Skip to content

Skip to table of contents

ਬਾਈਬਲ ਦੇ ਸਿਧਾਂਤਾਂ ਤੇ ਚੱਲ ਕੇ ਸੰਤੁਸ਼ਟੀ ਪਾਓ

ਬਾਈਬਲ ਦੇ ਸਿਧਾਂਤਾਂ ਤੇ ਚੱਲ ਕੇ ਸੰਤੁਸ਼ਟੀ ਪਾਓ

ਬਾਈਬਲ ਦੇ ਸਿਧਾਂਤਾਂ ਤੇ ਚੱਲ ਕੇ ਸੰਤੁਸ਼ਟੀ ਪਾਓ

ਦੀਨ-ਦੁਨੀਆਂ ਦੇ ਝੰਜਟਾਂ ਤੋਂ ਬੇਖ਼ਬਰ ਸੁੱਤੇ ਬੱਚੇ ਨੂੰ ਦੇਖ ਕੇ ਕਿੰਨਾ ਚੰਗਾ ਲੱਗਦਾ ਹੈ! ਉਸ ਦੇ ਚਿਹਰੇ ਤੇ ਕਿੰਨੀ ਸ਼ਾਂਤੀ ਹੁੰਦੀ ਹੈ। ਸਾਡਾ ਦਿਲ ਕਹਿੰਦਾ ਹੈ ਕਿ ਕਾਸ਼ ਅਸੀਂ ਵੀ ਇਸੇ ਤਰ੍ਹਾਂ ਨਿਸ਼ਚਿੰਤ ਹੋ ਕੇ ਪੂਰੀ ਸੰਤੁਸ਼ਟੀ ਨਾਲ ਜੀਵਨ ਜੀ ਸਕਦੇ। ਪਰ ਅੱਜ ਜ਼ਿੰਦਗੀ ਵਿਚ ਸੰਤੁਸ਼ਟੀ ਪਾਉਣੀ ਬਹੁਤ ਹੀ ਮੁਸ਼ਕਲ ਹੈ। ਜੇ ਮਿਲਦੀ ਵੀ ਹੈ, ਤਾਂ ਝੱਟ ਖ਼ਤਮ ਹੋ ਜਾਂਦੀ ਹੈ। ਇਸ ਤਰ੍ਹਾਂ ਕਿਉਂ ਹੁੰਦਾ ਹੈ?

ਪਹਿਲੀ ਗੱਲ ਤਾਂ ਇਹ ਹੈ ਕਿ ਪਾਪੀ ਹੋਣ ਦੇ ਕਾਰਨ ਅਸੀਂ ਅਕਸਰ ਗ਼ਲਤੀਆਂ ਕਰਦੇ ਰਹਿੰਦੇ ਹਾਂ ਤੇ ਸਾਨੂੰ ਹੋਰਨਾਂ ਦੀਆਂ ਕਮੀਆਂ-ਕਮਜ਼ੋਰੀਆਂ ਵੀ ਜਰਨੀਆਂ ਪੈਂਦੀਆਂ ਹਨ। ਇਸ ਤੋਂ ਇਲਾਵਾ, ਬਾਈਬਲ ਦੇ ਮੁਤਾਬਕ ਅਸੀਂ ‘ਅੰਤ ਦਿਆਂ ਦਿਨਾਂ ਦੇ ਭੈੜੇ ਸਮੇਂ’ ਵਿਚ ਰਹਿ ਰਹੇ ਹਾਂ। (2 ਤਿਮੋਥਿਉਸ 3:1-5) ਭਾਵੇਂ ਸਾਨੂੰ ਆਪਣਾ ਬੇਫ਼ਿਕਰਾ ਬਚਪਨ ਯਾਦ ਹੈ, ਪਰ ਹੁਣ ਸਾਡੇ ਸਾਰਿਆਂ ਤੇ ‘ਭੈੜੇ ਸਮਿਆਂ’ ਦਾ ਅਸਰ ਪੈਂਦਾ ਹੈ। ਕੀ ਅੱਜ ਦੇ ਜ਼ਮਾਨੇ ਵਿਚ ਸਾਨੂੰ ਸੰਤੁਸ਼ਟੀ ਮਿਲ ਸਕਦੀ ਹੈ?

ਭਾਵੇਂ ਅਸੀਂ ਭੈੜੇ ਸਮਿਆਂ ਵਿਚ ਜੀ ਰਹੇ ਹਾਂ, ਪਰ ਫਿਰ ਵੀ ਅਸੀਂ ਬਾਈਬਲ ਦੇ ਸਿਧਾਂਤਾਂ ਤੇ ਚੱਲ ਕੇ ਸੰਤੁਸ਼ਟੀ ਪਾ ਸਕਦੇ ਹਾਂ। ਅਸੀਂ ਹਮੇਸ਼ਾ ਆਪਣੀਆਂ ਮੁਸ਼ਕਲਾਂ ਦਾ ਭਾਵੇਂ ਹੱਲ ਨਹੀਂ ਲੱਭ ਸਕਦੇ, ਪਰ ਅਸੀਂ ਕੁਝ ਹੱਦ ਤਕ ਸਬਰ ਕਰਨਾ ਸਿੱਖ ਸਕਦੇ ਹਾਂ। ਆਓ ਆਪਾਂ ਤਿੰਨ ਸਿਧਾਂਤਾਂ ਤੇ ਗੌਰ ਕਰੀਏ।

ਅਸੀਂ ਗ਼ਲਤੀਆਂ ਦੇ ਪੁਤਲੇ ਹਾਂ

ਸੰਤੁਸ਼ਟੀ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਇਹ ਗੱਲ ਯਾਦ ਰੱਖੀਏ ਕਿ ਅਸੀਂ ਸਾਰੇ ਗ਼ਲਤੀਆਂ ਦੇ ਪੁਤਲੇ ਹਾਂ। ਪੌਲੁਸ ਰਸੂਲ ਨੇ ਰੋਮੀਆਂ ਨੂੰ ਚਿੱਠੀ ਵਿਚ ਲਿਖਿਆ: “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਰੋਮੀਆਂ 3:23) ਆਪਣੀਆਂ ਕਮੀਆਂ ਦੇ ਕਾਰਨ ਸਾਡੇ ਲਈ ਯਹੋਵਾਹ ਬਾਰੇ ਕਈ ਗੱਲਾਂ ਨੂੰ ਪੂਰੀ ਤਰ੍ਹਾਂ ਸਮਝਣਾ ਔਖਾ ਹੈ। ਇਸ ਨੂੰ ਸਮਝਣ ਲਈ ਆਓ ਆਪਾਂ ਇਕ ਮਿਸਾਲ ਤੇ ਗੌਰ ਕਰੀਏ। ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਨੇ ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।” (ਉਤਪਤ 1:31) ਯਹੋਵਾਹ ਜਦ ਚਾਹੇ ਆਪਣੇ ਕੰਮਾਂ ਬਾਰੇ ਕਹਿ ਸਕਦਾ ਹੈ ਕਿ ਉਸ ਨੇ ਜੋ ਕੁਝ ਕੀਤਾ “ਉਹ ਬਹੁਤ ਹੀ ਚੰਗਾ ਸੀ।” ਕੋਈ ਇਨਸਾਨ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿਉਂਕਿ ਸਾਡੇ ਵਿੱਚੋਂ ਕੋਈ ਵੀ ਪੂਰੀ ਤਰ੍ਹਾਂ ਸਹੀ ਕੰਮ ਨਹੀਂ ਕਰ ਸਕਦਾ। ਇਸ ਲਈ ਸੰਤੁਸ਼ਟੀ ਪਾਉਣ ਲਈ ਪਹਿਲਾ ਕਦਮ ਹੈ ਕਿ ਅਸੀਂ ਆਪਣੀਆਂ ਕਮੀਆਂ ਨੂੰ ਪਛਾਣੀਏ। ਪਰ ਇਸ ਤੋਂ ਇਲਾਵਾ ਸਾਨੂੰ ਇਹ ਗੱਲ ਸਮਝਣ ਦੀ ਲੋੜ ਹੈ ਕਿ ਯਹੋਵਾਹ ਪਾਪੀ ਇਨਸਾਨਾਂ ਨੂੰ ਕਿਸ ਨਜ਼ਰ ਤੋਂ ਦੇਖਦਾ ਹੈ।

“ਪਾਪ” ਤਰਜਮਾ ਕੀਤੇ ਗਏ ਯੂਨਾਨੀ ਸ਼ਬਦ ਦਾ ਮੂਲ ਅਰਥ ਹੈ “ਨਿਸ਼ਾਨੇ ਤੋਂ ਖੁੰਝ ਜਾਣਾ।” (ਰੋਮੀਆਂ 3:9) ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਯਹੋਵਾਹ ਦੇ ਉੱਚੇ ਮਿਆਰਾਂ ਤੇ ਪੂਰੀ ਤਰ੍ਹਾਂ ਨਹੀਂ ਚੱਲ ਪਾਉਂਦੇ, ਤਾਂ ਅਸੀਂ ਪਾਪ ਕਰਦੇ ਹਾਂ। ਇਸ ਗੱਲ ਨੂੰ ਸਮਝਣ ਲਈ ਅਸੀਂ ਇਕ ਉਦਾਹਰਣ ਤੇ ਗੌਰ ਕਰ ਸਕਦੇ ਹਾਂ। ਇਕ ਤੀਰਅੰਦਾਜ਼ ਸਹੀ ਨਿਸ਼ਾਨੇ ਤੇ ਤੀਰ ਮਾਰ ਕੇ ਇਨਾਮ ਜਿੱਤਣ ਦਾ ਚਾਹਵਾਨ ਹੈ। ਉਸ ਦੇ ਕੋਲ ਤਿੰਨ ਤੀਰ ਹਨ। ਉਹ ਪਹਿਲਾ ਤੀਰ ਮਾਰਦਾ ਹੈ, ਪਰ ਇਕ ਮੀਟਰ ਦੇ ਫ਼ਾਸਲੇ ਨਾਲ ਨਿਸ਼ਾਨੇ ਤੋਂ ਉੱਕ ਜਾਂਦਾ ਹੈ। ਫਿਰ ਉਹ ਚੰਗੀ ਤਰ੍ਹਾਂ ਨਿਸ਼ਾਨਾ ਬੰਨ੍ਹ ਕੇ ਦੂਸਰਾ ਤੀਰ ਮਾਰਦਾ ਹੈ, ਪਰ ਇਸ ਵਾਰ ਵੀ ਉਹ ਇਕ ਫੁੱਟ ਦੇ ਫ਼ਾਸਲੇ ਨਾਲ ਖੁੰਝ ਜਾਂਦਾ ਹੈ। ਫਿਰ ਉਹ ਪੂਰਾ ਧਿਆਨ ਲਾ ਕੇ ਆਖ਼ਰੀ ਤੀਰ ਮਾਰਦਾ ਹੈ ਤੇ ਸਿਰਫ਼ ਇਕ ਇੰਚ ਦੇ ਫ਼ਾਸਲੇ ਨਾਲ ਖੁੰਝ ਜਾਂਦਾ ਹੈ। ਤੀਰ ਨਿਸ਼ਾਨੇ ਦੇ ਭਾਵੇਂ ਬਿਲਕੁਲ ਲਾਗੇ ਸੀ, ਪਰ ਫਿਰ ਵੀ ਉਹ ਨਿਸ਼ਾਨੇ ਤੋਂ ਰਹਿ ਗਿਆ ਸੀ।

ਅਸੀਂ ਵੀ ਉਸ ਨਿਰਾਸ਼ ਤੀਰਅੰਦਾਜ਼ ਵਰਗੇ ਹਾਂ। ਕਈ ਵਾਰ ਅਸੀਂ ਵੱਡੀ ਗ਼ਲਤੀ ਕਰ ਕੇ ਨਿਸ਼ਾਨੇ ਤੋਂ ਪੂਰੀ ਤਰ੍ਹਾਂ ਖੁੰਝ ਜਾਂਦੇ ਹਾਂ। ਪਰ ਕਈ ਵਾਰ ਅਸੀਂ ਛੋਟੀ ਗ਼ਲਤੀ ਕਰ ਕੇ ਨਿਸ਼ਾਨੇ ਤੋਂ ਥੋੜ੍ਹਾ-ਬਹੁਤ ਹੀ ਰਹਿ ਜਾਂਦੇ ਹਾਂ। ਸਾਨੂੰ ਇਸ ਤੇ ਬਹੁਤ ਨਿਰਾਸ਼ਾ ਹੁੰਦੀ ਹੈ ਕਿਉਂਕਿ ਅਸੀਂ ਗ਼ਲਤੀ ਨਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਵੀ ਗ਼ਲਤੀ ਕਰ ਬੈਠਦੇ ਹਾਂ। ਪਰ ਇਕ ਵਾਰ ਫਿਰ ਉਸ ਤੀਰਅੰਦਾਜ਼ ਬਾਰੇ ਸੋਚੋ।

ਇਨਾਮ ਨਾ ਜਿੱਤਣ ਕਰਕੇ ਤੀਰਅੰਦਾਜ਼ ਬਹੁਤ ਨਿਰਾਸ਼ ਹੋ ਜਾਂਦਾ ਹੈ। ਪਰ ਫਿਰ ਅਚਾਨਕ ਮੁਕਾਬਲੇ ਦਾ ਨਿਗਰਾਨ ਉਸ ਨੂੰ ਇਨਾਮ ਫੜਾ ਕੇ ਕਹਿੰਦਾ ਹੈ: “ਤੂੰ ਮੈਨੂੰ ਬਹੁਤ ਚੰਗਾ ਲੱਗਾ। ਮੈਂ ਤੈਨੂੰ ਇਹ ਇਨਾਮ ਦੇਣਾ ਚਾਹੁੰਦਾ ਹਾਂ ਕਿਉਂਕਿ ਮੈਂ ਦੇਖਿਆ ਕਿ ਤੂੰ ਕਿੰਨੀ ਮਿਹਨਤ ਕੀਤੀ ਹੈ।” ਇਨਾਮ ਪਾ ਕੇ ਤੀਰਅੰਦਾਜ਼ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।

ਇਸੇ ਤਰ੍ਹਾਂ, ਹਰ ਕੋਈ ਜੋ ਪਰਮੇਸ਼ੁਰ ਤੋਂ ਹਮੇਸ਼ਾ ਦੀ ਜ਼ਿੰਦਗੀ ਦੀ “ਬਖ਼ਸ਼ੀਸ਼” ਪਾਏਗਾ, ਉਹ ਵੀ ਬੇਹੱਦ ਖ਼ੁਸ਼ ਹੋਵੇਗਾ। (ਰੋਮੀਆਂ 6:23) ਉਸ ਸਮੇਂ ਸਾਰੇ ਮੁਕੰਮਲ ਹੋਣਗੇ ਅਤੇ ਉਹ ਜੋ ਵੀ ਕਰਨਗੇ ਉਹ ਬਹੁਤ ਹੀ ਚੰਗਾ ਹੋਵੇਗਾ ਤੇ ਉਹ ਕਦੇ ਵੀ ਨਿਸ਼ਾਨੇ ਤੋਂ ਨਹੀਂ ਖੁੰਝਣਗੇ। ਉਹ ਪੂਰੀ ਤਰ੍ਹਾਂ ਸੰਤੁਸ਼ਟ ਹੋਣਗੇ। ਪਰ ਉਸ ਸਮੇਂ ਦੇ ਆਉਣ ਤਕ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਗ਼ਲਤੀਆਂ ਦੇ ਪੁਤਲੇ ਹਾਂ। ਫਿਰ ਅਸੀਂ ਆਪਣੀਆਂ ਤੇ ਦੂਸਰਿਆਂ ਦੀਆਂ ਕਮੀਆਂ-ਕਮਜ਼ੋਰੀਆਂ ਕਰਕੇ ਦੁਖੀ ਨਹੀਂ ਹੋਵਾਂਗੇ।

ਸਾਨੂੰ ਸਬਰ ਕਰਨ ਦੀ ਲੋੜ ਹੈ

ਇਹ ਇਕ ਅਸਲੀਅਤ ਹੈ ਕਿ ਹਰ ਚੀਜ਼ ਸਮੇਂ ਨਾਲ ਹੀ ਮਿਲਦੀ ਹੈ। ਪਰ ਕੀ ਤੁਸੀਂ ਦੇਖਿਆ ਹੈ ਕਿ ਜਦ ਸਾਨੂੰ ਕਿਸੇ ਦਾ ਇੰਤਜ਼ਾਰ ਹੁੰਦਾ ਹੈ ਤੇ ਆਸ ਤੋਂ ਉਲਟ ਸਾਨੂੰ ਜ਼ਿਆਦਾ ਇੰਤਜ਼ਾਰ ਕਰਨਾ ਪੈਂਦਾ ਹੈ, ਤਾਂ ਅਸੀਂ ਕਿੰਨੇ ਬੇਚੈਨ ਹੋਣ ਲੱਗ ਪੈਂਦੇ ਹਾਂ? ਜਾਂ ਜਦੋਂ ਕੋਈ ਸਮੱਸਿਆ ਹੱਲ ਹੋਣ ਦਾ ਨਾਂ ਨਹੀਂ ਲੈਂਦੀ, ਤਾਂ ਅਸੀਂ ਕਾਹਲ ਮਹਿਸੂਸ ਕਰਨ ਲੱਗ ਪੈਂਦੇ ਹਾਂ? ਪਰ ਅਜਿਹੇ ਮੌਕਿਆਂ ਤੇ ਵੀ ਕਈ ਇਨਸਾਨ ਸਬਰ ਰੱਖਦੇ ਹੋਏ ਸੰਤੁਸ਼ਟ ਰਹੇ ਹਨ। ਆਓ ਆਪਾਂ ਯਿਸੂ ਮਸੀਹ ਦੀ ਮਿਸਾਲ ਤੇ ਗੌਰ ਕਰੀਏ।

ਧਰਤੀ ਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਯਿਸੂ ਆਪਣੇ ਪਿਤਾ ਦੇ ਆਗਿਆਕਾਰ ਰਿਹਾ। ਪਰ ਇੱਥੇ ਧਰਤੀ ਤੇ ਉਸ ਨੇ “ਆਗਿਆਕਾਰੀ ਸਿੱਖੀ।” ਉਹ ਕਿਵੇਂ? “ਜਿਹੜੇ ਉਹ ਨੇ ਦੁਖ ਭੋਗੇ,” ਉਨ੍ਹਾਂ ਤੋਂ ਉਸ ਨੇ ਆਗਿਆਕਾਰੀ ਸਿੱਖੀ। ਭਾਵੇਂ ਪਹਿਲਾਂ ਉਸ ਨੇ ਹੋਰਨਾਂ ਨੂੰ ਦੁੱਖ ਸਹਿੰਦੇ ਦੇਖਿਆ ਸੀ, ਪਰ ਧਰਤੀ ਤੇ ਆ ਕੇ ਉਸ ਨੇ ਆਪ ਦੁੱਖ ਭੋਗੇ। ਯਰਦਨ ਦਰਿਆ ਵਿਚ ਆਪਣੇ ਬਪਤਿਸਮੇ ਤੋਂ ਲੈ ਕੇ ਗਲਗਥਾ ਵਿਚ ਆਪਣੀ ਮੌਤ ਤਕ ਉਸ ਨੂੰ ਕਈ ਔਖੀਆਂ ਘੜੀਆਂ ਵਿੱਚੋਂ ਲੰਘਣਾ ਪਿਆ ਸੀ। ਸਾਨੂੰ ਇਹ ਨਹੀਂ ਪਤਾ ਕਿ ਯਿਸੂ ਆਗਿਆਕਾਰੀ ਦੇ ਮਾਮਲੇ ਵਿਚ ਕਿਵੇਂ “ਸਿੱਧ” ਹੋਇਆ ਸੀ, ਪਰ ਇਕ ਗੱਲ ਅਸੀਂ ਜਾਣਦੇ ਹਾਂ ਕਿ ਉਸ ਨੂੰ ਸਿੱਧ ਬਣਨ ਵਿਚ ਸਮਾਂ ਜ਼ਰੂਰ ਲੱਗਾ ਸੀ।—ਇਬਰਾਨੀਆਂ 5:8, 9.

ਯਿਸੂ ਆਪਣੀ ਵਫ਼ਾਦਾਰੀ ਦਾ ਇਨਾਮ ਪਾਉਣ ਦੇ “ਉਸ ਅਨੰਦ” ਤੇ ਧਿਆਨ ਲਾ ਕੇ ਸਭ ਕੁਝ ਝੱਲ ਸਕਿਆ ਸੀ। (ਇਬਰਾਨੀਆਂ 12:2) ਫਿਰ ਵੀ ਉਹ ਨੇ ਕਈ ਵਾਰ “ਬਹੁਤ ਢਾਹਾਂ ਮਾਰ ਮਾਰ ਕੇ ਅਤੇ ਅੰਝੂ ਕੇਰ ਕੇਰ ਕੇ . . . ਬੇਨਤੀਆਂ ਅਤੇ ਮਿੰਨਤਾਂ ਕੀਤੀਆਂ।” (ਇਬਰਾਨੀਆਂ 5:7) ਅਸੀਂ ਵੀ ਸ਼ਾਇਦ ਕਦੇ-ਕਦੇ ਇਸੇ ਤਰ੍ਹਾਂ ਪ੍ਰਾਰਥਨਾ ਕਰੀਏ। ਕੀ ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ? ਉਸੇ ਆਇਤ ਵਿਚ ਅੱਗੇ ਕਿਹਾ ਗਿਆ ਹੈ ਕਿ ਯਹੋਵਾਹ ਨੇ ‘ਯਿਸੂ ਦੀ ਸੁਣ ਲਈ।’ ਪਰਮੇਸ਼ੁਰ ਸਾਡੀ ਦੁਆ ਵੀ ਸੁਣੇਗਾ। ਅਸੀਂ ਇਹ ਕਿਉਂ ਕਹਿ ਸਕਦੇ ਹਾਂ?

ਕਿਉਂਕਿ ਯਹੋਵਾਹ ਜਾਣਦਾ ਹੈ ਕਿ ਅਸੀਂ ਕਿੰਨਾ ਕੁ ਜਰ ਸਕਦੇ ਹਾਂ ਅਤੇ ਉਹ ਸਹੀ ਸਮੇਂ ਤੇ ਸਾਡੀ ਮਦਦ ਕਰਦਾ ਹੈ। ਹਰ ਕਿਸੇ ਦੇ ਸਹਿਣ ਦੀ ਹੱਦ ਹੁੰਦੀ ਹੈ। ਅਫ਼ਰੀਕਾ ਦੇ ਬੇਨਿਨ ਦੇਸ਼ ਦੀ ਇਕ ਕਹਾਵਤ ਹੈ: “ਬਹੁਤੇ ਪਾਣੀ ਵਿਚ ਤਾਂ ਡੱਡੂ ਵੀ ਡੁੱਬ ਜਾਣਗੇ।” ਯਹੋਵਾਹ ਸਾਡੀ ਸਹਿਣ-ਸ਼ਕਤੀ ਦੀ ਹੱਦ ਜਾਣਦਾ ਹੈ। ਉਦੋਂ ਯਹੋਵਾਹ ਪਿਆਰ ਨਾਲ ਸਾਡੇ ਉੱਤੇ ‘ਦਯਾ ਤੇ ਕਿਰਪਾ ਕਰਦਾ ਹੈ’ ਤਾਂਕਿ “ਵੇਲੇ ਸਿਰ ਸਾਡੀ ਸਹਾਇਤਾ” ਹੋ ਸਕੋ। (ਇਬਰਾਨੀਆਂ 4:16) ਉਸ ਨੇ ਯਿਸੂ ਦੀ ਸਹਾਇਤਾ ਕੀਤੀ ਸੀ ਅਤੇ ਉਹ ਅਣਗਿਣਤ ਹੋਰਨਾਂ ਲੋਕਾਂ ਦੀ ਵੀ ਮਦਦ ਕਰਦਾ ਹੈ। ਆਓ ਆਪਾਂ ਇਕ ਪਾਇਨੀਅਰ ਭੈਣ ਮੋਨੀਕਾ ਦੇ ਤਜਰਬੇ ਤੇ ਗੌਰ ਕਰੀਏ ਕਿ ਯਹੋਵਾਹ ਨੇ ਉਸ ਨੂੰ ਕਿਵੇਂ ਸਹਾਰਾ ਦਿੱਤਾ ਹੈ।

ਬਚਪਨ ਤੋਂ ਹੀ ਮੋਨੀਕਾ ਬੜੀ ਚੁਲਬੁਲੀ ਸੀ। ਉਹ ਬਹੁਤ ਹੀ ਖ਼ੁਸ਼-ਮਿਜ਼ਾਜ ਦੀ ਸੀ ਤੇ ਉਸ ਨੂੰ ਕਿਸੇ ਗੱਲ ਦਾ ਫ਼ਿਕਰ ਨਹੀਂ ਸੀ। ਫਿਰ 1968 ਵਿਚ ਜਦ ਉਹ ਸਿਰਫ਼ 20 ਕੁ ਸਾਲ ਦੀ ਸੀ, ਤਾਂ ਉਸ ਨੂੰ ਮਲਟਿਪਲ ਸਕਲਿਰੋਸਿਸ ਨਾਂ ਦੀ ਲਾਇਲਾਜ ਬੀਮਾਰੀ ਲੱਗ ਗਈ। ਇਸ ਬੀਮਾਰੀ ਦੀ ਖ਼ਬਰ ਸੁਣ ਕੇ ਉਹ ਦੰਗ ਰਹਿ ਗਈ ਕਿਉਂਕਿ ਇਸ ਕਾਰਨ ਸਰੀਰ ਨੂੰ ਅਧਰੰਗ ਹੋ ਜਾਂਦਾ ਹੈ। ਇਸ ਬੀਮਾਰੀ ਨੇ ਉਸ ਦੀ ਪੂਰੀ ਜ਼ਿੰਦਗੀ ਹੀ ਬਦਲ ਦਿੱਤੀ ਤੇ ਉਸ ਨੂੰ ਪ੍ਰਚਾਰ ਕਰਨ ਦੇ ਆਪਣੇ ਤਰੀਕੇ ਬਦਲਣ ਦੀ ਲੋੜ ਪਈ। ਉਹ ਜਾਣਦੀ ਸੀ ਕਿ ਉਹ ਸਾਰੀ ਉਮਰ ਬੀਮਾਰ ਰਹੇਗੀ। ਸੋਲਾਂ ਸਾਲ ਬਾਅਦ ਉਸ ਨੇ ਕਿਹਾ: “ਮੇਰੀ ਬੀਮਾਰੀ ਦਾ ਅਜੇ ਵੀ ਕੋਈ ਇਲਾਜ ਨਹੀਂ ਹੈ ਤੇ ਸ਼ਾਇਦ ਪਰਮੇਸ਼ੁਰ ਦੀ ਨਵੀਂ ਦੁਨੀਆਂ ਦੇ ਆਉਣ ਤਕ ਇਸ ਦਾ ਇਲਾਜ ਨਾ ਮਿਲੇ।” ਉਸ ਨੇ ਇਹ ਵੀ ਮੰਨਿਆ ਕਿ ਇਸ ਦੁੱਖ ਨੂੰ ਜਰਨਾ ਉਸ ਲਈ ਆਸਾਨ ਨਹੀਂ ਸੀ: “ਭਾਵੇਂ ਮੇਰੇ ਦੋਸਤ ਕਹਿੰਦੇ ਹਨ ਕਿ ਬੀਮਾਰ ਹੋਣ ਦੇ ਬਾਵਜੂਦ ਮੇਰਾ ਸੁਭਾਅ ਨਹੀਂ ਬਦਲਿਆ ਤੇ ਮੈਂ ਖ਼ੁਸ਼ ਰਹਿੰਦੀ ਹਾਂ। . . . ਪਰ ਮੇਰੇ ਹਮਰਾਜ਼ ਦੋਸਤ ਜਾਣਦੇ ਹਨ ਕਿ ਕਈ ਵਾਰ ਮੇਰੇ ਲਈ ਗਮ ਦੇ ਅੰਝੂ ਰੋਕਣੇ ਔਖੇ ਹੁੰਦੇ ਹਨ।”

ਪਰ ਉਹ ਕਹਿੰਦੀ ਹੈ: “ਮੈਂ ਸਬਰ ਕਰਨਾ ਸਿੱਖਿਆ ਹੈ ਤੇ ਆਪਣੀ ਸਿਹਤ ਵਿਚ ਮਾੜਾ-ਮੋਟਾ ਸੁਧਾਰ ਦੇਖ ਕੇ ਵੀ ਮੈਨੂੰ ਖ਼ੁਸ਼ੀ ਹੁੰਦੀ ਹੈ। ਇਨਸਾਨਾਂ ਨੂੰ ਬੀਮਾਰੀਆਂ ਸਾਮ੍ਹਣੇ ਬੇਬੱਸ ਦੇਖ ਕੇ ਯਹੋਵਾਹ ਵਿਚ ਮੇਰਾ ਭਰੋਸਾ ਵਧਿਆ ਹੈ ਤੇ ਉਸ ਨਾਲ ਮੇਰਾ ਰਿਸ਼ਤਾ ਮਜ਼ਬੂਤ ਹੋਇਆ ਹੈ ਕਿਉਂਕਿ ਸਿਰਫ਼ ਉਹੀ ਸਾਨੂੰ ਪੂਰੀ ਤਰ੍ਹਾਂ ਤੰਦਰੁਸਤ ਕਰ ਸਕਦਾ ਹੈ।” ਯਹੋਵਾਹ ਦੇ ਆਸਰੇ ਮੋਨੀਕਾ 40 ਕੁ ਸਾਲਾਂ ਤੋਂ ਪਾਇਨੀਅਰੀ ਕਰ ਰਹੀ ਹੈ ਅਤੇ ਉਹ ਆਪਣੀ ਜ਼ਿੰਦਗੀ ਤੋਂ ਬਹੁਤ ਸੰਤੁਸ਼ਟ ਹੈ।

ਹਾਂ ਮੋਨੀਕਾ ਵਰਗੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਆਸਾਨ ਨਹੀਂ ਹੈ। ਪਰ ਜਦ ਅਸੀਂ ਇਹ ਗੱਲ ਸਮਝ ਜਾਂਦੇ ਹਾਂ ਕਿ ਕੁਝ ਚੀਜ਼ਾਂ ਲਈ ਸਾਡੀ ਉਮੀਦ ਤੋਂ ਜ਼ਿਆਦਾ ਸਮਾਂ ਲੱਗਦਾ ਹੈ, ਤਾਂ ਅਸੀਂ ਸੰਤੁਸ਼ਟ ਰਹਿਣਾ ਸਿੱਖ ਸਕਦੇ ਹਾਂ। ਮੋਨੀਕਾ ਵਾਂਗ ਤੁਸੀਂ ਵੀ ਵਿਸ਼ਵਾਸ ਕਰ ਸਕਦੇ ਹੋ ਕਿ ਯਹੋਵਾਹ “ਵੇਲੇ ਸਿਰ ਸਾਡੀ ਸਹਾਇਤਾ” ਕਰੇਗਾ।

ਦੂਜਿਆਂ ਨਾਲ ਤੁਲਨਾ ਕਰਨ ਦੀ ਬਜਾਇ ਆਪਣੇ ਟੀਚੇ ਰੱਖੋ

ਤੁਹਾਡੀ ਆਪਣੀ ਇਕ ਅਲੱਗ ਪਛਾਣ ਹੈ। ਇਕ ਅਖਾਣ ਮੁਤਾਬਕ “ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ,” ਯਾਨੀ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਇਕ ਉਂਗਲੀ ਦੀ ਦੂਜੀ ਉਂਗਲੀ ਨਾਲ ਤੁਲਨਾ ਕਰਨੀ ਮੂਰਖਤਾ ਹੈ। ਤੁਸੀਂ ਨਹੀਂ ਚਾਹੋਗੇ ਕਿ ਯਹੋਵਾਹ ਕਿਸੇ ਹੋਰ ਨਾਲ ਤੁਹਾਡੀ ਤੁਲਨਾ ਕਰੇ ਤੇ ਉਹ ਕਰਦਾ ਵੀ ਨਹੀਂ। ਪਰ ਅਸੀਂ ਇਨਸਾਨ ਇਸ ਤਰ੍ਹਾਂ ਕਰਦੇ ਰਹਿੰਦੇ ਹਾਂ ਤੇ ਨਤੀਜੇ ਵਜੋਂ ਆਪਣੀ ਸੰਤੁਸ਼ਟੀ ਗੁਆ ਬੈਠਦੇ ਹਾਂ। ਆਓ ਆਪਾਂ ਮੱਤੀ 20:1-16 ਵਿਚ ਯਿਸੂ ਦੇ ਦ੍ਰਿਸ਼ਟਾਂਤ ਉੱਤੇ ਗੌਰ ਕਰੀਏ ਜਿਸ ਵਿਚ ਉਸ ਨੇ ਇਹ ਗੱਲ ਬੜੀ ਚੰਗੀ ਤਰ੍ਹਾਂ ਸਮਝਾਈ ਸੀ।

ਯਿਸੂ ਨੇ ਇਕ “ਮਾਲਕ” ਬਾਰੇ ਦੱਸਿਆ ਜਿਸ ਨੂੰ ਆਪਣੇ ਅੰਗੂਰੀ ਬਾਗ਼ ਵਿਚ ਕੰਮ ਕਰਨ ਲਈ ਮਜ਼ਦੂਰਾਂ ਦੀ ਲੋੜ ਸੀ। ਉਸ ਨੇ “ਤੜਕੇ” 6 ਕੁ ਵਜੇ ਕੁਝ ਆਦਮੀਆਂ ਨੂੰ ਕੰਮ ਤੇ ਲਾ ਲਿਆ ਤੇ ਉਨ੍ਹਾਂ ਨਾਲ ਦਿਹਾੜੀ ਤੈ ਕਰ ਲਈ। ਉਹ ਆਦਮੀ ਖ਼ੁਸ਼ ਸਨ ਕਿਉਂਕਿ ਉਨ੍ਹਾਂ ਨੂੰ ਕੰਮ ਮਿਲ ਗਿਆ ਜਿਸ ਦੀ ਉਨ੍ਹਾਂ ਨੂੰ ਪੂਰੀ ਦਿਹਾੜੀ ਮਿਲਣੀ ਸੀ। ਬਾਅਦ ਵਿਚ ਉਸ ਮਾਲਕ ਨੇ ਹੋਰਨਾਂ ਆਦਮੀਆਂ ਨੂੰ ਕੰਮ ਤੇ ਲਾਇਆ, ਕੁਝ ਨੂੰ ਸਵੇਰੇ 9 ਵਜੇ, ਕੁਝ ਨੂੰ 12 ਵਜੇ, ਕੁਝ ਨੂੰ ਦੁਪਹਿਰ 3 ਵਜੇ ਅਤੇ ਕੁਝ ਨੂੰ ਸ਼ਾਮ 5 ਵਜੇ। ਬਾਅਦ ਵਿਚ ਕੰਮ ਤੇ ਲੱਗੇ ਮਜ਼ਦੂਰਾਂ ਵਿੱਚੋਂ ਕਿਸੇ ਨੇ ਵੀ ਪੂਰੇ 12 ਘੰਟੇ ਕੰਮ ਨਹੀਂ ਕਰਨਾ ਸੀ। ਮਜ਼ਦੂਰੀ ਬਾਰੇ ਮਾਲਕ ਨੇ ਉਨ੍ਹਾਂ ਨੂੰ ਕਿਹਾ: “ਜੋ ਹੱਕ ਹੋਵੇਗਾ ਸੋ ਤੁਹਾਨੂੰ ਦਿਆਂਗਾ।”

ਸ਼ਾਮ ਪੈਣ ਤੇ ਮਾਲਕ ਨੇ ਆਪਣੇ ਮੁਖ਼ਤਿਆਰ ਨੂੰ ਆਖਿਆ ਕਿ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਦੇਵੇ। ਉਸ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਸੱਦੇ ਜਿਨ੍ਹਾਂ ਨੂੰ ਬਾਅਦ ਵਿਚ ਕੰਮ ਤੇ ਲਾਇਆ ਗਿਆ ਸੀ। ਇਨ੍ਹਾਂ ਨੇ ਭਾਵੇਂ ਸਿਰਫ਼ ਇੱਕੋ ਘੰਟਾ ਕੰਮ ਕੀਤਾ ਸੀ, ਪਰ ਇਨ੍ਹਾਂ ਨੂੰ ਪੂਰੀ ਦਿਹਾੜੀ ਦਿੱਤੀ ਗਈ। ਅਸੀਂ ਸੋਚ ਸਕਦੇ ਹਾਂ ਕਿ ਇਸ ਨਾਲ ਦੂਸਰੇ ਮਜ਼ਦੂਰ ਕਿੰਨੇ ਖ਼ੁਸ਼ ਹੋਏ ਹੋਣੇ। ਪੂਰੇ 12 ਘੰਟੇ ਕੰਮ ਕਰਨ ਵਾਲਿਆਂ ਨੇ ਸੋਚਿਆ ਹੋਣਾ ਕਿ ਉਨ੍ਹਾਂ ਨੂੰ ਜ਼ਿਆਦਾ ਦਿਹਾੜੀ ਮਿਲੇਗੀ। ਪਰ ਉਨ੍ਹਾਂ ਨੂੰ ਵੀ ਉੱਨੀ ਦਿਹਾੜੀ ਮਿਲੀ।

ਉਨ੍ਹਾਂ ਤੇ ਇਸ ਦਾ ਕੀ ਪ੍ਰਭਾਵ ਪਿਆ? “ਓਹ ਇਹ ਲੈਕੇ ਘਰ ਦੇ ਮਾਲਕ ਉੱਤੇ ਕੁੜ੍ਹਨ ਲੱਗੇ ਅਤੇ ਬੋਲੇ ਜੋ ਇਨ੍ਹਾਂ ਪਿਛਲਿਆਂ ਨੇ ਇੱਕੋ ਘੜੀ ਕੰਮ ਕੀਤਾ ਅਰ ਤੈਂ ਇਨ੍ਹਾਂ ਨੂੰ ਸਾਡੇ ਬਰਾਬਰ ਕਰ ਦਿੱਤਾ ਜਿਨ੍ਹਾਂ ਸਾਰੇ ਦਿਨ ਦਾ ਭਾਰ ਅਤੇ ਧੁੱਪ ਸਹੀ।”

ਪਰ ਮਾਲਕ ਦਾ ਸੋਚਣਾ ਵੱਖਰਾ ਸੀ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਉੱਨੀ ਹੀ ਦਿਹਾੜੀ ਮਿਲੀ ਜਿੰਨੀ ਤੈ ਹੋਈ ਸੀ, ਘੱਟ ਨਹੀਂ। ਬਾਅਦ ਵਿਚ ਕੰਮ ਤੇ ਲੱਗਣ ਵਾਲਿਆਂ ਨੂੰ ਉਸ ਨੇ ਪੂਰੀ ਦਿਹਾੜੀ ਦੇਣ ਦਾ ਫ਼ੈਸਲਾ ਕੀਤਾ ਜੋ ਉਨ੍ਹਾਂ ਦੀ ਉਮੀਦ ਤੋਂ ਜ਼ਿਆਦਾ ਸੀ। ਦਰਅਸਲ ਕਿਸੇ ਨੂੰ ਵੀ ਪੂਰੀ ਦਿਹਾੜੀ ਤੋਂ ਘੱਟ ਪੈਸੇ ਨਹੀਂ ਮਿਲੇ ਸਨ, ਪਰ ਕਈਆਂ ਨੂੰ ਉਮੀਦ ਤੋਂ ਵੱਧ ਜ਼ਰੂਰ ਮਿਲੇ ਸਨ। ਅਖ਼ੀਰ ਵਿਚ ਮਾਲਕ ਨੇ ਪੁੱਛਿਆ: “ਭਲਾ, ਮੇਰਾ ਇਖ਼ਤਿਆਰ ਨਹੀਂ ਕਿ ਆਪਣੇ ਮਾਲ ਨਾਲ ਜੋ ਚਾਹਾਂ ਸੋ ਕਰਾਂ?”

ਹੁਣ ਜ਼ਰਾ ਸੋਚੋ ਕਿ ਜੇਕਰ ਮਾਲਕ ਦੇ ਮੁਖ਼ਤਿਆਰ ਨੇ ਪੂਰਾ ਦਿਨ ਕੰਮ ਕਰਨ ਵਾਲਿਆਂ ਨੂੰ ਦਿਹਾੜੀ ਪਹਿਲਾਂ ਦੇ ਦਿੱਤੀ ਹੁੰਦੀ, ਤਾਂ ਉਨ੍ਹਾਂ ਨੇ ਆਪਣੀ ਦਿਹਾੜੀ ਲੈ ਕੇ ਖ਼ੁਸ਼ੀ-ਖ਼ੁਸ਼ੀ ਚਲੇ ਜਾਣਾ ਸੀ। ਉਨ੍ਹਾਂ ਵਿਚ ਨਾਰਾਜ਼ਗੀ ਸਿਰਫ਼ ਉਸ ਸਮੇਂ ਪੈਦਾ ਹੋਈ ਜਦੋਂ ਉਨ੍ਹਾਂ ਨੇ ਦੇਖਿਆ ਕਿ ਬਾਕੀਆਂ ਨੂੰ ਘੱਟ ਕੰਮ ਕਰਨ ਤੇ ਵੀ ਉੱਨੀ ਹੀ ਦਿਹਾੜੀ ਮਿਲੀ ਜਿੰਨੀ ਪੂਰਾ ਦਿਨ ਕੰਮ ਕਰਨ ਵਾਲਿਆਂ ਨੂੰ ਮਿਲੀ ਸੀ। ਇਸ ਤੋਂ ਉਨ੍ਹਾਂ ਨੂੰ ਇੰਨਾ ਗੁੱਸਾ ਚੜ੍ਹਿਆ ਕਿ ਉਹ ਉਸ ਮਾਲਕ ਦੇ ਖ਼ਿਲਾਫ਼ ਵੀ ਬੁੜ-ਬੁੜ ਕਰਨ ਲੱਗੇ, ਜਿਸ ਦੇ ਉਹ ਪਹਿਲਾਂ ਇੰਨੇ ਸ਼ੁਕਰਗੁਜ਼ਾਰ ਸਨ ਕਿ ਉਸ ਨੇ ਉਨ੍ਹਾਂ ਨੂੰ ਕੰਮ ਤੇ ਲਾਇਆ।

ਇਸ ਦ੍ਰਿਸ਼ਟਾਂਤ ਤੋਂ ਪਤਾ ਲੱਗਦਾ ਹੈ ਕਿ ਦੂਸਰਿਆਂ ਨਾਲ ਆਪਣੀ ਤੁਲਨਾ ਕਰਨ ਤੇ ਕੀ ਹੁੰਦਾ ਹੈ। ਜੇ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਯਾਦ ਰੱਖਾਂਗੇ ਤੇ ਉਸ ਦੀਆਂ ਬਰਕਤਾਂ ਲਈ ਸ਼ੁਕਰਗੁਜ਼ਾਰ ਰਹਾਂਗੇ, ਤਾਂ ਅਸੀਂ ਸੰਤੁਸ਼ਟੀ ਪਾਵਾਂਗੇ। ਹੋਰਨਾਂ ਨਾਲ ਆਪਣੀ ਤੁਲਨਾ ਨਾ ਕਰੋ। ਜੇ ਤੁਹਾਨੂੰ ਲੱਗੇ ਕਿ ਯਹੋਵਾਹ ਨੇ ਕਿਸੇ ਲਈ ਕੁਝ ਜ਼ਿਆਦਾ ਕੀਤਾ ਹੈ, ਤਾਂ ਉਨ੍ਹਾਂ ਲਈ ਖ਼ੁਸ਼ ਹੋਵੋ।

ਪਰ ਇਕ ਗੱਲ ਯਹੋਵਾਹ ਤੁਹਾਡੇ ਤੋਂ ਜ਼ਰੂਰ ਚਾਹੁੰਦਾ ਹੈ। ਉਹ ਕੀ ਹੈ? ਗਲਾਤੀਆਂ 6:4 (ਈਜ਼ੀ ਟੂ ਰੀਡ ਵਰਯਨ) ਵਿਚ ਕਿਹਾ ਗਿਆ ਹੈ: “ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉਪਰ ਮਾਣ ਕਰ ਸਕਦਾ ਹੈ।” ਇਸ ਦਾ ਮਤਲਬ ਹੈ ਕਿ ਸਾਨੂੰ ਅਜਿਹੇ ਟੀਚੇ ਰੱਖਣੇ ਚਾਹੀਦੇ ਹਨ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਦੇ ਹਾਂ। ਫਿਰ ਸਾਨੂੰ ਪੂਰੀ ਵਾਹ ਲਾ ਕੇ ਕੰਮ ਕਰਨਾ ਚਾਹੀਦਾ ਹੈ। ਆਪਣੀ ਮੰਜ਼ਲ ਤੇ ਪਹੁੰਚਣ ਤੇ ਅਸੀਂ ਉਸ ਤੇ ‘ਮਾਣ ਕਰ ਸਕਾਂਗੇ’ ਅਤੇ ਇਸ ਤੋਂ ਸਾਨੂੰ ਸੰਤੁਸ਼ਟੀ ਹਾਸਲ ਹੋਵੇਗੀ।

ਸਬਰ ਦਾ ਫਲ ਜ਼ਰੂਰ ਮਿਲੇਗਾ

ਤਿੰਨ ਸਿਧਾਂਤਾਂ ਤੇ ਗੌਰ ਕਰ ਕੇ ਅਸੀਂ ਦੇਖਿਆ ਹੈ ਕਿ ਭਾਵੇਂ ਅਸੀਂ ਪਾਪੀ ਹਾਂ ਤੇ ਇਨ੍ਹਾਂ ਆਖ਼ਰੀ ਦਿਨਾਂ ਦੇ ਭੈੜੇ ਸਮਿਆਂ ਵਿਚ ਜੀ ਰਹੇ ਹਾਂ, ਫਿਰ ਵੀ ਬਾਈਬਲ ਦੇ ਸਿਧਾਂਤਾਂ ਤੇ ਚੱਲ ਕੇ ਅਸੀਂ ਸੰਤੁਸ਼ਟੀ ਪਾ ਸਕਦੇ ਹਾਂ। ਰੋਜ਼ਾਨਾ ਬਾਈਬਲ ਪੜ੍ਹਦੇ ਸਮੇਂ ਇਸ ਤਰ੍ਹਾਂ ਦੇ ਸਿਧਾਂਤਾਂ ਦੀ ਤਲਾਸ਼ ਵਿਚ ਰਹੋ ਜੋ ਸੰਤੁਸ਼ਟੀ ਪਾਉਣ ਵਿਚ ਤੁਹਾਡੀ ਮਦਦ ਕਰਨਗੇ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸੰਤੁਸ਼ਟੀ ਘੱਟ ਰਹੀ ਹੈ, ਤਾਂ ਉਸ ਦੀ ਵਜ੍ਹਾ ਲੱਭਣ ਦੀ ਕੋਸ਼ਿਸ਼ ਕਰੋ। ਫਿਰ ਹਾਲਾਤ ਸੁਧਾਰਨ ਲਈ ਬਾਈਬਲ ਦੇ ਸਿਧਾਂਤ ਲਾਗੂ ਕਰੋ। ਸਿਧਾਂਤ ਲੱਭਣ ਲਈ ਤੁਸੀਂ ਅੰਗ੍ਰੇਜ਼ੀ ਦਾ ਵਾਚ ਟਾਵਰ ਪ੍ਰਕਾਸ਼ਨ ਇੰਡੈਕਸ * ਵਰਤ ਸਕਦੇ ਹੋ ਜਾਂ ਜੇਕਰ ਤੁਹਾਡੇ ਕੋਲ ਕੰਪਿਊਟਰ ਹੈ, ਤਾਂ ਤੁਸੀਂ ਸੀ. ਡੀ.-ਰੋਮ ਤੇ ਵਾਚਟਾਵਰ ਲਾਇਬ੍ਰੇਰੀ * ਵਰਤ ਸਕਦੇ ਹੋ। ਇਨ੍ਹਾਂ ਦੀ ਮਦਦ ਨਾਲ ਤੁਸੀਂ ਬਾਈਬਲ ਦੇ ਸਿਧਾਂਤ ਆਸਾਨੀ ਨਾਲ ਲੱਭ ਸਕੋਗੇ।

ਉਹ ਸਮਾਂ ਹੁਣ ਨੇੜੇ ਹੈ ਜਦ ਯਹੋਵਾਹ ਆਪਣੇ ਸੇਵਕਾਂ ਨੂੰ ਧਰਤੀ ਤੇ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ। ਉਸ ਸਮੇਂ ਸਾਡੀ ਜ਼ਿੰਦਗੀ ਵਿਚ ਪੂਰੀ ਸੰਤੁਸ਼ਟੀ ਹੋਵੇਗੀ।

[ਫੁਟਨੋਟ]

^ ਪੈਰਾ 30 ਇਹ ਪ੍ਰਕਾਸ਼ਨ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਹਨ।

^ ਪੈਰਾ 30 ਇਹ ਪ੍ਰਕਾਸ਼ਨ ਯਹੋਵਾਹ ਦੇ ਗਵਾਹਾਂ ਦੁਆਰਾ ਤਿਆਰ ਕੀਤੇ ਗਏ ਹਨ।

[ਸਫ਼ਾ 12 ਉੱਤੇ ਸੁਰਖੀ]

“ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।”—ਰੋਮੀਆਂ 3:23

[ਸਫ਼ਾ 13 ਉੱਤੇ ਸੁਰਖੀ]

ਯਿਸੂ ਨੇ ‘ਦੁੱਖ ਭੋਗ ਕੇ ਆਗਿਆਕਾਰੀ ਸਿੱਖੀ।’—ਇਬਰਾਨੀਆਂ 5:8, 9

[ਸਫ਼ਾ 15 ਉੱਤੇ ਸੁਰਖੀ]

“ਹਰ ਵਿਅਕਤੀ ਨੂੰ ਖੁਦ ਆਪਣੇ ਕਰਮਾਂ ਨੂੰ ਪਰਖਣਾ ਚਾਹੀਦਾ ਹੈ। ਉਦੋਂ ਉਹ ਖੁਦ ਆਪਣੇ ਕੀਤੇ ਹੋਏ ਉਪਰ ਮਾਣ ਕਰ ਸਕਦਾ ਹੈ।”—ਗਲਾਤੀਆਂ 6:4, ਈਜ਼ੀ ਟੂ ਰੀਡ ਵਰਯਨ