Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਮੂਸਾ ਦੀ ਬਿਵਸਥਾ ਵਿਚ ਇਨਸਾਨਾਂ ਦੇ ਕੁਝ ਜਿਨਸੀ ਕ੍ਰਿਆਵਾਂ ਨੂੰ “ਅਪਵਿੱਤ੍ਰ” ਵਿਚਾਰਿਆ ਜਾਂਦਾ ਸੀ ਭਾਵੇਂ ਕਿ ਇਹ ਕੁਦਰਤੀ ਹਨ। ਇਹ ਕਿਉਂ ਸੀ?

ਪਰਮੇਸ਼ੁਰ ਨੇ ਪਤੀ-ਪਤਨੀ ਵਿਚਕਾਰ ਜਿਨਸੀ ਸੰਬੰਧ ਦੋ ਕਾਰਨਾਂ ਕਰਕੇ ਠਹਿਰਾਏ—ਬੱਚੇ ਪੈਦਾ ਕਰਨ ਲਈ ਅਤੇ ਪਤੀ-ਪਤਨੀ ਦੀ ਖ਼ੁਸ਼ੀ ਲਈ। (ਉਤਪਤ 1:28; ਕਹਾਉਤਾਂ 5:15-18) ਲੇਵੀਆਂ ਦੀ ਕਿਤਾਬ ਦੇ ਬਾਰਵੇਂ ਤੇ ਪੰਦਰਵੇਂ ਅਧਿਆਵਾਂ ਵਿਚ ਮਣੀ ਨਿਕਲਣ, ਮਾਹਵਾਰੀ ਆਉਣ ਅਤੇ ਬੱਚੇ ਜਣਨ ਸੰਬੰਧੀ ਅਸ਼ੁੱਧਤਾ ਬਾਰੇ ਕਈ ਕਾਨੂੰਨ ਪਾਏ ਜਾਂਦੇ ਹਨ। (ਲੇਵੀਆਂ 12:1-6; 15:16-24) ਇਸਰਾਏਲੀਆਂ ਲਈ ਇਨ੍ਹਾਂ ਕਾਨੂੰਨਾਂ ਦੀ ਪਾਲਣਾ ਕਰਨ ਦੇ ਕਈ ਫ਼ਾਇਦੇ ਸਨ। ਇਨ੍ਹਾਂ ਕਾਰਨ ਉਹ ਤੰਦਰੁਸਤ ਰਹੇ, ਪਰਾਈਆਂ ਕੌਮਾਂ ਦੀ ਤੁਲਨਾ ਵਿਚ ਉੱਚੇ ਮਿਆਰਾਂ ਤੇ ਚੱਲ ਸਕੇ ਅਤੇ ਉਨ੍ਹਾਂ ਨੂੰ ਯਾਦ ਕਰਾਇਆ ਗਿਆ ਕਿ ਲਹੂ ਪਵਿੱਤਰ ਹੈ ਅਤੇ ਉਨ੍ਹਾਂ ਲਈ ਆਪਣੇ ਪਾਪਾਂ ਦੀ ਮਾਫ਼ੀ ਮੰਗਣੀ ਜ਼ਰੂਰੀ ਸੀ।

ਜਦੋਂ ਤਕ ਇਸਰਾਏਲੀ ਲੋਕ ਜਣਨ-ਅੰਗਾਂ ਦੀਆਂ ਕੁਦਰਤੀ ਕ੍ਰਿਆਵਾਂ ਸੰਬੰਧੀ ਕਾਨੂੰਨਾਂ ਦੀ ਪਾਲਣਾ ਕਰਦੇ ਰਹੇ, ਉਦੋਂ ਤਕ ਉਹ ਬੀਮਾਰੀਆਂ ਤੋਂ ਬਚੇ ਰਹੇ। ਇਸ ਬਾਰੇ ਇਕ ਕਿਤਾਬ ਦੱਸਦੀ ਹੈ: “ਜਨਾਨੀ ਦੇ ਮਾਹਵਾਰੀ ਆਉਣ ਸਮੇਂ ਪਤੀ ਦਾ ਉਸ ਨਾਲ ਸੰਗ ਕਰਨਾ ਮਨ੍ਹਾ ਸੀ। ਇਸ ਕਾਨੂੰਨ ਦੀ ਪਾਲਣਾ ਕਰਨ ਦਾ ਇਹ ਫ਼ਾਇਦਾ ਸੀ ਕਿ ਇਸਰਾਏਲੀ ਲੋਕ ਜਿਨਸੀ ਰੋਗਾਂ ਤੋਂ ਬਚੇ ਰਹੇ ਅਤੇ ਔਰਤਾਂ ਨੂੰ ਕੁੱਖ ਵਿਚ ਕੈਂਸਰ ਹੋਣ ਦਾ ਘੱਟ ਖ਼ਤਰਾ ਸੀ।” (The Bible and Modern Medicine) ਅਜਿਹੇ ਹੁਕਮਾਂ ਕਰਕੇ ਪਰਮੇਸ਼ੁਰ ਦੇ ਲੋਕਾਂ ਦੀ ਉਨ੍ਹਾਂ ਬੀਮਾਰੀਆਂ ਤੋਂ ਵੀ ਰਾਖੀ ਹੁੰਦੀ ਸੀ ਜਿਨ੍ਹਾਂ ਤੋਂ ਉਹ ਬਿਲਕੁਲ ਅਣਜਾਣ ਸਨ ਜਾਂ ਜਿਨ੍ਹਾਂ ਬਾਰੇ ਪਤਾ ਕਰਨ ਦਾ ਕੋਈ ਤਰੀਕਾ ਨਹੀਂ ਸੀ। ਜਿਨਸੀ ਤੌਰ ਸਾਫ਼ ਰਹਿਣ ਕਰਕੇ ਪਰਮੇਸ਼ੁਰ ਦੇ ਮਕਸਦ ਅਨੁਸਾਰ ਉਨ੍ਹਾਂ ਦੀ ਕੌਮ ਵਧਦੀ-ਫੁੱਲਦੀ ਰਹੀ। (ਉਤਪਤ 15:5; 22:17) ਇਨ੍ਹਾਂ ਕਾਨੂੰਨਾਂ ਨੇ ਪਰਮੇਸ਼ੁਰ ਦੇ ਲੋਕਾਂ ਦੀ ਭਾਵਾਤਮਕ ਦਸ਼ਾ ਤੇ ਵੀ ਅਸਰ ਪਾਇਆ। ਮਿਸਾਲ ਲਈ ਪਤੀ-ਪਤਨੀ ਨੇ ਆਪਣੀਆਂ ਜਿਨਸੀ ਕਾਮਨਾਵਾਂ ਉੱਤੇ ਕਾਬੂ ਰੱਖਣਾ ਸਿੱਖਿਆ।

ਜਿਨਸੀ ਮਾਮਲਿਆਂ ਵਿਚ ਲੋਕ ਵੱਖੋ-ਵੱਖਰੇ ਤਰੀਕਿਆਂ ਨਾਲ ਅਸ਼ੁੱਧ ਹੁੰਦੇ ਸਨ, ਪਰ ਸਭ ਤੋਂ ਗੰਭੀਰ ਮਾਮਲਾ ਉਦੋਂ ਸੀ ਜਦੋਂ ਲਹੂ ਦਾ ਵਹਾਅ ਹੁੰਦਾ ਸੀ। ਲਹੂ ਬਾਰੇ ਯਹੋਵਾਹ ਦੇ ਕਾਨੂੰਨ ਇਸਰਾਏਲੀਆਂ ਨੂੰ ਇਹ ਗੱਲ ਸਮਝਣ ਵਿਚ ਮਦਦ ਕਰਦੇ ਸਨ ਕਿ ਲਹੂ ਪਵਿੱਤਰ ਹੈ ਅਤੇ ਯਹੋਵਾਹ ਦੀ ਭਗਤੀ ਵਿਚ ਲਹੂ ਇਕ ਖ਼ਾਸ ਭੂਮਿਕਾ ਅਦਾ ਕਰਦਾ ਹੈ। ਲਹੂ ਨੂੰ ਬਲੀਦਾਨ ਚੜ੍ਹਾਉਣ ਵੇਲੇ ਤੇ ਪਾਪਾਂ ਦੀ ਮਾਫ਼ੀ ਲਈ ਵਰਤਿਆ ਜਾਂਦਾ ਸੀ।—ਲੇਵੀਆਂ 17:11; ਬਿਵਸਥਾ ਸਾਰ 12:23, 24, 27.

ਇਨ੍ਹਾਂ ਕਾਨੂੰਨਾਂ ਰਾਹੀਂ ਬਿਵਸਥਾ ਇਸਰਾਏਲੀਆਂ ਨੂੰ ਯਾਦ ਦਿਲਾਉਂਦੀ ਸੀ ਕਿ ਉਹ ਨਾਮੁਕੰਮਲ ਸਨ। ਉਹ ਜਾਣਦੇ ਸਨ ਕਿ ਆਦਮ ਅਤੇ ਹੱਵਾਹ ਪਾਪ ਕਰਨ ਮਗਰੋਂ ਮੁਕੰਮਲ ਬੱਚੇ ਪੈਦਾ ਕਰਨ ਦੇ ਕਾਬਲ ਨਹੀਂ ਰਹੇ। ਉਨ੍ਹਾਂ ਦੀ ਔਲਾਦ ਨੇ ਵੀ ਵਿਰਸੇ ਵਿਚ ਮਿਲੇ ਪਾਪ ਦੇ ਅਸਰਾਂ ਤੋਂ ਬਚਣਾ ਨਹੀਂ ਸੀ। ਉਹ ਵੀ ਨਾਮੁਕੰਮਲ ਹੋਣਗੇ ਅਤੇ ਮਰਨਗੇ। (ਰੋਮੀਆਂ 5:12) ਇਸ ਲਈ ਭਾਵੇਂ ਕਿ ਜਣਨ-ਅੰਗ ਪਾਪ ਤੋਂ ਰਹਿਤ ਬੱਚੇ ਪੈਦਾ ਕਰਨ ਲਈ ਬਣਾਏ ਗਏ ਸਨ, ਪਰ ਅੱਜ ਮਾਪੇ ਆਪਣੇ ਬੱਚਿਆਂ ਨੂੰ ਪਾਪ ਅਤੇ ਮੌਤ ਤੋਂ ਸਿਵਾਇ ਹੋਰ ਕੁਝ ਨਹੀਂ ਦੇ ਸਕਦੇ।

ਇਸ ਲਈ ਜਦੋਂ ਇਸਰਾਏਲੀ ਬਿਵਸਥਾ ਮੁਤਾਬਕ ਸ਼ੁੱਧ ਰਹਿਣ ਦੀਆਂ ਮੰਗਾਂ ਪੂਰੀਆਂ ਕਰਦੇ ਸਨ, ਤਾਂ ਉਨ੍ਹਾਂ ਨੂੰ ਯਾਦ ਦਿਲਾਇਆ ਜਾਂਦਾ ਸੀ ਕਿ ਉਹ ਪਾਪੀ ਸਨ ਅਤੇ ਉਨ੍ਹਾਂ ਨੂੰ ਇਕ ਖ਼ਾਸ ਬਲੀਦਾਨ ਦੀ ਲੋੜ ਸੀ ਜਿਸ ਰਾਹੀਂ ਉਨ੍ਹਾਂ ਨੂੰ ਪਾਪ ਤੋਂ ਛੁਟਕਾਰਾ ਅਤੇ ਮੁਕੰਮਲ ਜ਼ਿੰਦਗੀ ਮਿਲ ਸਕਦੀ ਸੀ। ਪਸ਼ੂਆਂ ਦੇ ਬਲੀਦਾਨ ਉਨ੍ਹਾਂ ਨੂੰ ਪਾਪ ਤੋਂ ਮੁਕਤ ਨਹੀਂ ਕਰ ਸਕੇ। (ਇਬਰਾਨੀਆਂ 10:3, 4) ਮੂਸਾ ਦੀ ਬਿਵਸਥਾ ਨੇ ਯਹੂਦੀਆਂ ਨੂੰ ਪਰਮੇਸ਼ੁਰ ਦੇ ਪੁੱਤਰ ਤਕ ਲੈ ਜਾਣਾ ਸੀ। ਸਿਰਫ਼ ਯਿਸੂ ਦੀ ਮੁਕੰਮਲ ਕੁਰਬਾਨੀ ਸਦਕਾ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਅਤੇ ਹਮੇਸ਼ਾ ਦੀ ਜ਼ਿੰਦਗੀ ਮਿਲਣੀ ਸੀ।—ਗਲਾਤੀਆਂ 3:24; ਇਬਰਾਨੀਆਂ 9:13, 14.