ਘਮੰਡ ਤੇ ਹਲੀਮੀ ਬਾਰੇ ਸਬਕ
ਘਮੰਡ ਤੇ ਹਲੀਮੀ ਬਾਰੇ ਸਬਕ
ਦਾਊਦ ਬਾਦਸ਼ਾਹ ਦੀ ਜ਼ਿੰਦਗੀ ਵਿਚ ਵਾਪਰੀ ਇਕ ਘਟਨਾ ਤੋਂ ਅਸੀਂ ਘਮੰਡ ਅਤੇ ਮਨ ਦੀ ਹਲੀਮੀ ਵਿਚ ਸਾਫ਼ ਫ਼ਰਕ ਦੇਖ ਸਕਦੇ ਹਾਂ। ਇਹ ਉਦੋਂ ਦੀ ਗੱਲ ਹੈ ਜਦੋਂ ਦਾਊਦ ਨੇ ਯਰੂਸ਼ਲਮ ਨੂੰ ਜਿੱਤ ਕੇ ਆਪਣੀ ਰਾਜਧਾਨੀ ਬਣਾ ਲਿਆ ਸੀ। ਦਾਊਦ ਯਹੋਵਾਹ ਨੂੰ ਇਸਰਾਏਲ ਦਾ ਅਸਲੀ ਬਾਦਸ਼ਾਹ ਸਮਝਦਾ ਸੀ, ਇਸ ਲਈ ਉਹ ਪਰਮੇਸ਼ੁਰ ਦੇ ਸੰਦੂਕ (ਜੋ ਯਹੋਵਾਹ ਦੀ ਮੌਜੂਦਗੀ ਨੂੰ ਦਰਸਾਉਂਦਾ ਸੀ) ਨੂੰ ਯਰੂਸ਼ਲਮ ਵਿਚ ਲਿਆਉਣਾ ਚਾਹੁੰਦਾ ਸੀ। ਜਦ ਜਾਜਕ ਨੇਮ ਦੇ ਸੰਦੂਕ ਨੂੰ ਲਿਆ ਰਹੇ ਸਨ, ਤਾਂ ਦਾਊਦ ਲਈ ਇਹ ਇੰਨੀ ਵੱਡੀ ਗੱਲ ਸੀ ਕਿ ਉਹ ਖ਼ੁਸ਼ੀ ਵਿਚ ਖੀਵਾ ਹੋ ਰਿਹਾ ਸੀ। ਯਰੂਸ਼ਲਮ ਦੇ ਵਾਸੀਆਂ ਨੇ ਆਪਣੇ ਬਾਦਸ਼ਾਹ ਨੂੰ “ਨੱਚਦਾ ਕੁੱਦਦਾ” ਅਤੇ ‘ਆਪਣੇ ਸਾਰੇ ਜ਼ੋਰ ਨਾਲ ਲੁੱਡੀਆਂ’ ਪਾਉਂਦਿਆਂ ਦੇਖਿਆ।—1 ਇਤਹਾਸ 15:15, 16, 29; 2 ਸਮੂਏਲ 6:11-16.
ਦਾਊਦ ਦੀ ਪਤਨੀ ਮੀਕਲ ਨੇ ਜਸ਼ਨ ਦੇ ਇਸ ਮੌਕੇ ਵਿਚ ਹਿੱਸਾ ਨਹੀਂ ਲਿਆ। ਉਸ ਨੇ ਦਾਊਦ ਨੂੰ ਬਾਰੀ ਵਿੱਚੋਂ ਦੀ ਦੇਖਿਆ ਅਤੇ ਉਸ ਦੀ ਪ੍ਰਸ਼ੰਸਾ ਕਰਨ ਦੀ ਬਜਾਇ ਕਿ ਉਹ ਯਹੋਵਾਹ ਦੇ ਜਸ ਗਾ ਰਿਹਾ ਸੀ, ਮੀਕਲ ਨੇ “ਆਪਣੇ ਮਨ ਵਿੱਚ ਉਹ ਨੂੰ ਤੁੱਛ ਜਾਤਾ।” (2 ਸਮੂਏਲ 6:16) ਮੀਕਲ ਨੇ ਇਸ ਤਰ੍ਹਾਂ ਕਿਉਂ ਮਹਿਸੂਸ ਕੀਤਾ ਸੀ? ਹੋ ਸਕਦਾ ਹੈ ਕਿ ਉਸ ਨੂੰ ਇਸ ਗੱਲ ਦਾ ਬਹੁਤ ਘਮੰਡ ਸੀ ਕਿ ਉਹ ਇਸਰਾਏਲ ਦੇ ਪਹਿਲੇ ਬਾਦਸ਼ਾਹ ਸ਼ਾਊਲ ਦੀ ਧੀ ਸੀ ਅਤੇ ਹੁਣ ਉਹ ਇਸਰਾਏਲ ਦੇ ਦੂਜੇ ਬਾਦਸ਼ਾਹ ਦੀ ਪਤਨੀ ਸੀ। ਉਸ ਨੂੰ ਲੱਗਾ ਹੋਣਾ ਕਿ ਮਾਮੂਲੀ ਲੋਕਾਂ ਵਾਂਗ ਸੜਕਾਂ ਤੇ ਨੱਚਣਾ-ਟੱਪਣਾ ਰਾਜੇ ਨੂੰ ਸ਼ੋਭਾ ਨਹੀਂ ਦਿੰਦਾ। ਜਦ ਦਾਊਦ ਘਰ ਪਹੁੰਚਿਆ, ਤਾਂ ਮੀਕਲ ਨੇ ਆਕੜ ਕੇ ਉਸ ਨੂੰ ਮੇਹਣਾ ਮਾਰਿਆ: “ਇਸਰਾਏਲ ਦਾ ਪਾਤਸ਼ਾਹ ਅੱਜ ਕੇਡਾਕੁ ਪਰਤਾਪਵਾਨ ਬਣਿਆ ਜਿਸ ਨੇ ਅੱਜ ਆਪਣੇ ਨੌਕਰਾਂ ਦੀਆਂ ਟਹਿਲਣਾਂ ਦੀਆਂ ਅੱਖੀਆਂ ਦੇ ਸਾਹਮਣੇ ਆਪਣੇ ਆਪ ਨੂੰ ਨੰਗਾ ਕੀਤਾ ਜਿੱਕਰ ਕੋਈ ਲੁੱਚਾ ਆਪ ਨੂੰ ਨਿਲੱਜ ਬਣਾ ਕੇ ਨੰਗਾ ਕਰਦਾ ਹੈ!”—2 ਸਮੂਏਲ 6:20.
ਦਾਊਦ ਨੇ ਮੀਕਲ ਦੀ ਚੁਭਵੀਂ ਗੱਲ ਸੁਣ ਕੇ ਕੀ ਕੀਤਾ? ਉਸ ਨੇ ਮੀਕਲ ਨੂੰ ਝਾੜਦਿਆਂ ਕਿਹਾ ਕਿ ਯਹੋਵਾਹ ਨੇ ਉਸ ਦੇ ਪਿਉ ਸ਼ਾਊਲ ਨੂੰ ਹਟਾ ਕੇ ਉਸ ਨੂੰ ਰਾਜਾ ਬਣਾਇਆ ਸੀ। ਫਿਰ ਉਸ ਅੱਗੋਂ ਕਿਹਾ: “ਮੈਂ ਇਸ ਨਾਲੋਂ ਭੀ ਨੀਚ ਬਣਾਂਗਾ ਅਤੇ ਆਪਣੇ ਆਪ ਨੂੰ ਆਪਣੀ ਨਜ਼ਰ ਵਿੱਚ ਤੁੱਛ ਜਾਣਾਂਗਾ ਅਤੇ ਜਿਹੜੀਆਂ ਟਹਿਲਣਾਂ ਦੀ ਗੱਲ ਤੈਂ ਕੀਤੀ ਹੈ ਉਨ੍ਹਾਂ ਦੇ ਅੱਗੇ ਮੈਂ ਪਤ ਵਾਲਾ ਬਣਾਂਗਾ।”—2 ਸਮੂਏਲ 6:21, 22.
ਹਾਂ, ਦਾਊਦ ਦਾ ਇਰਾਦਾ ਪੱਕਾ ਸੀ ਕਿ ਉਹ ਹਲੀਮੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਹੇਗਾ। ਦਾਊਦ ਦੀ ਹਲੀਮੀ ਦੇਖ ਕੇ ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਉਸ ਨੂੰ ‘ਆਪਣਾ ਮਨ ਭਾਉਂਦਾ ਮਨੁੱਖ’ ਕਿਉਂ ਕਿਹਾ ਸੀ। (ਰਸੂਲਾਂ ਦੇ ਕਰਤੱਬ 13:22; 1 ਸਮੂਏਲ 13:14) ਇਸ ਗੱਲ ਵਿਚ ਦਾਊਦ ਹਲੀਮੀ ਦੀ ਸਭ ਤੋਂ ਵਧੀਆ ਮਿਸਾਲ ਯਹੋਵਾਹ ਪਰਮੇਸ਼ੁਰ ਦੀ ਨਕਲ ਕਰ ਰਿਹਾ ਸੀ। ਦਿਲਚਸਪੀ ਦੀ ਗੱਲ ਹੈ ਕਿ ਜਦ ਦਾਊਦ ਨੇ ਮੀਕਲ ਨੂੰ ਕਿਹਾ ਕਿ ‘ਮੈਂ ਆਪਣੇ ਆਪ ਨੂੰ ਤੁੱਛ ਜਾਣਾਂਗਾ,’ ਤਾਂ ਉਸ ਨੇ ਇਬਰਾਨੀ ਭਾਸ਼ਾ ਦਾ ਉਹ ਸ਼ਬਦ ਵਰਤਿਆ ਜੋ ਇਨਸਾਨਾਂ ਪ੍ਰਤੀ ਯਹੋਵਾਹ ਦੇ ਨਜ਼ਰੀਏ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਭਾਵੇਂ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਅੱਤ ਮਹਾਨ ਹੈ, ਫਿਰ ਵੀ ਜ਼ਬੂਰ 113:6, 7 ਵਿਚ ਉਸ ਬਾਰੇ ਕਿਹਾ ਗਿਆ ਕਿ ਉਹ “ਆਪਣੇ ਆਪ ਨੂੰ ਨੀਵਿਆਂ ਕਰਦਾ ਹੈ, ਭਈ ਅਕਾਸ਼ ਅਤੇ ਧਰਤੀ ਉੱਤੇ ਨਿਗਾਹ ਮਾਰੇ, ਜਿਹੜਾ ਗਰੀਬ ਨੂੰ ਖਾਕ ਵਿੱਚੋਂ ਚੁੱਕਦਾ ਅਤੇ ਕੰਗਾਲ ਨੂੰ ਰੂੜੀ ਤੋਂ ਉਠਾਉਂਦਾ ਹੈ।”
ਆਪ ਹਲੀਮ ਹੋਣ ਕਾਰਨ ਯਹੋਵਾਹ ਨੂੰ ਹੰਕਾਰੀਆਂ ਦੀਆਂ “ਉੱਚੀਆਂ ਅੱਖਾਂ” ਤੋਂ ਨਫ਼ਰਤ ਹੈ। (ਕਹਾਉਤਾਂ 6:16, 17) ਮੀਕਲ ਨੇ ਘਮੰਡ ਵਿਚ ਆ ਕੇ ਪਰਮੇਸ਼ੁਰ ਦੇ ਚੁਣੇ ਹੋਏ ਬਾਦਸ਼ਾਹ ਦਾ ਅਪਮਾਨ ਕੀਤਾ ਸੀ। ਇਸ ਲਈ ਉਸ ਨੂੰ ਦਾਊਦ ਲਈ ਬੇਟਾ ਜਣਨ ਦਾ ਮਾਣ ਪ੍ਰਾਪਤ ਨਹੀਂ ਹੋਇਆ। ਉਹ ਸਾਰੀ ਜ਼ਿੰਦਗੀ ਬਾਂਝ ਰਹੀ। ਇਸ ਘਟਨਾ ਤੋਂ ਅਸੀਂ ਕੀ ਸਿੱਖਦੇ ਹਾਂ? ਹਰ ਕੋਈ ਜੋ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ ਉਸ ਨੂੰ ਇਸ ਸਲਾਹ ਤੇ ਅਮਲ ਕਰਨ ਦੀ ਲੋੜ ਹੈ: “ਤੁਸੀਂ ਸੱਭੇ ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ, ਇਸ ਲਈ ਜੋ ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖ਼ਸ਼ਦਾ ਹੈ।”—1 ਪਤਰਸ 5:5.