Skip to content

Skip to table of contents

ਜ਼ਬੂਰਾਂ ਦੀ ਪੋਥੀ ਦੇ ਦੂਜੇ ਭਾਗ ਦੇ ਕੁਝ ਖ਼ਾਸ ਨੁਕਤੇ

ਜ਼ਬੂਰਾਂ ਦੀ ਪੋਥੀ ਦੇ ਦੂਜੇ ਭਾਗ ਦੇ ਕੁਝ ਖ਼ਾਸ ਨੁਕਤੇ

ਯਹੋਵਾਹ ਦਾ ਬਚਨ ਜੀਉਂਦਾ ਹੈ

ਜ਼ਬੂਰਾਂ ਦੀ ਪੋਥੀ ਦੇ ਦੂਜੇ ਭਾਗ ਦੇ ਕੁਝ ਖ਼ਾਸ ਨੁਕਤੇ

ਸਾਨੂੰ ਪਤਾ ਹੈ ਕਿ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਸਾਡੇ ਤੇ ਅਜ਼ਮਾਇਸ਼ਾਂ ਤਾਂ ਆਉਣੀਆਂ ਹੀ ਹਨ। ਪੌਲੁਸ ਰਸੂਲ ਨੇ ਲਿਖਿਆ ਸੀ ਕਿ “ਸੱਭੇ ਜਿੰਨੇ ਮਸੀਹ ਯਿਸੂ ਵਿੱਚ ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ ਸੋ ਸਤਾਏ ਜਾਣਗੇ।” (2 ਤਿਮੋਥਿਉਸ 3:12) ਅਜ਼ਮਾਇਸ਼ਾਂ ਦੌਰਾਨ ਯਹੋਵਾਹ ਦੇ ਵਫ਼ਾਦਾਰ ਰਹਿਣ ਲਈ ਸਾਨੂੰ ਮਦਦ ਕਿੱਥੋਂ ਮਿਲ ਸਕਦੀ ਹੈ?

ਪੰਜ ਭਾਗਾਂ ਵਿਚ ਵੰਡੀ ਜ਼ਬੂਰਾਂ ਦੀ ਪੋਥੀ ਦਾ ਦੂਜਾ ਭਾਗ (ਜ਼ਬੂਰ 42-72) ਵਫ਼ਾਦਾਰ ਰਹਿਣ ਵਿਚ ਸਾਡੀ ਮਦਦ ਕਰੇਗਾ। ਇਸ ਭਾਗ ਵਿਚ ਦੱਸਿਆ ਹੈ ਕਿ ਜੇ ਅਸੀਂ ਯਹੋਵਾਹ ਤੇ ਆਪਣਾ ਪੂਰਾ ਭਰੋਸਾ ਰੱਖਾਂਗੇ ਅਤੇ ਉਡੀਕ ਕਰਾਂਗੇ ਕਿ ਉਹੀ ਸਾਨੂੰ ਛੁਟਕਾਰਾ ਦੇਵੇਗਾ, ਤਾਂ ਹੀ ਅਸੀਂ ਕਾਮਯਾਬੀ ਨਾਲ ਆਪਣੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਸਕਾਂਗੇ। ਸਾਡੇ ਲਈ ਇਹ ਕਿੰਨਾ ਵਧੀਆ ਸਬਕ ਹੈ! ਪਰਮੇਸ਼ੁਰ ਦੇ ਬਚਨ ਦਾ ਹਿੱਸਾ ਹੋਣ ਕਰਕੇ ਜ਼ਬੂਰਾਂ ਦੀ ਪੋਥੀ ਦੇ ਦੂਜੇ ਭਾਗ ਦਾ ਸੰਦੇਸ਼ ਅੱਜ ਵੀ “ਜੀਉਂਦਾ ਅਤੇ ਗੁਣਕਾਰ” ਹੈ।—ਇਬਰਾਨੀਆਂ 4:12.

ਯਹੋਵਾਹ “ਸਾਡੀ ਪਨਾਹ ਅਤੇ ਸਾਡਾ ਬਲ” ਹੈ

(ਜ਼ਬੂਰਾਂ ਦੀ ਪੋਥੀ 42:1–50:23)

ਇਕ ਜਲਾਵਤਨ ਲੇਵੀ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਹ ਭਗਤੀ ਕਰਨ ਲਈ ਯਹੋਵਾਹ ਦੇ ਭਵਨ ਨੂੰ ਨਹੀਂ ਜਾ ਸਕਦਾ ਸੀ। ਆਪਣੇ ਆਪ ਨੂੰ ਦਿਲਾਸਾ ਦਿੰਦੇ ਹੋਏ ਉਸ ਨੇ ਕਿਹਾ: “ਹੇ ਮੇਰੇ ਜੀ, ਤੂੰ ਕਿਉਂ ਝੁਕਿਆ ਹੋਇਆ ਹੈਂ? ਅਤੇ ਮੇਰੇ ਵਿੱਚ ਕਿਉਂ ਵਿਆਕੁਲ ਹੈਂ? ਪਰਮੇਸ਼ੁਰ ਉੱਤੇ ਆਸ਼ਾ ਰੱਖ!” (ਜ਼ਬੂਰਾਂ ਦੀ ਪੋਥੀ 42:5, 11; 43:5) ਇਹੋ ਗੱਲ 42ਵੇਂ ਤੇ 43ਵੇਂ ਜ਼ਬੂਰ ਵਿਚ ਤਿੰਨ ਵਾਰ ਦੁਹਰਾਈ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੋਹਾਂ ਜ਼ਬੂਰਾਂ ਦੀਆਂ ਤਿੰਨ ਪਉੜੀਆਂ ਅਸਲ ਵਿਚ ਇੱਕੋ ਕਵਿਤਾ ਹਨ। ਜ਼ਬੂਰ 44 ਵਿਚ ਯਹੂਦਾਹ ਲਈ ਬੇਨਤੀ ਕੀਤੀ ਗਈ ਹੈ। ਇਹ ਸ਼ਾਇਦ ਉਦੋਂ ਦੀ ਗੱਲ ਹੈ ਜਦੋਂ ਹਿਜ਼ਕੀਯਾਹ ਬਾਦਸ਼ਾਹ ਦੇ ਜ਼ਮਾਨੇ ਵਿਚ ਯਹੂਦਾਹ ਨੂੰ ਅੱਸ਼ੂਰ ਦੀਆਂ ਫ਼ੌਜਾਂ ਤੋਂ ਖ਼ਤਰਾ ਸੀ।

ਜ਼ਬੂਰ 45 ਵਿਚ ਪਾਤਸ਼ਾਹ ਦੇ ਵਿਆਹ ਬਾਰੇ ਗੱਲ ਕੀਤੀ ਗਈ ਹੈ ਜੋ ਕਿ ਰਾਜਾ ਯਿਸੂ ਮਸੀਹ ਬਾਰੇ ਭਵਿੱਖਬਾਣੀ ਹੈ। ਅਗਲੇ ਤਿੰਨ ਜ਼ਬੂਰਾਂ ਵਿਚ ਯਹੋਵਾਹ ਨੂੰ “ਸਾਡੀ ਪਨਾਹ ਅਤੇ ਸਾਡਾ ਬਲ,” “ਸਾਰੇ ਜਗਤ ਦਾ ਮਹਾਰਾਜਾ” ਅਤੇ “ਉੱਚਾ ਗੜ੍ਹ” ਕਿਹਾ ਗਿਆ ਹੈ। (ਜ਼ਬੂਰਾਂ ਦੀ ਪੋਥੀ 46:1; 47:2; 48:3) ਜ਼ਬੂਰ 49 ਵਿਚ ਕਿੰਨੀ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ ਕਿ ਕੋਈ ਵੀ ਇਨਸਾਨ “ਆਪਣੇ ਭਰਾ ਦਾ ਨਿਸਤਾਰਾ ਕਰ ਨਹੀਂ ਸੱਕਦਾ।” (ਜ਼ਬੂਰਾਂ ਦੀ ਪੋਥੀ 49:7) ਦੂਜੇ ਭਾਗ ਦੇ ਪਹਿਲੇ ਅੱਠ ਜ਼ਬੂਰ ਕੋਰਹ ਦੇ ਪੁੱਤਰਾਂ ਨੇ ਲਿਖੇ ਸਨ ਤੇ 50ਵਾਂ ਜ਼ਬੂਰ ਆਸਾਫ਼ ਨੇ ਲਿਖਿਆ ਸੀ।

ਕੁਝ ਸਵਾਲਾਂ ਦੇ ਜਵਾਬ:

44:19—‘ਗਿੱਦੜਾਂ ਦੀ ਥਾਂ’ ਕੀ ਸੀ? ਇਸ ਜ਼ਬੂਰ ਦਾ ਲਿਖਾਰੀ ਸ਼ਾਇਦ ਮੈਦਾਨੇ-ਜੰਗ ਦੀ ਗੱਲ ਕਰ ਰਿਹਾ ਸੀ ਜਿੱਥੇ ਮਾਰੇ ਗਏ ਫ਼ੌਜੀਆਂ ਦੀਆਂ ਲੋਥਾਂ ਗਿੱਦੜਾਂ ਦਾ ਖਾਜਾ ਬਣਦੀਆਂ ਸਨ।

45:13, 14ੳ—“ਰਾਜਕੁਮਾਰੀ” ਕੌਣ ਹੈ ਜੋ “ਪਾਤਸ਼ਾਹ ਕੋਲ ਪੁਚਾਈ ਜਾਵੇਗੀ”? ਉਹ “ਜੁੱਗਾਂ ਦੇ ਮਹਾਰਾਜ” ਯਹੋਵਾਹ ਪਰਮੇਸ਼ੁਰ ਦੀ ਬੇਟੀ ਹੈ। (1 ਤਿਮੋਥਿਉਸ 1:17) ਉਹ 1,44,000 ਮਸੀਹੀਆਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੀ ਪਵਿੱਤਰ ਆਤਮਾ ਨਾਲ ਮਸਹ ਕਰ ਕੇ ਆਪਣੇ ਬਾਲਕਾਂ ਵਜੋਂ ਗੋਦ ਲਿਆ ਹੈ। (ਰੋਮੀਆਂ 8:16) ਯਹੋਵਾਹ ਦੀ ਇਹ “ਰਾਜਕੁਮਾਰੀ” “ਆਪਣੇ ਲਾੜੇ” ਯਾਨੀ ਮਸੀਹ ਲਈ “ਤਿਆਰ ਕੀਤੀ ਹੋਈ ਤੇ ਸਿੰਗਾਰੀ ਹੋਈ ਹੈ।”—ਪਰਕਾਸ਼ ਦੀ ਪੋਥੀ 21:2.

45:14ਅ, 15—“ਕੁਆਰੀਆਂ ਸਹੇਲੀਆਂ” ਕੌਣ ਹਨ? ਇਹ ਸੱਚੇ ਉਪਾਸਕਾਂ ਦੀ “ਵੱਡੀ ਭੀੜ” ਹੈ ਜੋ ਮਸਹ ਕੀਤੇ ਹੋਏ ਬਕੀਏ ਦਾ ਸਾਥ ਦੇ ਰਹੀ ਹੈ। ਇਹ ਲੋਕ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣਗੇ, ਇਸ ਲਈ ਇਹ ਉਸ ਸਮੇਂ ਧਰਤੀ ਤੇ ਮੌਜੂਦ ਹੋਣਗੇ ਜਦ ਸਵਰਗ ਵਿਚ ਰਾਜਾ ਯਿਸੂ ਮਸੀਹ ਦੀ ਸ਼ਾਦੀ ਹੋਵੇਗੀ। (ਪਰਕਾਸ਼ ਦੀ ਪੋਥੀ 7:9, 13, 14) ਉਸ ਸਮੇਂ ਲਾੜੀ ਦੀਆਂ ਇਹ ਸਹੇਲੀਆਂ “ਅਨੰਦ ਅਤੇ ਖੁਸ਼ੀ” ਮਨਾਉਣਗੀਆਂ।

45:16—ਇਸ ਦਾ ਕੀ ਮਤਲਬ ਹੈ ਕਿ ਬਾਦਸ਼ਾਹ ਦੇ ਪਿਤਰਾਂ ਦੀ ਥਾਂ ਪੁੱਤਰ ਹੋਣਗੇ? ਧਰਤੀ ਉੱਤੇ ਇਨਸਾਨ ਦੇ ਤੌਰ ਤੇ ਪੈਦਾ ਹੋਣ ਕਰਕੇ ਯਿਸੂ ਦੇ ਪੈਦਾਇਸ਼ੀ ਪਿਤਰ ਸਨ। ਆਪਣੇ ਇਕ ਹਜ਼ਾਰ ਸਾਲ ਦੇ ਰਾਜ ਦੌਰਾਨ ਜਦ ਉਹ ਉਨ੍ਹਾਂ ਨੂੰ ਫਿਰ ਜ਼ਿੰਦਾ ਕਰੇਗਾ, ਤਾਂ ਉਹ ਉਸ ਦੇ ਪੁੱਤਰ ਬਣ ਜਾਣਗੇ। ਉਨ੍ਹਾਂ ਵਿੱਚੋਂ ਕੁਝ “ਸਾਰੀ ਧਰਤੀ ਉੱਤੇ ਸਰਦਾਰ” ਬਣਨਗੇ।

50:2—ਯਰੂਸ਼ਲਮ ਨੂੰ “ਸੁਹੱਪਣ ਦਾ ਪੂਰਾ” ਕਿਉਂ ਕਿਹਾ ਗਿਆ ਹੈ? ਇੱਥੇ ਸ਼ਹਿਰ ਦੀ ਬਣਾਵਟ ਦੀ ਗੱਲ ਨਹੀਂ ਕੀਤੀ ਗਈ। ਯਰੂਸ਼ਲਮ ਦੀ ਸੁੰਦਰਤਾ ਯਹੋਵਾਹ ਦੇ ਕਾਰਨ ਸੀ ਕਿਉਂਕਿ ਉੱਥੇ ਯਹੋਵਾਹ ਦਾ ਮੰਦਰ ਸੀ ਅਤੇ ਉਸ ਨੇ ਯਰੂਸ਼ਲਮ ਨੂੰ ਆਪਣੇ ਚੁਣੇ ਹੋਏ ਬਾਦਸ਼ਾਹਾਂ ਦੀ ਰਾਜਧਾਨੀ ਬਣਾਇਆ ਸੀ।

ਸਾਡੇ ਲਈ ਸਬਕ:

42:1-3. ਜਿਵੇਂ ਖ਼ੁਸ਼ਕ ਇਲਾਕਿਆਂ ਵਿਚ ਹਿਰਨੀ ਪਾਣੀ ਲਈ ਤਰਸਦੀ ਹੈ, ਉਸੇ ਤਰ੍ਹਾਂ ਇਹ ਲੇਵੀ ਯਹੋਵਾਹ ਲਈ ਤਰਸਦਾ ਸੀ। ਉਹ ਬਹੁਤ ਨਿਰਾਸ਼ ਸੀ ਕਿ ਉਹ ਪਰਮੇਸ਼ੁਰ ਦੇ ਭਵਨ ਜਾ ਕੇ ਭਗਤੀ ਨਹੀਂ ਕਰ ਸਕਦਾ ਸੀ। ਉਹ ਇੰਨਾ ਦੁਖੀ ਸੀ ਕਿ ਉਸ ਦੀ ਭੁੱਖ ਮਿੱਟ ਚੁੱਕੀ ਸੀ। ਉਸ ਨੇ ਕਿਹਾ: “ਮੇਰਾ ਭੋਜਨ ਦਿਨੇ ਰਾਤ ਮੇਰੇ ਅੰਝੂ ਹਨ।” ਇਸੇ ਤਰ੍ਹਾਂ ਸਾਨੂੰ ਵੀ ਸਭਾਵਾਂ ਵਿਚ ਜਾਣ ਅਤੇ ਮਸੀਹੀ ਭੈਣਾਂ-ਭਰਾਵਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨ ਦੀ ਗਹਿਰੀ ਇੱਛਾ ਪੈਦਾ ਕਰਨੀ ਚਾਹੀਦੀ ਹੈ।

42:4, 5, 11; 43:3-5. ਜੇਕਰ ਕਿਸੇ ਜਾਇਜ਼ ਕਾਰਨ ਕਰਕੇ ਅਸੀਂ ਮਸੀਹੀ ਮੀਟਿੰਗਾਂ ਵਿਚ ਨਹੀਂ ਜਾ ਪਾ ਰਹੇ ਹਾਂ, ਤਾਂ ਅਸੀਂ ਉਨ੍ਹਾਂ ਸਮਿਆਂ ਨੂੰ ਯਾਦ ਕਰ ਕੇ ਹੌਸਲਾ ਪਾ ਸਕਦੇ ਹਾਂ ਜਦੋਂ ਅਸੀਂ ਸਭਾਵਾਂ ਵਿਚ ਜਾ ਕੇ ਭੈਣਾਂ-ਭਰਾਵਾਂ ਦੀ ਸੰਗਤ ਦਾ ਆਨੰਦ ਮਾਣਦੇ ਸੀ। ਭਾਵੇਂ ਪਹਿਲਾਂ-ਪਹਿਲ ਇਹ ਯਾਦਾਂ ਸਾਡੇ ਦਿਲ ਨੂੰ ਦੁਖਾਉਣ, ਪਰ ਫਿਰ ਸਾਨੂੰ ਚੇਤੇ ਰਹੇਗਾ ਕਿ ਯਹੋਵਾਹ ਸਾਡੀ ਪਨਾਹ ਹੈ ਤੇ ਸਾਨੂੰ ਉਸ ਤੇ ਆਸ ਰੱਖਣ ਦੀ ਲੋੜ ਹੈ।

46:1-3. ਸਾਨੂੰ ਆਪਣੇ ਹਰ ਦੁੱਖ ਵਿਚ ਪੂਰੇ ਭਰੋਸੇ ਨਾਲ ਯਾਦ ਰੱਖਣ ਦੀ ਲੋੜ ਹੈ ਕਿ “ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ।”

50:16-19. ਝੂਠ ਬੋਲਣ ਅਤੇ ਪੁੱਠੇ ਰਾਹ ਤੁਰਨ ਵਾਲੇ ਨੂੰ ਯਹੋਵਾਹ ਦਾ ਪ੍ਰਚਾਰ ਕਰਨ ਦਾ ਕੋਈ ਹੱਕ ਨਹੀਂ ਹੈ।

50:20. ਦੂਜਿਆਂ ਦੀਆਂ ਗ਼ਲਤੀਆਂ ਨੂੰ ਸਾਰਿਆਂ ਨੂੰ ਦੱਸਣ ਦੀ ਬਜਾਇ ਸਾਨੂੰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ।—ਕੁਲੁੱਸੀਆਂ 3:13.

“ਮੇਰੀ ਜਾਨ ਦਾ ਆਸਰਾ ਕੇਵਲ ਪਰਮੇਸ਼ਰ ਹੀ ਹੈ”

(ਜ਼ਬੂਰਾਂ ਦੀ ਪੋਥੀ 51:1–71:24)

ਜ਼ਬੂਰ 51 ਵਿਚ ਬਥ-ਸ਼ਬਾ ਨਾਲ ਵਿਭਚਾਰ ਕਰਨ ਤੋਂ ਬਾਅਦ ਦਾਊਦ ਦੀ ਤੋਬਾ ਦੀ ਪ੍ਰਾਰਥਨਾ ਹੈ। ਅਗਲੇ 6 ਜ਼ਬੂਰਾਂ (52-57) ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਨੂੰ ਬਚਾਉਂਦਾ ਹੈ ਜੋ ਉਸ ਤੇ ਆਪਣੇ ਦੁੱਖਾਂ ਤੇ ਚਿੰਤਾਵਾਂ ਦਾ ਭਾਰ ਸੁੱਟਦੇ ਹਨ। ਆਪਣੇ ਸਾਰੇ ਦੁੱਖਾਂ ਦੌਰਾਨ ਦਾਊਦ ਨੇ ਯਹੋਵਾਹ ਦੀ ਪਨਾਹ ਲਈ। (ਜ਼ਬੂਰ 58-64 ਦੇਖੋ।) ਉਸ ਨੇ ਭਜਨ ਵਿਚ ਕਿਹਾ: “ਮੇਰੀ ਜਾਨ ਦਾ ਆਸਰਾ ਕੇਵਲ ਪਰਮੇਸ਼ਰ ਹੀ ਹੈ, ਉਹ ਹੀ ਮੇਰੀ ਉਮੀਦ ਦਾ ਸੋਮਾ ਹੈ।”—ਭਜਨ 62:5, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਯਹੋਵਾਹ ਨਾਲ ਦੋਸਤੀ ਕਰ ਕੇ ਅਸੀਂ “ਉਹ ਦੇ ਨਾਮ ਦੀ ਮਹਿਮਾ ਦੇ ਭਜਨ ਕੀਰਤਨ” ਕਰਨਾ ਚਾਹਾਂਗੇ। (ਜ਼ਬੂਰਾਂ ਦੀ ਪੋਥੀ 66:2) ਜ਼ਬੂਰ 65 ਵਿਚ ਯਹੋਵਾਹ ਦੀ ਦਰਿਆ-ਦਿਲੀ ਦੀ ਪ੍ਰਸ਼ੰਸਾ ਕੀਤੀ ਗਈ ਹੈ। ਜ਼ਬੂਰ 67 ਤੇ 68 ਵਿਚ ਉਸ ਦੀ ਬਚਾਵਾਂ ਦੇ ਪਰਮੇਸ਼ੁਰ ਵਜੋਂ ਅਤੇ ਜ਼ਬੂਰ 70 ਤੇ 71 ਵਿਚ ਮੁਕਤੀਦਾਤੇ ਵਜੋਂ ਪ੍ਰਸ਼ੰਸਾ ਕੀਤੀ ਗਈ ਹੈ।

ਕੁਝ ਸਵਾਲਾਂ ਦੇ ਜਵਾਬ:

53:1—ਪਰਮੇਸ਼ੁਰ ਨੂੰ ਨਾ ਮੰਨਣ ਵਾਲਾ ਵਿਅਕਤੀ “ਮੂਰਖ” ਕਿਉਂ ਹੈ? ਇੱਥੇ ਮੂਰਖ ਕਹਿਣ ਦਾ ਮਤਲਬ ਇਹ ਨਹੀਂ ਕਿ ਉਹ ਬੁੱਧੂ ਹੈ। ਉਸ ਵਿਚ ਅਕਲ ਦੀ ਘਾਟ ਨਹੀਂ, ਸਗੋਂ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਹੈ। ਇਹ ਗੱਲ ਅਸੀਂ ਜ਼ਬੂਰ 53:1-4 ਤੋਂ ਦੇਖ ਸਕਦੇ ਹਾਂ।

58:3-5—ਦੁਸ਼ਟ ਲੋਕ ਸੱਪ ਵਰਗੇ ਕਿਵੇਂ ਹਨ? ਉਨ੍ਹਾਂ ਦੀਆਂ ਗੱਲਾਂ ਸੱਪ ਦੇ ਜ਼ਹਿਰ ਵਾਂਗ ਜ਼ਹਿਰੀਲੀਆਂ ਹੁੰਦੀਆਂ ਹਨ। ਉਹ ਦੂਜਿਆਂ ਬਾਰੇ ਝੂਠੀਆਂ ਅਫ਼ਵਾਹਾਂ ਫੈਲਾ ਕੇ ਉਨ੍ਹਾਂ ਨੂੰ ਬਦਨਾਮ ਕਰਦੇ ਹਨ। ਜਦੋਂ ਕੋਈ ਉਨ੍ਹਾਂ ਨੂੰ ਸਲਾਹ ਜਾਂ ਤਾੜਨਾ ਦਿੰਦਾ ਹੈ, ਤਾਂ ‘ਓਹ ਆਪਣੇ ਕੰਨ ਮੁੰਦ ਲੈਣ ਵਾਲੇ ਬੋਲੇ ਨਾਗ ਦੀ ਨਿਆਈਂ’ ਕਿਸੇ ਦੀ ਗੱਲ ਨਹੀਂ ਸੁਣਦੇ।

58:7—ਦੁਸ਼ਟ ਲੋਕ “ਵਗਦੇ ਪਾਣੀ ਵਾਂਙੁ ਵਹਿ” ਕਿਵੇਂ ਜਾਂਦੇ ਹਨ? ਇਹ ਗੱਲ ਕਹਿੰਦੇ ਸਮੇਂ ਦਾਊਦ ਸ਼ਾਇਦ ਫਲਸਤੀਨ ਦੀਆਂ ਉਨ੍ਹਾਂ ਘਾਟੀਆਂ ਬਾਰੇ ਸੋਚ ਰਿਹਾ ਸੀ ਜਿਨ੍ਹਾਂ ਵਿਚ ਮੋਹਲੇਧਾਰ ਮੀਂਹ ਪੈਣ ਕਾਰਨ ਜਿੰਨੀ ਛੇਤੀ ਹੜ੍ਹ ਆ ਜਾਂਦਾ ਸੀ, ਉੱਨੀ ਹੀ ਜਲਦੀ ਹੜ੍ਹ ਦਾ ਪਾਣੀ ਵਹਿ ਵੀ ਜਾਂਦਾ ਸੀ। ਦਾਊਦ ਦੁਆ ਕਰ ਰਿਹਾ ਸੀ ਕਿ ਦੁਸ਼ਟ ਲੋਕਾਂ ਦਾ ਖ਼ਾਤਮਾ ਵੀ ਉੱਨੀ ਜਲਦੀ ਹੋ ਜਾਵੇ।

68:13—“ਖੁਮਰੀ ਦੇ ਕੁੰਦੇ ਚਾਂਦੀ ਨਾਲ ਅਤੇ ਉਹ ਦੇ ਪਰ ਪੀਲੇ ਸੋਨੇ” ਨਾਲ ਕਿਵੇਂ ਮੜ੍ਹੇ ਹੋਏ ਸਨ? ਕੁਝ ਖੁਮਰੀਆਂ (ਘੁੱਗੀਆਂ) ਦੇ ਕੁੰਦੇ (ਖੰਭ) ਸੂਰਜ ਦੀਆਂ ਕਿਰਨਾਂ ਵਿਚ ਝਿਲਮਿਲਾ ਕੇ ਸੋਨੇ ਵਾਂਗ ਚਮਕਦੇ ਹਨ। ਦਾਊਦ ਸ਼ਾਇਦ ਜੰਗ ਜਿੱਤ ਕੇ ਵਾਪਸ ਆ ਰਹੇ ਇਸਰਾਏਲੀ ਸੂਰਮਿਆਂ ਦੀ ਤੁਲਨਾ ਅਜਿਹੀਆਂ ਸੋਹਣੀਆਂ ਘੁੱਗੀਆਂ ਨਾਲ ਕਰ ਰਿਹਾ ਸੀ। ਬਾਈਬਲ ਦੇ ਕਈ ਵਿਦਵਾਨ ਇਹ ਵੀ ਮੰਨਦੇ ਹਨ ਕਿ ਦਾਊਦ ਸ਼ਾਇਦ ਲੜਾਈ ਵਿਚ ਲੁੱਟੇ ਮਾਲ ਵਿੱਚੋਂ ਮਿਲੀ ਕਿਸੇ ਅਸਲੀ ਮੂਰਤੀ ਦੀ ਗੱਲ ਕਰ ਰਿਹਾ ਸੀ। ਜੋ ਵੀ ਸੀ, ਇੱਥੇ ਦਾਊਦ ਯਹੋਵਾਹ ਦੁਆਰਾ ਆਪਣੇ ਲੋਕਾਂ ਨੂੰ ਵਿਜੇ ਦੇਣ ਬਾਰੇ ਗੱਲ ਕਰ ਰਿਹਾ ਸੀ।

68:18—ਇਹ ਲੋਕ ਕੌਣ ਸਨ ਜਿਨ੍ਹਾਂ ਨੂੰ ‘ਆਦਮੀਆਂ ਵਿੱਚ ਦਾਨ’ ਕਿਹਾ ਗਿਆ ਹੈ? ਇਹ ਉਹ ਆਦਮੀ ਸਨ ਜਿਨ੍ਹਾਂ ਨੂੰ ਕਨਾਨ ਦੇਸ਼ ਉੱਤੇ ਜਿੱਤ ਪ੍ਰਾਪਤ ਕਰਦੇ ਸਮੇਂ ਬੰਦੀ ਬਣਾਇਆ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਡੇਹਰੇ ਦੇ ਕੰਮਾਂ ਵਿਚ ਲੇਵੀਆਂ ਦੀ ਮਦਦ ਕਰਨ ਲਈ ਲਾਇਆ ਗਿਆ ਸੀ।—ਅਜ਼ਰਾ 8:20.

68:30—ਦਾਊਦ ਨੇ ਇਹ ਬੇਨਤੀ ਕਿਉਂ ਕੀਤੀ ਸੀ ਕਿ “ਕਾਨਿਆਂ ਦੇ ਦਰਿੰਦੇ ਨੂੰ ਝਿੜਕ ਦੇਹ”? ਇੱਥੇ ਦਾਊਦ ਨੇ ਯਹੋਵਾਹ ਦੇ ਲੋਕਾਂ ਦੇ ਵੈਰੀਆਂ ਦੀ ਤੁਲਨਾ ਦਰਿੰਦਿਆਂ ਨਾਲ ਕੀਤੀ ਸੀ। ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਇਨ੍ਹਾਂ ਨੂੰ ਝਿੜਕੇ ਯਾਨੀ ਰੋਕ ਰੱਖੇ।

69:23—ਇਸ ਦਾ ਕੀ ਮਤਲਬ ਹੈ ਕਿ ‘ਦੁਸ਼ਮਣਾਂ ਦੇ ਲੱਕ ਸਦਾ ਕੰਬਦੇ ਰਹਿਣ’? ਲੱਕ ਦੇ ਪੱਠੇ ਜ਼ੋਰ ਦਾ ਕੰਮ ਕਰਨ ਵਿਚ ਬਹੁਤ ਸਹਾਇਤਾ ਕਰਦੇ ਹਨ ਜਿਵੇਂ ਭਾਰ ਚੁੱਕਣ ਵੇਲੇ। ਕਮਜ਼ੋਰ ਲੱਕ ਵਾਲੇ ਇਨਸਾਨ ਵਿਚ ਤਾਕਤ ਨਹੀਂ ਹੁੰਦੀ। ਇਸ ਲਈ ਦਾਊਦ ਦੀ ਦੁਆ ਦਾ ਮਤਲਬ ਸੀ ਕਿ ਯਹੋਵਾਹ ਉਸ ਦੇ ਵੈਰੀਆਂ ਨੂੰ ਕਮਜ਼ੋਰ ਕਰ ਦੇਵੇ।

ਸਾਡੇ ਲਈ ਸਬਕ:

51:1-4, 17. ਪਾਪ ਕਰਨ ਦਾ ਇਹ ਮਤਲਬ ਨਹੀਂ ਕਿ ਯਹੋਵਾਹ ਨਾਲ ਸਾਡੀ ਦੋਸਤੀ ਹਮੇਸ਼ਾ ਲਈ ਟੁੱਟ ਗਈ ਹੈ। ਜੇ ਅਸੀਂ ਤੋਬਾ ਕਰਾਂਗੇ, ਤਾਂ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਨੂੰ ਮਾਫ਼ ਕਰ ਦੇਵੇਗਾ।

51:5, 7-10. ਜੇ ਅਸੀਂ ਕੋਈ ਪਾਪ ਕੀਤਾ ਹੈ, ਤਾਂ ਅਸੀਂ ਯਹੋਵਾਹ ਤੋਂ ਮਾਫ਼ੀ ਮੰਗ ਸਕਦੇ ਹਾਂ ਕਿਉਂਕਿ ਉਹ ਜਾਣਦਾ ਹੈ ਕਿ ਅਸੀਂ ਜਨਮ ਤੋਂ ਹੀ ਪਾਪੀ ਹਾਂ। ਸਾਨੂੰ ਇਹ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਪਾਕ ਕਰੇ, ਸ਼ੁੱਧ ਕਰੇ, ਸਾਡੇ ਪਾਪ ਧੋ ਦੇਵੇ ਅਤੇ ਸਾਨੂੰ ਸ਼ਕਤੀ ਦੇਵੇ ਕਿ ਅਸੀਂ ਦੁਬਾਰਾ ਪਾਪ ਨਾ ਕਰੀਏ।

51:18. ਦਾਊਦ ਦੇ ਪਾਪਾਂ ਕਾਰਨ ਸਾਰੇ ਦੇਸ਼ ਦੀ ਖ਼ੁਸ਼ਹਾਲੀ ਖ਼ਤਰੇ ਵਿਚ ਸੀ। ਇਸ ਲਈ ਉਸ ਨੇ ਦੁਆ ਕੀਤੀ ਕਿ ਯਹੋਵਾਹ ਸੀਯੋਨ ਦਾ ਭਲਾ ਕਰੇ। ਜਦ ਅਸੀਂ ਕੋਈ ਪਾਪ ਕਰਦੇ ਹਾਂ, ਤਾਂ ਯਹੋਵਾਹ ਤੇ ਉਸ ਦੇ ਲੋਕ ਬਦਨਾਮ ਹੁੰਦੇ ਹਨ। ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਸਾਡੀ ਗ਼ਲਤੀ ਕਾਰਨ ਹੋਈ ਬਦਨਾਮੀ ਨੂੰ ਪਰਮੇਸ਼ੁਰ ਦੂਰ ਕਰੇ।

52:8. ‘ਪਰਮੇਸ਼ੁਰ ਦੇ ਘਰ ਵਿੱਚ ਜ਼ੈਤੂਨ ਦੇ ਹਰੇ ਭਰੇ ਬਿਰਛ ਵਰਗੇ’ ਬਣਨ ਵਾਸਤੇ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਨੇੜੇ ਰਹੀਏ ਤੇ ਲਗਨ ਨਾਲ ਉਸ ਦੀ ਸੇਵਾ ਕਰੀਏ। ਇਸ ਤਰ੍ਹਾਂ ਕਰਨ ਲਈ ਸਾਨੂੰ ਉਸ ਦੀ ਗੱਲ ਸੁਣਨ ਤੇ ਉਸ ਦੀ ਤਾੜਨਾ ਨੂੰ ਖ਼ੁਸ਼ੀ ਨਾਲ ਕਬੂਲ ਕਰਨ ਦੀ ਲੋੜ ਹੈ।—ਇਬਰਾਨੀਆਂ 12:5, 6.

55:4, 5, 12-14, 16-18. ਦਾਊਦ ਦੇ ਦਿਲ ਨੂੰ ਗਹਿਰੀ ਸੱਟ ਲੱਗੀ ਜਦੋਂ ਉਸ ਦੇ ਆਪਣੇ ਬੇਟੇ ਅਬਸ਼ਾਲੋਮ ਅਤੇ ਭਰੋਸੇਮੰਦ ਸਲਾਹਕਾਰ ਅਹੀਥੋਫ਼ਲ ਨੇ ਉਸ ਨਾਲ ਧੋਖਾ ਕੀਤਾ। ਪਰ ਇਸ ਦੇ ਬਾਵਜੂਦ ਦਾਊਦ ਨੇ ਯਹੋਵਾਹ ਤੇ ਭਰੋਸਾ ਕਰਨਾ ਨਹੀਂ ਛੱਡਿਆ। ਇਸੇ ਤਰ੍ਹਾਂ ਜਦੋਂ ਕੋਈ ਸਾਡੇ ਦਿਲ ਨੂੰ ਦੁਖਾਉਂਦਾ ਹੈ, ਤਾਂ ਸਾਨੂੰ ਵੀ ਯਹੋਵਾਹ ਤੇ ਨਿਹਚਾ ਕਰਦੇ ਰਹਿਣਾ ਚਾਹੀਦਾ ਹੈ।

55:22. ਅਸੀਂ ਆਪਣਾ ਭਾਰ ਯਹੋਵਾਹ ਤੇ ਕਿਵੇਂ ਸੁੱਟ ਸਕਦੇ ਹਾਂ? (1) ਆਪਣੀ ਚਿੰਤਾ ਬਾਰੇ ਪ੍ਰਾਰਥਨਾ ਕਰ ਕੇ; (2) ਯਹੋਵਾਹ ਦੇ ਬਚਨ ਤੇ ਉਸ ਦੇ ਸੰਗਠਨ ਦੀ ਅਗਵਾਈ ਵਿਚ ਚੱਲ ਕੇ; ਅਤੇ (3) ਆਪਣੀ ਚਿੰਤਾ ਦੂਰ ਕਰਨ ਦੀ ਆਪਣੇ ਵੱਲੋਂ ਪੂਰੀ-ਪੂਰੀ ਕੋਸ਼ਿਸ਼ ਕਰ ਕੇ।—ਕਹਾਉਤਾਂ 3:5, 6; 11:14; 15:22; ਫ਼ਿਲਿੱਪੀਆਂ 4:6, 7.

56:8. ਯਹੋਵਾਹ ਨੂੰ ਸਾਡੀ ਹਾਲਤ ਬਾਰੇ ਪਤਾ ਹੋਣ ਦੇ ਨਾਲ-ਨਾਲ ਇਹ ਵੀ ਪਤਾ ਹੈ ਕਿ ਦੁਖਦਾਈ ਹਾਲਾਤਾਂ ਦਾ ਸਾਡੇ ਦਿਲ ਤੇ ਕੀ ਅਸਰ ਹੁੰਦਾ ਹੈ।

62:11. ਪਰਮੇਸ਼ੁਰ ਨੂੰ ਕਿਸੇ ਬਾਹਰੀ ਸੋਮੇ ਤੋਂ ਤਾਕਤ ਹਾਸਲ ਕਰਨ ਦੀ ਲੋੜ ਨਹੀਂ ਹੈ। ਉਹ ਖ਼ੁਦ ਸ਼ਕਤੀ ਦਾ ਸੋਮਾ ਹੈ। “ਸਮਰੱਥਾ ਪਰਮੇਸ਼ੁਰ ਦੀ ਹੈ।”

63:3. ਪਰਮੇਸ਼ੁਰ ਦੀ “ਦਯਾ ਜੀਵਨ ਨਾਲੋਂ ਵੀ ਚੰਗੀ ਹੈ” ਕਿਉਂਕਿ ਉਸ ਤੋਂ ਬਿਨਾਂ ਜ਼ਿੰਦਗੀ ਦਾ ਨਾ ਕੋਈ ਮਕਸਦ ਹੈ ਤੇ ਨਾ ਕੋਈ ਮਤਲਬ। ਇਸ ਲਈ ਯਹੋਵਾਹ ਨਾਲ ਦੋਸਤੀ ਕਰਨੀ ਸਾਡੇ ਲਈ ਅਕਲਮੰਦੀ ਦੀ ਗੱਲ ਹੋਵੇਗੀ।

63:6. ਪਰਮੇਸ਼ੁਰ ਵੱਲ ਧਿਆਨ ਲਾਉਣ ਲਈ ਰਾਤ ਦਾ ਵੇਲਾ ਵਧੀਆ ਹੈ ਕਿਉਂਕਿ ਉਦੋਂ ਸਭ ਸ਼ਾਂਤ ਹੁੰਦਾ ਹੈ ਤੇ ਕੋਈ ਵੀ ਸਾਡਾ ਧਿਆਨ ਭੰਗ ਨਹੀਂ ਕਰੇਗਾ

64:2-4. ਚੁਗ਼ਲੀ ਕਰ ਕੇ ਅਸੀਂ ਚੰਗੇ-ਭਲੇ ਬੰਦੇ ਨੂੰ ਬਦਨਾਮ ਕਰ ਸਕਦੇ ਹਾਂ। ਇਸ ਲਈ ਚੰਗਾ ਇਹ ਹੈ ਕਿ ਨਾ ਅਸੀਂ ਕਿਸੇ ਬਾਰੇ ਮਾੜੀ ਗੱਲ ਕਰੀਏ ਤੇ ਨਾ ਹੀ ਕਿਸੇ ਬਾਰੇ ਮਾੜੀ ਗੱਲ ਸੁਣੀਏ।

69:4. ਇਸ ਆਇਤ ਵਿਚ ਕਿਹਾ ਗਿਆ ਹੈ ਕਿ ਦਾਊਦ ਨੇ ਜੋ ਨਹੀਂ ਲੁੱਟਿਆ, ਉਹ ਉਸ ਨੂੰ “ਮੋੜਨਾ” ਪਿਆ। ਇਸੇ ਤਰ੍ਹਾਂ, ਸ਼ਾਂਤੀ ਬਰਕਰਾਰ ਰੱਖਣ ਵਾਸਤੇ ਕਈ ਵਾਰ ਜ਼ਰੂਰੀ ਹੁੰਦਾ ਹੈ ਕਿ ਅਸੀਂ ਮਾਫ਼ੀ ਮੰਗ ਲਈਏ, ਭਾਵੇਂ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਕੋਈ ਗ਼ਲਤੀ ਨਹੀਂ ਕੀਤੀ।

70:1-5. ਜਦ ਅਸੀਂ ਯਹੋਵਾਹ ਤੋਂ ਸਹਾਇਤਾ ਮੰਗਦੇ ਹਾਂ, ਤਾਂ ਉਹ ਸਾਡੀ ਸੁਣ ਲੈਂਦਾ ਹੈ। (1 ਥੱਸਲੁਨੀਕੀਆਂ 5:17; ਯਾਕੂਬ 1:13; 2 ਪਤਰਸ 2:9) ਭਾਵੇਂ ਉਹ ਹਾਲਾਤ ਨੂੰ ਇਕਦਮ ਨਾ ਬਦਲੇ, ਪਰ ਉਹ ਸਾਨੂੰ ਆਪਣੀ ਸਮੱਸਿਆ ਨਾਲ ਨਜਿੱਠਣ ਦੀ ਬੁੱਧ ਅਤੇ ਸਬਰ ਕਰਨ ਦੀ ਤਾਕਤ ਜ਼ਰੂਰ ਦਿੰਦਾ ਹੈ। ਉਹ ਸਾਡੀ ਸ਼ਕਤੀਓਂ ਬਾਹਰ ਸਾਡੇ ਤੇ ਦੁੱਖ ਨਹੀਂ ਆਉਣ ਦੇਵੇਗਾ।—1 ਕੁਰਿੰਥੀਆਂ 10:13; ਇਬਰਾਨੀਆਂ 10:36; ਯਾਕੂਬ 1:5-8.

71:5, 17. ਦਾਊਦ ਨੇ ਆਪਣੀ ਜਵਾਨੀ ਵਿਚ, ਇੱਥੋਂ ਤਕ ਕਿ ਗੋਲਿਅਥ ਨਾਲ ਮੁਕਾਬਲਾ ਕਰਨ ਤੋਂ ਪਹਿਲਾਂ ਹੀ ਯਹੋਵਾਹ ਤੇ ਭਰੋਸਾ ਰੱਖ ਕੇ ਆਪਣੇ ਅੰਦਰ ਬਹਾਦਰੀ ਤੇ ਤਾਕਤ ਪੈਦਾ ਕੀਤੀ ਸੀ। (1 ਸਮੂਏਲ 17:34-37) ਨੌਜਵਾਨਾਂ ਨੂੰ ਆਪਣੀ ਸਾਰੀ ਕਰਨੀ ਵਿਚ ਯਹੋਵਾਹ ਤੇ ਭਰੋਸਾ ਰੱਖਣਾ ਚਾਹੀਦਾ ਹੈ।

“ਸਾਰੀ ਧਰਤੀ ਉਹ ਦੇ ਤੇਜ ਨਾਲ ਭਰਪੂਰ ਹੋਵੇ”

ਜ਼ਬੂਰਾਂ ਦੀ ਪੋਥੀ ਦੇ ਦੂਜੇ ਭਾਗ ਦਾ ਆਖ਼ਰੀ ਜ਼ਬੂਰ (72ਵਾਂ ਜ਼ਬੂਰ) ਸੁਲੇਮਾਨ ਦੀ ਬਾਦਸ਼ਾਹਤ ਬਾਰੇ ਹੈ ਜੋ ਕਿ ਪਰਮੇਸ਼ੁਰ ਦੇ ਰਾਜ ਦੌਰਾਨ ਧਰਤੀ ਦੇ ਹਾਲਾਤਾਂ ਨੂੰ ਦਰਸਾਉਂਦੀ ਹੈ। ਉਸ ਸਮੇਂ ਸਾਡੀ ਖ਼ੁਸ਼ਹਾਲੀ ਦਾ ਕੋਈ ਅੰਤ ਨਹੀਂ ਹੋਵੇਗਾ ਕਿਉਂਕਿ ਧਰਤੀ ਤੇ ਚਾਰੇ ਪਾਸੇ ਸ਼ਾਂਤੀ ਹੋਵੇਗੀ, ਕਿਤੇ ਕੋਈ ਜੁਰਮ-ਅਪਰਾਧ ਨਹੀਂ ਹੋਵੇਗਾ ਤੇ ਹਰ ਕਿਸੇ ਕੋਲ ਰੱਜ ਕੇ ਖਾਣ ਲਈ ਹੋਵੇਗਾ। ਕੀ ਅਸੀਂ ਇਨ੍ਹਾਂ ਸੁਖਾਂ ਦਾ ਆਨੰਦ ਲੈਣ ਲਈ ਉੱਥੇ ਹੋਵਾਂਗੇ? ਹਾਂ, ਅਸੀਂ ਹੋ ਸਕਦੇ ਹਾਂ ਜੇ ਅਸੀਂ ਦਾਊਦ ਵਾਂਗ ਯਹੋਵਾਹ ਨੂੰ ਆਪਣੀ ਪਨਾਹ ਤੇ ਆਪਣਾ ਬਲ ਬਣਾ ਕੇ ਉਸ ਤੇ ਆਸ ਰੱਖਾਂਗੇ।

ਦਾਊਦ ਨੇ ਆਪਣੀਆਂ ਪ੍ਰਾਰਥਨਾਵਾਂ ਦੀ ਸਮਾਪਤੀ ਵਿਚ ਕਿਹਾ: “ਮੁਬਾਰਕ ਹੋਵੇ ਯਹੋਵਾਹ ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ, ਉਹ ਇਕੱਲਾ ਹੀ ਅਚਰਜ ਦੇ ਕੰਮ ਕਰਦਾ ਹੈ, ਅਤੇ ਉਹ ਦਾ ਤੇਜਵਾਨ ਨਾਮ ਸਦਾ ਤੀਕੁਰ ਮੁਬਾਰਕ ਹੋਵੇ, ਅਤੇ ਸਾਰੀ ਧਰਤੀ ਉਹ ਦੇ ਤੇਜ ਨਾਲ ਭਰਪੂਰ ਹੋਵੇ! ਆਮੀਨ ਤੇ ਆਮੀਨ।” (ਜ਼ਬੂਰਾਂ ਦੀ ਪੋਥੀ 72:18-20) ਦਾਊਦ ਵਾਂਗ ਆਓ ਆਪਾਂ ਵੀ ਯਹੋਵਾਹ ਦੇ ਨਾਂ ਦੇ ਜਸ ਗਾ ਕੇ ਉਸ ਨੂੰ ਮੁਬਾਰਕ ਆਖੀਏ।

[ਸਫ਼ਾ 9 ਉੱਤੇ ਤਸਵੀਰ]

ਕੀ ਤੁਹਾਨੂੰ ਪਤਾ ਹੈ ਕਿ “ਰਾਜਕੁਮਾਰੀ” ਕੌਣ ਹੈ?

[ਸਫ਼ੇ 10, 11 ਉੱਤੇ ਤਸਵੀਰ]

ਕੀ ਤੁਹਾਨੂੰ ਪਤਾ ਹੈ ਕਿ ਯਰੂਸ਼ਲਮ ਨੂੰ “ਸੁਹੱਪਣ ਦਾ ਪੂਰਾ” ਕਿਉਂ ਕਿਹਾ ਗਿਆ ਹੈ?