Skip to content

Skip to table of contents

“ਜੁੱਧ ਦਾ ਸੁਆਮੀ ਯਹੋਵਾਹ ਹੈ”

“ਜੁੱਧ ਦਾ ਸੁਆਮੀ ਯਹੋਵਾਹ ਹੈ”

“ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ”

“ਜੁੱਧ ਦਾ ਸੁਆਮੀ ਯਹੋਵਾਹ ਹੈ”

ਇਕ ਵਾਰ ਫਲਿਸਤੀਆਂ ਦੀਆਂ ਫ਼ੌਜਾਂ ਤੇ ਇਸਰਾਏਲੀਆਂ ਦੀਆਂ ਫ਼ੌਜਾਂ ਮੈਦਾਨ-ਏ-ਜੰਗ ਵਿਚ ਇਕ-ਦੂਜੇ ਦੇ ਵਿਰੁੱਧ ਡਟੀਆਂ ਖੜ੍ਹੀਆਂ ਸਨ। ਫਲਿਸਤੀਆਂ ਦਾ ਸੂਰਮਾ ਗੋਲਿਅਥ ਚਾਲੀਆਂ ਦਿਨਾਂ ਤਕ ਇਸਰਾਏਲੀਆਂ ਨੂੰ ਲਲਕਾਰਦਾ ਤੇ ਉਨ੍ਹਾਂ ਦਾ ਅਪਮਾਨ ਕਰਦਾ ਰਿਹਾ। ਇਸਰਾਏਲੀ ਫ਼ੌਜਾਂ ਵਿੱਚੋਂ ਕਿਸੇ ਦੀ ਹਿੰਮਤ ਨਹੀਂ ਪਈ ਕਿ ਉਹ ਗੋਲਿਅਥ ਦੇ ਲਲਕਾਰਿਆਂ ਦਾ ਜਵਾਬ ਦੇ ਸਕੇ।—1 ਸਮੂਏਲ 17:1-4, 16.

ਗੋਲਿਅਥ ਉਨ੍ਹਾਂ ਨੂੰ ਉੱਚੀ-ਉੱਚੀ ਲਲਕਾਰੇ ਮਾਰਦਾ ਸੀ: “ਤੁਸੀਂ ਆਪਣੇ ਲਈ ਕਿਸੇ ਮਨੁੱਖ ਨੂੰ ਚੁਣੋ ਅਤੇ ਉਹ ਮੇਰੇ ਕੋਲ ਲਹਿ ਆਵੇ। ਜੇ ਕਦੀ ਉਹ ਮੇਰੇ ਨਾਲ ਲੜਨ ਜੋਗਾ ਹੋਵੇ ਅਤੇ ਮੈਨੂੰ ਮਾਰ ਲਵੇ ਤਾਂ ਅਸੀਂ ਤੁਹਾਡੇ ਗੁਲਾਮ ਬਣਾਂਗੇ ਪਰ ਜੇ ਕਦੀ ਉਸ ਦੇ ਉੱਤੇ ਮੈਂ ਤਕੜਾ ਹੋਵਾਂ ਅਤੇ ਉਹ ਨੂੰ ਮਾਰ ਲਵਾਂ ਤਾਂ ਤੁਸੀਂ ਸਾਡੇ ਗੁਲਾਮ ਹੋਵੋਗੇ ਅਤੇ ਸਾਡੀ ਗੁਲਾਮੀ ਕਰੋਗੇ। . . . ਅੱਜ ਮੈਂ ਇਸਰਾਏਲ ਦੇ ਦਲਾਂ ਨੂੰ ਸ਼ਰਮਿੰਦਾ ਕਰਦਾ ਹਾਂ। ਮੇਰੇ ਲਈ ਕੋਈ ਮਨੁੱਖ ਠਹਿਰਾ ਲਓ ਜੋ ਅਸੀਂ ਆਪੋ ਵਿੱਚ ਜੁੱਧ ਕਰੀਏ।”—1 ਸਮੂਏਲ 17:8-10.

ਪੁਰਾਣੇ ਜ਼ਮਾਨੇ ਵਿਚ ਇਹ ਗੱਲ ਆਮ ਸੀ ਕਿ ਕਿਸੇ ਲੜਾਈ ਦਾ ਫ਼ੈਸਲਾ ਦੋਵੇਂ ਪਾਸਿਆਂ ਦੇ ਇਕ-ਇਕ ਸੂਰਮੇ ਦਾ ਮੁਕਾਬਲਾ ਕਰਾ ਕੇ ਕੀਤਾ ਜਾਂਦਾ ਸੀ। ਜਿੱਤਣ ਵਾਲੇ ਸੂਰਮੇ ਦੀ ਫ਼ੌਜ ਜਿੱਤ ਜਾਂਦੀ ਸੀ। ਪਰ ਫਲਿਸਤੀਆਂ ਦਾ ਇਹ ਸੂਰਮਾ ਕੋਈ ਛੋਟਾ-ਮੋਟਾ ਫ਼ੌਜੀ ਨਹੀਂ ਸੀ। ਉਸ ਨੂੰ ਦੇਖ ਕੇ ਦੁਨੀਆਂ ਥਰ-ਥਰ ਕੰਬਦੀ ਸੀ। ਪਰ ਯਹੋਵਾਹ ਦੀ ਫ਼ੌਜ ਨੂੰ ਲਲਕਾਰ ਕੇ ਇਸ ਦੈਂਤ ਨੇ ਆਪਣੀ ਮੌਤ ਨੂੰ ਸੱਦਾ ਦਿੱਤਾ ਸੀ।

ਇਹ ਸਿਰਫ਼ ਦੋ ਫ਼ੌਜਾਂ ਦਾ ਮੁਕਾਬਲਾ ਨਹੀਂ ਸੀ। ਇਹ ਯਹੋਵਾਹ ਅਤੇ ਫਲਿਸਤੀਆਂ ਦੇ ਦੇਵਤਿਆਂ ਦਾ ਮੁਕਾਬਲਾ ਸੀ। ਉਸ ਸਮੇਂ ਇਸਰਾਏਲ ਦਾ ਬਾਦਸ਼ਾਹ ਸ਼ਾਊਲ ਹਿੰਮਤ ਨਾਲ ਪਰਮੇਸ਼ੁਰ ਦੇ ਵੈਰੀਆਂ ਦਾ ਸਾਮ੍ਹਣਾ ਕਰਨ ਦੀ ਬਜਾਇ ਡਰਿਆ ਬੈਠਾ ਸੀ।—1 ਸਮੂਏਲ 17:11.

ਦਾਊਦ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ

ਦਾਊਦ ਦੇ ਵੱਡੇ ਭਰਾ ਸ਼ਾਊਲ ਬਾਦਸ਼ਾਹ ਦੀ ਫ਼ੌਜ ਵਿਚ ਸਨ। ਦਾਊਦ ਆਪਣੇ ਭਰਾਵਾਂ ਨੂੰ ਉਸ ਸਮੇਂ ਮਿਲਣ ਗਿਆ ਜਦ ਦੋਵੇਂ ਫ਼ੌਜਾਂ ਆਮੋ-ਸਾਮ੍ਹਣੇ ਖੜ੍ਹੀਆਂ ਸਨ। ਇਸ ਤੋਂ ਕੁਝ ਸਮਾਂ ਪਹਿਲਾਂ ਦਾਊਦ ਨੂੰ ਇਸਰਾਏਲ ਦੇ ਅਗਲੇ ਬਾਦਸ਼ਾਹ ਵਜੋਂ ਚੁਣ ਲਿਆ ਗਿਆ ਸੀ। ਜਦ ਉਸ ਨੇ ਗੋਲਿਅਥ ਦੀ ਲਲਕਾਰ ਸੁਣੀ, ਤਾਂ ਉਸ ਨੇ ਕਿਹਾ: “ਇਹ ਅਸੁੰਨਤੀ ਫਲਿਸਤੀ ਹੈ ਕੌਣ ਜੋ ਜੀਉਂਦੇ ਪਰਮੇਸ਼ੁਰ ਦੇ ਦਲਾਂ ਨੂੰ ਲੱਜਿਆਵਾਨ ਕਰੇ?” (1 ਸਮੂਏਲ 17:26) ਦਾਊਦ ਦੀਆਂ ਨਜ਼ਰਾਂ ਵਿਚ ਗੋਲਿਅਥ ਸਿਰਫ਼ ਫਲਿਸਤੀ ਲੋਕਾਂ ਵੱਲੋਂ ਹੀ ਨਹੀਂ, ਸਗੋਂ ਆਪਣੇ ਦੇਵਤਿਆਂ ਵੱਲੋਂ ਵੀ ਲਲਕਾਰੇ ਮਾਰ ਰਿਹਾ ਸੀ। ਦਾਊਦ ਨੂੰ ਬਹੁਤ ਗੁੱਸਾ ਚੜ੍ਹਿਆ ਅਤੇ ਉਹ ਯਹੋਵਾਹ ਤੇ ਇਸਰਾਏਲ ਲਈ ਗੋਲਿਅਥ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਗਿਆ। ਪਰ ਸ਼ਾਊਲ ਬਾਦਸ਼ਾਹ ਨੇ ਉਸ ਦੀ ਗੱਲ ਸੁਣ ਕੇ ਕਿਹਾ: “ਤੂੰ ਉਸ ਫਲਿਸਤੀ ਦਾ ਸਾਹਮਣਾ ਕਰਨ ਅਤੇ ਉਹ ਦੇ ਨਾਲ ਲੜਨ ਜੋਗਾ ਨਹੀਂ ਹੈ ਕਿਉਂ ਜੋ ਤੂੰ ਮੁੰਡਾ ਹੀ ਹੈਂ।”—1 ਸਮੂਏਲ 17:33.

ਸ਼ਾਊਲ ਤੇ ਦਾਊਦ ਦੇ ਦ੍ਰਿਸ਼ਟੀਕੋਣ ਵਿਚ ਕਿੰਨਾ ਫ਼ਰਕ ਸੀ! ਸ਼ਾਊਲ ਦੀਆਂ ਨਜ਼ਰਾਂ ਵਿਚ ਭੇਡਾਂ ਚਾਰਨ ਵਾਲਾ ਇਹ ਮੁੰਡਾ ਇਸ ਹੰਢੇ ਹੋਏ ਫ਼ੌਜੀ ਦੈਂਤ ਦਾ ਸਾਮ੍ਹਣਾ ਕਿਵੇਂ ਕਰ ਸਕਦਾ ਸੀ। ਪਰ ਦਾਊਦ ਦੀਆਂ ਨਜ਼ਰਾਂ ਵਿਚ ਗੋਲਿਅਥ ਉਹ ਬੰਦਾ ਸੀ ਜੋ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੂੰ ਲਲਕਾਰ ਰਿਹਾ ਸੀ। ਦਾਊਦ ਦੀ ਹਿੰਮਤ ਦਾ ਕਾਰਨ ਕੀ ਸੀ? ਉਸ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ੁਰ ਆਪਣੇ ਨਾਂ ਨੂੰ ਅਤੇ ਆਪਣੇ ਲੋਕਾਂ ਨੂੰ ਹਾਸੋਹੀਣੀ ਚੀਜ਼ ਨਹੀਂ ਬਣਨ ਦੇਵੇਗਾ। ਗੋਲਿਅਥ ਨੂੰ ਆਪਣੀ ਤਾਕਤ ਤੇ ਮਾਣ ਸੀ, ਪਰ ਦਾਊਦ ਦਾ ਭਰੋਸਾ ਯਹੋਵਾਹ ਤੇ ਸੀ ਤੇ ਉਹ ਹਾਲਾਤ ਨੂੰ ਪਰਮੇਸ਼ੁਰ ਦੀ ਨਜ਼ਰ ਤੋਂ ਦੇਖ ਰਿਹਾ ਸੀ।

‘ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਤੇਰੇ ਕੋਲ ਆਉਂਦਾ ਹਾਂ’

ਦਾਊਦ ਕੋਲ ਯਹੋਵਾਹ ਉੱਤੇ ਭਰੋਸਾ ਰੱਖਣ ਦਾ ਠੋਸ ਕਾਰਨ ਸੀ। ਉਸ ਨੂੰ ਯਾਦ ਸੀ ਕਿ ਪਹਿਲਾਂ ਵੀ ਪਰਮੇਸ਼ੁਰ ਨੇ ਉਸ ਦੀ ਮਦਦ ਕੀਤੀ ਸੀ ਜਦ ਉਸ ਨੇ ਆਪਣੀਆਂ ਭੇਡਾਂ ਨੂੰ ਇਕ ਸ਼ੇਰ ਤੇ ਇਕ ਰਿੱਛ ਦੇ ਪੰਜਿਆਂ ਤੋਂ ਛੁਡਾਇਆ ਸੀ। ਦਾਊਦ ਨੂੰ ਇਸ ਵਾਰ ਵੀ ਪੂਰਾ ਯਕੀਨ ਸੀ ਕਿ ਫਲਿਸਤੀ ਦੈਂਤ ਦਾ ਸਾਮ੍ਹਣਾ ਕਰਨ ਲਈ ਯਹੋਵਾਹ ਉਸ ਦੀ ਮਦਦ ਕਰੇਗਾ। (1 ਸਮੂਏਲ 17:34-37) ਉਹ ਇਕ ਗੋਪੀਆ ਤੇ ਪੰਜ ਚੀਕਣੇ ਪੱਥਰ ਲੈ ਕੇ ਗੋਲਿਅਥ ਨਾਲ ਲੜਨ ਲਈ ਜੰਗ ਦੇ ਮੈਦਾਨ ਵਿਚ ਕੁੱਦ ਪਿਆ।

ਦਾਊਦ ਨੇ ਯਹੋਵਾਹ ਦੇ ਆਸਰੇ ਇਸ ਪਹਾੜ ਜਿੱਡੀ ਚੁਣੌਤੀ ਦਾ ਡੱਟ ਕੇ ਮੁਕਾਬਲਾ ਕੀਤਾ। ਉਸ ਨੇ ਗੋਲਿਅਥ ਨੂੰ ਕਿਹਾ: “ਤੂੰ ਤਲਵਾਰ ਅਤੇ ਬਰਛਾ ਅਤੇ ਢਾਲ ਲੈ ਕੇ ਮੇਰੇ ਕੋਲ ਆਉਂਦਾ ਹੈਂ ਪਰ ਮੈਂ ਸੈਨਾਂ ਦੇ ਯਹੋਵਾਹ ਦੇ ਨਾਮ ਉੱਤੇ ਜੋ ਇਸਰਾਏਲ ਦੇ ਦਲਾਂ ਦਾ ਪਰਮੇਸ਼ੁਰ ਹੈ ਜਿਸ ਨੂੰ ਤੈਂ ਲੱਜਿਆਵਾਨ ਕੀਤਾ ਤੇਰੇ ਕੋਲ ਆਉਂਦਾ ਹਾਂ! ਅਤੇ ਅੱਜ ਹੀ ਯਹੋਵਾਹ ਮੇਰੇ ਹੱਥ ਵਿੱਚ ਤੈਨੂੰ ਕਰ ਦੇਵੇਗਾ . . . ਭਈ ਸਾਰਾ ਸੰਸਾਰ ਜਾਣੇ ਜੋ ਇਸਰਾਏਲ ਵਿੱਚ ਇੱਕ ਪਰਮੇਸ਼ੁਰ ਹੈ। ਅਤੇ ਇਸ ਸਾਰੇ ਕਟਕ ਨੂੰ ਵੀ ਖਬਰ ਹੋਵੇਗੀ ਜੋ ਯਹੋਵਾਹ ਤਲਵਾਰ ਅਤੇ ਬਰਛੀ ਨਾਲ ਨਹੀਂ ਬਚਾਉਂਦਾ ਕਿਉਂ ਜੋ ਜੁੱਧ ਦਾ ਸੁਆਮੀ ਯਹੋਵਾਹ ਹੈ।”—1 ਸਮੂਏਲ 17:45-47.

ਨਤੀਜਾ ਕੀ ਨਿਕਲਿਆ? ਬਾਈਬਲ ਦੱਸਦੀ ਹੈ: “ਦਾਊਦ ਨੇ ਇੱਕ ਗੋਪੀਏ ਅਰ ਇੱਕ ਪੱਥਰ ਨਾਲ ਫਲਿਸਤੀ ਨੂੰ ਜਿੱਤ ਲਿਆ ਅਤੇ ਉਸ ਫਲਿਸਤੀ ਨੂੰ ਮਾਰਿਆ ਅਤੇ ਵੱਢ ਸੁੱਟਿਆ ਅਤੇ ਦਾਊਦ ਦੇ ਹੱਥ ਵਿੱਚ ਤਲਵਾਰ ਨਹੀਂ ਸੀ।” (1 ਸਮੂਏਲ 17:50) ਭਾਵੇਂ ਦਾਊਦ ਦੇ ਹੱਥ ਵਿਚ ਤਲਵਾਰ ਨਹੀਂ ਸੀ, ਪਰ ਯਹੋਵਾਹ ਉਸ ਨਾਲ ਸੀ। *

ਯਹੋਵਾਹ ਨੇ ਦਾਊਦ ਨੂੰ ਨਿਰਾਸ਼ ਨਹੀਂ ਕੀਤਾ। ਜਦ ਸਾਨੂੰ ਇਨਸਾਨਾਂ ਤੋਂ ਡਰਨ ਜਾਂ ਯਹੋਵਾਹ ਦੀ ਤਾਕਤ ਤੇ ਭਰੋਸਾ ਰੱਖਣ ਦਾ ਫ਼ੈਸਲਾ ਕਰਨਾ ਪੈਂਦਾ ਹੈ, ਤਾਂ ਸਾਨੂੰ ਯਾਦ ਰੱਖਣ ਦੀ ਲੋੜ ਹੈ ਕਿ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਇਸ ਤੋਂ ਇਲਾਵਾ ਜਦ ਅਸੀਂ ਪਹਾੜ ਜਿੱਡੀਆਂ ਚੁਣੌਤੀਆਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹਾਂ, ਤਾਂ ਅਸੀਂ ਡਰੇ ਬਗੈਰ ਉਨ੍ਹਾਂ ਦਾ ਸਾਮ੍ਹਣਾ ਕਰ ਸਕਦੇ ਹਾਂ।

[ਫੁਟਨੋਟ]

^ ਪੈਰਾ 13 ਸਾਲ 2006 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਉੱਤੇ ਮਈ/ਜੂਨ ਦੇ ਮਹੀਨਿਆਂ ਦੀ ਤਸਵੀਰ ਦੇਖੋ।

[ਸਫ਼ਾ 9 ਉੱਤੇ ਡੱਬੀ/ਤਸਵੀਰ]

ਗੋਲਿਅਥ ਦਾ ਕੱਦ-ਕਾਠ

ਪਹਿਲਾ ਸਮੂਏਲ 17:4-7 ਵਿਚ ਦੱਸਿਆ ਗਿਆ ਹੈ ਕਿ ਗੋਲਿਅਥ ਦਾ ਕੱਦ ਛੇ ਹੱਥ ਅਤੇ ਇਕ ਗਿੱਠ ਉੱਚਾ ਸੀ ਯਾਨੀ ਕਿ ਉਹ ਲਗਭਗ ਨੌਂ ਫੁੱਟ ਲੰਬਾ ਸੀ। ਉਸ ਦੇ ਕੱਦ ਦਾ ਹਿਸਾਬ ਉਸ ਦੀ ਪਿੱਤਲ ਦੀ ਸੰਜੋ ਤੋਂ ਵੀ ਲਾਇਆ ਜਾ ਸਕਦਾ ਹੈ ਜਿਸ ਦਾ ਤੋਲ 57 ਕਿਲੋ ਸੀ। ਉਸ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਤੁਰ੍ਹ ਵਰਗਾ ਸੀ ਅਤੇ ਬਰਛੇ ਦੇ ਲੋਹੇ ਦੇ ਫਲ ਦਾ ਭਾਰ 7 ਕਿਲੋ ਸੀ। ਗੋਲਿਅਥ ਦੇ ਪੂਰੇ ਕਵਚ ਦਾ ਭਾਰ ਸ਼ਾਇਦ ਦਾਊਦ ਦੇ ਭਾਰ ਨਾਲੋਂ ਵੀ ਜ਼ਿਆਦਾ ਸੀ!