Skip to content

Skip to table of contents

ਬੀਮਾਰੀ ਦੇ ਬਾਵਜੂਦ ਮੈਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕੀਤੀ

ਬੀਮਾਰੀ ਦੇ ਬਾਵਜੂਦ ਮੈਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕੀਤੀ

ਜੀਵਨੀ

ਬੀਮਾਰੀ ਦੇ ਬਾਵਜੂਦ ਮੈਂ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕੀਤੀ

ਵੋਰਨੋਵਸ ਸਪੇਟਸਯੌਟੀਸ ਦੀ ਜ਼ਬਾਨੀ

ਸਾਲ 1990 ਵਿਚ 68 ਸਾਲਾਂ ਦੀ ਉਮਰ ਤੇ ਮੇਰਾ ਪੂਰਾ ਸਰੀਰ ਅਧਰੰਗ ਨਾਲ ਮਾਰਿਆ ਗਿਆ ਸੀ। ਫਿਰ ਵੀ ਮੈਂ ਲਗਭਗ ਪਿੱਛਲੇ 15 ਸਾਲਾਂ ਤੋਂ ਸਾਈਪ੍ਰਸ ਦੇ ਟਾਪੂ ਉੱਤੇ ਖ਼ੁਸ਼ੀ ਨਾਲ ਪਾਇਨੀਅਰੀ ਕਰ ਰਿਹਾ ਹਾਂ। ਬੀਮਾਰ ਹੋਣ ਦੇ ਬਾਵਜੂਦ ਮੈਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦੀ ਤਾਕਤ ਕਿੱਥੋਂ ਮਿਲੀ ਹੈ?

ਮੇਰਾ ਜਨਮ 11 ਅਕਤੂਬਰ 1922 ਨੂੰ ਹੋਇਆ ਅਤੇ ਅਸੀਂ 9 ਭੈਣ-ਭਰਾ ਸੀ—ਚਾਰ ਭਰਾ ਤੇ ਪੰਜ ਭੈਣਾਂ। ਅਸੀਂ ਸਾਰੇ ਸਾਈਪ੍ਰਸ ਦੇ ਕਸੀਲੌਫੋਗੂ ਪਿੰਡ ਵਿਚ ਰਹਿੰਦੇ ਸੀ। ਭਾਵੇਂ ਮੇਰੇ ਮਾਤਾ-ਪਿਤਾ ਗ਼ਰੀਬ ਨਹੀਂ ਸਨ, ਪਰ ਫਿਰ ਵੀ ਇੰਨੇ ਵੱਡੇ ਟੱਬਰ ਦੀ ਦੇਖ-ਭਾਲ ਕਰਨ ਲਈ ਉਨ੍ਹਾਂ ਨੂੰ ਖੇਤਾਂ ਵਿਚ ਕਾਫ਼ੀ ਮਿਹਨਤ ਕਰਨੀ ਪੈਂਦੀ ਸੀ।

ਮੇਰੇ ਪਿਤਾ ਜੀ ਨੂੰ ਸ਼ੁਰੂ ਤੋਂ ਹੀ ਕਿਤਾਬਾਂ ਪੜ੍ਹਨ ਅਤੇ ਨਵੀਆਂ ਗੱਲਾਂ ਸਿੱਖਣ ਦਾ ਸ਼ੌਕ ਸੀ। ਮੇਰੇ ਜਨਮ ਤੋਂ ਕੁਝ ਹੀ ਦੇਰ ਬਾਅਦ ਦੀ ਗੱਲ ਹੈ, ਜਦ ਮੇਰੇ ਪਿਤਾ ਜੀ ਪਿੰਡ ਦੇ ਅਧਿਆਪਕ ਨੂੰ ਮਿਲਣ ਗਏ, ਤਾਂ ਉਨ੍ਹਾਂ ਨੇ ਉੱਥੇ ਪੀਪਲਜ਼ ਪਲਪਿਟ ਨਾਮਕ ਟ੍ਰੈਕਟ ਦੇਖਿਆ ਜੋ ਬਾਈਬਲ ਸਟੂਡੈਂਟਸ (ਹੁਣ ਯਹੋਵਾਹ ਦੇ ਗਵਾਹ) ਦੁਆਰਾ ਛਾਪਿਆ ਗਿਆ ਸੀ। ਉਨ੍ਹਾਂ ਨੇ ਇਸ ਟ੍ਰੈਕਟ ਨੂੰ ਬੜੀ ਦਿਲਚਸਪੀ ਨਾਲ ਪੜ੍ਹਿਆ ਅਤੇ ਇਸ ਵਿਚ ਲਿਖੀਆਂ ਗੱਲਾਂ ਆਪਣੇ ਦੋਸਤ ਆਂਡ੍ਰੈਅਸ ਕ੍ਰਿਸਟੂ ਨਾਲ ਸਾਂਝੀਆਂ ਕੀਤੀਆਂ। ਇਸ ਤਰ੍ਹਾਂ ਇਹ ਦੋਵੇਂ ਇਸ ਟਾਪੂ ਦੇ ਪਹਿਲੇ ਯਹੋਵਾਹ ਦੇ ਗਵਾਹ ਬਣੇ।

ਵਿਰੋਧਤਾ ਦੇ ਬਾਵਜੂਦ ਵਾਧਾ

ਪਿਤਾ ਜੀ ਅਤੇ ਆਂਡ੍ਰੈਅਸ ਨੇ ਜਲਦ ਹੀ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀਆਂ ਗਈਆਂ ਹੋਰ ਕਿਤਾਬਾਂ ਮੰਗਵਾਈਆਂ। ਫਿਰ ਉਹ ਦੋਵੇਂ ਪਿੰਡ ਦੇ ਲੋਕਾਂ ਨਾਲ ਬਾਈਬਲ ਵਿੱਚੋਂ ਸਿੱਖੀਆਂ ਗੱਲਾਂ ਸਾਂਝੀਆਂ ਕਰਨ ਲੱਗ ਪਏ। ਪਰ ਗ੍ਰੀਕ ਆਰਥੋਡਾਕਸ ਚਰਚ ਦੇ ਪਾਦਰੀਆਂ ਨੇ ਅਤੇ ਹੋਰਾਂ ਲੋਕਾਂ ਨੇ ਉਨ੍ਹਾਂ ਦੇ ਪ੍ਰਚਾਰ ਦਾ ਵਿਰੋਧ ਕੀਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਯਹੋਵਾਹ ਦੇ ਗਵਾਹ ਉਨ੍ਹਾਂ ਨੂੰ ਗ਼ਲਤ ਰਸਤੇ ਪਾ ਰਹੇ ਹਨ।

ਪਰ ਪਿੰਡ ਦੇ ਕਈ ਲੋਕ ਇਨ੍ਹਾਂ ਦੋਵਾਂ ਦਾ ਆਦਰ-ਸਤਿਕਾਰ ਵੀ ਕਰਦੇ ਸਨ। ਪਿਤਾ ਜੀ ਪਿੰਡ ਵਿਚ ਆਪਣੀ ਦਿਆਲਗੀ ਅਤੇ ਖੁੱਲ੍ਹੇ ਦਿਲ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਕਈ ਗ਼ਰੀਬ ਪਰਿਵਾਰਾਂ ਦੀ ਮਦਦ ਕੀਤੀ। ਕਈ ਵਾਰ ਤਾਂ ਉਹ ਅੱਧੀ ਰਾਤ ਨੂੰ ਚੋਰੀ ਛੁਪੇ ਗ਼ਰੀਬਾਂ ਦੇ ਦਰਾਂ ਸਾਮ੍ਹਣੇ ਖਾਣ-ਪੀਣ ਦੀਆਂ ਚੀਜ਼ਾਂ ਰੱਖ ਆਉਂਦੇ ਸਨ। ਉਨ੍ਹਾਂ ਦੇ ਇਨ੍ਹਾਂ ਚੰਗੇ ਗੁਣਾਂ ਕਰਕੇ ਲੋਕ ਬਾਈਬਲ ਦੇ ਸੰਦੇਸ਼ ਵੱਲ ਖਿੱਚੇ ਗਏ।—ਮੱਤੀ 5:16.

ਨਤੀਜੇ ਵਜੋਂ ਪਿੰਡ ਦੇ ਬਾਰਾਂ ਕੁ ਲੋਕਾਂ ਨੇ ਬਾਈਬਲ ਵਿਚ ਦਿਲਚਸਪੀ ਦਿਖਾਈ। ਜਿਉਂ-ਜਿਉਂ ਇਨ੍ਹਾਂ ਲੋਕਾਂ ਦਾ ਗਿਆਨ ਵਧਦਾ ਗਿਆ, ਉਨ੍ਹਾਂ ਨੇ ਇਕੱਠੇ ਹੋ ਕੇ ਬਾਈਬਲ ਦੀ ਸਟੱਡੀ ਕਰਨ ਦੀ ਲੋੜ ਮਹਿਸੂਸ ਕੀਤੀ। ਲਗਭਗ 1934 ਵਿਚ ਭਰਾ ਨਿਕੋਸ ਮਾਥੇਆਘਿਸ, ਜੋ ਕਿ ਇਕ ਫੁਲ-ਟਾਈਮ ਪ੍ਰਚਾਰਕ ਸਨ, ਯੂਨਾਨ ਤੋਂ ਸਾਈਪ੍ਰਸ ਪ੍ਰਚਾਰ ਦੇ ਕੰਮ ਵਿਚ ਮਦਦ ਕਰਨ ਲਈ ਆਏ। ਇੱਥੇ ਉਹ ਸਾਈਪ੍ਰਸ ਦੇ ਕਸੀਲੌਫੋਗੂ ਗਰੁੱਪ ਨਾਲ ਰਲ ਗਿਆ। ਧੀਰਜ ਅਤੇ ਦ੍ਰਿੜ੍ਹਤਾ ਨਾਲ ਭਰਾ ਮਾਥੇਆਘਿਸ ਨੇ ਗਰੁੱਪ ਦੇ ਭੈਣਾਂ-ਭਰਾਵਾਂ ਨੂੰ ਸਭਾਵਾਂ ਅਤੇ ਪ੍ਰਚਾਰ ਕਰਨ ਵਿਚ ਮਦਦ ਦਿੱਤੀ ਅਤੇ ਬਾਈਬਲ ਬਾਰੇ ਉਨ੍ਹਾਂ ਦੀ ਸਮਝ ਵਧਾਈ। ਇਸ ਗਰੁੱਪ ਤੋਂ ਸਾਈਪ੍ਰਸ ਵਿਚ ਯਹੋਵਾਹ ਦੇ ਗਵਾਹਾਂ ਦੀ ਪਹਿਲੀ ਕਲੀਸਿਯਾ ਬਣੀ।

ਪ੍ਰਚਾਰ ਦਾ ਕੰਮ ਵਧਦਾ ਗਿਆ ਅਤੇ ਕਈ ਹੋਰ ਲੋਕਾਂ ਨੇ ਬਾਈਬਲ ਦੀ ਸਟੱਡੀ ਕਰਨੀ ਸ਼ੁਰੂ ਕੀਤੀ। ਭਰਾਵਾਂ ਨੂੰ ਲੱਗਾ ਕਿ ਇਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਸਭਾਵਾਂ ਦਾ ਇਕ ਪੱਕੀ ਜਗ੍ਹਾ ਤੇ ਹੋਣਾ ਬਹੁਤ ਜ਼ਰੂਰੀ ਸੀ। ਇਸ ਲਈ ਮੇਰੇ ਵੱਡੇ ਭਰਾ ਜੋਰਜ ਤੇ ਭਾਬੀ ਐਲੇਨੀ ਨੇ ਸਭਾਵਾਂ ਲਈ ਆਪਣਾ ਕੋਠੜਾ ਦੇ ਦਿੱਤਾ ਜੋ ਉਨ੍ਹਾਂ ਦੇ ਘਰ ਦੇ ਨਾਲ ਲੱਗਦਾ ਸੀ। ਇਸ ਦੀ ਮੁਰੰਮਤ ਕਰਨ ਤੋਂ ਬਾਅਦ ਇਹ ਸਭਾਵਾਂ ਲਈ ਇਸਤੇਮਾਲ ਕੀਤਾ ਜਾਣ ਲੱਗਾ। ਇਹ ਸਾਈਪ੍ਰਸ ਦੇ ਟਾਪੂ ਉੱਤੇ ਪਹਿਲਾ ਕਿੰਗਡਮ ਹਾਲ ਸੀ। ਭੈਣ-ਭਰਾ ਬਹੁਤ ਖ਼ੁਸ਼ ਹੋਏ। ਆਪਣਾ ਕਿੰਗਡਮ ਹਾਲ ਹੋਣ ਕਰਕੇ ਬਹੁਤ ਵਾਧਾ ਵੀ ਹੋਇਆ!

ਮੈਂ ਸੱਚਾਈ ਨੂੰ ਅਪਣਾਇਆ

ਸਾਲ 1938 ਵਿਚ ਮੈਂ 16 ਸਾਲਾਂ ਦੀ ਉਮਰ ਤੇ ਤਰਖਾਣ ਬਣਨ ਦਾ ਫ਼ੈਸਲਾ ਕੀਤਾ। ਮੇਰੇ ਪਿਤਾ ਜੀ ਨੇ ਮੈਨੂੰ ਤਰਖਾਣ ਦਾ ਕੰਮ ਸਿੱਖਣ ਲਈ ਸਾਈਪ੍ਰਸ ਦੀ ਰਾਜਧਾਨੀ ਨਿਕੋਸ਼ੀਆ ਭੇਜ ਦਿੱਤਾ। ਉੱਥੇ ਉਨ੍ਹਾਂ ਨੇ ਮੇਰੇ ਰਹਿਣ ਦਾ ਬੰਦੋਬਸਤ ਭਰਾ ਨਿਕੋਸ ਮਾਥੇਆਘਿਸ ਨਾਲ ਕਰ ਕੇ ਸਮਝਦਾਰੀ ਦਾ ਕੰਮ ਕੀਤਾ। ਕਸੀਲੌਫੋਗੂ ਟਾਪੂ ਦੇ ਲੋਕ ਅਜੇ ਵੀ ਭਰਾ ਮਾਥੇਆਘਿਸ ਨੂੰ ਉਨ੍ਹਾਂ ਦੇ ਨਿੱਘੇ

ਸੁਭਾਅ ਅਤੇ ਮਹਿਮਾਨਨਿਵਾਜ਼ੀ ਲਈ ਯਾਦ ਕਰਦੇ ਹਨ। ਉਨ੍ਹੀਂ ਦਿਨੀਂ ਸਾਈਪ੍ਰਸ ਟਾਪੂ ਤੇ ਹਰ ਮਸੀਹੀ ਨੂੰ ਭਰਾ ਮਾਥੇਆਘਿਸ ਵਾਂਗ ਜੋਸ਼, ਦ੍ਰਿੜ੍ਹਤਾ ਅਤੇ ਹਿੰਮਤ ਵਰਗੇ ਗੁਣ ਪੈਦਾ ਕਰਨ ਦੀ ਜ਼ਰੂਰਤ ਸੀ।

ਸੱਚਾਈ ਵਿਚ ਆਪਣੇ ਪੈਰ ਜਮਾਉਣ ਅਤੇ ਤਰੱਕੀ ਕਰਨ ਵਿਚ ਭਰਾ ਮਾਥੇਆਘਿਸ ਨੇ ਮੇਰੀ ਬਹੁਤ ਮਦਦ ਕੀਤੀ। ਉਨ੍ਹਾਂ ਨਾਲ ਰਹਿੰਦੇ ਵਕਤ ਮੈਂ ਉਨ੍ਹਾਂ ਦੇ ਘਰ ਵਿਚ ਹੋਣ ਵਾਲੀਆਂ ਸਾਰੀਆਂ ਸਭਾਵਾਂ ਵਿਚ ਹਜ਼ਾਰ ਹੁੰਦਾ ਸੀ। ਜ਼ਿੰਦਗੀ ਵਿਚ ਪਹਿਲੀ ਵਾਰ ਯਹੋਵਾਹ ਲਈ ਮੇਰਾ ਪਿਆਰ ਵਧ ਰਿਹਾ ਸੀ। ਮੈਂ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਜੋੜਨ ਦਾ ਇਰਾਦਾ ਕਰ ਲਿਆ। ਸਾਲ 1939 ਵਿਚ ਮੈਂ ਭਰਾ ਮਾਥੇਆਘਿਸ ਨੂੰ ਉਨ੍ਹਾਂ ਨਾਲ ਘਰ-ਘਰ ਪ੍ਰਚਾਰ ਕਰਨ ਬਾਰੇ ਪੁੱਛਿਆ।

ਕੁਝ ਸਮੇਂ ਬਾਅਦ ਮੈਂ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ ਵਾਪਸ ਘਰ ਆਇਆ। ਪਿਤਾ ਜੀ ਨਾਲ ਸਮਾਂ ਬਿਤਾਉਣ ਨਾਲ ਮੇਰਾ ਯਕੀਨ ਹੋਰ ਵੀ ਪੱਕਾ ਹੋ ਗਿਆ ਕਿ ਮੈਂ ਸੱਚਾਈ ਅਤੇ ਜੀਵਨ ਦੇ ਮਕਸਦ ਨੂੰ ਲੱਭ ਲਿਆ ਸੀ। ਸਤੰਬਰ 1939 ਵਿਚ ਦੂਜਾ ਵਿਸ਼ਵ ਯੁੱਧ ਛਿੜ ਪਿਆ। ਮੇਰੀ ਉਮਰ ਦੇ ਕਈ ਨੌਜਵਾਨਾਂ ਨੇ ਲੜਾਈ ਵਿਚ ਹਿੱਸਾ ਲਿਆ। ਪਰ ਬਾਈਬਲ ਦੀ ਸਲਾਹ ਨੂੰ ਮੰਨਦੇ ਹੋਏ ਮੈਂ ਨਿਰਪੱਖ ਰਿਹਾ। (ਯਸਾਯਾਹ 2:4; ਯੂਹੰਨਾ 15:19) ਉਸੇ ਸਾਲ ਮੈਂ ਯਹੋਵਾਹ ਦੀ ਸੇਵਾ ਕਰਨ ਦਾ ਵਾਅਦਾ ਕੀਤਾ ਅਤੇ 1940 ਵਿਚ ਬਪਤਿਸਮਾ ਲੈ ਲਿਆ। ਜ਼ਿੰਦਗੀ ਵਿਚ ਪਹਿਲੀ ਵਾਰ ਮੇਰੇ ਮਨ ਵਿਚ ਕਿਸੇ ਇਨਸਾਨ ਦਾ ਡਰ ਨਹੀਂ ਸੀ।

ਸਾਲ 1948 ਵਿਚ ਮੈਂ ਏਫਟਰਪੀਓ ਨਾਲ ਸ਼ਾਦੀ ਕੀਤੀ ਅਤੇ ਸਾਡੇ ਚਾਰ ਬੱਚੇ ਹੋਏ। ਜਲਦ ਹੀ ਸਾਨੂੰ ਇਹ ਅਹਿਸਾਸ ਹੋਇਆ ਕਿ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ਲਈ ਸਾਨੂੰ ਉਨ੍ਹਾਂ ਨੂੰ “ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ” ਕਰਨੀ ਚਾਹੀਦੀ ਹੈ। (ਅਫ਼ਸੀਆਂ 6:4) ਸਖ਼ਤ ਮਿਹਨਤ ਕਰਨ ਦੇ ਨਾਲ-ਨਾਲ ਅਸੀਂ ਯਹੋਵਾਹ ਅੱਗੇ ਇਹੀ ਅਰਦਾਸ ਕਰਦੇ ਸੀ ਕਿ ਅਸੀਂ ਆਪਣੇ ਬੱਚਿਆਂ ਦੇ ਦਿਲਾਂ ਵਿਚ ਉਸ ਲਈ ਪਿਆਰ ਅਤੇ ਉਸ ਦੇ ਅਸੂਲਾਂ ਲਈ ਸ਼ਰਧਾ ਪੈਦਾ ਕਰ ਸਕੀਏ।

ਮਾੜੀ ਸਿਹਤ ਕਾਰਨ ਮੁਸ਼ਕਲਾਂ

ਸਾਲ 1964 ਵਿਚ ਜਦ ਮੈਂ 42 ਸਾਲਾਂ ਦਾ ਸੀ, ਮੈਂ ਧਿਆਨ ਦਿੱਤਾ ਕਿ ਮੇਰਾ ਸੱਜਾ ਹੱਥ ਤੇ ਲੱਤ ਸੁੰਨ ਹੋ ਜਾਂਦੇ ਸਨ। ਹੌਲੀ-ਹੌਲੀ ਮੇਰਾ ਖੱਬਾ ਪਾਸਾ ਵੀ ਸੁੰਨ ਹੋਣ ਲੱਗ ਪਿਆ। ਡਾਕਟਰਾਂ ਨੇ ਕਿਹਾ ਕਿ ਮੇਰੀਆਂ ਮਾਸ-ਪੇਸ਼ੀਆਂ ਕਮਜ਼ੋਰ ਹੋ ਗਈਆਂ ਸਨ ਤੇ ਸਹਿਜੇ-ਸਹਿਜੇ ਮੇਰਾ ਸਾਰਾ ਸਰੀਰ ਅਧਰੰਗ ਨਾਲ ਮਾਰਿਆ ਜਾਵੇਗਾ। ਇਹ ਖ਼ਬਰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਸਭ ਕੁਝ ਅਚਾਨਕ ਅਤੇ ਇਕ ਦਮ ਹੀ ਹੋ ਗਿਆ। ਮੇਰੀ ਸਮਝ ਵਿਚ ਕੁਝ ਨਹੀਂ ਆ ਰਿਹਾ ਸੀ। ਮੇਰਾ ਦਿਲ ਗੁੱਸੇ ਨਾਲ ਭਰਿਆ ਪਿਆ ਸੀ। ਮੈਂ ਸੋਚਿਆ, ‘ਮੇਰੇ ਨਾਲ ਹੀ ਇਹ ਸਭ ਕੁਝ ਕਿਉਂ ਹੋਣਾ ਸੀ? ਮੈਂ ਕਿਸੇ ਦਾ ਕੀ ਵਿਗਾੜਿਆ ਹੈ?’ ਪਰ ਜਲਦ ਹੀ ਮੈਂ ਆਪਣੇ ਗੁੱਸੇ ਨੂੰ ਕਾਬੂ ਕਰ ਕੇ ਇਸ ਸਦਮੇ ਨੂੰ ਸਹਿ ਲਿਆ। ਸਿਰਫ਼ ਮੈਂ ਤੇ ਮੇਰਾ ਰੱਬ ਹੀ ਜਾਣਦਾ ਹੈ ਕਿ ਉਸ ਵੇਲੇ ਮੇਰੇ ਉੱਤੇ ਕੀ ਬੀਤੀ। ਮੈਨੂੰ ਬੜੀ ਬੇਚੈਨੀ ਹੋਣ ਲੱਗ ਪਈ ਅਤੇ ਮੇਰੇ ਦਿਮਾਗ਼ ਵਿਚ ਤਰ੍ਹਾਂ-ਤਰ੍ਹਾਂ ਦੇ ਸਵਾਲ ਆਉਂਦੇ ਰਹੇ। ਕੀ ਅਧਰੰਗ ਨਾਲ ਸੱਚ-ਮੁੱਚ ਮੇਰਾ ਸਰੀਰ ਬੇਕਾਰ ਹੋ ਜਾਵੇਗਾ ਅਤੇ ਮੈਨੂੰ ਲੋਕਾਂ ਦੇ ਸਹਾਰੇ ਜੀਣਾ ਪਾਵੇਗਾ? ਮੈਂ ਇਹ ਸਭ ਕੁਝ ਕਿਵੇਂ ਸਹਾਂਗਾ? ਕੀ ਮੈਂ ਆਪਣੇ ਪਰਿਵਾਰ ਦੀ ਦੇਖ-ਭਾਲ ਕਰ ਪਾਵਾਂਗਾ? ਇਹ ਸਾਰੀਆਂ ਗੱਲਾਂ ਮੇਰੇ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਸਨ।

ਜ਼ਿੰਦਗੀ ਦੇ ਇਸ ਮੋੜ ਤੇ ਮੈਨੂੰ ਅੱਗੇ ਨਾਲੋਂ ਕਿਤੇ ਜ਼ਿਆਦਾ ਯਹੋਵਾਹ ਦੇ ਸਹਾਰੇ ਦੀ ਜ਼ਰੂਰਤ ਸੀ। ਪ੍ਰਾਰਥਨਾ ਵਿਚ ਮੈਂ ਯਹੋਵਾਹ ਨੂੰ ਆਪਣਾ ਦਿਲ ਦਾ ਸਾਰਾ ਹਾਲ ਸੁਣਾਇਆ। ਰੋ-ਰੋ ਮੈਂ ਦਿਨ-ਰਾਤ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਜਲਦ ਹੀ ਮੇਰੇ ਦਿਲ ਨੂੰ ਦਿਲਾਸਾ ਮਿਲਿਆ। ਫ਼ਿਲਿੱਪੀਆਂ 4:6, 7 ਦੇ ਸ਼ਬਦ ਮੇਰੇ ਲਈ ਮਲ੍ਹਮ ਦੀ ਤਰ੍ਹਾਂ ਸਾਬਤ ਹੋਏ: “ਕਿਸੇ ਗੱਲ ਦੀ ਚਿੰਤਾ ਨਾ ਕਰੋ ਸਗੋਂ ਹਰ ਗੱਲ ਵਿੱਚ ਤੁਹਾਡੀਆਂ ਅਰਦਾਸਾਂ ਪ੍ਰਾਰਥਨਾ ਅਤੇ ਬੇਨਤੀ ਨਾਲ ਧੰਨਵਾਦ ਸਣੇ ਪਰਮੇਸ਼ੁਰ ਦੇ ਅੱਗੇ ਕੀਤੀਆਂ ਜਾਣ। ਅਤੇ ਪਰਮੇਸ਼ੁਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡਿਆਂ ਮਨਾਂ ਅਤੇ ਸੋਚਾਂ ਦੀ ਰਾਖੀ ਕਰੇਗੀ।”

ਅਧਰੰਗ ਦੀ ਮਾਰ ਸਹਿਣੀ

ਮੇਰੀ ਸਿਹਤ ਵਿਗੜਦੀ ਗਈ। ਹਾਲਾਤਾਂ ਮੁਤਾਬਕ ਮੈਨੂੰ ਜ਼ਿੰਦਗੀ ਵਿਚ ਕਈ ਤਬਦੀਲੀਆਂ ਕਰਨੀਆਂ ਪਈਆਂ। ਕਿਉਂਕਿ ਹੁਣ ਮੇਰੇ ਲਈ ਤਰਖਾਣ ਦਾ ਕੰਮ ਕਰਨ ਮੁਸ਼ਕਲ ਸੀ, ਘਰ ਦਾ ਗੁਜ਼ਾਰਾ ਤੋਰਨ ਲਈ ਮੈਂ ਕੋਈ ਹੋਰ ਕੰਮ ਭਾਲਣ ਦੀ ਕੋਸ਼ਿਸ਼ ਕੀਤੀ ਜੋ ਮੈਂ ਆਸਾਨੀ ਨਾਲ ਕਰ ਸਕਦਾ ਸੀ। ਪਹਿਲਾਂ-ਪਹਿਲਾਂ ਮੈਂ ਆਈਸ-ਕ੍ਰੀਮ ਵੇਚਿਆ ਕਰਦਾ ਸੀ। ਇਹ ਕੰਮ ਮੈਂ ਛੇ ਸਾਲਾਂ ਲਈ ਕੀਤਾ। ਪਰ ਅਜਿਹਾ ਸਮਾਂ ਆਇਆ ਜਦ ਮੇਰੇ ਲਈ ਵ੍ਹੀਲ-ਚੇਅਰ ਤੋਂ ਉੱਠਣਾ ਵੀ ਮੁਸ਼ਕਲ ਹੋ ਗਿਆ ਤੇ ਉਦੋਂ ਮੈਨੂੰ ਇਹ ਕੰਮ ਵੀ ਛੱਡਣਾ ਪਿਆ। ਫਿਰ ਮੈਂ ਹੋਰ ਕੰਮ ਲੱਭਿਆ ਜੋ ਮੈਂ ਆਪਣੀ ਹਾਲਤ ਮੁਤਾਬਕ ਕਰ ਸਕਦਾ ਸੀ।

ਸਾਲ 1990 ਵਿਚ ਮੇਰੀ ਸਿਹਤ ਇੰਨੀ ਖ਼ਰਾਬ ਹੋ ਚੁੱਕੀ ਸੀ ਕਿ ਕੋਈ ਕੰਮ ਕਰਨਾ ਵੀ ਮੇਰੇ ਲਈ ਮੁਸ਼ਕਲ ਸੀ। ਹੁਣ ਮੈਨੂੰ ਛੋਟੇ-ਛੋਟੇ ਕੰਮ ਕਰਨ ਲਈ ਵੀ ਦੂਸਰਿਆਂ ਦੇ ਸਹਾਰੇ ਦੀ ਲੋੜ ਪੈਂਦੀ ਹੈ। ਮੰਜੇ ਤੇ ਪੈਣਾ, ਨਹਾਉਣਾ-ਧੋਣਾ ਅਤੇ ਇੱਥੇ ਤਕ ਕਿ ਕੱਪੜੇ ਪਾਉਣ ਲਈ ਵੀ ਮੈਨੂੰ ਦੂਸਰਿਆਂ ਦੀ ਮਦਦ ਦੀ ਲੋੜ ਪੈਂਦੀ ਹੈ। ਸਭਾਵਾਂ ਤੇ ਜਾਣਾ ਮੇਰੇ ਲਈ ਬਹੁਤ ਮੁਸ਼ਕਲ ਹੈ। ਸਭ ਤੋਂ ਪਹਿਲਾਂ ਕਿਸੇ ਨੂੰ ਮੇਰੀ ਵ੍ਹੀਲ-ਚੇਅਰ ਨੂੰ ਕਾਰ ਤਕ ਲੈ ਕੇ ਜਾਣ ਪੈਂਦਾ ਹੈ। ਫਿਰ ਕਾਰ ਵਿਚ ਬੈਠਣ ਲਈ ਉਨ੍ਹਾਂ ਨੂੰ ਮੇਰੀ ਮਦਦ ਕਰਨੀ ਪੈਂਦੀ ਹੈ। ਕਿੰਗਡਮ ਹਾਲ ਪਹੁੰਚ ਕੇ ਪਹਿਲਾਂ ਤਾਂ ਕੋਈ ਮੈਨੂੰ ਚੁੱਕ ਕੇ ਵ੍ਹੀਲ-ਚੇਅਰ ਵਿਚ ਬਿਠਾਉਂਦਾ ਹੈ ਤੇ ਬਾਅਦ ਵਿਚ ਉਹ ਮੇਰੀ ਵ੍ਹੀਲ-ਚੇਅਰ ਨੂੰ ਧੱਕਾ ਲਾ ਕੇ ਕਿੰਗਡਮ ਹਾਲ ਦੇ ਅੰਦਰ ਲੈ ਜਾਂਦਾ ਹੈ। ਸਭਾਵਾਂ ਦੌਰਾਨ ਮੇਰੇ ਪੈਰ ਨਿੱਘੇ

ਰੱਖਣ ਲਈ ਇਕ ਛੋਟਾ ਜਿਹਾ ਇਲੈਕਟ੍ਰਿਕ ਹੀਟਰ ਮੇਰੇ ਪੈਰਾਂ ਕੋਲ ਰੱਖਿਆ ਜਾਂਦਾ ਹੈ।

ਅਧਰੰਗ ਦੇ ਬਾਵਜੂਦ ਵੀ ਮੈਂ ਬਾਕਾਇਦਾ ਸਭਾਵਾਂ ਵਿਚ ਹਾਜ਼ਰ ਹੁੰਦਾ ਹਾਂ। ਮੈਨੂੰ ਪਤਾ ਹੈ ਕਿ ਸਭਾਵਾਂ ਰਾਹੀਂ ਯਹੋਵਾਹ ਅੱਜ ਆਪਣੇ ਲੋਕਾਂ ਨੂੰ ਸਿੱਖਿਆ ਦੇ ਰਿਹਾ ਹੈ। ਭੈਣਾਂ-ਭਰਾਵਾਂ ਨੂੰ ਮਿਲਣ ਨਾਲ ਮੈਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਦੀ ਹਿੰਮਤ ਦੇ ਨਾਲ-ਨਾਲ ਹੌਸਲਾ ਵੀ ਮਿਲਦਾ ਹੈ। (ਇਬਰਾਨੀਆਂ 10:24, 25) ਭੈਣਾਂ-ਭਰਾਵਾਂ ਦੀਆਂ ਮੁਲਾਕਾਤਾਂ ਤੋਂ ਮੈਨੂੰ ਬਹੁਤ ਹੌਸਲਾ ਮਿਲਦਾ ਹੈ। ਮੈਂ ਵੀ ਦਾਊਦ ਵਾਂਗ ਕਹਿ ਸਕਦਾ ਹੈ ਕਿ “ਮੇਰਾ ਕਟੋਰਾ ਭਰਿਆ ਹੋਇਆ ਹੈ।”—ਜ਼ਬੂਰਾਂ ਦੀ ਪੋਥੀ 23:5.

ਇਸ ਔਖੇ ਸਮੇਂ ਦੌਰਾਨ ਮੇਰੀ ਪਤਨੀ ਨੇ ਮੇਰਾ ਪੂਰਾ ਸਾਥ ਦਿੱਤਾ। ਮੇਰੇ ਬੱਚੇ ਵੀ ਮੇਰੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਪਿੱਛਲੇ ਕਈ ਸਾਲਾਂ ਤੋਂ ਮੇਰੇ ਬੱਚੇ ਮੇਰੀਆਂ ਰੋਜ਼ਾਨਾ ਲੋੜਾਂ ਪੂਰੀਆਂ ਕਰਨ ਵਿਚ ਮੇਰੀ ਮਦਦ ਕਰਦੇ ਆਏ ਹਨ। ਮੇਰੀ ਦੇਖ-ਭਾਲ ਕਰਨੀ ਉਨ੍ਹਾਂ ਲਈ ਸੌਖੀ ਨਹੀਂ ਸੀ। ਦਿਨੋਂ-ਦਿਨ ਮੇਰੀ ਦੇਖ-ਭਾਲ ਕਰਨੀ ਹੋਰ ਵੀ ਔਖੀ ਹੁੰਦੀ ਜਾਂਦੀ ਹੈ। ਉਨ੍ਹਾਂ ਦਾ ਧੀਰਜ ਅਤੇ ਮਿਹਨਤ ਕਾਬਲੇ-ਏ-ਤਾਰੀਫ਼ ਹੈ। ਮੇਰੀ ਯਹੋਵਾਹ ਅੱਗੇ ਇਹੀ ਪ੍ਰਾਰਥਨਾ ਹੈ ਕਿ ਉਹ ਇਨ੍ਹਾਂ ਨੂੰ ਜ਼ਿੰਦਗੀ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਦੇਵੇ।

ਪ੍ਰਾਰਥਨਾ ਯਹੋਵਾਹ ਵੱਲੋਂ ਇਕ ਬਰਕਤ ਹੈ, ਜਿਸ ਰਾਹੀਂ ਉਹ ਆਪਣੇ ਸੇਵਕਾਂ ਨੂੰ ਹੌਸਲਾ ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 65:2) ਯਹੋਵਾਹ ਨੇ ਮੈਨੂੰ ਉਸ ਦੀ ਸੇਵਾ ਵਿਚ ਲੱਗੇ ਰਹਿਣ ਦੀ ਮਦਦ ਦੇ ਕੇ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਹੈ। ਖ਼ਾਸਕਰ ਜਦੋਂ ਮੈਂ ਨਿਰਾਸ਼ ਹੁੰਦਾ ਹਾਂ, ਉਦੋਂ ਮੈਨੂੰ ਪ੍ਰਾਰਥਨਾ ਕਰ ਕੇ ਆਪਣੀ ਖ਼ੁਸ਼ੀ ਬਰਕਰਾਰ ਰੱਖਣ ਵਿਚ ਮਦਦ ਮਿਲਦੀ ਹੈ। ਲਗਾਤਾਰ ਯਹੋਵਾਹ ਨੂੰ ਪ੍ਰਾਰਥਨਾ ਕਰਨ ਨਾਲ ਮੈਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਲਈ ਨਵੇਂ ਸਿਰਿਓਂ ਜੋਸ਼ ਮਿਲਦਾ ਹੈ। ਮੈਂ ਪੂਰੇ ਯਕੀਨ ਨਾਲ ਕਹਿ ਸਕਦਾ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਦੀ ਗੱਲ ਸੁਣਦਾ ਹੈ ਅਤੇ ਉਨ੍ਹਾਂ ਨੂੰ ਮਨ ਦੀ ਸ਼ਾਂਤੀ ਦਿੰਦਾ ਹੈ।—ਜ਼ਬੂਰਾਂ ਦੀ ਪੋਥੀ 51:17; 1 ਪਤਰਸ 5:7.

ਜਦ ਵੀ ਮੈਂ ਸੋਚਦਾ ਹਾਂ ਕਿ ਯਹੋਵਾਹ ਆਪਣੇ ਪੁੱਤਰ ਯਿਸੂ ਮਸੀਹ ਦੇ ਰਾਜ ਅਧੀਨ ਸਾਰੀਆਂ ਬੀਮਾਰੀਆਂ ਦੂਰ ਕਰ ਦੇਵੇਗਾ, ਤਾਂ ਮੇਰੀ ਜਾਨ ਵਿਚ ਜਾਨ ਪੈਂਦੀ ਹੈ। ਨਵੇਂ ਸੰਸਾਰ ਵਿਚ ਆਉਣ ਵਾਲੀਆਂ ਖ਼ੁਸ਼ੀਆਂ ਬਾਰੇ ਸੋਚ ਕੇ ਮੇਰੀ ਅੱਖਾਂ ਵਿਚ ਖ਼ੁਸ਼ੀ ਦੇ ਹੰਝੂ ਆ ਜਾਂਦੇ ਹਨ।—ਜ਼ਬੂਰਾਂ ਦੀ ਪੋਥੀ 37:11, 29; ਪਰਕਾਸ਼ ਦੀ ਪੋਥੀ 21:3, 4.

ਪਾਇਨੀਅਰੀ ਜਾਰੀ ਰੱਖੀ

ਸਾਲ 1991 ਵਿਚ ਮੈਂ ਸੋਚਿਆ ਕਿ ਆਪਣੇ ਹਾਲ ਉੱਤੇ ਰੋਣ ਦੀ ਬਜਾਇ ਚੰਗਾ ਹੋਵੇਗਾ ਜੇ ਮੈਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਸਮਾਂ ਬਿਤਾਵਾਂ। ਉਸੇ ਸਾਲ ਮੈਂ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ।

ਅਧਰੰਗ ਦੇ ਕਰਕੇ ਮੈਂ ਆਪਣੀ ਜ਼ਿਆਦਾਤਰ ਸੇਵਕਾਈ ਚਿੱਠੀਆਂ ਰਾਹੀਂ ਕਰਦਾ ਹਾਂ। ਪਰ ਚਿੱਠੀ ਲਿਖਣੀ ਮੇਰੇ ਲਈ ਕੋਈ ਆਸਾਨ ਕੰਮ ਨਹੀਂ, ਇਸ ਲਈ ਮੈਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਮੇਰੀਆਂ ਮਾਸ-ਪੇਸ਼ੀਆਂ ਕਮਜ਼ੋਰ ਹੋਣ ਕਰਕੇ ਮੇਰੇ ਲਈ ਪੈੱਨ ਨੂੰ ਘੁੱਟ ਕੇ ਫੜੀ ਰੱਖਣਾ ਬਹੁਤ ਔਖਾ ਹੈ। ਪਰ ਫਿਰ ਵੀ ਹਾਰ ਨਾ ਮੰਨਣ ਅਤੇ ਪ੍ਰਾਰਥਨਾ ਕਰਨ ਕਰਕੇ ਮੈਂ ਪਿੱਛਲੇ 15 ਸਾਲਾਂ ਤੋਂ ਇੰਜ ਗਵਾਹੀ ਦਿੰਦਾ ਆਇਆਂ ਹਾਂ। ਮੈਂ ਟੈਲੀਫ਼ੋਨ ਰਾਹੀਂ ਵੀ ਪ੍ਰਚਾਰ ਕਰਦਾ ਹਾਂ। ਮੈਂ ਹਰ ਮੌਕੇ ਦਾ ਲਾਹਾ ਲੈ ਕੇ ਆਪਣੇ ਘਰ ਆਏ ਰਿਸ਼ਤੇਦਾਰਾਂ, ਦੋਸਤ-ਮਿੱਤਰਾਂ ਅਤੇ ਗੁਆਂਢੀਆਂ ਨੂੰ ਆਉਣ ਵਾਲੇ ਨਵੇਂ ਸੰਸਾਰ ਬਾਰੇ ਦੱਸਦਾ ਹਾਂ।

ਇਸ ਤਰ੍ਹਾਂ ਕਰਨ ਦੇ ਕਈ ਵਧੀਆ ਨਤੀਜੇ ਨਿਕਲੇ ਹਨ। ਕੁਝ 12 ਸਾਲ ਪਹਿਲਾਂ ਮੈਂ ਆਪਣੇ ਪੋਤੇ ਨੂੰ ਬਾਈਬਲ ਸਟੱਡੀ ਕਰਵਾਈ ਸੀ। ਅੱਜ ਉਸ ਨੂੰ ਲਗਨ ਨਾਲ ਯਹੋਵਾਹ ਦੀ ਸੇਵਾ ਕਰਦੇ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਬਾਈਬਲ ਦੀ ਸਿੱਖਿਆ ਤੇ ਚੱਲ ਕੇ ਉਸ ਨੇ ਫ਼ੌਜ ਵਿਚ ਭਰਤੀ ਹੋਣ ਤੋਂ ਇਨਕਾਰ ਕਰ ਕੇ ਯਹੋਵਾਹ ਪ੍ਰਤੀ ਵਫ਼ਾਦਾਰੀ ਦਿਖਾਈ।

ਮੈਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਉਹ ਲੋਕ ਜਿਨ੍ਹਾਂ ਨੂੰ ਮੈਂ ਖ਼ਤ ਲਿਖਦਾ ਹਾਂ ਬਾਈਬਲ ਬਾਰੇ ਹੋਰ ਜਾਣਨ ਲਈ ਮੇਰੇ ਨਾਲ ਸੰਪਰਕ ਕਰਦੇ ਹਨ। ਕਈ ਹੋਰ ਬਾਈਬਲ ਪ੍ਰਕਾਸ਼ਨ ਲੈਣਾ ਚਾਹੁੰਦੇ ਹਨ। ਮਿਸਾਲ ਲਈ, ਇਕ ਔਰਤ ਨੇ ਮੈਨੂੰ ਟੈਲੀਫ਼ੋਨ ਕਰ ਕੇ ਉਸ ਦੇ ਪਤੀ ਨੂੰ ਲਿਖੀ ਚਿੱਠੀ ਲਈ ਮੇਰਾ ਸ਼ੁਕਰੀਆ ਅਦਾ ਕੀਤਾ। ਚਿੱਠੀ ਵਿਚ ਜੋ ਕੁਝ ਮੈਂ ਲਿਖਿਆ ਸੀ ਉਸ ਨੂੰ ਉਹ ਬਹੁਤ ਦਿਲਚਸਪ ਲੱਗਾ। ਇਸ ਤਰ੍ਹਾਂ ਅਸੀਂ ਉਸ ਨਾਲ ਅਤੇ ਉਸ ਦੇ ਪਤੀ ਨਾਲ ਬਾਈਬਲ ਬਾਰੇ ਹੋਰ ਗੱਲਬਾਤ ਕਰ ਪਾਏ।

ਵਧੀਆ ਉਮੀਦ

ਦੁਨੀਆਂ ਦੇ ਇਸ ਛੋਟੇ ਜਿਹੇ ਕੋਨੇ ਵਿਚ ਮੈਂ ਸਾਲਾਂ ਦੌਰਾਨ ਪ੍ਰਚਾਰਕਾਂ ਦੀ ਗਿਣਤੀ ਵਧਦੀ ਦੇਖੀ ਹੈ। ਮੇਰੇ ਭਰਾ ਜੋਰਜ ਦੇ ਘਰ ਨਾਲ ਲੱਗਦੇ ਉਸ ਛੋਟੇ ਜਿਹੇ ਕਿੰਗਡਮ ਹਾਲ ਨੂੰ ਕਈ ਵਾਰ ਵੱਡਾ ਕਰਨਾ ਪਿਆ ਹੈ। ਇਸ ਸੋਹਣੀ ਇਮਾਰਤ ਵਿਚ ਦੋ ਕਲੀਸਿਯਾਵਾਂ ਯਹੋਵਾਹ ਦੀ ਭਗਤੀ ਕਰਦੀਆਂ ਹਨ।

ਸਾਲ 1943 ਵਿਚ 52 ਸਾਲਾਂ ਦੀ ਉਮਰ ਤੇ ਮੇਰੇ ਪਿਤਾ ਜੀ ਦਾ ਦੇਹਾਂਤ ਹੋ ਗਿਆ। ਪਰ ਉਹ ਸਾਡੇ ਲਈ ਕਿੰਨੀ ਵਧੀਆ ਰੂਹਾਨੀ ਵਿਰਾਸਤ ਛੱਡ ਗਏ! ਉਨ੍ਹਾਂ ਦੇ ਅੱਠ ਬੱਚੇ ਸੱਚਾਈ ਵਿਚ ਆਏ ਅਤੇ ਅੱਜ ਵੀ ਯਹੋਵਾਹ ਦੀ ਸੇਵਾ ਕਰ ਰਹੇ ਹਨ। ਕਸੀਲੌਫੋਗੂ ਪਿੰਡ ਜਿੱਥੇ ਮੇਰੇ ਪਿਤਾ ਜੀ ਦਾ ਜਨਮ ਹੋਇਆ ਸੀ ਅਤੇ ਨੇੜਲੇ ਪਿੰਡਾਂ ਵਿਚ ਹੁਣ ਤਿੰਨ ਕਲੀਸਿਯਾਵਾਂ ਹਨ ਅਤੇ 230 ਪ੍ਰਚਾਰਕ ਹਨ।

ਇਸ ਤਰ੍ਹਾਂ ਦੇ ਵਧੀਆ ਨਤੀਜੇ ਦੇਖ ਕੇ ਮੇਰੇ ਦਿਲ ਨੂੰ ਬੜੀ ਖ਼ੁਸ਼ੀ ਮਿਲਦੀ ਹੈ। ਹੁਣ 83 ਸਾਲਾਂ ਦੀ ਉਮਰ ਤੇ ਮੈਨੂੰ ਜ਼ਬੂਰਾਂ ਦੇ ਲਿਖਾਰੀ ਦੇ ਕਹੇ ਸ਼ਬਦਾਂ ਉੱਤੇ ਪੂਰਾ ਭਰੋਸਾ ਹੈ: “ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ, ਪਰ ਯਹੋਵਾਹ ਦੇ ਤਾਲਿਬਾਂ ਨੂੰ ਕਿਸੇ ਚੰਗੀ ਵਸਤ ਦੀ ਥੁੜ ਨਹੀਂ ਹੋਵੇਗੀ।” (ਜ਼ਬੂਰਾਂ ਦੀ ਪੋਥੀ 34:10) ਮੈਂ ਉਸ ਘੜੀ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ ਜਦ ਯਸਾਯਾਹ 35:6 ਦੀ ਭਵਿੱਖਬਾਣੀ ਸੱਚ ਹੋਵੇਗੀ ਕਿ “ਲੰਙਾ ਹਿਰਨ ਵਾਂਙੁ ਚੌਂਕੜੀਆਂ” ਭਰੇਗਾ। ਉਦੋਂ ਤਕ ਬੀਮਾਰੀ ਦੇ ਬਾਵਜੂਦ ਮੈਂ ਯਹੋਵਾਹ ਦੀ ਸੇਵਾ ਪੂਰੇ ਜੀ-ਜਾਨ ਨਾਲ ਕਰਦਾ ਰਹਾਂਗਾ।

[ਸਫ਼ਾ 17 ਉੱਤੇ ਨਕਸ਼ਾ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਤੁਰਕੀ

ਸੀਰੀਆ

ਲੇਬਨਾਨ

ਸਾਈਪ੍ਰਸ

ਨਿਕੋਸ਼ੀਆ

ਕਸੀਲੌਫੋਗੂ

ਭੂਮੱਧ ਸਾਗਰ

[ਸਫ਼ਾ 17 ਉੱਤੇ ਤਸਵੀਰ]

ਕਸੀਲੌਫੋਗੂ ਪਿੰਡ ਵਿਚ ਪਹਿਲਾ ਕਿੰਗਡਮ ਹਾਲ ਜੋ ਅੱਜ ਵੀ ਵਰਤਿਆ ਜਾ ਰਿਹਾ ਹੈ

[ਸਫ਼ਾ 18 ਉੱਤੇ ਤਸਵੀਰ]

ਮੈਂ 1946 ਵਿਚ ਅਤੇ ਅੱਜ ਏਫਟਰਪੀਓ ਨਾਲ

[ਸਫ਼ਾ 20 ਉੱਤੇ ਤਸਵੀਰ]

ਮੈਨੂੰ ਫ਼ੋਨ ਤੇ ਅਤੇ ਚਿੱਠੀਆਂ ਰਾਹੀਂ ਪ੍ਰਚਾਰ ਕਰਨ ਤੋਂ ਖ਼ੁਸ਼ੀ ਮਿਲਦੀ ਹੈ