Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਨਿਕੁਦੇਮੁਸ ਨੂੰ ਕਹੀ ਯਿਸੂ ਦੀ ਇਸ ਗੱਲ ਦਾ ਕੀ ਮਤਲਬ ਸੀ ਕਿ “ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤ੍ਰ”?—ਯੂਹੰਨਾ 3:13.

ਯਿਸੂ ਨੇ ਜਦ ਇਹ ਗੱਲ ਕਹੀ ਸੀ, ਉਦੋਂ ਉਹ ਅਜੇ ਧਰਤੀ ਤੇ ਹੀ ਸੀ ਅਤੇ ਸਵਰਗ ਨੂੰ ਵਾਪਸ ਨਹੀਂ ਗਿਆ ਸੀ। ਪਰ ਯਿਸੂ ਦੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਤੀਜੇ ਅਧਿਆਇ ਦੀਆਂ ਹੋਰ ਆਇਤਾਂ ਅਤੇ ਯਿਸੂ ਦੇ ਜੀਵਨ ਤੇ ਗੌਰ ਕਰਨਾ ਪਵੇਗਾ।

ਖਰਬਾਂ ਸਾਲਾਂ ਤੋਂ ਯਿਸੂ ਸਵਰਗ ਵਿਚ ਆਪਣੇ ਪਿਤਾ ਯਹੋਵਾਹ ਨਾਲ ਸੀ। ਫਿਰ ਯਿਸੂ ਨੇ ‘ਸੁਰਗ ਤੋਂ ਉੱਤਰ’ ਕੇ ਇਨਸਾਨ ਦੇ ਰੂਪ ਵਿਚ ਜਨਮ ਲਿਆ ਜਦ ਯਹੋਵਾਹ ਨੇ ਉਸ ਦਾ ਜੀਵਨ ਮਰਿਯਮ ਦੀ ਕੁੱਖ ਵਿਚ ਪਾਇਆ ਸੀ। (ਲੂਕਾ 1:30-35; ਗਲਾਤੀਆਂ 4:4; ਇਬਰਾਨੀਆਂ 2:9, 14, 17) ਯਿਸੂ ਦੀ ਮੌਤ ਹੋਣ ਤੋਂ ਬਾਅਦ ਉਸ ਨੂੰ ਇਕ ਆਤਮਿਕ ਪ੍ਰਾਣੀ ਵਜੋਂ ਜੀ ਉਠਾਇਆ ਜਾਣਾ ਸੀ ਤਾਂਕਿ ਉਹ ਆਪਣੇ ਪਿਤਾ ਯਹੋਵਾਹ ਕੋਲ ਸਵਰਗ ਵਿਚ ਵਾਪਸ ਪਰਤ ਸਕੇ। ਇਸ ਲਈ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਿਸੂ ਨੇ ਆਪਣੇ ਪਿਤਾ ਨੂੰ ਬੇਨਤੀ ਕੀਤੀ: “ਹੁਣ ਹੇ ਪਿਤਾ ਤੂੰ ਆਪਣੀ ਸੰਗਤ ਦੀ ਉਸ ਵਡਿਆਈ ਨਾਲ ਜੋ ਮੈਂ ਜਗਤ ਦੇ ਹੋਣ ਤੋਂ ਅੱਗੇ ਹੀ ਤੇਰੇ ਨਾਲ ਰੱਖਦਾ ਸਾਂ ਮੇਰੀ ਵਡਿਆਈ ਪਰਗਟ ਕਰ।”—ਯੂਹੰਨਾ 17:5; ਰੋਮੀਆਂ 6:4, 9; ਇਬਰਾਨੀਆਂ 9:24; 1 ਪਤਰਸ 3:18.

ਪਰ ਜਦੋਂ ਯਿਸੂ ਨੇ ਸ਼ਰਾ ਦੇ ਸਿਖਾਉਣ ਵਾਲੇ ਫ਼ਰੀਸੀ ਨਿਕੁਦੇਮੁਸ ਨਾਲ ਗੱਲ ਕੀਤੀ, ਤਾਂ ਉਹ ਅਜੇ ਸਵਰਗ ਵਾਪਸ ਨਹੀਂ ਪਰਤਿਆ ਸੀ। ਇਹ ਤਾਂ ਅਸੀਂ ਜਾਣਦੇ ਹਾਂ ਕਿ ਯਿਸੂ ਤੋਂ ਪਹਿਲਾਂ ਕੋਈ ਵੀ ਮਨੁੱਖ ਮਰ ਕੇ ਸਵਰਗ ਨਹੀਂ ਗਿਆ ਸੀ। ਯੂਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਯਿਸੂ ਨੇ ਕਿਹਾ ਕਿ ਉਸ ਦੇ ਤੁਲ ਕੋਈ ਹੋਰ ਨਬੀ ਨਹੀਂ ਉੱਠਿਆ। ਪਰ ਯੂਹੰਨਾ ਨੂੰ ਮਰਨ ਤੋਂ ਬਾਅਦ ਸਵਰਗੀ ਜੀਵਨ ਲਈ ਨਹੀਂ ਜੀ ਉਠਾਇਆ ਗਿਆ ਕਿਉਂਕਿ ਯਿਸੂ ਨੇ ਕਿਹਾ ਕਿ ‘ਸੁਰਗ ਦੇ ਰਾਜ ਵਿੱਚ ਜੋ ਛੋਟਾ ਹੈ ਸੋ ਯੂਹੰਨਾ ਤੋਂ ਵੱਡਾ ਹੈ।’ (ਮੱਤੀ 11:11) ਪੰਤੇਕੁਸਤ ਵਾਲੇ ਦਿਨ ਇਕੱਠੀ ਹੋਈ ਭੀੜ ਨੂੰ ਸੰਬੋਧਨ ਕਰਦੇ ਹੋਏ ਪਤਰਸ ਰਸੂਲ ਨੇ ਕਿਹਾ ਕਿ ਪਰਮੇਸ਼ੁਰ ਦਾ ਭਗਤ ਰਾਜਾ ਦਾਊਦ ਵੀ ਮੌਤ ਦੀ ਗੂੜ੍ਹੀ ਨੀਂਦ ਸੁੱਤਾ ਪਿਆ ਹੈ, ਉਹ ਸਵਰਗ ਵਿਚ ਨਹੀਂ ਗਿਆ। (ਰਸੂਲਾਂ ਦੇ ਕਰਤੱਬ 2:29, 34) ਰਾਜਾ ਦਾਊਦ, ਯੂਹੰਨਾ ਬਪਤਿਸਮਾ ਦੇਣ ਵਾਲਾ ਅਤੇ ਪਰਮੇਸ਼ੁਰ ਦੇ ਹੋਰ ਭਗਤ ਜੋ ਯਿਸੂ ਤੋਂ ਪਹਿਲਾਂ ਮਰ ਗਏ ਸਨ, ਇਕ ਖ਼ਾਸ ਵਜ੍ਹਾ ਕਰਕੇ ਸਵਰਗ ਨਹੀਂ ਗਏ। ਪੌਲੁਸ ਰਸੂਲ ਸਾਨੂੰ ਦੱਸਦਾ ਹੈ ਕਿ ਮਨੁੱਖਾਂ ਲਈ ਸਵਰਗ ਨੂੰ ਜਾਣ ਦਾ ‘ਨਵਾਂ ਅਤੇ ਜੀਉਂਦਾ ਰਾਹ’ ਯਿਸੂ ਨੇ ਖੋਲ੍ਹਿਆ ਸੀ, ਪਰ ਇਹ ਸਭ ਲੋਕ ਇਸ ਪ੍ਰਬੰਧ ਤੋਂ ਪਹਿਲਾਂ ਹੀ ਮਰ ਚੁੱਕੇ ਸਨ।—ਇਬਰਾਨੀਆਂ 6:19, 20; 9:24; 10:19, 20.

ਜਦ ਕਿ ਯਿਸੂ ਅਜੇ ਮਰਨ ਤੋਂ ਬਾਅਦ ਜ਼ਿੰਦਾ ਹੋ ਕੇ ਸਵਰਗ ਵਾਪਸ ਨਹੀਂ ਗਿਆ ਸੀ, ਤਾਂ ਨਿਕੁਦੇਮੁਸ ਨੂੰ ਕਹੀ ਉਸ ਦੀ ਇਸ ਗੱਲ ਦਾ ਕੀ ਮਤਲਬ ਸੀ ਕਿ “ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤ੍ਰ”? (ਯੂਹੰਨਾ 3:13) ਆਓ ਆਪਾਂ ਇਸੇ ਅਧਿਆਇ ਦੀਆਂ ਹੋਰ ਆਇਤਾਂ ਤੇ ਵਿਚਾਰ ਕਰ ਕੇ ਦੇਖੀਏ ਕਿ ਯਿਸੂ ਨਿਕੁਦੇਮੁਸ ਨਾਲ ਕਿਸ ਵਿਸ਼ੇ ਤੇ ਗੱਲ ਕਰ ਰਿਹਾ ਸੀ।

ਯਹੂਦੀਆਂ ਦਾ ਸਰਦਾਰ ਨਿਕੁਦੇਮੁਸ ਰਾਤ ਦੇ ਵੇਲੇ ਯਿਸੂ ਨੂੰ ਮਿਲਣ ਆਇਆ ਸੀ। ਯਿਸੂ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਕੋਈ ਮਨੁੱਖ ਜੇਕਰ ਨਵੇਂ ਸਿਰਿਓਂ ਨਾ ਜੰਮੇ ਪਰਮੇਸ਼ੁਰ ਦੇ ਰਾਜ ਨੂੰ ਵੇਖ ਨਹੀਂ ਸੱਕਦਾ।” (ਯੂਹੰਨਾ 3:3) ਇਹ ਗੱਲ ਸੁਣ ਕੇ ਨਿਕੁਦੇਮੁਸ ਨੇ ਪੁੱਛਿਆ: ‘ਇਹ ਕਿੱਦਾਂ ਹੋ ਸਕਦਾ ਹੈ? ਇਕ ਮਨੁੱਖ ਦੂਸਰੀ ਵਾਰ ਜਨਮ ਕਿੱਦਾਂ ਲੈ ਸਕਦਾ ਹੈ?’ ਯਿਸੂ ਪਰਮੇਸ਼ੁਰ ਦੇ ਰਾਜ ਵਿਚ ਵੜਨ ਬਾਰੇ ਗੱਲ ਕਰ ਰਿਹਾ ਸੀ ਅਤੇ ਨਿਕੁਦੇਮੁਸ ਦੇ ਸਵਾਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਯਿਸੂ ਦੀ ਗੱਲ ਸਮਝਿਆ ਨਹੀਂ ਸੀ। ਕੀ ਨਿਕੁਦੇਮੁਸ ਯਿਸੂ ਤੋਂ ਸਿਵਾਇ ਕਿਸੇ ਹੋਰ ਇਨਸਾਨ ਤੋਂ ਇਸ ਬਾਰੇ ਸਿੱਖ ਸਕਦਾ ਸੀ? ਨਹੀਂ। ਕਿਉਂਕਿ ਉਸ ਵੇਲੇ ਧਰਤੀ ਤੇ ਅਜਿਹਾ ਕੋਈ ਇਨਸਾਨ ਨਹੀਂ ਸੀ ਜੋ ਪਹਿਲਾਂ ਸਵਰਗ ਵਿਚ ਰਹਿ ਚੁੱਕਾ ਹੋਵੇ ਅਤੇ ਪਰਮੇਸ਼ੁਰ ਦੇ ਰਾਜ ਵਿਚ ਵੜਨ ਦਾ ਗਿਆਨ ਰੱਖਦਾ ਹੋਵੇ। ਕੇਵਲ ਯਿਸੂ ਹੀ ਸਵਰਗ ਤੋਂ ਹੋਣ ਕਰਕੇ ਨਿਕੁਦੇਮੁਸ ਤੇ ਹੋਰਨਾਂ ਨੂੰ ਇਨ੍ਹਾਂ ਗੱਲਾਂ ਦੀ ਸਿੱਖਿਆ ਦੇਣ ਦੇ ਕਾਬਲ ਸੀ।

ਇਸ ਹਵਾਲੇ ਸੰਬੰਧੀ ਪਾਠਕਾਂ ਵੱਲੋਂ ਪੁੱਛਿਆ ਗਿਆ ਸਵਾਲ ਸਾਨੂੰ ਪਰਮੇਸ਼ੁਰ ਦੇ ਸ਼ਬਦ ਦਾ ਅਧਿਐਨ ਕਰਨ ਬਾਰੇ ਇਕ ਅਹਿਮ ਸਬਕ ਸਿਖਾਉਂਦਾ ਹੈ। ਬਾਈਬਲ ਦਾ ਅਧਿਐਨ ਕਰਨ ਵੇਲੇ ਅਗਰ ਸਾਨੂੰ ਕੋਈ ਹਵਾਲਾ ਸਮਝਣਾ ਮੁਸ਼ਕਲ ਲੱਗਦਾ ਹੈ, ਤਾਂ ਇਹ ਬਾਈਬਲ ਤੇ ਸ਼ੱਕ ਕਰਨ ਦੀ ਵਜ੍ਹਾ ਨਹੀਂ ਹੈ। ਕਦੇ-ਕਦੇ ਬਾਈਬਲ ਦੀਆਂ ਹੋਰ ਆਇਤਾਂ ਉਸ ਹਵਾਲੇ ਤੇ ਚਾਨਣਾ ਪਾ ਸਕਦੀਆਂ ਹਨ ਜੋ ਸਾਨੂੰ ਪਹਿਲੀ ਦਫ਼ਾ ਪੜ੍ਹਨ ਤੇ ਸਮਝ ਨਹੀਂ ਆਉਂਦਾ। ਇਸ ਤੋਂ ਇਲਾਵਾ, ਉਸ ਹਵਾਲੇ ਦੇ ਆਲੇ-ਦੁਆਲੇ ਦੀਆਂ ਆਇਤਾਂ ਵਿਚ ਦੱਸੀ ਸਥਿਤੀ ਜਾਂ ਗੱਲਬਾਤ ਦਾ ਵਿਸ਼ਾ ਹਵਾਲੇ ਨੂੰ ਸਮਝਾਉਣ ਵਿਚ ਸਹਾਈ ਹੋ ਸਕਦਾ ਹੈ।