Skip to content

Skip to table of contents

ਸੱਚਾਈ ਨਾਲ ਚੱਲਣ ਦੀਆਂ ਖ਼ੁਸ਼ੀਆਂ

ਸੱਚਾਈ ਨਾਲ ਚੱਲਣ ਦੀਆਂ ਖ਼ੁਸ਼ੀਆਂ

ਸੱਚਾਈ ਨਾਲ ਚੱਲਣ ਦੀਆਂ ਖ਼ੁਸ਼ੀਆਂ

“ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”—ਕਹਾਉਤਾਂ 10:22.

1, 2. ਸਾਨੂੰ ਭਵਿੱਖ ਬਾਰੇ ਹੀ ਸੋਚਦੇ ਕਿਉਂ ਨਹੀਂ ਰਹਿਣਾ ਚਾਹੀਦਾ?

ਇਕ ਅਮਰੀਕੀ ਫ਼ਿਲਾਸਫ਼ਰ ਨੇ ਕਿਹਾ: ‘ਅਸੀਂ ਆਉਣ ਵਾਲੇ ਕੱਲ੍ਹ ਬਾਰੇ ਇੰਨਾ ਸੋਚਦੇ ਰਹਿੰਦੇ ਹਾਂ ਕਿ ਅਸੀਂ ਅੱਜ ਦੀਆਂ ਖ਼ੁਸ਼ੀਆਂ ਨੂੰ ਭੁੱਲ ਜਾਂਦੇ ਹਾਂ।’ ਇਹ ਗੱਲ ਉਨ੍ਹਾਂ ਬੱਚਿਆਂ ਬਾਰੇ ਵੀ ਸੱਚ ਹੈ ਜੋ ਵੱਡੇ ਹੋਣ ਦੇ ਸੁਪਨੇ ਦੇਖਦੇ ਰਹਿੰਦੇ ਹਨ ਅਤੇ ਬਚਪਨ ਨਿਕਲ ਜਾਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਬਚਪਨ ਕਿੰਨਾ ਕੀਮਤੀ ਹੁੰਦਾ ਹੈ।

2 ਯਹੋਵਾਹ ਦੇ ਸੇਵਕ ਵੀ ਇਹੋ ਗ਼ਲਤੀ ਕਰ ਸਕਦੇ ਹਨ। ਜ਼ਰਾ ਧਿਆਨ ਦਿਓ ਕਿ ਕੀ ਹੋ ਸਕਦਾ ਹੈ। ਅਸੀਂ ਬੇਸਬਰੀ ਨਾਲ ਉਸ ਦਿਨ ਦੀ ਉਡੀਕ ਕਰਦੇ ਹਾਂ ਜਦ ਪਰਮੇਸ਼ੁਰ ਇਸ ਧਰਤੀ ਦੇ ਹਾਲਾਤ ਸੁਧਾਰੇਗਾ। ਅਸੀਂ ਉਸ ਦਿਨ ਲਈ ਬੇਚੈਨ ਹਾਂ ਜਦ ਬੀਮਾਰੀਆਂ, ਬੁਢਾਪਾ ਤੇ ਦੁੱਖ-ਤਕਲੀਫ਼ਾਂ ਨਹੀਂ ਰਹਿਣਗੀਆਂ। ਇਨ੍ਹਾਂ ਚੀਜ਼ਾਂ ਦੀ ਉਮੀਦ ਕਰਨੀ ਠੀਕ ਹੈ, ਪਰ ਕੀ ਅਸੀਂ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਇੰਨਾ ਸੋਚਦੇ ਰਹਿੰਦੇ ਹਾਂ ਕਿ ਅਸੀਂ ਇਹ ਨਹੀਂ ਦੇਖਦੇ ਕਿ ਯਹੋਵਾਹ ਨੇ ਸਾਨੂੰ ਹੁਣ ਕਿੰਨੀਆਂ ਸਾਰੀਆਂ ਬਰਕਤਾਂ ਦਿੱਤੀਆਂ ਹਨ? ਜੇ ਸਾਡਾ ਇਹ ਹਾਲ ਹੈ, ਤਾਂ ਇਹ ਕਿੰਨੀ ਅਫ਼ਸੋਸ ਦੀ ਗੱਲ ਹੈ! ਬਾਈਬਲ ਕਹਿੰਦੀ ਹੈ ਕਿ “ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ।” (ਕਹਾਉਤਾਂ 13:12) ਅਸੀਂ ਸ਼ਾਇਦ ਨਿਰਾਸ਼ ਹੋ ਜਾਈਏ ਕਿਉਂਕਿ ਸਾਡੀਆਂ ਉਮੀਦਾਂ ਪੂਰੀਆਂ ਹੋਣ ਵਿਚ ਦੇਰ ਹੋ ਰਹੀ ਹੈ। ਜ਼ਿੰਦਗੀ ਦੀਆਂ ਸਮੱਸਿਆਵਾਂ ਤੇ ਦੁੱਖ-ਤਕਲੀਫ਼ਾਂ ਤੋਂ ਮਾਯੂਸ ਹੋ ਕੇ ਅਸੀਂ ਸ਼ਾਇਦ ਆਪਣੇ ਹੀ ਹਾਲ ਉੱਤੇ ਰੋਂਦੇ ਰਹੀਏ। ਮੁਸ਼ਕਲਾਂ ਦਾ ਡਟ ਕੇ ਸਾਮ੍ਹਣਾ ਕਰਨ ਦੀ ਬਜਾਇ ਅਸੀਂ ਸ਼ਾਇਦ ਉਨ੍ਹਾਂ ਬਾਰੇ ਬੁੜਬੁੜਾਉਂਦੇ ਰਹੀਏ। ਪਰ ਯਹੋਵਾਹ ਦੀਆਂ ਬਰਕਤਾਂ ਉੱਤੇ ਸੋਚ-ਵਿਚਾਰ ਕਰਨ ਨਾਲ ਅਸੀਂ ਇਸ ਤਰ੍ਹਾਂ ਕਰਨ ਤੋਂ ਬਚ ਸਕਦੇ ਹਾਂ।

3. ਅਸੀਂ ਇਸ ਲੇਖ ਵਿਚ ਕਿਨ੍ਹਾਂ ਗੱਲਾਂ ਦੀ ਚਰਚਾ ਕਰਾਂਗੇ?

3ਕਹਾਉਤਾਂ 10:22 ਵਿਚ ਲਿਖਿਆ ਹੈ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” ਅੱਜ ਯਹੋਵਾਹ ਨੇ ਆਪਣੇ ਸੇਵਕਾਂ ਨੂੰ ਢੇਰ ਸਾਰੀਆਂ ਬਰਕਤਾਂ ਦਿੱਤੀਆਂ ਹਨ। ਆਓ ਆਪਾਂ ਦੇਖੀਏ ਕਿ ਯਹੋਵਾਹ ਨੇ ‘ਸਚਿਆਈ ਨਾਲ ਚੱਲਣ ਵਾਲੇ ਧਰਮੀਆਂ’ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ ਹਨ ਤੇ ਸਾਨੂੰ ਇਨ੍ਹਾਂ ਬਰਕਤਾਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੋਵੇਗਾ।—ਕਹਾਉਤਾਂ 20:7.

ਸਾਡੀ ਝੋਲੀ ਬਰਕਤਾਂ ਨਾਲ ਭਰੀ ਹੋਈ ਹੈ

4, 5. ਤੁਸੀਂ ਬਾਈਬਲ ਦੀ ਕਿਹੜੀ ਸਿੱਖਿਆ ਲਈ ਸ਼ੁਕਰਗੁਜ਼ਾਰ ਹੋ ਅਤੇ ਕਿਉਂ?

4ਬਾਈਬਲ ਦਾ ਸਹੀ ਗਿਆਨ ਈਸਾਈ-ਜਗਤ ਦੇ ਧਰਮ ਬਾਈਬਲ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਤਾਂ ਕਰਦੇ ਹਨ, ਪਰ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਉਨ੍ਹਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਕਈ ਵਾਰ ਤਾਂ ਇੱਕੋ ਧਰਮ ਦੇ ਹੋਣ ਦੇ ਬਾਵਜੂਦ ਵੀ ਬਾਈਬਲ ਦੀਆਂ ਸਿੱਖਿਆਵਾਂ ਬਾਰੇ ਲੋਕਾਂ ਦੇ ਆਪੋ-ਆਪਣੇ ਵਿਚਾਰ ਹੁੰਦੇ ਹਨ। ਪਰ ਯਹੋਵਾਹ ਦੇ ਗਵਾਹਾਂ ਵਿਚ ਅਜਿਹਾ ਫ਼ਰਕ ਨਹੀਂ ਹੈ, ਸਗੋਂ ਉਨ੍ਹਾਂ ਦੇ ਵਿਚਾਰ ਇਕ ਹੁੰਦੇ ਹਨ! ਭਾਵੇਂ ਅਸੀਂ ਵੱਖੋ-ਵੱਖਰੀਆਂ ਕੌਮਾਂ ਅਤੇ ਸਭਿਆਚਾਰਾਂ ਤੋਂ ਹਾਂ, ਫਿਰ ਵੀ ਅਸੀਂ ਸਾਰੇ ਮਿਲ ਕੇ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਦੇ ਹਾਂ। ਉਹ ਕੋਈ ਤ੍ਰਿਏਕ ਦੇਵਤਾ ਨਹੀਂ ਹੈ ਜਿਸ ਨੂੰ ਜਾਣਨਾ ਸਾਡੇ ਵੱਸ ਤੋਂ ਬਾਹਰ ਹੈ। (ਬਿਵਸਥਾ ਸਾਰ 6:4; ਜ਼ਬੂਰਾਂ ਦੀ ਪੋਥੀ 83:18; ਮਰਕੁਸ 12:29) ਅਸੀਂ ਇਹ ਵੀ ਜਾਣਦੇ ਹਾਂ ਕਿ ਬਹੁਤ ਜਲਦ ਯਹੋਵਾਹ ਸਾਬਤ ਕਰ ਦੇਵੇਗਾ ਕਿ ਉਹੀ ਇਸ ਵਿਸ਼ਵ ਦਾ ਮਾਲਕ ਹੈ ਅਤੇ ਉਹੀ ਰਾਜ ਕਰਨ ਦਾ ਹੱਕ ਰੱਖਦਾ ਹੈ। ਉਸ ਪ੍ਰਤੀ ਵਫ਼ਾਦਾਰ ਰਹਿ ਕੇ ਅਸੀਂ ਸਾਰੇ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਨੂੰ ਆਪਣਾ ਮਾਲਕ ਮੰਨਦੇ ਹਾਂ। ਸਾਨੂੰ ਸਾਫ਼ ਪਤਾ ਹੈ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ ਤੇ ਸਾਡਾ ਪਰਮੇਸ਼ੁਰ ਕਿਸੇ ਨੂੰ ਨਰਕਾਂ ਦੀ ਅੱਗ ਵਿਚ ਤਸੀਹੇ ਨਹੀਂ ਦਿੰਦਾ।—ਉਪਦੇਸ਼ਕ ਦੀ ਪੋਥੀ 9:5, 10.

5 ਸਾਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ਆਪਣੇ ਆਪ ਹੀ ਪੈਦਾ ਨਹੀਂ ਹੋਏ, ਸਗੋਂ ਪਰਮੇਸ਼ੁਰ ਨੇ ਸਾਨੂੰ ਆਪਣੇ ਸਰੂਪ ਤੇ ਸਾਜਿਆ ਹੈ। (ਉਤਪਤ 1:26; ਮਲਾਕੀ 2:10) ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਬਾਰੇ ਕਿਹਾ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ, ਅਤੇ ਮੇਰੀ ਜਾਨ ਏਹ ਖੂਬ ਜਾਣਦੀ ਹੈ!”—ਜ਼ਬੂਰਾਂ ਦੀ ਪੋਥੀ 139:14.

6, 7. ਆਪਣੇ ਜੀਵਨ ਵਿਚ ਤਬਦੀਲੀਆਂ ਕਰਨ ਦੇ ਤੁਹਾਨੂੰ ਕੀ ਫ਼ਾਇਦੇ ਹੋਏ ਹਨ?

6ਨੁਕਸਾਨਦੇਹ ਆਦਤਾਂ ਤੇ ਕੰਮਾਂ ਤੋਂ ਛੁਟਕਾਰਾ ਹਰ ਰੋਜ਼ ਅਸੀਂ ਸਿਗਰਟਾਂ ਪੀਣ, ਜ਼ਿਆਦਾ ਸ਼ਰਾਬ ਪੀਣ ਅਤੇ ਖੁੱਲ੍ਹੇ ਜਿਨਸੀ ਸੰਬੰਧ ਰੱਖਣ ਦੇ ਖ਼ਤਰਿਆਂ ਬਾਰੇ ਸੁਣਦੇ ਤੇ ਪੜ੍ਹਦੇ ਹਾਂ। ਪਰ ਜ਼ਿਆਦਾਤਰ ਲੋਕ ਇਨ੍ਹਾਂ ਚੇਤਾਵਨੀਆਂ ਵੱਲ ਕੋਈ ਧਿਆਨ ਨਹੀਂ ਦਿੰਦੇ। ਲੇਕਿਨ ਜਦ ਇਕ ਨੇਕਦਿਲ ਇਨਸਾਨ ਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਸਭ ਕੁਝ ਗ਼ਲਤ ਹੈ ਤੇ ਪਰਮੇਸ਼ੁਰ ਇਨ੍ਹਾਂ ਕੰਮਾਂ ਕਰਕੇ ਦੁਖੀ ਹੁੰਦਾ ਹੈ, ਤਾਂ ਉਹ ਕੀ ਕਰਦਾ ਹੈ? ਉਹ ਆਪਣੇ ਜੀਵਨ ਵਿਚ ਤਬਦੀਲੀਆਂ ਕਰਨ ਲਈ ਤਿਆਰ ਹੋ ਜਾਂਦਾ ਹੈ! (ਯਸਾਯਾਹ 63:10; 1 ਕੁਰਿੰਥੀਆਂ 6:9, 10; 2 ਕੁਰਿੰਥੀਆਂ 7:1; ਅਫ਼ਸੀਆਂ 4:30) ਉਹ ਇਹ ਕਦਮ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਚੁੱਕਦਾ ਹੈ। ਪਰ ਨਤੀਜੇ ਵਜੋਂ ਉਸ ਨੂੰ ਆਪ ਨੂੰ ਵੀ ਫ਼ਾਇਦੇ ਹੁੰਦੇ ਹਨ, ਜਿਵੇਂ ਚੰਗੀ ਸਿਹਤ ਅਤੇ ਮਨ ਦੀ ਸ਼ਾਂਤੀ।

7 ਕਈਆਂ ਲੋਕਾਂ ਲਈ ਬੁਰੀਆਂ ਆਦਤਾਂ ਛੱਡਣੀਆਂ ਬਹੁਤ ਮੁਸ਼ਕਲ ਹੁੰਦੀਆਂ ਹਨ। ਪਰ ਇਸ ਦੇ ਬਾਵਜੂਦ ਵੀ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਪਣੀਆਂ ਬੁਰੀਆਂ ਆਦਤਾਂ ਛੱਡ ਰਹੇ ਹਨ। ਉਹ ਯਹੋਵਾਹ ਨੂੰ ਆਪਣਾ ਜੀਵਨ ਸੌਂਪ ਕੇ ਬਪਤਿਸਮਾ ਲੈਂਦੇ ਹਨ। ਇਸ ਤੋਂ ਸਾਨੂੰ ਸਾਰਿਆਂ ਨੂੰ ਕਿੰਨਾ ਹੌਸਲਾ ਮਿਲਦਾ ਹੈ! ਉਨ੍ਹਾਂ ਦੀ ਮਿਸਾਲ ਦੇਖ ਕੇ ਸਾਡਾ ਵੀ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਦਾ ਇਰਾਦਾ ਮਜ਼ਬੂਤ ਹੁੰਦਾ ਹੈ।

8. ਬਾਈਬਲ ਦੀ ਕਿਹੜੀ ਸਲਾਹ ਪਰਿਵਾਰਾਂ ਨੂੰ ਸੁਖੀ ਬਣਾਉਂਦੀ ਹੈ?

8ਸੁਖੀ ਪਰਿਵਾਰ ਕਈ ਦੇਸ਼ਾਂ ਵਿਚ ਪਰਿਵਾਰ ਬਿਖਰ ਰਹੇ ਹਨ। ਅੱਜ-ਕੱਲ੍ਹ ਤਲਾਕ ਲੈਣਾ ਆਮ ਗੱਲ ਹੋ ਗਈ ਹੈ। ਤਲਾਕ ਬੱਚਿਆਂ ਦੀਆਂ ਜ਼ਿੰਦਗੀਆਂ ਨੂੰ ਵੀ ਰੋਲ ਰਿਹਾ ਹੈ।। ਕੁਝ ਯੂਰਪੀ ਦੇਸ਼ਾਂ ਵਿਚ ਲਗਭਗ 20 ਪ੍ਰਤਿਸ਼ਤ ਪਰਿਵਾਰਾਂ ਵਿਚ ਸਿਰਫ਼ ਮਾਂ ਹੁੰਦੀ ਹੈ ਜਾਂ ਬਾਪ। ਪਰਿਵਾਰਾਂ ਨੂੰ ਸੁਖੀ ਬਣਾਈ ਰੱਖਣ ਵਿਚ ਯਹੋਵਾਹ ਨੇ ਆਪਣੇ ਲੋਕਾਂ ਦੀ ਕਿਵੇਂ ਮਦਦ ਕੀਤੀ ਹੈ? ਅਫ਼ਸੀਆਂ 5:22–6:4 ਪੜ੍ਹ ਕੇ ਦੇਖੋ ਕਿ ਪਰਮੇਸ਼ੁਰ ਦੇ ਬਚਨ ਵਿਚ ਪਤੀ-ਪਤਨੀਆਂ ਅਤੇ ਬੱਚਿਆਂ ਨੂੰ ਕਿਹੜੀ ਚੰਗੀ ਸਲਾਹ ਦਿੱਤੀ ਗਈ ਹੈ। ਬਾਈਬਲ ਵਿਚ ਦਿੱਤੀਆਂ ਇਸ ਤਰ੍ਹਾਂ ਦੀਆਂ ਸਲਾਹਾਂ ਉੱਤੇ ਚੱਲ ਕੇ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ਵਿਚ ਵੀ ਮਦਦ ਮਿਲਦੀ ਹੈ ਜਿਸ ਕਰਕੇ ਉਨ੍ਹਾਂ ਦਾ ਪਰਿਵਾਰ ਸੁਖੀ ਹੁੰਦਾ ਹੈ। ਕੀ ਅਸੀਂ ਇਸ ਬਰਕਤ ਲਈ ਯਹੋਵਾਹ ਦੇ ਦਿਲੋਂ ਸ਼ੁਕਰਗੁਜ਼ਾਰ ਨਹੀਂ ਹਾਂ?

9, 10. ਭਵਿੱਖ ਬਾਰੇ ਸਾਡਾ ਨਜ਼ਰੀਆ ਦੁਨੀਆਂ ਨਾਲੋਂ ਕਿਵੇਂ ਵੱਖਰਾ ਹੈ?

9ਸਾਨੂੰ ਪੂਰਾ ਭਰੋਸਾ ਹੈ ਕਿ ਜਲਦ ਹੀ ਦੁਨੀਆਂ ਦੀਆਂ ਮੁਸ਼ਕਲਾਂ ਨੂੰ ਖ਼ਤਮ ਕੀਤਾ ਜਾਵੇਗਾ ਵਿਗਿਆਨਕ ਅਤੇ ਤਕਨੀਕੀ ਤਰੱਕੀ ਅਤੇ ਕੁਝ ਈਮਾਨਦਾਰ ਨੇਤਾਵਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਦੁਨੀਆਂ ਦੀਆਂ ਗੰਭੀਰ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਮਿਲ ਰਿਹਾ। ਦੁਨੀਆਂ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਵਾਲੀ ਇਕ ਸੰਸਥਾ ਦੇ ਮੋਢੀ ਕਲਾਊਸ ਸ਼ਵਾਬ ਨੇ ਕਿਹਾ: “ਦੁਨੀਆਂ ਦੀਆਂ ਸਮੱਸਿਆਵਾਂ ਦੀ ਸੂਚੀ ਦਿਨ-ਬ-ਦਿਨ ਲੰਬੀ ਹੁੰਦੀ ਜਾਂਦੀ ਹੈ ਤੇ ਇਨ੍ਹਾਂ ਨੂੰ ਹੱਲ ਕਰਨ ਦਾ ਸਮਾਂ ਹੱਥੋਂ ਨਿਕਲਦਾ ਜਾ ਰਿਹਾ ਹੈ।” ਉਸ ਨੇ ਅੱਗੇ ਕਿਹਾ ਕਿ “ਦੁਨੀਆਂ ਵਿਚ ਅਸੀਂ ਅਜਿਹੇ ਖ਼ਤਰਿਆਂ ਦਾ ਸਾਮ੍ਹਣਾ ਕਰ ਰਹੇ ਹਾਂ ਜਿਸ ਦਾ ਅਸਰ ਸਾਰਿਆਂ ਤੇ ਪੈਂਦਾ ਹੈ ਜਿਵੇਂ ਅੱਤਵਾਦ, ਵਾਤਾਵਰਣ ਦਾ ਪ੍ਰਦੂਸ਼ਣ ਅਤੇ ਦੁਨੀਆਂ ਦੀ ਮਾੜੀ ਆਰਥਿਕ ਹਾਲਤ।” ਅੰਤ ਵਿਚ ਕਲਾਊਸ ਸ਼ਵਾਬ ਨੇ ਕਿਹਾ ਕਿ “ਅੱਜ ਸਮੇਂ ਦੀ ਮੰਗ ਹੈ ਕਿ ਸਾਰੀ ਦੁਨੀਆਂ ਰਲ ਕੇ ਕਦਮ ਚੁੱਕੇ ਤੇ ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਕੋਈ ਢਿੱਲ-ਮੱਠ ਨਾ ਕਰੇ।” ਇੱਕੀਵੀਂ ਸਦੀ ਵਿਚ ਇਨਸਾਨ ਦਾ ਭਵਿੱਖ ਅੱਗੇ ਨਾਲੋਂ ਹੋਰ ਵੀ ਧੁੰਦਲਾ ਨਜ਼ਰ ਆ ਰਿਹਾ ਹੈ।।

10 ਸਾਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਯਹੋਵਾਹ ਨੇ ਮਨੁੱਖਜਾਤੀ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਇੰਤਜ਼ਾਮ ਕੀਤਾ ਹੈ। ਉਸ ਨੇ ਆਪਣਾ ਰਾਜ ਸਥਾਪਿਤ ਕਰ ਕੇ ਯਿਸੂ ਮਸੀਹ ਨੂੰ ਉਸ ਦਾ ਰਾਜਾ ਬਣਾਇਆ ਹੈ। ਇਸ ਰਾਜ ਰਾਹੀਂ ਸੱਚਾ ਪਰਮੇਸ਼ੁਰ “ਲੜਾਈਆਂ ਨੂੰ ਮੁਕਾ” ਦੇਵੇਗਾ ਜਿਸ ਕਰਕੇ “ਬਾਹਲਾ ਸੁਖ ਹੋਵੇਗਾ।” (ਜ਼ਬੂਰਾਂ ਦੀ ਪੋਥੀ 46:9; 72:7) ਰਾਜਾ ਯਿਸੂ ਮਸੀਹ ‘ਕੰਗਾਲ, ਮਸਕੀਨ ਅਤੇ ਗਰੀਬ ਦੀ ਜਾਨ ਨੂੰ ਛਲ ਤੇ ਅਨ੍ਹੇਰ ਤੋਂ ਬਚਾਵੇਗਾ।’ (ਜ਼ਬੂਰਾਂ ਦੀ ਪੋਥੀ 72:12-14) ਇਸ ਰਾਜ ਦੇ ਅਧੀਨ ਕਿਸੇ ਨੂੰ ਭੁੱਖੇ ਪੇਟ ਨਹੀਂ ਸੌਣਾ ਪਵੇਗਾ। (ਜ਼ਬੂਰਾਂ ਦੀ ਪੋਥੀ 72:16) ਯਹੋਵਾਹ ਸਾਡੀਆਂ “ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” (ਪਰਕਾਸ਼ ਦੀ ਪੋਥੀ 21:4) ਇਹ ਰਾਜ ਸਵਰਗ ਵਿਚ ਸਥਾਪਿਤ ਹੋ ਚੁੱਕਾ ਹੈ ਅਤੇ ਜਲਦ ਹੀ ਇਹ ਧਰਤੀ ਦੇ ਹਾਲਾਤਾਂ ਨੂੰ ਸੁਧਾਰੇਗਾ।—ਦਾਨੀਏਲ 2:44; ਪਰਕਾਸ਼ ਦੀ ਪੋਥੀ 11:15.

11, 12. (ੳ) ਅਸੀਂ ਕਿਉਂ ਕਹਿੰਦੇ ਹਾਂ ਕਿ ਮੌਜ-ਮਸਤੀ ਰਾਹੀਂ ਸੱਚੀ ਖ਼ੁਸ਼ੀ ਨਹੀਂ ਮਿਲਦੀ? (ਅ) ਸਾਨੂੰ ਸੱਚੀ ਖ਼ੁਸ਼ੀ ਕਿਸ ਤਰ੍ਹਾਂ ਮਿਲ ਸਕਦੀ ਹੈ?

11ਸਾਨੂੰ ਸੱਚੀ ਖ਼ੁਸ਼ੀ ਦਾ ਰਾਜ਼ ਪਤਾ ਹੈ ਸੱਚੀ ਖ਼ੁਸ਼ੀ ਕਿਸ ਤਰ੍ਹਾਂ ਮਿਲ ਸਕਦੀ ਹੈ? ਇਕ ਮਨੋਵਿਗਿਆਨੀ ਨੇ ਕਿਹਾ ਕਿ ਖ਼ੁਸ਼ੀ ਵਿਚ ਤਿੰਨ ਗੱਲਾਂ ਸ਼ਾਮਲ ਹਨ—ਮੌਜ-ਮਸਤੀ, ਮਿਹਨਤ (ਨੌਕਰੀ ਕਰਨੀ ਜਾਂ ਘਰਦਿਆਂ ਨਾਲ ਮਿਲ ਕੇ ਕੋਈ ਕੰਮ ਕਰਨਾ) ਅਤੇ ਮਕਸਦ (ਦੂਸਰਿਆਂ ਦਾ ਭਲਾ ਕਰਨਾ)। ਉਸ ਨੇ ਕਿਹਾ ਕਿ ਖ਼ੁਸ਼ੀ ਪਾਉਣ ਲਈ ਇਨ੍ਹਾਂ ਤਿੰਨਾਂ ਵਿੱਚੋਂ ਮੌਜ-ਮਸਤੀ ਸਭ ਤੋਂ ਘੱਟ ਅਹਿਮੀਅਤ ਰੱਖਦੀ ਹੈ। “ਸਾਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਮੌਜ-ਮਸਤੀ ਕਰਨ ਵਿਚ ਹੀ ਲੱਗੇ ਰਹਿੰਦੇ ਹਨ।” ਇਸ ਬਾਰੇ ਬਾਈਬਲ ਦਾ ਕੀ ਵਿਚਾਰ ਹੈ?

12 ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਸੁਲੇਮਾਨ ਨੇ ਕਿਹਾ: “ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾ ਲਵਾਂਗਾ, ਸੋ ਸੁਖ ਭੋਗ, ਅਤੇ ਵੇਖੋ, ਇਹ ਭੀ ਵਿਅਰਥ ਸੀ। ਮੈਂ ਹਾਸੀ ਨੂੰ ਆਖਿਆ, ਤੂੰ ਕਮਲੀ ਹੈਂ, ਅਤੇ ਅਨੰਦ ਨੂੰ, ਇਹ ਕੀ ਕਰਦਾ ਹੈਂ?” (ਉਪਦੇਸ਼ਕ ਦੀ ਪੋਥੀ 2:1, 2) ਬਾਈਬਲ ਦੇ ਅਨੁਸਾਰ ਮੌਜ-ਮਸਤੀ ਤੋਂ ਜੋ ਵੀ ਖ਼ੁਸ਼ੀ ਮਿਲਦੀ ਹੈ ਉਹ ਸਿਰਫ਼ ਥੋੜ੍ਹੇ ਚਿਰ ਲਈ ਹੁੰਦੀ ਹੈ। ਮਿਹਨਤ ਕਰਨ ਬਾਰੇ ਕੀ? ਯਹੋਵਾਹ ਨੇ ਸਾਨੂੰ ਰਾਜ ਦਾ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਯਿਸੂ ਦੇ ਚੇਲੇ ਬਣਾਉਣ ਦਾ ਸਭ ਤੋਂ ਜ਼ਰੂਰੀ ਕੰਮ ਸੌਂਪਿਆ ਹੈ। (ਮੱਤੀ 24:14; 28:19, 20) ਦੂਸਰਿਆਂ ਨਾਲ ਬਾਈਬਲ ਵਿੱਚੋਂ ਮੁਕਤੀ ਦਾ ਸੰਦੇਸ਼ ਸਾਂਝਾ ਕਰਨ ਨਾਲ ਸਾਡੀ ਜਾਨ ਹੀ ਨਹੀਂ, ਬਲਕਿ ਸੰਦੇਸ਼ ਸੁਣਨ ਵਾਲਿਆਂ ਦੀ ਜਾਨ ਵੀ ਬਚ ਸਕਦੀ ਹੈ। (1 ਤਿਮੋਥਿਉਸ 4:16) “ਕੰਮ ਕਰਨ ਵਿੱਚ ਪਰਮੇਸ਼ੁਰ ਦੇ ਸਾਂਝੀ” ਹੋਣ ਕਰਕੇ ਅਸੀਂ ਇਸ ਗੱਲ ਦੀ ਸੱਚਾਈ ਅਨੁਭਵ ਕਰਦੇ ਹਾਂ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (1 ਕੁਰਿੰਥੀਆਂ 3:9; ਰਸੂਲਾਂ ਦੇ ਕਰਤੱਬ 20:35) ਇਹ ਕੰਮ ਸਾਡੀ ਜ਼ਿੰਦਗੀ ਨੂੰ ਇਕ ਮਕਸਦ ਦਿੰਦਾ ਹੈ ਅਤੇ ਇਸ ਦੇ ਨਾਲ ਯਹੋਵਾਹ ਸ਼ਤਾਨ ਦੇ ਮੇਹਣਿਆਂ ਦਾ ਮੂੰਹ-ਤੋੜ ਜਵਾਬ ਦੇ ਸਕਦਾ ਹੈ। (ਕਹਾਉਤਾਂ 27:11) ਯਹੋਵਾਹ ਨੇ ਸਾਨੂੰ ਦੱਸਿਆ ਹੈ ਕਿ ਉਸ ਦੀ ਭਗਤੀ ਕਰਨ ਨਾਲ ਹੀ ਸਾਨੂੰ ਸੱਚੀ ਖ਼ੁਸ਼ੀ ਮਿਲ ਸਕਦੀ ਹੈ।—1 ਤਿਮੋਥਿਉਸ 4:8.

13. (ੳ) ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਸਾਡੇ ਲਈ ਇਕ ਬਰਕਤ ਕਿਵੇਂ ਹੈ? (ਅ) ਤੁਸੀਂ ਇਸ ਸਕੂਲ ਦਾ ਫ਼ਾਇਦਾ ਕਿਵੇਂ ਉਠਾਇਆ ਹੈ?

13ਇਕ ਵਧੀਆ ਸਿਖਲਾਈ ਪ੍ਰੋਗ੍ਰਾਮ ਗੇਰਹਾਰਟ ਯਹੋਵਾਹ ਦੇ ਗਵਾਹਾਂ ਦੀ ਇਕ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕਰਦਾ ਹੈ। ਆਪਣੀ ਜਵਾਨੀ ਦੇ ਸਾਲਾਂ ਬਾਰੇ ਉਹ ਕਹਿੰਦਾ ਹੈ: “ਉਨ੍ਹੀਂ ਦਿਨੀਂ ਮੇਰੇ ਲਈ ਕਿਸੇ ਨਾਲ ਗੱਲ ਕਰਨੀ ਬਹੁਤ ਮੁਸ਼ਕਲ ਹੁੰਦੀ ਸੀ। ਕਦੇ-ਕਦੇ ਮੈਂ ਇੰਨਾ ਡਰ ਜਾਂਦਾ ਸੀ ਕਿ ਮੇਰੀ ਜ਼ਬਾਨ ਮੇਰਾ ਸਾਥ ਨਾ ਦਿੰਦੀ ਤੇ ਮੈਂ ਥਥਲਾਉਣ ਲੱਗ ਜਾਂਦਾ ਸੀ। ਇਸ ਕਰਕੇ ਮੇਰੇ ਅੰਦਰ ਹੀਣ-ਭਾਵਨਾ ਪੈਦਾ ਹੋ ਗਈ। ਮੇਰੇ ਮਾਪਿਆਂ ਨੇ ਮੈਨੂੰ ਚੰਗੀ ਤਰ੍ਹਾਂ ਬੋਲਣਾ ਸਿਖਾਉਣ ਲਈ ਖ਼ਾਸ ਕੋਰਸ ਵੀ ਕਰਵਾਇਆ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ ਕਿਉਂਕਿ ਸਮੱਸਿਆ ਤਾਂ ਮੇਰਾ ਆਪਣਾ ਡਰ ਸੀ। ਪਰ ਯਹੋਵਾਹ ਨੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਰਾਹੀਂ ਮੇਰੀ ਬਹੁਤ ਮਦਦ ਕੀਤੀ ਤੇ ਮੈਨੂੰ ਬੋਲਣ ਦੀ ਹਿੰਮਤ ਮਿਲੀ। ਇਸ ਸਕੂਲ ਵਿਚ ਜੋ ਵੀ ਮੈਂ ਸਿੱਖਿਆ, ਮੈਂ ਉਸ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਮੇਰੀ ਬੋਲੀ ਵਿਚ ਸੁਧਾਰ ਆਉਣ ਲੱਗ ਪਿਆ। ਮੇਰਾ ਡਰ ਘੱਟ ਗਿਆ ਅਤੇ ਮੈਂ ਆਸਾਨੀ ਨਾਲ ਦੂਸਰਿਆਂ ਨੂੰ ਗਵਾਹੀ ਦੇਣ ਲੱਗ ਪਿਆ। ਹੁਣ ਤਾਂ ਮੈਂ ਪਬਲਿਕ ਭਾਸ਼ਣ ਵੀ ਦਿੰਦਾ ਹਾਂ। ਮੈਂ ਯਹੋਵਾਹ ਦਾ ਬਹੁਤ ਅਹਿਸਾਨਮੰਦ ਹਾਂ ਕਿ ਉਸ ਨੇ ਇਸ ਸਕੂਲ ਰਾਹੀਂ ਮੇਰੀ ਜ਼ਿੰਦਗੀ ਵਿਚ ਨਵੀਂ ਬਹਾਰ ਲਿਆਂਦੀ।” ਯਹੋਵਾਹ ਦੇ ਸਿਖਾਉਣ ਦੇ ਤਰੀਕੇ ਵਾਕਈ ਹੀ ਬਹੁਤ ਵਧੀਆ ਹਨ।

14, 15. ਦੁੱਖ ਦੀਆਂ ਘੜੀਆਂ ਵਿਚ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ? ਉਦਾਹਰਣ ਦਿਓ।

14ਯਹੋਵਾਹ ਨਾਲ ਦੋਸਤੀ ਅਤੇ ਸੰਸਾਰ ਭਰ ਵਿਚ ਆਪਣੇ ਭੈਣਾਂ-ਭਰਾਵਾਂ ਦਾ ਆਸਰਾ ਕਾਟਰੀਨ ਜਰਮਨੀ ਵਿਚ ਰਹਿੰਦੀ ਹੈ। ਦੱਖਣ-ਪੂਰਬੀ ਏਸ਼ੀਆ ਵਿਚ ਸੁਨਾਮੀ ਲਹਿਰਾਂ ਬਾਰੇ ਸੁਣ ਕੇ ਉਹ ਬਹੁਤ ਘਬਰਾ ਗਈ। ਜਦ ਇਹ ਘਟਨਾ ਵਾਪਰੀ ਉਸ ਦੀ ਬੇਟੀ ਥਾਈਲੈਂਡ ਵਿਚ ਸੀ। ਅਗਲੇ 32 ਘੰਟਿਆਂ ਤਕ ਉਸ ਨੂੰ ਕੋਈ ਖ਼ਬਰ ਨਹੀਂ ਸੀ ਕਿ ਉਸ ਦੀ ਬੇਟੀ ਜੀਉਂਦੀ ਸੀ ਜਾਂ ਮਰ ਗਈ ਸੀ। ਕਾਟਰੀਨ ਨੇ ਉਸ ਸਮੇਂ ਸੁਖ ਦਾ ਸਾਹ ਲਿਆ ਜਦ ਕਿਸੇ ਨੇ ਟੈਲੀਫ਼ੋਨ ਕਰ ਕੇ ਉਸ ਨੂੰ ਦੱਸਿਆ ਕਿ ਉਸ ਦੀ ਬੇਟੀ ਠੀਕ-ਠਾਕ ਸੀ!

15 ਉਸ ਔਖੀ ਘੜੀ ਵਿਚ ਕਿਸ ਗੱਲ ਨੇ ਕਾਟਰੀਨ ਦੀ ਮਦਦ ਕੀਤੀ? ਉਹ ਦੱਸਦੀ ਹੈ: “ਮੈਂ ਤਕਰੀਬਨ ਸਾਰਾ ਸਮਾਂ ਯਹੋਵਾਹ ਨੂੰ ਪ੍ਰਾਰਥਨਾ ਕਰਦੀ ਰਹੀ। ਮੈਂ ਦੇਖਿਆ ਕਿ ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰ ਕੇ ਮੈਨੂੰ ਤਾਕਤ ਤੇ ਮੇਰੇ ਮਨ ਨੂੰ ਸਕੂਨ ਮਿਲਿਆ। ਇਸ ਤੋਂ ਇਲਾਵਾ ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਆ ਕੇ ਮੈਨੂੰ ਬਹੁਤ ਹੌਸਲਾ ਦਿੱਤਾ।” (ਫ਼ਿਲਿੱਪੀਆਂ 4:6, 7) ਜ਼ਰਾ ਸੋਚੋ ਕਿ ਇਸ ਭੈਣ ਲਈ ਇਹ ਦੁੱਖ ਦੀਆਂ ਘੜੀਆਂ ਸਹਿਣੀਆਂ ਕਿੰਨੀਆਂ ਮੁਸ਼ਕਲ ਹੁੰਦੀਆਂ ਜੇ ਉਹ ਯਹੋਵਾਹ ਨੂੰ ਨਾ ਜਾਣਦੀ ਹੁੰਦੀ ਤੇ ਭੈਣਾਂ-ਭਰਾਵਾਂ ਨੇ ਉਸ ਦਾ ਸਾਥ ਨਾ ਦਿੱਤਾ ਹੁੰਦਾ! ਸਾਨੂੰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਯਹੋਵਾਹ, ਯਿਸੂ ਅਤੇ ਆਪਣੇ ਭੈਣਾਂ-ਭਰਾਵਾਂ ਨਾਲ ਸਾਡਾ ਨਜ਼ਦੀਕੀ ਰਿਸ਼ਤਾ ਇਕ ਵੱਡੀ ਬਰਕਤ ਹੈ। ਆਓ ਆਪਾਂ ਹਮੇਸ਼ਾ ਇਸ ਦੀ ਕਦਰ ਕਰੀਏ।

16. ਮਿਸਾਲ ਦੇ ਕੇ ਸਮਝਾਓ ਕਿ ਮਰੇ ਹੋਇਆਂ ਨੂੰ ਦੁਬਾਰਾ ਜੀਉਂਦੇ ਦੇਖਣ ਦੀ ਉਮੀਦ ਇਕ ਬਰਕਤ ਕਿਵੇਂ ਹੈ?

16ਮਰੇ ਹੋਇਆਂ ਨੂੰ ਦੁਬਾਰਾ ਜੀਉ ਦੇ ਦੇਖਣ ਦੀ ਉਮੀਦ (ਯੂਹੰਨਾ 5:28, 29) ਮਾਟੀਅਸ ਨੇ ਬਚਪਨ ਤੋਂ ਹੀ ਸੱਚਾਈ ਸਿੱਖੀ ਸੀ। ਪਰ ਜਦ ਉਹ ਜਵਾਨ ਹੋਇਆ, ਤਾਂ ਯਹੋਵਾਹ ਦੀਆਂ ਬਰਕਤਾਂ ਦੀ ਕਦਰ ਨਾ ਕਰਦੇ ਹੋਏ ਉਹ ਸੱਚਾਈ ਨੂੰ ਛੱਡ ਗਿਆ। ਉਹ ਹੁਣ ਲਿਖਦਾ ਹੈ: “ਮੈਂ ਕਦੀ ਵੀ ਆਪਣੇ ਪਿਤਾ ਜੀ ਨਾਲ ਦਿਲ ਖੋਲ੍ਹ ਕੇ ਗੱਲ ਨਹੀਂ ਕੀਤੀ ਸੀ। ਕਈ ਵਾਰ ਤਾਂ ਮੈਂ ਉਨ੍ਹਾਂ ਨਾਲ ਲੜ ਵੀ ਬਹਿੰਦਾ ਸੀ। ਇਨ੍ਹਾਂ ਗੱਲਾਂ ਦੇ ਬਾਵਜੂਦ ਮੇਰੇ ਪਿਤਾ ਜੀ ਨੇ ਹਮੇਸ਼ਾ ਮੇਰਾ ਭਲਾ ਹੀ ਚਾਹਿਆ। ਉਹ ਤਾਂ ਮੈਨੂੰ ਦਿਲੋਂ ਪਿਆਰ ਕਰਦੇ ਸਨ, ਬਸ ਮੈਂ ਹੀ ਇਹ ਦੇਖ ਨਾ ਪਾਇਆ। ਸਾਲ 1996 ਵਿਚ ਜਦ ਪਿਤਾ ਜੀ ਬਹੁਤ ਬੀਮਾਰ ਸਨ, ਤਾਂ ਮੈਂ ਉਨ੍ਹਾਂ ਦੇ ਸਿਰਹਾਣੇ ਬੈਠ ਕੇ ਉਨ੍ਹਾਂ ਦਾ ਹੱਥ ਫੜੀ ਫੁੱਟ-ਫੁੱਟ ਕੇ ਰੋਇਆ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਆਪਣੀਆਂ ਸਾਰੀਆਂ ਗ਼ਲਤੀਆਂ ਤੇ ਬੇਹੱਦ ਸ਼ਰਮਿੰਦਾ ਸਾਂ ਤੇ ਮੈਂ ਉਨ੍ਹਾਂ ਨੂੰ ਬਹੁਤ ਪਿਆਰ ਕਰਦਾ ਸਾਂ। ਪਰ ਉਹ ਮੇਰੀ ਆਵਾਜ਼ ਨਹੀਂ ਸੁਣ ਸਕਦੇ ਸਨ। ਕੁਝ ਹੀ ਸਮੇਂ ਬਾਅਦ ਉਹ ਮੌਤ ਦੀ ਨੀਂਦ ਸੌਂ ਗਏ। ਜੇ ਮੈਂ ਆਪਣੇ ਪਿਤਾ ਜੀ ਨੂੰ ਨਵੇਂ ਸੰਸਾਰ ਵਿਚ ਮਿਲਿਆ, ਤਾਂ ਮੈਂ ਅਗਲੀਆਂ-ਪਿੱਛਲੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦਿਆਂਗਾ। ਉਹ ਇਹ ਜਾਣ ਕੇ ਕਿੰਨੇ ਖ਼ੁਸ਼ ਹੋਣਗੇ ਕਿ ਮੈਂ ਕਲੀਸਿਯਾ ਵਿਚ ਬਜ਼ੁਰਗ ਵਜੋਂ ਸੇਵਾ ਕੀਤੀ ਅਤੇ ਮੈਂ ਤੇ ਮੇਰੀ ਪਤਨੀ ਨੇ ਪਾਇਨੀਅਰੀ ਵੀ ਕੀਤੀ।” ਮਰੇ ਹੋਇਆਂ ਨੂੰ ਦੁਬਾਰਾ ਮਿਲਣ ਦੀ ਉਮੀਦ ਇੰਨੀ ਅਨਮੋਲ ਹੈ ਕਿ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ!

“ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ”

17. ਯਹੋਵਾਹ ਵੱਲੋਂ ਮਿਲੀਆਂ ਬਰਕਤਾਂ ਬਾਰੇ ਸੋਚਣ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ?

17 ਯਿਸੂ ਮਸੀਹ ਨੇ ਆਪਣੇ ਪਿਤਾ ਯਹੋਵਾਹ ਬਾਰੇ ਕਿਹਾ: “ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।” (ਮੱਤੀ 5:45) ਜੇ ਯਹੋਵਾਹ ਪਰਮੇਸ਼ੁਰ ਬੁਰੇ ਲੋਕਾਂ ਉੱਤੇ ਬਰਕਤਾਂ ਵਰਸਾਉਂਦਾ ਹੈ, ਤਾਂ ਜ਼ਰਾ ਸੋਚੋ ਕਿ ਉਹ ਆਪਣੇ ਵਫ਼ਾਦਾਰ ਭਗਤਾਂ ਉੱਤੇ ਕਿੰਨੀਆਂ ਬਰਕਤਾਂ ਵਰਸਾਵੇਗਾ! ਜ਼ਬੂਰ 84:11 ਵਿਚ ਲਿਖਿਆ ਹੈ ਕਿ “ਉਹ ਸਿਧਿਆਈ ਵਿੱਚ ਚੱਲਣ ਵਾਲਿਆਂ ਤੋਂ ਕੋਈ ਚੰਗੀ ਚੀਜ਼ ਨਾ ਰੋਕੇਗਾ।” ਜਦ ਅਸੀਂ ਇਸ ਬਾਰੇ ਸੋਚਦੇ ਹਾਂ ਕਿ ਯਹੋਵਾਹ ਨੇ ਕਿਨ੍ਹਾਂ ਤਰੀਕਿਆਂ ਨਾਲ ਆਪਣੇ ਸੇਵਕਾਂ ਦੀ ਮਦਦ ਤੇ ਦੇਖ-ਭਾਲ ਕੀਤੀ ਹੈ, ਤਾਂ ਸਾਡਾ ਦਿਲ ਖ਼ੁਸ਼ੀ ਨਾਲ ਝੂਮ ਉੱਠਦਾ ਹੈ ਅਤੇ ਸਾਡਾ ਮਨ ਸ਼ਰਧਾ ਨਾਲ ਭਰ ਜਾਂਦਾ ਹੈ।

18. (ੳ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਬਰਕਤਾਂ ਨਾਲ ਸੋਗ ਨਹੀਂ ਮਿਲਾਉਂਦਾ? (ਅ) ਪਰਮੇਸ਼ੁਰ ਦੇ ਕਈ ਵਫ਼ਾਦਾਰ ਸੇਵਕਾਂ ਉੱਤੇ ਦੁੱਖ ਕਿਉਂ ਆਉਂਦੇ ਹਨ?

18 “ਯਹੋਵਾਹ ਦੀ ਬਰਕਤ” ਕਾਰਨ ਹੀ ਉਸ ਦੇ ਲੋਕ ਖ਼ੁਸ਼ਹਾਲ ਹਨ ਅਤੇ “ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।” (ਕਹਾਉਤਾਂ 10:22) ਪਰ ਜੇ ਇਹ ਗੱਲ ਹੈ, ਤਾਂ ਫਿਰ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਉੱਤੇ ਇੰਨੀਆਂ ਮੁਸੀਬਤਾਂ ਕਿਉਂ ਆਉਂਦੀਆਂ ਹਨ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਦੁੱਖ ਸਹਿਣੇ ਪੈਂਦੇ ਹਨ? ਮੁਸ਼ਕਲਾਂ ਤੇ ਦੁੱਖ-ਤਕਲੀਫ਼ਾਂ ਦੇ ਤਿੰਨ ਕਾਰਨ ਹਨ। (1) ਅਸੀਂ ਗ਼ਲਤੀਆਂ ਦੇ ਪੁਤਲੇ ਹਾਂ। (ਉਤਪਤ 6:5; 8:21; ਯਾਕੂਬ 1:14, 15) (2) ਸ਼ਤਾਨ ਅਤੇ ਉਸ ਦੇ ਬੁਰੇ ਦੂਤ। (ਅਫ਼ਸੀਆਂ 6:11, 12) (3) ਇਹ ਦੁਸ਼ਟ ਦੁਨੀਆਂ। (ਯੂਹੰਨਾ 15:19) ਯਹੋਵਾਹ ਸਾਡੇ ਉੱਤੇ ਦੁੱਖ ਆਉਣ ਜ਼ਰੂਰ ਦਿੰਦਾ ਹੈ, ਪਰ ਉਹ ਇਨ੍ਹਾਂ ਲਈ ਜ਼ਿੰਮੇਵਾਰ ਨਹੀਂ ਹੈ। ਇਸ ਦੀ ਬਜਾਇ, “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ।” (ਯਾਕੂਬ 1:17) ਯਹੋਵਾਹ ਦੀਆਂ ਬਰਕਤਾਂ ਸਾਡੀ ਜ਼ਿੰਦਗੀ ਵਿਚ ਕਦੀ ਵੀ ਦੁੱਖ ਨਹੀਂ ਲਿਆਉਂਦੀਆਂ।

19. ਵਫ਼ਾਦਾਰੀ ਨਾਲ ਚੱਲਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

19 ਯਹੋਵਾਹ ਦੀ ਬਰਕਤ ਪਾਉਣ ਲਈ ਸਾਨੂੰ ਉਸ ਦੇ ਨਜ਼ਦੀਕ ਰਹਿਣ ਦੀ ਲੋੜ ਹੈ। ਯਹੋਵਾਹ ਨਾਲ ਦੋਸਤੀ ਕਰ ਕੇ ਅਸੀਂ ‘ਅਗਾਹਾਂ ਲਈ ਇੱਕ ਚੰਗੀ ਨੀਂਹ ਆਪਣੇ ਲਈ ਧਰਦੇ ਹਾਂ ਭਈ ਅਸੀਂ ਉਸ ਜੀਵਨ ਨੂੰ ਫੜ ਲਈਏ ਜਿਹੜਾ ਅਸਲ ਜੀਵਨ ਹੈ’ ਯਾਨੀ ਸਦਾ ਦਾ ਜੀਵਨ। (1 ਤਿਮੋਥਿਉਸ 6:12, 17-19) ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਅਸੀਂ ਯਹੋਵਾਹ ਨਾਲ ਇਕ ਮਜ਼ਬੂਤ ਰਿਸ਼ਤੇ ਦਾ ਆਨੰਦ ਮਾਣਾਂਗੇ ਤੇ ਨਾਲ ਹੀ ਅਸੀਂ ਹਰ ਪੱਖੋਂ ਮੁਕੰਮਲ ਹੋ ਕੇ ਅਸਲੀ ਜ਼ਿੰਦਗੀ ਦਾ ਵੀ ਮਜ਼ਾ ਲਵਾਂਗੇ। “ਪਰਮੇਸ਼ੁਰ ਦੀ ਅਵਾਜ਼” ਸੁਣਨ ਵਾਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ। (ਬਿਵਸਥਾ ਸਾਰ 28:2) ਤਾਂ ਫਿਰ, ਆਓ ਆਪਾਂ ਪੂਰੀ ਵਾਹ ਲਾ ਕੇ ਯਹੋਵਾਹ ਦੀ ਭਗਤੀ ਖ਼ੁਸ਼ੀ-ਖ਼ੁਸ਼ੀ ਕਰਦੇ ਰਹਿਣ ਦੇ ਆਪਣੇ ਇਰਾਦੇ ਨੂੰ ਹੋਰ ਵੀ ਪੱਕਾ ਕਰੀਏ।

ਤੁਸੀਂ ਕੀ ਸਿੱਖਿਆ?

• ਸਾਨੂੰ ਭਵਿੱਖ ਬਾਰੇ ਹੀ ਸੋਚਦੇ ਕਿਉਂ ਨਹੀਂ ਰਹਿਣਾ ਚਾਹੀਦਾ?

• ਸਾਨੂੰ ਹੁਣ ਕਿਹੜੀਆਂ ਬਰਕਤਾਂ ਮਿਲੀਆਂ ਹਨ?

• ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਨੂੰ ਦੁੱਖ ਕਿਉਂ ਝੱਲਣੇ ਪੈਂਦੇ ਹਨ?

[ਸਵਾਲ]