Skip to content

Skip to table of contents

“ਇਸ ਵੇਲ ਦੀ ਸੁੱਧ ਲੈ”!

“ਇਸ ਵੇਲ ਦੀ ਸੁੱਧ ਲੈ”!

“ਇਸ ਵੇਲ ਦੀ ਸੁੱਧ ਲੈ”!

ਪਰਮੇਸ਼ੁਰ ਨੇ ਆਪਣੇ ਲੋਕ ਇਸਰਾਏਲੀਆਂ ਨੂੰ ਕਨਾਨ ਨਾਂ ਦਾ ਦੇਸ਼ ਦੇਣ ਦਾ ਵਾਅਦਾ ਕੀਤਾ ਸੀ। ਇਸਰਾਏਲੀਆਂ ਦੇ ਆਗੂ ਮੂਸਾ ਨੇ ਉਸ ਦੇਸ਼ ਦਾ ਭੇਦ ਜਾਣਨ ਲਈ 12 ਜਾਸੂਸ ਘੱਲੇ। ਮੂਸਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਉਸ ਦੇਸ਼ ਦੇ ਲੋਕਾਂ ਬਾਰੇ ਜਾਣਕਾਰੀ ਲੈਣ ਤੇ ਉੱਥੇ ਪੈਦਾ ਹੁੰਦੀਆਂ ਫ਼ਸਲਾਂ ਤੇ ਫਲਾਂ ਵਿੱਚੋਂ ਕੁਝ ਲੈ ਕੇ ਆਉਣ। ਇਹ ਜਾਸੂਸ ਪੂਰੇ ਦੇਸ਼ ਵਿਚ ਘੁੰਮੇ। ਇਕ ਚੀਜ਼ ਨੇ ਖ਼ਾਸ ਤੌਰ ਤੇ ਉਨ੍ਹਾਂ ਦਾ ਧਿਆਨ ਖਿੱਚਿਆ। ਕਿਹੜੀ ਚੀਜ਼? ਹਬਰੋਨ ਸ਼ਹਿਰ ਦੇ ਲਾਗੇ ਉਨ੍ਹਾਂ ਨੇ ਇਕ ਅੰਗੂਰਾਂ ਦਾ ਬਾਗ਼ ਦੇਖਿਆ ਜਿਸ ਵਿਚ ਲੱਗੇ ਅੰਗੂਰ ਇੰਨੇ ਵੱਡੇ-ਵੱਡੇ ਸਨ ਕਿ ਇਕ ਗੁੱਛੇ ਨੂੰ ਦੋ ਬੰਦਿਆਂ ਨੇ ਚੁੱਕਿਆ। ਇਸ ਕਰਕੇ ਉਨ੍ਹਾਂ ਜਾਸੂਸਾਂ ਨੇ ਉਸ ਜਗ੍ਹਾ ਦਾ ਨਾਂ “ਅਸ਼ਕੋਲ” ਯਾਨੀ “ਅੰਗੂਰਾਂ ਦੇ ਗੁਛੇ” ਰੱਖਿਆ।—ਗਿਣਤੀ 13:21-24, ਪਵਿੱਤਰ ਬਾਈਬਲ ਨਵਾਂ ਅਨੁਵਾਦ, ਫੁਟਨੋਟ।

ਉੱਨੀਵੀਂ ਸਦੀ ਵਿਚ ਪੈਲਸਟਾਈਨ ਗਏ ਇਕ ਆਦਮੀ ਨੇ ਕਿਹਾ: “ਅੰਗੂਰਾਂ ਦੇ ਬਾਗ਼ਾਂ ਦੀ ਘਾਟੀ ਅਸ਼ਕੋਲ ਵਿਚ ਦੂਰ-ਦੂਰ ਤਕ ਅਜੇ ਵੀ ਅੰਗੂਰਾਂ ਦੇ ਬਾਗ਼ ਲੱਗੇ ਹੋਏ ਹਨ ਜਿਨ੍ਹਾਂ ਦੇ ਅੰਗੂਰ ਪੈਲਸਟਾਈਨ ਵਿਚ ਸਭ ਤੋਂ ਵਧੀਆ ਤੇ ਵੱਡੇ ਹਨ।” ਪ੍ਰਾਚੀਨ ਸਮਿਆਂ ਵਿਚ ਭਾਵੇਂ ਅਸ਼ਕੋਲ ਦੇ ਅੰਗੂਰ ਬੇਹਤਰੀਨ ਕਿਸਮ ਦੇ ਸਨ, ਪਰ ਤਕਰੀਬਨ ਪੂਰੇ ਪੈਲਸਟਾਈਨ ਵਿਚ ਵਧੀਆ ਅੰਗੂਰਾਂ ਦੀ ਪੈਦਾਵਾਰ ਹੁੰਦੀ ਸੀ। ਮਿਸਰ ਦੇ ਇਤਿਹਾਸਕ ਰਿਕਾਰਡਾਂ ਤੋਂ ਪਤਾ ਲੱਗਦਾ ਹੈ ਕਿ ਮਿਸਰ ਦੇ ਰਾਜੇ ਇੱਥੋਂ ਦੀ ਵਾਈਨ ਜਾਂ ਅੰਗੂਰਾਂ ਦੀ ਸ਼ਰਾਬ ਬਹੁਤ ਪਸੰਦ ਕਰਦੇ ਸਨ।

ਦ ਨੈਚਰਲ ਹਿਸਟਰੀ ਆਫ਼ ਦ ਬਾਈਬਲ ਨਾਂ ਦੀ ਇਕ ਕਿਤਾਬ ਵਿਚ ਦੱਸਿਆ ਹੈ: “[ਪੈਲਸਟਾਈਨ] ਦੇ ਪਥਰੀਲੇ ਪਹਾੜੀ ਇਲਾਕਿਆਂ ਵਿਚ ਮਿੱਟੀ ਰੇਤਲੀ ਹੈ ਤੇ ਧੁੱਪ ਵੀ ਬਹੁਤ ਪੈਂਦੀ ਹੈ ਜਿਸ ਕਰਕੇ ਗਰਮੀਆਂ ਵਿਚ ਤਾਪਮਾਨ ਗਰਮ ਹੁੰਦਾ ਹੈ। ਇਸ ਇਲਾਕੇ ਵਿਚ ਸਰਦੀਆਂ ਦੌਰਾਨ ਮੀਂਹ ਦਾ ਪਾਣੀ ਜਲਦੀ ਵਹਿ ਜਾਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਇਹ ਇਲਾਕਾ ਅੰਗੂਰਾਂ ਦੀ ਕਾਸ਼ਤ ਲਈ ਬਹੁਤ ਹੀ ਵਧੀਆ ਹੈ।” ਯਸਾਯਾਹ ਨੇ ਕਿਹਾ ਸੀ ਕਿ ਕੁਝ ਇਲਾਕਿਆਂ ਵਿਚ ਤਾਂ ਇਕ-ਇਕ ਹਜ਼ਾਰ ਅੰਗੂਰੀ ਵੇਲਾਂ ਹੁੰਦੀਆਂ ਸਨ।—ਯਸਾਯਾਹ 7:23.

ਅੰਗੂਰਾਂ ਦੇ ਬਾਗ਼ਾਂ ਦੀ ਧਰਤੀ

ਮੂਸਾ ਨੇ ਇਸਰਾਏਲ ਕੌਮ ਨੂੰ ਦੱਸਿਆ ਕਿ ਉਹ “ਅੰਗੂਰ, ਹਜੀਰ ਅਤੇ ਅਨਾਰ” ਦੀ ਧਰਤੀ ਵਿਚ ਵੱਸਣਗੇ। (ਬਿਵਸਥਾ ਸਾਰ 8:8) ਬੇਕਰ ਐਨਸਾਈਕਲੋਪੀਡੀਆ ਆਫ਼ ਬਾਈਬਲ ਪਲਾਂਟਜ਼ ਅਨੁਸਾਰ “ਪ੍ਰਾਚੀਨ ਪੈਲਸਟਾਈਨ ਵਿਚ ਇੰਨੇ ਅੰਗੂਰੀ ਬਾਗ਼ ਸਨ ਕਿ ਇੱਥੋਂ ਦੇ ਲਗਭਗ ਸਾਰੇ ਪ੍ਰਾਚੀਨ ਸ਼ਹਿਰਾਂ ਦੇ ਖੰਡਰਾਂ ਵਿਚ ਅੰਗੂਰਾਂ ਦੇ ਬੀ ਮਿਲੇ ਹਨ।” ਪੈਲਸਟਾਈਨ ਦੇ ਅੰਗੂਰੀ ਬਾਗ਼ਾਂ ਵਿਚ ਇੰਨੀ ਪੈਦਾਵਾਰ ਹੁੰਦੀ ਸੀ ਕਿ ਸੰਨ 607 ਈ. ਪੂ. ਵਿਚ ਨਬੂਕਦਨੱਸਰ ਦੀਆਂ ਫ਼ੌਜਾਂ ਦੁਆਰਾ ਯਹੂਦਾਹ ਨੂੰ ਤਬਾਹ ਕਰਨ ਤੋਂ ਬਾਅਦ ਵੀ ਉੱਥੇ ਬਚੇ ਲੋਕਾਂ ਨੇ “ਮੈ ਅਤੇ ਗਰਮੀ ਦੀ ਰੁੱਤ ਦੇ ਮੇਵੇ ਬਹੁਤ ਹੀ ਸਾਰੇ ਇਕੱਠੇ ਕੀਤੇ।”—ਯਿਰਮਿਯਾਹ 40:12; 52:16.

ਭਰਪੂਰ ਮਾਤਰਾ ਵਿਚ ਸ਼ਰਾਬ ਬਣਾਉਣ ਲਈ ਇਸਰਾਏਲੀ ਬਾਗ਼ਬਾਨ ਆਪਣੇ ਬਾਗ਼ਾਂ ਦੀ ਬਹੁਤ ਦੇਖ-ਭਾਲ ਕਰਦੇ ਸਨ। ਯਸਾਯਾਹ ਦੀ ਪੋਥੀ ਵਿਚ ਦੱਸਿਆ ਹੈ ਕਿ ਆਮ ਤੌਰ ਤੇ ਇਸਰਾਏਲੀ ਬਾਗ਼ਬਾਨ ਪਹਾੜੀ ਇਲਾਕੇ ਵਿਚ ਵਧੀਆ ਕਿਸਮ ਦੇ ਅੰਗੂਰਾਂ ਦੀਆਂ ਦਾਬਾਂ ਲਾਉਣ ਤੋਂ ਪਹਿਲਾਂ ਖੇਤਾਂ ਵਿਚ ਮਿੱਟੀ ਪੋਲੀ ਕਰਦੇ ਸਨ ਤੇ ਵੱਡੇ-ਵੱਡੇ ਪੱਥਰ ਤੇ ਰੋੜੀ ਚੁਗਦੇ ਸਨ। ਇਨ੍ਹਾਂ ਪੱਥਰਾਂ ਨਾਲ ਉਹ ਬਾਗ਼ਾਂ ਨੂੰ ਗਾਵਾਂ-ਮੱਝਾਂ, ਲੂੰਬੜੀਆਂ, ਜੰਗਲੀ ਸੂਰਾਂ ਤੇ ਚੋਰਾਂ ਤੋਂ ਬਚਾਉਣ ਲਈ ਕੰਧਾਂ ਖੜ੍ਹੀਆਂ ਕਰਦੇ ਸਨ। ਬਾਗ਼ ਵਿਚ ਉਹ ਅੰਗੂਰਾਂ ਦਾ ਰਸ ਕੱਢਣ ਲਈ ਚੁਬੱਚਾ ਵੀ ਬਣਾਉਂਦੇ ਸਨ। ਇਸ ਤੋਂ ਇਲਾਵਾ ਉਹ ਬੁਰਜ ਬਣਾਉਂਦੇ ਸਨ ਜਿਨ੍ਹਾਂ ਦੀ ਛਾਵੇਂ ਬਹਿ ਕੇ ਉਹ ਬਾਗ਼ਾਂ ਦੀ ਰਾਖੀ ਕਰਦੇ ਸਨ। ਇਹ ਸਭ ਕੁਝ ਕਰਨ ਤੋਂ ਬਾਅਦ ਉਹ ਅੰਗੂਰਾਂ ਦੀ ਚੰਗੀ ਪੈਦਾਵਾਰ ਦੀ ਆਸ ਰੱਖ ਸਕਦੇ ਸਨ।—ਯਸਾਯਾਹ 5:1, 2. *

ਚੰਗੀ ਪੈਦਾਵਾਰ ਲਈ ਬਾਗ਼ਬਾਨ ਵੇਲਾਂ ਨੂੰ ਛਾਂਗਦੇ ਸਨ ਤੇ ਗੋਡੀ ਕਰ ਕੇ ਝਾੜੀਆਂ ਨੂੰ ਕੱਢਦੇ ਸਨ। ਜੇ ਬਸੰਤ ਰੁੱਤੇ ਜ਼ਿਆਦਾ ਮੀਂਹ ਨਹੀਂ ਪੈਂਦਾ ਸੀ, ਤਾਂ ਉਹ ਗਰਮੀਆਂ ਵਿਚ ਬਾਗ਼ਾਂ ਨੂੰ ਪਾਣੀ ਵੀ ਦਿੰਦੇ ਸਨ।—ਯਸਾਯਾਹ 5:6; 18:5; 27:2-4.

ਅੰਗੂਰ ਤੋੜਨ ਦਾ ਸਮਾਂ ਬਾਗ਼ਬਾਨਾਂ ਲਈ ਖ਼ੁਸ਼ੀਆਂ-ਖੇੜਿਆਂ ਦਾ ਸਮਾਂ ਹੁੰਦਾ ਸੀ। (ਯਸਾਯਾਹ 16:10) ਤਿੰਨ ਜ਼ਬੂਰਾਂ ਦੇ ਸਿਰਲੇਖ ਵਿਚ “ਗਿੱਤੀਥ ਉੱਤੇ” ਸ਼ਬਦ ਪਾਏ ਜਾਂਦੇ ਹਨ। (ਜ਼ਬੂਰ 8, 81 ਤੇ 84) ਸੰਗੀਤ ਨਾਲ ਜੁੜੇ ਇਨ੍ਹਾਂ ਸ਼ਬਦਾਂ ਦਾ ਸਹੀ ਮਤਲਬ ਪਤਾ ਨਹੀਂ ਹੈ, ਪਰ ਸੈਪਟੁਜਿੰਟ ਵਰਯਨ ਵਿਚ ਇਨ੍ਹਾਂ ਨੂੰ “ਚੁਬੱਚਾ” ਅਨੁਵਾਦ ਕੀਤਾ ਗਿਆ ਹੈ। ਇਸਰਾਏਲੀ ਇਹ ਜ਼ਬੂਰ ਸ਼ਾਇਦ ਅੰਗੂਰ ਤੋੜਨ ਦੀ ਰੁੱਤ ਵੇਲੇ ਗਾਉਂਦੇ ਸਨ। ਜ਼ਿਆਦਾ ਕਰਕੇ ਅੰਗੂਰਾਂ ਦੀ ਸ਼ਰਾਬ ਬਣਾਈ ਜਾਂਦੀ ਸੀ, ਪਰ ਇਸਰਾਏਲੀ ਤਾਜ਼ੇ ਅੰਗੂਰ ਵੀ ਖਾਂਦੇ ਸਨ ਜਾਂ ਇਨ੍ਹਾਂ ਨੂੰ ਸੁਕਾ ਕੇ ਸੌਗੀਆਂ ਬਣਾਉਂਦੇ ਸਨ ਜੋ ਪਿੰਨੀਆਂ ਵਗੈਰਾ ਬਣਾਉਣ ਦੇ ਕੰਮ ਆਉਂਦੀਆਂ ਸਨ।—2 ਸਮੂਏਲ 6:19; 1 ਇਤਹਾਸ 16:3.

ਇਸਰਾਏਲ ਦੀ ਵੇਲ

ਬਾਈਬਲ ਵਿਚ ਕਈ ਥਾਵਾਂ ਤੇ ਪਰਮੇਸ਼ੁਰ ਦੇ ਲੋਕਾਂ ਨੂੰ ਅੰਗੂਰੀ ਵੇਲ ਕਿਹਾ ਗਿਆ ਹੈ। ਇਸਰਾਏਲੀਆਂ ਲਈ ਅੰਗੂਰੀ ਬਾਗ਼ਾਂ ਦੀ ਅਹਿਮੀਅਤ ਨੂੰ ਦੇਖਦਿਆਂ ਇਹ ਤੁਲਨਾ ਬਿਲਕੁਲ ਸਹੀ ਸੀ। ਜ਼ਬੂਰ 80 ਵਿਚ ਆਸਾਫ਼ ਨੇ ਇਸਰਾਏਲ ਕੌਮ ਦੀ ਤੁਲਨਾ ਅੰਗੂਰੀ ਵੇਲ ਨਾਲ ਕੀਤੀ ਜੋ ਯਹੋਵਾਹ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਲਾਈ ਸੀ। ਉਸ ਨੇ ਵਾਅਦਾ ਕੀਤੇ ਹੋਏ ਦੇਸ਼ ਦੀ ਜ਼ਮੀਨ ਨੂੰ ਤਿਆਰ ਕੀਤਾ ਤਾਂਕਿ ਇਸਰਾਏਲ ਕੌਮ ਜੜ੍ਹ ਫੜ ਸਕੇ ਤੇ ਵਧ-ਫੁੱਲ ਸਕੇ। ਪਰ ਸਮੇਂ ਦੇ ਬੀਤਣ ਨਾਲ ਇਸਰਾਏਲੀਆਂ ਨੇ ਯਹੋਵਾਹ ਤੇ ਭਰੋਸਾ ਕਰਨਾ ਛੱਡ ਦਿੱਤਾ, ਜਿਸ ਕਰਕੇ ਉਨ੍ਹਾਂ ਦੀ ਰਾਖੀ ਕਰਨ ਲਈ ਯਹੋਵਾਹ ਦੁਆਰਾ ਖੜ੍ਹੀਆਂ ਕੀਤੀਆਂ ਕੰਧਾਂ ਡਿੱਗ ਗਈਆਂ। ਜਿਵੇਂ ਜੰਗਲੀ ਸੂਰ ਅੰਗੂਰੀ ਬਾਗ਼ਾਂ ਨੂੰ ਉਜਾੜ ਦਿੰਦੇ ਹਨ, ਉਵੇਂ ਇਸਰਾਏਲੀਆਂ ਦੇ ਦੁਸ਼ਮਣ ਉਨ੍ਹਾਂ ਨੂੰ ਲੁੱਟਦੇ ਰਹੇ। ਆਸਾਫ਼ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਯਹੋਵਾਹ ਇਸਰਾਏਲ ਕੌਮ ਦੀ ਮਦਦ ਕਰੇ ਤਾਂਕਿ ਕੌਮ ਪਹਿਲਾਂ ਵਾਂਗ ਹੀ ਖ਼ੁਸ਼ਹਾਲ ਬਣ ਜਾਵੇ। ਉਸ ਨੇ ਯਹੋਵਾਹ ਨੂੰ ਬੇਨਤੀ ਕੀਤੀ: “ਇਸ ਵੇਲ ਦੀ ਸੁੱਧ ਲੈ।”—ਜ਼ਬੂਰਾਂ ਦੀ ਪੋਥੀ 80:8-15.

ਯਸਾਯਾਹ ਨੇ ‘ਇਸਰਾਏਲ ਦੇ ਘਰਾਣੇ’ ਦੀ ਤੁਲਨਾ ਅਜਿਹੇ ਅੰਗੂਰੀ ਬਾਗ਼ ਨਾਲ ਕੀਤੀ ਜਿਸ ਵਿਚ “ਜੰਗਲੀ ਅੰਗੂਰ” ਲੱਗੇ। ਜੰਗਲੀ ਅੰਗੂਰ ਗਲੇ-ਸੜੇ ਹੁੰਦੇ ਹਨ। ਆਮ ਬਾਗ਼ਾਂ ਵਿਚ ਲਾਏ ਜਾਂਦੇ ਅੰਗੂਰਾਂ ਦੇ ਮੁਕਾਬਲੇ ਇਨ੍ਹਾਂ ਦਾ ਆਕਾਰ ਛੋਟਾ ਹੁੰਦਾ ਹੈ ਤੇ ਇਨ੍ਹਾਂ ਵਿਚ ਗੁੱਦਾ ਬਹੁਤ ਘੱਟ ਤੇ ਬੀ ਵੱਡੇ ਹੁੰਦੇ ਹਨ। ਜੰਗਲੀ ਅੰਗੂਰ ਕਿਸੇ ਕੰਮ ਨਹੀਂ ਆਉਂਦੇ ਹਨ, ਨਾ ਤਾਂ ਇਨ੍ਹਾਂ ਦੀ ਸ਼ਰਾਬ ਬਣਾਈ ਜਾ ਸਕਦੀ ਹੈ ਤੇ ਨਾ ਹੀ ਲੋਕ ਇਨ੍ਹਾਂ ਨੂੰ ਖਾ ਸਕਦੇ ਹਨ। ਯਹੋਵਾਹ ਪਰਮੇਸ਼ੁਰ ਤੋਂ ਬੇਮੁਖ ਹੋਏ ਇਸਰਾਏਲੀ ਇਨ੍ਹਾਂ ਜੰਗਲੀ ਅੰਗੂਰਾਂ ਵਰਗੇ ਸਨ। ਉਨ੍ਹਾਂ ਨੇ ਚੰਗੇ ਫਲ ਪੈਦਾ ਕਰਨ ਦੀ ਬਜਾਇ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਤੋੜਿਆ ਸੀ। ਉਨ੍ਹਾਂ ਦੇ ਨਿਕੰਮੇਪਣ ਲਈ ਯਹੋਵਾਹ ਜ਼ਿੰਮੇਵਾਰ ਨਹੀਂ ਸੀ। ਬਾਗ਼ਬਾਨ ਹੋਣ ਦੇ ਨਾਤੇ ਯਹੋਵਾਹ ਉਸ ਕੌਮ ਨੂੰ ਫਲਦਾਇਕ ਬਣਾਉਣ ਲਈ ਜੋ ਵੀ ਕਰ ਸਕਦਾ ਸੀ, ਉਸ ਨੇ ਕੀਤਾ। ਉਸ ਨੇ ਪੁੱਛਿਆ: “ਹੋਰ ਮੈਂ ਆਪਣੇ ਬਾਗ ਲਈ ਕੀ ਕਰ ਸੱਕਦਾ ਸਾਂ ਜੋ ਮੈਂ ਉਸ ਵਿੱਚ ਨਹੀਂ ਕੀਤਾ?”—ਯਸਾਯਾਹ 5:4.

ਇਸਰਾਏਲ ਦੀ ਵੇਲ ਨੇ ਚੰਗੇ ਫਲ ਪੈਦਾ ਨਹੀਂ ਕੀਤੇ, ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਕਿ ਉਹ ਉਨ੍ਹਾਂ ਦੀ ਰਾਖੀ ਕਰਨ ਲਈ ਖੜ੍ਹੀ ਕੀਤੀ ਕੰਧ ਢਾਹ ਦੇਵੇਗਾ। ਉਹ ਆਪਣੀ ਇਸ ਵੇਲ ਨੂੰ ਨਾ ਹੀ ਛਾਂਗੇਗਾ ਤੇ ਨਾ ਹੀ ਇਸ ਦੀ ਗੋਡੀ ਕਰੇਗਾ। ਬਸੰਤ ਰੁੱਤੇ ਮੀਂਹ ਨਹੀਂ ਪਵੇਗਾ ਤੇ ਇਹ ਬਾਗ਼ ਝਾੜੀਆਂ ਨਾਲ ਭਰ ਜਾਵੇਗਾ।—ਯਸਾਯਾਹ 5:5, 6.

ਮੂਸਾ ਨੇ ਭਵਿੱਖਬਾਣੀ ਕੀਤੀ ਸੀ ਕਿ ਇਸਰਾਏਲ ਦੀ ਪਰਮੇਸ਼ੁਰ ਪ੍ਰਤੀ ਨਾਫ਼ਰਮਾਨੀ ਕਰਕੇ ਉਨ੍ਹਾਂ ਦੇ ਅੰਗੂਰੀ ਬਾਗ਼ ਵੀ ਸੁੱਕ ਜਾਣਗੇ। “ਤੁਸੀਂ ਅੰਗੂਰੀ ਬਾਗ ਲਾ ਕੇ ਉਹ ਨੂੰ ਪਾਲੋਗੇ ਪਰ ਨਾ ਤਾਂ ਤੁਸੀਂ ਮਧ ਪੀਓਗੇ, ਨਾ ਗੁੱਛੇ ਇਕੱਠੇ ਕਰੋਗੇ ਕਿਉਂ ਜੋ ਕੀੜਾ ਉਨ੍ਹਾਂ ਨੂੰ ਖਾ ਜਾਵੇਗਾ।” (ਬਿਵਸਥਾ ਸਾਰ 28:39) ਜੇ ਤਣੇ ਨੂੰ ਕੀੜਾ ਲੱਗ ਜਾਵੇ ਤੇ ਇਸ ਨੂੰ ਅੰਦਰੋਂ ਖਾ ਲਵੇ, ਤਾਂ ਵੇਲ ਕੁਝ ਹੀ ਦਿਨਾਂ ਵਿਚ ਸੁੱਕ ਜਾਂਦੀ ਹੈ।—ਯਸਾਯਾਹ 24:7.

“ਸੱਚੀ ਅੰਗੂਰ ਦੀ ਬੇਲ”

ਜਿਵੇਂ ਯਹੋਵਾਹ ਨੇ ਇਸਰਾਏਲੀਆਂ ਦੀ ਤੁਲਨਾ ਅੰਗੂਰੀ ਵੇਲ ਨਾਲ ਕੀਤੀ ਸੀ, ਉਵੇਂ ਯਿਸੂ ਨੇ ਵੀ ਅੰਗੂਰੀ ਵੇਲ ਨੂੰ ਉਦਾਹਰਣ ਦੇ ਤੌਰ ਤੇ ਵਰਤਿਆ। ਆਪਣੇ ਚੇਲਿਆਂ ਨਾਲ ਆਖ਼ਰੀ ਭੋਜਨ ਕਰਦੇ ਵੇਲੇ ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਬਾਗਵਾਨ ਹੈ।” (ਯੂਹੰਨਾ 15:1) ਯਿਸੂ ਨੇ ਆਪਣੇ ਚੇਲਿਆਂ ਦੀ ਤੁਲਨਾ ਵੇਲ ਦੀਆਂ ਟਾਹਣੀਆਂ ਨਾਲ ਕੀਤੀ। ਜਿਵੇਂ ਵੇਲ ਦੀਆਂ ਟਾਹਣੀਆਂ ਤਣੇ ਤੋਂ ਪੋਸ਼ਣ ਪ੍ਰਾਪਤ ਕਰਦੀਆਂ ਹਨ, ਉਵੇਂ ਹੀ ਚੇਲਿਆਂ ਨੂੰ ਮਸੀਹ ਨਾਲ ਜੁੜੇ ਰਹਿਣ ਦੀ ਲੋੜ ਹੈ। ਯਿਸੂ ਨੇ ਕਿਹਾ ਸੀ: “ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ।” (ਯੂਹੰਨਾ 15:5) ਬਾਗ਼ਬਾਨ ਫਲ ਪ੍ਰਾਪਤ ਕਰਨ ਲਈ ਅੰਗੂਰੀ ਬਾਗ਼ ਲਾਉਂਦੇ ਹਨ, ਉਸੇ ਤਰ੍ਹਾਂ ਯਹੋਵਾਹ ਆਪਣੇ ਲੋਕਾਂ ਤੋਂ ਆਸ ਰੱਖਦਾ ਹੈ ਕਿ ਉਹ ਉਸ ਦੀ ਸੇਵਾ ਵਿਚ ਚੰਗੇ ਫਲ ਪੈਦਾ ਕਰਨ। ਇਸ ਤੋਂ ਯਹੋਵਾਹ ਨੂੰ ਖ਼ੁਸ਼ੀ ਹੁੰਦੀ ਹੈ ਤੇ ਉਸ ਦੀ ਮਹਿਮਾ ਹੁੰਦੀ ਹੈ।—ਯੂਹੰਨਾ 15:8.

ਅੰਗੂਰੀ ਵੇਲ ਦੀ ਸਮੇਂ-ਸਮੇਂ ਤੇ ਸਫ਼ਾਈ ਤੇ ਛੰਗਾਈ ਕਰਨ ਦੀ ਲੋੜ ਪੈਂਦੀ ਹੈ। ਯਿਸੂ ਨੇ ਵੀ ਕੁਝ ਇਸੇ ਤਰ੍ਹਾਂ ਦੀ ਸਫ਼ਾਈ ਤੇ ਛੰਗਾਈ ਦੀ ਗੱਲ ਕੀਤੀ ਸੀ। ਜ਼ਿਆਦਾ ਫਲ ਪ੍ਰਾਪਤ ਕਰਨ ਲਈ ਬਾਗ਼ਬਾਨ ਸਾਲ ਵਿਚ ਦੋ ਵਾਰ ਵੇਲਾਂ ਦੀ ਛੰਗਾਈ ਕਰਦਾ ਹੈ। ਸਰਦੀਆਂ ਦੇ ਮੌਸਮ ਵਿਚ ਬਾਗ਼ਬਾਨ ਵੇਲ ਤੋਂ ਤਕਰੀਬਨ ਸਾਰੀਆਂ ਪੁਰਾਣੀਆਂ ਟਾਹਣੀਆਂ ਛਾਂਗ ਦਿੰਦਾ ਹੈ। ਉਹ ਤਣੇ ਉੱਤੇ ਤਿੰਨ-ਚਾਰ ਮੁੱਖ ਟਾਹਣੀਆਂ ਛੱਡ ਦਿੰਦਾ ਹੈ ਤੇ ਹਰ ਟਾਹਣੀ ਤੇ ਇਕ-ਦੋ ਕਰੂੰਬਲਾਂ ਰਹਿਣ ਦਿੰਦਾ ਹੈ। ਇਹ ਕਰੂੰਬਲਾਂ ਫਿਰ ਵਧ ਕੇ ਆਉਣ ਵਾਲੇ ਗਰਮੀਆਂ ਦੇ ਮੌਸਮ ਵਿਚ ਫਲ ਦੇਣ ਵਾਲੀਆਂ ਟਾਹਣੀਆਂ ਬਣ ਜਾਂਦੀਆਂ ਹਨ। ਛਾਂਗੀਆਂ ਟਾਹਣੀਆਂ ਨੂੰ ਬਾਗ਼ਬਾਨ ਅੱਗ ਲਾ ਦਿੰਦਾ ਹੈ।

ਯਿਸੂ ਨੇ ਵੀ ਅਜਿਹੀ ਛੰਗਾਈ ਬਾਰੇ ਗੱਲ ਕਰਦੇ ਹੋਏ ਕਿਹਾ ਸੀ: “ਜੇ ਕੋਈ ਮੇਰੇ ਵਿੱਚ ਨਾ ਰਹੇ ਤਾਂ ਉਹ ਟਹਿਣੀ ਦੀ ਨਿਆਈਂ ਬਾਹਰ ਸੁੱਟਿਆ ਜਾਂਦਾ ਅਤੇ ਸੁੱਕ ਜਾਂਦਾ ਹੈ ਅਰ ਲੋਕ ਉਨ੍ਹਾਂ ਨੂੰ ਇਕੱਠਿਆਂ ਕਰ ਕੇ ਅੱਗ ਵਿੱਚ ਝੋਕਦੇ ਹਨ ਅਤੇ ਓਹ ਸਾੜੀਆਂ ਜਾਂਦੀਆਂ ਹਨ।” (ਯੂਹੰਨਾ 15:6) ਭਾਵੇਂ ਛੰਗਾਈ ਕਰਨ ਤੋਂ ਬਾਅਦ ਵੇਲ ਤੇ ਜ਼ਿਆਦਾ ਟਾਹਣੀਆਂ ਨਹੀਂ ਰਹਿੰਦੀਆਂ, ਫਿਰ ਵੀ ਬਸੰਤ ਰੁੱਤੇ ਦੁਬਾਰਾ ਛੰਗਾਈ ਕੀਤੀ ਜਾਂਦੀ ਹੈ।

ਬਸੰਤ ਰੁੱਤ ਵਿਚ ਵੇਲ ਤੇ ਨਵੀਆਂ ਟਾਹਣੀਆਂ ਆ ਜਾਂਦੀਆਂ ਹਨ ਤੇ ਅੰਗੂਰਾਂ ਦੇ ਛੋਟੇ-ਛੋਟੇ ਗੁੱਛੇ ਲੱਗ ਜਾਂਦੇ ਹਨ। ਬਾਗ਼ਬਾਨ ਬੜੇ ਧਿਆਨ ਨਾਲ ਹਰ ਟਾਹਣੀ ਨੂੰ ਦੇਖਦਾ ਹੈ ਕਿ ਕਿਹੜੀ ਨੂੰ ਫਲ ਲੱਗੇ ਹਨ ਤੇ ਕਿਹੜੀ ਨੂੰ ਨਹੀਂ। ਜੇ ਉਹ ਉਨ੍ਹਾਂ ਟਾਹਣੀਆਂ ਨੂੰ ਨਹੀਂ ਛਾਂਗਦਾ ਜਿਨ੍ਹਾਂ ਟਾਹਣੀਆਂ ਨੂੰ ਫਲ ਨਹੀਂ ਲੱਗੇ, ਤਾਂ ਉਹ ਟਾਹਣੀਆਂ ਤਣੇ ਤੋਂ ਆਹਾਰ ਤੇ ਪਾਣੀ ਚੂਸਦੀਆਂ ਰਹਿਣਗੀਆਂ। ਇਸ ਲਈ ਉਹ ਇਨ੍ਹਾਂ ਟਾਹਣੀਆਂ ਨੂੰ ਕੱਟ ਦਿੰਦਾ ਹੈ ਤਾਂਕਿ ਫਲ ਦੇਣ ਵਾਲੀਆਂ ਟਾਹਣੀਆਂ ਨੂੰ ਹੀ ਆਹਾਰ ਮਿਲੇ। ਯਿਸੂ ਨੇ ਇਸ ਛੰਗਾਈ ਬਾਰੇ ਗੱਲ ਕਰਦੇ ਹੋਏ ਕਿਹਾ ਸੀ: “ਹਰੇਕ ਟਹਿਣੀ ਜਿਹੜੀ ਮੇਰੇ ਵਿੱਚ ਹੈ ਅਰ ਫਲ ਨਹੀਂ ਦਿੰਦੀ ਉਹ ਉਸ ਨੂੰ ਲਾਹ ਸੁੱਟਦਾ ਹੈ।”—ਯੂਹੰਨਾ 15:2.

ਅਖ਼ੀਰ ਵਿਚ ਯਿਸੂ ਨੇ ਟਾਹਣੀਆਂ ਦੀ ਸਫ਼ਾਈ ਦਾ ਜ਼ਿਕਰ ਕੀਤਾ: “ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ।” (ਯੂਹੰਨਾ 15:2) ਫਲ ਨਾ ਦੇਣ ਵਾਲੀਆਂ ਟਾਹਣੀਆਂ ਨੂੰ ਛਾਂਗਣ ਤੋਂ ਬਾਅਦ ਬਾਗ਼ਬਾਨ ਧਿਆਨ ਨਾਲ ਹਰ ਫਲ ਦੇਣ ਵਾਲੀ ਟਾਹਣੀ ਨੂੰ ਜਾਂਚਦਾ ਹੈ। ਟਾਹਣੀ ਦੇ ਮੁੱਢ ਤੇ ਛੋਟੀਆਂ-ਛੋਟੀਆਂ ਨਵੀਆਂ ਕਰੂੰਬਲਾਂ ਫੁੱਟਦੀਆਂ ਹਨ ਜਿਨ੍ਹਾਂ ਨੂੰ ਕੱਟਣਾ ਜ਼ਰੂਰੀ ਹੁੰਦਾ ਹੈ। ਜੇ ਇਨ੍ਹਾਂ ਨੂੰ ਕੱਟਿਆ ਨਾ ਜਾਵੇ, ਤਾਂ ਇਹ ਤਣੇ ਤੋਂ ਪਾਣੀ ਚੂਸਦੀਆਂ ਰਹਿਣਗੀਆਂ ਤੇ ਅੰਗੂਰਾਂ ਨੂੰ ਪੂਰਾ ਪਾਣੀ ਨਹੀਂ ਮਿਲੇਗਾ। ਕੁਝ ਵੱਡੇ ਪੱਤਿਆਂ ਨੂੰ ਵੀ ਕੱਟ ਦਿੱਤਾ ਜਾਂਦਾ ਹੈ ਤਾਂਕਿ ਕੱਚੇ ਅੰਗੂਰਾਂ ਨੂੰ ਸੂਰਜ ਦੀ ਰੌਸ਼ਨੀ ਮਿਲੇ। ਇਹ ਸਭ ਕੁਝ ਕਰਨ ਨਾਲ ਟਾਹਣੀਆਂ ਤੇ ਜ਼ਿਆਦਾ ਫਲ ਲੱਗਦੇ ਹਨ।

“ਬਹੁਤਾ ਫਲ ਦਿਓ”

ਮਸਹ ਕੀਤੇ ਹੋਏ ਮਸੀਹੀ “ਸੱਚੀ ਅੰਗੂਰ ਦੀ ਬੇਲ” ਦੀਆਂ ਟਾਹਣੀਆਂ ਹਨ ਜਿਨ੍ਹਾਂ ਨੇ ਫਲ ਦੇਣਾ ਹੈ। ਪਰ ‘ਹੋਰ ਭੇਡਾਂ’ ਲਈ ਵੀ ਫਲ ਪੈਦਾ ਕਰ ਕੇ ਆਪਣੇ ਆਪ ਨੂੰ ਮਸੀਹ ਦੇ ਵਧੀਆ ਚੇਲੇ ਸਾਬਤ ਕਰਨਾ ਜ਼ਰੂਰੀ ਹੈ। (ਯੂਹੰਨਾ 10:16) ਉਹ ਵੀ “ਬਹੁਤਾ ਫਲ” ਪੈਦਾ ਕਰ ਕੇ ਆਪਣੇ ਸਵਰਗੀ ਪਿਤਾ ਦੀ ਵਡਿਆਈ ਕਰ ਸਕਦੇ ਹਨ। (ਯੂਹੰਨਾ 15:5, 8) ਯਿਸੂ ਦੁਆਰਾ ਦਿੱਤੀ ਸੱਚੀ ਅੰਗੂਰੀ ਵੇਲ ਦੀ ਉਦਾਹਰਣ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਸਾਡੀ ਮੁਕਤੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਅਸੀਂ ਮਸੀਹ ਨਾਲ ਜੁੜੇ ਰਹੀਏ ਤੇ ਚੰਗੇ ਮਸੀਹੀ ਬਣੀਏ। ਯਿਸੂ ਨੇ ਕਿਹਾ ਸੀ: “ਜੇਕਰ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ ਤਾਂ ਮੇਰੇ ਪ੍ਰੇਮ ਵਿੱਚ ਰਹੋਗੇ ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਨਾ ਕੀਤੀ ਹੈ ਅਤੇ ਉਹ ਦੇ ਪ੍ਰੇਮ ਵਿੱਚ ਰਹਿੰਦਾ ਹਾਂ।”—ਯੂਹੰਨਾ 15:10.

ਜ਼ਕਰਯਾਹ ਨਬੀ ਦੇ ਦਿਨਾਂ ਵਿਚ ਪਰਮੇਸ਼ੁਰ ਨੇ ਬਾਕੀ ਬਚੇ ਵਫ਼ਾਦਾਰ ਇਸਰਾਏਲੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ ਵਿਚ ਦੁਬਾਰਾ ‘ਸ਼ਾਂਤੀ ਦਾ ਬੀ ਹੋਵੇਗਾ, ਅੰਗੂਰੀ ਬੇਲ ਆਪਣਾ ਫਲ ਦੇਵੇਗੀ, ਧਰਤੀ ਆਪਣੀ ਪੈਦਾਵਾਰ ਦੇਵੇਗੀ।’ (ਜ਼ਕਰਯਾਹ 8:12) ਮਸੀਹ ਦੇ ਇਕ ਹਜ਼ਾਰ ਸਾਲ ਦੇ ਰਾਜ ਵਿਚ ਕਾਇਮ ਹੋਣ ਵਾਲੀ ਸ਼ਾਂਤੀ ਨੂੰ ਦਰਸਾਉਣ ਲਈ ਵੀ ਅੰਗੂਰੀ ਵੇਲ ਦੀ ਉਦਾਹਰਣ ਵਰਤੀ ਗਈ ਹੈ। ਮੀਕਾਹ ਨੇ ਭਵਿੱਖਬਾਣੀ ਕੀਤੀ ਸੀ: “ਓਹ ਆਪੋ ਆਪਣੀਆਂ ਅੰਗੂਰੀ ਬੇਲਾਂ ਅਤੇ ਹਜੀਰ ਦੇ ਬਿਰਛ ਹੇਠ ਬੈਠਣਗੇ, ਅਤੇ ਕੋਈ ਓਹਨਾਂ ਨੂੰ ਨਹੀਂ ਡਰਾਏਗਾ, ਕਿਉਂ ਜੋ ਸੈਨਾਂ ਦੇ ਯਹੋਵਾਹ ਦਾ ਮੁਖ ਵਾਕ ਹੈ।”—ਮੀਕਾਹ 4:4.

[ਫੁਟਨੋਟ]

^ ਪੈਰਾ 7 ਐਨਸਾਈਕਲੋਪੀਡੀਆ ਜੁਡੇਈਕਾ ਅਨੁਸਾਰ ਇਸਰਾਏਲੀ ਬਾਗ਼ਬਾਨ ਚੰਗੀ ਕਿਸਮ ਦੀਆਂ ਦਾਬਾਂ ਲਾਉਂਦੇ ਸਨ ਜਿਨ੍ਹਾਂ ਨੂੰ ਲਾਲ ਅੰਗੂਰ ਲੱਗਦੇ ਸਨ। ਇਨ੍ਹਾਂ ਅੰਗੂਰਾਂ ਨੂੰ ਸੌਰੇਕ ਕਿਹਾ ਜਾਂਦਾ ਹੈ ਤੇ ਇਨ੍ਹਾਂ ਦੀ ਸ਼ਰਾਬ ਲਾਲ ਤੇ ਮਿੱਠੀ ਹੁੰਦੀ ਹੈ।

[ਸਫ਼ਾ 18 ਉੱਤੇ ਤਸਵੀਰ]

ਸੁੱਕ ਚੁੱਕੀ ਵੇਲ

[ਸਫ਼ਾ 18 ਉੱਤੇ ਤਸਵੀਰ]

ਸਰਦੀਆਂ ਵਿਚ ਵੇਲ ਦੀ ਛੰਗਾਈ

[ਸਫ਼ਾ 18 ਉੱਤੇ ਤਸਵੀਰ]

ਛਾਂਗੀਆਂ ਹੋਈਆਂ ਟਾਹਣੀਆਂ ਨੂੰ ਅੱਗ ਲਾ ਦਿੱਤੀ ਜਾਂਦੀ ਹੈ