Skip to content

Skip to table of contents

ਕੀ ਤੁਸੀਂ ਸੱਚ-ਮੁੱਚ ਖ਼ੁਸ਼ ਹੋ?

ਕੀ ਤੁਸੀਂ ਸੱਚ-ਮੁੱਚ ਖ਼ੁਸ਼ ਹੋ?

ਕੀ ਤੁਸੀਂ ਸੱਚ-ਮੁੱਚ ਖ਼ੁਸ਼ ਹੋ?

ਸ਼ਾਇਦ ਤੁਸੀਂ ਆਪਣੇ ਆਪ ਨੂੰ ਪੁੱਛੋ, ‘ਕੀ ਮੈਂ ਸੱਚ-ਮੁੱਚ ਖ਼ੁਸ਼ ਹਾਂ?’ ਸਮਾਜ-ਵਿਗਿਆਨੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਲੋਕ ਇਸ ਸਵਾਲ ਦਾ ਜਵਾਬ ਕਿੱਦਾਂ ਦੇਣਗੇ। ਪਰ ਉਨ੍ਹਾਂ ਦਾ ਇਹ ਕੰਮ ਆਸਾਨ ਨਹੀਂ ਹੈ। ਕਿਸੇ ਦੀ ਖ਼ੁਸ਼ੀ ਦਾ ਅੰਦਾਜ਼ਾ ਲਾਉਣਾ, ਇਕ ਪਤੀ ਦੇ ਪਿਆਰ ਦਾ ਅੰਦਾਜ਼ਾ ਲਾਉਣ ਦੇ ਬਰਾਬਰ ਹੈ। ਜਾਂ ਫਿਰ ਘਰ ਵਿਚ ਕਿਸੇ ਦੀ ਮੌਤ ਹੋਣ ਤੇ ਪਰਿਵਾਰ ਦੇ ਬਾਕੀ ਜੀਆਂ ਦੇ ਗਮ ਦਾ ਅੰਦਾਜ਼ਾ ਲਾਉਣ ਦੇ ਬਰਾਬਰ ਹੈ। ਕਹਿਣ ਦਾ ਭਾਵ ਹੈ ਕਿ ਕਿਸੇ ਦੇ ਜਜ਼ਬਾਤਾਂ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਫਿਰ ਵੀ ਵਿਗਿਆਨੀ ਮੰਨਦੇ ਹਨ ਕਿ ਅਸੀਂ ਸਾਰੇ ਆਪਣੇ ਬੁਰੇ ਹਾਲਾਤਾਂ ਦੇ ਬਾਵਜੂਦ ਖ਼ੁਸ਼ ਰਹਿ ਸਕਦੇ ਹਾਂ।

ਪਰ ਦੁੱਖ ਦੀ ਗੱਲ ਹੈ ਕਿ ਦੁਨੀਆਂ ਭਰ ਵਿਚ ਗੰਭੀਰ ਮੁਸ਼ਕਲਾਂ ਨੇ ਲੋਕਾਂ ਦੀਆਂ ਖ਼ੁਸ਼ੀਆਂ ਲੁੱਟ ਲਈਆਂ ਹਨ। ਮਿਸਾਲ ਲਈ, ਕੁਝ ਸ਼ਹਿਰਾਂ ਵਿਚ ਏਡਜ਼ ਦੀ ਮਹਾਂਮਾਰੀ ਕਾਰਨ ਇੰਨੀਆਂ ਮੌਤਾਂ ਹੋ ਰਹੀਆਂ ਹਨ ਕਿ ਕਬਰਸਤਾਨਾਂ ਵਿਚ ਲਾਸ਼ਾਂ ਨੂੰ ਦਫ਼ਨਾਉਣ ਲਈ ਜਗ੍ਹਾ ਨਹੀਂ ਰਹੀ। ਇਸ ਲਈ ਸਰਕਾਰ ਨੇ ਹਾਲ ਹੀ ਵਿਚ ਮਰੇ ਲੋਕਾਂ ਨੂੰ ਦਫ਼ਨਾਉਣ ਲਈ ਪੁਰਾਣੀਆਂ ਕਬਰਾਂ ਦੁਬਾਰਾ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅਫ਼ਰੀਕਾ ਦੇ ਕੁਝ ਇਲਾਕਿਆਂ ਵਿਚ ਤਾਬੂਤ ਬਣਾਉਣ ਦਾ ਧੰਦਾ ਬਹੁਤ ਚੱਲ ਰਿਹਾ ਹੈ। ਤੁਸੀਂ ਭਾਵੇਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਰਹਿੰਦੇ ਹੋਵੋ, ਤੁਹਾਨੂੰ ਕਈ ਲੋਕਾਂ ਦੇ ਉਦਾਸ ਚਿਹਰੇ ਨਜ਼ਰ ਆਉਣਗੇ ਜੋ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹਨ ਅਤੇ ਆਪਣੇ ਅਜ਼ੀਜ਼ਾਂ ਜਾਂ ਦੋਸਤ-ਮਿੱਤਰਾਂ ਦੀ ਮੌਤ ਕਾਰਨ ਗਮ ਨਾਲ ਘਿਰੇ ਹੋਏ ਹਨ।

ਅਮੀਰ ਦੇਸ਼ਾਂ ਦੇ ਲੋਕਾਂ ਬਾਰੇ ਕੀ? ਉਨ੍ਹਾਂ ਤੇ ਵੀ ਮੁਸੀਬਤਾਂ ਦਾ ਪਹਾੜ ਟੁੱਟ ਸਕਦਾ ਹੈ। ਅਚਾਨਕ ਹਾਲਾਤਾਂ ਦੇ ਬਦਲਣ ਕਾਰਨ, ਪਲਾਂ ਵਿਚ ਉਹ ਆਪਣਾ ਸਭ ਕੁਝ ਖੋਹ ਸਕਦੇ ਹਨ। ਮਿਸਾਲ ਲਈ, ਅਮਰੀਕਾ ਵਿਚ ਕਈਆਂ ਨੂੰ ਰੀਟਾਇਰ ਹੋਣ ਤੋਂ ਬਾਅਦ ਵੀ ਕੰਮ ਤੇ ਜਾਣਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਮਿਲਦੀ ਪੈਨਸ਼ਨ ਬੰਦ ਕਰ ਦਿੱਤੀ ਜਾਂਦੀ ਹੈ। ਸਾਲਾਂ ਦੌਰਾਨ ਉਨ੍ਹਾਂ ਨੇ ਜੋ ਵੀ ਰੁਪਇਆ-ਪੈਸਾ ਜਮ੍ਹਾ ਕੀਤਾ ਹੁੰਦਾ ਹੈ, ਉਹ ਸਾਰਾ ਅਕਸਰ ਦਵਾਈਆਂ ਤੇ ਖ਼ਰਚ ਹੋ ਜਾਂਦਾ ਹੈ। ਇਕ ਵਕੀਲ ਦੱਸਦਾ ਹੈ: “ਮੇਰੇ ਕੋਲ ਅਜਿਹੇ ਲੋਕ ਆਉਂਦੇ ਹਨ ਜੋ ਬੀਮਾਰੀ ਨਾਲ ਪੀੜਿਤ ਹੋਣ ਦੇ ਨਾਲ-ਨਾਲ ਭਾਰੀ ਕਰਜ਼ਿਆਂ ਦੇ ਬੋਝ ਥੱਲੇ ਦੱਬੇ ਹੋਏ ਹੁੰਦੇ ਹਨ। ਉਨ੍ਹਾਂ ਦੀ ਹਾਲਤ ਦੇਖ ਕੇ ਮੇਰਾ ਦਿਲ ਤੜਫ਼ ਉੱਠਦਾ ਹੈ। ਕਈ ਵਾਰ ਮੈਨੂੰ ਇਹ ਸਲਾਹ ਦੇਣੀ ਪੈਂਦੀ ਹੈ ਕਿ ਕਰਜ਼ਾ ਉਤਾਰਨ ਲਈ ਉਨ੍ਹਾਂ ਨੂੰ ਆਪਣਾ ਘਰ ਵੇਚਣਾ ਪਵੇਗਾ।” ਲੇਕਿਨ ਉਨ੍ਹਾਂ ਲੋਕਾਂ ਬਾਰੇ ਕੀ ਜਿਨ੍ਹਾਂ ਨੂੰ ਪੈਸੇ ਦੀ ਕੋਈ ਤੰਗੀ ਨਹੀਂ? ਕੀ ਉਹ ਸੱਚ-ਮੁੱਚ ਖ਼ੁਸ਼ ਹਨ?

ਕੁਝ ਲੋਕ ਅਮਰੀਕਾ ਦੇ ਮਸ਼ਹੂਰ ਸੰਗੀਤਕਾਰ ਰਿਚਰਡ ਰੌਜ੍ਰਜ਼ ਵਰਗੇ ਹਨ। ਉਸ ਬਾਰੇ ਕਿਹਾ ਗਿਆ ਹੈ ਕਿ ਦੁਨੀਆਂ ਵਿਚ ‘ਬਹੁਤ ਘੱਟ ਲੋਕਾਂ ਨੇ ਹੋਰਨਾਂ ਦੇ ਦਿਲਾਂ ਨੂੰ ਇੰਨਾ ਖ਼ੁਸ਼ ਕੀਤਾ ਹੈ’ ਜਿੰਨਾ ਰਿਚਰਡ ਰੌਜ੍ਰਜ਼ ਨੇ ਆਪਣੇ ਗੀਤ ਸੁਣਾ ਕੇ ਲੋਕਾਂ ਨੂੰ ਖ਼ੁਸ਼ ਕੀਤਾ। ਪਰ ਦੁੱਖ ਦੀ ਗੱਲ ਹੈ ਕਿ ਉਹ ਆਪ ਹਮੇਸ਼ਾ ਡਿਪਰੈਸ਼ਨ ਦਾ ਸ਼ਿਕਾਰ ਰਿਹਾ। ਧਨ-ਦੌਲਤ ਤੇ ਸ਼ੁਹਰਤ ਤਾਂ ਉਸ ਨੇ ਕਮਾ ਲਏ ਸਨ, ਪਰ ਖ਼ੁਸ਼ੀ ਉਸ ਦੇ ਹੱਥ ਨਹੀਂ ਲੱਗੀ। ਇਕ ਲੇਖਕ ਦੱਸਦਾ ਹੈ ਕਿ “[ਰੌਜ੍ਰਜ਼] ਬਹੁਤ ਹੀ ਸਫ਼ਲ ਕਲਾਕਾਰ ਸੀ। ਉਸ ਨੇ ਐਸ਼ੋ-ਆਰਾਮ ਦੀ ਜ਼ਿੰਦਗੀ ਗੁਜ਼ਾਰੀ ਅਤੇ ਉਸ ਨੂੰ ਆਪਣੀ ਚੰਗੀ ਗਾਇਕੀ ਕਰਕੇ ਦੋ ਵੱਡੇ ਇਨਾਮ ਵੀ ਮਿਲੇ। ਪਰ ਉਦਾਸੀ ਤੇ ਨਿਰਾਸ਼ਾ ਨੇ ਉਸ ਦਾ ਪਿੱਛਾ ਨਹੀਂ ਛੱਡਿਆ।”

ਇਹ ਗੱਲ ਕਿੰਨੀ ਸੱਚੀ ਹੈ ਕਿ ਜੋ ਲੋਕ ਪੈਸੇ ਵਿਚ ਭਰੋਸਾ ਰੱਖਦੇ ਹਨ, ਉਹ ਅਕਸਰ ਧੋਖਾ ਖਾਂਦੇ ਹਨ ਕਿਉਂਕਿ ਖ਼ੁਸ਼ੀਆਂ ਖ਼ਰੀਦੀਆਂ ਨਹੀਂ ਜਾ ਸਕਦੀਆਂ। ਕੈਨੇਡਾ ਦੇ ਗਲੋਬ ਐਂਡ ਮੇਲ ਨਾਮਕ ਅਖ਼ਬਾਰ ਦੇ ਇਕ ਰਿਪੋਰਟਰ ਨੇ ਕਿਹਾ ਕਿ ਬਹੁਤ ਸਾਰੇ ਅਮੀਰ ਲੋਕ ਆਪਣੇ “ਸੁੰਨਮਸਾਨ ਜੀਵਨ ਕਾਰਨ ਇਕੱਲਾਪਣ ਮਹਿਸੂਸ ਕਰਦੇ ਹਨ।” ਇਕ ਬੈਂਕ ਮੈਨੇਜਰ ਮੁਤਾਬਕ, ਜਦ ਅਮੀਰ ਮਾਪੇ ਆਪਣੇ ਬੱਚਿਆਂ ਦੇ ਨਾਂ ਬਹੁਤ ਸਾਰਾ ਧਨ-ਦੌਲਤ ਕਰ ਦਿੰਦੇ ਹਨ ਤੇ ਉਨ੍ਹਾਂ ਨੂੰ ਕੀਮਤੀ ਤੋਹਫ਼ੇ ਦਿੰਦੇ ਹਨ, ਤਾਂ ਉਹ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਦੇ ਹਨ। ਉਹ ਇਸ ਤਰ੍ਹਾਂ ਕਰ ਕੇ ਆਪਣੇ ਬੱਚਿਆਂ ਨੂੰ ਵਿਗਾੜਦੇ ਹਨ ਜਿਸ ਦੇ “ਉਨ੍ਹਾਂ ਨੂੰ ਬਾਅਦ ਵਿਚ ਦੁਖਦਾਈ ਨਤੀਜੇ ਭੁਗਤਣੇ ਪੈਂਦੇ ਹਨ।”

ਕੀ ਸੱਚੀ ਖ਼ੁਸ਼ੀ ਪਾਉਣ ਦੀ ਕੋਈ ਉਮੀਦ ਹੈ?

ਖੋਜਕਾਰਾਂ ਨੇ ਦੇਖਿਆ ਹੈ ਕਿ ਜਿਸ ਤਰ੍ਹਾਂ ਇਕ ਫੁੱਲਦਾਰ ਬੂਟੇ ਨੂੰ ਉਗਾਉਣ ਲਈ ਚੰਗੀ ਜ਼ਮੀਨ, ਪਾਣੀ ਅਤੇ ਚੰਗੇ ਵਾਤਾਵਰਣ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਸਾਡੀ ਖ਼ੁਸ਼ੀ ਵੀ ਚੰਗੇ ਹਾਲਾਤਾਂ ਤੇ ਨਿਰਭਰ ਕਰਦੀ ਹੈ। ਮਿਸਾਲ ਲਈ, ਜਦ ਸਾਡੀ ਸਿਹਤ ਚੰਗੀ ਹੁੰਦੀ ਹੈ, ਅਸੀਂ ਚੰਗੇ ਘਰ ਵਿਚ ਰਹਿੰਦੇ ਹਾਂ, ਚੰਗਾ ਕਮਾਉਂਦੇ, ਖਾਂਦੇ-ਪੀਂਦੇ ਅਤੇ ਪਹਿਨਦੇ ਹਾਂ, ਸਾਡੇ ਚੰਗੇ ਦੋਸਤ-ਮਿੱਤਰ ਹੁੰਦੇ ਹਨ ਤੇ ਸਾਡੇ ਸਭ ਅਰਮਾਨ ਪੂਰੇ ਹੁੰਦੇ ਹਨ, ਤਾਂ ਅਸੀਂ ਖ਼ੁਸ਼ੀਆਂ ਦਾ ਆਨੰਦ ਮਾਣਦੇ ਹਾਂ।

ਤੁਸੀਂ ਜ਼ਰੂਰ ਸਹਿਮਤ ਹੋਵੋਗੇ ਕਿ ਇਨ੍ਹਾਂ ਗੱਲਾਂ ਦਾ ਸਾਡੀ ਖ਼ੁਸ਼ੀ ਉੱਤੇ ਅਸਰ ਪੈਂਦਾ ਹੈ। ਪਰ ਸੱਚੀ ਖ਼ੁਸ਼ੀ ਪਾਉਣ ਲਈ ਇਨ੍ਹਾਂ ਗੱਲਾਂ ਤੋਂ ਜ਼ਿਆਦਾ ਜ਼ਰੂਰੀ ਇਹ ਗੱਲ ਹੈ ਕਿ ਅਸੀਂ ਯਹੋਵਾਹ ਪਰਮੇਸ਼ੁਰ ਬਾਰੇ ਸਹੀ ਗਿਆਨ ਹਾਸਲ ਕਰੀਏ। ਇਹ ਗਿਆਨ ਖ਼ੁਸ਼ ਰਹਿਣ ਵਿਚ ਸਾਡੀ ਕਿੱਦਾਂ ਮਦਦ ਕਰੇਗਾ? ਯਹੋਵਾਹ ਪਰਮੇਸ਼ੁਰ ਸਾਡਾ ਸਿਰਜਣਹਾਰ ਹੈ ਅਤੇ ਉਸ ਨੇ ਸਾਨੂੰ ਖ਼ੁਸ਼ ਰਹਿਣ ਲਈ ਬਣਾਇਆ ਸੀ। ਉਹ ਜਾਣਦਾ ਹੈ ਕਿ ਸਾਨੂੰ ਅਸਲੀ ਖ਼ੁਸ਼ੀ ਕਿੱਦਾਂ ਮਿਲ ਸਕਦੀ ਹੈ, ਇਸ ਲਈ ਖ਼ੁਸ਼ ਰਹਿਣ ਸੰਬੰਧੀ ਉਹ ਆਪਣੇ ਬਚਨ ਵਿਚ ਸਾਨੂੰ ਵਧੀਆ ਸੇਧ ਦਿੰਦਾ ਹੈ। ਅਗਲੇ ਲੇਖ ਵਿਚ ਅਸੀਂ ਦੇਖਾਂਗੇ ਕਿ ਉਹ ਕਿਹੋ ਜਿਹੀ ਸੇਧ ਦਿੰਦਾ ਹੈ ਤਾਂਕਿ ਦੁਨੀਆਂ ਦਾ ਹਰ ਇਨਸਾਨ ਹਰ ਹਾਲ ਵਿਚ ਖ਼ੁਸ਼ੀਆਂ ਦਾ ਆਨੰਦ ਮਾਣ ਸਕੇ।

[ਸਫ਼ਾ 4 ਉੱਤੇ ਤਸਵੀਰ]

ਜਿਸ ਤਰ੍ਹਾਂ ਇਕ ਫੁੱਲਦਾਰ ਬੂਟੇ ਨੂੰ ਚੰਗੇ ਪੌਣ-ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਖ਼ੁਸ਼ੀਆਂ ਪਾਉਣ ਲਈ ਸਾਡੇ ਚੰਗੇ ਹਾਲਾਤ ਹੋਣੇ ਜ਼ਰੂਰੀ ਹਨ

[ਸਫ਼ਾ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Gideon Mendel/CORBIS