Skip to content

Skip to table of contents

ਕੀ ਤੁਹਾਡੇ ਅੰਦਰ ਗੱਲ ਕਰਨ ਦੀ ਦਲੇਰੀ ਹੈ?

ਕੀ ਤੁਹਾਡੇ ਅੰਦਰ ਗੱਲ ਕਰਨ ਦੀ ਦਲੇਰੀ ਹੈ?

ਕੀ ਤੁਹਾਡੇ ਅੰਦਰ ਗੱਲ ਕਰਨ ਦੀ ਦਲੇਰੀ ਹੈ?

ਦੁਨੀਆਂ ਦੇ 235 ਦੇਸ਼ਾਂ ਵਿਚ 60 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਦਲੇਰੀ ਨਾਲ ਅਤੇ ਬਿਨਾਂ ਝਿਜਕੇ ਗੱਲ ਕਰਦੇ ਹਨ। (ਫ਼ਿਲਿੱਪੀਆਂ 1:20; 1 ਤਿਮੋਥਿਉਸ 3:13; ਇਬਰਾਨੀਆਂ 3:6; 1 ਯੂਹੰਨਾ 3:21) ਅਸੀਂ ਆਪਣੇ ਅੰਦਰ ਗੱਲ ਕਰਨ ਦੀ ਦਲੇਰੀ ਕਿੱਦਾਂ ਪੈਦਾ ਕਰ ਸਕਦੇ ਹਾਂ? ਸਾਨੂੰ ਦਲੇਰੀ ਨਾਲ ਗੱਲ ਕਰਨ ਦੀ ਲੋੜ ਕਦੋਂ ਹੈ?

ਬਾਈਬਲ ਵਿਚ “ਦਿਲੇਰੀ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ ਬਿਨਾਂ ਡਰੇ ਆਪਣੀ ਗੱਲ ਕਹਿਣੀ, ਦਿਲ ਖੋਲ੍ਹ ਕੇ ਬੋਲਣਾ, ਪੂਰੇ ਭਰੋਸੇ ਨਾਲ ਗੱਲ ਕਰਨੀ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਦੂਸਰਿਆਂ ਦਾ ਲਿਹਾਜ਼ ਨਾ ਕਰੀਏ ਤੇ ਜੋ ਦਿਲ ਵਿਚ ਆਇਆ ਝੱਟ ਬੋਲ ਦੇਈਏ। ਬਾਈਬਲ ਕਹਿੰਦੀ ਹੈ: “ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ।” (ਕੁਲੁੱਸੀਆਂ 4:6) ਦਲੇਰੀ ਨਾਲ ਗੱਲ ਕਰਨ ਵਾਲਾ ਵਿਅਕਤੀ ਭਾਵੇਂ ਸੱਚੀ ਗੱਲ ਕਹਿਣ ਤੋਂ ਡਰਦਾ ਨਹੀਂ, ਪਰ ਫਿਰ ਵੀ ਉਹ ਸੋਚ-ਸਮਝ ਕੇ ਗੱਲ ਕਰੇਗਾ।

ਕੀ ਦਲੇਰੀ ਨਾਲ ਗੱਲ ਕਰਨ ਦੀ ਆਜ਼ਾਦੀ ਸਾਡਾ ਪੈਦਾਇਸ਼ੀ ਹੱਕ ਹੈ? ਧਿਆਨ ਦਿਓ ਕਿ ਪੌਲੁਸ ਰਸੂਲ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਕੀ ਲਿਖਿਆ ਸੀ। ਉਸ ਨੇ ਕਿਹਾ: “ਮੇਰੇ ਉੱਤੇ ਜੋ ਸਾਰਿਆਂ ਸੰਤਾਂ ਵਿੱਚੋਂ ਛੋਟੇ ਤੋਂ ਛੋਟਾ ਹਾਂ ਇਹ ਕਿਰਪਾ ਹੋਈ ਭਈ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੇ ਅਣਲੱਭ ਧਨ ਦੀ ਖੁਸ਼ ਖਬਰੀ ਸੁਣਾਵਾਂ।” ਪੌਲੁਸ ਨੇ ਅੱਗੇ ਕਿਹਾ ਕਿ ਯਿਸੂ ਮਸੀਹ ਵਿਚ ਨਿਹਚਾ ਕਰਨ ਨਾਲ “ਸਾਨੂੰ ਦਿਲੇਰੀ ਅਤੇ ਢੋਈ ਭਰੋਸੇ ਨਾਲ ਪਰਾਪਤ ਹੁੰਦੀ ਹੈ।” (ਅਫ਼ਸੀਆਂ 3:8-12) ਸਾਨੂੰ ਜਨਮ ਤੋਂ ਹੀ ਇਹ ਦਲੇਰੀ ਪ੍ਰਾਪਤ ਨਹੀਂ ਹੁੰਦੀ, ਸਗੋਂ ਇਹ ਯਹੋਵਾਹ ਪਰਮੇਸ਼ੁਰ ਨਾਲ ਚੰਗਾ ਰਿਸ਼ਤਾ ਹੋਣ ਕਰਕੇ ਅਤੇ ਯਿਸੂ ਮਸੀਹ ਉੱਤੇ ਨਿਹਚਾ ਹੋਣ ਕਰਕੇ ਪੈਦਾ ਹੁੰਦੀ ਹੈ। ਆਓ ਆਪਾਂ ਦੇਖੀਏ ਕਿ ਕਿਹੜੀਆਂ ਗੱਲਾਂ ਦਲੇਰੀ ਪੈਦਾ ਕਰਨ ਵਿਚ ਮਦਦ ਕਰ ਸਕਦੀਆਂ ਹਨ ਅਤੇ ਅਸੀਂ ਪ੍ਰਚਾਰ ਕਰਨ, ਸਿਖਾਉਣ ਤੇ ਪ੍ਰਾਰਥਨਾ ਕਰਨ ਵੇਲੇ ਇਹ ਦਲੇਰੀ ਕਿਵੇਂ ਦਿਖਾ ਸਕਦੇ ਹਾਂ।

ਦਲੇਰੀ ਨਾਲ ਕਿਵੇਂ ਪ੍ਰਚਾਰ ਕਰੀਏ?

ਪ੍ਰਚਾਰ ਕਰਨ ਵਿਚ ਜਿੰਨੀ ਦਲੇਰੀ ਯਿਸੂ ਮਸੀਹ ਨੇ ਦਿਖਾਈ, ਉੱਨੀ ਦਲੇਰੀ ਹੋਰ ਕਿਸੇ ਨੇ ਨਹੀਂ ਦਿਖਾਈ। ਉਸ ਵਿਚ ਪ੍ਰਚਾਰ ਕਰਨ ਦਾ ਇੰਨਾ ਜੋਸ਼ ਸੀ ਕਿ ਉਸ ਨੇ ਪ੍ਰਚਾਰ ਕਰਨ ਦੇ ਕਿਸੇ ਵੀ ਮੌਕੇ ਨੂੰ ਖੁੰਝਣ ਨਹੀਂ ਦਿੱਤਾ। ਚਾਹੇ ਉਹ ਆਰਾਮ ਕਰ ਰਿਹਾ ਸੀ, ਕਿਸੇ ਦੇ ਘਰ ਰੋਟੀ ਖਾਣ ਗਿਆ ਸੀ ਜਾਂ ਕਿਤੇ ਜਾ ਰਿਹਾ ਸੀ, ਉਸ ਨੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦੇ ਹਰ ਮੌਕੇ ਦਾ ਫ਼ਾਇਦਾ ਉਠਾਇਆ। ਲੋਕਾਂ ਦੀ ਨੁਕਤਾਚੀਨੀ ਜਾਂ ਵਿਰੋਧ ਵੀ ਉਸ ਨੂੰ ਪ੍ਰਚਾਰ ਕਰਨ ਤੋਂ ਰੋਕ ਨਹੀਂ ਸਕਿਆ। ਇਸ ਦੀ ਬਜਾਇ ਉਸ ਨੇ ਝੂਠੇ ਧਾਰਮਿਕ ਗੁਰੂਆਂ ਦਾ ਪਰਦਾ ਫ਼ਾਸ਼ ਕੀਤਾ। (ਮੱਤੀ 23:13-36) ਜਦੋਂ ਉਸ ਨੂੰ ਗਿਰਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ, ਉਸ ਵੇਲੇ ਵੀ ਉਸ ਨੇ ਦਲੇਰੀ ਨਾਲ ਗੱਲ ਕੀਤੀ।—ਯੂਹੰਨਾ 18:6, 19, 20, 37.

ਯਿਸੂ ਦੇ ਚੇਲਿਆਂ ਨੇ ਵੀ ਦਲੇਰੀ ਨਾਲ ਗੱਲ ਕਰਨੀ ਸਿੱਖੀ ਸੀ। ਸੰਨ 33 ਈ. ਵਿਚ ਯਿਸੂ ਦੇ ਫੜੇ ਜਾਣ ਮਗਰੋਂ ਇਕ ਨੌਕਰਾਣੀ ਦੇ ਪਛਾਣ ਲੈਣ ਤੇ ਪਤਰਸ ਸੱਚੀ ਗੱਲ ਕਹਿਣ ਤੋਂ ਡਰ ਗਿਆ ਸੀ। ਪਰ ਕੁਝ ਹੀ ਸਮੇਂ ਬਾਅਦ ਪੰਤੇਕੁਸਤ ਦੇ ਦਿਨ ਤੇ ਪਤਰਸ ਨੇ 3,000 ਤੋਂ ਜ਼ਿਆਦਾ ਲੋਕਾਂ ਸਾਮ੍ਹਣੇ ਦਲੇਰੀ ਨਾਲ ਗੱਲ ਕੀਤੀ। (ਮਰਕੁਸ 14:66-71; ਰਸੂਲਾਂ ਦੇ ਕਰਤੱਬ 2:14, 29, 41) ਜਦੋਂ ਪਤਰਸ ਤੇ ਯੂਹੰਨਾ ਨੂੰ ਧਾਰਮਿਕ ਗੁਰੂਆਂ ਅੱਗੇ ਮੁਕੱਦਮੇ ਲਈ ਲਿਆਂਦਾ ਗਿਆ, ਤਾਂ ਉਹ ਉਨ੍ਹਾਂ ਤੋਂ ਵੀ ਡਰੇ ਨਹੀਂ। ਉਨ੍ਹਾਂ ਨੇ ਬਿਨਾਂ ਝਿਜਕੇ ਦਲੇਰੀ ਨਾਲ ਮੁੜ ਜੀ ਉੱਠੇ ਯਿਸੂ ਮਸੀਹ ਦੀ ਗਵਾਹੀ ਦਿੱਤੀ। ਅਸਲ ਵਿਚ ਪਤਰਸ ਤੇ ਯੂਹੰਨਾ ਦੀ ਦਲੇਰੀ ਦੇਖ ਕੇ ਧਾਰਮਿਕ ਆਗੂਆਂ ਨੂੰ ਪਤਾ ਲੱਗਿਆ ਕਿ ਉਹ ਯਿਸੂ ਮਸੀਹ ਦੀ ਸੰਗਤ ਵਿਚ ਰਹੇ ਸਨ। (ਰਸੂਲਾਂ ਦੇ ਕਰਤੱਬ 4:5-13) ਪਤਰਸ ਤੇ ਹੋਰ ਚੇਲਿਆਂ ਨੂੰ ਗੱਲ ਕਰਨ ਦੀ ਦਲੇਰੀ ਕਿੱਥੋਂ ਮਿਲੀ?

ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ: “ਜਦ ਓਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰੋ ਜੋ ਅਸੀਂ ਕਿੱਕੁਰ ਯਾ ਕੀ ਬੋਲੀਏ, ਕਿਉਂਕਿ ਜਿਹੜੀ ਗੱਲ ਤੁਸਾਂ ਬੋਲਣੀ ਹੈ ਉਹ ਤੁਹਾਨੂੰ ਉਸੇ ਘੜੀ ਬਖ਼ਸ਼ੀ ਜਾਵੇਗੀ। ਬੋਲਣ ਵਾਲੇ ਤੁਸੀਂ ਤਾਂ ਨਹੀਂ ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ।” (ਮੱਤੀ 10:19, 20) ਪਵਿੱਤਰ ਆਤਮਾ ਦੀ ਮਦਦ ਨਾਲ ਪਤਰਸ ਤੇ ਦੂਸਰੇ ਚੇਲਿਆਂ ਦਾ ਡਰ ਦੂਰ ਹੋਇਆ। ਪਰਮੇਸ਼ੁਰ ਦੀ ਇਹ ਸ਼ਕਤੀ ਸਾਡੀ ਵੀ ਇਸੇ ਤਰ੍ਹਾਂ ਮਦਦ ਕਰ ਸਕਦੀ ਹੈ।

ਇਸ ਤੋਂ ਇਲਾਵਾ, ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਚੇਲੇ ਬਣਾਉਣ ਦਾ ਕੰਮ ਸੌਂਪਿਆ ਸੀ। ਇਹ ਜਾਇਜ਼ ਸੀ ਕਿਉਂਕਿ ‘ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਉਸ ਨੂੰ ਦਿੱਤਾ ਗਿਆ ਹੈ’ ਤੇ ‘ਉਹ ਉਨ੍ਹਾਂ ਨਾਲ ਹੈ।’ (ਮੱਤੀ 28:18-20) ਮੁਢਲੇ ਮਸੀਹੀਆਂ ਨੂੰ ਪਤਾ ਸੀ ਕਿ ਯਿਸੂ ਉਨ੍ਹਾਂ ਦੇ ਨਾਲ ਸੀ, ਇਸ ਲਈ ਉਨ੍ਹਾਂ ਨੇ ਪੂਰੇ ਭਰੋਸੇ ਨਾਲ ਧਾਰਮਿਕ ਆਗੂਆਂ ਦਾ ਸਾਮ੍ਹਣਾ ਕੀਤਾ ਜੋ ਉਨ੍ਹਾਂ ਦੇ ਪ੍ਰਚਾਰ ਕੰਮ ਨੂੰ ਰੋਕਣ ਤੇ ਤੁਲੇ ਹੋਏ ਸਨ। (ਰਸੂਲਾਂ ਦੇ ਕਰਤੱਬ 4:18-20; 5:28, 29) ਅਸੀਂ ਵੀ ਯਿਸੂ ਤੇ ਭਰੋਸਾ ਰੱਖ ਕੇ ਦਲੇਰੀ ਨਾਲ ਪ੍ਰਚਾਰ ਕਰ ਸਕਦੇ ਹਾਂ।

ਪੌਲੁਸ ਨੇ ਦਲੇਰੀ ਨਾਲ ਗੱਲ ਕਰਨ ਦਾ ਇਕ ਹੋਰ ਕਾਰਨ ਦੱਸਿਆ। ਉਸ ਨੇ ਲਿਖਿਆ ਕਿ ਚੰਗੇ ਭਵਿੱਖ ਦੀ ਆਸ ਹੋਣ ਕਰਕੇ ਅਸੀਂ “ਵੱਡੇ ਨਿਧੜਕ ਬੋਲਦੇ ਹਾਂ।” (2 ਕੁਰਿੰਥੀਆਂ 3:12; ਫ਼ਿਲਿੱਪੀਆਂ 1:20) ਆਸ ਦਾ ਇਹ ਸੰਦੇਸ਼ ਇੰਨਾ ਵਧੀਆ ਸੀ ਕਿ ਮਸੀਹੀ ਇਹ ਸੰਦੇਸ਼ ਦੂਸਰਿਆਂ ਨੂੰ ਦੇਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ। ਸਾਨੂੰ ਵੀ ਆਪਣੀ ਆਸ ਕਰਕੇ ਦਲੇਰੀ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ।—ਇਬਰਾਨੀਆਂ 3:6.

ਪ੍ਰਚਾਰ ਕਰਨ ਵੇਲੇ ਦਲੇਰੀ

ਅਸੀਂ ਮੁਸ਼ਕਲ ਜਾਂ ਖ਼ਤਰਨਾਕ ਹਾਲਤਾਂ ਵਿਚ ਵੀ ਦਲੇਰੀ ਨਾਲ ਪ੍ਰਚਾਰ ਕਿਵੇਂ ਕਰ ਸਕਦੇ ਹਾਂ? ਪੌਲੁਸ ਦੀ ਮਿਸਾਲ ਉੱਤੇ ਗੌਰ ਕਰੋ। ਰੋਮ ਵਿਚ ਕੈਦ ਵਿਚ ਹੁੰਦਿਆਂ ਉਸ ਨੇ ਆਪਣੇ ਮਸੀਹੀ ਭੈਣਾਂ-ਭਰਾਵਾਂ ਨੂੰ ਉਸ ਲਈ ਪ੍ਰਾਰਥਨਾ ਕਰਨ ਲਈ ਕਿਹਾ ਸੀ ਤਾਂਕਿ ਉਹ ‘ਜਦ ਆਪਣਾ ਮੂੰਹ ਖੋਲੇ, ਅਜਿਹਾ ਦਿਲੇਰੀ ਨਾਲ ਬੋਲੇ ਜਿਵੇਂ ਉਸ ਨੂੰ ਬੋਲਣਾ ਚਾਹੀਦਾ ਸੀ।’ (ਅਫ਼ਸੀਆਂ 6:19, 20) ਕੀ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਗਈਆਂ? ਜੀ ਹਾਂ, ਕੈਦ ਵਿਚ ਹੁੰਦਿਆਂ ਪੌਲੁਸ “ਬਿਨਾ ਰੋਕ ਟੋਕ ਅੱਤ ਦਿਲੇਰੀ ਨਾਲ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕਰਦਾ” ਰਿਹਾ।—ਰਸੂਲਾਂ ਦੇ ਕਰਤੱਬ 28:30, 31.

ਸ਼ਰਮੀਲੇ ਸੁਭਾਅ ਕਰਕੇ, ਲੋਕਾਂ ਦੇ ਡਰ ਕਰਕੇ ਜਾਂ ਫਿਰ ਆਪਣੇ ਤੇ ਭਰੋਸਾ ਨਾ ਹੋਣ ਕਰਕੇ ਅਸੀਂ ਸ਼ਾਇਦ ਕੰਮ ਤੇ, ਸਕੂਲ ਵਿਚ ਜਾਂ ਸਫ਼ਰ ਕਰਦਿਆਂ ਪ੍ਰਚਾਰ ਨਾ ਕਰੀਏ। ਇਸ ਸੰਬੰਧ ਵਿਚ ਵੀ ਪੌਲੁਸ ਦੀ ਉਦਾਹਰਣ ਤੇ ਗੌਰ ਕਰੋ ਕਿ ਉਸ ਨੂੰ ਗੱਲ ਕਰਨ ਦੀ ਦਲੇਰੀ ਕਿੱਥੋਂ ਮਿਲੀ। ਉਸ ਨੇ ਲਿਖਿਆ: ‘ਅਸੀਂ ਪਰਮੇਸ਼ਰ ਤੋਂ ਮਿਲੀ ਮਦਦ ਨਾਲ ਸਭ ਵਿਰੋਧ ਦੇ ਹੁੰਦੇ ਹੋਇਆਂ ਵੀ ਤੁਹਾਨੂੰ ਬੜੀ ਦਲੇਰੀ ਨਾਲ ਸ਼ੁਭ ਸਮਾਚਾਰ ਸੁਣਾਇਆ ਸੀ।’ (1 ਥੱਸਲੁਨੀਕੀਆਂ 2:2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪੌਲੁਸ ਜੋ ਕੰਮ ਆਪਣੀ ਤਾਕਤ ਦੇ ਆਸਰੇ ਨਹੀਂ ਕਰ ਸਕਦਾ ਸੀ, ਉਹ ਉਸ ਨੇ ਯਹੋਵਾਹ ਦੀ ਮਦਦ ਨਾਲ ਕੀਤਾ।

ਸ਼ੈਰੀ ਦੀ ਮਿਸਾਲ ਲਓ। ਪ੍ਰਾਰਥਨਾ ਕਰਨ ਨਾਲ ਸ਼ੈਰੀ ਅੰਦਰ ਇਕ ਮੌਕੇ ਤੇ ਗਵਾਹੀ ਦੇਣ ਦੀ ਦਲੇਰੀ ਪੈਦਾ ਹੋਈ। ਇਕ ਦਿਨ ਆਪਣੇ ਪਤੀ ਦੀ ਕਿਤੇ ਉਡੀਕ ਕਰਦਿਆਂ ਉਸ ਨੇ ਨੇੜੇ ਖਲੋਤੀ ਇਕ ਤੀਵੀਂ ਨਾਲ ਗੱਲ ਕਰਨ ਦਾ ਫ਼ੈਸਲਾ ਕੀਤਾ। ਸ਼ੈਰੀ ਨੇ ਦੱਸਿਆ: “ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ, ਇਸ ਲਈ ਮੈਂ ਯਹੋਵਾਹ ਨੂੰ ਹਿੰਮਤ ਵਾਸਤੇ ਪ੍ਰਾਰਥਨਾ ਕੀਤੀ।” ਜਦੋਂ ਸ਼ੈਰੀ ਉਸ ਤੀਵੀਂ ਕੋਲ ਗਈ, ਤਾਂ ਉਸੇ ਵੇਲੇ ਇਕ ਬੈਪਟਿਸਟ ਪਾਦਰੀ ਵੀ ਉੱਥੇ ਪਹੁੰਚ ਗਿਆ। ਪਰ ਸ਼ੈਰੀ ਨੇ ਘਬਰਾ ਕੇ ਪਿੱਛੇ ਹਟਣ ਦੀ ਬਜਾਇ ਦੁਬਾਰਾ ਦਲੇਰੀ ਲਈ ਪ੍ਰਾਰਥਨਾ ਕੀਤੀ ਤੇ ਤੀਵੀਂ ਨਾਲ ਪਰਮੇਸ਼ੁਰ ਬਾਰੇ ਗੱਲ ਕੀਤੀ। ਉਸ ਨੇ ਤੀਵੀਂ ਨੂੰ ਕੁਝ ਸਾਹਿੱਤ ਦਿੱਤਾ ਤੇ ਦੁਬਾਰਾ ਮਿਲਣ ਦਾ ਪ੍ਰਬੰਧ ਕੀਤਾ। ਜਦੋਂ ਅਸੀਂ ਗਵਾਹੀ ਦੇਣ ਦੇ ਮੌਕਿਆਂ ਦਾ ਫ਼ਾਇਦਾ ਉਠਾਉਂਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦਲੇਰੀ ਨਾਲ ਗੱਲ ਕਰਨ ਵਿਚ ਸਾਡੀ ਜ਼ਰੂਰ ਮਦਦ ਕਰੇਗਾ।

ਸਿਖਾਉਂਦੇ ਵੇਲੇ

ਸਿਖਾਉਂਦੇ ਵੇਲੇ ਵੀ ਸਾਨੂੰ ਬਿਨਾਂ ਝਿਜਕੇ ਬੋਲਣ ਦੀ ਲੋੜ ਹੈ। ਕਲੀਸਿਯਾ ਵਿਚ “ਸੇਵਕਾਈ ਦਾ ਕੰਮ” ਕਰਨ ਵਾਲੇ ਭਰਾਵਾਂ ਬਾਰੇ ਬਾਈਬਲ ਕਹਿੰਦੀ ਹੈ: “ਓਹ ਆਪਣੇ ਲਈ ਅੱਛੀ ਪਦਵੀ ਅਤੇ ਉਸ ਨਿਹਚਾ ਵਿੱਚ ਜਿਹੜੀ ਮਸੀਹ ਯਿਸੂ ਉੱਤੇ ਹੈ ਵੱਡੀ ਦਿਲੇਰੀ ਪਰਾਪਤ ਕਰਦੇ ਹਨ।” (1 ਤਿਮੋਥਿਉਸ 3:13) ਜਿਹੜੀਆਂ ਗੱਲਾਂ ਉਹ ਸਿਖਾਉਂਦੇ ਹਨ, ਉਹ ਪਹਿਲਾਂ ਆਪ ਉਨ੍ਹਾਂ ਗੱਲਾਂ ਤੇ ਚੱਲਦੇ ਹਨ। ਇਸ ਤੋਂ ਉਨ੍ਹਾਂ ਨੂੰ ਸਿਖਾਉਣ ਦੀ ਦਲੇਰੀ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਉਹ ਕਲੀਸਿਯਾ ਦੀ ਰਾਖੀ ਕਰਦੇ ਹਨ ਤੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਦੇ ਹਨ।

ਜੇ ਅਸੀਂ ਆਪ ਬਾਈਬਲ ਦੀਆਂ ਸਿੱਖਿਆਵਾਂ ਤੇ ਨਹੀਂ ਚੱਲਦੇ, ਤਾਂ ਦੂਸਰੇ ਲੋਕ ਸਾਡੀ ਸਲਾਹ ਉੱਤੇ ਨਹੀਂ ਚੱਲਣਗੇ। ਪਰ ਜਦੋਂ ਅਸੀਂ ਇਸ ਮਾਮਲੇ ਵਿਚ ਚੰਗੀ ਮਿਸਾਲ ਕਾਇਮ ਕਰਦੇ ਹਾਂ, ਤਾਂ ਸਾਡੀ ਸਲਾਹ ਦਾ ਦੂਸਰਿਆਂ ਤੇ ਚੰਗਾ ਅਸਰ ਪਵੇਗਾ ਤੇ ਉਹ ਸਾਡੀ ਸਲਾਹ ਦੇ ਫ਼ਾਇਦਿਆਂ ਨੂੰ ਦੇਖ ਕੇ ਇਸ ਨੂੰ ਮੰਨਣਗੇ। ਕਿਸੇ ਸਮੱਸਿਆ ਦੇ ਗੰਭੀਰ ਰੂਪ ਧਾਰਨ ਕਰਨ ਤੋਂ ਪਹਿਲਾਂ ਬਜ਼ੁਰਗ ਦਲੇਰੀ ਨਾਲ ਆਪਣੇ ਭਰਾਵਾਂ ਨੂੰ ‘ਸੁਧਾਰਦੇ’ ਹਨ। (ਗਲਾਤੀਆਂ 6:1) ਇਸ ਤੋਂ ਉਲਟ ਜੇ ਕੋਈ ਮਸੀਹੀ ਆਪ ਗ਼ਲਤ ਹੈ, ਤਾਂ ਉਹ ਦੂਸਰਿਆਂ ਨੂੰ ਸਲਾਹ ਦੇਣ ਤੋਂ ਝਿਜਕੇਗਾ ਤੇ ਸੋਚੇਗਾ ਕਿ ਉਸ ਨੂੰ ਸਲਾਹ ਦੇਣ ਦਾ ਕੋਈ ਹੱਕ ਨਹੀਂ ਹੈ। ਫਲਸਰੂਪ, ਸਮੇਂ ਸਿਰ ਸਲਾਹ ਨਾ ਦੇਣ ਕਰਕੇ ਮਾਮਲਾ ਹੋਰ ਵਿਗੜ ਸਕਦਾ ਹੈ।

ਦਲੇਰੀ ਨਾਲ ਗੱਲ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਦੂਸਰਿਆਂ ਦੀ ਨੁਕਤਾਚੀਨੀ ਕਰੀਏ ਜਾਂ ਹਰ ਗੱਲ ਵਿਚ ਆਪਣੀ ਰਾਇ ਦੇਈਏ ਤੇ ਇਸ ਤੇ ਅੜੇ ਰਹੀਏ। ਪੌਲੁਸ ਨੇ ਫਿਲੇਮੋਨ ਨੂੰ “ਪ੍ਰੇਮ ਦਾ ਵਾਸਤਾ” ਪਾਇਆ ਸੀ। (ਫਿਲੇਮੋਨ 8, 9) ਇਸ ਕਰਕੇ ਫਿਲੇਮੋਨ ਨੇ ਪੌਲੁਸ ਰਸੂਲ ਦੀ ਗੱਲ ਮੰਨੀ। ਇਸੇ ਤਰ੍ਹਾਂ ਬਜ਼ੁਰਗਾਂ ਨੂੰ ਵੀ ਪਿਆਰ ਨਾਲ ਸਲਾਹ ਦੇਣੀ ਚਾਹੀਦੀ ਹੈ।

ਸਲਾਹ ਦੇਣ ਵੇਲੇ ਬਿਨਾਂ ਝਿਜਕੇ ਬੋਲਣਾ ਤਾਂ ਜ਼ਰੂਰੀ ਹੈ ਹੀ, ਪਰ ਹੋਰ ਕਈ ਮੌਕਿਆਂ ਤੇ ਵੀ ਇਹ ਗੁਣ ਕੰਮ ਆਉਂਦਾ ਹੈ। ਪੌਲੁਸ ਨੇ ਕੁਰਿੰਥੁਸ ਦੀ ਕਲੀਸਿਯਾ ਨੂੰ ਲਿਖਿਆ: “ਤੁਹਾਡੇ ਉੱਤੇ ਮੇਰਾ ਬਹੁਤ ਭਰੋਸਾ ਹੈ, ਤੁਹਾਡੇ ਵਿਖੇ ਮੇਰਾ ਬਹੁਤ ਅਭਮਾਨ ਹੈ।” (2 ਕੁਰਿੰਥੀਆਂ 7:4) ਪੌਲੁਸ ਨੂੰ ਆਪਣੇ ਭੈਣਾਂ-ਭਰਾਵਾਂ ਉੱਤੇ ਪੂਰਾ ਭਰੋਸਾ ਸੀ, ਇਸ ਕਰਕੇ ਉਹ ਉਨ੍ਹਾਂ ਦੀ ਤਾਰੀਫ਼ ਕਰਨ ਤੋਂ ਝਿਜਕਿਆ ਨਹੀਂ। ਉਹ ਉਨ੍ਹਾਂ ਨਾਲ ਪਿਆਰ ਕਰਦਾ ਸੀ, ਇਸ ਲਈ ਉਸ ਨੇ ਉਨ੍ਹਾਂ ਦੀਆਂ ਕਮੀਆਂ-ਕਮਜ਼ੋਰੀਆਂ ਨੂੰ ਨਹੀਂ, ਸਗੋਂ ਖੂਬੀਆਂ ਨੂੰ ਦੇਖਿਆ। ਇਸੇ ਤਰ੍ਹਾਂ ਜਦੋਂ ਬਜ਼ੁਰਗ ਬਿਨਾਂ ਝਿਜਕੇ ਆਪਣੇ ਭੈਣਾਂ-ਭਰਾਵਾਂ ਦੀ ਦਿਲ ਖੋਲ੍ਹ ਕੇ ਤਾਰੀਫ਼ ਕਰਦੇ ਹਨ ਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਹਨ, ਤਾਂ ਕਲੀਸਿਯਾ ਮਜ਼ਬੂਤ ਹੁੰਦੀ ਹੈ।

ਵਧੀਆ ਸਿੱਖਿਅਕ ਬਣਨ ਲਈ ਸਾਰੇ ਮਸੀਹੀਆਂ ਵਿਚ ਸਹੀ ਗੱਲ ਕਹਿਣ ਦੀ ਦਲੇਰੀ ਹੋਣੀ ਚਾਹੀਦੀ ਹੈ। ਸ਼ੈਰੀ, ਜਿਸ ਦਾ ਪਿੱਛੇ ਜ਼ਿਕਰ ਕੀਤਾ ਗਿਆ ਹੈ, ਆਪਣੇ ਬੱਚਿਆਂ ਨੂੰ ਸਕੂਲ ਵਿਚ ਗਵਾਹੀ ਦੇਣ ਦਾ ਉਤਸ਼ਾਹ ਦੇਣਾ ਚਾਹੁੰਦੀ ਸੀ। ਉਹ ਮੰਨਦੀ ਹੈ: “ਭਾਵੇਂ ਮੈਂ ਬਚਪਨ ਤੋਂ ਸੱਚਾਈ ਸਿੱਖੀ ਸੀ, ਪਰ ਮੈਂ ਕਦੀ-ਕਦਾਈਂ ਹੀ ਸਕੂਲੇ ਗਵਾਹੀ ਦਿੱਤੀ ਸੀ। ਹੁਣ ਵੀ ਮੈਂ ਹਰ ਮੌਕੇ ਤੇ ਲੋਕਾਂ ਨੂੰ ਗਵਾਹੀ ਨਹੀਂ ਦਿੰਦੀ ਹਾਂ। ਸੋ ਮੈਂ ਆਪ ਨੂੰ ਪੁੱਛਿਆ, ‘ਮੈਂ ਆਪਣੇ ਬੱਚਿਆਂ ਲਈ ਕੀ ਮਿਸਾਲ ਕਾਇਮ ਕਰ ਰਹੀ ਹਾਂ?’” ਇਸ ਗੱਲ ਨੇ ਸ਼ੈਰੀ ਨੂੰ ਹਰ ਮੌਕੇ ਤੇ ਪ੍ਰਚਾਰ ਕਰਨ ਲਈ ਪ੍ਰੇਰਿਆ।

ਜੀ ਹਾਂ, ਦੂਸਰੇ ਸਾਨੂੰ ਦੇਖਦੇ ਹਨ ਕਿ ਅਸੀਂ ਜੋ ਸਿਖਾਉਂਦੇ ਹਾਂ, ਉਨ੍ਹਾਂ ਤੇ ਆਪ ਚੱਲਦੇ ਹਾਂ ਜਾਂ ਨਹੀਂ। ਇਸ ਲਈ ਆਓ ਆਪਾਂ ਆਪਣੀ ਕਹਿਣੀ ਤੇ ਕਰਨੀ ਵਿਚ ਕੋਈ ਫ਼ਰਕ ਨਾ ਰੱਖ ਕੇ ਦਲੇਰੀ ਪੈਦਾ ਕਰੀਏ।

ਪ੍ਰਾਰਥਨਾ ਕਰਦੇ ਵੇਲੇ

ਯਹੋਵਾਹ ਨੂੰ ਪ੍ਰਾਰਥਨਾ ਕਰਨ ਵੇਲੇ ਸਾਡੇ ਅੰਦਰ ਝਿਜਕ ਨਹੀਂ ਹੋਣੀ ਚਾਹੀਦੀ। ਬਿਨਾਂ ਡਰੇ ਸਾਨੂੰ ਯਹੋਵਾਹ ਸਾਮ੍ਹਣੇ ਆਪਣਾ ਦਿਲ ਖੋਲ੍ਹਣਾ ਚਾਹੀਦਾ ਹੈ ਅਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਹੈ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ। ਇਸ ਤਰ੍ਹਾਂ ਆਪਣੇ ਸਵਰਗੀ ਪਿਤਾ ਨਾਲ ਗੂੜ੍ਹਾ ਤੇ ਨਿੱਘਾ ਰਿਸ਼ਤਾ ਕਾਇਮ ਹੁੰਦਾ ਹੈ। ਸਾਨੂੰ ਯਹੋਵਾਹ ਨਾਲ ਗੱਲ ਕਰਨ ਤੋਂ ਕਦੀ ਝਿਜਕਣਾ ਨਹੀਂ ਚਾਹੀਦਾ ਤੇ ਨਾ ਸੋਚਣਾ ਚਾਹੀਦਾ ਹੈ ਕਿ ਅਸੀਂ ਤਾਂ ਬਹੁਤ ਮਾਮੂਲੀ ਇਨਸਾਨ ਹਾਂ। ਉਦੋਂ ਸਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਸਾਨੂੰ ਆਪਣੀ ਕਿਸੇ ਗ਼ਲਤੀ ਜਾਂ ਪਾਪ ਕਰਕੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਵਿਚ ਝਿਜਕ ਮਹਿਸੂਸ ਹੁੰਦੀ ਹੈ?

ਯਿਸੂ ਸਾਡਾ ਪ੍ਰਧਾਨ ਜਾਜਕ ਹੈ ਅਤੇ ਇਸ ਗੱਲ ਤੋਂ ਸਾਨੂੰ ਦਲੇਰੀ ਨਾਲ ਪ੍ਰਾਰਥਨਾ ਕਰਨ ਦਾ ਹੌਸਲਾ ਮਿਲਦਾ ਹੈ। ਇਬਰਾਨੀਆਂ 4:15, 16 ਵਿਚ ਲਿਖਿਆ ਹੈ: “ਸਾਡਾ ਪਰਧਾਨ ਜਾਜਕ ਇਹੋ ਜਿਹਾ ਨਹੀਂ ਜੋ ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ ਨਾ ਹੋ ਸੱਕੇ ਸਗੋਂ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਙੁ ਪਰਤਾਇਆ ਗਿਆ ਪਰ ਉਹ ਪਾਪ ਤੋਂ ਰਹਿਤ ਰਿਹਾ। ਇਸ ਲਈ ਆਓ, ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਿਲੇਰੀ ਨਾਲ ਚੱਲੀਏ ਭਈ ਅਸੀਂ ਦਯਾ ਪਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ।” ਯਿਸੂ ਦੀ ਕੁਰਬਾਨੀ ਅਤੇ ਪ੍ਰਧਾਨ ਜਾਜਕ ਵਜੋਂ ਉਸ ਦੀ ਸੇਵਾ ਤੋਂ ਸਾਨੂੰ ਕਿੰਨਾ ਫ਼ਾਇਦਾ ਹੁੰਦਾ ਹੈ!

ਜਦੋਂ ਅਸੀਂ ਯਹੋਵਾਹ ਦੀਆਂ ਸਿੱਖਿਆਵਾਂ ਉੱਤੇ ਚੱਲਣ ਦੀ ਪੁਰਜ਼ੋਰ ਕੋਸ਼ਿਸ਼ ਕਰਦੇ ਹਾਂ, ਤਾਂ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣੇਗਾ। ਯੂਹੰਨਾ ਰਸੂਲ ਨੇ ਕਿਹਾ: “ਹੇ ਪਿਆਰਿਓ, ਜੇ ਸਾਡਾ ਮਨ ਸਾਨੂੰ ਦੋਸ਼ ਨਾ ਲਾਵੇ ਤਾਂ ਪਰਮੇਸ਼ੁਰ ਦੇ ਅੱਗੇ ਸਾਨੂੰ ਦਿਲੇਰੀ ਹੈ ਅਤੇ ਜੋ ਕੁਝ ਅਸੀਂ ਮੰਗਦੇ ਹਾਂ ਸੋ ਓਸ ਤੋਂ ਸਾਨੂੰ ਮਿਲਦਾ ਹੈ ਕਿਉਂ ਜੋ ਉਹ ਦੇ ਹੁਕਮਾਂ ਦੀ ਪਾਲਨਾ ਕਰਦੇ ਹਾਂ ਅਤੇ ਉਹ ਕੰਮ ਕਰਦੇ ਹਾਂ ਜਿਹੜੇ ਉਹ ਨੂੰ ਭਾਉਂਦੇ ਹਨ।”—1 ਯੂਹੰਨਾ 3:21, 22.

ਅਸੀਂ ਯਹੋਵਾਹ ਨੂੰ ਕਿਸੇ ਵੀ ਵੇਲੇ ਪ੍ਰਾਰਥਨਾ ਕਰ ਸਕਦੇ ਹਾਂ ਤੇ ਆਪਣੀ ਹਰ ਪਰੇਸ਼ਾਨੀ ਜਾਂ ਚਿੰਤਾ ਬਾਰੇ ਗੱਲ ਕਰ ਸਕਦੇ ਹਾਂ। ਯਹੋਵਾਹ ਸਾਡੀ ਪ੍ਰਾਰਥਨਾ ਨੂੰ ਅਣਸੁਣੀ ਨਹੀਂ ਕਰੇਗਾ। ਜੇ ਅਸੀਂ ਗੰਭੀਰ ਗ਼ਲਤੀ ਕਰ ਕੇ ਦਿਲੋਂ ਪਛਤਾਵਾ ਕਰਦੇ ਹਾਂ, ਤਾਂ ਸਾਨੂੰ ਪ੍ਰਾਰਥਨਾ ਕਰਨ ਵਿਚ ਝਿਜਕ ਮਹਿਸੂਸ ਕਰਨ ਦੀ ਲੋੜ ਨਹੀਂ ਹੈ।

ਯਹੋਵਾਹ ਨੇ ਸਾਨੂੰ ਉਸ ਬਾਰੇ ਅਤੇ ਉਸ ਨਾਲ ਦਲੇਰੀ ਨਾਲ ਗੱਲ ਕਰਨ ਦਾ ਵਰਦਾਨ ਦਿੱਤਾ ਹੈ। ਅਸੀਂ ਦਲੇਰੀ ਨਾਲ ਪ੍ਰਚਾਰ ਕਰ ਕੇ ਤੇ ਸਿੱਖਿਆ ਦੇ ਕੇ ਯਹੋਵਾਹ ਦੀ ਵਡਿਆਈ ਕਰ ਸਕਦੇ ਹਾਂ ਅਤੇ ਬਿਨਾਂ ਝਿਜਕੇ ਪ੍ਰਾਰਥਨਾ ਕਰ ਕੇ ਉਸ ਦੇ ਨੇੜੇ ਜਾ ਸਕਦੇ ਹਾਂ। ਇਸ ਲਈ ਆਓ ਆਪਾਂ ‘ਆਪਣੀ ਦਿਲੇਰੀ ਨੂੰ ਕਿਤੇ ਗੁਆ ਨਾ ਬੈਠੀਏ ਕਿ ਉਹ ਦਾ ਵੱਡਾ ਫਲ ਹੈ।’ ਜੀ ਹਾਂ, ਦਲੇਰੀ ਦਾ ਵੱਡਾ ਫਲ ਹੈ ਅਨੰਤ ਜ਼ਿੰਦਗੀ।—ਇਬਰਾਨੀਆਂ 10:35.

[ਸਫ਼ਾ 13 ਉੱਤੇ ਤਸਵੀਰ]

ਪੌਲੁਸ ਰਸੂਲ ਨੇ ਦਲੇਰੀ ਨਾਲ ਪ੍ਰਚਾਰ ਕੀਤਾ

[ਸਫ਼ਾ 15 ਉੱਤੇ ਤਸਵੀਰਾਂ]

ਅਸਰਦਾਰ ਢੰਗ ਨਾਲ ਸਿੱਖਿਆ ਦੇਣ ਲਈ ਬਿਨਾਂ ਝਿਜਕੇ ਗੱਲ ਕਰਨ ਦੀ ਲੋੜ ਹੈ

[ਸਫ਼ਾ 16 ਉੱਤੇ ਤਸਵੀਰ]

ਪ੍ਰਾਰਥਨਾ ਕਰਨ ਵੇਲੇ ਸਾਡੇ ਅੰਦਰ ਝਿਜਕ ਨਹੀਂ ਹੋਣੀ ਚਾਹੀਦੀ