Skip to content

Skip to table of contents

ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?

ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?

ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?

ਤੁਹਾਨੂੰ ਪਾਰਕ ਵਿਚ ਸੈਰ ਕਰਨਾ ਜਾਂ ਭਿੰਨੀ-ਭਿੰਨੀ ਖ਼ੁਸ਼ਬੂ ਬਿਖੇਰਦੇ ਫੁੱਲਾਂ ਦੇ ਬਗ਼ੀਚੇ ਵਿਚ ਟਹਿਲਣਾ ਕਿਉਂ ਚੰਗਾ ਲੱਗਦਾ ਹੈ? ਬੱਦਲਾਂ ਨੂੰ ਛੋਂਹਦੀਆਂ ਪਹਾੜਾਂ ਦੀਆਂ ਟੀਸੀਆਂ ਦੇਖ ਕੇ ਤੁਸੀਂ ਇੰਨੇ ਪ੍ਰਭਾਵਿਤ ਕਿਉਂ ਹੁੰਦੇ ਹੋ? ਖੂਬਸੂਰਤ ਝੀਲ ਦੇ ਪਾਣੀ ਦੀ ਕਲ-ਕਲ ਸੁਣ ਕੇ ਜਾਂ ਸੂਰਜ ਡੁੱਬਣ ਵੇਲੇ ਰੰਗ-ਬਰੰਗਾ ਆਸਮਾਨ ਦੇਖ ਕੇ ਤੁਹਾਡੇ ਮਨ ਨੂੰ ਸਕੂਨ ਕਿਉਂ ਮਿਲਦਾ ਹੈ? ਕੋਇਲ ਦੀ ਸੁਰੀਲੀ ਆਵਾਜ਼ ਸੁਣ ਕੇ ਤੁਹਾਨੂੰ ਚੰਗਾ ਕਿਉਂ ਲੱਗਦਾ ਹੈ? ਜਦ ਮੋਰ ਪੈਲਾਂ ਪਾਉਂਦਾ ਹੈ, ਤਾਂ ਤੁਸੀਂ ਉਸ ਦੇ ਪੱਖੇ ਵਾਂਗ ਖਿੱਲਰੇ ਰੰਗ-ਬਰੰਗੇ ਖੰਭਾਂ ਦੀ ਸ਼ਾਹਾਨਾ ਸੁੰਦਰਤਾ ਦੇਖ ਕੇ ਹੱਕੇ-ਬੱਕੇ ਕਿਉਂ ਰਹਿ ਜਾਂਦੇ ਹੋ?

ਇਨ੍ਹਾਂ ਸਾਰੇ ਸਵਾਲਾਂ ਦਾ ਇੱਕੋ ਹੀ ਜਵਾਬ ਹੈ ਕਿ ਪਰਮੇਸ਼ੁਰ ਨੇ ਸਾਨੂੰ ਇਕ ਫਿਰਦੌਸ ਵਰਗੀ ਧਰਤੀ ਉੱਤੇ ਰਹਿਣ ਲਈ ਬਣਾਇਆ ਸੀ। ਉਸ ਨੇ ਸਾਡੇ ਪਹਿਲੇ ਮਾਪਿਆਂ, ਆਦਮ ਅਤੇ ਹੱਵਾਹ ਨੂੰ ਬਣਾ ਕੇ ਇਕ ਸੁੰਦਰ ਬਾਗ਼ ਵਿਚ ਰੱਖਿਆ ਸੀ। ਉਸ ਸੁੰਦਰ ਜਗ੍ਹਾ ਤੇ ਰਹਿ ਕੇ ਉਹ ਬਹੁਤ ਖ਼ੁਸ਼ ਸਨ। ਸਾਡਾ ਸਿਰਜਣਹਾਰ, ਯਹੋਵਾਹ ਪਰਮੇਸ਼ੁਰ ਜਾਣਦਾ ਸੀ ਕਿ ਆਦਮ ਅਤੇ ਹੱਵਾਹ ਵਾਂਗ ਹਰ ਇਨਸਾਨ ਅਜਿਹੀ ਜਗ੍ਹਾ ਤੇ ਰਹਿ ਕੇ ਖ਼ੁਸ਼ ਹੋਵੇਗਾ। ਇਸੇ ਲਈ ਉਸ ਨੇ ਸਾਨੂੰ ਰਚਣ ਵੇਲੇ ਸਾਡੇ ਅੰਦਰ ਅਜਿਹੇ ਗੁਣ ਪਾਏ ਜਿਨ੍ਹਾਂ ਸਦਕਾ ਅਸੀਂ ਫਿਰਦੌਸ ਵਿਚ ਵਧੀਆ ਜ਼ਿੰਦਗੀ ਦਾ ਮਜ਼ਾ ਲੈ ਸਕਦੇ ਸੀ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਨੇ ਇਸ ਧਰਤੀ ਨੂੰ ਇਨਸਾਨਾਂ ਦੇ ‘ਵੱਸਣ ਲਈ ਸਾਜਿਆ’ ਹੈ। (ਯਸਾਯਾਹ 45:18) ਉਸ ਨੇ ‘ਧਰਤੀ ਨੂੰ ਬਣਾ’ ਕੇ ਆਦਮ ਅਤੇ ਹੱਵਾਹ ਨੂੰ ਅਦਨ ਨਾਂ ਦੇ ਇਕ ਸੁੰਦਰ ਬਾਗ਼ ਵਿਚ ਰੱਖਿਆ ਸੀ। (ਯਿਰਮਿਯਾਹ 10:12; ਉਤਪਤ 2:7-9, 15, 21, 22) ਉਨ੍ਹਾਂ ਦੀ ਖ਼ੁਸ਼ੀ ਲਈ ਪਰਮੇਸ਼ੁਰ ਨੇ ਹਰ ਇਕ ਚੀਜ਼ ਬਣਾਈ ਸੀ। ਉਸ ਬਾਗ਼ ਵਿਚ ਖੂਬਸੂਰਤ ਨਦੀਆਂ ਵਹਿੰਦੀਆਂ ਸਨ। ਹਰ ਪਾਸੇ ਰੰਗ-ਬਰੰਗੇ ਫੁੱਲ ਅਤੇ ਭਾਂਤ-ਭਾਂਤ ਦੇ ਦਰਖ਼ਤ ਨਜ਼ਰ ਆਉਂਦੇ ਸਨ। ਆਕਾਸ਼ ਵਿਚ ਤਰ੍ਹਾਂ-ਤਰ੍ਹਾਂ ਦੇ ਪੰਛੀ ਉੱਡਦੇ ਸਨ ਤੇ ਜ਼ਮੀਨ ਉੱਤੇ ਵੱਖੋ-ਵੱਖਰੀ ਕਿਸਮ ਦੇ ਜਾਨਵਰ ਘੁੰਮਦੇ ਸਨ। ਇਨ੍ਹਾਂ ਜਾਨਵਰਾਂ ਤੋਂ ਆਦਮ ਅਤੇ ਹੱਵਾਹ ਨੂੰ ਕੋਈ ਡਰ ਨਹੀਂ ਸੀ। ਨਦੀਆਂ ਦੇ ਸਾਫ਼ ਪਾਣੀਆਂ ਵਿਚ ਮੱਛੀਆਂ ਅਤੇ ਹੋਰ ਪ੍ਰਾਣੀ ਤੈਰਦੇ ਨਜ਼ਰ ਆਉਂਦੇ ਸਨ। ਅਤੇ ਸਭ ਤੋਂ ਖ਼ੁਸ਼ੀ ਦੀ ਗੱਲ ਇਹ ਸੀ ਕਿ ਆਦਮ ਅਤੇ ਹੱਵਾਹ ਨੂੰ ਇਕ-ਦੂਜੇ ਦਾ ਸਾਥ ਮਿਲਿਆ ਸੀ। ਪਰਮੇਸ਼ੁਰ ਨੇ ਆਦਮ ਤੇ ਹੱਵਾਹ ਨੂੰ ਆਸ਼ੀਰਵਾਦ ਦਿੱਤਾ ਸੀ ਕਿ ਉਹ ਆਪਣੀ ਔਲਾਦ ਪੈਦਾ ਕਰਨ ਅਤੇ ਉਨ੍ਹਾਂ ਨਾਲ ਮਿਲ ਕੇ ਸਾਰੀ ਧਰਤੀ ਨੂੰ ਅਦਨ ਦੇ ਸੁੰਦਰ ਬਾਗ਼ ਵਰਗਾ ਬਣਾਉਣ।

ਇਹ ਸੱਚ ਹੈ ਕਿ ਅੱਜ ਧਰਤੀ ਫਿਰਦੌਸ ਵਰਗੀ ਨਹੀਂ ਹੈ, ਪਰ ਫਿਰ ਵੀ ਯਹੋਵਾਹ ਪਰਮੇਸ਼ੁਰ ਨੇ ਮਨੁੱਖੀ ਪਰਿਵਾਰ ਲਈ ਇਸ ਨੂੰ ਬਹੁਤ ਹੀ ਸ਼ਾਨਦਾਰ ਬਣਾਇਆ ਹੈ। ਪਰਮੇਸ਼ੁਰ ਨੇ ਧਰਤੀ ਉੱਤੇ ਉਹ ਸਾਰੀਆਂ ਚੀਜ਼ਾਂ ਮੁਹੱਈਆ ਕੀਤੀਆਂ ਹਨ ਜੋ ਸਾਡੇ ਜ਼ਿੰਦਾ ਰਹਿਣ ਲਈ ਜ਼ਰੂਰੀ ਹਨ। ਉਸ ਨੇ ਸਾਡੇ ਖਾਣ-ਪੀਣ ਦਾ ਪ੍ਰਬੰਧ ਕੀਤਾ ਹੈ। ਦਿਨ ਵੇਲੇ ਸਾਨੂੰ ਸੂਰਜ ਤੋਂ ਗਰਮੀ ਤੇ ਰੌਸ਼ਨੀ ਮਿਲਦੀ ਹੈ ਅਤੇ ਰਾਤ ਨੂੰ ਅਸੀਂ ਚੰਨ ਦੀ ਮੱਧਮ ਰੌਸ਼ਨੀ ਦਾ ਆਨੰਦ ਮਾਣਦੇ ਹਾਂ। (ਉਤਪਤ 1:14-18) ਧਰਤੀ ਦੇ ਗਰਭ ਵਿੱਚੋਂ ਸਾਨੂੰ ਕੋਲਾ ਅਤੇ ਤੇਲ ਆਦਿ ਕੁਦਰਤੀ ਬਾਲਣ ਮਿਲਦਾ ਹੈ। ਪਾਣੀ ਦੇ ਕੁਦਰਤੀ ਚੱਕਰ ਅਤੇ ਧਰਤੀ ਉੱਤੇ ਵਹਿੰਦੀਆਂ ਨਦੀਆਂ, ਝੀਲਾਂ ਤੇ ਸਮੁੰਦਰਾਂ ਤੋਂ ਸਾਨੂੰ ਪਾਣੀ ਮਿਲਦਾ ਹੈ। ਅਤੇ ਧਰਤੀ ਦੀ ਸੁੰਦਰਤਾ ਵਧਾਉਣ ਲਈ ਹਰ ਪਾਸੇ ਹਰੇ ਘਾਹ ਦਾ ਗ਼ਲੀਚਾ ਵਿਛਾਇਆ ਹੋਇਆ ਹੈ।

ਧਰਤੀ ਖਾਣ-ਪੀਣ ਲਈ ਭਾਂਤ-ਭਾਂਤ ਦੀਆਂ ਚੀਜ਼ਾਂ ਦਾ ਭੰਡਾਰ ਹੈ। ਖੇਤਾਂ ਵਿਚ ਤਰ੍ਹਾਂ-ਤਰ੍ਹਾਂ ਦੀਆਂ ਫ਼ਸਲਾਂ ਉੱਗਦੀਆਂ ਹਨ ਅਤੇ ਬਾਗ਼ਾਂ ਵਿਚ ਬੇਅੰਤ ਕਿਸਮਾਂ ਦੀਆਂ ਫਲ-ਸਬਜ਼ੀਆਂ ਹੁੰਦੀਆਂ ਹਨ। ਜੀ ਹਾਂ, ਯਹੋਵਾਹ ਪਰਮੇਸ਼ੁਰ ਸਾਨੂੰ ‘ਫਲ ਦੇਣ ਵਾਲੀਆਂ ਰੁੱਤਾਂ ਦੇ ਕੇ ਸਾਡਿਆਂ ਮਨਾਂ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕਰਦਾ ਹੈ।’ (ਰਸੂਲਾਂ ਦੇ ਕਰਤੱਬ 14:16, 17) ਜ਼ਰਾ ਕਲਪਨਾ ਕਰੋ ਕਿ ਜੇ ਹੁਣ ਸਾਡੀ ਧਰਤੀ ਇੰਨੀ ਸ਼ਾਨਦਾਰ ਹੈ, ਤਾਂ ਉਦੋਂ ਕਿੰਨੀ ਸ਼ਾਨਦਾਰ ਹੋਵੇਗੀ ਜਦੋਂ ਸਾਡਾ “ਪਰਮਧੰਨ” ਯਾਨੀ ਖ਼ੁਸ਼ਦਿਲ ਪਰਮੇਸ਼ੁਰ ਯਹੋਵਾਹ ਇਸ ਨੂੰ ਫਿਰਦੌਸ ਵਰਗੀ ਬਣਾ ਦੇਵੇਗਾ!—1 ਤਿਮੋਥਿਉਸ 1:11.

[ਸਫ਼ਾ 2 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

COVER: Earth: NASA photo; Stars: NASA, ESA and AURA/​Caltech