Skip to content

Skip to table of contents

ਜੀ ਹਾਂ, ਤੁਸੀਂ ਸੱਚੀ ਖ਼ੁਸ਼ੀ ਪਾ ਸਕਦੇ ਹੋ

ਜੀ ਹਾਂ, ਤੁਸੀਂ ਸੱਚੀ ਖ਼ੁਸ਼ੀ ਪਾ ਸਕਦੇ ਹੋ

ਜੀ ਹਾਂ, ਤੁਸੀਂ ਸੱਚੀ ਖ਼ੁਸ਼ੀ ਪਾ ਸਕਦੇ ਹੋ

ਕਦੀ ਨਾ ਖ਼ਤਮ ਹੋਣ ਵਾਲੀ ਸੱਚੀ ਖ਼ੁਸ਼ੀ! ਜ਼ਿੰਦਗੀ ਵਿਚ ਅਜਿਹੀ ਖ਼ੁਸ਼ੀ ਪਾਉਣੀ ਸੌਖੀ ਨਹੀਂ ਹੈ। ਇਸ ਦਾ ਮੁੱਖ ਕਾਰਨ ਹੈ ਕਿ ਅਸੀਂ ਖ਼ੁਸ਼ੀ ਦੀ ਤਲਾਸ਼ ਗ਼ਲਤ ਥਾਵਾਂ ਤੇ ਕਰਦੇ ਰਹਿੰਦੇ ਹਾਂ। ਕਾਸ਼, ਸਾਡਾ ਕੋਈ ਦੋਸਤ ਹੁੰਦਾ ਜੋ ਸਾਨੂੰ ਸੱਚੀ ਖ਼ੁਸ਼ੀ ਪਾਉਣ ਦਾ ਰਾਜ਼ ਦੱਸਦਾ!

ਬਾਈਬਲ ਤੋਂ ਅਸੀਂ ਸੱਚੀ ਖ਼ੁਸ਼ੀ ਦਾ ਰਾਜ਼ ਪਾ ਸਕਦੇ ਹਾਂ। ਆਓ ਆਪਾਂ ਬਾਈਬਲ ਦੀ ਜ਼ਬੂਰਾਂ ਦੀ ਪੋਥੀ ਤੇ ਗੌਰ ਕਰੀਏ। ਇਸ ਵਿਚ 150 ਜ਼ਬੂਰ ਯਾਨੀ ਭਜਨ ਹਨ ਜਿਨ੍ਹਾਂ ਵਿਚ ਯਹੋਵਾਹ ਪਰਮੇਸ਼ੁਰ ਦੇ ਜਸ ਗਾਏ ਗਏ ਹਨ। ਇਨ੍ਹਾਂ ਵਿੱਚੋਂ ਤਕਰੀਬਨ ਅੱਧੇ ਭਜਨ ਪ੍ਰਾਚੀਨ ਇਸਰਾਏਲ ਦੇ ਬਾਦਸ਼ਾਹ ਦਾਊਦ ਨੇ ਲਿਖੇ ਸਨ। ਪਰ ਲਿਖਾਰੀਆਂ ਦੀ ਪਛਾਣ ਨਾਲੋਂ ਜ਼ਿਆਦਾ ਜ਼ਰੂਰੀ ਗੱਲ ਇਹ ਹੈ ਕਿ ਜ਼ਬੂਰਾਂ ਦੀ ਪੋਥੀ ਇਨਸਾਨਾਂ ਦੇ ਵਫ਼ਾਦਾਰ ਦੋਸਤ ਯਹੋਵਾਹ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਲਿਖੀ ਗਈ ਸੀ। ਇਸ ਲਈ ਅਸੀਂ ਯਕੀਨ ਕਰ ਸਕਦੇ ਹਾਂ ਕਿ ਇਸ ਦੀ ਸੇਧ ਵਿਚ ਚੱਲ ਕੇ ਸਾਨੂੰ ਫ਼ਾਇਦਾ ਹੋਵੇਗਾ ਤੇ ਅਸੀਂ ਖ਼ੁਸ਼ੀ ਪਾ ਸਕਾਂਗੇ।

ਜ਼ਬੂਰਾਂ ਦੇ ਲਿਖਾਰੀਆਂ ਨੂੰ ਪੂਰਾ ਯਕੀਨ ਸੀ ਕਿ ਖ਼ੁਸ਼ੀ ਪਾਉਣ ਲਈ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਹੋਣਾ ਜ਼ਰੂਰੀ ਸੀ। ਜ਼ਬੂਰ 112:1 ਵਿਚ ਕਿਹਾ ਗਿਆ ਕਿ “ਧੰਨ ਹੈ ਉਹ ਮਨੁੱਖ ਜਿਹੜਾ ਯਹੋਵਾਹ ਦਾ ਭੈ ਮੰਨਦਾ ਹੈ।” ਇਹ ਜਾਣ ਕੇ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਅਸੀਂ ‘ਯਹੋਵਾਹ ਪਰਮੇਸ਼ੁਰ ਦੇ ਲੋਕ’ ਹਾਂ! (ਜ਼ਬੂਰਾਂ ਦੀ ਪੋਥੀ 144:15) ਨਾ ਤਾਂ ਕੋਈ ਇਨਸਾਨੀ ਰਿਸ਼ਤਾ, ਨਾ ਕੋਈ ਚੀਜ਼ ਤੇ ਨਾ ਹੀ ਸਾਡੀ ਕੋਈ ਪ੍ਰਾਪਤੀ ਸਾਨੂੰ ਇਹ ਖ਼ੁਸ਼ੀ ਦੇ ਸਕਦੀ ਹੈ। ਅੱਜ ਪਰਮੇਸ਼ੁਰ ਦੇ ਸੇਵਕਾਂ ਦੀਆਂ ਜ਼ਿੰਦਗੀਆਂ ਵਿਚ ਇਸ ਸੱਚਾਈ ਦੀਆਂ ਕਈ ਉਦਾਹਰਣਾਂ ਮਿਲਦੀਆਂ ਹਨ।

ਇਕ ਉਦਾਹਰਣ ਹੈ 40 ਕੁ ਸਾਲ ਦੀ ਜ਼ੁਜ਼ਾਨੇ। * ਉਸ ਨੇ ਦੱਸਿਆ: “ਅੱਜ-ਕੱਲ੍ਹ ਲੋਕ ਤਰ੍ਹਾਂ-ਤਰ੍ਹਾਂ ਦੀਆਂ ਸੰਸਥਾਵਾਂ ਦੇ ਮੈਂਬਰ ਬਣਦੇ ਹਨ ਕਿਉਂਕਿ ਉਨ੍ਹਾਂ ਲੋਕਾਂ ਦੇ ਸਾਂਝੇ ਟੀਚੇ ਜਾਂ ਰੁਚੀਆਂ ਹੁੰਦੀਆਂ ਹਨ। ਪਰ ਉਹ ਲੋਕ ਘੱਟ ਹੀ ਇਕ-ਦੂਜੇ ਨੂੰ ਆਪਣਾ ਦੋਸਤ ਸਮਝਦੇ ਹਨ। ਯਹੋਵਾਹ ਦੇ ਲੋਕਾਂ ਨਾਲ ਇਸ ਤਰ੍ਹਾਂ ਨਹੀਂ ਹੈ। ਅਸੀਂ ਸਾਰੇ ਯਹੋਵਾਹ ਨੂੰ ਪਿਆਰ ਕਰਦੇ ਹਾਂ ਤੇ ਇਸ ਲਈ ਇਕ-ਦੂਜੇ ਨੂੰ ਵੀ ਪਿਆਰ ਕਰਦੇ ਹਾਂ। ਪਰਮੇਸ਼ੁਰ ਦੇ ਲੋਕਾਂ ਦੀ ਸੰਗਤ ਵਿਚ ਅਸੀਂ ਆਪਣਾਪਣ ਮਹਿਸੂਸ ਕਰਦੇ ਹਾਂ ਤੇ ਝੱਟ ਘੁਲ-ਮਿਲ ਜਾਂਦੇ ਹਾਂ। ਸਾਡੀ ਇਹ ਏਕਤਾ ਸਾਡੀ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਭਰ ਦਿੰਦੀ ਹੈ। ਹੋਰ ਲੋਕ ਸਾਡੇ ਵਾਂਗ ਨਹੀਂ ਕਹਿ ਸਕਦੇ ਕਿ ਉਨ੍ਹਾਂ ਦੇ ਦੋਸਤ ਹਰ ਦੇਸ਼, ਹਰ ਭਾਸ਼ਾ ਤੇ ਹਰ ਪਿਛੋਕੜ ਤੋਂ ਹਨ। ਮੈਂ ਆਪਣੇ ਪੂਰੇ ਦਿਲ ਨਾਲ ਕਹਿ ਸਕਦੀ ਹਾਂ ਕਿ ਯਹੋਵਾਹ ਦੇ ਲੋਕ ਬਣਨ ਨਾਲ ਅਸਲੀ ਖ਼ੁਸ਼ੀ ਮਿਲਦੀ ਹੈ।”

ਸਕਾਟਲੈਂਡ ਦੀ ਜੰਮਪਲ ਮਾਰੀ ਨਾਂ ਦੀ ਭੈਣ ਨੇ ਵੀ ਇਹੋ ਮਹਿਸੂਸ ਕੀਤਾ ਕਿ ਅਸਲੀ ਖ਼ੁਸ਼ੀ ਪਾਉਣ ਲਈ ਯਹੋਵਾਹ ਨਾਲ ਚੰਗਾ ਰਿਸ਼ਤਾ ਹੋਣਾ ਜ਼ਰੂਰੀ ਹੈ। ਉਹ ਆਪਣੇ ਬਾਰੇ ਦੱਸਦੀ ਹੈ: “ਸੱਚਾਈ ਸਿੱਖਣ ਤੋਂ ਪਹਿਲਾਂ ਮੈਂ ਡਰਾਉਣੀਆਂ ਫ਼ਿਲਮਾਂ ਦੇਖਣੀਆਂ ਪਸੰਦ ਕਰਦੀ ਸੀ। ਪਰ ਫਿਰ ਭੂਤਾਂ-ਪ੍ਰੇਤਾਂ ਦੇ ਖ਼ੌਫ਼ ਕਰਕੇ ਰਾਤ ਨੂੰ ਮੈਨੂੰ ਨੀਂਦ ਨਹੀਂ ਸੀ ਆਉਂਦੀ। ਮੈਂ ਹੱਥ ਵਿਚ ਕ੍ਰਾਸ ਫੜ ਕੇ ਸੌਂਦੀ ਸੀ ਤਾਂਕਿ ਭੂਤ-ਪ੍ਰੇਤ ਮੈਨੂੰ ਤੰਗ ਨਾ ਕਰਨ। ਸੱਚਾਈ ਸਿੱਖਣ ਤੋਂ ਬਾਅਦ ਮੈਂ ਅਜਿਹੀਆਂ ਫ਼ਿਲਮਾਂ ਦੇਖਣੀਆਂ ਛੱਡ ਦਿੱਤੀਆਂ। ਯਹੋਵਾਹ ਨੂੰ ਜਾਣਨ ਮਗਰੋਂ ਹੁਣ ਰਾਤ ਨੂੰ ਮੈਨੂੰ ਭੂਤਾਂ-ਪ੍ਰੇਤਾਂ ਤੋਂ ਡਰ ਨਹੀਂ ਲੱਗਦਾ ਕਿਉਂਕਿ ਮੈਨੂੰ ਯਕੀਨ ਹੈ ਜਿਸ ਪਰਮੇਸ਼ੁਰ ਦੀ ਮੈਂ ਸੇਵਾ ਕਰਦੀ ਹਾਂ, ਉਹ ਕਿਸੇ ਵੀ ਭੂਤ-ਪ੍ਰੇਤ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ।”

ਯਹੋਵਾਹ ਤੇ ਭਰੋਸਾ ਰੱਖ ਕੇ ਖ਼ੁਸ਼ੀ ਪਾਓ

ਸਾਡੇ ਕੋਲ ਆਪਣੇ ਸ੍ਰਿਸ਼ਟੀਕਰਤਾ ਦੀ ਅਸੀਮ ਬੁੱਧੀ ਅਤੇ ਤਾਕਤ ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ। ਦਾਊਦ ਨੂੰ ਯਹੋਵਾਹ ਤੇ ਪੂਰਾ ਭਰੋਸਾ ਸੀ ਕਿ ਉਹ ਉਸ ਨੂੰ ਪਨਾਹ ਦੇਵੇਗਾ। ਇਸ ਲਈ ਉਸ ਨੇ ਲਿਖਿਆ: “ਧੰਨ ਹੈ ਉਹ ਪੁਰਸ਼ ਜਿਹੜਾ ਯਹੋਵਾਹ ਨੂੰ ਆਪਣਾ ਆਸਰਾ ਬਣਾਉਂਦਾ ਹੈ।”—ਜ਼ਬੂਰਾਂ ਦੀ ਪੋਥੀ 40:4.

ਮਰੀਯਾ ਨਾਂ ਦੀ ਇਕ ਭੈਣ ਨੇ ਕਿਹਾ: “ਸਪੇਨ ਅਤੇ ਹੋਰਨਾਂ ਦੇਸ਼ਾਂ ਵਿਚ ਰਹਿੰਦਿਆਂ ਮੈਂ ਇਹੋ ਦੇਖਿਆ ਹੈ ਕਿ ਭਾਵੇਂ ਸਾਡਾ ਦਿਲ ਆਪਣੀ ਮਰਜ਼ੀ ਮੁਤਾਬਕ ਕੰਮ ਕਰਨ ਨੂੰ ਕਰਦਾ ਹੈ, ਪਰ ਜੇ ਅਸੀਂ ਯਹੋਵਾਹ ਦੀ ਮਰਜ਼ੀ ਮੁਤਾਬਕ ਹਰ ਕੰਮ ਕਰਾਂਗੇ, ਤਾਂ ਅਸੀਂ ਸਫ਼ਲ ਹੋਵਾਂਗੇ। ਇਸ ਨਾਲ ਸੱਚੀ ਖ਼ੁਸ਼ੀ ਮਿਲਦੀ ਹੈ ਕਿਉਂਕਿ ਯਹੋਵਾਹ ਹਮੇਸ਼ਾ ਸਾਡੀ ਭਲਾਈ ਚਾਹੁੰਦਾ ਹੈ।”

ਆਂਡਰੇਆਸ ਇਕ ਮਸੀਹੀ ਬਜ਼ੁਰਗ ਹੈ ਜਿਸ ਨੇ ਕਈ ਯੂਰਪੀ ਦੇਸ਼ਾਂ ਵਿਚ ਯਹੋਵਾਹ ਦੀ ਸੇਵਾ ਕੀਤੀ ਹੈ। ਉਸ ਨੇ ਦੇਖਿਆ ਹੈ ਕਿ ਯਹੋਵਾਹ ਸਾਡੇ ਭਰੋਸੇ ਦੇ ਲਾਇਕ ਹੈ। ਉਹ ਦੱਸਦਾ ਹੈ: “ਜਵਾਨੀ ਵਿਚ ਮੇਰੇ ਵੱਡੇ ਭਰਾ ਦਾ ਮੇਰੇ ਤੇ ਬਹੁਤ ਪ੍ਰਭਾਵ ਰਿਹਾ ਤੇ ਉਹ ਚਾਹੁੰਦਾ ਸੀ ਕਿ ਮੈਂ ਕੋਈ ਚੰਗੀ ਨੌਕਰੀ ਕਰਾਂ ਤਾਂਕਿ ਬੁਢਾਪੇ ਵਿਚ ਮੈਂ ਪੈਨਸ਼ਨ ਦੇ ਸਹਾਰੇ ਆਪਣੇ ਬਾਕੀ ਦਿਨ ਆਰਾਮ ਨਾਲ ਜੀ ਸਕਾਂ। ਪਰ ਮੇਰੇ ਵਾਂਗ ਉਹ ਯਹੋਵਾਹ ਨੂੰ ਨਹੀਂ ਮੰਨਦਾ। ਜਦ ਮੈਂ ਆਪਣਾ ਪੂਰਾ ਧਿਆਨ ਯਹੋਵਾਹ ਦੀ ਸੇਵਾ ਵਿਚ ਲਾਉਣ ਦਾ ਫ਼ੈਸਲਾ ਕੀਤਾ, ਤਾਂ ਉਹ ਬੜਾ ਮਾਯੂਸ ਹੋਇਆ। ਪਰ ਆਪਣੇ ਫ਼ੈਸਲੇ ਕਰਕੇ ਮੈਂ ਕਦੇ ਨਹੀਂ ਪਛਤਾਇਆ। ਜ਼ਿੰਦਗੀ ਵਿਚ ਮੈਨੂੰ ਕਦੇ ਕੋਈ ਥੁੜ੍ਹ ਮਹਿਸੂਸ ਨਹੀਂ ਹੋਈ, ਸਗੋਂ ਉਹ ਬਰਕਤਾਂ ਮਿਲੀਆਂ ਹਨ ਜਿਨ੍ਹਾਂ ਬਾਰੇ ਹੋਰ ਲੋਕ ਸਿਰਫ਼ ਸੁਪਨੇ ਹੀ ਦੇਖ ਸਕਦੇ ਹਨ।”

ਫ਼ੇਲਿਕਸ ਨਾਂ ਦੇ ਭਰਾ ਨੂੰ 1993 ਵਿਚ ਸੈਲਟਰਸ, ਜਰਮਨੀ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਉਸਾਰੀ ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਉਸਾਰੀ ਦਾ ਕੰਮ ਮੁੱਕ ਜਾਣ ਤੇ ਉਸ ਨੂੰ ਬੈਥਲ ਪਰਿਵਾਰ ਦਾ ਮੈਂਬਰ ਬਣਨ ਦੀ ਪੇਸ਼ਕਸ਼ ਕੀਤੀ ਗਈ। ਉਹ ਆਪਣੇ ਦਿਲ ਦੀ ਗੱਲ ਦੱਸਦਾ ਹੋਇਆ ਕਹਿੰਦਾ ਹੈ: “ਮੈਂ ਹਾਂ ਤਾਂ ਕਹਿ ਦਿੱਤੀ, ਪਰ ਮੇਰੇ ਮਨ ਵਿਚ ਇਹੋ ਖ਼ਿਆਲ ਘੁੰਮਦਾ ਰਿਹਾ ਕਿ ਪਤਾ ਨਹੀਂ ਮੇਰਾ ਫ਼ੈਸਲਾ ਸਹੀ ਸੀ ਜਾਂ ਨਹੀਂ। ਪਰ ਹੁਣ ਦਸ ਸਾਲ ਲੰਘ ਚੁੱਕੇ ਹਨ ਤੇ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਇਹੋ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਸੀ। ਯਹੋਵਾਹ ਜਾਣਦਾ ਹੈ ਕਿ ਮੇਰੇ ਲਈ ਕੀ ਸਹੀ ਹੈ। ਜਦੋਂ ਅਸੀਂ ਉਸ ਤੇ ਪੂਰਾ ਭਰੋਸਾ ਰੱਖ ਕੇ ਹਰ ਕੰਮ ਕਰਦੇ ਹਾਂ, ਤਾਂ ਉਹ ਸਾਨੂੰ ਦਿਖਾਉਂਦਾ ਹੈ ਕਿ ਉਹ ਸਾਡੇ ਤੋਂ ਕੀ ਚਾਹੁੰਦਾ ਹੈ।”

ਭੈਣ ਜ਼ੁਜ਼ਾਨੇ ਜਿਸ ਦੀ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ, ਪਾਇਨੀਅਰੀ ਕਰਨੀ ਚਾਹੁੰਦੀ ਸੀ, ਪਰ ਉਸ ਨੂੰ ਪਾਰਟ-ਟਾਈਮ ਕੰਮ ਨਹੀਂ ਮਿਲ ਰਿਹਾ ਸੀ। ਇਕ ਸਾਲ ਤਕ ਕੋਸ਼ਿਸ਼ ਕਰਨ ਮਗਰੋਂ ਉਸ ਨੇ ਯਹੋਵਾਹ ਉੱਤੇ ਭਰੋਸਾ ਰੱਖਦੇ ਹੋਏ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਉਹ ਦੱਸਦੀ ਹੈ ਕਿ ਉਸ ਨੇ ਅੱਗੇ ਕੀ ਕੀਤਾ: “ਮੈਂ ਪਾਇਨੀਅਰੀ ਦੀ ਅਰਜ਼ੀ ਭਰ ਦਿੱਤੀ। ਮੇਰੇ ਕੋਲ ਇਕ ਕੁ ਮਹੀਨੇ ਦੇ ਖ਼ਰਚੇ ਜੋਗੇ ਪੈਸੇ ਸਨ। ਉਹ ਮਹੀਨਾ ਮੈਂ ਕਦੇ ਨਹੀਂ ਭੁੱਲ ਸਕਦੀ! ਪ੍ਰਚਾਰ ਦੇ ਕੰਮ ਵਿਚ ਮੈਨੂੰ ਬਹੁਤ ਹੀ ਖ਼ੁਸ਼ੀ ਮਿਲੀ, ਪਰ ਪਾਰਟ-ਟਾਈਮ ਕੰਮ ਲੱਭਣ ਦੀ ਮੇਰੀ ਹਰ ਕੋਸ਼ਿਸ਼ ਅਸਫ਼ਲ ਰਹੀ। ਪਰ ਯਹੋਵਾਹ ਆਪਣੇ ਵਾਅਦੇ ਨੂੰ ਪੂਰਾ ਕਰਨ ਵਿਚ ਮੱਠਾ ਨਹੀਂ ਨਿਕਲਿਆ। ਉਸ ਮਹੀਨੇ ਦੇ ਆਖ਼ਰੀ ਦਿਨ ਮੈਨੂੰ ਕੰਮ ਮਿਲ ਗਿਆ। ਹੁਣ ਮੈਨੂੰ ਯਕੀਨ ਹੋ ਗਿਆ ਹੈ ਕਿ ਮੈਂ ਸੱਚ-ਮੁੱਚ ਯਹੋਵਾਹ ਤੇ ਭਰੋਸਾ ਰੱਖ ਸਕਦੀ ਹਾਂ। ਯਹੋਵਾਹ ਦੀ ਇਸ ਮਦਦ ਸਦਕਾ ਮੈਂ ਆਪਣੀ ਪਾਇਨੀਅਰੀ ਜਾਰੀ ਰੱਖ ਸਕੀ ਹਾਂ ਤੇ ਮੈਂ ਬੇਹੱਦ ਖ਼ੁਸ਼ ਹਾਂ।”

ਪਰਮੇਸ਼ੁਰ ਦੀ ਤਾੜਨਾ ਕਬੂਲ ਕਰ ਕੇ ਖ਼ੁਸ਼ ਰਹੋ

ਦਾਊਦ ਬਾਦਸ਼ਾਹ ਨੇ ਆਪਣੀ ਜ਼ਿੰਦਗੀ ਵਿਚ ਕਈ ਗ਼ਲਤੀਆਂ ਕੀਤੀਆਂ ਸਨ। ਕਈ ਵਾਰ ਉਸ ਨੂੰ ਤਾੜਨਾ ਦੇਣ ਦੀ ਲੋੜ ਵੀ ਪਈ। ਕੀ ਅਸੀਂ ਦਾਊਦ ਵਾਂਗ ਤਾੜਨਾ ਕਬੂਲ ਕਰਦੇ ਹਾਂ?

ਫਰਾਂਸ ਵਿਚ ਰਹਿੰਦੀ ਆਇਦਾ ਨਾਂ ਦੀ ਭੈਣ ਕੋਲੋਂ ਇਕ ਵਾਰ ਇਕ ਵੱਡੀ ਗ਼ਲਤੀ ਹੋ ਗਈ। ਉਹ ਕਹਿੰਦੀ ਹੈ: “ਮੈਂ ਬਹੁਤ ਦੁਖੀ ਹੋਈ ਤੇ ਮੈਂ ਹਰ ਕੀਮਤ ਤੇ ਯਹੋਵਾਹ ਨਾਲ ਆਪਣੇ ਵਿਗੜੇ ਰਿਸ਼ਤੇ ਨੂੰ ਸੁਧਾਰਨਾ ਚਾਹੁੰਦੀ ਸੀ।” ਇਸ ਲਈ ਉਸ ਨੇ ਆਪਣੀ ਕਲੀਸਿਯਾ ਦੇ ਬਜ਼ੁਰਗਾਂ ਤੋਂ ਮਦਦ ਮੰਗੀ। ਹੁਣ ਉਸ ਨੂੰ ਪਾਇਨੀਅਰੀ ਕਰਦੀ ਨੂੰ 14 ਸਾਲ ਹੋ ਗਏ ਹਨ ਤੇ ਉਹ ਕਹਿੰਦੀ ਹੈ: “ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਮਾਫ਼ ਕਰ ਦਿੱਤਾ!”

ਜੇ ਅਸੀਂ ਪਹਿਲਾਂ ਹੀ ਬਾਈਬਲ ਦੀ ਸਲਾਹ ਵੱਲ ਧਿਆਨ ਦੇਵਾਂਗੇ, ਤਾਂ ਅਸੀਂ ਗ਼ਲਤੀਆਂ ਕਰਨ ਤੋਂ ਬਚੇ ਰਹਾਂਗੇ। ਭੈਣ ਯੂਡਿਟ ਦੱਸਦੀ ਹੈ: “ਜਦ ਮੈਂ 20 ਸਾਲ ਦੀ ਸੀ, ਤਾਂ ਕੰਮ ਤੇ ਮੈਨੂੰ ਇਕ ਜਰਮਨ ਆਦਮੀ ਨਾਲ ਪਿਆਰ ਹੋ ਗਿਆ। ਉਸ ਆਦਮੀ ਨੇ ਮੇਰਾ ਦਿਲ ਜਿੱਤਣ ਲਈ ਕੋਈ ਕਸਰ ਬਾਕੀ ਨਾ ਛੱਡੀ। ਸਭ ਉਸ ਦਾ ਆਦਰ ਕਰਦੇ ਸਨ ਤੇ ਉਹ ਚੰਗਾ ਕਮਾਉਂਦਾ ਵੀ ਸੀ, ਪਰ ਉਹ ਵਿਆਹਿਆ ਹੋਇਆ ਸੀ! ਮੈਂ ਜਾਣਦੀ ਸੀ ਕਿ ਮੇਰੇ ਅੱਗੇ ਸਿਰਫ਼ ਦੋ ਰਾਹ ਸਨ। ਮੈਂ ਜਾਂ ਤਾਂ ਯਹੋਵਾਹ ਦੀ ਮਰਜ਼ੀ ਮੁਤਾਬਕ ਚੱਲਾਂ ਜਾਂ ਉਸ ਤੋਂ ਮੂੰਹ ਮੋੜ ਲਵਾਂ। ਮੈਂ ਆਪਣੇ ਮੰਮੀ-ਡੈਡੀ ਨਾਲ ਇਸ ਬਾਰੇ ਗੱਲ ਕੀਤੀ। ਡੈਡੀ ਜੀ ਨੇ ਤਾਂ ਸਾਫ਼-ਸਾਫ਼ ਦੱਸ ਦਿੱਤਾ ਕਿ ਯਹੋਵਾਹ ਮੇਰੇ ਤੋਂ ਕੀ ਚਾਹੁੰਦਾ ਸੀ। ਉਨ੍ਹਾਂ ਦੀ ਗੱਲ ਸੁਣ ਕੇ ਮੇਰੇ ਮਨ ਵਿਚ ਕੋਈ ਸ਼ੱਕ ਨਹੀਂ ਰਿਹਾ ਕਿ ਮੈਨੂੰ ਕੀ ਕਰਨਾ ਚਾਹੀਦਾ ਸੀ, ਪਰ ਮੇਰਾ ਦਿਲ ਨਹੀਂ ਸੀ ਮੰਨਦਾ। ਮੰਮੀ ਜੀ ਕਈ ਹਫ਼ਤਿਆਂ ਤਕ ਮੇਰੇ ਨਾਲ ਯਹੋਵਾਹ ਦੇ ਅਸੂਲਾਂ ਬਾਰੇ ਗੱਲ ਕਰਦੇ ਰਹੇ ਕਿ ਇਹ ਅਸੂਲ ਕਿੰਨੇ ਜ਼ਰੂਰੀ ਤੇ ਲਾਹੇਵੰਦ ਸਨ। ਮੈਂ ਬਹੁਤ ਖ਼ੁਸ਼ ਹਾਂ ਕਿ ਹੌਲੀ-ਹੌਲੀ ਮੇਰਾ ਦਿਲ ਯਹੋਵਾਹ ਵੱਲ ਮੁੜਨ ਲੱਗ ਪਿਆ। ਉਸ ਦੀ ਤਾੜਨਾ ਕਬੂਲ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਿਲੀ ਹੈ। ਹੁਣ ਮੈਂ ਕਈ ਸਾਲਾਂ ਤੋਂ ਪਾਇਨੀਅਰੀ ਕਰ ਰਹੀ ਹਾਂ ਤੇ ਮੈਨੂੰ ਅਜਿਹਾ ਪਤੀ ਮਿਲਿਆ ਹੈ ਜੋ ਨਾ ਸਿਰਫ਼ ਮੈਨੂੰ ਪਿਆਰ ਕਰਦਾ ਹੈ, ਪਰ ਯਹੋਵਾਹ ਨੂੰ ਵੀ ਬਹੁਤ ਪਿਆਰ ਕਰਦਾ ਹੈ।”

ਅਜਿਹੇ ਤਜਰਬਿਆਂ ਤੋਂ ਦਾਊਦ ਦੇ ਸ਼ਬਦਾਂ ਦੀ ਸੱਚਾਈ ਸਾਫ਼ ਜ਼ਾਹਰ ਹੁੰਦੀ ਹੈ: “ਧੰਨ ਹੈ ਉਹ ਜਿਹ ਦਾ ਅਪਰਾਧ ਖਿਮਾ ਹੋ ਗਿਆ, ਜਿਹ ਦਾ ਪਾਪ ਢੱਕਿਆ ਹੋਇਆ ਹੈ। ਧੰਨ ਹੈ ਉਹ ਆਦਮੀ ਜਿਹ ਦੀ ਬਦੀ ਯਹੋਵਾਹ ਉਹ ਦੇ ਲੇਖੇ ਨਹੀਂ ਲਾਉਂਦਾ।”—ਜ਼ਬੂਰਾਂ ਦੀ ਪੋਥੀ 32:1, 2.

ਦੂਜਿਆਂ ਦੀ ਪਰਵਾਹ ਕਰ ਕੇ ਖ਼ੁਸ਼ੀ ਪਾਓ

ਦਾਊਦ ਨੇ ਕਿਹਾ: “ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ। ਯਹੋਵਾਹ ਉਹ ਦੀ ਪਾਲਨਾ ਕਰੇਗਾ ਅਤੇ ਉਹ ਨੂੰ ਜੀਉਂਦਿਆਂ ਰੱਖੇਗਾ, ਅਤੇ ਉਹ ਧਰਤੀ ਉੱਤੇ ਧੰਨ ਹੋਵੇਗਾ।” (ਜ਼ਬੂਰਾਂ ਦੀ ਪੋਥੀ 41:1, 2) ਲੋੜਵੰਦਾਂ ਦੀ ਮਦਦ ਕਰਨ ਬਾਰੇ ਦਾਊਦ ਨੇ ਸਾਡੇ ਲਈ ਇਕ ਵਧੀਆ ਮਿਸਾਲ ਕਾਇਮ ਕੀਤੀ। ਉਸ ਨੇ ਆਪਣੇ ਜਿਗਰੀ ਦੋਸਤ ਯੋਨਾਥਾਨ ਦੇ ਪੁੱਤਰ ਮਫ਼ੀਬੋਸ਼ਥ ਦੀ ਬੜੇ ਪਿਆਰ ਨਾਲ ਦੇਖ-ਭਾਲ ਕੀਤੀ ਸੀ ਜੋ ਲੰਗਾ ਸੀ।—2 ਸਮੂਏਲ 9:1-13.

ਭੈਣ ਮਾਰਲੀਸ 47 ਸਾਲਾਂ ਤੋਂ ਮਿਸ਼ਨਰੀ ਸੇਵਾ ਕਰ ਰਹੀ ਹੈ। ਉਸ ਨੂੰ ਅਫ਼ਰੀਕਾ, ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਮੌਕਾ ਮਿਲਦਾ ਹੈ ਜੋ ਖ਼ਤਰਨਾਕ ਹਾਲਾਤਾਂ ਤੋਂ ਬਚਣ ਲਈ ਆਪਣੇ ਦੇਸ਼ਾਂ ਤੋਂ ਨੱਠ ਨਿਕਲੇ ਹਨ। ਉਹ ਕਹਿੰਦੀ ਹੈ: “ਇਨ੍ਹਾਂ ਲੋਕਾਂ ਦੀਆਂ ਕਈ ਮੁਸ਼ਕਲਾਂ ਹਨ। ਆਮ ਤੌਰ ਤੇ ਇਹ ਸੋਚਦੇ ਹਨ ਕਿ ਕੋਈ ਇਨ੍ਹਾਂ ਨੂੰ ਪਸੰਦ ਨਹੀਂ ਕਰਦਾ ਤੇ ਇਨ੍ਹਾਂ ਨਾਲ ਭੇਦ-ਭਾਵ ਕੀਤਾ ਜਾਂਦਾ ਹੈ। ਅਜਿਹੇ ਲੋਕਾਂ ਦੀ ਮਦਦ ਕਰ ਕੇ ਮੈਨੂੰ ਸੱਚੀ ਖ਼ੁਸ਼ੀ ਮਿਲਦੀ ਹੈ।”

ਬਤਾਲ੍ਹੀ ਕੁ ਸਾਲ ਦੀ ਮਾਰੀਨਾ ਨੇ ਲਿਖਿਆ: “ਮੈਂ ਸ਼ਾਦੀ-ਸ਼ੁਦਾ ਨਹੀਂ ਹਾਂ ਤੇ ਮੈਨੂੰ ਹਮੇਸ਼ਾ ਹੋਰਨਾਂ ਤੋਂ ਮਦਦ ਦੀ ਲੋੜ ਹੁੰਦੀ ਹੈ। ਮੈਂ ਕਿੰਨੀ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਅਜਿਹੇ ਦੋਸਤ ਹਨ ਜੋ ਮੇਰੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ। ਇਸ ਲਈ ਮੈਂ ਵੀ ਹੋਰਨਾਂ ਬਾਰੇ ਸੋਚਦੀ ਹਾਂ ਜੋ ਤਨਹਾਈ ਮਹਿਸੂਸ ਕਰਦੇ ਹੋਣਗੇ ਤੇ ਉਨ੍ਹਾਂ ਨੂੰ ਟੈਲੀਫ਼ੋਨ ਕਰ ਕੇ ਜਾਂ ਚਿੱਠੀ ਲਿਖ ਕੇ ਹੌਸਲਾ ਦਿੰਦੀ ਹਾਂ। ਕਈਆਂ ਨੇ ਮੇਰਾ ਧੰਨਵਾਦ ਕੀਤਾ ਹੈ। ਹੋਰਨਾਂ ਦੀ ਮਦਦ ਕਰ ਕੇ ਮੈਨੂੰ ਸੱਚੀ ਖ਼ੁਸ਼ੀ ਮਿਲਦੀ ਹੈ।”

ਪੱਚੀਆਂ ਕੁ ਸਾਲਾਂ ਦਾ ਦਿਮਿਤਾ ਦੱਸਦਾ ਹੈ: “ਮੇਰੀ ਮੰਮੀ ਨੇ ਇਕੱਲੇ ਮੈਨੂੰ ਪਾਲ-ਪੋਸ ਕੇ ਵੱਡਾ ਕੀਤਾ। ਜਦ ਮੈਂ ਛੋਟਾ ਸੀ, ਤਾਂ ਸਾਡਾ ਬੁੱਕ ਸਟੱਡੀ ਓਵਰਸੀਅਰ ਮੈਨੂੰ ਹਰ ਹਫ਼ਤੇ ਪ੍ਰਚਾਰ ਕਰਨ ਆਪਣੇ ਨਾਲ ਲੈ ਜਾਂਦਾ ਸੀ। ਉਨ੍ਹਾਂ ਨੇ ਮੇਰੇ ਅੰਦਰ ਪਰਮੇਸ਼ੁਰ ਦੀ ਸੇਵਾ ਕਰਨ ਦਾ ਜੋਸ਼ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜੋ ਕਿ ਸੌਖਾ ਨਹੀਂ ਸੀ। ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਮੈਂ ਅਜੇ ਵੀ ਉਨ੍ਹਾਂ ਦਾ ਕਰਜ਼ਾਈ ਹਾਂ।” ਦਿਮਿਤਾ ਹੁਣ ਆਪ ਦੂਸਰਿਆਂ ਦੀ ਮਦਦ ਕਰਦਾ ਹੈ। ਉਹ ਕਹਿੰਦਾ ਹੈ: “ਹਰ ਮਹੀਨੇ ਘੱਟੋ-ਘੱਟ ਇਕ ਵਾਰ ਮੈਂ ਕਿਸੇ ਨਿਆਣੇ ਨੂੰ ਤੇ ਕਿਸੇ ਭੈਣ-ਭਰਾ ਨੂੰ ਆਪਣੇ ਨਾਲ ਪ੍ਰਚਾਰ ਕਰਨ ਲੈ ਕੇ ਜਾਂਦਾ ਹਾਂ।”

ਜ਼ਬੂਰਾਂ ਦੀ ਪੋਥੀ ਵਿਚ ਸੱਚੀ ਖ਼ੁਸ਼ੀ ਪਾਉਣ ਬਾਰੇ ਹੋਰ ਵੀ ਗੱਲਾਂ ਦੱਸੀਆਂ ਗਈਆਂ ਹਨ। ਇਕ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਆਪਣੀ ਤਾਕਤ ਤੇ ਨਹੀਂ ਬਲਕਿ ਯਹੋਵਾਹ ਦੀ ਤਾਕਤ ਤੇ ਇਤਬਾਰ ਕਰੀਏ: “ਧੰਨ ਉਹ ਆਦਮੀ ਹੈ ਜਿਹ ਦਾ ਬਲ [ਯਹੋਵਾਹ] ਵੱਲੋਂ ਹੈ।”—ਜ਼ਬੂਰਾਂ ਦੀ ਪੋਥੀ 84:5.

ਭੈਣ ਕੌਰਿੰਨਾ ਇਸ ਗੱਲ ਨਾਲ ਸਹਿਮਤ ਹੈ। ਉਹ ਆਪਣਾ ਦੇਸ਼ ਛੱਡ ਕਿਸੇ ਹੋਰ ਦੇਸ਼ ਪ੍ਰਚਾਰ ਕਰਨ ਗਈ ਜਿੱਥੇ ਪ੍ਰਚਾਰ ਕਰਨ ਵਾਲਿਆਂ ਦੀ ਕਮੀ ਸੀ। ਉਹ ਕਹਿੰਦੀ ਹੈ: “ਮੇਰੇ ਲਈ ਉੱਥੇ ਦੇ ਲੋਕਾਂ ਦੀ ਬੋਲੀ, ਰਹਿਣੀ-ਬਹਿਣੀ ਤੇ ਸੋਚਣੀ ਬਿਲਕੁਲ ਨਵੀਂ ਸੀ। ਮੈਂ ਸੋਚਦੀ ਹੁੰਦੀ ਸੀ ਕਿ ਇਹ ਮੈਂ ਕਿੱਥੇ ਆ ਗਈ। ਅਣਜਾਣ ਦੇਸ਼ ਵਿਚ ਪ੍ਰਚਾਰ ਕਰਨ ਬਾਰੇ ਸੋਚ ਕੇ ਹੀ ਮੇਰਾ ਸਾਹ ਸੁੱਕ ਜਾਂਦਾ ਸੀ। ਫਿਰ ਮੈਂ ਯਹੋਵਾਹ ਤੋਂ ਮਦਦ ਮੰਗੀ ਤੇ ਉਸ ਨੇ ਮੈਨੂੰ ਸਾਰਾ-ਸਾਰਾ ਦਿਨ ਇਕੱਲਿਆਂ ਪ੍ਰਚਾਰ ਕਰਨ ਦੀ ਤਾਕਤ ਬਖ਼ਸ਼ੀ। ਸਮੇਂ ਦੇ ਬੀਤਣ ਨਾਲ ਮੇਰੇ ਲਈ ਉੱਥੇ ਰਹਿਣਾ ਤੇ ਪ੍ਰਚਾਰ ਕਰਨਾ ਆਸਾਨ ਹੋ ਗਿਆ। ਮੈਂ ਕਈ ਲੋਕਾਂ ਨਾਲ ਬਾਈਬਲ ਦੀ ਸਟੱਡੀ ਕਰਨ ਲੱਗੀ ਤੇ ਅੱਜ ਤਕ ਮੈਨੂੰ ਉਸ ਸਮੇਂ ਦੇ ਤਜਰਬੇ ਦਾ ਫ਼ਾਇਦਾ ਹੋ ਰਿਹਾ ਹੈ। ਮੈਂ ਦੇਖਿਆ ਹੈ ਕਿ ਯਹੋਵਾਹ ਦੀ ਤਾਕਤ ਤੇ ਇਤਬਾਰ ਕਰ ਕੇ ਅਸੀਂ ਨਾਮੁਮਕਿਨ ਨੂੰ ਮੁਮਕਿਨ ਬਣਾ ਸਕਦੇ ਹਾਂ।”

ਸੱਚੀ ਖ਼ੁਸ਼ੀ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਨਾਲ ਦੋਸਤੀ ਕਰੀਏ, ਯਹੋਵਾਹ ਤੇ ਪੂਰਾ ਭਰੋਸਾ ਰੱਖੀਏ, ਉਸ ਦੀ ਸਲਾਹ ਨੂੰ ਕਬੂਲ ਕਰੀਏ ਅਤੇ ਹੋਰਨਾਂ ਦੀ ਪਰਵਾਹ ਕਰੀਏ। ਯਹੋਵਾਹ ਦੀ ਮਰਜ਼ੀ ਮੁਤਾਬਕ ਚੱਲ ਕੇ ਤੇ ਉਸ ਦੀ ਆਗਿਆ ਦੀ ਪਾਲਣਾ ਕਰ ਕੇ ਅਸੀਂ ਸੱਚ-ਮੁੱਚ ਧੰਨ ਹੋ ਸਕਦੇ ਹਾਂ ਤੇ ਕਦੀ ਨਾ ਖ਼ਤਮ ਹੋਣ ਵਾਲੀ ਸੱਚੀ ਖ਼ੁਸ਼ੀ ਪਾ ਸਕਦੇ ਹਾਂ।—ਜ਼ਬੂਰਾਂ ਦੀ ਪੋਥੀ 89:15; 106:3; 112:1; 128:1, 2.

[ਫੁਟਨੋਟ]

^ ਪੈਰਾ 5 ਕੁਝ ਨਾਂ ਬਦਲੇ ਗਏ ਹਨ।

[ਸਫ਼ਾ 12 ਉੱਤੇ ਤਸਵੀਰ]

ਮਰੀਯਾ

[ਸਫ਼ਾ 13 ਉੱਤੇ ਤਸਵੀਰ]

ਮਾਰੀ

[ਸਫ਼ਾ 13 ਉੱਤੇ ਤਸਵੀਰ]

ਜ਼ੁਜ਼ਾਨੇ ਅਤੇ ਆਂਡਰੇਆਸ

[ਸਫ਼ਾ 15 ਉੱਤੇ ਤਸਵੀਰ]

ਕੌਰਿੰਨਾ

[ਸਫ਼ਾ 15 ਉੱਤੇ ਤਸਵੀਰ]

ਦਿਮਿਤਾ