲੇ ਯਿਸੂ ਦੇ ਗੁਣਾਂ ਨੂੰ ਜ਼ਾਹਰ ਕਰ ਕੇ ਵੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈ। ਮਿਸਾਲ ਲਈ, ਪਤੀ ਆਪਣੀਆਂ ਪਤਨੀਆਂ ਤੇ ਬੱਚਿਆਂ ਨਾਲ ਪਿਆਰ ਅਤੇ ਆਦਰ ਨਾਲ ਪੇਸ਼ ਆਉਂਦੇ ਵੇਲੇ ਮਸੀਹ ਦੇ ਗੁਣ ਜ਼ਾਹਰ ਕਰਦੇ ਹਨ। (ਅਫ਼ਸੀਆਂ 5:25, 28-30; 6:4; 1 ਪਤਰਸ 3:7) ਪਤਨੀਆਂ ਮਸੀਹ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦੇਣ ਲਈ ਨੇਕ ਚਾਲ-ਚਲਣ ਰੱਖਦੀਆਂ ਹਨ ਤੇ “ਦੀਨਤਾ ਅਤੇ ਸ਼ਾਂਤ ਸੁਭਾ” ਦੀਆਂ ਬਣਦੀਆਂ ਹਨ। (1 ਪਤਰਸ 3:1-4, ਪਵਿੱਤਰ ਬਾਈਬਲ ਨਵਾਂ ਅਨੁਵਾਦ; ਅਫ਼ਸੀਆਂ 5:22-24) ਬੱਚੇ ਯਿਸੂ ਦੀ ਤਰ੍ਹਾਂ ਆਗਿਆਕਾਰ ਬਣ ਕੇ ਉਸ ਪ੍ਰਤੀ ਆਪਣੀ ਵਫ਼ਾਦਾਰੀ ਦਿਖਾਉਂਦੇ ਹਨ। ਭਾਵੇਂ ਯਿਸੂ ਦੇ ਮਾਪੇ ਨਾਮੁਕੰਮਲ ਸਨ, ਫਿਰ ਵੀ ਯਿਸੂ ਉਨ੍ਹਾਂ ਦੇ ਕਹਿਣੇ ਵਿਚ ਰਿਹਾ। (ਲੂਕਾ 2:51, 52; ਅਫ਼ਸੀਆਂ 6:1) ਮਸੀਹ ਦੀ ਪਰਜਾ ਵਫ਼ਾਦਾਰੀ ਨਾਲ ਉਸ ਦੀ ਰੀਸ ਕਰਦੀ ਹੋਈ ‘ਆਪੋ ਵਿੱਚੀਂ ਦਰਦੀ ਬਣਦੀ ਹੈ, ਭਰੱਪਣ ਦਾ ਪ੍ਰੇਮ ਰੱਖਦੀ ਹੈ ਅਤੇ ਤਰਸਵਾਨ ਹੁੰਦੀ ਹੈ।’ ਮਸੀਹ ਵਾਂਗ ਇਹ ਪਰਜਾ ਵੀ ‘ਮਨ ਦੀ ਹਲੀਮ’ ਬਣਨ ਦੀ ਕੋਸ਼ਿਸ਼ ਕਰਦੀ ਹੈ ਅਤੇ ‘ਬੁਰਿਆਈ ਦੇ ਬਦਲੇ ਬੁਰਿਆਈ ਨਹੀਂ ਕਰਦੀ ਅਤੇ ਨਾ ਗਾਲ ਦੇ ਬਦਲੇ ਗਾਲ ਕੱਢਦੀ ਹੈ।’—1 ਪਤਰਸ 3:8, 9; 1 ਕੁਰਿੰਥੀਆਂ 10:33ਅ.
ਆਗਿਆਕਾਰ ਪਰਜਾ
11. ਮਸੀਹ ਦੀ ਪਰਜਾ ਕਿਸ ਸ਼ਰਾ ਤੇ ਸ਼ਾਹੀ ਹੁਕਮ ਉੱਤੇ ਚੱਲਦੀ ਹੈ?
11 ਠੀਕ ਜਿਵੇਂ ਦੂਸਰੇ ਦੇਸ਼ ਦੇ ਨਾਗਰਿਕ ਬਣਨ ਦੀ ਇੱਛਾ ਰੱਖਣ ਵਾਲਿਆਂ ਨੂੰ ਉਸ ਦੇਸ਼ ਦੇ ਕਾਇਦੇ-ਕਾਨੂੰਨਾਂ ਉੱਤੇ ਚੱਲਣਾ ਪੈਂਦਾ ਹੈ, ਤਿਵੇਂ ਹੀ ਮਸੀਹ ਦੀ ਪਰਜਾ “ਮਸੀਹ ਦੀ ਸ਼ਰਾ” ਉੱਤੇ ਚੱਲਦੀ ਹੈ। ਉਹ ਯਿਸੂ ਦੀਆਂ ਸਿੱਖਿਆਵਾਂ ਤੇ ਹੁਕਮਾਂ ਅਨੁਸਾਰ ਜੀਉਂਦੇ ਹਨ। (ਗਲਾਤੀਆਂ 6:2) ਉਹ ਖ਼ਾਸ ਕਰਕੇ ਪਿਆਰ ਦੇ “ਸ਼ਾਹੀ ਹੁਕਮ” ਅਨੁਸਾਰ ਚੱਲਦੇ ਹਨ। (ਯਾਕੂਬ 2:8) ਇਸ ਸ਼ਰਾ ਤੇ ਸ਼ਾਹੀ ਹੁਕਮ ਵਿਚ ਕੀ-ਕੀ ਸ਼ਾਮਲ ਹੈ?
12, 13. ਅਸੀਂ ਵਫ਼ਾਦਾਰੀ ਨਾਲ “ਮਸੀਹ ਦੀ ਸ਼ਰਾ” ਉੱਤੇ ਕਿਵੇਂ ਚੱਲ ਸਕਦੇ ਹਾਂ?
12 ਮਸੀਹ ਦੇ ਚੇਲੇ ਨਾਮੁਕੰਮਲ ਹੋਣ ਕਰਕੇ ਗ਼ਲਤੀਆਂ ਕਰਦੇ ਹਨ। (ਰੋਮੀਆਂ 3:23) ਇਸ ਲਈ ਉਨ੍ਹਾਂ ਨੂੰ ਆਪਣੇ ਅੰਦਰ “ਭਰੱਪਣ ਦੇ ਨਿਸ਼ਕਪਟ ਪ੍ਰੇਮ” ਨੂੰ ਪੈਦਾ ਕਰਨ ਦੀ ਜ਼ਰੂਰਤ ਹੈ ਤਾਂਕਿ ਉਹ “ਇੱਕ ਦੂਏ ਨਾਲ ਗੂੜ੍ਹਾ ਪ੍ਰੇਮ” ਰੱਖ ਸਕਣ। (1 ਪਤਰਸ 1:22) “ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ,” ਤਾਂ ਉਹ ਮਸੀਹ ਦੀ ਸ਼ਰਾ ਉੱਤੇ ਚੱਲ ਕੇ “ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ।” ਇਸ ਕਾਇਦੇ ਅਨੁਸਾਰ ਉਹ ਇਕ-ਦੂਜੇ ਦੀਆਂ ਗ਼ਲਤੀਆਂ ਵੱਲ ਧਿਆਨ ਦੇਣ ਦੀ ਬਜਾਇ ਇਕ-ਦੂਜੇ ਨਾਲ ਪਿਆਰ ਕਰਦੇ ਹਨ। ਅਸੀਂ ਕਿੰਨੇ ਧੰਨਵਾਦੀ ਹਾਂ ਕਿ ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੀ ਸੰਗਤ ਵਿਚ ਰਹਿੰਦੇ ਹਾਂ ਜੋ ਮਸੀਹ ਦੇ ਅਧੀਨ ਹੋ ਕੇ ਹਮੇਸ਼ਾ ਇਕ-ਦੂਜੇ ਨੂੰ ਪਿਆਰ ਕਰਦੇ ਹਨ ਜੋ “ਸੰਪੂਰਨਤਾਈ ਦਾ ਬੰਧ ਹੈ।”—ਕੁਲੁੱਸੀਆਂ 3:13, 14.
13 ਯਿਸੂ ਨੇ ਇਹ ਵੀ ਸਿਖਾਇਆ ਸੀ ਕਿ ਸਾਨੂੰ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਪਿਆਰ ਨਹੀਂ ਕਰਨਾ ਚਾਹੀਦਾ ਜੋ ਸਾਨੂੰ ਪਿਆਰ ਯੂਹੰਨਾ 13:34, 35) ਜੇ ਅਸੀਂ ਸਿਰਫ਼ ਉਨ੍ਹਾਂ ਨੂੰ ਪਿਆਰ ਕਰਦੇ ਹਾਂ ਜੋ ਸਾਨੂੰ ਪਿਆਰ ਕਰਦੇ ਹਨ, ਤਾਂ ਅਸੀਂ “ਕੀ ਵੱਧ ਕਰਦੇ” ਹਾਂ? ਇਸ ਤੋਂ ਜ਼ਾਹਰ ਹੋਵੇਗਾ ਕਿ ਸਾਡੇ ਵਿਚ ਹੋਰਨਾਂ ਲਈ ਪਿਆਰ ਦੀ ਕਮੀ ਹੈ। ਯਿਸੂ ਨੇ ਸਾਨੂੰ ਆਪਣੇ ਪਿਤਾ ਯਹੋਵਾਹ ਦੇ ਪਿਆਰ ਦੀ ਨਕਲ ਕਰਨ ਦੀ ਹੱਲਾਸ਼ੇਰੀ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਸਾਡੇ ਪਿਆਰ ਦੀ ਹੱਦ ਸਿਰਫ਼ ਸਾਡੇ ਦੋਸਤਾਂ ਦੇ ਦਾਇਰੇ ਤਕ ਹੀ ਸੀਮਿਤ ਨਹੀਂ ਰਹਿਣੀ ਚਾਹੀਦੀ, ਸਗੋਂ ਸਾਨੂੰ ਆਪਣੇ ਦੁਸ਼ਮਣਾਂ ਅਤੇ ਅਤਿਆਚਾਰੀਆਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ। (ਮੱਤੀ 5:46-48) ਇਹੀ ਪਿਆਰ ਪਰਮੇਸ਼ੁਰ ਦੇ ਰਾਜ ਦੇ ਅਹਿਮ ਕੰਮ ਨੂੰ ਵਫ਼ਾਦਾਰੀ ਨਾਲ ਕਰਦੇ ਰਹਿਣ ਵਿਚ ਸਾਡੀ ਮਦਦ ਕਰਦਾ ਹੈ। ਉਹ ਕੰਮ ਕੀ ਹੈ?
ਕਰਦੇ ਹਨ। (ਵਫ਼ਾਦਾਰੀ ਦੀ ਪਰਖ
14. ਪ੍ਰਚਾਰ ਦਾ ਕੰਮ ਇੰਨਾ ਅਹਿਮ ਕਿਉਂ ਹੈ?
14 ਪਰਮੇਸ਼ੁਰ ਦੇ ਰਾਜ ਦੀ ਪਰਜਾ ਨੂੰ “ਪਰਮੇਸ਼ੁਰ ਦੇ ਰਾਜ ਉੱਤੇ ਸਾਖੀ” ਦੇਣ ਦਾ ਕੰਮ ਸੌਂਪਿਆ ਗਿਆ ਹੈ। (ਰਸੂਲਾਂ ਦੇ ਕਰਤੱਬ 28:23) ਇਹ ਕੰਮ ਜ਼ਰੂਰੀ ਹੈ ਕਿਉਂਕਿ ਮਸੀਹਾਈ ਰਾਜ ਇਹ ਸਾਬਤ ਕਰੇਗਾ ਕਿ ਪਰਮੇਸ਼ੁਰ ਰਾਜ ਕਰਨ ਦਾ ਹੱਕਦਾਰ ਹੈ। (1 ਕੁਰਿੰਥੀਆਂ 15:24-28) ਜਦੋਂ ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ, ਤਾਂ ਉਨ੍ਹਾਂ ਨੂੰ ਵੀ ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣਨ ਦਾ ਮੌਕਾ ਮਿਲਦਾ ਹੈ। ਕਈ ਸਾਡੇ ਸੰਦੇਸ਼ ਨੂੰ ਸੁਣਦੇ ਹਨ ਤੇ ਕਈ ਨਹੀਂ ਸੁਣਦੇ। ਇਸ ਆਧਾਰ ਤੇ ਹੀ ਰਾਜਾ ਯਿਸੂ ਮਸੀਹ ਉਨ੍ਹਾਂ ਦਾ ਨਿਆਂ ਕਰੇਗਾ। (ਮੱਤੀ 24:14; 2 ਥੱਸਲੁਨੀਕੀਆਂ 1:6-10) ਇਸ ਲਈ ਅਸੀਂ ਪ੍ਰਚਾਰ ਦਾ ਅਹਿਮ ਕੰਮ ਕਰ ਕੇ ਯਿਸੂ ਨੂੰ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦੇ ਹਾਂ।—ਮੱਤੀ 28:18-20.
15. ਮਸੀਹੀਆਂ ਦੀ ਵਫ਼ਾਦਾਰੀ ਕਿਉਂ ਪਰਖੀ ਜਾਂਦੀ ਹੈ?
15 ਸਾਡਾ ਵੈਰੀ ਸ਼ਤਾਨ ਪ੍ਰਚਾਰ ਦੇ ਕੰਮ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ ਅਤੇ ਅੱਜ ਦੀਆਂ ਸਰਕਾਰਾਂ ਵੀ ਮਸੀਹ ਦੇ ਅਧਿਕਾਰ ਨੂੰ ਕੁਝ ਨਹੀਂ ਸਮਝਦੀਆਂ। (ਜ਼ਬੂਰਾਂ ਦੀ ਪੋਥੀ 2:1-3, 6-8) ਇਸ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ: “ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਓਹ ਤੁਹਾਨੂੰ ਵੀ ਸਤਾਉਣਗੇ।” (ਯੂਹੰਨਾ 15:20) ਯਿਸੂ ਦੇ ਚੇਲੇ ਅੱਜ ਅਜਿਹੀ ਲੜਾਈ ਲੜ ਰਹੇ ਹਨ ਜਿਸ ਵਿਚ ਉਨ੍ਹਾਂ ਦੀ ਵਫ਼ਾਦਾਰੀ ਪਰਖ ਹੁੰਦੀ ਹੈ।—2 ਕੁਰਿੰਥੀਆਂ 10:3-5; ਅਫ਼ਸੀਆਂ 6:10-12.
16. ਪਰਮੇਸ਼ੁਰ ਦੇ ਰਾਜ ਦੀ ਪਰਜਾ ‘ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ’ ਕਿਵੇਂ ਦਿੰਦੀ ਹੈ?
16 ਭਾਵੇਂ ਪਰਮੇਸ਼ੁਰ ਦੇ ਰਾਜ ਦੀ ਪਰਜਾ ਯਿਸੂ ਮਸੀਹ ਦੇ ਅਧੀਨ ਰਹਿੰਦੀ ਹੈ, ਪਰ ਉਹ ਇਨਸਾਨੀ ਸਰਕਾਰਾਂ ਦੀ ਨਿਰਾਦਰੀ ਨਹੀਂ ਕਰਦੀ। (ਤੀਤੁਸ 3:1, 2) ਯਿਸੂ ਨੇ ਕਿਹਾ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” (ਮਰਕੁਸ 12:13-17) ਇਸ ਲਈ ਯਿਸੂ ਦੇ ਚੇਲੇ ਹਰ ਉਸ ਸਰਕਾਰੀ ਹੁਕਮ ਨੂੰ ਮੰਨਦੇ ਹਨ ਜੋ ਪਰਮੇਸ਼ੁਰ ਦੇ ਹੁਕਮ ਦੇ ਵਿਰੁੱਧ ਨਹੀਂ ਹੈ। (ਰੋਮੀਆਂ 13:1-7) ਯਾਦ ਕਰੋ ਜਦੋਂ ਯਹੂਦੀ ਉੱਚ ਅਦਾਲਤ ਨੇ ਯਿਸੂ ਦੇ ਚੇਲਿਆਂ ਨੂੰ ਪ੍ਰਚਾਰ ਨਾ ਕਰਨ ਲਈ ਕਿਹਾ ਸੀ। ਕਿਉਂਕਿ ਇਹ ਹੁਕਮ ਪਰਮੇਸ਼ੁਰ ਦੇ ਹੁਕਮ ਦੇ ਖ਼ਿਲਾਫ਼ ਸੀ, ਇਸ ਲਈ ਉਨ੍ਹਾਂ ਨੇ ਆਦਰ ਨਾਲ ਸਾਫ਼ ਜਵਾਬ ਦਿੱਤਾ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 1:8; 5:27-32.
17. ਅਸੀਂ ਜ਼ੁਲਮ ਦਾ ਡਟ ਕੇ ਮੁਕਾਬਲਾ ਕਿਉਂ ਕਰ ਸਕਦੇ ਹਾਂ?
17 ਜ਼ੁਲਮ ਦਾ ਡਟ ਕੇ ਮੁਕਾਬਲਾ ਕਰਨ ਨਾਲ ਹੀ ਯਿਸੂ ਦੇ ਚੇਲੇ ਉਸ ਪ੍ਰਤੀ ਵਫ਼ਾਦਾਰ ਰਹਿ ਸਕਦੇ ਹਨ। ਯਿਸੂ ਨੇ ਕਿਹਾ ਸੀ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ।” (ਮੱਤੀ 5:11, 12) ਪਹਿਲੀ ਸਦੀ ਦੇ ਮਸੀਹੀਆਂ ਨੇ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਅਨੁਭਵ ਕੀਤਾ ਸੀ। ਭਾਵੇਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਕਰਕੇ ਉਨ੍ਹਾਂ ਨੂੰ ਕੁੱਟਿਆ-ਮਾਰਿਆ ਗਿਆ ਸੀ, ਫਿਰ ਵੀ ਉਹ ਖ਼ੁਸ਼ ਹੋਏ ਕਿ ‘ਉਹ ਉਸ ਨਾਮ ਦੇ ਕਾਰਨ ਬੇਪਤ ਹੋਣ ਦੇ ਜੋਗ ਗਿਣੇ ਗਏ। ਅਤੇ ਓਹ ਰੋਜ ਹੈਕਲ ਵਿੱਚ ਅਤੇ ਘਰੀਂ ਉਪਦੇਸ਼ ਕਰਨ ਅਰ ਇਹ ਖੁਸ਼ ਖਬਰੀ ਸੁਣਾਉਣ ਤੋਂ ਨਾ ਹਟੇ ਭਈ ਯਿਸੂ ਉਹੀ ਮਸੀਹ ਹੈ!’ (ਰਸੂਲਾਂ ਦੇ ਕਰਤੱਬ 5:41, 42) ਅੱਜ ਦੇ ਮਸੀਹੀ ਵੀ ਵਾਕਈ ਕਾਬਲੇ-ਤਾਰੀਫ਼ ਹਨ ਕਿਉਂਕਿ ਉਹ ਦੁੱਖਾਂ-ਤਕਲੀਫ਼ਾਂ, ਬੀਮਾਰੀਆਂ, ਵਿਰੋਧਤਾ, ਅਤੇ ਆਪਣੇ ਸਾਕ-ਸੰਬੰਧੀ ਦੀ ਮੌਤ ਦਾ ਗਮ ਸਹਿੰਦੇ ਹੋਏ ਵੀ ਯਿਸੂ ਪ੍ਰਤੀ ਵਫ਼ਾਦਾਰ ਰਹਿੰਦੇ ਹਨ।—ਰੋਮੀਆਂ 5:3-5; ਇਬਰਾਨੀਆਂ 13:6.
18. ਪੁੰਤਿਯੁਸ ਪਿਲਾਤੁਸ ਨੂੰ ਕਹੇ ਗਏ ਯਿਸੂ ਦੇ ਸ਼ਬਦਾਂ ਤੋਂ ਕੀ ਪਤਾ ਲੱਗਦਾ ਹੈ?
ਯੂਹੰਨਾ 18:36) ਇਸ ਲਈ ਯਿਸੂ ਦੇ ਚੇਲੇ ਨਾ ਹੀ ਕਿਸੇ ਖ਼ਿਲਾਫ਼ ਹਥਿਆਰ ਚੁੱਕਦੇ ਹਨ ਤੇ ਨਾ ਹੀ ਉਹ ਦੁਨੀਆਂ ਵਿਚ ਚੱਲ ਰਹੇ ਲੜਾਈ-ਝਗੜਿਆਂ ਵਿਚ ਕਿਸੇ ਦਾ ਪੱਖ ਲੈਂਦੇ ਹਨ। ਉਹ ‘ਸ਼ਾਂਤੀ ਦੇ ਰਾਜ ਕੁਮਾਰ’ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਤੇ ਰਾਜਨੀਤੀ ਵਿਚ ਕੋਈ ਹਿੱਸਾ ਨਹੀਂ ਲੈਂਦੇ।—ਯਸਾਯਾਹ 2:2-4; 9:6, 7.
18 ਜਦ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਰੋਮੀ ਹਾਕਮ ਪੁੰਤਿਯੁਸ ਪਿਲਾਤੁਸ ਨੂੰ ਕਿਹਾ: “ਮੇਰੀ ਪਾਤਸ਼ਾਹੀ ਇਸ ਜਗਤ ਤੋਂ ਨਹੀਂ। ਜੇ ਮੇਰੀ ਪਾਤਸ਼ਾਹੀ ਇਸ ਜਗਤ ਤੋਂ ਹੁੰਦੀ ਤਾਂ ਮੇਰੇ ਨੌਕਰ ਲੜਦੇ ਜੋ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ ਪਰ ਹੁਣ ਮੇਰੀ ਪਾਤਸ਼ਾਹੀ ਤਾਂ ਐਥੋਂ ਦੀ ਨਹੀਂ।” (ਵਫ਼ਾਦਾਰ ਪਰਜਾ ਲਈ ਹਮੇਸ਼ਾ ਦੀ ਜ਼ਿੰਦਗੀ
19. ਯਿਸੂ ਦੇ ਚੇਲੇ ਚੰਗੇ ਭਵਿੱਖ ਦੀ ਉਮੀਦ ਕਿਉਂ ਰੱਖਦੇ ਹਨ?
19 ਯਿਸੂ ਮਸੀਹ “ਰਾਜਿਆਂ ਦਾ ਰਾਜਾ” ਹੈ ਜਿਸ ਦੀ ਵਫ਼ਾਦਾਰ ਪਰਜਾ ਚੰਗੇ ਭਵਿੱਖ ਦੀ ਉਮੀਦ ਰੱਖਦੀ ਹੈ। ਉਹ ਬੜੀ ਬੇਸਬਰੀ ਨਾਲ ਉਸ ਪਲ ਦਾ ਇੰਤਜ਼ਾਰ ਕਰ ਰਹੀ ਹੈ ਜਦ ਯਿਸੂ ਮਸੀਹ ਰਾਜੇ ਵਜੋਂ ਆਪਣੀ ਅਲੌਕਿਕ ਤਾਕਤ ਦਿਖਾਉਂਦੇ ਹੋਏ ਦੁਸ਼ਟਾਂ ਨੂੰ ਨਾਸ਼ ਕਰੇਗਾ। (ਪਰਕਾਸ਼ ਦੀ ਪੋਥੀ 19:11–20:3; ਮੱਤੀ 24:30) ‘ਰਾਜ ਦੇ ਪੁੱਤ੍ਰਾਂ’ ਯਾਨੀ ਮਸਹ ਕੀਤੇ ਹੋਏ ਮਸੀਹੀਆਂ ਵਿੱਚੋਂ ਕਈ ਅਜੇ ਧਰਤੀ ਉੱਤੇ ਹਨ ਤੇ ਉਹ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਦੀ ਅਨਮੋਲ ਵਿਰਾਸਤ ਪਾਉਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। (ਮੱਤੀ 13:38; ਲੂਕਾ 12:32) ਯਿਸੂ ਦੀਆਂ ਵਫ਼ਾਦਾਰ ‘ਹੋਰ ਭੇਡਾਂ’ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਦੀਆਂ ਹਨ ਅਤੇ ਉਹ ਆਪਣੇ ਰਾਜੇ ਦੇ ਇਹ ਸ਼ਬਦ ਸੁਣਨ ਲਈ ਬੇਕਰਾਰ ਹਨ: “ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਆਓ! ਜਿਹੜਾ ਰਾਜ ਸੰਸਾਰ ਦੇ ਮੁੱਢੋਂ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਉਹ ਦੇ ਵਾਰਸ ਹੋਵੋ।” (ਯੂਹੰਨਾ 10:16; ਮੱਤੀ 25:34) ਇਸ ਲਈ ਆਓ ਆਪਾਂ ਸਾਰੇ ਆਪਣੇ ਰਾਜੇ ਯਿਸੂ ਮਸੀਹ ਦੀ ਵਫ਼ਾਦਾਰੀ ਨਾਲ ਸੇਵਾ ਕਰਦੇ ਰਹੀਏ।
[ਫੁਟਨੋਟ]
^ ਪੈਰਾ 2 ਇਸ ਦਾ ਸਬੂਤ ਦੇਖਣ ਲਈ ਕਿ ਪਰਮੇਸ਼ੁਰ ਦਾ ਰਾਜ 1914 ਵਿਚ ਸਥਾਪਿਤ ਹੋਇਆ ਸੀ, ਪਹਿਰਾਬੁਰਜ 1 ਫਰਵਰੀ 2004, ਸਫ਼ੇ 19-20, ਪੈਰੇ 5-8 ਦੇਖੋ।
ਕੀ ਤੁਸੀਂ ਸਮਝਾ ਸਕਦੇ ਹੋ?
• ਮਸੀਹ ਸਾਡੀ ਵਫ਼ਾਦਾਰੀ ਦੇ ਲਾਇਕ ਕਿਉਂ ਹੈ?
• ਮਸੀਹ ਦੀ ਪਰਜਾ ਉਸ ਪ੍ਰਤੀ ਵਫ਼ਾਦਾਰ ਕਿਵੇਂ ਰਹਿ ਸਕਦੀ ਹੈ?
• ਅਸੀਂ ਆਪਣੇ ਰਾਜੇ ਪ੍ਰਤੀ ਵਫ਼ਾਦਾਰ ਕਿਉਂ ਰਹਿਣਾ ਚਾਹੁੰਦੇ ਹਾਂ?
[ਸਵਾਲ]
[ਸਫ਼ਾ 31 ਉੱਤੇ ਡੱਬੀ]
ਮਸੀਹ ਦੇ ਹੋਰ ਵਧੀਆ ਗੁਣ
ਨਿਰਪੱਖਤਾ—ਯੂਹੰਨਾ 4:7-30.
ਤਰਸ—ਮੱਤੀ 9:35-38; 12:18-21; ਮਰਕੁਸ 6:30-34.
ਪਿਆਰ—ਯੂਹੰਨਾ 13:1; 15:12-15.
ਵਫ਼ਾਦਾਰੀ—ਮੱਤੀ 4:1-11; 28:20; ਮਰਕੁਸ 11:15-18.
ਹਮਦਰਦੀ—ਮਰਕੁਸ 7:32-35; ਲੂਕਾ 7:11-15; ਇਬਰਾਨੀਆਂ 4:15, 16.
ਦਿਆਲਤਾ—ਮੱਤੀ 15:21-28.
[ਸਫ਼ਾ 29 ਉੱਤੇ ਤਸਵੀਰ]
ਇਕ-ਦੂਜੇ ਨਾਲ ਪਿਆਰ ਕਰ ਕੇ ਅਸੀਂ “ਮਸੀਹ ਦੀ ਸ਼ਰਾ” ਉੱਤੇ ਚੱਲਦੇ ਹਾਂ
[ਸਫ਼ਾ 31 ਉੱਤੇ ਤਸਵੀਰਾਂ]
ਕੀ ਮਸੀਹ ਦੇ ਗੁਣ ਤੁਹਾਨੂੰ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਨ ਲਈ ਪ੍ਰੇਰਦੇ ਹਨ?