“ਕੋਮਲ ਸਰੀਰ” ਦੀ ਕਦਰ ਕਰੋ
“ਕੋਮਲ ਸਰੀਰ” ਦੀ ਕਦਰ ਕਰੋ
ਪਤਰਸ ਰਸੂਲ ਨੇ ਲਿਖਿਆ: ‘ਇਸੇ ਤਰਾਂ ਹੇ ਪਤੀਓ, ਬੁੱਧ ਦੇ ਅਨੁਸਾਰ ਆਪਣੀਆਂ ਪਤਨੀਆਂ ਨਾਲ ਵੱਸੋ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹ ਦਾ ਆਦਰ ਕਰੋ।’ (1 ਪਤਰਸ 3:7) ਕੀ ਤੀਵੀਆਂ ਨੂੰ “ਕੋਮਲ ਸਰੀਰ” ਕਹਿ ਕੇ ਬਾਈਬਲ ਇਹ ਕਹਿ ਰਹੀ ਹੈ ਕਿ ਤੀਵੀਆਂ ਮਰਦਾਂ ਨਾਲੋਂ ਕਮਜ਼ੋਰ ਹਨ? ਆਓ ਆਪਾਂ ਦੇਖੀਏ ਕਿ ਪਤਰਸ ਅਸਲ ਵਿਚ ਕੀ ਕਹਿ ਰਿਹਾ ਸੀ।
ਪਤਰਸ ਨੇ “ਆਦਰ” ਲਈ ਜਿਹੜਾ ਯੂਨਾਨੀ ਸ਼ਬਦ ਵਰਤਿਆ ਸੀ, ਉਸ ਦਾ ਮਤਲਬ ਹੈ ਮੁੱਲ, ਕੀਮਤ, ਸਨਮਾਨ। ਇਸ ਲਈ ਉਹ ਕਹਿ ਰਿਹਾ ਸੀ ਕਿ ਔਰਤ ਕੀਮਤੀ ਤੇ ਨਾਜ਼ੁਕ ਚੀਜ਼ ਵਾਂਗ ਹੈ ਜਿਸ ਦਾ ਮਸੀਹੀ ਪਤੀਆਂ ਨੂੰ ਪਿਆਰ ਨਾਲ ਖ਼ਿਆਲ ਰੱਖਣਾ ਚਾਹੀਦਾ ਹੈ। ਇਸ ਵਿਚ ਨਿਰਾਦਰੀ ਦੀ ਕੋਈ ਗੱਲ ਨਹੀਂ ਹੈ। ਮਿਸਾਲ ਲਈ, ਟਿਫ਼ਨੀ ਲੋਟੱਸ ਨਾਂ ਦੇ ਇਕ ਬਹੁਤ ਹੀ ਕੀਮਤੀ ਲੈਂਪ ਬਾਰੇ ਸੋਚੋ। ਇਸ ਤਸਵੀਰ ਵਿਚ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਰੀਕੀ ਨਾਲ ਬਣਾਇਆ ਗਿਆ ਬਹੁਤ ਹੀ ਸੋਹਣਾ ਤੇ ਨਾਜ਼ੁਕ ਲੈਂਪ ਹੈ। ਕੀ ਇਸ ਦੀ ਨਾਜ਼ੁਕਤਾ ਕਾਰਨ ਇਸ ਦੀ ਕੀਮਤ ਘੱਟ ਜਾਂਦੀ ਹੈ? ਬਿਲਕੁਲ ਨਹੀਂ! ਸਾਲ 1997 ਵਿਚ ਇਕ ਬਹੁਤ ਹੀ ਪੁਰਾਣੇ ਟਿਫ਼ਨੀ ਲੈਂਪ ਦੀ ਨੀਲਾਮੀ ਹੋਈ ਤੇ ਇਹ 28 ਲੱਖ ਅਮਰੀਕੀ ਡਾਲਰਾਂ (12.6 ਕਰੋੜ ਰੁਪਏ) ਵਿਚ ਵਿੱਕਿਆ! ਇਸ ਦੀ ਨਾਜ਼ੁਕਤਾ ਨੇ ਇਸ ਦੀ ਕੀਮਤ ਘਟਾਈ ਨਹੀਂ, ਸਗੋਂ ਵਧਾ ਦਿੱਤੀ ਸੀ।
ਇਸੇ ਤਰ੍ਹਾਂ ਇਕ ਔਰਤ ਨੂੰ ਕੋਮਲ ਸਰੀਰ ਕਹਿਣ ਨਾਲ ਉਸ ਦਾ ਨਿਰਾਦਰ ਨਹੀਂ ਹੁੰਦਾ। ਆਪਣੀ ਪਤਨੀ ਨਾਲ “ਬੁੱਧ ਦੇ ਅਨੁਸਾਰ” ਪੇਸ਼ ਆਉਣ ਦਾ ਮਤਲਬ ਹੈ ਕਿ ਪਤੀ ਉਸ ਦੀਆਂ ਖੂਬੀਆਂ ਤੇ ਕਮਜ਼ੋਰੀਆਂ, ਪਸੰਦਾਂ-ਨਾਪਸੰਦਾਂ ਤੇ ਭਾਵਨਾਵਾਂ ਨੂੰ ਧਿਆਨ ਵਿਚ ਰੱਖੇ। ਜਿਹੜਾ ਪਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ, ਉਹ ਇਸ ਗੱਲ ਨੂੰ ਸਮਝਦਾ ਹੈ ਕਿ ਉਸ ਦੀ ਪਤਨੀ ਦੀ ਵੀ ਆਪਣੀ ਪਛਾਣ ਹੈ ਤੇ ਹਰ ਗੱਲ ਵਿਚ ਉਸ ਨੇ ਉਸ ਵਾਂਗ ਮਹਿਸੂਸ ਨਹੀਂ ਕਰਨਾ ਹੈ। ਇਸ ਦੇ ਬਾਵਜੂਦ ਉਹ ਉਸ ਦੀ ਕਦਰ ਕਰਦਾ ਹੈ। ਪਤੀ ਇਨ੍ਹਾਂ ਗੱਲਾਂ ਵੱਲ ਧਿਆਨ ਕਿਉਂ ਦਿੰਦਾ ਹੈ? ਤਾਂਕਿ ‘ਉਸ ਦੀਆਂ ਪ੍ਰਾਰਥਨਾਂ ਰੁਕ ਨਾ ਜਾਣ।’ (1 ਪਤਰਸ 3:7) ਜਿਹੜਾ ਪਤੀ ਆਪਣੀ ਪਤਨੀ ਦੇ ਗੁਣਾਂ ਨੂੰ ਨਹੀਂ ਪਛਾਣਦਾ, ਉਹ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਨਹੀਂ ਰੱਖ ਸਕਦਾ। ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਔਰਤਾਂ ਦਾ ਨਿਰਾਦਰ ਨਹੀਂ ਕੀਤਾ ਜਾਂਦਾ, ਸਗੋਂ ਉਨ੍ਹਾਂ ਦਾ ਆਦਰ-ਸਤਿਕਾਰ ਕੀਤਾ ਜਾਂਦਾ ਹੈ।
[ਸਫ਼ਾ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
© Christie’s Images Limited 1997