Skip to content

Skip to table of contents

ਯਹੋਵਾਹ “ਆਦ ਤੋਂ ਅੰਤ ਨੂੰ” ਦੱਸਦਾ ਹੈ

ਯਹੋਵਾਹ “ਆਦ ਤੋਂ ਅੰਤ ਨੂੰ” ਦੱਸਦਾ ਹੈ

ਯਹੋਵਾਹ “ਆਦ ਤੋਂ ਅੰਤ ਨੂੰ” ਦੱਸਦਾ ਹੈ

“ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ।”—ਯਸਾਯਾਹ 46:10.

1, 2. ਬਾਬਲ ਦੇ ਸੰਬੰਧ ਵਿਚ ਹੋਈਆਂ ਘਟਨਾਵਾਂ ਬਾਰੇ ਹੈਰਾਨੀ ਦੀ ਗੱਲ ਕੀ ਸੀ ਅਤੇ ਇਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

ਰਾਤ ਦੇ ਹਨੇਰੇ ਵਿਚ ਦੁਸ਼ਮਣ ਫ਼ੌਜੀ ਫਰਾਤ ਦਰਿਆ ਵਿੱਚੋਂ ਦੀ ਮਹਾਨ ਸ਼ਹਿਰ ਬਾਬਲ ਵੱਲ ਚੁੱਪ-ਚੁਪੀਤੇ ਵਧ ਰਹੇ ਸਨ। ਸ਼ਹਿਰ ਦੇ ਕੋਲ ਆ ਕੇ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਸ਼ਹਿਰ ਦਾ ਵੱਡਾ ਸਾਰਾ ਦਰਵਾਜ਼ਾ ਖੁੱਲ੍ਹਾ ਛੱਡਿਆ ਗਿਆ ਸੀ। ਉਹ ਦਰਿਆ ਵਿੱਚੋਂ ਨਿਕਲ ਕੇ ਸ਼ਹਿਰ ਦੇ ਅੰਦਰ ਵੜ ਗਏ। ਇਸ ਤਰ੍ਹਾਂ ਬਾਬਲ ਉਨ੍ਹਾਂ ਦੇ ਕਬਜ਼ੇ ਵਿਚ ਆ ਗਿਆ। ਉਨ੍ਹਾਂ ਦਾ ਆਗੂ ਖੋਰਸ ਬਾਬਲ ਦੇਸ਼ ਉੱਤੇ ਰਾਜ ਕਰਨ ਲੱਗ ਪਿਆ ਤੇ ਬਾਅਦ ਵਿਚ ਉਸ ਨੇ ਗ਼ੁਲਾਮ ਇਸਰਾਏਲੀਆਂ ਨੂੰ ਆਜ਼ਾਦ ਕਰਨ ਦਾ ਫ਼ਰਮਾਨ ਜਾਰੀ ਕੀਤਾ। ਹਜ਼ਾਰਾਂ ਇਸਰਾਏਲੀ ਆਪਣੇ ਦੇਸ਼ ਵਾਪਸ ਜਾ ਕੇ ਯਰੂਸ਼ਲਮ ਵਿਚ ਯਹੋਵਾਹ ਦੀ ਭਗਤੀ ਦੁਬਾਰਾ ਕਰਨ ਲੱਗ ਪਏ।—2 ਇਤਹਾਸ 36:22, 23; ਅਜ਼ਰਾ 1:1-4.

2 ਇਤਿਹਾਸ ਗਵਾਹ ਹੈ ਕਿ ਇਹ ਘਟਨਾਵਾਂ 539-537 ਈ. ਪੂ. ਵਿਚ ਵਾਕਈ ਘਟੀਆਂ ਸਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਯਹੋਵਾਹ ਨੇ ਆਪਣੇ ਨਬੀ ਯਸਾਯਾਹ ਨੂੰ 200 ਸਾਲ ਪਹਿਲਾਂ ਇਨ੍ਹਾਂ ਘਟਨਾਵਾਂ ਨੂੰ ਲਿਖਣ ਲਈ ਪ੍ਰੇਰਿਤ ਕੀਤਾ ਸੀ। (ਯਸਾਯਾਹ 44:24–45:7) ਪਰਮੇਸ਼ੁਰ ਨੇ ਨਾ ਸਿਰਫ਼ ਇਹ ਪ੍ਰਗਟ ਕੀਤਾ ਕਿ ਬਾਬਲ ਉੱਤੇ ਕਿਸ ਤਰ੍ਹਾਂ ਜਿੱਤ ਪ੍ਰਾਪਤ ਕੀਤੀ ਜਾਵੇਗੀ, ਸਗੋਂ ਉਸ ਨੇ ਉਸ ਜੇਤੂ ਆਗੂ ਦਾ ਨਾਂ ਵੀ ਦੱਸਿਆ ਜਿਸ ਨੇ ਇਹ ਕੰਮ ਕਰਨਾ ਸੀ। * ਆਪਣੇ ਲੋਕ ਇਸਰਾਏਲੀਆਂ ਨਾਲ ਗੱਲ ਕਰਦੇ ਹੋਏ ਯਹੋਵਾਹ ਨੇ ਕਿਹਾ: “ਪੁਰਾਣੇ ਸਮੇਂ ਦੀਆਂ ਪਹਿਲੀਆਂ ਗੱਲਾਂ ਨੂੰ ਚੇਤੇ ਰੱਖੋ, ਕਿਉਂ ਜੋ ਮੈਂ ਪਰਮੇਸ਼ੁਰ ਹਾਂ ਅਤੇ ਹੋਰ ਕੋਈ ਨਹੀਂ, ਪਰਮੇਸ਼ੁਰ, ਅਤੇ ਮੇਰੇ ਵਰਗਾ ਕੋਈ ਨਹੀਂ। ਮੈਂ ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ ਹਾਂ।” (ਯਸਾਯਾਹ 46:9, 10ੳ) ਯਹੋਵਾਹ ਸੱਚ-ਮੁੱਚ ਭਵਿੱਖ ਜਾਣਨ ਵਾਲਾ ਪਰਮੇਸ਼ੁਰ ਹੈ।

3. ਅਸੀਂ ਕਿਨ੍ਹਾਂ ਸਵਾਲਾਂ ਉੱਤੇ ਗੌਰ ਕਰਾਂਗੇ?

3 ਕੀ ਪਰਮੇਸ਼ੁਰ ਭਵਿੱਖ ਵਿਚ ਹੋਣ ਵਾਲੀ ਹਰ ਗੱਲ ਜਾਣਦਾ ਹੈ? ਕੀ ਯਹੋਵਾਹ ਨੂੰ ਪਹਿਲਾਂ ਹੀ ਪਤਾ ਹੈ ਕਿ ਅਸੀਂ ਕੀ ਕਰਾਂਗੇ? ਕੀ ਸਾਡੀ ਕਿਸਮਤ ਪਹਿਲਾਂ ਹੀ ਲਿਖ ਦਿੱਤੀ ਗਈ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਲੇਖ ਵਿਚ ਅਤੇ ਅਗਲੇ ਲੇਖ ਵਿਚ ਦਿੱਤੇ ਜਾਣਗੇ।

ਸਹੀ ਭਵਿੱਖਬਾਣੀ ਕਰਨ ਵਾਲਾ ਪਰਮੇਸ਼ੁਰ

4. ਬਾਈਬਲ ਵਿਚ ਦਰਜ ਭਵਿੱਖਬਾਣੀਆਂ ਕਿਸ ਨੇ ਲਿਖਵਾਈਆਂ ਸਨ?

4 ਯਹੋਵਾਹ ਜਾਣ ਸਕਦਾ ਹੈ ਕਿ ਅਗਾਹਾਂ ਨੂੰ ਕੀ ਹੋਣਾ ਹੈ, ਇਸ ਲਈ ਉਸ ਨੇ ਆਪਣੇ ਸੇਵਕਾਂ ਨੂੰ ਕਈ ਗੱਲਾਂ ਪਹਿਲਾਂ ਹੀ ਲਿਖਣ ਲਈ ਪ੍ਰੇਰਿਤ ਕੀਤਾ। ਇਸ ਤਰ੍ਹਾਂ ਅਸੀਂ ਜਾਣ ਸਕਦੇ ਹਾਂ ਕਿ ਯਹੋਵਾਹ ਆਪਣੇ ਮਕਸਦ ਮੁਤਾਬਕ ਕੀ-ਕੀ ਕਰਨ ਵਾਲਾ ਹੈ। ਉਸ ਨੇ ਕਿਹਾ: “ਵੇਖੋ, ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਅਤੇ ਨਵੀਂਆਂ ਗੱਲਾਂ ਮੈਂ ਦੱਸਦਾ ਹਾਂ, ਓਹਨਾਂ ਦੇ ਪਰਕਾਸ਼ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਹਾਂ।” (ਯਸਾਯਾਹ 42:9) ਯਹੋਵਾਹ ਦੇ ਸੇਵਕਾਂ ਲਈ ਇਹ ਕਿੰਨਾ ਵੱਡਾ ਸਨਮਾਨ ਹੈ!

5. ਇਹ ਜਾਣਨ ਨਾਲ ਕਿ ਯਹੋਵਾਹ ਭਵਿੱਖ ਵਿਚ ਕੀ ਕਰੇਗਾ, ਸਾਡੇ ਉੱਤੇ ਕਿਹੜੀ ਜ਼ਿੰਮੇਵਾਰੀ ਆਉਂਦੀ ਹੈ?

5 ਆਮੋਸ ਨਬੀ ਨੇ ਸਾਨੂੰ ਭਰੋਸਾ ਦਿਲਾਇਆ: “ਨਿਸੰਗ ਪ੍ਰਭੁ ਯਹੋਵਾਹ ਕੋਈ ਕੰਮ ਨਹੀਂ ਕਰੇਗਾ, ਜੇ ਉਹ ਆਪਣੇ ਸੇਵਕ ਨਬੀਆਂ ਨੂੰ ਆਪਣਾ ਭੇਤ ਪਰਗਟ ਨਾ ਕਰੇ।” ਇਹ ਗੱਲਾਂ ਜਾਣ ਕੇ ਸਾਡੇ ਉੱਤੇ ਜ਼ਿੰਮੇਵਾਰੀ ਵੀ ਆਉਂਦੀ ਹੈ। ਧਿਆਨ ਦਿਓ ਕਿ ਆਮੋਸ ਨੇ ਅੱਗੇ ਕਿਹੜੀ ਜ਼ਬਰਦਸਤ ਮਿਸਾਲ ਵਰਤੀ ਸੀ: “ਬਬਰ ਸ਼ੇਰ ਗੱਜਿਆ ਹੈ, ਕੌਣ ਨਾ ਡਰੇਗਾ?” ਜਿਵੇਂ ਸ਼ੇਰ ਦੀ ਗਰਜ ਸੁਣ ਕੇ ਇਨਸਾਨ ਤੇ ਜਾਨਵਰ ਦੋਵੇਂ ਇਕ-ਦਮ ਭੱਜ ਉੱਠਦੇ ਹਨ, ਤਿਵੇਂ ਆਮੋਸ ਅਤੇ ਹੋਰ ਨਬੀ ਯਹੋਵਾਹ ਦਾ ਸ਼ਬਦ ਸੁਣ ਕੇ ਇਸ ਦਾ ਪ੍ਰਚਾਰ ਕਰਨ ਦੀ ਛੇਤੀ ਕਰਦੇ ਹਨ। “ਪ੍ਰਭੁ ਯਹੋਵਾਹ ਬੋਲਿਆ, ਕੌਣ ਨਾ ਅਗੰਮ ਵਾਚੇਗਾ?”—ਆਮੋਸ 3:7, 8.

ਯਹੋਵਾਹ ਦਾ ‘ਬਚਨ ਸਫ਼ਲ ਹੋਏਗਾ’

6. ਬਾਬਲ ਦੇ ਸੰਬੰਧ ਵਿਚ ਯਹੋਵਾਹ ਦੀ ਮਰਜ਼ੀ ਕਿਵੇਂ ਪੂਰੀ ਹੋਈ ਸੀ?

6 ਯਹੋਵਾਹ ਨੇ ਯਸਾਯਾਹ ਨਬੀ ਰਾਹੀਂ ਕਿਹਾ: “ਮੇਰੀ ਸਲਾਹ ਕਾਇਮ ਰਹੇਗੀ, ਅਤੇ ਮੈਂ ਆਪਣੀ ਸਾਰੀ ਇੱਛਿਆ ਨੂੰ ਪੂਰੀ ਕਰਾਂਗਾ।” (ਯਸਾਯਾਹ 46:10ਅ) ਬਾਬਲ ਦੇ ਸੰਬੰਧ ਵਿਚ ਪਰਮੇਸ਼ੁਰ ਦੀ “ਸਲਾਹ” ਜਾਂ ਮਰਜ਼ੀ ਇਹ ਸੀ ਕਿ ਫ਼ਾਰਸ ਦਾ ਰਾਜਾ ਖੋਰਸ ਆ ਕੇ ਬਾਬਲ ਦਾ ਰਾਜ ਖ਼ਤਮ ਕਰ ਦੇਵੇ। ਯਹੋਵਾਹ ਨੇ ਆਪਣਾ ਇਹ ਮਕਸਦ ਦੋ ਸਦੀਆਂ ਪਹਿਲਾਂ ਹੀ ਦੱਸ ਦਿੱਤਾ ਸੀ ਤੇ ਜਿਵੇਂ ਅਸੀਂ ਦੇਖ ਚੁੱਕੇ ਹਾਂ, ਇਹ ਭਵਿੱਖਬਾਣੀ 539 ਈ. ਪੂ. ਵਿਚ ਪੂਰੀ ਹੋਈ ਸੀ।

7. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦਾ “ਬਚਨ” ਪੂਰਾ ਹੋ ਕੇ ਹੀ ਰਹੇਗਾ?

7 ਖੋਰਸ ਦੇ ਬਾਬਲ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਤਕਰੀਬਨ ਚਾਰ ਸਦੀਆਂ ਪਹਿਲਾਂ, ਆਮੋਨ ਤੇ ਮੋਆਬ ਦੀਆਂ ਫ਼ੌਜਾਂ ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਨਾਲ ਲੜਨ ਲਈ ਆਈਆਂ ਸਨ। ਉਸ ਸਮੇਂ ਯਹੋਸ਼ਾਫ਼ਾਟ ਨੇ ਭਰੋਸੇ ਨਾਲ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਸੀ: “ਹੇ ਯਹੋਵਾਹ ਸਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ, ਕੀ ਤੂੰ ਆਕਾਸ਼ ਦੇ ਉੱਤੇ ਪਰਮੇਸ਼ੁਰ ਨਹੀਂ? ਅਤੇ ਕੀ ਤੂੰ ਹੀ ਸਾਰੀਆਂ ਕੌਮਾਂ ਦੇ ਰਾਜਾਂ ਉੱਤੇ ਰਾਜ ਨਹੀਂ ਕਰਦਾ? ਤੇਰੇ ਹੱਥ ਵਿੱਚ ਏਨੀ ਸ਼ਕਤੀ ਹੈ ਕਿ ਕੋਈ ਤੇਰਾ ਟਾਕਰਾ ਨਹੀਂ ਕਰ ਸੱਕਦਾ।” (2 ਇਤਹਾਸ 20:6) ਇਸੇ ਤਰ੍ਹਾਂ, ਯਸਾਯਾਹ ਨੇ ਵੀ ਪੱਕੇ ਭਰੋਸੇ ਨਾਲ ਕਿਹਾ ਸੀ: “ਸੈਨਾਂ ਦੇ ਯਹੋਵਾਹ ਨੇ ਤਾਂ ਠਾਣ ਲਿਆ ਹੈ, ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?” (ਯਸਾਯਾਹ 14:27) ਬਾਬਲ ਦੇ ਰਾਜਾ ਨਬੂਕਦਨੱਸਰ ਦੇ ਸ਼ਬਦਾਂ ਬਾਰੇ ਵੀ ਸੋਚੋ। ਪਾਗਲਪਣ ਦੇ ਦੌਰੇ ਤੋਂ ਬਾਅਦ ਜਦ ਉਹ ਹੋਸ਼ ਵਿਚ ਆਇਆ, ਤਾਂ ਉਸ ਨੇ ਹਲੀਮੀ ਨਾਲ ਸਵੀਕਾਰ ਕੀਤਾ: “ਕੋਈ ਨਹੀਂ ਜੋ [ਪਰਮੇਸ਼ੁਰ] ਦੇ ਹੱਥ ਨੂੰ ਰੋਕ ਸੱਕੇ, ਯਾ ਉਹ ਨੂੰ ਆਖੇ ਕਿ ਤੂੰ ਕੀ ਕਰਦਾ ਹੈਂ?” (ਦਾਨੀਏਲ 4:35) ਜੀ ਹਾਂ, ਯਹੋਵਾਹ ਆਪਣੇ ਲੋਕਾਂ ਨੂੰ ਭਰੋਸਾ ਦਿਲਾਉਂਦਾ ਹੈ: “ਮੇਰਾ ਬਚਨ . . . ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।” (ਯਸਾਯਾਹ 55:11) ਸਾਨੂੰ ਪੱਕਾ ਭਰੋਸਾ ਹੈ ਕਿ ਯਹੋਵਾਹ ਦਾ “ਬਚਨ” ਹਮੇਸ਼ਾ ਪੂਰਾ ਹੋਵੇਗਾ। ਉਸ ਦਾ ਮਕਸਦ ਅਸਫ਼ਲ ਹੋ ਹੀ ਨਹੀਂ ਸਕਦਾ।

“ਸਦੀਪਕ ਮਨਸ਼ਾ”

8. ਪਰਮੇਸ਼ੁਰ ਦੀ “ਸਦੀਪਕ ਮਨਸ਼ਾ” ਕੀ ਹੈ?

8 ਅਫ਼ਸੁਸ ਦੇ ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਰਸੂਲ ਨੇ ਪਰਮੇਸ਼ੁਰ ਦੀ “ਸਦੀਪਕ ਮਨਸ਼ਾ” ਦਾ ਜ਼ਿਕਰ ਕੀਤਾ ਸੀ। (ਅਫ਼ਸੀਆਂ 3:11) ਇੱਥੇ ਯਹੋਵਾਹ ਦੀ ਉਸ ਮਨਸ਼ਾ ਦੀ ਗੱਲ ਕੀਤੀ ਗਈ ਹੈ ਕਿ ਉਹ ਧਰਤੀ ਅਤੇ ਇਨਸਾਨਾਂ ਲਈ ਆਪਣਾ ਮੁਢਲਾ ਮਕਸਦ ਪੂਰਾ ਕਰ ਕੇ ਰਹੇਗਾ। (ਉਤਪਤ 1:28) ਇਹ ਸਮਝਣ ਲਈ ਕਿ ਉਸ ਦਾ ਮਕਸਦ ਜ਼ਰੂਰ ਪੂਰਾ ਹੋਵੇਗਾ, ਆਓ ਆਪਾਂ ਬਾਈਬਲ ਦੀ ਪਹਿਲੀ ਭਵਿੱਖਬਾਣੀ ਵੱਲ ਧਿਆਨ ਦੇਈਏ।

9. ਉਤਪਤ 3:15 ਦਾ ਪਰਮੇਸ਼ੁਰ ਦੇ ਮਕਸਦ ਨਾਲ ਕੀ ਸੰਬੰਧ ਹੈ?

9ਉਤਪਤ 3:15 ਤੋਂ ਪਤਾ ਲੱਗਦਾ ਹੈ ਕਿ ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਤੁਰੰਤ ਬਾਅਦ ਯਹੋਵਾਹ ਨੇ ਆਪਣੇ ਮਕਸਦ ਅਨੁਸਾਰ ਠਾਣ ਲਿਆ ਸੀ ਕਿ “ਤੀਵੀਂ” ਯਾਨੀ ਯਹੋਵਾਹ ਦਾ ਸਵਰਗੀ ਸੰਗਠਨ ਇਕ ਸੰਤਾਨ ਜਾਂ ਪੁੱਤਰ ਪੈਦਾ ਕਰੇਗੀ। ਯਹੋਵਾਹ ਨੇ ਪਹਿਲਾਂ ਹੀ ਜਾਣ ਲਿਆ ਸੀ ਕਿ ਤੀਵੀਂ, ਸੱਪ ਅਤੇ ਉਨ੍ਹਾਂ ਦੋਹਾਂ ਦੀ ਸੰਤਾਨ ਵਿਚ ਵੈਰ ਹੋਵੇਗਾ। ਭਾਵੇਂ ਸੱਪ ਉਸ ਤੀਵੀਂ ਦੀ ਸੰਤਾਨ ਦੀ ਅੱਡੀ ਤੇ ਡੰਗ ਮਾਰੇਗਾ, ਪਰ ਸਮਾਂ ਆਉਣ ਤੇ ਤੀਵੀਂ ਦੀ ਸੰਤਾਨ ਸ਼ਤਾਨ ਦੇ ਸਿਰ ਨੂੰ ਫੇਵੇਗੀ। ਇਹ ਸਭ ਹੋਣ ਤੋਂ ਪਹਿਲਾਂ ਯਹੋਵਾਹ ਨੇ ਆਪਣੀ ਮਰਜ਼ੀ ਅਨੁਸਾਰ ਉਨ੍ਹਾਂ ਪਰਿਵਾਰਾਂ ਨੂੰ ਚੁਣਿਆ ਜਿਨ੍ਹਾਂ ਦੇ ਵੰਸ਼ ਵਿਚ ਯਿਸੂ ਨੇ ਮਸੀਹਾ ਵਜੋਂ ਆਉਣਾ ਸੀ।—ਲੂਕਾ 3:15, 23-38; ਗਲਾਤੀਆਂ 4:4.

ਅਗਾਊਂ ਤੈ ਕੀਤੀਆਂ ਗੱਲਾਂ

10. ਕੀ ਯਹੋਵਾਹ ਨੇ ਅਗਾਊਂ ਹੀ ਤੈ ਕਰ ਲਿਆ ਸੀ ਕਿ ਆਦਮ ਤੇ ਹੱਵਾਹ ਪਾਪ ਕਰਨਗੇ? ਸਮਝਾਓ।

10 ਯਹੋਵਾਹ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਪਤਰਸ ਰਸੂਲ ਨੇ ਲਿਖਿਆ: “ਉਹ ਤਾਂ ਜਗਤ ਦੀ ਨੀਂਹ ਧਰਨ ਤੋਂ ਅੱਗੋਂ ਹੀ ਥਾਪਿਆ ਗਿਆ ਸੀ ਪਰ ਸਮਿਆਂ ਦੇ ਅੰਤ ਵਿੱਚ ਤੁਹਾਡੇ ਲਈ ਪਰਗਟ ਹੋਇਆ।” (1 ਪਤਰਸ 1:20) ਕੀ ਯਹੋਵਾਹ ਨੇ ਅਗਾਊਂ ਹੀ ਤੈ ਕਰ ਲਿਆ ਸੀ ਕਿ ਆਦਮ ਤੇ ਹੱਵਾਹ ਪਾਪ ਕਰਨਗੇ ਅਤੇ ਯਿਸੂ ਮਸੀਹ ਨੂੰ ਇਨਸਾਨਾਂ ਦੀ ਮੁਕਤੀ ਲਈ ਆਪਣੀ ਜਾਨ ਕੁਰਬਾਨ ਕਰਨ ਦੀ ਲੋੜ ਹੋਵੇਗੀ? ਨਹੀਂ। ਇੱਥੇ “ਨੀਂਹ ਧਰਨ” ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੈ “ਬੀ ਸੁੱਟਣਾ।” ਕੀ ਆਦਮ ਅਤੇ ਹੱਵਾਹ ਦੇ ਪਾਪ ਕਰਨ ਤੋਂ ਪਹਿਲਾਂ ਕੋਈ ਬੀ ਬੀਜਿਆ ਗਿਆ ਸੀ ਯਾਨੀ ਉਨ੍ਹਾਂ ਦੇ ਕੋਈ ਔਲਾਦ ਪੈਦਾ ਹੋਈ ਸੀ? ਨਹੀਂ, ਪਰਮੇਸ਼ੁਰ ਦਾ ਹੁਕਮ ਤੋੜਨ ਤੋਂ ਬਾਅਦ ਹੀ ਆਦਮ ਅਤੇ ਹੱਵਾਹ ਨੇ ਬੱਚੇ ਪੈਦਾ ਕੀਤੇ ਸਨ। (ਉਤਪਤ 4:1) ਸੋ ਆਦਮ ਤੇ ਹੱਵਾਹ ਦੀ ਬਗਾਵਤ ਤੋਂ ਬਾਅਦ, ਪਰ ਉਨ੍ਹਾਂ ਦੇ ਬੱਚੇ ਹੋਣ ਤੋਂ ਪਹਿਲਾਂ ਯਹੋਵਾਹ ਨੇ ਤੈ ਕਰ ਲਿਆ ਸੀ ਕਿ ਧਰਤੀ ਉੱਤੇ ਇਕ ਮਸੀਹਾ ਪੈਦਾ ਹੋਵੇਗਾ। ਯਿਸੂ ਦੀ ਮੌਤ ਅਤੇ ਉਸ ਦੇ ਜੀ ਉਠਾਏ ਜਾਣ ਕਾਰਨ ਇਨਸਾਨਾਂ ਨੂੰ ਪਾਪ ਤੋਂ ਛੁਟਕਾਰਾ ਮਿਲੇਗਾ ਅਤੇ ਸ਼ਤਾਨ ਦੇ ਕੰਮਾਂ ਨੂੰ ਖ਼ਤਮ ਕੀਤਾ ਜਾਵੇਗਾ।—ਮੱਤੀ 20:28; ਇਬਰਾਨੀਆਂ 2:14; 1 ਯੂਹੰਨਾ 3:8.

11. ਪਰਮੇਸ਼ੁਰ ਨੇ ਆਪਣੇ ਮਕਸਦ ਮੁਤਾਬਕ ਪਹਿਲਾਂ ਤੋਂ ਹੀ ਕਿਹੜੀ ਗੱਲ ਤੈ ਕਰ ਲਈ ਸੀ?

11 ਪਰਮੇਸ਼ੁਰ ਨੇ ਆਪਣੇ ਮਕਸਦ ਮੁਤਾਬਕ ਇਕ ਹੋਰ ਗੱਲ ਵੀ ਤੈ ਕਰ ਲਈ ਸੀ। ਇਸ ਦੇ ਸੰਬੰਧ ਵਿਚ ਪੌਲੁਸ ਨੇ ਅਫ਼ਸੁਸ ਦੇ ਮਸੀਹੀਆਂ ਨੂੰ ਲਿਖਿਆ ਕਿ ਪਰਮੇਸ਼ੁਰ ‘ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਇਕੱਠਾ ਕਰੇਗਾ।’ ਉਹ ਸਭ ਕੌਣ ਹਨ ਜਿਨ੍ਹਾਂ ਨੂੰ “ਸੁਰਗ ਵਿੱਚ” ਇਕੱਠਾ ਕੀਤਾ ਜਾਵੇਗਾ? ਇਹ ਉਹ ਲੋਕ ਹਨ ਜੋ ਮਸੀਹ ਨਾਲ ਰਾਜ ਕਰਨ ਲਈ ਚੁਣੇ ਗਏ ਹਨ। ਇਨ੍ਹਾਂ ਬਾਰੇ ਪੌਲੁਸ ਕਹਿੰਦਾ ਹੈ: “ਉਹ ਦੀ ਧਾਰਨਾ ਮੂਜਬ ਜਿਹੜਾ ਆਪਣੀ ਇੱਛਿਆ ਦੇ ਮਤੇ ਅਨੁਸਾਰ ਸੱਭੋ ਕੁਝ ਕਰਦਾ ਹੈ [ਅਸੀਂ] ਅੱਗੋਂ ਹੀ ਠਹਿਰਾਏ ਜਾ ਕੇ ਅਧਕਾਰ ਬਣ ਗਏ।” (ਅਫ਼ਸੀਆਂ 1:10, 11) ਜੀ ਹਾਂ, ਯਹੋਵਾਹ ਨੇ ਪਹਿਲਾਂ ਹੀ ਧਾਰ ਲਿਆ ਸੀ ਕਿ ਕੁਝ ਇਨਸਾਨ ਮਸੀਹ ਨਾਲ ਸਵਰਗ ਵਿਚ ਰਾਜ ਕਰਨਗੇ ਅਤੇ ਧਰਤੀ ਉੱਤੇ ਬਰਕਤਾਂ ਵਰਸਾਉਣਗੇ। (ਰੋਮੀਆਂ 8:28-30) ਪਤਰਸ ਰਸੂਲ ਨੇ ਕਿਹਾ ਸੀ ਕਿ ਇਹ ਇਨਸਾਨ ਇਕ “ਪਵਿੱਤਰ ਕੌਮ” ਬਣਨਗੇ। (1 ਪਤਰਸ 2:9) ਯੂਹੰਨਾ ਰਸੂਲ ਨੇ ਦਰਸ਼ਣ ਵਿਚ ਦੇਖਿਆ ਕਿ ਉਨ੍ਹਾਂ ਦੀ ਗਿਣਤੀ 1,44,000 ਹੋਵੇਗੀ। (ਪਰਕਾਸ਼ ਦੀ ਪੋਥੀ 7:4-8; 14:1, 3) ਇਹ ਲੋਕ ਰਾਜਾ ਯਿਸੂ ਮਸੀਹ ਨਾਲ ਮਿਲ ਕੇ ਪਰਮੇਸ਼ੁਰ ਦੀ “ਮਹਿਮਾ ਦੀ ਉਸਤਤ” ਕਰਨਗੇ।—ਅਫ਼ਸੀਆਂ 1:12-14.

12. ਅਸੀਂ ਕਿਉਂ ਕਹਿ ਸਕਦੇ ਹਾਂ ਕਿ 1,44,000 ਇਨਸਾਨਾਂ ਦੇ ਨਸੀਬ ਵਿਚ ਨਹੀਂ ਲਿਖਿਆ ਗਿਆ ਕਿ ਉਹ ਸਵਰਗ ਜਾਣਗੇ?

12 ਕੀ 1,44,000 ਇਨਸਾਨਾਂ ਨੂੰ ਚੁਣਨ ਦਾ ਮਤਲਬ ਹੈ ਕਿ ਉਨ੍ਹਾਂ ਵਿੱਚੋਂ ਹਰ ਇਕ ਦੇ ਨਸੀਬ ਵਿਚ ਲਿਖਿਆ ਹੋਇਆ ਸੀ ਕਿ ਉਹ ਪਰਮੇਸ਼ੁਰ ਦੀ ਸੇਵਾ ਵਫ਼ਾਦਾਰੀ ਨਾਲ ਕਰਨਗੇ? ਨਹੀਂ, ਸਗੋਂ ਬਾਈਬਲ ਵਿਚ ਉਨ੍ਹਾਂ ਨੂੰ ਵਾਰ-ਵਾਰ ਤਾਕੀਦ ਕੀਤੀ ਗਈ ਹੈ ਕਿ ਉਹ ਵਫ਼ਾਦਾਰ ਰਹਿਣ ਦੀ ਪੂਰੀ ਕੋਸ਼ਿਸ਼ ਕਰਨ ਅਤੇ ਸਵਰਗ ਵਿਚ ਜਾਣ ਦੇ ਯੋਗ ਗਿਣੇ ਜਾਣ। (ਫ਼ਿਲਿੱਪੀਆਂ 2:12; 2 ਥੱਸਲੁਨੀਕੀਆਂ 1:5, 11; 2 ਪਤਰਸ 1:10, 11) ਯਹੋਵਾਹ ਇੰਨਾ ਜਾਣਦਾ ਹੈ ਕਿ 1,44,000 ਇਨਸਾਨ ਉਸ ਦਾ ਮਕਸਦ ਪੂਰਾ ਕਰਨ ਵਿਚ ਹਿੱਸਾ ਲੈਣਗੇ। ਪਰ ਇਹ ਕੌਣ ਹੋਣਗੇ, ਇਹ ਹਰ ਇਕ ਮਸਹ ਕੀਤੇ ਹੋਏ ਮਸੀਹੀ ਉੱਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਜ਼ਿੰਦਗੀ ਕਿਸ ਤਰ੍ਹਾਂ ਜੀਉਂਦਾ ਹੈ।—ਮੱਤੀ 24:13.

ਯਹੋਵਾਹ ਦਾ ਭਵਿੱਖ ਬਾਰੇ ਗਿਆਨ

13, 14. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਹਮੇਸ਼ਾ ਆਪਣੇ ਸੁੰਦਰ ਗੁਣਾਂ ਮੁਤਾਬਕ ਆਪਣਾ ਪੂਰਵ-ਗਿਆਨ ਵਰਤਦਾ ਹੈ?

13 ਯਹੋਵਾਹ ਆਪਣੀਆਂ ਭਵਿੱਖਬਾਣੀਆਂ ਅਤੇ ਮਕਸਦ ਨੂੰ ਪੂਰਾ ਕਰਨ ਲਈ ਆਪਣਾ ਪੂਰਵ-ਗਿਆਨ ਕਿਵੇਂ ਵਰਤਦਾ ਹੈ? ਸਭ ਤੋਂ ਪਹਿਲਾਂ ਸਾਨੂੰ ਭਰੋਸਾ ਦਿਲਾਇਆ ਜਾਂਦਾ ਹੈ ਕਿ ਪਰਮੇਸ਼ੁਰ ਦੇ ਸਾਰੇ ਰਾਹ ਸੱਚੇ, ਧਰਮੀ ਅਤੇ ਪਿਆਰ ਭਰੇ ਹਨ। ਪਹਿਲੀ ਸਦੀ ਵਿਚ ਇਬਰਾਨੀ ਮਸੀਹੀਆਂ ਨੂੰ ਲਿਖਦੇ ਸਮੇਂ ਪੌਲੁਸ ਰਸੂਲ ਨੇ ਕਿਹਾ ਕਿ ‘ਦੋ ਅਟੱਲ ਗੱਲਾਂ ਵਿੱਚ ਪਰਮੇਸ਼ੁਰ ਦਾ ਝੂਠ ਬੋਲਣਾ ਅਣਹੋਣਾ ਹੈ।’ ਇਹ ਦੋ ਗੱਲਾਂ ਹਨ ਯਹੋਵਾਹ ਦਾ ਵਾਅਦਾ ਅਤੇ ਉਸ ਦੀ ਸਹੁੰ। (ਇਬਰਾਨੀਆਂ 6:17, 18) ਤੀਤੁਸ ਨੂੰ ਲਿਖਦੇ ਸਮੇਂ ਪੌਲੁਸ ਨੇ ਇਸ ਨਾਲ ਮਿਲਦੀ-ਜੁਲਦੀ ਗੱਲ ਕਹੀ ਸੀ ਕਿ ਪਰਮੇਸ਼ੁਰ “ਝੂਠ ਬੋਲ ਨਹੀਂ ਸੱਕਦਾ।”—ਤੀਤੁਸ 1:2.

14 ਇਸ ਤੋਂ ਇਲਾਵਾ, ਭਾਵੇਂ ਯਹੋਵਾਹ ਕੋਲ ਅਸੀਮ ਸ਼ਕਤੀ ਹੈ, ਫਿਰ ਵੀ ਉਹ ਕਦੇ ਵੀ ਬੇਇਨਸਾਫ਼ੀ ਨਹੀਂ ਕਰਦਾ। ਮੂਸਾ ਨੇ ਕਿਹਾ ਕਿ ਯਹੋਵਾਹ “ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:4) ਯਹੋਵਾਹ ਹਰ ਕੰਮ ਇਨ੍ਹਾਂ ਸੁੰਦਰ ਗੁਣਾਂ ਅਨੁਸਾਰ ਕਰਦਾ ਹੈ। ਉਸ ਦੇ ਕੰਮਾਂ ਤੋਂ ਉਸ ਦੇ ਪਿਆਰ, ਬੁੱਧ, ਇਨਸਾਫ਼ ਅਤੇ ਸ਼ਕਤੀ ਦਾ ਸਬੂਤ ਮਿਲਦਾ ਹੈ।

15, 16. ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਆਦਮ ਨੂੰ ਕੀ ਦੱਸਿਆ ਤੇ ਸਮਝਾਇਆ ਸੀ?

15 ਗੌਰ ਕਰੋ ਕਿ ਅਦਨ ਦੇ ਬਾਗ਼ ਵਿਚ ਕੀ ਹੋਇਆ ਸੀ। ਇਕ ਪਿਆਰੇ ਪਿਤਾ ਵਾਂਗ ਯਹੋਵਾਹ ਨੇ ਇਨਸਾਨਾਂ ਨੂੰ ਸਭ ਕੁਝ ਦਿੱਤਾ। ਉਸ ਨੇ ਆਦਮ ਨੂੰ ਸੋਚਣ-ਸਮਝਣ ਦੀ ਤਾਕਤ ਦਿੱਤੀ। ਜਾਨਵਰਾਂ ਤੋਂ ਉਲਟ, ਆਦਮ ਆਪਣੇ ਫ਼ੈਸਲੇ ਆਪ ਕਰ ਸਕਦਾ ਸੀ। ਨਤੀਜੇ ਵਜੋਂ ਪਰਮੇਸ਼ੁਰ ਨੇ ਸਵਰਗ ਤੋਂ “ਸਰਬੱਤ ਨੂੰ ਜਿਹ ਨੂੰ ਉਸ ਨੇ ਬਣਾਇਆ ਸੀ ਡਿੱਠਾ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ।”—ਉਤਪਤ 1:26-31; 2 ਪਤਰਸ 2:12.

16 ਜਦ ਯਹੋਵਾਹ ਨੇ ਆਦਮ ਨੂੰ ਹੁਕਮ ਦਿੱਤਾ ਸੀ ਕਿ ਉਹ ‘ਭਲੇ ਬੁਰੇ ਦੀ ਸਿਆਣ ਦੇ ਬਿਰਛ ਤੋਂ ਨਾ ਖਾਵੇਂ,’ ਤਾਂ ਯਹੋਵਾਹ ਨੇ ਉਸ ਨੂੰ ਸਾਰਾ ਕੁਝ ਸਾਫ਼-ਸਾਫ਼ ਦੱਸਿਆ ਸੀ ਤਾਂਕਿ ਉਹ ਇਸ ਮਾਮਲੇ ਬਾਰੇ ਸੋਚ-ਸਮਝ ਕੇ ਆਪ ਫ਼ੈਸਲਾ ਕਰ ਸਕੇ। ਉਸ ਨੇ ਆਦਮ ਨੂੰ ਇਕ ਦਰਖ਼ਤ ਤੋਂ ਛੁੱਟ “ਬਾਗ ਦੇ ਹਰ ਬਿਰਛ” ਦਾ ਫਲ ਖਾਣ ਦੀ ਆਗਿਆ ਦਿੱਤੀ ਸੀ ਅਤੇ ਇਹ ਵੀ ਦੱਸਿਆ ਸੀ ਕਿ ਮਨ੍ਹਾ ਕੀਤੇ ਗਏ ਦਰਖ਼ਤ ਦਾ ਫਲ ਖਾਣ ਦਾ ਸਿੱਟਾ ਮੌਤ ਹੋਵੇਗਾ। (ਉਤਪਤ 2:16, 17) ਉਸ ਨੇ ਆਦਮ ਨੂੰ ਸਾਫ਼-ਸਾਫ਼ ਸਮਝਾ ਦਿੱਤਾ ਸੀ ਕਿ ਫਲ ਖਾਣ ਦੇ ਕੀ ਨਤੀਜੇ ਨਿਕਲਣਗੇ। ਆਦਮ ਕੀ ਕਰੇਗਾ?

17. ਭਾਵੇਂ ਯਹੋਵਾਹ ਕੋਲ ਭਵਿੱਖ ਜਾਣਨ ਦੀ ਯੋਗਤਾ ਹੈ, ਪਰ ਕੀ ਉਹ ਇਸ ਯੋਗਤਾ ਨੂੰ ਹਰ ਵੇਲੇ ਇਸਤੇਮਾਲ ਕਰਦਾ ਹੈ? ਸਮਝਾਓ।

17 ਭਾਵੇਂ ਯਹੋਵਾਹ ਕੋਲ ਭਵਿੱਖ ਜਾਣਨ ਦੀ ਯੋਗਤਾ ਹੈ, ਪਰ ਇਸ ਤਰ੍ਹਾਂ ਲੱਗਦਾ ਹੈ ਕਿ ਉਸ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਆਦਮ ਤੇ ਹੱਵਾਹ ਕੀ ਕਰਨਗੇ। ਸੋ ਸਵਾਲ ਇਹ ਨਹੀਂ ਕਿ ਕੀ ਯਹੋਵਾਹ ਕੋਲ ਭਵਿੱਖ ਜਾਣਨ ਦੀ ਯੋਗਤਾ ਹੈ ਜਾਂ ਨਹੀਂ, ਪਰ ਇਹ ਕਿ ਕੀ ਉਹ ਇਸ ਯੋਗਤਾ ਨੂੰ ਹਰ ਵੇਲੇ ਇਸਤੇਮਾਲ ਕਰਦਾ ਹੈ। ਇਸ ਤੋਂ ਇਲਾਵਾ, ਯਹੋਵਾਹ ਪਿਆਰ ਦਾ ਸਾਗਰ ਹੈ। ਇਸ ਲਈ ਇਹ ਨਾਮੁਮਕਿਨ ਹੈ ਕਿ ਉਸ ਨੇ ਬੇਰਹਿਮੀ ਨਾਲ ਪਹਿਲਾਂ ਤੋਂ ਹੀ ਤੈ ਕਰ ਲਿਆ ਸੀ ਕਿ ਆਦਮ ਤੇ ਹੱਵਾਹ ਬਗਾਵਤ ਕਰਨਗੇ ਅਤੇ ਪੂਰੀ ਮਨੁੱਖਜਾਤੀ ਉੱਤੇ ਦੁੱਖ-ਤਕਲੀਫ਼ਾਂ ਲਿਆਉਣਗੇ। (ਮੱਤੀ 7:11; 1 ਯੂਹੰਨਾ 4:8) ਸੋ ਅਸੀਂ ਕਹਿ ਸਕਦੇ ਹਾਂ ਕਿ ਭਾਵੇਂ ਯਹੋਵਾਹ ਜਾਣ ਸਕਦਾ ਹੈ ਕਿ ਅਗਾਹਾਂ ਨੂੰ ਕੀ ਹੋਵੇਗਾ, ਪਰ ਉਹ ਇਸ ਯੋਗਤਾ ਨੂੰ ਹਰ ਵੇਲੇ ਇਸਤੇਮਾਲ ਨਹੀਂ ਕਰਦਾ।

18. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਗਾਹਾਂ ਬਾਰੇ ਸਾਰੀਆਂ ਗੱਲਾਂ ਨਾ ਜਾਣਨ ਦਾ ਮਤਲਬ ਇਹ ਨਹੀਂ ਕਿ ਯਹੋਵਾਹ ਨਾਮੁਕੰਮਲ ਹੈ?

18 ਕੀ ਅਗਾਹਾਂ ਬਾਰੇ ਸਾਰੀਆਂ ਗੱਲਾਂ ਨਾ ਜਾਣਨ ਦਾ ਇਹ ਮਤਲਬ ਹੈ ਕਿ ਯਹੋਵਾਹ ਨਾਮੁਕੰਮਲ ਹੈ ਤੇ ਉਸ ਵਿਚ ਕੋਈ ਕਮੀ ਹੈ? ਨਹੀਂ! ਮੂਸਾ ਨੇ ਕਿਹਾ ਸੀ ਕਿ ਯਹੋਵਾਹ “ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ।” ਉਹ ਇਨਸਾਨਾਂ ਦੇ ਪਾਪ ਦੇ ਬੁਰੇ ਨਤੀਜਿਆਂ ਲਈ ਜ਼ਿੰਮੇਵਾਰ ਨਹੀਂ ਹੈ। ਅਸੀਂ ਇਹ ਬੁਰੇ ਨਤੀਜੇ ਇਸ ਲਈ ਭੁਗਤਦੇ ਹਾਂ ਕਿਉਂਕਿ ਆਦਮ ਤੇ ਹੱਵਾਹ ਅਣਆਗਿਆਕਾਰ ਬਣੇ। ਪੌਲੁਸ ਰਸੂਲ ਨੇ ਸਾਫ਼-ਸਾਫ਼ ਸਮਝਾਇਆ ਕਿ “ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲਰ ਗਈ ਏਸ ਲਈ ਜੋ ਸਭਨਾਂ ਨੇ ਪਾਪ ਕੀਤਾ।”—ਬਿਵਸਥਾ ਸਾਰ 32:4, 5; ਰੋਮੀਆਂ 5:12; ਯਿਰਮਿਯਾਹ 10:23.

19. ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ?

19 ਇਸ ਲੇਖ ਵਿਚ ਅਸੀਂ ਦੇਖਿਆ ਹੈ ਕਿ ਯਹੋਵਾਹ ਕਦੇ ਵੀ ਬੇਇਨਸਾਫ਼ੀ ਨਹੀਂ ਕਰਦਾ। (ਜ਼ਬੂਰਾਂ ਦੀ ਪੋਥੀ 33:5) ਯਹੋਵਾਹ ਦੀਆਂ ਯੋਗਤਾਵਾਂ, ਗੁਣ ਅਤੇ ਮਿਆਰ ਉਸ ਦੇ ਮਕਸਦ ਨੂੰ ਪੂਰਾ ਕਰਨ ਵਿਚ ਯੋਗਦਾਨ ਪਾਉਂਦੇ ਹਨ। (ਰੋਮੀਆਂ 8:28) ਯਹੋਵਾਹ ਕੋਲ ਭਵਿੱਖ ਜਾਣਨ ਦੀ ਯੋਗਤਾ ਹੈ, ਇਸ ਲਈ ਉਹ “ਆਦ ਤੋਂ ਅੰਤ ਨੂੰ, ਅਤੇ ਮੁੱਢ ਤੋਂ ਜੋ ਅਜੇ ਨਹੀਂ ਹੋਇਆ ਦੱਸਦਾ” ਹੈ। (ਯਸਾਯਾਹ 46:9, 10) ਅਸੀਂ ਇਹ ਵੀ ਦੇਖਿਆ ਹੈ ਕਿ ਉਹ ਇਹ ਯੋਗਤਾ ਹਰ ਵਕਤ ਇਸਤੇਮਾਲ ਨਹੀਂ ਕਰਦਾ। ਸੋ ਸਾਡੇ ਬਾਰੇ ਕੀ? ਅਸੀਂ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਅਸੀਂ ਹਮੇਸ਼ਾ ਯਹੋਵਾਹ ਦੇ ਮਕਸਦ ਮੁਤਾਬਕ ਹੀ ਫ਼ੈਸਲੇ ਕਰੀਏ? ਇਸ ਤਰ੍ਹਾਂ ਕਰਨ ਨਾਲ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ? ਅਗਲੇ ਲੇਖ ਵਿਚ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

[ਫੁਟਨੋਟ]

^ ਪੈਰਾ 2 ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਤਮਾਮ ਲੋਕਾਂ ਲਈ ਇਕ ਪੁਸਤਕ ਨਾਂ ਦੇ ਬ੍ਰੋਸ਼ਰ ਦਾ 28ਵਾਂ ਸਫ਼ਾ ਦੇਖੋ।

ਕੀ ਤੁਸੀਂ ਸਮਝਾ ਸਕਦੇ ਹੋ?

• ਪੁਰਾਣੇ ਜ਼ਮਾਨੇ ਦੀਆਂ ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਦਾ “ਬਚਨ” ਹਮੇਸ਼ਾ ‘ਸਫ਼ਲ ਹੁੰਦਾ’ ਹੈ?

• ਯਹੋਵਾਹ ਨੇ ਆਪਣੀ “ਸਦੀਪਕ ਮਨਸ਼ਾ” ਅਨੁਸਾਰ ਪਹਿਲਾਂ ਤੋਂ ਹੀ ਕੀ ਤੈ ਕਰ ਲਿਆ ਸੀ?

• ਕੀ ਯਹੋਵਾਹ ਭਵਿੱਖ ਬਾਰੇ ਸਾਰੀਆਂ ਗੱਲਾਂ ਜਾਣਦਾ ਹੈ? ਸਮਝਾਓ।

[ਸਵਾਲ]

[ਸਫ਼ਾ 22 ਉੱਤੇ ਤਸਵੀਰ]

ਯਹੋਸ਼ਾਫ਼ਾਟ ਨੇ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਿਆ

[ਸਫ਼ਾ 23 ਉੱਤੇ ਤਸਵੀਰ]

ਪਰਮੇਸ਼ੁਰ ਨੇ ਯਿਸੂ ਦੀ ਮੌਤ ਅਤੇ ਉਸ ਦੇ ਜੀ ਉਠਾਏ ਜਾਣ ਬਾਰੇ ਪਹਿਲਾਂ ਹੀ ਦੱਸ ਦਿੱਤਾ ਸੀ

[ਸਫ਼ਾ 24 ਉੱਤੇ ਤਸਵੀਰ]

ਕੀ ਯਹੋਵਾਹ ਨੇ ਪਹਿਲਾਂ ਹੀ ਤੈ ਕਰ ਲਿਆ ਸੀ ਕਿ ਆਦਮ ਤੇ ਹੱਵਾਹ ਕੀ ਕਰਨਗੇ?