Skip to content

Skip to table of contents

ਧਰਤੀ ਲਈ ਪਰਮੇਸ਼ੁਰ ਦਾ ਮਕਸਦ ਬਹੁਤ ਜਲਦ ਪੂਰਾ ਹੋਵੇਗਾ

ਧਰਤੀ ਲਈ ਪਰਮੇਸ਼ੁਰ ਦਾ ਮਕਸਦ ਬਹੁਤ ਜਲਦ ਪੂਰਾ ਹੋਵੇਗਾ

ਧਰਤੀ ਲਈ ਪਰਮੇਸ਼ੁਰ ਦਾ ਮਕਸਦ ਬਹੁਤ ਜਲਦ ਪੂਰਾ ਹੋਵੇਗਾ

ਜਦ ਆਦਮ ਅਤੇ ਹੱਵਾਹ ਅਦਨ ਦੇ ਬਾਗ਼ ਵਿਚ ਰਹਿੰਦੇ ਸਨ, ਤਾਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਕਿ “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।”—ਉਤਪਤ 1:28.

ਯਹੋਵਾਹ ਚਾਹੁੰਦਾ ਸੀ ਕਿ ਆਦਮ, ਹੱਵਾਹ ਅਤੇ ਉਨ੍ਹਾਂ ਦੀ ਔਲਾਦ ਸਾਰੀ ਧਰਤੀ ਦੀ ਦੇਖ-ਭਾਲ ਕਰ ਕੇ ਉਸ ਨੂੰ ਅਦਨ ਦੇ ਬਾਗ਼ ਵਰਗਾ ਬਣਾਉਣ। ਅਫ਼ਸੋਸ ਦੀ ਗੱਲ ਹੈ ਕਿ ਉਸ ਪਹਿਲੇ ਜੋੜੇ ਨੇ ਪਰਮੇਸ਼ੁਰ ਦਾ ਕਹਿਣਾ ਨਾ ਮੰਨਿਆ ਜਿਸ ਕਰਕੇ ਉਨ੍ਹਾਂ ਨੂੰ ਉਸ ਬਾਗ਼ ਵਿੱਚੋਂ ਕੱਢ ਦਿੱਤਾ ਗਿਆ ਸੀ। (ਉਤਪਤ 3:23, 24) ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਧਰਤੀ ਨੂੰ ਫਿਰਦੌਸ ਵਰਗਾ ਕਦੇ ਨਹੀਂ ਬਣਾਇਆ ਜਾਵੇਗਾ।

ਪਰਮੇਸ਼ੁਰ ਦੇ ਆਸ਼ੀਰਵਾਦ ਨਾਲ ਆਗਿਆਕਾਰ ਲੋਕ ਸਾਰੀ ਧਰਤੀ ਨੂੰ ਇਕ ਸੁੰਦਰ ਬਾਗ਼ ਵਰਗਾ ਬਣਾਉਣਗੇ। ਪੁਰਾਣਿਆਂ ਸਮਿਆਂ ਵਿਚ ਜਦ ਇਸਰਾਏਲੀ ਲੋਕਾਂ ਉੱਤੇ ਪਰਮੇਸ਼ੁਰ ਦੀ ਬਰਕਤ ਸੀ, ਤਾਂ ਉਨ੍ਹਾਂ ਦੇ ਖੇਤ ਹਰੀਆਂ-ਭਰੀਆਂ ਫ਼ਸਲਾਂ ਨਾਲ ਲਹਿਲਹਾ ਰਹੇ ਸਨ ਅਤੇ ਬਗ਼ੀਚੇ ਸੁਆਦੀ ਫਲਾਂ ਨਾਲ ਭਰੇ ਪਏ ਸਨ। ਜਦ ਧਰਤੀ ਨੂੰ ਫਿਰਦੌਸ ਵਰਗਾ ਬਣਾਇਆ ਜਾਵੇਗਾ, ਤਾਂ ਉਸ ਸਮੇਂ ਵੀ ਜ਼ਮੀਨ ਉੱਤੇ ਯਹੋਵਾਹ ਪਰਮੇਸ਼ੁਰ ਦੀ ਬਰਕਤ ਹੋਵੇਗੀ। ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਵਾਅਦਾ ਕੀਤਾ ਗਿਆ ਹੈ ਕਿ ‘ਧਰਤੀ ਆਪਣੀ ਪੈਦਾਵਾਰ ਵਿਚ ਵਾਧਾ ਕਰੇਗੀ। ਹਾਂ, ਪਰਮੇਸ਼ਰ, ਸਾਡਾ ਪਰਮੇਸ਼ਰ ਉਸ ਨੂੰ ਅਸੀਸ ਦਵੇਗਾ।’ (ਭਜਨ 67:6, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਸਮੇਂ ਧਰਤੀ ਦੇ ਮੈਦਾਨ, ਪਹਾੜ, ਦਰਖ਼ਤ ਅਤੇ ਫੁੱਲ, ਉਸ ਦੇ ਦਰਿਆ ਅਤੇ ਸਮੁੰਦਰ ਸਭ ਜੈਕਾਰਾ ਗਜਾਉਣਗੇ। (ਜ਼ਬੂਰਾਂ ਦੀ ਪੋਥੀ 96:11-13; 98:7-9) ਪੇੜ-ਪੌਦੇ ਸਾਰੀ ਧਰਤੀ ਨੂੰ ਹਰਿਆਵਲਾ ਬਣਾ ਦੇਣਗੇ। ਸ਼ਾਨਦਾਰ ਜਾਨਵਰ, ਰੰਗ-ਬਰੰਗੇ ਪੰਛੀ ਅਤੇ ਨੇਕ-ਦਿਲ ਤੇ ਪਿਆਰ ਕਰਨ ਵਾਲੇ ਲੋਕ ਧਰਤੀ ਦੀ ਸ਼ਾਨ ਨੂੰ ਹੋਰ ਵੀ ਵਧਾਉਣਗੇ।

ਨਵੀਂ ਦੁਨੀਆਂ ਨੇੜੇ ਹੈ!

ਅਸੀਂ ਯਹੋਵਾਹ ਪਰਮੇਸ਼ੁਰ ਦੁਆਰਾ ਵਾਅਦਾ ਕੀਤੀ ਗਈ ਨਵੀਂ ਦੁਨੀਆਂ ਦੀ ਦਹਿਲੀਜ਼ ਉੱਤੇ ਖੜ੍ਹੇ ਹਾਂ। ਪਤਰਸ ਰਸੂਲ ਨੇ ਲਿਖਿਆ: “[ਪਰਮੇਸ਼ੁਰ] ਦੇ ਬਚਨ ਦੇ ਅਨੁਸਾਰ ਅਸੀਂ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰਦੇ ਹਾਂ ਜਿਨ੍ਹਾਂ ਵਿੱਚ ਧਰਮ ਵੱਸਦਾ ਹੈ।” (2 ਪਤਰਸ 3:13) ਪਤਰਸ ਦੇ ਇਨ੍ਹਾਂ ਸ਼ਬਦਾਂ ਨੂੰ ਪੜ੍ਹ ਕੇ ਕਈ ਲੋਕ ਸ਼ਾਇਦ ਸੋਚਣ ਕਿ ਸਾਡੀ ਧਰਤੀ ਕਦੇ ਫਿਰਦੌਸ ਨਹੀਂ ਬਣੇਗੀ। ਉਨ੍ਹਾਂ ਨੂੰ ਸ਼ਾਇਦ ਲੱਗੇ ਕਿ ਸਾਡੇ ਅੱਜ ਦੇ ਆਕਾਸ਼ ਅਤੇ ਧਰਤੀ ਦਾ ਨਾਸ਼ ਕੀਤਾ ਜਾਵੇਗਾ ਅਤੇ ਸਭ ਕੁਝ ਨਵੇਂ ਸਿਰਿਓਂ ਬਣਾਇਆ ਜਾਵੇਗਾ। ਪਰ ਕੀ ਇਹ ਸੱਚ ਹੈ?

‘ਨਵਾਂ ਅਕਾਸ਼’ ਕਿਸ ਨੂੰ ਦਰਸਾਉਂਦਾ ਹੈ? ਪਤਰਸ ਉਸ ਆਕਾਸ਼ ਦੀ ਗੱਲ ਨਹੀਂ ਕਰ ਰਿਹਾ ਸੀ ਜਿਸ ਨੂੰ ਪਰਮੇਸ਼ੁਰ ਨੇ ਬਣਾਇਆ ਸੀ। (ਜ਼ਬੂਰਾਂ ਦੀ ਪੋਥੀ 19:1, 2) ਇੱਥੇ “ਅਕਾਸ਼” ਸ਼ਬਦ ਉਨ੍ਹਾਂ ਸਾਰੀਆਂ ਸਰਕਾਰਾਂ ਨੂੰ ਦਰਸਾਉਂਦਾ ਹੈ ਜੋ ਦੁਨੀਆਂ ਵਿਚ ਆਪਣੀ-ਆਪਣੀ ਪਰਜਾ ਉੱਪਰ ਰਾਜ ਕਰਦੀਆਂ ਹਨ। (2 ਪਤਰਸ 3:10-12) ਇਹ ਸਭ ਸਰਕਾਰਾਂ ਇਨਸਾਨਾਂ ਉੱਤੇ ਸਹੀ ਢੰਗ ਨਾਲ ਹਕੂਮਤ ਕਰਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਵਿਚ ਅਸਫ਼ਲ ਰਹੀਆਂ ਹਨ, ਇਸ ਲਈ ਇਨ੍ਹਾਂ ਦਾ ਸੱਤਿਆਨਾਸ ਕੀਤਾ ਜਾਵੇਗਾ। (ਯਿਰਮਿਯਾਹ 10:23; ਦਾਨੀਏਲ 2:44) ਫਿਰ ‘ਨਵਾਂ ਅਕਾਸ਼’ ਯਾਨੀ ਪਰਮੇਸ਼ੁਰ ਦਾ ਰਾਜ ਇਨ੍ਹਾਂ ਸਰਕਾਰਾਂ ਦੀ ਥਾਂ ਲੈ ਲਵੇਗਾ। ਇਸ ਸਵਰਗੀ ਰਾਜ ਦਾ ਮੁੱਖ ਰਾਜਾ ਯਿਸੂ ਮਸੀਹ ਹੈ ਅਤੇ ਉਸ ਦੇ ਨਾਲ ਰਾਜ ਕਰਨ ਲਈ 1,44,000 ਲੋਕਾਂ ਨੂੰ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਕਰ ਕੇ ਸਵਰਗੀ ਜੀਵਨ ਬਖ਼ਸ਼ਿਆ ਜਾਵੇਗਾ।—ਰੋਮੀਆਂ 8:16, 17; ਪਰਕਾਸ਼ ਦੀ ਪੋਥੀ 5:9, 10; 14:1, 3.

“ਨਵੀਂ ਧਰਤੀ” ਦਾ ਮਤਲਬ ਇਹ ਨਹੀਂ ਕਿ ਮੌਜੂਦਾ ਧਰਤੀ ਦਾ ਨਾਸ਼ ਕਰ ਕੇ ਇਕ ਨਵੀਂ ਧਰਤੀ ਬਣਾਈ ਜਾਵੇਗੀ। ਯਹੋਵਾਹ ਪਰਮੇਸ਼ੁਰ ਦੇ ਹੱਥਾਂ ਦਾ ਕੰਮ ਸੰਪੂਰਣ ਹੈ। ਉਸ ਨੇ ਧਰਤੀ ਨੂੰ ਇੰਨੇ ਵਧੀਆ ਤਰੀਕੇ ਨਾਲ ਬਣਾਇਆ ਹੈ ਕਿ ਇਸ ਉੱਤੇ ਇਨਸਾਨ ਸਦਾ ਲਈ ਰਹਿ ਸਕਦੇ ਹਨ। (ਜ਼ਬੂਰਾਂ ਦੀ ਪੋਥੀ 104:5) ਬਾਈਬਲ ਵਿਚ ਜਦ “ਧਰਤੀ” ਦਾ ਜ਼ਿਕਰ ਆਉਂਦਾ ਹੈ, ਤਾਂ ਅਕਸਰ ਧਰਤੀ ਲੋਕਾਂ ਨੂੰ ਦਰਸਾਉਂਦੀ ਹੈ। ਹਾਂ, ਪਤਰਸ ਇਹ ਕਹਿ ਰਿਹਾ ਸੀ ਕਿ ਧਰਤੀ ਉੱਤੋਂ ਉਨ੍ਹਾਂ ਲੋਕਾਂ ਦਾ ਨਾਸ਼ ਕੀਤਾ ਜਾਵੇਗਾ ਜੋ ਇਸ ਦੁਸ਼ਟ ਦੁਨੀਆਂ ਦਾ ਹਿੱਸਾ ਹਨ। ਪਰਮੇਸ਼ੁਰ ਨੇ ਨੂਹ ਦੇ ਜ਼ਮਾਨੇ ਵਿਚ ਵੀ ਜਲ-ਪਰਲੋ ਲਿਆ ਕੇ ਦੁਸ਼ਟ ਲੋਕਾਂ ਦਾ ਨਾਸ਼ ਕੀਤਾ ਸੀ। (2 ਪਤਰਸ 3:5-7) ਤਾਂ ਫਿਰ, “ਨਵੀਂ ਧਰਤੀ” ਕੀ ਹੈ? “ਨਵੀਂ ਧਰਤੀ” ਪਰਮੇਸ਼ੁਰ ਦੇ ਸੱਚੇ ਭਗਤਾਂ ਨੂੰ ਦਰਸਾਉਂਦੀ ਹੈ ਜੋ ‘ਸਿੱਧੇ ਮਨ ਵਾਲੇ ਹਨ।’ (ਜ਼ਬੂਰਾਂ ਦੀ ਪੋਥੀ 125:4; 1 ਯੂਹੰਨਾ 2:17) ਧਰਤੀ ਉੱਤੇ ਇਨ੍ਹਾਂ ਨੇਕ-ਦਿਲ ਲੋਕਾਂ ਨੂੰ ਪਰਮੇਸ਼ੁਰ ਦੇ ਸਵਰਗੀ ਰਾਜ ਅਧੀਨ ਹਿਦਾਇਤਾਂ ਦਿੱਤੀਆਂ ਜਾਣਗੀਆਂ। ਅਤੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕ ਨਿਸ਼ਚਿਤ ਕਰਨਗੇ ਕਿ ਸਭ ਲੋਕ ਇਨ੍ਹਾਂ ਹਿਦਾਇਤਾਂ ਉੱਤੇ ਚੱਲਦੇ ਹਨ।

ਨਵੀਆਂ ਤੇ ਸ਼ਾਨਦਾਰ ਤਬਦੀਲੀਆਂ!

ਯਹੋਵਾਹ ਨੇ ਇਸ ਸ਼ਾਨਦਾਰ ਧਰਤੀ ਨੂੰ ਸਾਡੇ ਰਹਿਣ ਲਈ ਬਣਾਇਆ ਸੀ। ਪਰਮੇਸ਼ੁਰ ਨੇ ਆਪ ਕਿਹਾ ਸੀ ਕਿ ਜੋ ਕੁਝ ਉਸ ਨੇ ਧਰਤੀ ਉੱਤੇ ਬਣਾਇਆ ਸੀ, ਉਹ “ਬਹੁਤ ਹੀ ਚੰਗਾ ਸੀ।” (ਉਤਪਤ 1:31) ਲੇਕਿਨ, ਆਦਮ ਅਤੇ ਹੱਵਾਹ ਨੇ ਸ਼ਤਾਨ ਦਾ ਸਾਥ ਦੇ ਕੇ ਪਰਮੇਸ਼ੁਰ ਦੇ ਖ਼ਿਲਾਫ਼ ਬਗਾਵਤ ਕੀਤੀ। (ਉਤਪਤ 3:1-5; ਪਰਕਾਸ਼ ਦੀ ਪੋਥੀ 12:9) ਫਿਰ ਵੀ ਪਰਮੇਸ਼ੁਰ ਵਾਅਦਾ ਕਰਦਾ ਹੈ ਕਿ ਬਹੁਤ ਜਲਦ ਨੇਕ-ਦਿਲ ਲੋਕ ਫਿਰਦੌਸ ਵਰਗੀ ਧਰਤੀ ਉੱਤੇ “ਅਸਲ ਜੀਵਨ” ਯਾਨੀ ਸਦਾ ਦਾ ਜੀਵਨ ਪਾਉਣਗੇ। (1 ਤਿਮੋਥਿਉਸ 6:12, 19) ਆਓ ਆਪਾਂ ਦੇਖੀਏ ਕਿ ਉਸ ਸਮੇਂ ਅਸੀਂ ਕਿਹੋ ਜਿਹੀਆਂ ਬਰਕਤਾਂ ਦਾ ਆਨੰਦ ਮਾਣਾਂਗੇ।

ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਸ਼ਤਾਨ ਦਾ ਬੁਰਾ ਸਾਇਆ ਇਨਸਾਨਾਂ ਉੱਤੋਂ ਹਟਾਇਆ ਜਾਵੇਗਾ। ਯੂਹੰਨਾ ਰਸੂਲ ਦੱਸਦਾ ਹੈ: “ਮੈਂ ਇੱਕ ਦੂਤ [ਮਹਾਂ ਦੂਤ ਮੀਕਾਏਲ ਯਾਨੀ ਯਿਸੂ ਮਸੀਹ] ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਅਕਾਸ਼ੋਂ ਉਤਰਦੇ ਵੇਖਿਆ। ਅਤੇ ਉਹ ਨੇ ਅਜਗਰ ਨੂੰ ਅਰਥਾਤ ਓਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ਤਾਨ ਹੈ ਫੜਿਆ ਅਤੇ ਹਜ਼ਾਰ ਵਰ੍ਹੇ ਤੀਕ ਉਹ ਨੂੰ ਜਕੜ ਰੱਖਿਆ। ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਮੁੰਦ ਕੇ ਉਹ ਦੇ ਉੱਤੇ ਮੋਹਰ ਲਾਈ ਭਈ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ ਜਿੰਨਾ ਚਿਰ ਹਜ਼ਾਰ ਵਰ੍ਹਾ ਪੂਰਾ ਨਾ ਹੋ ਲਵੇ।” (ਪਰਕਾਸ਼ ਦੀ ਪੋਥੀ 20:1-3; 12:12) ਸ਼ਤਾਨ ਦੇ ਪ੍ਰਭਾਵ ਤੋਂ ਮੁਕਤ ਹੋਣ ਦੇ ਨਾਲ-ਨਾਲ, ਪਰਮੇਸ਼ੁਰ ਦੇ ਰਾਜ ਅਧੀਨ ਇਨਸਾਨਾਂ ਨੂੰ ਹੋਰ ਵੀ ਬਹੁਤ ਸਾਰੀਆਂ ਬਰਕਤਾਂ ਮਿਲਣਗੀਆਂ।

ਬੁਰਾਈ, ਹਿੰਸਾ ਅਤੇ ਲੜਾਈਆਂ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ। ਬਾਈਬਲ ਵਿਚ ਪਰਮੇਸ਼ੁਰ ਵਾਅਦਾ ਕਰਦਾ ਹੈ: “ਹੁਣ ਥੋੜਾ ਹੀ ਚਿਰ ਰਹਿੰਦਾ ਹੈ ਭਈ ਦੁਸ਼ਟ ਨਹੀਂ ਹੋਵੇਗਾ, ਤੂੰ ਉਸ ਦੀ ਠੌਰ ਨੂੰ ਗੌਹ ਨਾਲ ਵੇਖੇਂਗਾ, ਪਰ ਉਹ ਕਿਤੇ ਨਾ ਹੋਵੇਗਾ। ਪਰ ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ। ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰਾਂ ਦੀ ਪੋਥੀ 37:10, 11, 29) ਯਹੋਵਾਹ ਪਰਮੇਸ਼ੁਰ ‘ਧਰਤੀ ਦੇ ਬੰਨਿਆਂ ਤੀਕੁਰ ਲੜਾਈਆਂ ਨੂੰ ਮੁਕਾ ਦੇਵੇਗਾ।’ (ਜ਼ਬੂਰਾਂ ਦੀ ਪੋਥੀ 46:9) ਸੁਖ-ਸ਼ਾਂਤੀ ਦੀ ਇਸ ਉਮੀਦ ਤੋਂ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ!

ਬਹੁਤ ਸਾਰਾ ਵਧੀਆ ਤੇ ਸੁਆਦੀ ਭੋਜਨ ਹੋਵੇਗਾ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: ‘ਧਰਤੀ ਵਿੱਚ ਪਹਾੜਾਂ ਦੀ ਟੀਸੀ ਉੱਤੇ ਬਹੁਤਾ ਅੰਨ ਹੋਵੇਗਾ।’ (ਜ਼ਬੂਰਾਂ ਦੀ ਪੋਥੀ 72:16) ਉਸ ਸਮੇਂ ਸਾਰੇ ਜਣੇ ਪੇਟ ਭਰ ਕੇ ਖਾਣਗੇ। ਕੋਈ ਵੀ ਭੁੱਖੇ ਪੇਟ ਨਹੀਂ ਸੌਂਵੇਗਾ।

ਹਰ ਬੀਮਾਰੀ ਨੂੰ ਖ਼ਤਮ ਕੀਤਾ ਜਾਵੇਗਾ। ਵਾਕਈ, “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” (ਯਸਾਯਾਹ 33:24; 35:5, 6) ਜਦੋਂ ਯਿਸੂ ਮਸੀਹ ਧਰਤੀ ਉੱਤੇ ਸੀ, ਤਾਂ ਉਸ ਨੇ ਕੋੜ੍ਹੀਆਂ ਨੂੰ ਸ਼ੁੱਧ ਕੀਤਾ, ਲੰਗੜਿਆਂ ਨੂੰ ਚੰਗਾ ਕੀਤਾ ਅਤੇ ਅੰਨ੍ਹਿਆਂ ਨੂੰ ਸੁਜਾਖਾ ਕੀਤਾ ਸੀ। (ਮੱਤੀ 9:35; ਮਰਕੁਸ 1:40-42; ਯੂਹੰਨਾ 5:5-9) ਜ਼ਰਾ ਕਲਪਨਾ ਕਰ ਕੇ ਦੇਖੋ ਕਿ ਉਹ ਨਵੀਂ ਦੁਨੀਆਂ ਵਿਚ ਹੋਰ ਕੀ-ਕੀ ਕਰੇਗਾ! ਲੋਕ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਣਗੇ ਜਦੋਂ ਅੰਨ੍ਹੇ ਦੇਖ ਸਕਣਗੇ, ਬੋਲ਼ੇ ਸੁਣ ਸਕਣਗੇ, ਲੰਗੜੇ ਚੱਲ ਸਕਣਗੇ ਅਤੇ ਗੁੰਗੇ ਬੋਲ ਸਕਣਗੇ। ਜੀ ਹਾਂ, ਹਰ ਇਨਸਾਨ ਤੰਦਰੁਸਤ ਹੋਵੇਗਾ।

ਜਿਉਂ-ਜਿਉਂ ਇਨਸਾਨ ਮੁਕੰਮਲ ਹੁੰਦੇ ਜਾਣਗੇ, ਤਿਉਂ-ਤਿਉਂ ਵਧਦੀ ਉਮਰ ਦੇ ਮਾੜੇ ਅਸਰ ਖ਼ਤਮ ਕੀਤੇ ਜਾਣਗੇ। ਐਨਕਾਂ, ਸੋਟੀਆਂ, ਪਹੀਏਦਾਰ ਕੁਰਸੀਆਂ, ਫੌੜੀਆਂ, ਹਸਪਤਾਲਾਂ ਅਤੇ ਦਵਾਈਆਂ ਦੀ ਫਿਰ ਕਦੇ ਵੀ ਜ਼ਰੂਰਤ ਨਹੀਂ ਹੋਵੇਗੀ। ਉਹ ਕਿੰਨਾ ਖ਼ੁਸ਼ੀ ਭਰਿਆ ਸਮਾਂ ਹੋਵੇਗਾ ਜਦ ਸਭ ਫਿਰ ਤੋਂ ਜਵਾਨ ਹੋ ਜਾਣਗੇ! (ਅੱਯੂਬ 33:25) ਚੰਗੀ ਨੀਂਦ ਲੈਣ ਤੋਂ ਬਾਅਦ ਅਸੀਂ ਹਰ ਸਵੇਰ ਨੂੰ ਤਰੋਤਾਜ਼ਾ ਮਹਿਸੂਸ ਕਰਾਂਗੇ ਅਤੇ ਦਿਨ ਦੇ ਕੰਮ ਕਰਨ ਲਈ ਤਿਆਰ ਹੋਵਾਂਗੇ।

ਸਾਡੇ ਅਜ਼ੀਜ਼ਾਂ ਨੂੰ ਮੌਤ ਦੀ ਨੀਂਦ ਤੋਂ ਜਗਾਇਆ ਜਾਵੇਗਾ। (ਯੂਹੰਨਾ 5:28, 29; ਰਸੂਲਾਂ ਦੇ ਕਰਤੱਬ 24:15) ਉਹ ਕਿੰਨਾ ਖ਼ੁਸ਼ੀ ਭਰਿਆ ਸਮਾਂ ਹੋਵੇਗਾ ਜਦ ਪੁਰਾਣੇ ਜ਼ਮਾਨੇ ਦੇ ਹਾਬਲ, ਨੂਹ, ਅਬਰਾਹਾਮ, ਸਾਰਾਹ, ਅੱਯੂਬ, ਮੂਸਾ, ਰੂਥ, ਦਾਊਦ, ਏਲੀਯਾਹ ਅਤੇ ਅਸਤਰ ਵਰਗੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਮੁੜ ਜ਼ਿੰਦਾ ਕੀਤਾ ਜਾਵੇਗਾ! ਉਸ ਸਮੇਂ ਲੱਖਾਂ ਹੋਰਨਾਂ ਲੋਕਾਂ ਨੂੰ ਵੀ ਦੁਬਾਰਾ ਜ਼ਿੰਦਗੀ ਬਖ਼ਸ਼ੀ ਜਾਵੇਗੀ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਜੀਉਂਦੇ-ਜੀ ਯਹੋਵਾਹ ਪਰਮੇਸ਼ੁਰ, ਉਸ ਦੇ ਮਕਸਦਾਂ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਬਾਰੇ ਸਿੱਖਣ ਦਾ ਮੌਕਾ ਨਹੀਂ ਮਿਲਿਆ। ਇਨ੍ਹਾਂ ਸਾਰਿਆਂ ਨੂੰ ਯਹੋਵਾਹ ਦੇ ਸੇਵਕ ਖ਼ੁਸ਼ੀ ਨਾਲ ਪਰਮੇਸ਼ੁਰ ਦਾ ਗਿਆਨ ਦੇਣਗੇ। ਇਹ ਸਭ ਲੋਕ ਸਾਡੇ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਣਗੇ। ਇਸ ਤਰ੍ਹਾਂ ਸਾਰੀ ਧਰਤੀ ਪਰਮੇਸ਼ੁਰ ਦੇ ਗਿਆਨ ਨਾਲ ਭਰ ਜਾਵੇਗੀ।

ਸਭ ਤੋਂ ਵਧੀਆ ਬਰਕਤ ਇਹ ਹੋਵੇਗੀ ਕਿ ਅਸੀਂ ਸਦਾ ਲਈ ਆਪਣੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰ ਸਕਾਂਗੇ। ਸਾਨੂੰ “ਅਨੰਦ ਹੋ ਕੇ ਯਹੋਵਾਹ ਦੀ ਉਪਾਸਨਾ” ਕਰਨ ਦਾ ਵੱਡਾ ਸਨਮਾਨ ਮਿਲੇਗਾ। ਇਸ ਦੇ ਨਾਲ-ਨਾਲ ਅਸੀਂ ਸਭ ਮਿਲ ਕੇ ਸੋਹਣੇ-ਸੋਹਣੇ ਘਰ ਬਣਾਵਾਂਗੇ ਅਤੇ ਖੇਤੀਬਾੜੀ ਕਰਾਂਗੇ। ਇਕ ਵਾਰ ਫਿਰ ਸਾਰੀ ਧਰਤੀ ਫਿਰਦੌਸ ਵਰਗੀ ਬਣ ਜਾਵੇਗੀ। (ਜ਼ਬੂਰਾਂ ਦੀ ਪੋਥੀ 100:1-3; ਯਸਾਯਾਹ 65:21-24) ਸਾਰੀ ਧਰਤੀ ਉੱਤੇ ਸ਼ਾਂਤੀ ਤੇ ਖ਼ੁਸ਼ਹਾਲੀ ਹੋਵੇਗੀ ਅਤੇ ਯਹੋਵਾਹ ਦੇ ਨਾਂ ਦੀ ਮਹਿਮਾ ਕੀਤੀ ਜਾਵੇਗੀ। ਵਾਕਈ, ਉਸ ਸਮੇਂ ਸਦਾ ਦੀ ਜ਼ਿੰਦਗੀ ਜੀਉਣ ਦਾ ਕਿੰਨਾ ਮਜ਼ਾ ਆਵੇਗਾ!—ਜ਼ਬੂਰਾਂ ਦੀ ਪੋਥੀ 145:21; ਯੂਹੰਨਾ 17:3.

ਆਖ਼ਰੀ ਪਰੀਖਿਆ

ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ, ਉਸ ਦੀ ਕੁਰਬਾਨੀ ਦੇ ਆਧਾਰ ਤੇ ਹਰ ਇਨਸਾਨ ਨੂੰ ਬਰਕਤਾਂ ਮਿਲਣਗੀਆਂ। ਸਾਨੂੰ ਪਾਪ ਅਤੇ ਮੌਤ ਤੋਂ ਆਜ਼ਾਦ ਕੀਤਾ ਜਾਵੇਗਾ ਅਤੇ ਅਸੀਂ ਮੁਕੰਮਲ ਜ਼ਿੰਦਗੀ ਦਾ ਆਨੰਦ ਮਾਣਾਂਗੇ। (1 ਯੂਹੰਨਾ 2:2; ਪਰਕਾਸ਼ ਦੀ ਪੋਥੀ 21:1-4) ਜਦ ਸਾਡੇ ਉੱਤੇ ਪਏ ਆਦਮ ਦੇ ਪਾਪ ਦੇ ਸਾਰੇ ਅਸਰਾਂ ਨੂੰ ਮਿਟਾਇਆ ਜਾਵੇਗਾ, ਤਦ ਅਸੀਂ ਸਰੀਰਕ ਤੌਰ ਤੇ ਮੁਕੰਮਲ ਹੋ ਜਾਵਾਂਗੇ, ਸਾਡੇ ਮਨ ਵਿਚ ਬੁਰੇ ਖ਼ਿਆਲ ਨਹੀਂ ਆਉਣਗੇ ਅਤੇ ਅਸੀਂ ਗ਼ਲਤ ਕੰਮ ਨਹੀਂ ਕਰਾਂਗੇ। ਅਸੀਂ ਪਰਮੇਸ਼ੁਰ ਦੀ ਭਗਤੀ ਠੀਕ ਉਸੇ ਤਰ੍ਹਾਂ ਕਰ ਪਾਵਾਂਗੇ ਜਿਸ ਤਰ੍ਹਾਂ ਉਹ ਚਾਹੁੰਦਾ ਹੈ। ਜੀ ਹਾਂ, ਮੁਕੰਮਲ ਜ਼ਿੰਦਗੀ ਪਾ ਕੇ ਹੀ ਅਸੀਂ ਅਸਲੀ ਜ਼ਿੰਦਗੀ ਦਾ ਮਜ਼ਾ ਲਵਾਂਗੇ। ਉਸ ਸਮੇਂ ਇਨ੍ਹਾਂ ਸਾਰੀਆਂ ਬਰਕਤਾਂ ਕਰਕੇ ਯਹੋਵਾਹ ਪਰਮੇਸ਼ੁਰ ਦੀ ਕਿੰਨੀ ਵਡਿਆਈ ਹੋਵੇਗੀ!

ਫਿਰ ਯਿਸੂ ਦੇ ਹਜ਼ਾਰ ਸਾਲ ਦੇ ਰਾਜ ਦੇ ਖ਼ਤਮ ਹੋਣ ਤੇ ਸ਼ਤਾਨ ਅਤੇ ਉਸ ਦੇ ਦੂਤਾਂ ਨੂੰ ਅਥਾਹ ਕੁੰਡ ਵਿੱਚੋਂ ਕੁਝ ਸਮੇਂ ਲਈ ਰਿਹਾ ਕੀਤਾ ਜਾਵੇਗਾ। (ਪਰਕਾਸ਼ ਦੀ ਪੋਥੀ 20:1-3) ਇਨਸਾਨਾਂ ਨੂੰ ਪਰਮੇਸ਼ੁਰ ਤੋਂ ਦੂਰ ਕਰਨ ਦਾ ਉਨ੍ਹਾਂ ਨੂੰ ਆਖ਼ਰੀ ਮੌਕਾ ਦਿੱਤਾ ਜਾਵੇਗਾ। ਉਸ ਸਮੇਂ ਕੁਝ ਲੋਕ ਸ਼ਤਾਨ ਦੇ ਮਗਰ ਲੱਗ ਕੇ ਗ਼ਲਤ ਕੰਮ ਕਰਨ ਲੱਗ ਪੈਣਗੇ, ਪਰ ਯਹੋਵਾਹ ਉਨ੍ਹਾਂ ਸਭ ਬਾਗ਼ੀਆਂ ਦਾ ਸ਼ਤਾਨ ਅਤੇ ਉਸ ਦੇ ਦੂਤਾਂ ਨਾਲ ਹੀ ਨਾਸ਼ ਕਰ ਦੇਵੇਗਾ। ਕੋਈ ਬੁਰਾਈ ਨਹੀਂ ਰਹੇਗੀ ਅਤੇ ਦੁਸ਼ਟ ਲੋਕਾਂ ਨੂੰ ਹਮੇਸ਼ਾ-ਹਮੇਸ਼ਾ ਲਈ ਮਿਟਾਇਆ ਜਾਵੇਗਾ। ਅਤੇ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਸਦਾ ਦੀ ਜ਼ਿੰਦਗੀ ਬਖ਼ਸ਼ੀ ਜਾਵੇਗੀ।—ਪਰਕਾਸ਼ ਦੀ ਪੋਥੀ 20:7-10.

ਕੀ ਤੁਸੀਂ ਉੱਥੇ ਹੋਵੋਗੇ?

ਯਹੋਵਾਹ ਪਰਮੇਸ਼ੁਰ ਨੂੰ ਪਿਆਰ ਕਰਨ ਵਾਲੇ ਸਭ ਲੋਕ ਸਦਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖ ਸਕਦੇ ਹਨ। ਪਰ, ਸ਼ਾਇਦ ਤੁਸੀਂ ਪੁੱਛੋ: ‘ਕੀ ਅਸੀਂ ਸਦਾ ਦੀ ਜ਼ਿੰਦਗੀ ਤੋਂ ਅੱਕ ਨਹੀਂ ਜਾਵਾਂਗੇ?’ ਬਿਲਕੁਲ ਨਹੀਂ, ਸਗੋਂ ਸਮੇਂ ਦੇ ਬੀਤਣ ਨਾਲ ਜ਼ਿੰਦਗੀ ਹੋਰ ਵੀ ਮਜ਼ੇਦਾਰ ਬਣੇਗੀ ਕਿਉਂਕਿ ਅਸੀਂ ਹਮੇਸ਼ਾ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਦੇ ਰਹਾਂਗੇ। (ਰੋਮੀਆਂ 11:33) ਹਰ ਦਿਨ ਤੁਸੀਂ ਕੋਈ-ਨ-ਕੋਈ ਨਵੀਂ ਗੱਲ ਸਿੱਖੋਗੇ ਅਤੇ ਨਵੀਆਂ ਗੱਲਾਂ ਸਿੱਖਣ ਲਈ ਤੁਹਾਡੇ ਕੋਲ ਬਹੁਤ ਸਮਾਂ ਹੋਵੇਗਾ। ਕਿਉਂ? ਕਿਉਂਕਿ ਉਸ ਵੇਲੇ ਤੁਸੀਂ ਸਿਰਫ਼ 70 ਜਾਂ 80 ਸਾਲਾਂ ਲਈ ਨਹੀਂ, ਸਗੋਂ ਸਦਾ ਲਈ ਜੀਉਂਦੇ ਰਹੋਗੇ।—ਜ਼ਬੂਰਾਂ ਦੀ ਪੋਥੀ 22:26; 90:10; ਉਪਦੇਸ਼ਕ ਦੀ ਪੋਥੀ 3:11.

ਜੇ ਤੁਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹੋ, ਤਾਂ ਤੁਸੀਂ ਖ਼ੁਸ਼ੀ-ਖ਼ੁਸ਼ੀ ਉਸ ਦੀ ਇੱਛਾ ਪੂਰੀ ਕਰਨੀ ਚਾਹੋਗੇ। ਯੂਹੰਨਾ ਰਸੂਲ ਨੇ ਲਿਖਿਆ: “ਪਰਮੇਸ਼ੁਰ ਦਾ ਪ੍ਰੇਮ ਇਹ ਹੈ ਭਈ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ, ਅਤੇ ਉਹ ਦੇ ਹੁਕਮ ਔਖੇ ਨਹੀਂ ਹਨ।” (1 ਯੂਹੰਨਾ 5:3) ਇਸ ਲਈ ਪੱਕਾ ਇਰਾਦਾ ਕਰੋ ਕਿ ਤੁਸੀਂ ਦੂਜਿਆਂ ਦੇ ਕਾਰਨ ਉਹ ਕੰਮ ਕਰਨੇ ਨਹੀਂ ਛੱਡੋਗੇ ਜੋ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ। ਪਰਮੇਸ਼ੁਰ ਵੱਲੋਂ ਮਿਲੀ ਸ਼ਾਨਦਾਰ ਉਮੀਦ ਨੂੰ ਹਮੇਸ਼ਾ ਯਾਦ ਰੱਖੋ। ਤਨ-ਮਨ ਲਗਾ ਕੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਦੇ ਰਹੋ ਅਤੇ ਉਸ ਦਾ ਲੜ ਕਦੇ ਨਾ ਛੱਡੋ। ਫਿਰ ਜਦ ਪਰਮੇਸ਼ੁਰ ਇਸ ਧਰਤੀ ਨੂੰ ਫਿਰਦੌਸ ਬਣਾ ਕੇ ਆਪਣਾ ਮਕਸਦ ਪੂਰਾ ਕਰੇਗਾ, ਤਦ ਤੁਸੀਂ ਵੀ ਉੱਥੇ ਹੋਵੋਗੇ ਅਤੇ ਜ਼ਿੰਦਗੀ ਦਾ ਪੂਰਾ ਮਜ਼ਾ ਲਵੋਗੇ।

[ਸਫ਼ਾ 4 ਉੱਤੇ ਤਸਵੀਰ]

ਜਦ ਇਸਰਾਏਲੀ ਲੋਕਾਂ ਉੱਤੇ ਪਰਮੇਸ਼ੁਰ ਦੀ ਬਰਕਤ ਸੀ, ਤਦ ਉਨ੍ਹਾਂ ਦੇ ਖੇਤਾਂ ਵਿਚ ਭਰਪੂਰ ਫ਼ਸਲਾਂ ਹੁੰਦੀਆਂ ਸਨ

[ਸਫ਼ਾ 7 ਉੱਤੇ ਤਸਵੀਰ]

ਫਿਰਦੌਸ ਵਿਚ ਤੁਸੀਂ ਕਿਨ੍ਹਾਂ ਬਰਕਤਾਂ ਦਾ ਆਨੰਦ ਮਾਣਨ ਦੀ ਉਡੀਕ ਕਰ ਰਹੇ ਹੋ?