Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

“ਸਾਰੀਆਂ ਕੌਮਾਂ ਦੇ ਪਦਾਰਥ” ਯਹੋਵਾਹ ਦੀ ਭਗਤੀ ਕਰਨ ਲਈ ਉਸ ਦੇ “ਭਵਨ” ਵਿਚ ਕਿਵੇਂ ਆ ਰਹੇ ਹਨ?—ਹੱਜਈ 2:7.

ਹੱਜਈ ਨਬੀ ਦੇ ਜ਼ਰੀਏ ਯਹੋਵਾਹ ਨੇ ਕਿਹਾ: “ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ।” (ਹੱਜਈ 2:7) ਕੀ “ਸਾਰੀਆਂ ਕੌਮਾਂ” ਦੇ ਹਿਲਾਏ ਜਾਣ ਕਾਰਨ ਕੌਮਾਂ ਦੇ “ਪਦਾਰਥ” ਯਾਨੀ ਨੇਕਦਿਲ ਲੋਕ ਯਹੋਵਾਹ ਦੀ ਭਗਤੀ ਕਰਨ ਆ ਰਹੇ ਹਨ? ਨਹੀਂ, ਇਸ ਤਰ੍ਹਾਂ ਨਹੀਂ ਹੈ।

ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਕੌਮਾਂ ਨੂੰ ਕਿਹੜੀ ਚੀਜ਼ ਹਿਲਾ ਰਹੀ ਹੈ। ਬਾਈਬਲ ਵਿਚ ਦੱਸਿਆ ਗਿਆ ਕਿ ‘ਕੌਮਾਂ ਡੰਡ ਪਾਉਂਦੀਆਂ ਹਨ, ਅਤੇ ਉੱਮਤਾਂ ਵਿਅਰਥ ਸੋਚਾਂ ਕਰਦੀਆਂ ਹਨ।’ (ਜ਼ਬੂਰਾਂ ਦੀ ਪੋਥੀ 2:1) ਦੁਨੀਆਂ ਦੀਆਂ ਸਰਕਾਰਾਂ ਆਪਣੀ ਸੱਤਾ ਨੂੰ ਕਾਇਮ ਰੱਖਣ ਦੀਆਂ “ਵਿਅਰਥ ਸੋਚਾਂ” ਸੋਚਦੀਆਂ ਹਨ। ਆਪਣੀ ਹਕੂਮਤ ਨੂੰ ਖ਼ਤਰੇ ਵਿਚ ਦੇਖ ਕੇ ਉਹ ਹਿੱਲ ਗਈਆਂ ਹਨ।

ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਕੀਤਾ ਜਾ ਰਿਹਾ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੌਮਾਂ ਲਈ ਖ਼ਤਰੇ ਦੀ ਘੰਟੀ ਹੈ। ਕਿਉਂ? ਕਿਉਂਕਿ ਪਰਮੇਸ਼ੁਰ ਦੇ ਰਾਜ ਦੇ ਬਾਦਸ਼ਾਹ ਯਿਸੂ ਮਸੀਹ ਨੇ “ਏਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ ਚੂਰ ਕਰ ਕੇ ਸਤਿਆ ਨਾਸ” ਕਰ ਦੇਣਾ ਹੈ। (ਦਾਨੀਏਲ 2:44) ਸਾਡੇ ਪ੍ਰਚਾਰ ਰਾਹੀਂ ਆਪਣੀ ਤਬਾਹੀ ਬਾਰੇ ਸੁਣ ਕੇ ਕੌਮਾਂ ਨੂੰ ਕੰਬਣੀ ਛਿੜ ਰਹੀ ਹੈ। (ਯਸਾਯਾਹ 61:2) ਸਾਡਾ ਪ੍ਰਚਾਰ ਜਿੰਨਾ ਜ਼ਿਆਦਾ ਜ਼ੋਰ ਫੜਦਾ ਜਾ ਰਿਹਾ ਹੈ, ਉੱਨਾ ਹੀ ਜ਼ਿਆਦਾ ਉਨ੍ਹਾਂ ਨੂੰ ਕਾਂਬਾ ਛਿੜਦਾ ਜਾ ਰਿਹਾ ਹੈ। ਹੱਜਈ 2:7 ਵਿਚ ਕਿਸ ਹਲੂਣੇ ਦੀ ਭਵਿੱਖਬਾਣੀ ਕੀਤੀ ਗਈ ਹੈ?

ਹੱਜਈ 2:6 ਵਿਚ ਅਸੀਂ ਪੜ੍ਹਦੇ ਹਾਂ: “ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਥੋੜੇ ਜਿਹੇ ਚਿਰ ਵਿੱਚ ਮੈਂ ਫੇਰ ਅਕਾਸ਼ ਅਤੇ ਧਰਤੀ ਅਤੇ ਜਲ ਥਲ ਨੂੰ ਹਿਲਾ ਦਿਆਂਗਾ।” ਇਸ ਆਇਤ ਦਾ ਹਵਾਲਾ ਦਿੰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: ‘ਉਹ ਨੇ ਇਹ ਕਹਿ ਕੇ ਬਚਨ ਦਿੱਤਾ ਹੈ ਭਈ ਫੇਰ ਇੱਕ ਵਾਰੀ ਮੈਂ ਨਿਰਾ ਧਰਤੀ ਨੂੰ ਹੀ ਨਹੀਂ ਸਗੋਂ ਅਕਾਸ਼ ਨੂੰ ਵੀ ਕਾਂਬਾ ਲਾ ਦਿਆਂਗਾ ਅਤੇ ਇਹ ਜਿਹੜਾ ਬਚਨ ਹੈ ਕਿ “ਫੇਰ ਇੱਕ ਵਾਰੀ,” ਇਹ ਪਤਾ ਦਿੰਦਾ ਹੈ ਭਈ ਬਣਾਈਆਂ ਹੋਈਆਂ ਵਸਤਾਂ ਵਾਂਙੁ ਓਹ ਵਸਤਾਂ ਜਿਹੜੀਆਂ ਹਿਲਾਈਆਂ ਜਾਂਦੀਆ ਹਨ ਸੋ ਟਲ ਜਾਣਗੀਆਂ ਤਾਂ ਜੋ ਓਹ ਵਸਤਾਂ [ਪਰਮੇਸ਼ੁਰ ਦਾ ਰਾਜ] ਜਿਹੜੀਆਂ ਨਹੀਂ ਹਿਲਾਈਆਂ ਜਾਂਦੀਆਂ ਬਣੀਆਂ ਰਹਿਣ।’ (ਇਬਰਾਨੀਆਂ 12:26, 27) ਜੀ ਹਾਂ, ਸ਼ਤਾਨ ਦੀ ਇਸ ਵਰਤਮਾਨ ਦੁਨੀਆਂ ਨੂੰ ਚੂਰ-ਚੂਰ ਕਰ ਦਿੱਤਾ ਜਾਵੇਗਾ ਅਤੇ ਇਸ ਦੀ ਜਗ੍ਹਾ ਪਰਮੇਸ਼ੁਰ ਦੀ ਨਵੀਂ ਦੁਨੀਆਂ ਸਥਾਪਿਤ ਕੀਤੀ ਜਾਵੇਗੀ।

ਨੇਕਦਿਲ ਲੋਕ ਯਹੋਵਾਹ ਦੀ ਭਗਤੀ ਕਰਨ ਆ ਰਹੇ ਹਨ, ਪਰ ਕੌਮਾਂ ਦੇ ਹਿਲਾਏ ਜਾਣ ਕਾਰਨ ਨਹੀਂ। ਜਿਸ ਕੰਮ ਕਾਰਨ ਕੌਮਾਂ ਕੰਬ ਰਹੀਆਂ ਹਨ, ਉਸੇ ਕੰਮ ਕਾਰਨ ਇਹ ਲੋਕ ਯਹੋਵਾਹ ਦੀ ਭਗਤੀ ਕਰਨ ਆ ਰਹੇ ਹਨ। ਜੀ ਹਾਂ, ਦੁਨੀਆਂ ਭਰ ਵਿਚ ‘ਸਦੀਪਕਾਲ ਦੀ ਇੰਜੀਲ ਦੀ ਖੁਸ਼ ਖਬਰੀ’ ਯਾਨੀ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਸੁਣ ਕੇ ਇਹ ਨੇਕਦਿਲ ਲੋਕ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਆ ਰਹੇ ਹਨ।—ਪਰਕਾਸ਼ ਦੀ ਪੋਥੀ 14:6, 7.

ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਦਿਆਂ ਲੋਕਾਂ ਨੂੰ ਦੋ ਗੱਲਾਂ ਦੱਸਦੇ ਹਨ। ਇਕ ਕਿ ਪਰਮੇਸ਼ੁਰ ਦੀ ਮਰਜ਼ੀ ਮੁਤਾਬਕ ਚੱਲਣ ਵਾਲਿਆਂ ਨੂੰ ਬਰਕਤਾਂ ਮਿਲਣਗੀਆਂ ਤੇ ਦੂਜੀ ਕਿ ਜਿਹੜੇ ਪਰਮੇਸ਼ੁਰ ਦੀ ਗੱਲ ਨਹੀਂ ਸੁਣਦੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। (ਯਸਾਯਾਹ 61:1, 2) ਇਸ ਪ੍ਰਚਾਰ ਦੇ ਦੂਹਰੇ ਨਤੀਜੇ ਨਿਕਲ ਰਹੇ ਹਨ: ਕੌਮਾਂ ਹਿੱਲ ਰਹੀਆਂ ਹਨ ਤੇ ਨੇਕਦਿਲ ਲੋਕ ਯਹੋਵਾਹ ਦੀ ਵਡਿਆਈ ਕਰਨ ਆ ਰਹੇ ਹਨ।