Skip to content

Skip to table of contents

ਖ਼ੁਸ਼ ਰਹਿਣ ਲਈ ਭਰੋਸੇਮੰਦ ਸੇਧ

ਖ਼ੁਸ਼ ਰਹਿਣ ਲਈ ਭਰੋਸੇਮੰਦ ਸੇਧ

ਖ਼ੁਸ਼ ਰਹਿਣ ਲਈ ਭਰੋਸੇਮੰਦ ਸੇਧ

ਹਰ ਇਨਸਾਨ ਨੂੰ ਕੁਝ ਅਧਿਕਾਰ ਬਖ਼ਸ਼ੇ ਗਏ ਹਨ ਜਿਨ੍ਹਾਂ ਵਿੱਚੋਂ ਇਕ ਹੈ “ਖ਼ੁਸ਼ੀ ਮਾਣਨ ਦਾ ਅਧਿਕਾਰ।” ਇਹ ਵਿਚਾਰ ਉਨ੍ਹਾਂ ਵਿਅਕਤੀਆਂ ਦਾ ਸੀ ਜਿਨ੍ਹਾਂ ਨੇ ਅਮਰੀਕਾ ਦੁਆਰਾ ਅਪਣਾਇਆ ਗਿਆ ਸੁਤੰਤਰਤਾ ਦਾ ਘੋਸ਼ਣਾ-ਪੱਤਰ ਬਣਾਇਆ ਸੀ। ਪਰ, ਖ਼ੁਸ਼ੀ ਪਾਉਣ ਦਾ ਟੀਚਾ ਰੱਖਣਾ ਇਕ ਗੱਲ ਹੈ ਜਦ ਕਿ ਉਸ ਟੀਚੇ ਨੂੰ ਹਾਸਲ ਕਰਨਾ ਹੋਰ ਗੱਲ ਹੈ। ਮਿਸਾਲ ਲਈ, ਅਨੇਕ ਨੌਜਵਾਨ ਫ਼ਿਲਮ ਸਟਾਰ ਜਾਂ ਵਧੀਆ ਖਿਡਾਰੀ ਬਣਨ ਦੇ ਸੁਪਨੇ ਦੇਖਦੇ ਹਨ, ਪਰ ਉਨ੍ਹਾਂ ਵਿੱਚੋਂ ਕਿੰਨਿਆਂ ਦੇ ਸੁਪਨੇ ਪੂਰੇ ਹੁੰਦੇ ਹਨ? ਇਕ ਮਸ਼ਹੂਰ ਸੰਗੀਤਕਾਰ ਨੇ ਕਿਹਾ ਕਿ “ਤੁਸੀਂ ਕਦੇ ਆਪਣੀ ਮੰਜ਼ਲ ਤੇ ਨਹੀਂ ਪਹੁੰਚੋਗੇ।” ਇਹ ਗਾਇਕ ਚੰਗੀ ਤਰ੍ਹਾਂ ਜਾਣਦਾ ਸੀ ਕਿ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਲਈ ਇਨਸਾਨ ਨੂੰ ਕਿੰਨੀ ਜੱਦੋ-ਜਹਿਦ ਕਰਨੀ ਪੈਂਦੀ ਹੈ।

ਪਰ ਖ਼ੁਸ਼ੀ ਦੀ ਤਲਾਸ਼ ਬਾਰੇ ਕੀ? ਕੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਕਦੇ ਕੋਈ ਖ਼ੁਸ਼ੀ ਨਹੀਂ ਆਵੇਗੀ? ਜੇ ਤੁਹਾਨੂੰ ਇਸ ਤਰ੍ਹਾਂ ਲੱਗਦਾ ਹੈ, ਤਾਂ ਹੌਸਲਾ ਰੱਖੋ। ਜੇ ਤੁਸੀਂ ਸਹੀ ਤਰੀਕੇ ਨਾਲ ਖ਼ੁਸ਼ੀ ਦੀ ਤਲਾਸ਼ ਕਰੋਗੇ, ਤਾਂ ਤੁਹਾਨੂੰ ਜ਼ਰੂਰ ਖ਼ੁਸ਼ੀ ਮਿਲੇਗੀ। ਇਹ ਅਸੀਂ ਇੰਨੇ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ? ਕਿਉਂਕਿ ਬਾਈਬਲ ਵਿਚ ਪਰਮੇਸ਼ੁਰ ਸਾਨੂੰ ਚੰਗੀ ਸੇਧ ਦਿੰਦਾ ਹੈ ਤਾਂਕਿ ਅਸੀਂ ਖ਼ੁਸ਼ੀ ਦੀ ਤਲਾਸ਼ ਕਰਦਿਆਂ ਨਿਰਾਸ਼ ਨਾ ਹੋ ਜਾਈਏ। ਇਸ ਦੇ ਨਾਲ-ਨਾਲ ਉਹ ਸਾਨੂੰ ਦੁੱਖ-ਦਰਦ ਸਹਿਣ ਦੀ ਤਾਕਤ ਵੀ ਦਿੰਦਾ ਹੈ। ਮਿਸਾਲ ਲਈ, ਧਿਆਨ ਦਿਓ ਕਿ ਉਹ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋਣ ਤੇ ਸਾਨੂੰ ਕਿੰਨਾ ਦਿਲਾਸਾ ਦਿੰਦਾ ਹੈ।

ਜਦ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੁੰਦੀ ਹੈ

ਮੌਤ ਬਾਰੇ ਸਾਡੇ ਮਨ ਵਿਚ ਕੋਈ ਚੰਗਾ ਖ਼ਿਆਲ ਨਹੀਂ ਆਉਂਦਾ। ਜਦ ਮੌਤ ਘਰ ਦੇ ਕਿਸੇ ਜੀਅ ਨੂੰ ਆਪਣੀ ਆਗੋਸ਼ ਵਿਚ ਲੈ ਲੈਂਦੀ ਹੈ, ਤਾਂ ਹੱਸਦਾ-ਖੇਡਦਾ ਪਰਿਵਾਰ ਗਮ ਵਿਚ ਡੁੱਬ ਜਾਂਦਾ ਹੈ। ਮਾਪੇ ਬੱਚਿਆਂ ਤੋਂ ਅਤੇ ਬੱਚੇ ਮਾਪਿਆਂ ਤੋਂ ਵਿਛੜ ਜਾਂਦੇ ਹਨ। ਮੌਤ ਕਾਰਨ ਜਿਗਰੀ ਦੋਸਤ ਜੁਦਾ ਹੋ ਜਾਂਦੇ ਹਨ ਤੇ ਆਂਢ-ਗੁਆਂਢ ਵਿਚ ਲੋਕਾਂ ਦੇ ਦਿਲਾਂ ਵਿਚ ਇਹ ਡਰ ਪੈਦਾ ਹੋ ਜਾਂਦਾ ਹੈ ਕਿ ਇਕ ਦਿਨ ਉਹ ਵੀ ਮੌਤ ਦੇ ਸ਼ਿਕਾਰ ਹੋ ਸਕਦੇ ਹਨ।

ਮੌਤ ਇਕ ਦੁਖਾਂਤ ਹੈ। ਪਰ ਕੁਝ ਲੋਕ ਜ਼ਿੰਦਗੀ ਦੇ ਇਸ ਕੌੜੇ ਸੱਚ ਨੂੰ ਸਵੀਕਾਰ ਕਰਨਾ ਨਹੀਂ ਚਾਹੁੰਦੇ, ਇਸ ਲਈ ਉਹ ਮੌਤ ਨੂੰ ਇਕ ਬਰਕਤ ਸਮਝਦੇ ਹਨ। ਮਿਸਾਲ ਲਈ, ਧਿਆਨ ਦਿਓ ਕਿ ਜਦ ਅਗਸਤ 2005 ਵਿਚ ਕਟਰੀਨਾ ਨਾਂ ਦੇ ਤੂਫ਼ਾਨ ਨੇ ਮੈਕਸੀਕੋ ਦੀ ਖਾੜੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਸੀ, ਤਾਂ ਉਸ ਤੋਂ ਬਾਅਦ ਕੀ ਹੋਇਆ। ਤੂਫ਼ਾਨ ਦੇ ਸ਼ਿਕਾਰ ਇਕ ਆਦਮੀ ਦੇ ਦਾਹ-ਸੰਸਕਾਰ ਸਮੇਂ ਪਾਦਰੀ ਨੇ ਕਿਹਾ: “ਇਸ ਆਦਮੀ ਨੂੰ ਕਟਰੀਨਾ ਨੇ ਨਹੀਂ ਮਾਰਿਆ। ਉਸ ਨੂੰ ਰੱਬ ਨੇ ਆਪਣੇ ਕੋਲ ਬੁਲਾ ਲਿਆ ਹੈ।” ਇਕ ਹੋਰ ਮੌਕੇ ਤੇ, ਇਕ ਡਾਕਟਰ ਨੇ ਲੜਕੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ: ‘ਚਿੰਤਾ ਨਾ ਕਰ, ਤੇਰੀ ਮਾਂ ਬਹੁਤ ਚੰਗੀ ਸੀ, ਇਸ ਲਈ ਰੱਬ ਉਸ ਨੂੰ ਸਵਰਗ ਵਿਚ ਆਪਣੇ ਕੋਲ ਲੈ ਗਿਆ ਹੈ।’ ਉਦਾਸ ਲੜਕੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਤੇ ਉਹ ਡਾਕਟਰ ਨੂੰ ਪੁੱਛਣ ਲੱਗੀ: “ਰੱਬ ਮੇਰੀ ਮਾਂ ਨੂੰ ਮੇਰੇ ਕੋਲੋਂ ਕਿਉਂ ਲੈ ਗਿਆ?”

ਗਮ ਵਿਚ ਡੁੱਬੇ ਵਿਅਕਤੀ ਨੂੰ ਇਸ ਤਰ੍ਹਾਂ ਦੀ ਝੂਠੀ ਤਸੱਲੀ ਦੇਣ ਨਾਲ ਕੋਈ ਦਿਲਾਸਾ ਨਹੀਂ ਮਿਲਦਾ। ਕਿਉਂ? ਕਿਉਂਕਿ ਮੌਤ ਬਾਰੇ ਅਜਿਹੇ ਖ਼ਿਆਲ ਬਿਲਕੁਲ ਗ਼ਲਤ ਹਨ। ਇਸ ਤੋਂ ਵੀ ਬੁਰੀ ਗੱਲ ਇਹ ਹੈ ਕਿ ਅਜਿਹੇ ਵਿਚਾਰਾਂ ਕਾਰਨ ਲੋਕਾਂ ਨੂੰ ਲੱਗਦਾ ਹੈ ਕਿ ਰੱਬ ਬੇਰਹਿਮ ਤੇ ਜ਼ਾਲਮ ਹੈ ਜੋ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਅਤੇ ਦੋਸਤ-ਮਿੱਤਰਾਂ ਤੋਂ ਜੁਦਾ ਕਰਦਾ ਹੈ। ਪਰ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਮੌਤ ਬਾਰੇ ਸੱਚਾਈ ਦੱਸੀ ਗਈ ਹੈ।

ਮੌਤ ਸਾਡੀ ਵੈਰਨ ਹੈ ਜੋ ਇਕ ਰਾਜੇ ਵਾਂਗ ਮਨੁੱਖਜਾਤੀ ਉੱਤੇ ਰਾਜ ਕਰ ਰਹੀ ਹੈ। (ਰੋਮੀਆਂ 5:17; 1 ਕੁਰਿੰਥੀਆਂ 15:26) ਮੌਤ ਦੇ ਸ਼ਿਕੰਜੇ ਵਿੱਚੋਂ ਕੋਈ ਨਹੀਂ ਬਚ ਸਕਦਾ। ਜਦ ਸਾਡਾ ਕੋਈ ਅਜ਼ੀਜ਼ ਮਰ ਜਾਂਦਾ ਹੈ, ਤਾਂ ਉਹ ਹੋਰਨਾਂ ਲੱਖਾਂ ਲੋਕਾਂ ਵਾਂਗ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਆਪਣੇ ਕਿਸੇ ਅਜ਼ੀਜ਼ ਦੀ ਮੌਤ ਹੋਣ ਤੇ ਸਾਡਾ ਕੋਈ ਵੱਸ ਨਹੀਂ ਚੱਲਦਾ ਤੇ ਅਸੀਂ ਸੋਗ ਵਿਚ ਡੁੱਬ ਜਾਂਦੇ ਹਾਂ। ਲੇਕਿਨ ਬਾਈਬਲ ਵਿੱਚੋਂ ਮੌਤ ਬਾਰੇ ਸੱਚਾਈ ਜਾਣ ਕੇ ਸਾਨੂੰ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਮਹਿਸੂਸ ਕਰਨਾ ਕੁਦਰਤੀ ਹੈ। ਪਰ, ਕੀ ਇਹ ਗੱਲ ਸੱਚ ਹੈ ਕਿ ਰੱਬ ਸਾਡੇ ਅਜ਼ੀਜ਼ਾਂ ਨੂੰ ਸਵਰਗ ਵਿਚ ਆਪਣੇ ਕੋਲ ਬੁਲਾ ਲੈਂਦਾ ਹੈ? ਆਓ ਆਪਾਂ ਦੇਖੀਏ ਕਿ ਬਾਈਬਲ ਇਸ ਦਾ ਕੀ ਜਵਾਬ ਦਿੰਦੀ ਹੈ।

ਉਪਦੇਸ਼ਕ ਦੀ ਪੋਥੀ 9:5, 10 ਵਿਚ ਲਿਖਿਆ ਹੈ: “ਮੋਏ ਕੁਝ ਵੀ ਨਹੀਂ ਜਾਣਦੇ . . . ਪਤਾਲ [ਜੋ ਕਿ ਸ਼ੀਓਲ ਦਾ ਗ਼ਲਤ ਤਰਜਮਾ ਹੈ] ਵਿੱਚ ਜਿੱਥੇ ਤੂੰ ਜਾਂਦਾ ਹੈਂ ਕੋਈ ਕੰਮ, ਨਾ ਖਿਆਲ, ਨਾ ਗਿਆਨ, ਨਾ ਬੁੱਧ ਹੈ।” ਸ਼ੀਓਲ ਕੀ ਹੈ? ਬਾਈਬਲ ਵਿਚ ਸ਼ੀਓਲ ਸ਼ਬਦ ਅਜਿਹੀ ਮੌਤ ਨੂੰ ਸੰਕੇਤ ਕਰਦਾ ਹੈ ਜਿਸ ਤੋਂ ਲੋਕ ਜੀ ਉਠਾਏ ਜਾਣਗੇ। ਮਰੇ ਹੋਏ ਲੋਕ ਕੁਝ ਵੀ ਨਹੀਂ ਕਰ ਸਕਦੇ। ਨਾ ਉਹ ਦੇਖ ਸਕਦੇ, ਨਾ ਸੁਣ ਸਕਦੇ, ਨਾ ਬੋਲ ਸਕਦੇ, ਨਾ ਕੋਈ ਵਿਚਾਰ ਕਰ ਸਕਦੇ ਅਤੇ ਨਾ ਹੀ ਕੁਝ ਮਹਿਸੂਸ ਕਰ ਸਕਦੇ ਹਨ। ਉਹ ਮਾਨੋ ਗੂੜ੍ਹੀ ਨੀਂਦੇ ਸੁੱਤੇ ਪਏ ਹਨ। ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਪਰਮੇਸ਼ੁਰ ਸਾਡੇ ਅਜ਼ੀਜ਼ਾਂ ਦੀ ਮੌਤ ਦਾ ਜ਼ਿੰਮੇਵਾਰ ਨਹੀਂ ਹੈ। ਲੋਕ ਮਰ ਕੇ ਰੱਬ ਕੋਲ ਸਵਰਗ ਨੂੰ ਨਹੀਂ ਜਾਂਦੇ, ਸਗੋਂ ਉਨ੍ਹਾਂ ਦੇ ਬੇਜਾਨ ਸਰੀਰ ਕਬਰਾਂ ਵਿਚ ਹੁੰਦੇ ਹਨ।

ਯਿਸੂ ਨੇ ਆਪਣੇ ਮਿੱਤਰ ਲਾਜ਼ਰ ਦੀ ਮੌਤ ਤੋਂ ਬਾਅਦ ਇਸ ਸੱਚਾਈ ਦਾ ਸਬੂਤ ਦਿੱਤਾ ਸੀ। ਯਿਸੂ ਨੇ ਮੌਤ ਦੀ ਤੁਲਨਾ ਨੀਂਦ ਨਾਲ ਕੀਤੀ ਸੀ। ਜੇ ਲਾਜ਼ਰ ਮਰ ਕੇ ਪਰਮੇਸ਼ੁਰ ਕੋਲ ਸਵਰਗ ਵਿਚ ਚਲਾ ਗਿਆ ਸੀ, ਤਾਂ ਕੀ ਯਿਸੂ ਉਸ ਨੂੰ ਜ਼ਿੰਦਾ ਕਰ ਕੇ ਇਸ ਧਰਤੀ ਤੇ ਵਾਪਸ ਲਿਆਉਂਦਾ ਜਿੱਥੇ ਉਸ ਨੇ ਬੁੱਢਾ ਹੋ ਕੇ ਫਿਰ ਮਰ ਜਾਣਾ ਸੀ? ਬਿਲਕੁਲ ਨਹੀਂ। ਯਿਸੂ ਜਾਣਦਾ ਸੀ ਕਿ ਲਾਜ਼ਰ ਮਰ ਕੇ ਹੋਰ ਕਿਤੇ ਨਹੀਂ ਸੀ ਗਿਆ, ਸਗੋਂ ਉਹ ਦਾ ਬੇਜਾਨ ਸਰੀਰ ਕਬਰ ਵਿਚ ਪਿਆ ਹੋਇਆ ਸੀ। ਬਾਈਬਲ ਦੱਸਦੀ ਹੈ ਕਿ ਜਦ ਯਿਸੂ ਲਾਜ਼ਰ ਦੀ ਕਬਰ ਕੋਲ ਆਇਆ, ਤਾਂ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਲਾਜ਼ਰ, ਬਾਹਰ ਆ!” ਬਾਈਬਲ ਅੱਗੇ ਦੱਸਦੀ ਹੈ ਕਿ ‘ਉਹ ਜਿਹੜਾ ਮੋਇਆ ਹੋਇਆ ਸੀ ਬਾਹਰ ਨਿੱਕਲ ਆਇਆ।’ ਜੀ ਹਾਂ, ਲਾਜ਼ਰ ਨੂੰ ਦੁਬਾਰਾ ਜ਼ਿੰਦਗੀ ਬਖ਼ਸ਼ੀ ਗਈ ਸੀ।—ਯੂਹੰਨਾ 11:11-14, 34, 38-44.

ਬਾਈਬਲ ਦੇ ਇਸ ਬਿਰਤਾਂਤ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਮੌਤ ਦੇ ਜ਼ਰੀਏ ਲੋਕਾਂ ਨੂੰ ਧਰਤੀ ਤੋਂ ਆਪਣੇ ਕੋਲ ਨਹੀਂ ਬੁਲਾਉਂਦਾ। ਪਰਮੇਸ਼ੁਰ ਸਾਡੇ ਅਜ਼ੀਜ਼ਾਂ ਦੀ ਮੌਤ ਦਾ ਜ਼ਿੰਮੇਵਾਰ ਨਹੀਂ ਹੈ। ਇਹ ਸੱਚਾਈ ਜਾਣਦੇ ਹੋਏ ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਆਪਣਾ ਦਿਲ ਹੌਲਾ ਕਰ ਸਕਦੇ ਹਾਂ। ਯਹੋਵਾਹ ਪਰਮੇਸ਼ੁਰ ਜਾਣਦਾ ਹੈ ਕਿ ਮੌਤ ਕਾਰਨ ਸਾਨੂੰ ਕਿੰਨਾ ਦੁੱਖ ਹੁੰਦਾ ਹੈ, ਇਸ ਲਈ ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡਾ ਦਰਦ ਚੰਗੀ ਤਰ੍ਹਾਂ ਸਮਝਦਾ ਹੈ। ਬਾਈਬਲ ਸਾਨੂੰ ਸਾਫ਼-ਸਾਫ਼ ਦੱਸਦੀ ਹੈ ਕਿ ਮੌਤ ਤੋਂ ਬਾਅਦ ਇਨਸਾਨ ਦਾ ਸਭ ਕੁਝ ਖ਼ਤਮ ਹੋ ਜਾਂਦਾ ਹੈ। ਉਸ ਵਿਚ ਆਤਮਾ ਵਰਗੀ ਕੋਈ ਚੀਜ਼ ਨਹੀਂ ਹੈ ਜੋ ਥਾਂ-ਥਾਂ ਭਟਕਦੀ ਰਹਿੰਦੀ ਹੈ ਅਤੇ ਨਾ ਹੀ ਉਹ ਨਰਕ ਵਿਚ ਤਸੀਹੇ ਭੋਗਦਾ ਹੈ। ਇਸ ਲਈ ਕਿਸੇ ਅਜ਼ੀਜ਼ ਦੀ ਮੌਤ ਹੋਣ ਤੇ ਰੱਬ ਤੋਂ ਸਾਡਾ ਵਿਸ਼ਵਾਸ ਨਹੀਂ ਉੱਠਣਾ ਚਾਹੀਦਾ ਅਤੇ ਨਾ ਹੀ ਸਾਨੂੰ ਭੂਤ-ਪ੍ਰੇਤਾਂ ਤੋਂ ਡਰਨ ਦੀ ਲੋੜ ਹੈ। ਇਸ ਤੋਂ ਇਲਾਵਾ, ਬਾਈਬਲ ਵਿਚ ਯਹੋਵਾਹ ਸਾਨੂੰ ਪੱਕੀ ਉਮੀਦ ਦਿੰਦਾ ਹੈ।

ਇਕ ਪੱਕੀ ਉਮੀਦ

ਜਿਨ੍ਹਾਂ ਬਾਈਬਲ ਹਵਾਲਿਆਂ ਦੀ ਅਸੀਂ ਚਰਚਾ ਕੀਤੀ ਹੈ, ਉਨ੍ਹਾਂ ਤੋਂ ਜ਼ਾਹਰ ਹੁੰਦਾ ਹੈ ਕਿ ਜਦ ਸਾਡੇ ਕੋਲ ਪੱਕੀ ਉਮੀਦ ਹੁੰਦੀ ਹੈ, ਤਾਂ ਇਹ ਸਾਡੇ ਲਈ ਖ਼ੁਸ਼ੀ ਦਾ ਵੱਡਾ ਕਾਰਨ ਹੁੰਦਾ ਹੈ। ਬਾਈਬਲ ਵਿਚ ਵਰਤਿਆ ਗਿਆ ਸ਼ਬਦ “ਉਮੀਦ” ਦਾ ਅਰਥ ਹੈ, ਚੰਗੀਆਂ ਗੱਲਾਂ ਦੀ ਪੂਰੇ ਭਰੋਸੇ ਨਾਲ ਉਡੀਕ ਕਰਨੀ। ਇਹ ਦੇਖਣ ਲਈ ਕਿ ਉਮੀਦ ਸਾਡੀ ਖ਼ੁਸ਼ੀ ਦਾ ਕਾਰਨ ਕਿਵੇਂ ਬਣ ਸਕਦੀ ਹੈ, ਆਓ ਆਪਾਂ ਫਿਰ ਉਸ ਬਿਰਤਾਂਤ ਉੱਤੇ ਧਿਆਨ ਦੇਈਏ ਜਿਸ ਵਿਚ ਯਿਸੂ ਨੇ ਲਾਜ਼ਰ ਨੂੰ ਮੌਤ ਦੀ ਨੀਂਦ ਤੋਂ ਜਗਾਇਆ ਸੀ।

ਇਹ ਚਮਤਕਾਰ ਯਿਸੂ ਨੇ ਦੋ ਖ਼ਾਸ ਕਾਰਨਾਂ ਕਰਕੇ ਕੀਤਾ ਸੀ। ਇਕ ਕਾਰਨ ਇਹ ਸੀ ਕਿ ਉਸ ਤੋਂ ਮਾਰਥਾ, ਮਰਿਯਮ ਅਤੇ ਉਨ੍ਹਾਂ ਦੇ ਦੋਸਤਾਂ ਦਾ ਦੁੱਖ ਦੇਖਿਆ ਨਾ ਗਿਆ। ਕਲਪਨਾ ਕਰੋ ਕਿ ਲਾਜ਼ਰ ਦੇ ਜੀ ਉਠਾਏ ਜਾਣ ਤੇ ਉਹ ਸਾਰੇ ਕਿੰਨੇ ਖ਼ੁਸ਼ ਹੋਏ ਹੋਣੇ! ਦੂਜਾ ਕਾਰਨ ਮਾਰਥਾ ਨੂੰ ਕਹੇ ਗਏ ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਮਿਲਦਾ ਹੈ: “ਕੀ ਮੈਂ ਤੈਨੂੰ ਨਹੀਂ ਆਖਿਆ ਭਈ ਜੇ ਤੂੰ ਪਰਤੀਤ ਕਰੇਂ ਤਾਂ ਪਰਮੇਸ਼ੁਰ ਦੀ ਵਡਿਆਈ ਵੇਖੇਂਗੀ?” (ਯੂਹੰਨਾ 11:40) ਇਕ ਹੋਰ ਤਰਜਮੇ ਅਨੁਸਾਰ ਯਿਸੂ ਮਾਰਥਾ ਨੂੰ ਕਹਿ ਰਿਹਾ ਸੀ ਕਿ ਉਹ “ਰੱਬ ਦਾ ਕ੍ਰਿਸ਼ਮਾ” ਦੇਖੇਗੀ। ਲਾਜ਼ਰ ਨੂੰ ਦੁਬਾਰਾ ਜ਼ਿੰਦਾ ਕਰ ਕੇ ਯਿਸੂ ਨੇ ਦਿਖਾਇਆ ਸੀ ਕਿ ਯਹੋਵਾਹ ਪਰਮੇਸ਼ੁਰ ਕੀ ਕਰ ਸਕਦਾ ਹੈ ਅਤੇ ਭਵਿੱਖ ਵਿਚ ਉਹ ਕੀ ਕਰੇਗਾ। ਆਓ ਆਪਾਂ ਦੇਖੀਏ ਕਿ ਯਹੋਵਾਹ ਪਰਮੇਸ਼ੁਰ ਭਵਿੱਖ ਵਿਚ ਕੀ ਕਰਨ ਵਾਲਾ ਹੈ।

ਯੂਹੰਨਾ 5:28, 29 ਵਿਚ ਯਿਸੂ ਕਹਿੰਦਾ ਹੈ: “ਇਹ ਨੂੰ ਅਚਰਜ ਨਾ ਜਾਣੋ ਕਿਉਂਕਿ ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” ਇਸ ਦਾ ਮਤਲਬ ਹੈ ਕਿ ਮਰ ਕੇ ਸ਼ੀਓਲ ਵਿਚ ਗਏ ਸਭ ਲੋਕ ਜੀ ਉਠਾਏ ਜਾਣਗੇ। ਰਸੂਲਾਂ ਦੇ ਕਰਤੱਬ 24:15 ਵਿਚ ਇਸ ਸ਼ਾਨਦਾਰ ਘੜੀ ਬਾਰੇ ਸਾਨੂੰ ਇਹ ਵੀ ਦੱਸਿਆ ਜਾਂਦਾ ਹੈ ਕਿ “ਭਾਵੇਂ ਧਰਮੀ, ਭਾਵੇਂ ਕੁਧਰਮੀ ਦੋਹਾਂ ਦਾ ਜੀ ਉੱਠਣਾ ਹੋਵੇਗਾ।” “ਕੁਧਰਮੀ” ਉਹ ਲੋਕ ਹਨ ਜਿਨ੍ਹਾਂ ਨੂੰ ਯਹੋਵਾਹ ਬਾਰੇ ਜਾਣਨ ਦਾ ਮੌਕਾ ਨਹੀਂ ਮਿਲਿਆ ਤੇ ਮੌਤ ਨੇ ਉਨ੍ਹਾਂ ਨੂੰ ਨਿਗਲ ਲਿਆ। ਇਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰ ਕੇ ਸੱਚੇ ਪਰਮੇਸ਼ੁਰ ਬਾਰੇ ਜਾਣਨ ਅਤੇ ਉਸ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਇਨ੍ਹਾਂ ਲੋਕਾਂ ਨੂੰ ਕਿੱਥੇ ਜੀ ਉਠਾਇਆ ਜਾਵੇਗਾ? ਜ਼ਬੂਰਾਂ ਦੀ ਪੋਥੀ 37:29 ਵਿਚ ਲਿਖਿਆ ਹੈ: “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” ਜੀ ਹਾਂ, ਸਾਡੇ ਅਜ਼ੀਜ਼ਾਂ ਅਤੇ ਦੋਸਤ-ਮਿੱਤਰਾਂ ਨੂੰ ਇਸ ਧਰਤੀ ਉੱਤੇ ਦੁਬਾਰਾ ਜ਼ਿੰਦਾ ਕੀਤਾ ਜਾਵੇਗਾ। ਜ਼ਰਾ ਸੋਚੋ ਉਹ ਕਿੰਨਾ ਖ਼ੁਸ਼ੀਆਂ ਭਰਿਆ ਸਮਾਂ ਹੋਵੇਗਾ ਜਦੋਂ ਚਿਰਾਂ ਤੋਂ ਵਿਛੜੇ ਸਾਕ-ਸੰਬੰਧੀ ਇਕ-ਦੂਜੇ ਨੂੰ ਫਿਰ ਮਿਲਣਗੇ!

ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਖ਼ੁਸ਼ ਹੋਵੋ

ਅਸੀਂ ਦੋ ਜ਼ਰੀਏ ਦੇਖੇ ਹਨ ਜਿਨ੍ਹਾਂ ਰਾਹੀਂ ਯਹੋਵਾਹ ਸਾਡੀ ਜ਼ਿੰਦਗੀ ਵਿਚ ਖ਼ੁਸ਼ੀਆਂ ਲਿਆ ਸਕਦਾ ਹੈ। ਪਹਿਲਾ ਜ਼ਰੀਆ ਇਹ ਹੈ ਕਿ ਯਹੋਵਾਹ ਬਾਈਬਲ ਰਾਹੀਂ ਸਾਨੂੰ ਗਿਆਨ ਅਤੇ ਸੇਧ ਦਿੰਦਾ ਹੈ। ਉਸ ਦੀ ਸੇਧ ਵਿਚ ਚੱਲ ਕੇ ਅਸੀਂ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ। ਬਾਈਬਲ ਦੀ ਸਲਾਹ ਲਾਗੂ ਕਰਨ ਨਾਲ ਸਾਨੂੰ ਸਿਰਫ਼ ਮੌਤ ਦਾ ਗਮ ਸਹਿਣ ਦੀ ਤਾਕਤ ਹੀ ਨਹੀਂ ਮਿਲਦੀ, ਸਗੋਂ ਸਾਨੂੰ ਆਰਥਿਕ ਤੰਗੀਆਂ ਅਤੇ ਮਾੜੀ ਸਿਹਤ ਦਾ ਕਾਮਯਾਬੀ ਨਾਲ ਸਾਮ੍ਹਣਾ ਕਰਨ ਵਿਚ ਵੀ ਮਦਦ ਮਿਲਦੀ ਹੈ। ਇਸ ਦੇ ਨਾਲ-ਨਾਲ ਸਾਨੂੰ ਬੇਇਨਸਾਫ਼ੀ ਅਤੇ ਸਿਆਸੀ ਗੜਬੜ ਵਰਗੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਹਿੰਮਤ ਮਿਲਦੀ ਹੈ। ਬਾਈਬਲ ਦੀ ਸਲਾਹ ਲਾਗੂ ਕਰਨ ਨਾਲ ਅਸੀਂ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਵੀ ਨਜਿੱਠ ਸਕਦੇ ਹਾਂ।

ਦੂਜਾ ਜ਼ਰੀਆ ਇਹ ਹੈ ਕਿ ਯਹੋਵਾਹ ਬਾਈਬਲ ਵਿਚ ਸਾਨੂੰ ਭਵਿੱਖ ਲਈ ਪੱਕੀ ਉਮੀਦ ਦਿੰਦਾ ਹੈ। ਅਜਿਹੀ ਸ਼ਾਨਦਾਰ ਉਮੀਦ ਹੋਰ ਕੋਈ ਨਹੀਂ ਦੇ ਸਕਦਾ। ਇਸ ਉਮੀਦ ਵਿਚ ਕੀ-ਕੀ ਸ਼ਾਮਲ ਹੈ? ਸਾਡੇ ਦੋਸਤ-ਮਿੱਤਰਾਂ ਅਤੇ ਸਾਕ-ਸੰਬੰਧੀਆਂ ਦਾ ਜੀ ਉੱਠਣਾ ਹੋਵੇਗਾ। ਪਰਕਾਸ਼ ਦੀ ਪੋਥੀ 21:3, 4 ਵਿਚ ਇਹ ਵੀ ਕਿਹਾ ਗਿਆ ਹੈ ਕਿ “ਪਰਮੇਸ਼ੁਰ ਆਪ [ਮਨੁੱਖਾਂ] ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।” ਸਾਡੀ ਜ਼ਿੰਦਗੀ ਵਿੱਚੋਂ ਹਰ ਗਮ ਦਾ ਕਾਰਨ ਹਮੇਸ਼ਾ-ਹਮੇਸ਼ਾ ਲਈ ਦੂਰ ਕੀਤਾ ਜਾਵੇਗਾ। ਬਾਈਬਲ ਵਿਚ ਦਰਜ ਪਰਮੇਸ਼ੁਰ ਦਾ ਹਰ ਵਾਅਦਾ ਪੂਰਾ ਹੋ ਕੇ ਰਹੇਗਾ ਤੇ ਸਾਨੂੰ ਬਰਕਤਾਂ ਮਿਲਣਗੀਆਂ। ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਦੁੱਖਾਂ ਤੋਂ ਛੁਟਕਾਰਾ ਸਾਨੂੰ ਬਹੁਤ ਜਲਦ ਮਿਲਣ ਵਾਲਾ ਹੈ। ਅਤੇ ਇਹ ਸੱਚਾਈ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ ਕਿ ਮੌਤ ਤੋਂ ਬਾਅਦ ਕਿਸੇ ਨੂੰ ਤਸੀਹੇ ਨਹੀਂ ਦਿੱਤੇ ਜਾਂਦੇ!

ਇਸ ਦੀ ਇਕ ਉਦਾਹਰਣ ਉੱਤੇ ਗੌਰ ਕਰੋ। ਕੁਝ ਸਾਲ ਪਹਿਲਾਂ ਮਰਿਯਾ ਦਾ ਪਤੀ ਕੈਂਸਰ ਦਾ ਸ਼ਿਕਾਰ ਹੋ ਕੇ ਦਮ ਤੋੜ ਗਿਆ। ਉਸ ਦੇ ਗੁਜ਼ਰ ਜਾਣ ਤੋਂ ਥੋੜ੍ਹੇ ਸਮੇਂ ਬਾਅਦ ਮਰਿਯਾ ਨੂੰ ਪੈਸਿਆਂ ਦੀ ਤੰਗੀ ਨੇ ਆ ਘੇਰਿਆ। ਨਤੀਜੇ ਵਜੋਂ ਉਸ ਨੂੰ ਮਜਬੂਰਨ ਆਪਣੀਆਂ ਤਿੰਨ ਲੜਕੀਆਂ ਨਾਲ ਆਪਣਾ ਘਰ ਛੱਡਣਾ ਪਿਆ। ਦੋ ਸਾਲ ਬਾਅਦ ਮਰਿਯਾ ਨੂੰ ਪਤਾ ਲੱਗਾ ਕਿ ਉਸ ਨੂੰ ਵੀ ਕੈਂਸਰ ਸੀ। ਉਸ ਦੇ ਦੋ ਵੱਡੇ ਓਪਰੇਸ਼ਨ ਹੋਏ ਅਤੇ ਉਸ ਨੂੰ ਹਰ ਰੋਜ਼ ਬਹੁਤ ਦਰਦ ਝੱਲਣਾ ਪੈਂਦਾ ਹੈ। ਪਰ ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਮਰਿਯਾ ਖ਼ੁਸ਼ ਰਹਿੰਦੀ ਹੈ ਅਤੇ ਦੂਸਰਿਆਂ ਨੂੰ ਹੌਸਲਾ ਦਿੰਦੀ ਹੈ। ਕਿਹੜੀ ਗੱਲ ਹੈ ਜੋ ਮਰਿਯਾ ਦੀ ਖ਼ੁਸ਼ ਰਹਿਣ ਵਿਚ ਮਦਦ ਕਰਦੀ ਹੈ?

ਮਰਿਯਾ ਦੱਸਦੀ ਹੈ: “ਜਦ ਮੈਨੂੰ ਕੋਈ ਮੁਸ਼ਕਲ ਆਉਂਦੀ ਹੈ, ਤਾਂ ਮੈਂ ਆਪਣੇ ਬਾਰੇ ਸੋਚ ਕੇ ਨਿਰਾਸ਼ਾ ਵਿਚ ਨਹੀਂ ਡੁੱਬਦੀ। ਮੈਂ ਅਜਿਹੇ ਸਵਾਲ ਨਹੀਂ ਪੁੱਛਦੀ ਕਿ ‘ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਹੁੰਦਾ ਹੈ? ਮੈਨੂੰ ਇੰਨਾ ਦੁੱਖ ਕਿਉਂ ਸਹਿਣਾ ਪੈਂਦਾ ਹੈ? ਮੈਨੂੰ ਇਹ ਬੀਮਾਰੀ ਕਿਉਂ ਲੱਗੀ?’ ਇਸ ਤਰ੍ਹਾਂ ਸੋਚ-ਸੋਚ ਕੇ ਬੰਦੇ ਦੀ ਬਸ ਹੋ ਜਾਂਦੀ ਹੈ ਅਤੇ ਯਹੋਵਾਹ ਦੀ ਸੇਵਾ ਵਿਚ ਕੁਝ ਵੀ ਕਰਨ ਜੋਗਾ ਨਹੀਂ ਰਹਿੰਦਾ। ਮੈਂ ਤਨ-ਮਨ ਲਾ ਕੇ ਯਹੋਵਾਹ ਦੀ ਸੇਵਾ ਤੇ ਦੂਸਰਿਆਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹਾਂ। ਇਸ ਤਰ੍ਹਾਂ ਕਰਨ ਨਾਲ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।”

ਚੰਗੀ ਉਮੀਦ ਹੋਣ ਕਾਰਨ ਮਰਿਯਾ ਦੀ ਕਿੱਦਾਂ ਮਦਦ ਹੋਈ ਹੈ? ਮਰਿਯਾ ਉਸ ਸ਼ਾਨਦਾਰ ਭਵਿੱਖ ਦੀ ਉਡੀਕ ਕਰਦੀ ਹੈ ਜਦ ਯਹੋਵਾਹ ਪਰਮੇਸ਼ੁਰ ਮਨੁੱਖਜਾਤੀ ਦੇ ਸਭ ਦੁੱਖ-ਦਰਦ ਦੂਰ ਕਰੇਗਾ। ਜਦ ਮਰਿਯਾ ਦਵਾ-ਦਾਰੂ ਲਈ ਹਸਪਤਾਲ ਜਾਂਦੀ ਹੈ, ਤਾਂ ਉਹ ਕੈਂਸਰ ਨਾਲ ਪੀੜਿਤ ਹੋਰਨਾਂ ਉਦਾਸ ਮਰੀਜ਼ਾਂ ਨੂੰ ਇਸ ਉਮੀਦ ਬਾਰੇ ਦੱਸਦੀ ਹੈ ਅਤੇ ਉਨ੍ਹਾਂ ਦਾ ਹੌਸਲਾ ਵਧਾਉਂਦੀ ਹੈ। ਉਮੀਦ ਹੋਣ ਸਦਕਾ ਮਰਿਯਾ ਦੀ ਬਹੁਤ ਮਦਦ ਹੋਈ ਹੈ। ਉਹ ਦੱਸਦੀ ਹੈ: “ਮੈਂ ਅਕਸਰ ਬਾਈਬਲ ਵਿਚ ਇਬਰਾਨੀਆਂ 6:19 ਦੇ ਹਵਾਲੇ ਉੱਤੇ ਵਿਚਾਰ ਕਰਦੀ ਹਾਂ ਜਿਸ ਵਿਚ ਪੌਲੁਸ ਰਸੂਲ ਉਮੀਦ ਜਾਂ ਆਸ਼ਾ ਦੀ ਤੁਲਨਾ ਬੇੜੀ ਦੇ ਲੰਗਰ ਨਾਲ ਕਰਦਾ ਹੈ। ਜਿਵੇਂ ਲੰਗਰ ਤੋਂ ਬਿਨਾਂ ਤੂਫ਼ਾਨੀ ਸਮੁੰਦਰ ਵਿਚ ਕਿਸ਼ਤੀ ਦੂਰ ਰੁੜ੍ਹ ਕੇ ਜਾ ਸਕਦੀ ਹੈ ਜਾਂ ਡੁੱਬ ਸਕਦੀ ਹੈ, ਉਸੇ ਤਰ੍ਹਾਂ ਉਮੀਦ ਦੇ ਲੰਗਰ ਬਿਨਾਂ ਸਾਡੀ ਨਿਹਚਾ ਦੀ ਬੇੜੀ ਵੀ ਡੁੱਬ ਸਕਦੀ ਹੈ। ਮੁਸ਼ਕਲਾਂ ਦੇ ਤੂਫ਼ਾਨ ਵਿਚ ਸਾਡੀ ਪੱਕੀ ਉਮੀਦ ਸਾਨੂੰ ਹਿੰਮਤ ਅਤੇ ਸਹਿਣ ਦੀ ਤਾਕਤ ਦਿੰਦੀ ਹੈ।” ਮਰਿਯਾ “ਸਦੀਪਕ ਜੀਵਨ ਦੀ ਆਸ” ਸਦਕਾ ਖ਼ੁਸ਼ ਰਹਿੰਦੀ ਹੈ ਕਿਉਂਕਿ ਇਸ ਉਮੀਦ ਦਾ ਉਸ ‘ਪਰਮੇਸ਼ੁਰ ਨੇ ਜੋ ਝੂਠ ਬੋਲ ਨਹੀਂ ਸੱਕਦਾ ਵਾਇਦਾ ਕੀਤਾ ਹੈ।’ ਮਰਿਯਾ ਵਾਂਗ ਤੁਸੀਂ ਵੀ ਅਜਿਹੀ ਖ਼ੁਸ਼ੀ ਦਾ ਆਨੰਦ ਮਾਣ ਸਕਦੇ ਹੋ।—ਤੀਤੁਸ 1:2.

ਬਾਈਬਲ ਸਟੱਡੀ ਕਰਨ ਨਾਲ ਤੁਸੀਂ ਮੁਸ਼ਕਲਾਂ ਸਹਿਣ ਦੇ ਬਾਵਜੂਦ ਅਸਲੀ ਖ਼ੁਸ਼ੀ ਦਾ ਆਨੰਦ ਮਾਣ ਸਕਦੇ ਹੋ। ਲੇਕਿਨ ਸ਼ਾਇਦ ਤੁਹਾਡੇ ਮਨ ਵਿਚ ਬਾਈਬਲ ਸਟੱਡੀ ਕਰਨ ਦੇ ਫ਼ਾਇਦੇ ਬਾਰੇ ਅਨੇਕ ਸਵਾਲ ਪੈਦਾ ਹੋਣ। ਯਹੋਵਾਹ ਦੇ ਗਵਾਹਾਂ ਦੀ ਮਦਦ ਨਾਲ ਤੁਸੀਂ ਬਾਈਬਲ ਵਿੱਚੋਂ ਆਪਣੇ ਸਵਾਲਾਂ ਦੇ ਜਵਾਬ ਪਾ ਸਕਦੇ ਹੋ। ਫਿਰ ਤੁਸੀਂ ਵੀ ਸ਼ਾਨਦਾਰ ਭਵਿੱਖ ਦੀ ਉਡੀਕ ਕਰਦਿਆਂ ‘ਹਮੇਸ਼ਾਂ ਦੇ ਲਈ ਖੁਸ਼ ਰਹੋਗੇ। ਅਤੇ ਹਰ ਤਰ੍ਹਾਂ ਦੇ ਦੁੱਖ ਅਤੇ ਸੋਗ ਤੋਂ ਬਚੇ ਰਹੋਗੇ।’—ਯਸਾਯਾਹ 35:10, ਪਵਿੱਤਰ ਬਾਈਬਲ ਨਵਾਂ ਅਨੁਵਾਦ।

[ਸਫ਼ਾ 5 ਉੱਤੇ ਤਸਵੀਰ]

ਸਿਰਫ਼ ਬਾਈਬਲ ਦੀ ਸੱਚਾਈ ਸਾਡੇ ਦੁੱਖ ਨੂੰ ਹੌਲਾ ਕਰ ਸਕਦੀ ਹੈ

[ਸਫ਼ਾ 7 ਉੱਤੇ ਤਸਵੀਰ]

ਮਰੇ ਹੋਏ ਲੋਕਾਂ ਦੇ ਮੁੜ ਜੀ ਉੱਠਣ ਦੀ ਪੱਕੀ ਉਮੀਦ ਤੋਂ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ