Skip to content

Skip to table of contents

“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ”

“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ”

“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ”

“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!”—ਜ਼ਬੂਰਾਂ ਦੀ ਪੋਥੀ 119:97.

1, 2. (ੳ) ਜ਼ਬੂਰ 119 ਦੇ ਲਿਖਾਰੀ ਨੇ ਕਿਨ੍ਹਾਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ? (ਅ) ਅਜ਼ਮਾਇਸ਼ਾਂ ਦੇ ਬਾਵਜੂਦ ਉਸ ਨੇ ਕੀ ਕਿਹਾ ਅਤੇ ਕਿਉਂ?

ਜ਼ਬੂਰ 119 ਦਾ ਲਿਖਾਰੀ ਵੱਡੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰ ਰਿਹਾ ਸੀ। ਪਰਮੇਸ਼ੁਰ ਦੀ ਬਿਵਸਥਾ ਦਾ ਅਨਾਦਰ ਕਰਨ ਵਾਲੇ ਹੰਕਾਰੀ ਵੈਰੀ ਉਸ ਦਾ ਮਖੌਲ ਉਡਾਉਂਦੇ ਤੇ ਉਸ ਉੱਤੇ ਝੂਠੇ ਦੋਸ਼ ਲਾਉਂਦੇ ਸਨ। ਸਰਦਾਰਾਂ ਨੇ ਉਸ ਦੇ ਖ਼ਿਲਾਫ਼ ਸਾਜ਼ਸ਼ਾਂ ਘੜੀਆਂ ਅਤੇ ਉਸ ਉੱਤੇ ਜ਼ੁਲਮ ਢਾਏ। ਦੁਸ਼ਟ ਲੋਕਾਂ ਨੇ ਉਸ ਨੂੰ ਘੇਰਿਆ ਹੋਇਆ ਸੀ ਤੇ ਉਸ ਦੀ ਜਾਨ ਲੈਣ ਤੇ ਤੁਲੇ ਹੋਏ ਸਨ। ਇਨ੍ਹਾਂ ਸਭ ਗੱਲਾਂ ਕਰਕੇ ‘ਉਸ ਦੀ ਜਾਨ ਉਦਾਸੀ ਦੇ ਕਾਰਨ ਢਲ ਗਈ ਸੀ।’ (ਜ਼ਬੂਰਾਂ ਦੀ ਪੋਥੀ 119:9, 23, 28, 51, 61, 69, 85, 87, 161) ਪਰ ਫਿਰ ਵੀ ਜ਼ਬੂਰਾਂ ਦੇ ਲਿਖਾਰੀ ਨੇ ਪਰਮੇਸ਼ੁਰ ਨੂੰ ਕਿਹਾ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ, ਦਿਨ ਭਰ ਮੈਂ ਉਹ ਦੇ ਵਿੱਚ ਲੀਨ ਰਹਿੰਦਾ ਹਾਂ!”—ਜ਼ਬੂਰਾਂ ਦੀ ਪੋਥੀ 119:97.

2 ਤੁਸੀਂ ਸ਼ਾਇਦ ਪੁੱਛੋ: “ਪਰਮੇਸ਼ੁਰ ਦੀ ਬਿਵਸਥਾ ਤੋਂ ਜ਼ਬੂਰਾਂ ਦੇ ਲਿਖਾਰੀ ਨੂੰ ਦਿਲਾਸਾ ਕਿਵੇਂ ਮਿਲਿਆ?” ਉਸ ਨੂੰ ਪੱਕਾ ਭਰੋਸਾ ਸੀ ਕਿ ਯਹੋਵਾਹ ਨੂੰ ਉਸ ਦਾ ਫ਼ਿਕਰ ਸੀ ਅਤੇ ਇਸ ਗੱਲ ਨੇ ਉਸ ਨੂੰ ਤਾਕਤ ਬਖ਼ਸ਼ੀ। ਭਾਵੇਂ ਉਸ ਦੇ ਵਿਰੋਧੀਆਂ ਨੇ ਉਸ ਉੱਤੇ ਦੁੱਖ ਲਿਆਂਦੇ, ਫਿਰ ਵੀ ਬਿਵਸਥਾ ਦੇ ਫ਼ਾਇਦੇਮੰਦ ਅਸੂਲਾਂ ਉੱਤੇ ਚੱਲ ਕੇ ਉਸ ਨੂੰ ਖ਼ੁਸ਼ੀ ਮਿਲੀ। ਉਹ ਜਾਣਦਾ ਸੀ ਕਿ ਉਸ ਉੱਤੇ ਯਹੋਵਾਹ ਦੀ ਮਿਹਰ ਸੀ। ਇਸ ਤੋਂ ਇਲਾਵਾ, ਪਰਮੇਸ਼ੁਰ ਦੀ ਬਿਵਸਥਾ ਦੀ ਸੇਧ ਵਿਚ ਚੱਲ ਕੇ ਜ਼ਬੂਰਾਂ ਦਾ ਲਿਖਾਰੀ ਆਪਣੇ ਦੁਸ਼ਮਣਾਂ ਨਾਲੋਂ ਬੁੱਧਵਾਨ ਬਣਿਆ ਅਤੇ ਜੀਉਂਦਾ ਰਿਹਾ। ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਨਾਲ ਉਸ ਦੇ ਮਨ ਨੂੰ ਸ਼ਾਂਤੀ ਮਿਲੀ ਅਤੇ ਉਸ ਦੀ ਜ਼ਮੀਰ ਸਾਫ਼ ਰਹੀ।—ਜ਼ਬੂਰਾਂ ਦੀ ਪੋਥੀ 119:1, 9, 65, 93, 98, 165.

3. ਮਸੀਹੀਆਂ ਲਈ ਯਹੋਵਾਹ ਦੇ ਰਾਹਾਂ ਤੇ ਚੱਲਣਾ ਮੁਸ਼ਕਲ ਕਿਉਂ ਹੈ?

3 ਅੱਜ ਵੀ ਪਰਮੇਸ਼ੁਰ ਦੇ ਕਈ ਸੇਵਕਾਂ ਦੀ ਨਿਹਚਾ ਪੂਰੀ ਤਰ੍ਹਾਂ ਪਰਖੀ ਜਾ ਰਹੀ ਹੈ। ਜ਼ਬੂਰਾਂ ਦੇ ਲਿਖਾਰੀ ਵਾਂਗ ਸਾਡੀ ਜਾਨ ਸ਼ਾਇਦ ਖ਼ਤਰੇ ਵਿਚ ਨਾ ਹੋਵੇ, ਪਰ ਅਸੀਂ ‘ਭੈੜੇ ਸਮਿਆਂ’ ਵਿਚ ਜੀ ਰਹੇ ਹਾਂ। ਸਾਨੂੰ ਰੋਜ਼ ਅਜਿਹੇ ਲੋਕਾਂ ਨਾਲ ਮਿਲਣਾ-ਗਿਲਣਾ ਪੈਂਦਾ ਹੈ ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ ਤੇ ਕੀ ਗ਼ਲਤ। ਉਹ ਆਪਣੇ ਬਾਰੇ ਹੀ ਸੋਚਦੇ ਹਨ, ਧਨ-ਦੌਲਤ ਮਗਰ ਲੱਗੇ ਰਹਿੰਦੇ ਹਨ, ਘਮੰਡੀ ਹਨ ਅਤੇ ਦੂਸਰਿਆਂ ਨਾਲ ਬਦਤਮੀਜ਼ੀ ਨਾਲ ਪੇਸ਼ ਆਉਂਦੇ ਹਨ। (2 ਤਿਮੋਥਿਉਸ 3:1-5) ਅੱਜ ਦੀ ਦੁਨੀਆਂ ਵਿਚ ਨੌਜਵਾਨ ਮਸੀਹੀਆਂ ਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣ ਲਈ ਲਗਾਤਾਰ ਸੰਘਰਸ਼ ਕਰਨਾ ਪੈਂਦਾ ਹੈ। ਅਜਿਹੀ ਹਾਲਤ ਵਿਚ ਯਹੋਵਾਹ ਲਈ ਆਪਣਾ ਪਿਆਰ ਬਰਕਰਾਰ ਰੱਖਣਾ ਅਤੇ ਸਹੀ ਕੰਮ ਕਰਨਾ ਮੁਸ਼ਕਲ ਹੋ ਸਕਦਾ ਹੈ। ਅਸੀਂ ਆਪਣੀ ਰੱਖਿਆ ਕਿਵੇਂ ਕਰ ਸਕਦੇ ਹਾਂ?

4. ਜ਼ਬੂਰਾਂ ਦੇ ਲਿਖਾਰੀ ਨੇ ਕਿਵੇਂ ਦਿਖਾਇਆ ਕਿ ਉਹ ਪਰਮੇਸ਼ੁਰ ਦੀ ਬਿਵਸਥਾ ਦੀ ਕਦਰ ਕਰਦਾ ਸੀ ਅਤੇ ਕੀ ਮਸੀਹੀਆਂ ਨੂੰ ਵੀ ਉਸ ਵਾਂਗ ਕਰਨਾ ਚਾਹੀਦਾ ਹੈ?

4 ਜ਼ਬੂਰਾਂ ਦਾ ਲਿਖਾਰੀ ਹਰ ਦੁੱਖ ਤੇ ਸਿਤਮ ਸਹਿ ਸਕਿਆ ਕਿਉਂਕਿ ਉਹ ਪਰਮੇਸ਼ੁਰ ਦੀ ਬਿਵਸਥਾ ਵਿਚ ਮਗਨ ਰਹਿੰਦਾ ਸੀ। ਇਸ ਤਰ੍ਹਾਂ ਕਰਨ ਨਾਲ ਉਹ ਪਰਮੇਸ਼ੁਰ ਦੀ ਬਿਵਸਥਾ ਨਾਲ ਪ੍ਰੀਤ ਕਰਨ ਲੱਗ ਪਿਆ। ਜ਼ਬੂਰ 119 ਦੀ ਤਕਰੀਬਨ ਹਰ ਆਇਤ ਵਿਚ ਯਹੋਵਾਹ ਦੀ ਬਿਵਸਥਾ ਬਾਰੇ ਕੋਈ ਗੱਲ ਕਹੀ ਗਈ ਹੈ। * ਅੱਜ ਮਸੀਹੀ ਇਸ ਬਿਵਸਥਾ ਦੇ ਅਧੀਨ ਨਹੀਂ ਹਨ ਜੋ ਇਸਰਾਏਲ ਕੌਮ ਨੂੰ ਦਿੱਤੀ ਗਈ ਸੀ। (ਕੁਲੁੱਸੀਆਂ 2:14) ਪਰ ਇਸ ਬਿਵਸਥਾ ਦੇ ਸਿਧਾਂਤ ਅੱਜ ਵੀ ਲਾਗੂ ਹੁੰਦੇ ਹਨ। ਇਨ੍ਹਾਂ ਤੋਂ ਜ਼ਬੂਰਾਂ ਦੇ ਲਿਖਾਰੀ ਨੂੰ ਦਿਲਾਸਾ ਮਿਲਿਆ ਸੀ ਅਤੇ ਅੱਜ ਜ਼ਿੰਦਗੀ ਦੀਆਂ ਮੁਸ਼ਕਲਾਂ ਸਹਿ ਰਹੇ ਪਰਮੇਸ਼ੁਰ ਦੇ ਸੇਵਕ ਵੀ ਇਨ੍ਹਾਂ ਤੋਂ ਦਿਲਾਸਾ ਪਾ ਸਕਦੇ ਹਨ।

5. ਅਸੀਂ ਬਿਵਸਥਾ ਦੇ ਕਿਹੜੇ ਨਿਯਮਾਂ ਉੱਤੇ ਚਰਚਾ ਕਰਾਂਗੇ?

5 ਆਓ ਆਪਾਂ ਮੂਸਾ ਦੀ ਬਿਵਸਥਾ ਦੇ ਤਿੰਨ ਨਿਯਮਾਂ ਉੱਤੇ ਗੌਰ ਕਰੀਏ ਅਤੇ ਦੇਖੀਏ ਕਿ ਇਨ੍ਹਾਂ ਤੋਂ ਅਸੀਂ ਕੀ ਸਿੱਖਦੇ ਹਾਂ। ਇਹ ਹਨ: ਸਬਤ ਦਾ ਇੰਤਜ਼ਾਮ, ਸਿਲਾ ਚੁਗਣ ਦਾ ਪ੍ਰਬੰਧ ਅਤੇ ਲਾਲਚ ਨਾ ਕਰਨ ਦਾ ਹੁਕਮ। ਇਹ ਨਿਯਮ ਜਿਨ੍ਹਾਂ ਸਿਧਾਂਤਾਂ ਉੱਤੇ ਆਧਾਰਿਤ ਸਨ, ਉਨ੍ਹਾਂ ਨੂੰ ਲਾਗੂ ਕਰਨ ਨਾਲ ਅਸੀਂ ਅੱਜ ਦੀ ਦੁਨੀਆਂ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਾਂਗੇ।

ਪਰਮੇਸ਼ੁਰ ਦੀ ਅਗਵਾਈ ਦੀ ਲੋੜ

6. ਇਨਸਾਨਾਂ ਦੀਆਂ ਕਿਹੜੀਆਂ ਕੁਝ ਲੋੜਾਂ ਹਨ?

6 ਇਨਸਾਨਾਂ ਦੀਆਂ ਕਈ ਲੋੜਾਂ ਹੁੰਦੀਆਂ ਹਨ। ਮਿਸਾਲ ਲਈ, ਇਨਸਾਨਾਂ ਨੂੰ ਰੋਟੀ, ਕੱਪੜਾ ਤੇ ਮਕਾਨ ਦੀ ਲੋੜ ਹੁੰਦੀ ਹੈ। ਪਰ ਹਰੇਕ ਦੀ “ਆਤਮਕ ਲੋੜ” ਵੀ ਹੁੰਦੀ ਹੈ ਤੇ ਜਿੰਨਾ ਚਿਰ ਇਹ ਲੋੜ ਪੂਰੀ ਨਹੀਂ ਹੁੰਦੀ, ਉੱਨਾ ਚਿਰ ਇਨਸਾਨ ਖ਼ੁਸ਼ ਨਹੀਂ ਰਹਿ ਸਕਦਾ। (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਦੀਆਂ ਨਜ਼ਰਾਂ ਵਿਚ ਇਹ ਲੋੜ ਪੂਰੀ ਕਰਨੀ ਇੰਨੀ ਜ਼ਰੂਰੀ ਸੀ ਕਿ ਉਸ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ ਕਿ ਉਹ ਹਫ਼ਤੇ ਵਿਚ ਇਕ ਪੂਰਾ ਦਿਨ ਉਸ ਦੀ ਭਗਤੀ ਕਰਨ ਲਈ ਅਲੱਗ ਰੱਖਣ।

7, 8. (ੳ) ਯਹੋਵਾਹ ਨੇ ਸਬਤ ਦੇ ਦਿਨ ਨੂੰ ਬਾਕੀ ਦਿਨਾਂ ਤੋਂ ਵੱਖਰਾ ਕਿਵੇਂ ਕੀਤਾ ਸੀ? (ਅ) ਸਬਤ ਰੱਖਣ ਦਾ ਕੀ ਮਕਸਦ ਸੀ?

7 ਸਬਤ ਦੇ ਇੰਤਜ਼ਾਮ ਨੇ ਪਰਮੇਸ਼ੁਰ ਦੀ ਸੇਵਾ ਕਰਨ ਉੱਤੇ ਜ਼ੋਰ ਦਿੱਤਾ ਸੀ। ਬਾਈਬਲ ਵਿਚ “ਸਬਤ” ਸ਼ਬਦ ਪਹਿਲੀ ਵਾਰ ਉਦੋਂ ਵਰਤਿਆ ਗਿਆ ਸੀ ਜਦ ਯਹੋਵਾਹ ਨੇ ਇਸਰਾਏਲੀਆਂ ਨੂੰ ਉਜਾੜ ਵਿਚ “ਮੰਨ” ਨਾਂ ਦੀ ਚੀਜ਼ ਖਾਣ ਨੂੰ ਦਿੱਤੀ ਸੀ। ਇਸਰਾਏਲੀਆਂ ਨੂੰ ਕਿਹਾ ਗਿਆ ਸੀ ਕਿ ਉਹ ਇਹ ਰੋਟੀ ਛੇ ਦਿਨ ਇਕੱਠੀ ਕਰਨ। ਪਰ ਛੇਵੇਂ ਦਿਨ ਉਨ੍ਹਾਂ ਨੂੰ “ਦੋਹੁੰ ਦਿਨਾਂ ਦੀ ਰੋਟੀ” ਇਕੱਠੀ ਕਰਨ ਲਈ ਕਿਹਾ ਗਿਆ ਸੀ ਕਿਉਂਕਿ ਸੱਤਵੇਂ ਦਿਨ ਰੋਟੀ ਨਹੀਂ ਦਿੱਤੀ ਜਾਣੀ ਸੀ। ਸੱਤਵਾਂ ਦਿਨ “ਯਹੋਵਾਹ ਦੇ ਪਵਿੱਤ੍ਰ ਸਬਤ ਦੀ ਮਨਾਉਤਾ” ਸੀ ਜਿਸ ਦੌਰਾਨ ਹਰੇਕ ਨੂੰ ਆਪਣੇ ਤੰਬੂ ਵਿਚ ਰਹਿਣ ਲਈ ਕਿਹਾ ਗਿਆ ਸੀ। (ਕੂਚ 16:13-30) ਦਸ ਹੁਕਮਾਂ ਵਿੱਚੋਂ ਇਕ ਹੁਕਮ ਇਹ ਸੀ ਕਿ ਸਬਤ ਤੇ ਕੋਈ ਕੰਮ ਨਾ ਕੀਤਾ ਜਾਵੇ ਕਿਉਂਕਿ ਇਹ ਦਿਨ ਪਵਿੱਤਰ ਸੀ। ਇਸ ਦਿਨ ਕੰਮ ਕਰਨ ਦੀ ਸਜ਼ਾ ਮੌਤ ਸੀ।—ਕੂਚ 20:8-11; ਗਿਣਤੀ 15:32-36.

8 ਸਬਤ ਦੇ ਹੁਕਮ ਤੋਂ ਪਤਾ ਚੱਲਦਾ ਹੈ ਕਿ ਯਹੋਵਾਹ ਆਪਣੇ ਲੋਕਾਂ ਦਾ ਭਲਾ ਚਾਹੁੰਦਾ ਸੀ। ਉਸ ਨੂੰ ਉਨ੍ਹਾਂ ਦੀ ਸਿਹਤ ਦਾ ਖ਼ਿਆਲ ਸੀ। ਨਾਲੇ ਉਹ ਚਾਹੁੰਦਾ ਸੀ ਕਿ ਉਨ੍ਹਾਂ ਦਾ ਉਸ ਨਾਲ ਰਿਸ਼ਤਾ ਮਜ਼ਬੂਤ ਰਹੇ। ਯਿਸੂ ਨੇ ਕਿਹਾ: “ਸਬਤ ਦਾ ਦਿਨ ਮਨੁੱਖ ਦੀ ਖ਼ਾਤਰ ਬਣਿਆ ਹੈ।” (ਮਰਕੁਸ 2:27) ਸਬਤ ਦੇ ਦਿਨ ਇਸਰਾਏਲੀਆਂ ਨੂੰ ਨਾ ਕੇਵਲ ਆਰਾਮ ਕਰਨ ਦਾ ਵੇਲਾ ਮਿਲਿਆ, ਸਗੋਂ ਯਹੋਵਾਹ ਦੇ ਨਜ਼ਦੀਕ ਰਹਿਣ ਅਤੇ ਇਹ ਦਿਖਾਉਣ ਦਾ ਵੀ ਮੌਕਾ ਮਿਲਿਆ ਕਿ ਉਹ ਉਸ ਨਾਲ ਪਿਆਰ ਕਰਦੇ ਸਨ। (ਬਿਵਸਥਾ ਸਾਰ 5:12) ਉਸ ਦਿਨ ਸਿਰਫ਼ ਯਹੋਵਾਹ ਦੀ ਭਗਤੀ ਕੀਤੀ ਜਾਂਦੀ ਸੀ। ਪਰਿਵਾਰ ਇਕੱਠੇ ਮਿਲ ਕੇ ਯਹੋਵਾਹ ਦੀ ਭਗਤੀ ਅਤੇ ਪ੍ਰਾਰਥਨਾ ਕਰਦੇ ਸਨ ਅਤੇ ਪਰਮੇਸ਼ੁਰ ਦੀ ਬਿਵਸਥਾ ਉੱਤੇ ਸੋਚ-ਵਿਚਾਰ ਕਰਦੇ ਸਨ। ਇਸ ਇੰਤਜ਼ਾਮ ਕਰਕੇ ਇਸਰਾਏਲੀ ਆਪਣਾ ਸਾਰਾ ਸਮਾਂ ਤੇ ਤਾਕਤ ਆਪਣੇ ਕੰਮ-ਧੰਦੇ ਵਿਚ ਲਾਉਣ ਤੋਂ ਬਚੇ ਰਹੇ। ਸਬਤ ਰਾਹੀਂ ਉਨ੍ਹਾਂ ਨੂੰ ਯਾਦ ਕਰਾਇਆ ਗਿਆ ਕਿ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਗੱਲ ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਸੀ। ਯਿਸੂ ਨੇ ਇਹੋ ਗੱਲ ਦੁਹਰਾਈ ਸੀ ਜਦ ਉਸ ਨੇ ਕਿਹਾ: “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।”—ਮੱਤੀ 4:4.

9. ਸਬਤ ਦਾ ਇੰਤਜ਼ਾਮ ਮਸੀਹੀਆਂ ਨੂੰ ਕੀ ਸਿਖਾਉਂਦਾ ਹੈ?

9 ਅੱਜ ਪਰਮੇਸ਼ੁਰ ਦੇ ਲੋਕਾਂ ਨੂੰ 24 ਘੰਟੇ ਸਬਤ ਰੱਖਣ ਦੀ ਲੋੜ ਨਹੀਂ, ਪਰ ਸਬਤ ਦੇ ਇੰਤਜ਼ਾਮ ਤੋਂ ਅਸੀਂ ਇਕ ਅਹਿਮ ਗੱਲ ਸਿੱਖਦੇ ਹਾਂ। (ਕੁਲੁੱਸੀਆਂ 2:16) ਸਬਤ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ਉਨ੍ਹਾਂ ਕੰਮਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਮਜ਼ਬੂਤ ਕਰਦੇ ਹਨ। ਸਾਡੇ ਕੰਮ-ਕਾਰ ਜਾਂ ਮਨੋਰੰਜਨ ਯਹੋਵਾਹ ਦੀ ਭਗਤੀ ਤੋਂ ਜ਼ਿਆਦਾ ਜ਼ਰੂਰੀ ਨਹੀਂ ਹੋਣੇ ਚਾਹੀਦੇ। (ਇਬਰਾਨੀਆਂ 4:9, 10) ਅਸੀਂ ਆਪਣੇ ਤੋਂ ਪੁੱਛ ਸਕਦੇ ਹਾਂ: “ਮੇਰੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਕੀ ਹੈ? ਕੀ ਮੈਂ ਬਾਈਬਲ ਪੜ੍ਹਨ, ਪ੍ਰਾਰਥਨਾ ਕਰਨ, ਸਭਾਵਾਂ ਵਿਚ ਜਾਣ ਅਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਨੂੰ ਪਹਿਲ ਦੇ ਰਿਹਾ ਹਾਂ? ਜਾਂ ਕੀ ਹੋਰ ਕੰਮ-ਕਾਰ ਇਸ ਵਿਚ ਰੁਕਾਵਟ ਪਾ ਰਹੇ ਹਨ?” ਜੇ ਅਸੀਂ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇਈਏ, ਤਾਂ ਉਹ ਵਾਅਦਾ ਕਰਦਾ ਹੈ ਕਿ ਸਾਡੀਆਂ ਬਾਕੀ ਲੋੜਾਂ ਵੀ ਪੂਰੀਆਂ ਕੀਤੀਆਂ ਜਾਣਗੀਆਂ।—ਮੱਤੀ 6:24-33.

10. ਬਾਈਬਲ ਦਾ ਅਧਿਐਨ ਕਰਨ ਲਈ ਸਮਾਂ ਕੱਢਣ ਦੇ ਕੀ ਫ਼ਾਇਦੇ ਹੁੰਦੇ ਹਨ?

10 ਬਾਈਬਲ ਅਤੇ ਬਾਈਬਲ ਤੇ ਆਧਾਰਿਤ ਪ੍ਰਕਾਸ਼ਨਾਂ ਦਾ ਅਧਿਐਨ ਕਰਨ ਅਤੇ ਪੜ੍ਹੀਆਂ ਗੱਲਾਂ ਤੇ ਗਹਿਰਾਈ ਨਾਲ ਸੋਚ-ਵਿਚਾਰ ਕਰਨ ਨਾਲ ਅਸੀਂ ਯਹੋਵਾਹ ਦੇ ਹੋਰ ਨਜ਼ਦੀਕ ਹੁੰਦੇ ਹਾਂ। (ਯਾਕੂਬ 4:8) ਸੂਜ਼ਨ ਨੇ ਤਕਰੀਬਨ 40 ਸਾਲ ਪਹਿਲਾਂ ਤੈ ਕੀਤਾ ਸੀ ਕਿ ਉਹ ਸਮਾਂ ਕੱਢ ਕੇ ਬਾਈਬਲ ਦਾ ਅਧਿਐਨ ਕਰੇਗੀ। ਉਹ ਕਹਿੰਦੀ ਹੈ ਕਿ ਪਹਿਲਾਂ-ਪਹਿਲਾਂ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਸੀ ਤੇ ਇਸ ਵਿਚ ਉਸ ਨੂੰ ਕੋਈ ਮਜ਼ਾ ਨਹੀਂ ਆਉਂਦਾ ਸੀ। ਪਰ ਉਸ ਨੇ ਜਿੰਨਾ ਜ਼ਿਆਦਾ ਸਮਾਂ ਅਧਿਐਨ ਕਰਨ ਵਿਚ ਲਾਇਆ, ਉੱਨਾ ਹੀ ਉਸ ਨੂੰ ਮਜ਼ਾ ਆਇਆ। ਹੁਣ ਜੇ ਉਹ ਕਿਸੇ ਕਾਰਨ ਅਧਿਐਨ ਨਾ ਕਰ ਸਕੇ, ਤਾਂ ਉਹ ਬੇਚੈਨ ਮਹਿਸੂਸ ਕਰਦੀ ਹੈ। ਉਹ ਕਹਿੰਦੀ ਹੈ: “ਬਾਈਬਲ ਸਟੱਡੀ ਕਰਨ ਦੁਆਰਾ ਯਹੋਵਾਹ ਨਾਲ ਮੇਰਾ ਰਿਸ਼ਤਾ ਗੂੜ੍ਹਾ ਹੋਇਆ ਹੈ। ਮੈਂ ਸਿੱਖਿਆ ਕਿ ਉਹ ਪਿਤਾ ਵਾਂਗ ਹੈ ਜਿਸ ਉੱਤੇ ਮੈਂ ਇਤਬਾਰ ਕਰ ਸਕਦੀ ਹਾਂ ਤੇ ਜਦ ਜੀਅ ਚਾਹੇ ਪ੍ਰਾਰਥਨਾ ਕਰ ਸਕਦੀ ਹਾਂ। ਯਹੋਵਾਹ ਆਪਣੇ ਸੇਵਕਾਂ ਨਾਲ ਕਿੰਨਾ ਪਿਆਰ ਕਰਦਾ ਹੈ! ਮੈਂ ਜਾਣਦੀ ਹਾਂ ਕਿ ਉਹ ਮੇਰੀ ਦੇਖ-ਭਾਲ ਕਰਦਾ ਹੈ ਅਤੇ ਉਸ ਨੇ ਮੇਰੀ ਬਹੁਤ ਮਦਦ ਕੀਤੀ ਹੈ।” ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ ਜਦ ਅਸੀਂ ਬਾਈਬਲ ਦਾ ਅਧਿਐਨ ਕਰ ਕੇ ਯਹੋਵਾਹ ਦੇ ਹੋਰ ਨੇੜੇ ਹੁੰਦੇ ਜਾਂਦੇ ਹਾਂ!

ਸਿਲਾ ਚੁਗਣ ਦਾ ਪ੍ਰਬੰਧ

11. ਸਿਲਾ ਚੁਗਣ ਦੇ ਪ੍ਰਬੰਧ ਬਾਰੇ ਸਮਝਾਓ।

11 ਮੂਸਾ ਦੀ ਬਿਵਸਥਾ ਵਿਚ ਸਿਲਾ ਚੁਗਣ ਦੇ ਪ੍ਰਬੰਧ ਨੇ ਵੀ ਦਿਖਾਇਆ ਕਿ ਪਰਮੇਸ਼ੁਰ ਆਪਣੇ ਲੋਕਾਂ ਦਾ ਭਲਾ ਚਾਹੁੰਦਾ ਸੀ। ਯਹੋਵਾਹ ਨੇ ਇਸਰਾਏਲੀ ਕਿਸਾਨਾਂ ਨੂੰ ਹੁਕਮ ਦਿੱਤਾ ਸੀ ਕਿ ਵਾਢੀ ਕਰਨ ਤੋਂ ਬਾਅਦ ਜੋ ਫ਼ਸਲ ਖੇਤਾਂ ਵਿਚ ਰਹਿ ਜਾਂਦੀ ਸੀ, ਉਹ ਗ਼ਰੀਬਾਂ ਨੂੰ ਲੈਣ ਤੋਂ ਨਾ ਰੋਕਣ। ਕਿਸਾਨਾਂ ਨੂੰ ਆਪਣੇ ਖੇਤਾਂ ਦੇ ਸਿਰਿਆਂ ਦੀ ਵਾਢੀ ਨਹੀਂ ਕਰਨੀ ਚਾਹੀਦੀ ਸੀ ਤੇ ਨਾ ਹੀ ਡਿਗੇ ਅੰਗੂਰਾਂ ਜਾਂ ਜ਼ੈਤੂਨਾਂ ਨੂੰ ਇਕੱਠਾ ਕਰਨਾ ਚਾਹੀਦਾ ਸੀ। ਜੇ ਅਣਜਾਣੇ ਵਿਚ ਫ਼ਸਲ ਦੇ ਪੂਲੇ ਖੇਤਾਂ ਵਿਚ ਰਹਿ ਜਾਂਦੇ ਸਨ, ਤਾਂ ਕਿਸਾਨਾਂ ਨੂੰ ਉਨ੍ਹਾਂ ਨੂੰ ਲੈਣ ਨਹੀਂ ਜਾਣਾ ਚਾਹੀਦਾ ਸੀ। ਇਹ ਗ਼ਰੀਬਾਂ, ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਛੱਡਿਆ ਜਾਣਾ ਸੀ। ਭਾਵੇਂ ਉਨ੍ਹਾਂ ਨੂੰ ਸਿਲਾ ਚੁਗਣ ਵਿਚ ਕਾਫ਼ੀ ਮਿਹਨਤ ਕਰਨੀ ਪੈਣੀ ਸੀ, ਪਰ ਯਹੋਵਾਹ ਦੇ ਇਸ ਵਧੀਆ ਪ੍ਰਬੰਧ ਦੁਆਰਾ ਕਿਸੇ ਨੂੰ ਭੀਖ ਮੰਗਣ ਦੀ ਲੋੜ ਨਹੀਂ ਪੈਂਦੀ ਸੀ।—ਲੇਵੀਆਂ 19:9, 10; ਬਿਵਸਥਾ ਸਾਰ 24:19-22; ਜ਼ਬੂਰਾਂ ਦੀ ਪੋਥੀ 37:25.

12. ਸਿਲਾ ਚੁਗਣ ਦੇ ਪ੍ਰਬੰਧ ਨੇ ਕਿਸਾਨਾਂ ਨੂੰ ਕੀ ਕਰਨ ਦਾ ਮੌਕਾ ਦਿੱਤਾ?

12 ਸਿਲਾ ਚੁਗਣ ਦੇ ਸੰਬੰਧ ਵਿਚ ਯਹੋਵਾਹ ਨੇ ਇਹ ਨਹੀਂ ਦੱਸਿਆ ਸੀ ਕਿ ਕਿਸਾਨਾਂ ਨੂੰ ਗ਼ਰੀਬਾਂ ਲਈ ਕਿੰਨਾ ਕੁ ਛੱਡਣਾ ਚਾਹੀਦਾ ਸੀ। ਇਹ ਉਨ੍ਹਾਂ ਦੀ ਮਰਜ਼ੀ ਸੀ ਕਿ ਉਹ ਗ਼ਰੀਬਾਂ ਲਈ ਕਿੰਨੀ ਕੁ ਫ਼ਸਲ ਛੱਡਦੇ ਸਨ। ਇਸ ਪ੍ਰਬੰਧ ਨੇ ਉਨ੍ਹਾਂ ਨੂੰ ਖੁੱਲ੍ਹੇ ਦਿਲ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਕਿਸਾਨ ਦਰਿਆ-ਦਿਲੀ ਦਿਖਾ ਕੇ ਫ਼ਸਲ ਦੇ ਕਰਤਾਰ ਲਈ ਆਪਣੀ ਕਦਰਦਾਨੀ ਦਾ ਸਬੂਤ ਦੇ ਸਕਦੇ ਸਨ ਕਿਉਂਕਿ “ਜਿਹੜਾ ਕੰਗਾਲ ਉੱਤੇ ਦਯਾ ਕਰਦਾ ਹੈ ਉਹ [ਆਪਣੇ ਕਰਤਾਰ] ਦੀ ਮਹਿਮਾ ਕਰਦਾ ਹੈ।” (ਕਹਾਉਤਾਂ 14:31) ਬੋਅਜ਼ ਗ਼ਰੀਬਾਂ ਉੱਤੇ ਦਇਆ ਕਰਨ ਵਾਲਾ ਇਨਸਾਨ ਸੀ। ਉਸ ਨੇ ਵਿਧਵਾ ਰੂਥ ਲਈ ਬਹੁਤ ਸਾਰਾ ਅੰਨ ਛੱਡਿਆ ਸੀ। ਯਹੋਵਾਹ ਨੇ ਬੋਅਜ਼ ਦੀ ਖੁੱਲ੍ਹ-ਦਿਲੀ ਲਈ ਉਸ ਦੀ ਝੋਲੀ ਬਰਕਤਾਂ ਨਾਲ ਭਰ ਦਿੱਤੀ ਸੀ।—ਰੂਥ 2:15, 16; 4:21, 22; ਕਹਾਉਤਾਂ 19:17.

13. ਸਿਲਾ ਚੁਗਣ ਦੇ ਪ੍ਰਬੰਧ ਤੋਂ ਅਸੀਂ ਕੀ ਸਿੱਖਦੇ ਹਾਂ?

13 ਸਿਲਾ ਚੁਗਣ ਦੇ ਪ੍ਰਬੰਧ ਨਾਲ ਜੁੜਿਆ ਸਿਧਾਂਤ ਅੱਜ ਵੀ ਸਾਡੇ ਉੱਤੇ ਲਾਗੂ ਹੁੰਦਾ ਹੈ। ਯਹੋਵਾਹ ਨੇ ਕਿਹਾ ਹੈ ਕਿ ਉਸ ਦੇ ਸੇਵਕਾਂ ਨੂੰ ਖੁੱਲ੍ਹ-ਦਿਲੇ ਬਣਨਾ ਚਾਹੀਦਾ ਹੈ, ਖ਼ਾਸ ਕਰਕੇ ਲੋੜਵੰਦਾਂ ਪ੍ਰਤੀ। ਅਸੀਂ ਜਿੰਨੇ ਖੁੱਲ੍ਹੇ ਹੱਥ ਨਾਲ ਦਿੰਦੇ ਹਾਂ, ਉੱਨੀਆਂ ਹੀ ਸਾਨੂੰ ਬਰਕਤਾਂ ਮਿਲਣਗੀਆਂ। ਯਿਸੂ ਨੇ ਕਿਹਾ ਸੀ: “ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮੇਪ ਦੱਬ ਦੱਬ ਕੇ ਹਿਲਾ ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ।”—ਲੂਕਾ 6:38.

14, 15. ਅਸੀਂ ਖੁੱਲ੍ਹ-ਦਿਲੇ ਇਨਸਾਨ ਕਿਵੇਂ ਬਣ ਸਕਦੇ ਹਾਂ ਅਤੇ ਇਸ ਦਾ ਸਾਨੂੰ ਤੇ ਦੂਸਰਿਆਂ ਨੂੰ ਕੀ ਲਾਭ ਹੁੰਦਾ ਹੈ?

14 ਪੌਲੁਸ ਰਸੂਲ ਨੇ ਸਾਨੂੰ ਸਲਾਹ ਦਿੱਤੀ ਸੀ ਕਿ ਅਸੀਂ “ਸਭਨਾਂ ਨਾਲ ਭਲਾ ਕਰੀਏ ਪਰ ਨਿਜ ਕਰਕੇ ਨਿਹਚਾਵਾਨਾਂ ਦੇ ਨਾਲ।” (ਗਲਾਤੀਆਂ 6:10) ਇਸ ਲਈ ਜਦ ਭੈਣਾਂ-ਭਰਾਵਾਂ ਦੀ ਨਿਹਚਾ ਪਰਖੀ ਜਾਂਦੀ ਹੈ, ਤਾਂ ਸਾਨੂੰ ਉਨ੍ਹਾਂ ਨੂੰ ਹੌਸਲਾ ਦੇਣਾ ਚਾਹੀਦਾ ਹੈ। ਪਰ ਲੋੜ ਪੈਣ ਤੇ ਅਸੀਂ ਹੋਰਨਾਂ ਤਰੀਕਿਆਂ ਨਾਲ ਵੀ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਮਿਸਾਲ ਲਈ, ਕੀ ਕਿਸੇ ਬਿਰਧ ਭੈਣ ਜਾਂ ਭਰਾ ਨੂੰ ਕਿੰਗਡਮ ਹਾਲ ਆਉਣ ਵਿਚ ਜਾਂ ਹੋਰ ਕਿਸੇ ਕੰਮ ਵਿਚ ਮਦਦ ਦੀ ਲੋੜ ਹੈ? ਕੀ ਤੁਹਾਡੀ ਕਲੀਸਿਯਾ ਵਿਚ ਬੀਮਾਰ, ਬੁੱਢੇ ਜਾਂ ਅਜਿਹੇ ਭੈਣ-ਭਰਾ ਹਨ ਜੋ ਘਰੋਂ ਬਾਹਰ ਨਹੀਂ ਨਿਕਲ ਸਕਦੇ? ਕੀ ਤੁਸੀਂ ਉਨ੍ਹਾਂ ਨੂੰ ਮਿਲਣ ਜਾ ਸਕਦੇ ਹੋ ਜਾਂ ਘਰ ਦਾ ਕੋਈ ਕੰਮ ਕਰ ਸਕਦੇ ਹੋ? ਜੇ ਅਸੀਂ ਉਨ੍ਹਾਂ ਦੀਆਂ ਲੋੜਾਂ ਪ੍ਰਤੀ ਸੁਚੇਤ ਰਹਾਂਗੇ, ਤਾਂ ਯਹੋਵਾਹ ਲੋੜਵੰਦਾਂ ਦੀ ਪ੍ਰਾਰਥਨਾ ਦਾ ਜਵਾਬ ਦੇਣ ਲਈ ਸਾਨੂੰ ਇਸਤੇਮਾਲ ਕਰ ਸਕਦਾ ਹੈ। ਭਾਵੇਂ ਕਿ ਇਕ-ਦੂਜੇ ਦੀ ਦੇਖ-ਭਾਲ ਕਰਨੀ ਸਾਡਾ ਫ਼ਰਜ਼ ਹੈ, ਪਰ ਇਹ ਫ਼ਰਜ਼ ਪੂਰਾ ਕਰਨ ਨਾਲ ਸਾਨੂੰ ਬਹੁਤ ਫ਼ਾਇਦਾ ਹੁੰਦਾ ਹੈ। ਜਦ ਅਸੀਂ ਪਿਆਰ ਨਾਲ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਖ਼ੁਸ਼ੀ ਤੇ ਮਨ ਦੀ ਸ਼ਾਂਤੀ ਮਿਲਦੀ ਹੈ ਅਤੇ ਯਹੋਵਾਹ ਸਾਡੇ ਤੋਂ ਖ਼ੁਸ਼ ਹੁੰਦਾ ਹੈ।—ਕਹਾਉਤਾਂ 15:29.

15 ਮਸੀਹੀ ਦੂਸਰਿਆਂ ਨਾਲ ਪਰਮੇਸ਼ੁਰ ਦੇ ਮਕਸਦਾਂ ਬਾਰੇ ਗੱਲ ਕਰਨ ਵਿਚ ਆਪਣਾ ਸਮਾਂ ਤੇ ਤਾਕਤ ਲਾ ਕੇ ਵੀ ਆਪਣੀ ਦਰਿਆ-ਦਿਲੀ ਦਾ ਸਬੂਤ ਦਿੰਦੇ ਹਨ। (ਮੱਤੀ 28:19, 20) ਜੇ ਤੁਸੀਂ ਕਿਸੇ ਨਾਲ ਬਾਈਬਲ ਦਾ ਅਧਿਐਨ ਕਰ ਕੇ ਉਸ ਦੀ ਬਪਤਿਸਮੇ ਦੇ ਮੁਕਾਮ ਤਕ ਪਹੁੰਚਣ ਵਿਚ ਮਦਦ ਕੀਤੀ ਹੈ, ਤਾਂ ਤੁਸੀਂ ਯਿਸੂ ਦੇ ਸ਼ਬਦਾਂ ਦੀ ਸੱਚਾਈ ਨੂੰ ਅਨੁਭਵ ਕੀਤਾ ਹੈ ਭਈ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.

ਲਾਲਚ ਕਰਨ ਤੋਂ ਬਚੋ

16, 17. ਦਸਵੇਂ ਹੁਕਮ ਨੇ ਕਿਹੜੀ ਗੱਲ ਮਨ੍ਹਾ ਕੀਤੀ ਸੀ ਤੇ ਕਿਉਂ?

16 ਆਓ ਹੁਣ ਆਪਾਂ ਪਰਮੇਸ਼ੁਰ ਦੀ ਬਿਵਸਥਾ ਦੇ ਉਸ ਹੁਕਮ ਵੱਲ ਧਿਆਨ ਦੇਈਏ ਜਿਸ ਨੇ ਲੋਕਾਂ ਨੂੰ ਲਾਲਚ ਕਰਨ ਤੋਂ ਵਰਜਿਆ। ਦਸ ਹੁਕਮਾਂ ਵਿੱਚੋਂ ਆਖ਼ਰੀ ਇਹ ਸੀ: “ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ। ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ, ਨਾ ਉਸ ਦੇ ਗੋੱਲੇ ਦਾ, ਨਾ ਉਸ ਦੀ ਗੋੱਲੀ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ ਦਾ ਜਿਹੜੀ ਤੇਰੇ ਗਵਾਂਢੀ ਦੀ ਹੈ।” (ਕੂਚ 20:17) ਇਸ ਹੁਕਮ ਨੇ ਦਿਖਾਇਆ ਕਿ ਪਰਮੇਸ਼ੁਰ ਦੀ ਬਿਵਸਥਾ ਇਨਸਾਨਾਂ ਦੇ ਕਾਨੂੰਨਾਂ ਤੋਂ ਕਿਤੇ ਉੱਤਮ ਸੀ। ਇਨਸਾਨ ਇਹੋ ਜਿਹਾ ਕਾਨੂੰਨ ਬਣਾ ਕੇ ਅਮਲ ਵਿਚ ਨਹੀਂ ਲਿਆ ਸਕਦਾ ਸੀ ਕਿਉਂਕਿ ਉਹ ਇਹ ਨਹੀਂ ਜਾਣ ਸਕਦਾ ਕਿ ਕਿਸੇ ਦੇ ਦਿਲ ਵਿਚ ਕੀ ਹੈ। ਪਰਮੇਸ਼ੁਰ ਦੇ ਇਸ ਹੁਕਮ ਨੇ ਇਸਰਾਏਲੀਆਂ ਨੂੰ ਚੇਤੇ ਕਰਾਇਆ ਕਿ ਉਨ੍ਹਾਂ ਨੇ ਯਹੋਵਾਹ ਨੂੰ ਲੇਖਾ ਦੇਣਾ ਸੀ ਜੋ ਹਰੇਕ ਦਾ ਦਿਲ ਦੇਖਦਾ ਹੈ। (1 ਸਮੂਏਲ 16:7) ਇਸ ਤੋਂ ਇਲਾਵਾ, ਇਸ ਹੁਕਮ ਨੇ ਪ੍ਰਗਟ ਕੀਤਾ ਕਿ ਬੁਰੇ ਕੰਮਾਂ ਦੀ ਜੜ੍ਹ ਦਿਲ ਵਿਚ ਪੈਦਾ ਹੋਣ ਵਾਲੀਆਂ ਗ਼ਲਤ ਕਾਮਨਾਵਾਂ ਹਨ।—ਯਾਕੂਬ 1:14.

17 ਜੇ ਇਸਰਾਏਲੀ ਲਾਲਚ ਨਾ ਕਰਨ ਦੇ ਇਸ ਹੁਕਮ ਨੂੰ ਮੰਨਦੇ, ਤਾਂ ਉਨ੍ਹਾਂ ਨੇ ਪੈਸਿਆਂ ਮਗਰ ਦੌੜਨ, ਲੋਭੀ ਬਣਨ ਅਤੇ ਦੂਸਰਿਆਂ ਦੀਆਂ ਚੀਜ਼ਾਂ ਦੇਖ ਕੇ ਸੜਨ ਤੋਂ ਬਚੇ ਰਹਿਣਾ ਸੀ। ਉਨ੍ਹਾਂ ਦੇ ਮਨਾਂ ਵਿਚ ਚੋਰੀ ਜਾਂ ਵਿਭਚਾਰ ਕਰਨ ਦਾ ਵਿਚਾਰ ਵੀ ਨਹੀਂ ਆਉਣਾ ਸੀ। ਸਾਨੂੰ ਹਮੇਸ਼ਾ ਅਜਿਹੇ ਲੋਕ ਮਿਲਣਗੇ ਜੋ ਸਾਡੇ ਨਾਲੋਂ ਜ਼ਿਆਦਾ ਅਮੀਰ ਹਨ, ਜ਼ਿਆਦਾ ਪੜ੍ਹੇ-ਲਿਖੇ ਹਨ, ਜ਼ਿਆਦਾ ਖੂਬਸੂਰਤ ਹਨ। ਜੇ ਅਸੀਂ ਆਪਣੀ ਸੋਚਣੀ ਉੱਤੇ ਕਾਬੂ ਨਾ ਰੱਖੀਏ, ਤਾਂ ਅਸੀਂ ਉਦਾਸ ਹੋ ਜਾਵਾਂਗੇ ਅਤੇ ਦੂਸਰਿਆਂ ਤੋਂ ਜਲਣ ਲੱਗ ਪਵਾਂਗੇ। ਬਾਈਬਲ ਕਹਿੰਦੀ ਹੈ ਕਿ ਲੋਭ ਕਰਨ ਵਾਲਾ ਇਨਸਾਨ “ਮੰਦੀ ਬੁੱਧ” ਵਾਲਾ ਹੁੰਦਾ ਹੈ। ਇਸ ਲਈ ਸਾਨੂੰ ਲੋਭ ਨਹੀਂ ਕਰਨਾ ਚਾਹੀਦਾ।—ਰੋਮੀਆਂ 1:28-30.

18. ਦੁਨੀਆਂ ਵਿਚ ਕਿਹੋ ਜਿਹੇ ਲੋਕ ਹਨ ਅਤੇ ਇਹ ਲੋਕ ਕਿਵੇਂ ਮਸੀਹੀਆਂ ਤੇ ਬੁਰਾ ਪ੍ਰਭਾਵ ਪਾ ਸਕਦੇ ਹਨ?

18 ਅੱਜ ਦੁਨੀਆਂ ਵਿਚ ਲੋਕ ਧਨ-ਦੌਲਤ ਇਕੱਠੀ ਕਰਨ ਅਤੇ ਮੁਕਾਬਲੇਬਾਜ਼ੀ ਕਰਨ ਵਿਚ ਲੱਗੇ ਹੋਏ ਹਨ। ਇਸ਼ਤਿਹਾਰਾਂ ਰਾਹੀਂ ਲੋਕਾਂ ਵਿਚ ਨਵੀਆਂ ਤੋਂ ਨਵੀਆਂ ਚੀਜ਼ਾਂ ਲੈਣ ਦੀ ਲਾਲਸਾ ਪੈਦਾ ਕੀਤੀ ਜਾਂਦੀ ਹੈ। ਵਪਾਰ ਜਗਤ ਲੋਕਾਂ ਦੇ ਮਨਾਂ ਵਿਚ ਇਹ ਖ਼ਿਆਲ ਪਾਉਂਦਾ ਹੈ ਕਿ ਜਿੰਨਾ ਚਿਰ ਅਸੀਂ ਨਵੀਆਂ-ਨਵੀਆਂ ਚੀਜ਼ਾਂ ਨਹੀਂ ਖ਼ਰੀਦਦੇ, ਉੱਨਾ ਚਿਰ ਅਸੀਂ ਖ਼ੁਸ਼ ਨਹੀਂ ਹੋ ਸਕਦੇ। ਯਹੋਵਾਹ ਦੀ ਬਿਵਸਥਾ ਵਿਚ ਇਹੋ ਜਿਹੀ ਸੋਚ ਦੀ ਨਿੰਦਾ ਕੀਤੀ ਗਈ ਸੀ। ਪਰਮੇਸ਼ੁਰ ਦੇ ਲੋਕਾਂ ਨੂੰ ਧਨ-ਦੌਲਤ ਦਾ ਲਾਲਚ ਅਤੇ ਮੁਕਾਬਲੇਬਾਜ਼ੀ ਨਹੀਂ ਕਰਨੀ ਚਾਹੀਦੀ ਸੀ। ਪੌਲੁਸ ਰਸੂਲ ਨੇ ਚੇਤਾਵਨੀ ਦਿੱਤੀ: “ਓਹ ਜਿਹੜੇ ਧਨਵਾਨ ਬਣਿਆ ਚਾਹੁੰਦੇ ਹਨ ਸੋ ਪਰਤਾਵੇ ਅਤੇ ਫਾਹੀ ਵਿੱਚ ਅਤੇ ਬਹੁਤਿਆਂ ਮੂਰਖਪੁਣੇ ਦਿਆਂ ਅਤੇ ਨੁਕਸਾਨ ਕਰਨ ਵਾਲਿਆਂ ਵਿਸ਼ਿਆਂ ਵਿੱਚ ਪੈਂਦੇ ਹਨ ਜੋ ਮਨੁੱਖਾਂ ਨੂੰ ਤਬਾਹੀ ਅਤੇ ਨਾਸ ਦੇ ਸਮੁੰਦਰ ਵਿੱਚ ਡੋਬ ਦਿੰਦੇ ਹਨ। ਕਿਉਂ ਜੋ ਮਾਇਆ ਦਾ ਲੋਭ ਹਰ ਪਰਕਾਰ ਦੀਆਂ ਬੁਰਿਆਈਆਂ ਦੀ ਜੜ੍ਹ ਹੈ ਅਤੇ ਕਈ ਲੋਕ ਉਹ ਨੂੰ ਲੋਚਦਿਆਂ ਨਿਹਚਾ ਦੇ ਰਾਹੋਂ ਘੁੱਥ ਗਏ ਅਤੇ ਆਪਣੇ ਆਪ ਨੂੰ ਅਨੇਕ ਗਮਾਂ ਦਿਆਂ ਤੀਰਾਂ ਨਾਲ ਵਿੰਨ੍ਹਿਆ ਹੈ।”—1 ਤਿਮੋਥਿਉਸ 6:9, 10.

19, 20. (ੳ) ਯਹੋਵਾਹ ਦੇ ਬਚਨ ਨੂੰ ਪਿਆਰ ਕਰਨ ਵਾਲਿਆਂ ਲਈ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ? (ਅ) ਅਸੀਂ ਅਗਲੇ ਲੇਖ ਵਿਚ ਕੀ ਦੇਖਾਂਗੇ?

19 ਪਰਮੇਸ਼ੁਰ ਦੇ ਨਿਯਮਾਂ ਨੂੰ ਪਿਆਰ ਕਰਨ ਵਾਲੇ ਲੋਕ ਧਨ-ਦੌਲਤ ਮਗਰ ਲੱਗਣ ਦੇ ਖ਼ਤਰਿਆਂ ਨੂੰ ਪਛਾਣਦੇ ਹੋਏ ਉਨ੍ਹਾਂ ਤੋਂ ਦੂਰ ਰਹਿੰਦੇ ਹਨ। ਮਿਸਾਲ ਲਈ, ਜ਼ਬੂਰਾਂ ਦੇ ਲਿਖਾਰੀ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ: ‘ਆਪਣੀਆਂ ਸਾਖੀਆਂ ਵੱਲ ਮੇਰਾ ਦਿਲ ਮੋੜ, ਨਾ ਕਿ ਲੋਭ ਵੱਲ,—ਤੇਰੇ ਮੂੰਹ ਦੀ ਬਿਵਸਥਾ ਮੇਰੇ ਲਈ ਸੋਨੇ ਤੇ ਚਾਂਦੀ ਦੇ ਹਜ਼ਾਰਾਂ ਸਿੱਕਿਆਂ ਤੋਂ ਚੰਗੀ ਹੈ!’ (ਜ਼ਬੂਰਾਂ ਦੀ ਪੋਥੀ 119:36, 72) ਜੇ ਅਸੀਂ ਇਨ੍ਹਾਂ ਸ਼ਬਦਾਂ ਦੀ ਸੱਚਾਈ ਨੂੰ ਦਿਲੋਂ ਕਬੂਲ ਕਰਾਂਗੇ, ਤਾਂ ਅਸੀਂ ਪੈਸਿਆਂ ਮਗਰ ਦੌੜਨ, ਲੋਭ ਕਰਨ ਅਤੇ ਦੂਸਰਿਆਂ ਦੀਆਂ ਚੀਜ਼ਾਂ ਦੇਖ ਕੇ ਸੜਨ ਤੋਂ ਬਚੇ ਰਹਾਂਗੇ। ਧਨ-ਦੌਲਤ ਇਕੱਠੀ ਕਰਨ ਦੀ ਬਜਾਇ “ਸੰਤੋਖ ਨਾਲ ਭਗਤੀ” ਕਰਨੀ ਸਭ ਤੋਂ ਵੱਡੀ ਖੱਟੀ ਹੈ।—1 ਤਿਮੋਥਿਉਸ 6:6.

20 ਇਸਰਾਏਲ ਕੌਮ ਨੂੰ ਦਿੱਤੀ ਬਿਵਸਥਾ ਨਾਲ ਜੁੜੇ ਸਿਧਾਂਤ ਅੱਜ ਉੱਨੇ ਹੀ ਫ਼ਾਇਦੇਮੰਦ ਹਨ ਜਿੰਨੇ ਪੁਰਾਣੇ ਜ਼ਮਾਨੇ ਵਿਚ ਸਨ ਜਦ ਯਹੋਵਾਹ ਨੇ ਇਹ ਬਿਵਸਥਾ ਮੂਸਾ ਨੂੰ ਦਿੱਤੀ ਸੀ। ਅਸੀਂ ਜਿੰਨਾ ਜ਼ਿਆਦਾ ਇਨ੍ਹਾਂ ਸਿਧਾਂਤਾਂ ਨੂੰ ਅਮਲ ਵਿਚ ਲਿਆਵਾਂਗੇ, ਉੱਨੀ ਹੀ ਜ਼ਿਆਦਾ ਸਾਡੀ ਇਨ੍ਹਾਂ ਲਈ ਕਦਰ ਵਧੇਗੀ ਤੇ ਨਾਲ ਹੀ ਸਾਡੀ ਖ਼ੁਸ਼ੀ ਵੀ। ਅਸੀਂ ਬਿਵਸਥਾ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਅਸੀਂ ਬਾਈਬਲ ਵਿਚ ਪੜ੍ਹਦੇ ਹਾਂ ਕਿ ਲੋਕਾਂ ਨੇ ਇਸ ਬਿਵਸਥਾ ਦੇ ਸਿਧਾਂਤਾਂ ਉੱਤੇ ਚੱਲ ਕੇ ਕੀ ਲਾਭ ਹਾਸਲ ਕੀਤੇ। ਇਸ ਦੀਆਂ ਕੁਝ ਮਿਸਾਲਾਂ ਅਗਲੇ ਲੇਖ ਵਿਚ ਪੇਸ਼ ਕੀਤੀਆਂ ਜਾਣਗੀਆਂ।

[ਫੁਟਨੋਟ]

^ ਪੈਰਾ 4 ਇਸ ਜ਼ਬੂਰ ਦੀਆਂ 4 ਆਇਤਾਂ ਤੋਂ ਛੁੱਟ ਬਾਕੀ 172 ਆਇਤਾਂ ਵਿਚ ਯਹੋਵਾਹ ਦੇ ਹੁਕਮਾਂ, ਨਿਆਵਾਂ, ਬਿਵਸਥਾ, ਫ਼ਰਮਾਨਾਂ, ਬਿਧੀਆਂ, ਸਾਖੀਆਂ, ਰਾਹਾਂ ਜਾਂ ਬਚਨ ਦਾ ਜ਼ਿਕਰ ਕੀਤਾ ਗਿਆ ਹੈ।

ਤੁਸੀਂ ਕੀ ਜਵਾਬ ਦਿਓਗੇ?

ਜ਼ਬੂਰ 119 ਦਾ ਲਿਖਾਰੀ ਪਰਮੇਸ਼ੁਰ ਦੀ ਬਿਵਸਥਾ ਨਾਲ ਪ੍ਰੀਤ ਕਿਉਂ ਰੱਖਦਾ ਸੀ?

• ਸਬਤ ਦੇ ਇੰਤਜ਼ਾਮ ਤੋਂ ਅਸੀਂ ਕੀ ਸਿੱਖ ਸਕਦੇ ਹਨ?

• ਸਿਲਾ ਚੁਗਣ ਦੇ ਪ੍ਰਬੰਧ ਤੋਂ ਅਸੀਂ ਕੀ ਸਿੱਖਦੇ ਹਾਂ?

• ਲਾਲਚ ਨਾ ਕਰਨ ਦਾ ਹੁਕਮ ਸਾਡੀ ਰੱਖਿਆ ਕਿਵੇਂ ਕਰਦਾ ਹੈ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਸਬਤ ਦੇ ਨਿਯਮ ਨੇ ਕਿਸ ਗੱਲ ਉੱਤੇ ਜ਼ੋਰ ਦਿੱਤਾ?

[ਸਫ਼ਾ 23 ਉੱਤੇ ਤਸਵੀਰ]

ਸਿਲਾ ਚੁਗਣ ਦੇ ਪ੍ਰਬੰਧ ਤੋਂ ਅਸੀਂ ਕੀ ਸਿੱਖਦੇ ਹਾਂ?