Skip to content

Skip to table of contents

ਕੀ ਟੈਲੀਵਿਯਨ ਮਾਪਿਆਂ ਦੀ ਥਾਂ ਲੈ ਸਕਦਾ ਹੈ?

ਕੀ ਟੈਲੀਵਿਯਨ ਮਾਪਿਆਂ ਦੀ ਥਾਂ ਲੈ ਸਕਦਾ ਹੈ?

ਕੀ ਟੈਲੀਵਿਯਨ ਮਾਪਿਆਂ ਦੀ ਥਾਂ ਲੈ ਸਕਦਾ ਹੈ?

ਮਾਪੇ ਆਪਣੇ ਕੰਮ-ਕਾਰ ਪੂਰੇ ਕਰਨ ਲਈ ਬੱਚਿਆਂ ਨੂੰ ਟੈਲੀਵਿਯਨ ਅੱਗੇ ਬਿਠਾ ਦਿੰਦੇ ਹਨ। ਪਰ ਸਵਾਲ ਇਹ ਉੱਠਦਾ ਹੈ ਕਿ ਟੈਲੀਵਿਯਨ ਦਾ ਬੱਚਿਆਂ ਤੇ ਕਿਹੋ ਜਿਹਾ ਅਸਰ ਪੈਂਦਾ ਹੈ?

ਦ ਨਿਊਯਾਰਕ ਟਾਈਮਜ਼ ਅਖ਼ਬਾਰ ਰਿਪੋਰਟ ਕਰਦਾ ਹੈ: “ਟੈਲੀਵਿਯਨ ਤੇ ਦਿਖਾਈਆਂ ਜਾਂਦੀਆਂ ਗੱਲਾਂ ਛੋਟੇ-ਛੋਟੇ ਬੱਚਿਆਂ ਦੇ ਮਨਾਂ ਵਿਚ ਵੀ ਬੈਠ ਜਾਂਦੀਆਂ ਹਨ।” ਮਿਸਾਲ ਲਈ, ਹਾਲ ਹੀ ਵਿਚ ਇਕ ਸਾਲ ਦੇ ਬੱਚਿਆਂ ਨੂੰ ਟੈਲੀਵਿਯਨ ਉੱਤੇ ਇਕ ਅਭਿਨੇਤਰੀ ਨੂੰ ਖਿਡੌਣੇ ਨਾਲ ਖੇਡਦਿਆਂ ਦਿਖਾਇਆ ਗਿਆ। ਉਹ ਖਿਡੌਣੇ ਨੂੰ ਦੇਖ ਕੇ ਜਾਂ ਤਾਂ ਡਰ ਜਾਂਦੀ ਸੀ ਜਾਂ ਖ਼ੁਸ਼ ਹੋ ਜਾਂਦੀ ਸੀ। ਬੱਚਿਆਂ ਉੱਤੇ ਇਸ ਦੇ ਅਸਰਾਂ ਬਾਰੇ ਟਾਈਮਜ਼ ਅਖ਼ਬਾਰ ਦੱਸਦਾ ਹੈ ਕਿ “ਜਿਸ ਖਿਡੌਣੇ ਨੂੰ ਦੇਖ ਕੇ ਅਭਿਨੇਤਰੀ ਡਰ ਜਾਂਦੀ ਸੀ, ਜਦ ਉਹੀ ਖਿਡੌਣਾ ਬਾਅਦ ਵਿਚ ਬੱਚਿਆਂ ਨੂੰ ਖੇਡਣ ਲਈ ਦਿੱਤਾ ਜਾਂਦਾ ਸੀ, ਤਾਂ ਬੱਚੇ ਉਸ ਖਿਡੌਣੇ ਨਾਲ ਖੇਡਣਾ ਨਹੀਂ ਚਾਹੁੰਦੇ ਸਨ। ਉਹ ਵੀ ਇਸ ਖਿਡੌਣੇ ਨੂੰ ਦੇਖ ਕੇ ਸਹਿਮ ਜਾਂਦੇ ਸਨ ਜਾਂ ਰੋਣ ਲੱਗ ਪੈਂਦੇ ਸਨ। ਪਰ ਜਿਸ ਖਿਡੌਣੇ ਨੂੰ ਦੇਖ ਕੇ ਅਭਿਨੇਤਰੀ ਖ਼ੁਸ਼ ਹੁੰਦੀ ਸੀ ਤੇ ਉਹੀ ਖਿਡੌਣਾ ਬੱਚਿਆਂ ਨੂੰ ਖੇਡਣ ਲਈ ਦਿੱਤਾ ਜਾਂਦਾ ਸੀ, ਤਾਂ ਬੱਚੇ ਵੀ ਖ਼ੁਸ਼ੀ-ਖ਼ੁਸ਼ੀ ਉਸ ਖਿਡੌਣੇ ਨਾਲ ਖੇਡਣ ਲੱਗ ਪੈਂਦੇ ਸਨ।”

ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਛੋਟੇ-ਛੋਟੇ ਬੱਚਿਆਂ ਤੇ ਵੀ ਟੈਲੀਵਿਯਨ ਉੱਤੇ ਦਿਖਾਈਆਂ ਜਾਂਦੀਆਂ ਗੱਲਾਂ ਦਾ ਅਸਰ ਪੈਂਦਾ ਹੈ। ਪਰ ਜੇ ਇਹ ਅਸਰ ਬੱਚਿਆਂ ਤੇ ਜ਼ਿਆਦਾ ਦੇਰ ਤਕ ਰਹੇ, ਤਾਂ ਕੀ ਹੋ ਸਕਦਾ ਹੈ? ਜਪਾਨ ਵਿਚ ਬੱਚਿਆਂ ਦਾ ਡਾਕਟਰ ਨਾਓਕੀ ਕਾਟਾਓਕਾ ਨੇ ਦੱਸਿਆ ਕਿ ਜੋ ਬੱਚੇ ਕਈ-ਕਈ ਘੰਟੇ ਟੀ. ਵੀ. ਦੇਖਦੇ ਰਹਿੰਦੇ ਹਨ, ਉਹ ਬੜੇ ਹੀ ਚੁੱਪ-ਚੁਪੀਤੇ ਅਤੇ ਆਪਣੇ ਆਪ ਵਿਚ ਹੀ ਰਹਿੰਦੇ ਹਨ। ਇਕ ਦੋ ਸਾਲ ਦਾ ਮੁੰਡਾ ਕਿਸੇ ਵੀ ਗੱਲ ਦਾ ਜਵਾਬ ਸਿਰਫ਼ ਇਕ-ਦੋ ਸ਼ਬਦਾਂ ਵਿਚ ਹੀ ਦਿੰਦਾ ਸੀ। ਉਹ ਇਕ ਸਾਲ ਦੀ ਉਮਰ ਤੋਂ ਹੀ ਸਵੇਰ ਤੋਂ ਲੈ ਕੇ ਸ਼ਾਮ ਤਕ ਟੀ. ਵੀ. ਮੁਹਰੇ ਬੈਠਾ ਰਹਿੰਦਾ ਸੀ। ਡਾਕਟਰ ਦੀ ਸਲਾਹ ਤੇ ਹੀ ਉਸ ਮੁੰਡੇ ਦੀ ਮਾਂ ਨੇ ਉਸ ਨੂੰ ਟੈਲੀਵਿਯਨ ਦੇਖਣ ਤੋਂ ਰੋਕਿਆ ਅਤੇ ਉਸ ਨਾਲ ਸਮਾਂ ਬਿਤਾਉਣਾ ਤੇ ਹੱਸਣਾ-ਖੇਡਣਾ ਸ਼ੁਰੂ ਕੀਤਾ। ਨਤੀਜੇ ਵਜੋਂ, ਉਸ ਮੁੰਡੇ ਨੇ ਹੌਲੀ-ਹੌਲੀ ਨਵੇਂ ਸ਼ਬਦ ਸਿੱਖ ਕੇ ਬੋਲਣਾ ਸ਼ੁਰੂ ਕੀਤਾ। ਹਾਂ, ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਟੀ. ਵੀ. ਅੱਗੇ ਬਿਠਾਉਣ ਦੀ ਬਜਾਇ ਮਾਪੇ ਆਪ ਉਨ੍ਹਾਂ ਨਾਲ ਸਮਾਂ ਬਿਤਾਉਣ।

ਪਰਿਵਾਰ ਦੀ ਨੀਂਹ ਯਹੋਵਾਹ ਪਰਮੇਸ਼ੁਰ ਨੇ ਧਰੀ ਸੀ। ਉਸ ਨੇ ਬਾਈਬਲ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਕਿ ਮਾਪਿਆਂ ਲਈ ਆਪਣੇ ਬੱਚਿਆਂ ਨਾਲ ਪਰਮੇਸ਼ੁਰ ਬਾਰੇ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਸਦੀਆਂ ਪਹਿਲਾਂ ਉਸ ਨੇ ਬਾਈਬਲ ਵਿਚ ਮਾਪਿਆਂ ਨੂੰ ਇਹ ਹਿਦਾਇਤ ਦਿੱਤੀ: “ਤੁਸੀਂ [ਪਰਮੇਸ਼ੁਰ ਦੀਆਂ ਗੱਲਾਂ] ਨੂੰ ਆਪਣੇ ਬੱਚਿਆਂ ਨੂੰ ਸਿਖਲਾਓ। ਤੁਸੀਂ ਆਪਣੇ ਘਰ ਬੈਠਿਆਂ, ਰਾਹ ਤੁਰਦਿਆਂ, ਲੇਟਦਿਆਂ ਅਰ ਉੱਠਦਿਆਂ ਓਹਨਾਂ ਦਾ ਚਰਚਾ ਕਰੋ।” (ਬਿਵਸਥਾ ਸਾਰ 6:7) ਜੀ ਹਾਂ, ਮਾਪੇ ਪਰਮੇਸ਼ੁਰ ਦੇ ਅਸੂਲਾਂ ਤੇ ਚੱਲ ਕੇ ਆਪਣੀ ਕਹਿਣੀ ਅਤੇ ਕਰਨੀ ਰਾਹੀਂ ਆਪਣੇ ਬੱਚਿਆਂ ਨੂੰ ਜੀਵਨ ਦੇ “ਰਾਹ” ਤੇ ਚੱਲਣਾ ਸਿਖਾ ਸਕਦੇ ਹਨ। ਇਹ ਕੰਮ ਟੈਲੀਵਿਯਨ ਨਹੀਂ ਕਰ ਸਕਦਾ।—ਕਹਾਉਤਾਂ 22:6.