Skip to content

Skip to table of contents

ਬਾਈਬਲ ਨੂੰ ਲੋਕਾਂ ਤਕ ਪਹੁੰਚਾਉਣ ਵਾਲਾ ਇਕ ਜਾਂਬਾਜ਼

ਬਾਈਬਲ ਨੂੰ ਲੋਕਾਂ ਤਕ ਪਹੁੰਚਾਉਣ ਵਾਲਾ ਇਕ ਜਾਂਬਾਜ਼

ਬਾਈਬਲ ਨੂੰ ਲੋਕਾਂ ਤਕ ਪਹੁੰਚਾਉਣ ਵਾਲਾ ਇਕ ਜਾਂਬਾਜ਼

ਉਸ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨ ਪੂਰਬੀ ਸਾਇਬੇਰੀਆ ਦੇ ਠੰਢੇ-ਯਖ ਇਲਾਕੇ ਵਿਚ ਬਦਨਾਮੀ ਤੇ ਗੁਮਨਾਮੀ ਦੀ ਹਾਲਤ ਵਿਚ ਕੱਟੇ। ਅੱਜ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਉਨ੍ਹਾਂ ਮਹਾਨ ਵਿਅਕਤੀਆਂ ਵਿੱਚੋਂ ਇਕ ਸੀ ਜਿਨ੍ਹਾਂ ਨੇ ਯੂਨਾਨੀ ਲੋਕਾਂ ਨੂੰ ਬਾਈਬਲ ਦਾ ਗਿਆਨ ਦਿੱਤਾ। ਇਹ ਮਹਾਨ ਵਿਅਕਤੀ ਸਰਾਫੀਮ ਸੀ। ਬਾਈਬਲ ਨੂੰ ਲੋਕਾਂ ਤਕ ਪਹੁੰਚਾਉਣ ਦੀ ਧੁਨ ਉਸ ਦੀ ਮੌਤ ਦਾ ਸਬੱਬ ਬਣ ਗਈ।

ਸਰਾਫੀਮ ਦੇ ਜ਼ਮਾਨੇ ਵਿਚ ਯੂਨਾਨ ਉਸਮਾਨੀ ਸਾਮਰਾਜ ਦਾ ਹਿੱਸਾ ਸੀ। ਜੋਰਜ ਮੇਟਾਲੀਨੌਸ ਨਾਂ ਦੇ ਗ੍ਰੀਕ ਆਰਥੋਡਾਕਸ ਵਿਦਵਾਨ ਦੇ ਅਨੁਸਾਰ ਉਸ ਸਮੇਂ “ਚੰਗੇ ਸਕੂਲਾਂ ਦੀ ਕਮੀ ਸੀ” ਅਤੇ ਲੋਕ ਇੱਥੋਂ ਤਕ ਕਿ ਪਾਦਰੀ ਵੀ “ਬਹੁਤਾ ਪੜ੍ਹੇ-ਲਿਖੇ ਨਹੀਂ ਸਨ।”

ਕੋਇਨੀ (ਆਮ ਯੂਨਾਨੀ ਭਾਸ਼ਾ ਜਿਸ ਵਿਚ ਬਾਈਬਲ ਦਾ ਦੂਸਰਾ ਹਿੱਸਾ ਲਿਖਿਆ ਗਿਆ ਸੀ) ਅਤੇ ਉਸ ਸਮੇਂ ਬੋਲੀ ਜਾਂਦੀ ਯੂਨਾਨੀ ਭਾਸ਼ਾ ਵਿਚ ਵੱਡਾ ਫ਼ਰਕ ਸੀ। ਸਮੇਂ ਦੇ ਬੀਤਣ ਨਾਲ ਇਹ ਫ਼ਰਕ ਇੰਨਾ ਜ਼ਿਆਦਾ ਹੋ ਗਿਆ ਕਿ ਅਨਪੜ੍ਹ ਲੋਕ ਕੋਇਨੀ ਭਾਸ਼ਾ ਸਮਝ ਹੀ ਨਹੀਂ ਸਕਦੇ ਸਨ। ਇਸ ਕਾਰਨ ਪੈਦਾ ਹੋਏ ਵਿਵਾਦ ਵਿਚ ਚਰਚ ਦੇ ਆਗੂਆਂ ਨੇ ਕੋਇਨੀ ਯੂਨਾਨੀ ਭਾਸ਼ਾ ਦਾ ਹੀ ਪੱਖ ਲਿਆ।

ਇਸ ਵਿਵਾਦ-ਭਰੇ ਮਾਹੌਲ ਵਿਚ ਯੂਨਾਨ ਦੇ ਲੈਸਵੋਸ ਟਾਪੂ ਉੱਤੇ ਸੰਨ 1670 ਵਿਚ ਸਟੈਫਾਨੋਸ ਈਓਨੀਸ ਪੋਗੋਨਾਟੋਸ ਦਾ ਜਨਮ ਹੋਇਆ। ਉਹ ਇਕ ਜਾਣੇ-ਮਾਣੇ ਪਰਿਵਾਰ ਵਿਚ ਪੈਦਾ ਹੋਇਆ। ਲੈਸਵੋਸ ਟਾਪੂ ਉੱਤੇ ਜ਼ਿਆਦਾਤਰ ਲੋਕ ਗ਼ਰੀਬ ਤੇ ਅਨਪੜ੍ਹ ਸਨ। ਸਕੂਲਾਂ ਦੀ ਕਮੀ ਹੋਣ ਕਰਕੇ ਸਟੈਫਾਨੋਸ ਨੇ ਈਸਾਈ ਮੱਠ ਵਿਚ ਪੜ੍ਹਾਈ ਕੀਤੀ। ਛੋਟੀ ਉਮਰ ਵਿਚ ਹੀ ਉਸ ਨੂੰ ਗ੍ਰੀਕ ਆਰਥੋਡਾਕਸ ਚਰਚ ਦਾ ਉਪ-ਅਧਿਕਾਰੀ ਥਾਪਿਆ ਗਿਆ ਅਤੇ ਉਸ ਦਾ ਨਾਂ ਸਰਾਫੀਮ ਰੱਖਿਆ ਗਿਆ।

ਹੋਰ ਸਿੱਖਿਆ ਹਾਸਲ ਕਰਨ ਦੀ ਇੱਛਾ ਹੋਣ ਕਰਕੇ ਸਰਾਫੀਮ ਲਗਭਗ 1693 ਵਿਚ ਕਾਂਸਟੈਂਟੀਨੋਪਲ (ਹੁਣ ਇਸਤੰਬੁਲ, ਤੁਰਕੀ) ਗਿਆ। ਸਮਾਂ ਬੀਤਣ ਨਾਲ ਯੂਨਾਨ ਦੇ ਮੰਨੇ-ਪ੍ਰਮੰਨੇ ਵਿਦਵਾਨ ਵੀ ਉਸ ਦੀਆਂ ਯੋਗਤਾਵਾਂ ਦਾ ਲੋਹਾ ਮੰਨਣ ਲੱਗ ਪਏ। ਨਤੀਜੇ ਵਜੋਂ, ਯੂਨਾਨ ਦੇ ਇਕ ਖੁਫੀਆ ਇਨਕਲਾਬੀ ਗੁੱਟ ਨੇ ਸਰਾਫੀਮ ਨੂੰ ਇਕ ਖੁਫੀਆ ਮਿਸ਼ਨ ਤੇ ਰੂਸੀ ਬਾਦਸ਼ਾਹ ਪੀਟਰ ਮਹਾਨ ਕੋਲ ਭੇਜਿਆ। ਮਾਸਕੋ ਜਾਂਦੇ ਤੇ ਆਉਂਦੇ ਸਮੇਂ ਸਰਾਫੀਮ ਕਈ ਯੂਰਪੀ ਦੇਸ਼ਾਂ ਵਿੱਚੋਂ ਦੀ ਲੰਘਿਆ ਜਿਨ੍ਹਾਂ ਵਿਚ ਧਰਮ ਅਤੇ ਸਿੱਖਿਆ ਦੇ ਮਾਮਲਿਆਂ ਵਿਚ ਇਨਕਲਾਬੀ ਸੁਧਾਰ ਹੋ ਰਹੇ ਸਨ। ਸੰਨ 1698 ਵਿਚ ਸਰਾਫੀਮ ਇੰਗਲੈਂਡ ਗਿਆ ਅਤੇ ਉਹ ਲੰਡਨ ਤੇ ਆਕਸਫ਼ੋਰਡ ਸ਼ਹਿਰਾਂ ਵਿਚ ਕਈ ਉੱਘੀਆਂ ਸ਼ਖ਼ਸੀਅਤਾਂ ਨੂੰ ਮਿਲਿਆ। ਉਸ ਦੀ ਮੁਲਾਕਾਤ ਐਂਗਲੀਕਨ ਚਰਚ ਦੇ ਪ੍ਰਧਾਨ ਕੈਂਟਰਬਰੀ ਦੇ ਆਰਚਬਿਸ਼ਪ ਨਾਲ ਹੋਈ। ਬਾਅਦ ਵਿਚ ਇਹ ਵਾਕਫ਼ੀਅਤ ਸਰਾਫੀਮ ਦੇ ਬਹੁਤ ਕੰਮ ਆਈ।

ਬਾਈਬਲ ਛਾਪਣ ਦਾ ਕੰਮ

ਇੰਗਲੈਂਡ ਵਿਚ ਸਰਾਫੀਮ ਨੂੰ ਅਹਿਸਾਸ ਹੋਇਆ ਕਿ ਯੂਨਾਨੀ ਲੋਕਾਂ ਨੂੰ ਸੌਖੀ ਯੂਨਾਨੀ ਭਾਸ਼ਾ ਵਿਚ “ਨਵੇਂ ਨੇਮ” (ਯਾਨੀ ਬਾਈਬਲ ਦੇ ਯੂਨਾਨੀ ਹਿੱਸੇ) ਦੇ ਨਵੇਂ ਤਰਜਮੇ ਦੀ ਲੋੜ ਸੀ। ਮੈਕਸੀਮਸ ਨਾਂ ਦੇ ਪਾਦਰੀ ਨੇ ਲਗਭਗ 50 ਸਾਲ ਪਹਿਲਾਂ ਇਕ ਤਰਜਮਾ ਤਿਆਰ ਕੀਤਾ ਸੀ। ਹੁਣ ਇਸ ਤਰਜਮੇ ਨੂੰ ਵਰਤਦੇ ਹੋਏ ਸਰਾਫੀਮ ਇਕ ਨਵਾਂ ਤਰਜਮਾ ਤਿਆਰ ਕਰਨ ਵਿਚ ਰੁੱਝ ਗਿਆ ਜੋ ਸੌਖਾ ਵੀ ਹੋਵੇ ਤੇ ਜਿਸ ਵਿਚ ਗ਼ਲਤੀਆਂ ਵੀ ਨਾ ਹੋਣ। ਉਸ ਨੇ ਕੰਮ ਤਾਂ ਬੜੇ ਜੋਸ਼ ਨਾਲ ਸ਼ੁਰੂ ਕੀਤਾ, ਪਰ ਛੇਤੀ ਹੀ ਉਸ ਦੇ ਪੈਸੇ ਖ਼ਤਮ ਹੋ ਗਏ। ਕੈਂਟਰਬਰੀ ਦੇ ਆਰਚਬਿਸ਼ਪ ਨੇ ਖ਼ਰਚਾ ਦੇਣ ਦਾ ਵਾਅਦਾ ਕੀਤਾ। ਉਸ ਦੀ ਮਦਦ ਨਾਲ ਸਰਾਫੀਮ ਨੇ ਛਪਾਈ ਲਈ ਕਾਗਜ਼ ਖ਼ਰੀਦ ਲਿਆ ਅਤੇ ਛਾਪੇਖ਼ਾਨੇ ਦੇ ਮਾਲਕ ਨਾਲ ਸੌਦਾ ਕਰ ਕੇ ਛਪਾਈ ਦਾ ਕੰਮ ਸ਼ੁਰੂ ਕਰਵਾ ਲਿਆ।

ਪਰ ਛਪਾਈ ਦਾ ਕੰਮ ਲੂਕਾ ਦੀ ਇੰਜੀਲ ਦੇ ਅੱਧ ਤਕ ਹੀ ਪਹੁੰਚਿਆ ਸੀ ਕਿ ਇੰਗਲੈਂਡ ਦੀ ਰਾਜਨੀਤੀ ਵਿਚ ਤਬਦੀਲੀਆਂ ਹੋਣ ਕਰਕੇ ਕੈਂਟਰਬਰੀ ਦੇ ਆਰਚਬਿਸ਼ਪ ਨੇ ਪੈਸਾ ਦੇਣਾ ਬੰਦ ਕਰ ਦਿੱਤਾ। ਸਰਾਫੀਮ ਨੇ ਪਿੱਛੇ ਹਟਣ ਦੀ ਬਜਾਇ ਕੁਝ ਅਮੀਰ ਬੰਦਿਆਂ ਤੋਂ ਮਦਦ ਮੰਗੀ ਤੇ 1703 ਵਿਚ ਆਪਣਾ ਤਰਜਮਾ ਛਪਾ ਲਿਆ। ਕੁਝ ਖ਼ਰਚਾ ਵਿਦੇਸ਼ਾਂ ਵਿਚ ਬਾਈਬਲ ਦੇ ਸੰਦੇਸ਼ ਨੂੰ ਫੈਲਾਉਣ ਲਈ ਬਣੀ ਇਕ ਸੋਸਾਇਟੀ ਨੇ ਚੁੱਕਿਆ।

ਮੈਕਸੀਮਸ ਦਾ ਤਰਜਮਾ ਦੋ ਕਿਤਾਬਾਂ ਦਾ ਬਣਿਆ ਸੀ। ਆਪਣੇ ਤਰਜਮੇ ਦੇ ਨਾਲ-ਨਾਲ ਉਸ ਨੇ ਕੋਇਨੀ ਭਾਸ਼ਾ ਵਿਚ ਯੂਨਾਨੀ ਲਿਖਤ ਵੀ ਦਿੱਤੀ ਸੀ। ਇਹ ਕਿਤਾਬਾਂ ਵੱਡੀਆਂ ਅਤੇ ਭਾਰੀਆਂ ਸਨ। ਪਰ ਸਰਾਫੀਮ ਦਾ ਤਰਜਮਾ ਛੋਟੇ ਅੱਖਰਾਂ ਵਿਚ ਛਾਪਿਆ ਗਿਆ ਸੀ ਤੇ ਉਸ ਵਿਚ ਪੁਰਾਣੀ ਯੂਨਾਨੀ ਲਿਖਤ ਨਹੀਂ ਸੀ। ਇਸ ਲਈ ਇਹ ਪੁਸਤਕ ਛੋਟੀ ਹੋਣ ਦੇ ਨਾਲ-ਨਾਲ ਸਸਤੀ ਵੀ ਸੀ।

ਸਰਾਫ਼ੀਮ ਨੇ ਬਲਦੀ ਤੇ ਤੇਲ ਪਾਇਆ

ਵਿਦਵਾਨ ਜੋਰਜ ਮੇਟਾਲੀਨੌਸ ਨੇ ਕਿਹਾ ਕਿ “ਇਸ ਨਵੇਂ ਤਰਜਮੇ ਨੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ। ਪਰ ਸਰਾਫੀਮ ਨੇ ਉਨ੍ਹਾਂ ਪਾਦਰੀਆਂ ਦੇ ਸਮੂਹ ਉੱਤੇ ਹਮਲਾ ਕੀਤਾ ਜੋ ਬਾਈਬਲ ਦਾ ਤਰਜਮਾ ਕਰਨ ਦੇ ਖ਼ਿਲਾਫ਼ ਸਨ।” ਪਾਦਰੀਆਂ ਦਾ ਗੁੱਸਾ ਭੜਕ ਉੱਠਿਆ ਜਦ ਸਰਾਫੀਮ ਨੇ ਆਪਣੇ ਤਰਜਮੇ ਦੇ ਮੁਖਬੰਧ ਵਿਚ ਕਿਹਾ ਕਿ ‘ਉਸ ਨੇ ਖ਼ਾਸ ਕਰਕੇ ਉਨ੍ਹਾਂ ਪਾਦਰੀਆਂ ਅਤੇ ਧਾਰਮਿਕ ਆਗੂਆਂ ਲਈ ਇਹ ਤਰਜਮਾ ਤਿਆਰ ਕੀਤਾ ਸੀ ਜੋ ਕੋਇਨੀ ਭਾਸ਼ਾ ਨਹੀਂ ਜਾਣਦੇ ਸਨ। ਪਰ ਹੋ ਸਕਦਾ ਹੈ ਕਿ ਪਵਿੱਤਰ ਆਤਮਾ ਦੀ ਮਦਦ ਨਾਲ ਉਹ ਆਮ ਭਾਸ਼ਾ ਵਾਲੀ ਬਾਈਬਲ ਪੜ੍ਹ ਕੇ ਬਾਈਬਲ ਦੀਆਂ ਕੁਝ ਗੱਲਾਂ ਸਮਝ ਸਕਣ ਤੇ ਫਿਰ ਲੋਕਾਂ ਨੂੰ ਸਮਝਾ ਸਕਣ।’ (19ਵੀਂ ਸਦੀ ਦੌਰਾਨ ਆਧੁਨਿਕ ਯੂਨਾਨੀ ਭਾਸ਼ਾ ਵਿਚ ਬਾਈਬਲ ਦਾ ਤਰਜਮਾ) ਇਸ ਤਰ੍ਹਾਂ ਸਰਾਫੀਮ ਬਾਈਬਲ ਦਾ ਤਰਜਮਾ ਕਰਨ ਜਾਂ ਨਾ ਕਰਨ ਦੇ ਵਿਵਾਦ ਵਿਚ ਪੈ ਗਿਆ ਜੋ ਪਹਿਲਾਂ ਹੀ ਗ੍ਰੀਕ ਆਰਥੋਡਾਕਸ ਚਰਚ ਵਿਚ ਆਫ਼ਤ ਮਚਾ ਰਹੀ ਸੀ।

ਇਕ ਪਾਸੇ, ਕਈ ਮੰਨਦੇ ਸਨ ਕਿ ਪੱਕੀ ਨਿਹਚਾ ਅਤੇ ਚੰਗਾ ਆਚਰਣ ਰੱਖਣ ਲਈ ਜ਼ਰੂਰੀ ਹੈ ਕਿ ਲੋਕ ਬਾਈਬਲ ਨੂੰ ਸਮਝਣ। ਉਹ ਇਹ ਵੀ ਮੰਨਦੇ ਸਨ ਕਿ ਪਾਦਰੀਆਂ ਨੂੰ ਬਾਈਬਲ ਬਾਰੇ ਆਪਣਾ ਗਿਆਨ ਵਧਾਉਣ ਦੀ ਲੋੜ ਸੀ। ਇਸ ਤੋਂ ਇਲਾਵਾ, ਉਨ੍ਹਾਂ ਦਾ ਵਿਸ਼ਵਾਸ ਸੀ ਕਿ ਬਾਈਬਲ ਦੀਆਂ ਸਿੱਖਿਆਵਾਂ ਦਾ ਅਨੁਵਾਦ ਕਿਸੇ ਵੀ ਭਾਸ਼ਾ ਵਿਚ ਕੀਤਾ ਜਾ ਸਕਦਾ ਸੀ।—ਪਰਕਾਸ਼ ਦੀ ਪੋਥੀ 7:9.

ਦੂਜੇ ਪਾਸੇ, ਬਾਈਬਲ ਦਾ ਤਰਜਮਾ ਕਰਨ ਦੇ ਵਿਰੋਧੀਆਂ ਦਾ ਕਹਿਣਾ ਸੀ ਕਿ ਬਾਈਬਲ ਦਾ ਅਨੁਵਾਦ ਕਰਨ ਨਾਲ ਇਸ ਦਾ ਸੰਦੇਸ਼ ਬਦਲ ਜਾਵੇਗਾ ਤੇ ਲੋਕ ਗਿਰਜੇ ਦੇ ਕਹਿਣੇ ਵਿਚ ਨਹੀਂ ਰਹਿਣਗੇ। ਪਰ ਉਨ੍ਹਾਂ ਦੇ ਵਿਰੋਧ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਪ੍ਰੋਟੈਸਟੈਂਟ ਲੋਕ ਬਾਈਬਲ ਦੇ ਤਰਜਮਿਆਂ ਨੂੰ ਵਰਤ ਕੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਹੇ ਸਨ ਜਿਸ ਕਰਕੇ ਗ੍ਰੀਕ ਆਰਥੋਡਾਕਸ ਚਰਚ ਦਾ ਦਬਦਬਾ ਘੱਟ ਰਿਹਾ ਸੀ। ਕਈ ਪਾਦਰੀ ਸਮਝਦੇ ਸਨ ਕਿ ਉਸ ਹਰ ਚੀਜ਼ ਦਾ ਵਿਰੋਧ ਕਰਨਾ ਉਨ੍ਹਾਂ ਦਾ ਫ਼ਰਜ਼ ਸੀ ਜਿਸ ਤੋਂ ਪ੍ਰੋਟੈਸਟੈਂਟਾਂ ਨੂੰ ਮਦਦ ਮਿਲ ਸਕਦੀ ਸੀ। ਇਸ ਲਈ ਉਹ ਨਹੀਂ ਚਾਹੁੰਦੇ ਸਨ ਕਿ ਆਮ ਲੋਕਾਂ ਤਕ ਬਾਈਬਲ ਪਹੁੰਚਾਉਣ ਦਾ ਕੰਮ ਸਫ਼ਲ ਹੋਵੇ। ਤਾਹੀਓਂ ਬਾਈਬਲ ਦਾ ਤਰਜਮਾ ਕਰਨਾ ਜਾਂ ਨਾ ਕਰਨਾ ਪ੍ਰੋਟੈਸਟੈਂਟ ਅਤੇ ਆਰਥੋਡਾਕਸ ਧਰਮਾਂ ਵਿਚਕਾਰ ਵਿਵਾਦ ਦਾ ਵਿਸ਼ਾ ਬਣ ਗਿਆ।

ਭਾਵੇਂ ਸਰਾਫੀਮ ਆਰਥੋਡਾਕਸ ਚਰਚ ਛੱਡਣ ਬਾਰੇ ਸੋਚ ਵੀ ਨਹੀਂ ਰਿਹਾ ਸੀ, ਫਿਰ ਵੀ ਉਸ ਨੇ ਉਨ੍ਹਾਂ ਪਾਦਰੀਆਂ ਦੇ ਤੰਗ-ਨਜ਼ਰੀਏ ਦੇ ਖ਼ਿਲਾਫ਼ ਆਪਣੀ ਆਵਾਜ਼ ਉਠਾਈ ਜੋ ਉਸ ਦਾ ਵਿਰੋਧ ਕਰਦੇ ਸਨ। ਆਪਣੇ ਤਰਜਮੇ ਦੇ ਮੁਖਬੰਧ ਵਿਚ ਉਸ ਨੇ ਲਿਖਿਆ: “ਪਰਮੇਸ਼ੁਰ ਦਾ ਡਰ ਰੱਖਣ ਵਾਲੇ ਹਰੇਕ ਮਸੀਹੀ ਨੂੰ ਪਵਿੱਤਰ ਬਾਈਬਲ ਪੜ੍ਹਨੀ ਚਾਹੀਦੀ ਹੈ” ਤਾਂਕਿ ਉਹ “ਮਸੀਹ ਵਾਂਗ ਬਣ ਸਕੇ ਅਤੇ ਉਸ ਦੀਆਂ ਸਿੱਖਿਆਵਾਂ ਅਨੁਸਾਰ ਚੱਲ ਸਕੇ।” ਸਰਾਫੀਮ ਨੇ ਕਿਹਾ ਕਿ ਜੋ ਵਿਅਕਤੀ ਦੂਸਰਿਆਂ ਨੂੰ ਬਾਈਬਲ ਦਾ ਅਧਿਐਨ ਕਰਨ ਤੋਂ ਰੋਕਦਾ ਹੈ, ਉਹ ਸ਼ਤਾਨ ਦਾ ਕੰਮ ਕਰ ਰਿਹਾ ਹੈ।

ਵਿਰੋਧ ਦੀ ਲਹਿਰ

ਜਦ ਸਰਾਫੀਮ ਦਾ ਤਰਜਮਾ ਯੂਨਾਨ ਪਹੁੰਚਿਆ, ਤਾਂ ਇਸ ਨੂੰ ਦੇਖ ਕੇ ਗ੍ਰੀਕ ਆਰਥੋਡਾਕਸ ਚਰਚ ਦਾ ਗੁੱਸਾ ਭੜਕ ਉੱਠਿਆ। ਚਰਚ ਨੇ ਇਸ ਤਰਜਮੇ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ। ਇਸ ਦੀਆਂ ਕਈ ਕਾਪੀਆਂ ਨੂੰ ਸਾੜ ਦਿੱਤਾ ਗਿਆ ਤੇ ਇਸ ਨੂੰ ਰੱਖਣ ਜਾਂ ਪੜ੍ਹਨ ਵਾਲਿਆਂ ਨੂੰ ਚਰਚ ਵਿੱਚੋਂ ਕੱਢੇ ਜਾਣ ਦੀ ਧਮਕੀ ਦਿੱਤੀ ਗਈ। ਕਾਂਸਟੈਂਟੀਨੋਪਲ ਦੇ ਮੁੱਖ ਬਿਸ਼ਪ ਗੇਬਰੀਅਲ ਤੀਜੇ ਨੇ ਸਰਾਫੀਮ ਦੇ ਤਰਜਮੇ ਨੂੰ ਵਿਅਰਥ ਕਹਿ ਕੇ ਇਸ ਉੱਤੇ ਪਾਬੰਦੀ ਲਾ ਦਿੱਤੀ।

ਭਾਵੇਂ ਕਿ ਸਰਾਫੀਮ ਨੇ ਹਿੰਮਤ ਨਹੀਂ ਹਾਰੀ, ਪਰ ਉਹ ਸਮਝ ਗਿਆ ਕਿ ਉਸ ਨੂੰ ਸਾਵਧਾਨ ਰਹਿਣ ਦੀ ਲੋੜ ਸੀ। ਗਿਰਜੇ ਦੁਆਰਾ ਲਾਈ ਪਾਬੰਦੀ ਦੇ ਬਾਵਜੂਦ ਕਈ ਪਾਦਰੀਆਂ ਅਤੇ ਹੋਰਨਾਂ ਲੋਕਾਂ ਨੇ ਇਸ ਤਰਜਮੇ ਨੂੰ ਖ਼ੁਸ਼ੀ ਨਾਲ ਸਵੀਕਾਰ ਕੀਤਾ। ਇਸ ਤਰ੍ਹਾਂ ਸਰਾਫੀਮ ਆਪਣਾ ਤਰਜਮਾ ਲੋਕਾਂ ਤਕ ਪਹੁੰਚਾਉਣ ਵਿਚ ਸਫ਼ਲ ਹੋਇਆ। ਪਰ ਗਿਰਜੇ ਨਾਲ ਉਸ ਦੀ ਲੜਾਈ ਅਜੇ ਖ਼ਤਮ ਨਹੀਂ ਹੋਈ ਸੀ।

ਸਰਾਫੀਮ ਦੀ ਬਰਬਾਦੀ ਦੀ ਸ਼ੁਰੂਆਤ

ਬਾਈਬਲ ਨੂੰ ਲੋਕਾਂ ਤਕ ਪਹੁੰਚਾਉਣ ਤੋਂ ਇਲਾਵਾ ਸਰਾਫੀਮ ਕ੍ਰਾਂਤੀਕਾਰੀ ਕੰਮਾਂ ਵਿਚ ਵੀ ਪੈ ਗਿਆ। ਇਨ੍ਹਾਂ ਕੰਮਾਂ ਵਿਚ ਹੋਰ ਵਧ-ਚੜ੍ਹ ਕੇ ਹਿੱਸਾ ਲੈਣ ਲਈ ਉਹ 1704 ਦੀਆਂ ਗਰਮੀਆਂ ਵਿਚ ਦੁਬਾਰਾ ਮਾਸਕੋ ਗਿਆ। ਉਹ ਪੀਟਰ ਮਹਾਨ ਦਾ ਪੱਕਾ ਦੋਸਤ ਬਣ ਗਿਆ ਅਤੇ ਕੁਝ ਸਮੇਂ ਲਈ ਰੂਸ ਦੇ ਸ਼ਾਹੀ ਕਾਲਜ ਵਿਚ ਪ੍ਰੋਫ਼ੈਸਰ ਵੀ ਰਿਹਾ। ਪਰ ਸਰਾਫੀਮ ਨੂੰ ਇਸ ਗੱਲ ਦੀ ਚਿੰਤਾ ਖਾਈ ਜਾ ਰਹੀ ਸੀ ਕਿ ਉਸ ਦੇ ਤਰਜਮੇ ਦਾ ਕੀ ਬਣੇਗਾ। ਇਸ ਲਈ ਉਹ 1705 ਵਿਚ ਕਾਂਸਟੈਂਟੀਨੋਪਲ ਮੁੜ ਗਿਆ।

ਉਸ ਸਾਲ ਸਰਾਫੀਮ ਨੇ ਆਪਣੇ ਤਰਜਮੇ ਨੂੰ ਦੁਬਾਰਾ ਛਪਵਾਇਆ, ਪਰ ਇਸ ਵਾਰ ਉਸ ਨੇ ਮੁਖਬੰਧ ਵਿੱਚੋਂ ਪਾਦਰੀਆਂ ਬਾਰੇ ਲਿਖੀਆਂ ਆਲੋਚਨਾਤਮਕ ਟਿੱਪਣੀਆਂ ਨੂੰ ਕੱਢ ਦਿੱਤਾ। ਉਸ ਨੇ ਸਿਰਫ਼ ਇੰਨਾ ਕਿਹਾ ਕਿ ਲੋਕਾਂ ਨੂੰ ਬਾਈਬਲ ਪੜ੍ਹਨੀ ਚਾਹੀਦੀ ਹੈ। ਇਹ ਤਰਜਮਾ ਬਹੁਤ ਲੋਕ-ਪ੍ਰਿਯ ਸਾਬਤ ਹੋਇਆ ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਪਾਦਰੀਆਂ ਨੇ ਇਸ ਨਵੇਂ ਤਰਜਮੇ ਦਾ ਵਿਰੋਧ ਕੀਤਾ ਹੋਵੇ।

ਪਰ ਸੰਨ 1714 ਵਿਚ ਐਲੇਗਜ਼ੈਂਡਰ ਐਲਾਡੀਓਸ ਨੇ ਸਰਾਫੀਮ ਲਈ ਆਫ਼ਤ ਖੜ੍ਹੀ ਕਰ ਦਿੱਤੀ। ਉਹ ਇਕ ਯੂਨਾਨੀ ਮੁਸਾਫ਼ਰ ਸੀ ਜੋ ਬਾਈਬਲ ਦਾ ਤਰਜਮਾ ਕਰਨ ਦੇ ਸਖ਼ਤ ਖ਼ਿਲਾਫ਼ ਸੀ। ਉਸ ਨੇ ਆਪਣੀ ਇਕ ਕਿਤਾਬ ਵਿਚ ਬਾਈਬਲ ਦੇ ਤਰਜਮਿਆਂ ਬਾਰੇ ਬੁਰਾ-ਭਲਾ ਕਿਹਾ ਅਤੇ ਅਨੁਵਾਦਕਾਂ ਨੂੰ ਵੀ ਜ਼ਲੀਲ ਕੀਤਾ। ਐਲਾਡੀਓਸ ਨੇ ਸਰਾਫੀਮ ਬਾਰੇ ਇਕ ਪੂਰਾ ਅਧਿਆਇ ਲਿਖਿਆ ਤੇ ਜਿਸ ਵਿਚ ਉਸ ਨੂੰ ਚੋਰ, ਧੋਖੇਬਾਜ਼ ਅਤੇ ਅਨਪੜ੍ਹ ਤੇ ਬਦਚਲਣ ਬੰਦਾ ਕਿਹਾ। ਕੀ ਇਹ ਗੱਲਾਂ ਸੱਚੀਆਂ ਸਨ? ਇਕ ਲੇਖਕ ਨੇ ਕਈ ਵਿਦਵਾਨਾਂ ਦੀ ਰਾਇ ਪੇਸ਼ ਕਰਦੇ ਹੋਏ ਸਰਾਫੀਮ ਬਾਰੇ ਕਿਹਾ ਕਿ ਉਹ ‘ਚੰਗਾ ਕਾਰੀਗਰ ਤੇ ਗਿਆਨੀ ਬੰਦਾ ਸੀ’ ਜਿਸ ਉੱਤੇ ਇਸ ਲਈ ਹਮਲਾ ਕੀਤਾ ਗਿਆ ਕਿਉਂਕਿ ਉਸ ਕੋਲ ਆਪਣੇ ਜ਼ਮਾਨੇ ਦੇ ਲੋਕਾਂ ਨਾਲੋਂ ਜ਼ਿਆਦਾ ਗਿਆਨ ਤੇ ਸਮਝ ਸੀ। ਫਿਰ ਵੀ ਐਲਾਡੀਓਸ ਦੀ ਕਿਤਾਬ ਕਰਕੇ ਸਰਾਫੀਮ ਦਾ ਬੁਰਾ ਅੰਤ ਹੋਇਆ।

ਸ਼ੱਕ ਦੇ ਘੇਰੇ ਵਿਚ

ਜਦ ਸਰਾਫੀਮ 1731 ਵਿਚ ਫਿਰ ਤੋਂ ਰੂਸ ਗਿਆ, ਤਾਂ ਪੀਟਰ ਮਹਾਨ ਦੀ ਮੌਤ ਹੋ ਚੁੱਕੀ ਸੀ। ਇਸ ਲਈ ਸਰਾਫੀਮ ਦੀ ਰੱਖਿਆ ਕਰਨ ਵਾਲਾ ਕੋਈ ਨਹੀਂ ਸੀ। ਉਸ ਵੇਲੇ ਆਨਾ ਇਵਾਨਵਨਾ ਮਹਾਰਾਣੀ ਸੀ ਅਤੇ ਉਹ ਨਹੀਂ ਚਾਹੁੰਦੀ ਸੀ ਕਿ ਉਸ ਦੇ ਰਾਜ ਵਿਚ ਕੋਈ ਵੀ ਉਥਲ-ਪੁਥਲ ਹੋਵੇ। ਜਨਵਰੀ 1732 ਵਿਚ ਇਹ ਅਫ਼ਵਾਹ ਫੈਲ ਗਈ ਕਿ ਇਕ ਯੂਨਾਨੀ ਜਾਸੂਸ ਰੂਸ ਦੀ ਜਾਸੂਸੀ ਕਰ ਰਿਹਾ ਸੀ। ਸ਼ੱਕ ਦੀ ਸੂਈ ਸਰਾਫੀਮ ਤੇ ਆ ਟਿੱਕੀ। ਉਸ ਨੂੰ ਗਿਰਫ਼ਤਾਰ ਕਰ ਕੇ ਪੁੱਛ-ਪੜਤਾਲ ਕਰਨ ਲਈ ਨੈਫਸਕੀ ਈਸਾਈ ਮੱਠ ਲੈ ਜਾਇਆ ਗਿਆ। ਮੱਠ ਵਿਚ ਐਲਾਡੀਓਸ ਦੀ ਕਿਤਾਬ ਪਈ ਸੀ ਜਿਸ ਵਿਚ ਸਰਾਫੀਮ ਉੱਤੇ ਕਈ ਇਲਜ਼ਾਮ ਲਾਏ ਗਏ ਸਨ। ਸਰਾਫੀਮ ਨੇ ਤਿੰਨ ਵਾਰ ਲਿਖਤੀ ਰੂਪ ਵਿਚ ਆਪਣੀ ਸਫ਼ਾਈ ਪੇਸ਼ ਕੀਤੀ। ਪੁੱਛ-ਪੜਤਾਲ ਤਕਰੀਬਨ 5 ਮਹੀਨਿਆਂ ਤਕ ਜਾਰੀ ਰਹੀ, ਪਰ ਸਰਾਫੀਮ ਲਈ ਆਪਣੇ ਆਪ ਨੂੰ ਬੇਗੁਨਾਹ ਸਾਬਤ ਕਰਨਾ ਮੁਸ਼ਕਲ ਸੀ।

ਸਰਾਫੀਮ ਦੇ ਖ਼ਿਲਾਫ਼ ਕੋਈ ਠੋਸ ਸਬੂਤ ਨਾ ਹੋਣ ਕਰਕੇ ਉਸ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਫਿਰ ਵੀ ਐਲਾਡੀਓਸ ਦੇ ਲਾਏ ਇਲਜ਼ਾਮਾਂ ਕਰਕੇ ਅਦਾਲਤ ਉਸ ਨੂੰ ਆਜ਼ਾਦ ਕਰਨ ਤੋਂ ਡਰਦੀ ਸੀ। ਇਸ ਲਈ ਸਰਾਫੀਮ ਨੂੰ ਆਪਣੀ ਬਾਕੀ ਜ਼ਿੰਦਗੀ ਸਾਇਬੇਰੀਆ ਵਿਚ ਕੱਟਣ ਦੀ ਸਜ਼ਾ ਸੁਣਾਈ ਗਈ। ਇਸ ਅਦਾਲਤੀ ਫ਼ੈਸਲੇ ਵਿਚ ਕਿਹਾ ਗਿਆ ਸੀ ਕਿ ਇਹ ਸਜ਼ਾ “ਯੂਨਾਨੀ ਲੇਖਕ ਐਲਾਡੀਓਸ ਦੀਆਂ ਲਿਖਤਾਂ” ਦੇ ਆਧਾਰ ਤੇ ਦਿੱਤੀ ਗਈ ਸੀ। ਜੁਲਾਈ 1732 ਵਿਚ ਸਰਾਫੀਮ ਨੂੰ ਜ਼ੰਜੀਰਾਂ ਨਾਲ ਜਕੜ ਕੇ ਪੂਰਬੀ ਸਾਇਬੇਰੀਆ ਲੈ ਜਾਇਆ ਗਿਆ ਅਤੇ ਅਖ਼ੌਤਸਕ ਜੇਲ੍ਹ ਵਿਚ ਸੁੱਟ ਦਿੱਤਾ ਗਿਆ।

ਲਗਭਗ ਤਿੰਨ ਸਾਲ ਬਾਅਦ ਸਰਾਫੀਮ ਮਰ ਗਿਆ। ਉਸ ਵੇਲੇ ਉਹ ਗੁਮਨਾਮੀ ਦੇ ਹਨੇਰੇ ਵਿਚ ਗੁਆਚ ਚੁੱਕਾ ਸੀ। ਭਾਵੇਂ ਉਸ ਨੇ ਕਈ ਵਾਰ ਜਲਦਬਾਜ਼ੀ ਵਿਚ ਗ਼ਲਤ ਫ਼ੈਸਲੇ ਕੀਤੇ, ਪਰ ਅੱਜ ਯੂਨਾਨੀ ਭਾਸ਼ਾ ਵਿਚ ਉਪਲਬਧ ਬਾਈਬਲ ਦੇ ਕਈ ਤਰਜਮਿਆਂ ਵਿਚ ਉਸ ਦਾ ਤਰਜਮਾ ਵੀ ਹੈ। * ਯੂਨਾਨੀ ਭਾਸ਼ਾ ਵਿਚ ਇਕ ਹੋਰ ਤਰਜਮਾ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਹੈ ਜੋ ਕਈ ਹੋਰ ਭਾਸ਼ਾਵਾਂ ਵਿਚ ਵੀ ਉਪਲਬਧ ਹੈ। ਅਸੀਂ ਯਹੋਵਾਹ ਪਰਮੇਸ਼ੁਰ ਦੇ ਕਿੰਨੇ ਧੰਨਵਾਦੀ ਹਾਂ ਜਿਸ ਨੇ ਆਪਣਾ ਬਚਨ ਕਾਇਮ ਰੱਖਿਆ ਹੈ ਤਾਂਕਿ ਹਰ ਜਗ੍ਹਾ ਲੋਕਾਂ ਨੂੰ “ਸਤ ਦੇ ਗਿਆਨ ਤੀਕ ਪਹੁੰਚਣ” ਦਾ ਮੌਕਾ ਮਿਲੇ!—1 ਤਿਮੋਥਿਉਸ 2:3, 4.

[ਫੁਟਨੋਟ]

^ ਪੈਰਾ 26 ਪਹਿਰਾਬੁਰਜ 15 ਨਵੰਬਰ 2002 ਵਿਚ, ਸਫ਼ੇ 26-29 ਉੱਤੇ “ਆਧੁਨਿਕ ਯੂਨਾਨੀ ਭਾਸ਼ਾ ਵਿਚ ਬਾਈਬਲ ਮਿਲਣ ਤਕ ਦਾ ਸਫ਼ਰ” ਨਾਂ ਦਾ ਲੇਖ ਦੇਖੋ।

[ਸਫ਼ਾ 12 ਉੱਤੇ ਤਸਵੀਰ]

ਪੀਟਰ ਮਹਾਨ

[ਸਫ਼ਾ 10 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Photos: Courtesy American Bible Society