Skip to content

Skip to table of contents

ਯੂਗਾਂਡਾ ਦੇ ਵੰਨ-ਸੁਵੰਨੇ ਲੋਕ ਸੱਚਾਈ ਵਿਚ ਆ ਰਹੇ ਹਨ

ਯੂਗਾਂਡਾ ਦੇ ਵੰਨ-ਸੁਵੰਨੇ ਲੋਕ ਸੱਚਾਈ ਵਿਚ ਆ ਰਹੇ ਹਨ

ਯੂਗਾਂਡਾ ਦੇ ਵੰਨ-ਸੁਵੰਨੇ ਲੋਕ ਸੱਚਾਈ ਵਿਚ ਆ ਰਹੇ ਹਨ

ਯੂਗਾਂਡਾ ਪੂਰਬੀ ਅਫ਼ਰੀਕਾ ਦੀ ਗ੍ਰੇਟ ਰਿਫ਼ਟ ਵੈਲੀ ਦੇ ਵਿਚਕਾਰ ਅਤੇ ਭੂਮੱਧ-ਰੇਖਾ ਦੇ ਉੱਤੇ ਸਥਿਤ ਹੈ। ਯੂਗਾਂਡਾ ਇਕ ਬਹੁਤ ਹੀ ਖੂਬਸੂਰਤ ਦੇਸ਼ ਹੈ। ਵੰਨ-ਸੁਵੰਨੇ ਪੇੜ-ਪੌਦਿਆਂ ਦੇ ਨਾਲ-ਨਾਲ ਇੱਥੇ ਤਰ੍ਹਾਂ-ਤਰ੍ਹਾਂ ਦੇ ਜਾਨਵਰ ਵੀ ਦੇਖਣ ਨੂੰ ਮਿਲਦੇ ਹਨ। ਇਕ ਵਿਸ਼ਾਲ ਪਠਾਰ ਤੇ ਸਥਿਤ ਹੋਣ ਕਰਕੇ ਯੂਗਾਂਡਾ ਦਾ ਮੌਸਮ ਕਾਫ਼ੀ ਸੁਹਾਵਣਾ ਰਹਿੰਦਾ ਹੈ। ਦੂਰ-ਦੂਰ ਤਕ ਫੈਲੀਆਂ ਖ਼ੂਬਸੂਰਤ ਪਹਾੜੀਆਂ ਤੋਂ ਇਲਾਵਾ ਘਾਟੀਆਂ, ਜੰਗਲਾਂ ਤੇ ਝੀਲਾਂ ਦਾ ਨਜ਼ਾਰਾ ਦਿਲ ਨੂੰ ਮੋਹ ਲੈਂਦਾ ਹੈ।

ਯੂਗਾਂਡਾ ਵਰਗੇ ਦੇਸ਼ ਦੁਨੀਆਂ ਵਿਚ ਘੱਟ ਹੀ ਹਨ ਜਿੱਥੇ ਇੱਕੋ ਸਮੇਂ ਤੇ ਨਜ਼ਦੀਕੀ ਇਲਾਕਿਆਂ ਵਿਚ ਸਰਦੀਆਂ ਅਤੇ ਗਰਮੀਆਂ ਦੀ ਰੁੱਤ ਦੇਖਣ ਨੂੰ ਮਿਲਦੀ ਹੈ। ਪੂਰਬ ਵਿਚ ਬੰਜਰ ਧਰਤੀ ਅਤੇ ਪੱਛਮ ਵਿਚ ਰੁਵੇਨਜ਼ਰੀ ਪਰਬਤਾਂ (ਜਿਨ੍ਹਾਂ ਨੂੰ “ਚੰਨ ਦੀਆਂ ਪਹਾੜੀਆਂ” ਵੀ ਕਿਹਾ ਜਾਂਦਾ ਹੈ) ਦੀਆਂ ਬਰਫ਼ ਨਾਲ ਢੱਕੀਆਂ ਟੀਸੀਆਂ ਦੇਖਣ ਨੂੰ ਮਿਲਦੀਆਂ ਹਨ। ਯੂਗਾਂਡਾ ਦੀ ਧਰਤੀ ਉੱਤੇ ਹਾਥੀ, ਮੱਝਾਂ ਅਤੇ ਸ਼ੇਰ ਦੇਖਣ ਨੂੰ ਮਿਲਦੇ ਹਨ। ਪਹਾੜਾਂ ਅਤੇ ਘਣੇ ਜੰਗਲਾਂ ਵਿਚ ਗੋਰਿਲਾ, ਚਿੰਪੈਂਜ਼ੀ ਅਤੇ 1,000 ਤੋਂ ਵੀ ਵੱਧ ਕਿਸਮਾਂ ਦੇ ਪੰਛੀ ਪਾਏ ਜਾਂਦੇ ਹਨ। ਅਫ਼ਰੀਕਾ ਦੇ ਜ਼ਿਆਦਾਤਰ ਦੇਸ਼ਾਂ ਨੂੰ ਭੁੱਖਮਰੀ ਅਤੇ ਸੋਕੇ ਨਾਲ ਜੂਝਣਾ ਪੈਂਦਾ ਹੈ, ਪਰ ਯੂਗਾਂਡਾ ਵਿਚ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈ ਕਿਉਂਕਿ ਧਰਤੀ ਨੂੰ ਸਿੰਜਣ ਲਈ ਇੱਥੇ ਕਈ ਝੀਲਾਂ ਅਤੇ ਦਰਿਆ ਹਨ। ਇਨ੍ਹਾਂ ਵਿੱਚੋਂ ਇਕ ਹੈ ਵਿਕਟੋਰੀਆ ਝੀਲ, ਜੋ ਦੁਨੀਆਂ ਦੀਆਂ ਮਿੱਠੇ ਪਾਣੀ ਦੀਆਂ ਵਿਸ਼ਾਲ ਝੀਲਾਂ ਵਿੱਚੋਂ ਦੂਜੇ ਨੰਬਰ ਤੇ ਆਉਂਦੀ ਹੈ। ਵਿਕਟੋਰੀਆ ਝੀਲ ਉੱਤਰ ਵੱਲ ਨੀਲ ਦਰਿਆ ਨਾਲ ਆ ਮਿਲਦੀ ਹੈ। ਸ਼ਾਇਦ ਇਨ੍ਹਾਂ ਸਾਰੇ ਕਾਰਨਾਂ ਕਰਕੇ ਹੀ ਅੰਗ੍ਰੇਜ਼ ਸਿਆਸਤਦਾਨ ਵਿੰਸਟਨ ਚਰਚਿਲ ਨੇ ਯੂਗਾਂਡਾ ਨੂੰ “ਅਫ਼ਰੀਕਾ ਦਾ ਅਨਮੋਲ ਮੋਤੀ” ਕਿਹਾ ਸੀ।

ਇਸ “ਅਨਮੋਲ ਮੋਤੀ” ਦੀ ਚਮਕ

ਯੂਗਾਂਡਾ ਦੀ ਸਭ ਤੋਂ ਵੱਡੀ ਖੂਬੀ ਹੈ ਇਸ ਦੇ ਵੰਨ-ਸੁਵੰਨੇ ਲੋਕ। ਇੱਥੇ ਦੇ ਲੋਕ ਦੋਸਤਾਨਾ ਸੁਭਾਅ ਦੇ ਹਨ ਅਤੇ ਬਹੁਤ ਮਹਿਮਾਨਨਿਵਾਜ਼ ਹਨ। ਜ਼ਿਆਦਾਤਰ ਲੋਕ ਈਸਾਈ ਹਨ। ਯੂਗਾਂਡਾ ਦੇ ਵੱਖ-ਵੱਖ ਪਿਛੋਕੜਾਂ ਤੇ ਸਭਿਆਚਾਰਾਂ ਦੇ ਲੋਕਾਂ ਦੀ ਪਛਾਣ ਉਨ੍ਹਾਂ ਦੇ ਰਵਾਇਤੀ ਪਹਿਰਾਵਿਆਂ ਤੋਂ ਕੀਤੀ ਜਾ ਸਕਦੀ ਹੈ।

ਕੁਝ ਸਮੇਂ ਤੋਂ ਇੱਥੇ ਦੇ ਲੋਕ ਬਾਈਬਲ ਦੇ ਸੰਦੇਸ਼ ਵਿਚ ਗਹਿਰੀ ਦਿਲਚਸਪੀ ਲੈ ਰਹੇ ਹਨ। ਉਹ ਇਹ ਸੁਣ ਕੇ ਬਹੁਤ ਖ਼ੁਸ਼ ਹੁੰਦੇ ਹਨ ਕਿ ਜਲਦੀ ਹੀ ਪੂਰੀ ਧਰਤੀ ਉੱਤੇ ਅਮਨ-ਚੈਨ ਹੋਵੇਗਾ। (ਜ਼ਬੂਰਾਂ ਦੀ ਪੋਥੀ 37:11; ਪਰਕਾਸ਼ ਦੀ ਪੋਥੀ 21:4) ਬਰਤਾਨੀਆ ਜਿੱਡੇ ਇਸ ਦੇਸ਼ ਦੇ ਹਰ ਵਾਸੀ ਤਕ ਬਾਈਬਲ ਦਾ ਸੰਦੇਸ਼ ਪਹੁੰਚਾਉਣਾ ਕੋਈ ਸੌਖਾ ਕੰਮ ਨਹੀਂ।

ਯੂਗਾਂਡਾ ਵਿਚ ਯਹੋਵਾਹ ਦਾ ਪਹਿਲਾ ਗਵਾਹ 1955 ਵਿਚ ਬਣਿਆ ਸੀ ਜਿਸ ਨੇ ਵਿਕਟੋਰੀਆ ਝੀਲ ਵਿਚ ਬਪਤਿਸਮਾ ਲਿਆ ਸੀ। ਸਾਲ 1992 ਵਿਚ ਪ੍ਰਚਾਰਕਾਂ ਦੀ ਗਿਣਤੀ ਇਕ ਤੋਂ ਵਧ ਕੇ ਇਕ ਹਜ਼ਾਰ ਹੋ ਗਈ। ਉਦੋਂ ਤੋਂ ਲੈ ਕੇ ਅੱਜ ਤਕ ਪ੍ਰਚਾਰਕਾਂ ਦੀ ਗਿਣਤੀ ਵਧਦੀ ਚਲੀ ਆਈ ਹੈ। ਇਹ ਵਾਧਾ ਸਾਨੂੰ ਯਹੋਵਾਹ ਦਾ ਇਹ ਵਾਅਦਾ ਯਾਦ ਕਰਾਉਂਦਾ ਹੈ ਕਿ “ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।”—ਯਸਾਯਾਹ 60:22.

ਭਾਸ਼ਾ ਦੀ ਰੁਕਾਵਟ ਦੂਰ ਹੋਈ

ਯੂਗਾਂਡਾ ਦੀ ਸਰਕਾਰੀ ਭਾਸ਼ਾ ਅੰਗ੍ਰੇਜ਼ੀ ਹੈ ਜੋ ਸਕੂਲਾਂ-ਕਾਲਜਾਂ ਵਿਚ ਵਰਤੀ ਜਾਂਦੀ ਹੈ। ਪਰ ਇਹ ਇੱਥੇ ਦੇ ਰਹਿਣ ਵਾਲਿਆਂ ਦੀ ਮਾਂ-ਬੋਲੀ ਨਹੀਂ ਹੈ। ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਯਹੋਵਾਹ ਦੇ ਗਵਾਹਾਂ ਨੇ ਵੱਖ-ਵੱਖ ਭਾਸ਼ਾਵਾਂ ਬੋਲਣੀਆਂ ਸਿੱਖੀਆਂ ਹਨ। ਇੱਦਾਂ ਕਰਨਾ ਜ਼ਰੂਰੀ ਸੀ ਕਿਉਂਕਿ ਯੂਗਾਂਡਾ ਦੇ 2 ਕਰੋੜ 50 ਲੱਖ ਲੋਕਾਂ ਵਿੱਚੋਂ 80 ਪ੍ਰਤਿਸ਼ਤ ਲੋਕ ਪਿੰਡਾਂ ਜਾਂ ਕਸਬਿਆਂ ਵਿਚ ਰਹਿੰਦੇ ਹਨ। ਇਹ ਲੋਕ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਆਪਣੀ ਮਾਂ-ਬੋਲੀ ਵਰਤਦੇ ਹਨ। ਇਨ੍ਹਾਂ ਲੋਕਾਂ ਤਕ ਪਹੁੰਚਣ ਅਤੇ ਸੱਚੇ ਪਰਮੇਸ਼ੁਰ ਬਾਰੇ ਸਿਖਾਉਣ ਲਈ ਕਾਫ਼ੀ ਮਿਹਨਤ ਕਰਨੀ ਪੈਂਦੀ ਹੈ।

ਯਹੋਵਾਹ ਦੇ ਗਵਾਹ ਇਨ੍ਹਾਂ ਲੋਕਾਂ ਨੂੰ ਬਾਈਬਲ ਬਾਰੇ ਸਿਖਾਉਣ ਲਈ ਉਨ੍ਹਾਂ ਦੀ ਮਾਂ-ਬੋਲੀ ਵਿਚ ਪ੍ਰਚਾਰ ਕਰਦੇ ਹਨ ਅਤੇ ਵੱਖ-ਵੱਖ ਭਾਸ਼ਾਵਾਂ ਵਿਚ ਸਾਹਿੱਤ ਛਾਪਦੇ ਹਨ। ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਵਿਚ ਚਾਰ ਭਾਸ਼ਾਵਾਂ ਵਿਚ ਕਿਤਾਬਾਂ-ਰਸਾਲਿਆਂ ਦਾ ਤਰਜਮਾ ਕੀਤਾ ਜਾਂਦਾ ਹੈ। ਇਹ ਭਾਸ਼ਾਵਾਂ ਹਨ ਆਚੋਲੀ, ਰੂਨਯਾਨਕੋਰੇ, ਲੂਕੋਨਜ਼ੋ ਅਤੇ ਲੂਗਾਂਡਾ। ਇਸ ਤੋਂ ਇਲਾਵਾ, ਲੋਕਾਂ ਦੀ ਮਦਦ ਕਰਨ ਲਈ ਪੂਰੇ ਯੂਗਾਂਡਾ ਵਿਚ ਵੱਖ-ਵੱਖ ਬੋਲੀਆਂ ਵਿਚ ਸੰਮੇਲਨ ਵੀ ਕੀਤੇ ਜਾਂਦੇ ਹਨ। ਇਨ੍ਹਾਂ ਸੰਮੇਲਨਾਂ ਵਿਚ ਹਾਜ਼ਰ ਹੋਣ ਵਾਲਿਆਂ ਦੀ ਗਿਣਤੀ ਯਹੋਵਾਹ ਦੇ ਗਵਾਹਾਂ ਨਾਲੋਂ ਦੁਗਣੀ ਹੁੰਦੀ ਹੈ। ਇਹ ਇਸ ਗੱਲ ਦਾ ਸਬੂਤ ਹੈ ਕਿ ਯੂਗਾਂਡਾ ਵਿਚ ਵੱਖ-ਵੱਖ ਭਾਸ਼ਾਵਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਦੀਆਂ ਕੋਸ਼ਿਸ਼ਾਂ ਸਫ਼ਲ ਹੋ ਰਹੀਆਂ ਹਨ। ਪਰ ਯਹੋਵਾਹ ਦੇ ਸੇਵਕਾਂ ਵਿਚ ਹੋ ਰਹੇ ਵਾਧੇ ਦਾ ਇਕ ਹੋਰ ਕਾਰਨ ਵੀ ਹੈ।

ਪਾਇਨੀਅਰ ਜੋਸ਼ ਨਾਲ ਪ੍ਰਚਾਰ ਕਰਦੇ ਹਨ

ਸਾਲ ਵਿਚ ਇਕ ਵਾਰ ਕਈ ਭੈਣ-ਭਰਾ ਤਿੰਨ ਮਹੀਨਿਆਂ ਲਈ ਦੂਰ-ਦੁਰੇਡੇ ਇਲਾਕਿਆਂ ਵਿਚ ਪ੍ਰਚਾਰ ਕਰਨ ਜਾਂਦੇ ਹਨ। (ਰਸੂਲਾਂ ਦੇ ਕਰਤੱਬ 16:9) ਨੌਜਵਾਨ ਪਾਇਨੀਅਰਾਂ ਦੀ ਵਧਦੀ ਗਿਣਤੀ ਇਸ ਕੰਮ ਵਿਚ ਵੱਡਾ ਯੋਗਦਾਨ ਪਾਉਂਦੀ ਹੈ। ਉਹ ਉਨ੍ਹਾਂ ਪਿੰਡਾਂ ਵਿਚ ਵੀ ਜਾਂਦੇ ਹਨ ਜਿੱਥੇ ਪਹਿਲਾਂ ਕਦੀ ਵੀ ਪ੍ਰਚਾਰ ਨਹੀਂ ਕੀਤਾ ਗਿਆ।

ਦੋ ਸਪੈਸ਼ਲ ਪਾਇਨੀਅਰ ਪੱਛਮੀ ਯੂਗਾਂਡਾ ਦੇ ਬੂਸ਼ੈਨਯੀ ਕਸਬੇ ਵਿਚ ਤਿੰਨ ਮਹੀਨਿਆਂ ਲਈ ਪ੍ਰਚਾਰ ਕਰਨ ਲਈ ਭੇਜੇ ਗਏ। ਉਨ੍ਹਾਂ ਨੇ ਉੱਥੇ ਰਹਿੰਦੀ ਇੱਕੋ-ਇਕ ਭੈਣ ਨਾਲ ਰਲ ਕੇ ਪ੍ਰਚਾਰ ਦਾ ਕੰਮ ਅਤੇ ਸਭਾਵਾਂ ਕੀਤੀਆਂ। ਇਕ ਮਹੀਨੇ ਦੇ ਅੰਦਰ-ਅੰਦਰ ਹੀ ਇਹ ਦੋ ਪਾਇਨੀਅਰ 40 ਬਾਈਬਲ ਸਟੱਡੀਆਂ ਕਰਵਾ ਰਹੇ ਸਨ, ਜਿਨ੍ਹਾਂ ਵਿੱਚੋਂ 17 ਜਣੇ ਸਭਾਵਾਂ ਵਿਚ ਵੀ ਆਉਣ ਲੱਗ ਪਏ। ਇਹ ਪਾਇਨੀਅਰ ਦੱਸਦੇ ਹਨ: “ਅਸੀਂ ਜਿਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? * ਬ੍ਰੋਸ਼ਰ ਦੇ ਕੇ ਆਏ ਸੀ, ਕੁਝ ਦਿਨ ਬਾਅਦ ਉਨ੍ਹਾਂ ਵਿੱਚੋਂ ਕੁਝ ਸਾਡੇ ਘਰ ਆਏ। ਉਨ੍ਹਾਂ ਦੇ ਹੱਥਾਂ ਵਿਚ ਕੁਝ ਕਾਗਜ਼ ਸਨ ਜਿਨ੍ਹਾਂ ਤੇ ਉਨ੍ਹਾਂ ਨੇ ਬ੍ਰੋਸ਼ਰ ਵਿਚ ਦਿੱਤੇ ਸਵਾਲਾਂ ਦੇ ਜਵਾਬ ਲਿਖੇ ਸਨ। ਉਹ ਜਾਣਨਾ ਚਾਹੁੰਦੇ ਸਨ ਕਿ ਉਨ੍ਹਾਂ ਨੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਸਨ ਜਾਂ ਨਹੀਂ।” ਅੱਜ ਉੱਥੇ ਇਕ ਕਲੀਸਿਯਾ ਹੈ ਅਤੇ ਉਨ੍ਹਾਂ ਦਾ ਆਪਣਾ ਕਿੰਗਡਮ ਹਾਲ ਹੈ।

ਦੋ ਪਾਇਨੀਅਰ ਯੂਗਾਂਡਾ ਦੇ ਪੱਛਮੀ ਇਲਾਕੇ ਵਿਚ ਪ੍ਰਚਾਰ ਕਰਨ ਗਏ ਜਿੱਥੇ ਪਹਿਲਾਂ ਕਦੇ ਵੀ ਪ੍ਰਚਾਰ ਨਹੀਂ ਕੀਤਾ ਗਿਆ ਸੀ। ਉਹ ਲਿਖਦੇ ਹਨ: “ਇੱਥੇ ਦੇ ਲੋਕ ਬਾਈਬਲ ਦੇ ਗਿਆਨ ਦੇ ਭੁੱਖੇ ਹਨ। ਅਸੀਂ ਇਨ੍ਹਾਂ ਤਿੰਨ ਮਹੀਨਿਆਂ ਵਿਚ 86 ਲੋਕਾਂ ਨੂੰ ਬਾਈਬਲ ਸਟੱਡੀ ਕਰਵਾਉਣੀ ਸ਼ੁਰੂ ਕੀਤੀ ਹੈ।” ਕੁਝ ਹੀ ਸਮੇਂ ਬਾਅਦ ਉਸ ਇਲਾਕੇ ਵਿਚ ਯਹੋਵਾਹ ਦੇ ਗਵਾਹਾਂ ਦਾ ਇਕ ਸਮੂਹ ਬਣ ਗਿਆ ਸੀ।

ਹੋਰਨਾਂ ਜੋਸ਼ੀਲੇ ਪਾਇਨੀਅਰਾਂ ਦਾ ਯੋਗਦਾਨ

ਇਨ੍ਹਾਂ ਪਾਇਨੀਅਰਾਂ ਵਿੱਚੋਂ ਕਈ ਭੈਣ-ਭਰਾ ਸਾਲਾਂ ਤੋਂ ਪਾਇਨੀਅਰੀ ਕਰ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਇਕ ਹੈ ਪੈਟਰਿਕ। ਯਹੋਵਾਹ ਦਾ ਗਵਾਹ ਬਣਨ ਤੋਂ ਪਹਿਲਾਂ ਪੈਟਰਿਕ ਯੂਗਾਂਡਾ ਦੇ ਈਡੀ ਅਮੀਨ ਦੇ ਸ਼ਾਸਨ ਕਾਲ ਦੌਰਾਨ ਹਵਾਈ ਸੈਨਾ ਦੀ ਸੰਗੀਤ-ਮੰਡਲੀ ਵਿਚ ਕਲੈਰੀਨੈਟ ਵਜਾਇਆ ਕਰਦਾ ਸੀ। ਸਾਲ 1983 ਵਿਚ ਬਪਤਿਸਮਾ ਲੈਣ ਤੋਂ ਛੇ ਮਹੀਨੇ ਬਾਅਦ ਪੈਟਰਿਕ ਪਾਇਨੀਅਰੀ ਕਰਨ ਲੱਗ ਪਿਆ। ਅੱਜ ਉਹ ਸਫ਼ਰੀ ਨਿਗਾਹਬਾਨ ਦਾ ਕੰਮ ਕਰਦਾ ਹੈ ਅਤੇ ਕਲੀਸਿਯਾਵਾਂ ਦੀ ਹੌਸਲਾ-ਅਫ਼ਜ਼ਾਈ ਕਰਦਾ ਹੈ।

ਮਾਰਗਰੇਟ ਨੇ 1962 ਵਿਚ ਬਪਤਿਸਮਾ ਲਿਆ। ਉਹ ਤਕਰੀਬਨ 80 ਸਾਲਾਂ ਦੀ ਹੈ ਅਤੇ ਉਸ ਦੇ ਲੱਕ ਵਿਚ ਤਕਲੀਫ਼ ਹੋਣ ਕਰਕੇ ਉਹ ਜ਼ਿਆਦਾ ਤੁਰ-ਫਿਰ ਨਹੀਂ ਸਕਦੀ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਉਹ ਹਰ ਮਹੀਨੇ ਤਕਰੀਬਨ 70 ਘੰਟੇ ਦੂਸਰਿਆਂ ਨਾਲ ਬਾਈਬਲ ਦਾ ਸੰਦੇਸ਼ ਸਾਂਝਾ ਕਰਦੀ ਹੈ। ਕਿਵੇਂ? ਉਹ ਆਪਣੇ ਘਰ ਦੇ ਬਾਹਰ ਬੈਂਚ ਤੇ ਬਾਈਬਲ ਆਧਾਰਿਤ ਕਿਤਾਬਾਂ ਰੱਖ ਦਿੰਦੀ ਹੈ। ਆਉਂਦੇ-ਜਾਂਦੇ ਲੋਕਾਂ ਦੀ ਨਜ਼ਰ ਜਦ ਇਨ੍ਹਾਂ ਕਿਤਾਬਾਂ ਤੇ ਪੈਂਦੀ ਹੈ, ਤਾਂ ਗੱਲਬਾਤ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਮਾਰਗਰੇਟ ਲੋਕਾਂ ਨੂੰ ਆਉਣ ਵਾਲੇ ਨਵੇਂ ਸੰਸਾਰ ਬਾਰੇ ਦੱਸਦੀ ਹੈ।

ਸਾਇਮਨ ਪੂਰਬੀ ਯੂਗਾਂਡਾ ਦਾ ਇਕ ਕਿਸਾਨ ਹੈ। ਲਗਭਗ 16 ਸਾਲਾਂ ਤਕ ਸੱਚਾਈ ਦੀ ਭਾਲ ਕਰਨ ਤੋਂ ਬਾਅਦ ਉਸ ਨੂੰ 1995 ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਕੁਝ ਸਾਹਿੱਤ ਮਿਲਿਆ। ਇਸ ਸਾਹਿੱਤ ਨੂੰ ਪੜ੍ਹ ਕੇ ਉਸ ਦੇ ਮਨ ਵਿਚ ਯਹੋਵਾਹ ਦੇ ਰਾਜ ਅਤੇ ਉਸ ਦੇ ਮਕਸਦ ਬਾਰੇ ਹੋਰ ਜਾਣਨ ਦੀ ਇੱਛਾ ਜਾਗੀ। ਪਰ ਸਾਇਮਨ ਕਾਮੂਲੀ ਪਿੰਡ ਵਿਚ ਰਹਿੰਦਾ ਸੀ ਜਿੱਥੇ ਕੋਈ ਗਵਾਹ ਨਹੀਂ ਸੀ। ਇਸ ਲਈ ਯਹੋਵਾਹ ਦੇ ਗਵਾਹਾਂ ਦੀ ਤਲਾਸ਼ ਵਿਚ ਉਹ ਆਪਣੇ ਪਿੰਡ ਤੋਂ 140 ਕਿਲੋਮੀਟਰ ਦੂਰ ਕੰਪਾਲਾ ਗਿਆ। ਅੱਜ ਉਸ ਦੇ ਪਿੰਡ ਵਿਚ ਇਕ ਕਲੀਸਿਯਾ ਹੈ।

ਯਹੋਵਾਹ ਦੇ ਗਵਾਹਾਂ ਦਾ ਧਰਮ ਕੋਈ ਛੋਟਾ-ਮੋਟਾ ਧਰਮ ਨਹੀਂ

ਅਫ਼ਰੀਕਾ ਦੇ ਦੂਸਰੇ ਦੇਸ਼ਾਂ ਦੀ ਤਰ੍ਹਾਂ ਯੂਗਾਂਡਾ ਵਿਚ ਲੋਕ ਕਿਸੇ ਵੀ ਧਰਮ ਨੂੰ ਉਸ ਦੇ ਪੂਜਾ-ਸਥਾਨ ਦੇ ਆਧਾਰ ਤੇ ਪਰਖਦੇ ਹਨ। ਇਸ ਲਈ ਇੱਥੇ ਢੁਕਵੇਂ ਕਿੰਗਡਮ ਹਾਲਾਂ ਦੀ ਸਖ਼ਤ ਜ਼ਰੂਰਤ ਸੀ। ਪਰ ਕਈ ਕਲੀਸਿਯਾਵਾਂ ਕੋਲ ਕਿੰਗਡਮ ਹਾਲ ਬਣਾਉਣ ਲਈ ਪੈਸੇ ਨਹੀਂ ਸਨ। ਯੂਗਾਂਡਾ ਦੇ ਭੈਣ-ਭਰਾਵਾਂ ਦੀ ਖ਼ੁਸ਼ੀ ਦਾ ਉਦੋਂ ਕੋਈ ਟਿਕਾਣਾ ਨਾ ਰਿਹਾ ਜਦ ਉਨ੍ਹਾਂ ਨੇ 1999 ਦੇ ਅੰਤ ਵਿਚ ਇਹ ਖ਼ਬਰ ਸੁਣੀ ਕਿ ਦੁਨੀਆਂ ਭਰ ਵਿਚ ਕਿੰਗਡਮ ਹਾਲ ਬਣਾਉਣ ਦਾ ਪ੍ਰੋਗ੍ਰਾਮ ਸ਼ੁਰੂ ਹੋ ਗਿਆ ਹੈ। ਅਗਲੇ ਪੰਜਾਂ ਸਾਲਾਂ ਦੌਰਾਨ ਯੂਗਾਂਡਾ ਵਿਚ 40 ਨਵੇਂ ਕਿੰਗਡਮ ਹਾਲ ਬਣਾਏ ਗਏ। ਅੱਜ ਤਕਰੀਬਨ ਸਾਰੀਆਂ ਕਲੀਸਿਯਾਵਾਂ ਕੋਲ ਆਪਣੇ ਸੋਹਣੇ ਕਿੰਗਡਮ ਹਾਲ ਹਨ। ਯੂਗਾਂਡਾ ਦੇ ਵਾਸੀ ਹੁਣ ਜਾਣ ਗਏ ਹਨ ਕਿ ਯਹੋਵਾਹ ਦੇ ਗਵਾਹਾਂ ਦਾ ਧਰਮ ਕੋਈ ਛੋਟਾ-ਮੋਟਾ ਧਰਮ ਨਹੀਂ। ਕਿੰਗਡਮ ਹਾਲਾਂ ਦੀ ਉਸਾਰੀ ਤੋਂ ਬਾਅਦ ਯੂਗਾਂਡਾ ਵਿਚ ਯਹੋਵਾਹ ਦੇ ਗਵਾਹਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ।

ਉੱਤਰੀ ਯੂਗਾਂਡਾ ਦੀ ਇਕ ਛੋਟੀ ਜਿਹੀ ਕਲੀਸਿਯਾ ਅੰਬਾਂ ਦੇ ਦਰਖ਼ਤਾਂ ਦੀ ਛਾਵੇਂ ਸਭਾਵਾਂ ਕਰਿਆ ਕਰਦੀ ਸੀ। ਪਰ ਕਿੰਗਡਮ ਹਾਲ ਲਈ ਜਗ੍ਹਾ ਮਿਲਣ ਤੋਂ ਬਾਅਦ ਭਰਾਵਾਂ ਨੇ ਤੁਰੰਤ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਬਾਹਰੋਂ ਆਏ ਅਤੇ ਸਥਾਨਕ ਭਰਾਵਾਂ ਨੂੰ ਉਸਾਰੀ ਦਾ ਕੰਮ ਕਰਦਿਆਂ ਦੇਖ ਕੇ ਇਕ ਸਾਬਕਾ ਸਿਆਸਤਦਾਨ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਭਰਾਵਾਂ ਨੂੰ ਹਾਲ ਦੀ ਉਸਾਰੀ ਦਾ ਕੰਮ ਖ਼ਤਮ ਹੋਣ ਤਕ ਸਭਾਵਾਂ ਕਰਨ ਲਈ ਆਪਣਾ ਗਰਾਜ ਦਿੱਤਾ। ਇਕ ਭਰਾ ਉਸ ਨਾਲ ਬਾਈਬਲ ਸਟੱਡੀ ਕਰਨ ਲੱਗ ਪਿਆ। ਅੱਜ ਇਹ ਵਿਅਕਤੀ ਰਾਜ ਦਾ ਜੋਸ਼ੀਲਾ ਪ੍ਰਚਾਰਕ ਹੈ ਅਤੇ ਇਸ ਸੋਹਣੇ ਕਿੰਗਡਮ ਹਾਲ ਵਿਚ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਭਗਤੀ ਕਰ ਰਿਹਾ ਹੈ।

ਯੂਗਾਂਡਾ ਦੇ ਦੱਖਣ-ਪੂਰਬੀ ਇਲਾਕੇ ਵਿਚ ਕਿੰਗਡਮ ਹਾਲ ਦੀ ਉਸਾਰੀ ਕਰ ਰਹੇ ਭਰਾਵਾਂ ਦਾ ਆਪਸੀ ਪਿਆਰ, ਸਹਿਯੋਗ ਅਤੇ ਦੋਸਤਾਨਾ ਰਵੱਈਆ ਦੇਖ ਕੇ ਇਕ ਰਾਜ ਮਿਸਤਰੀ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਇਸ ਕੰਮ ਵਿਚ ਭਰਾਵਾਂ ਦਾ ਹੱਥ ਵਟਾਉਣ ਦਾ ਫ਼ੈਸਲਾ ਕੀਤਾ। ਕਿੰਗਡਮ ਹਾਲ ਦੇ ਉਦਘਾਟਨ ਤੋਂ ਪਹਿਲਾਂ ਦੀ ਰਾਤ ਕੰਮ ਖ਼ਤਮ ਕਰਨ ਲਈ ਉਸ ਨੇ ਭਰਾਵਾਂ ਨਾਲ ਰਲ ਕੇ ਸਾਰੀ ਰਾਤ ਕੰਮ ਕੀਤਾ। ਇਸ ਰਾਜ ਮਿਸਤਰੀ ਨੇ ਭਰਾਵਾਂ ਨੂੰ ਕਿਹਾ: “ਤੁਸੀਂ ਲੋਕ ਸਿਰਫ਼ ਕਹਿੰਦੇ ਹੀ ਨਹੀਂ, ਬਲਕਿ ਸੱਚ-ਮੁੱਚ ਇਕ-ਦੂਜੇ ਨੂੰ ਪਿਆਰ ਕਰਦੇ ਵੀ ਹੋ।”

ਮੁਸ਼ਕਲਾਂ ਦੇ ਬਾਵਜੂਦ ਵਾਧਾ

ਯੂਗਾਂਡਾ ਵਿਚ ਨਵੀਆਂ-ਨਵੀਆਂ ਥਾਵਾਂ ਤੇ ਪ੍ਰਚਾਰ ਕਰਨ ਨਾਲ ਪ੍ਰਚਾਰਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋਇਆ ਹੈ ਅਤੇ ਬਾਈਬਲ ਵਿਚ ਦਿਲਚਸਪੀ ਲੈਣ ਵਾਲੇ ਕਈ ਲੋਕ ਸਭਾਵਾਂ ਵਿਚ ਵੀ ਆਉਂਦੇ ਹਨ। ਪਰ ਇਨ੍ਹਾਂ ਤੋਂ ਇਲਾਵਾ ਉਨ੍ਹਾਂ ਕਈ ਸ਼ਰਨਾਰਥੀਆਂ ਦੀ ਵੀ ਮਦਦ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਘਰੇਲੂ ਯੁੱਧ ਕਰਕੇ ਆਪਣਾ ਦੇਸ਼ ਛੱਡ ਕੇ ਯੂਗਾਂਡਾ ਵਿਚ ਸ਼ਰਨ ਲੈਣੀ ਪਈ। ਇਨ੍ਹਾਂ ਵਿਚ ਯਹੋਵਾਹ ਦੇ ਕਈ ਗਵਾਹ ਵੀ ਹਨ। ਪਰ ਮੁਸ਼ਕਲਾਂ ਦੇ ਬਾਵਜੂਦ ਇਨ੍ਹਾਂ ਗਵਾਹਾਂ ਨੇ ਪਰਮੇਸ਼ੁਰ ਵਿਚ ਆਪਣੇ ਭਰੋਸੇ ਨੂੰ ਡੋਲਣ ਨਹੀਂ ਦਿੱਤਾ। ਇਕ ਸ਼ਰਨਾਰਥੀ ਕੈਂਪ ਵਿਚ ਨੇੜਲੇ ਦੇਸ਼ ਦਾ ਇਕ ਸਾਬਕਾ ਸਰਕਾਰੀ ਅਫ਼ਸਰ ਵੀ ਸੀ। ਉਹ ਪਹਿਲਾਂ ਐਸ਼ੋ-ਆਰਾਮ ਦੀ ਜ਼ਿੰਦਗੀ ਜੀਉਂਦਾ ਸੀ। ਜਦ ਉਸ ਦੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਉੱਤੇ ਪਾਬੰਦੀ ਲੱਗੀ ਹੋਈ ਸੀ, ਉਦੋਂ ਉਹ ਗਵਾਹਾਂ ਉੱਤੇ ਜ਼ੁਲਮ ਢਾਹੁੰਦਾ ਸੀ। ਪਰ ਸ਼ਰਨਾਰਥੀ ਕੈਂਪ ਵਿਚ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਨ ਤੋਂ ਬਾਅਦ ਉਹ ਵੀ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ। ਉਹ ਕਹਿੰਦਾ ਹੈ: “ਦੁਨੀਆਂ ਵਿਚ ਅਮੀਰ ਜਾਂ ਅਫ਼ਸਰ ਹੋਣ ਦਾ ਕੋਈ ਲਾਭ ਨਹੀਂ। ਭਾਵੇਂ ਅੱਜ ਮੈਂ ਗ਼ਰੀਬ ਤੇ ਬੀਮਾਰ ਹਾਂ, ਪਰ ਫਿਰ ਵੀ ਮੈਂ ਕਹਿੰਦਾ ਹਾਂ ਕਿ ਅੱਜ ਮੈਂ ਜ਼ਿਆਦਾ ਖ਼ੁਸ਼ ਹਾਂ। ਮੈਂ ਹੁਣ ਯਹੋਵਾਹ ਪਰਮੇਸ਼ੁਰ ਨੂੰ ਜਾਣਦਾ ਹਾਂ ਅਤੇ ਉਸ ਨਾਲ ਪ੍ਰਾਰਥਨਾ ਰਾਹੀਂ ਗੱਲ ਕਰਨ ਦੇ ਸਨਮਾਨ ਦੀ ਦਿਲੋਂ ਕਦਰ ਕਰਦਾ ਹਾਂ। ਸਾਨੂੰ ਅੱਜ ਮੁਸ਼ਕਲਾਂ ਰਾਹੀਂ ਕਿਉਂ ਲੰਘਣਾ ਪੈਂਦਾ ਹੈ, ਇਸ ਦਾ ਜਵਾਬ ਜਾਣਨ ਤੋਂ ਇਲਾਵਾ ਯਹੋਵਾਹ ਬਾਰੇ ਸਿੱਖ ਕੇ ਮੈਨੂੰ ਚੰਗੇ ਭਵਿੱਖ ਦੀ ਪੱਕੀ ਉਮੀਦ ਮਿਲੀ ਹੈ। ਅੱਜ ਮੈਨੂੰ ਪੂਰੀ ਮਨ ਦੀ ਅਜਿਹੀ ਸ਼ਾਂਤੀ ਹੈ ਜੋ ਪਹਿਲਾਂ ਕਦੇ ਨਹੀਂ ਸੀ।”

ਲੋਕ ਕਹਿੰਦੇ ਹਨ ਕਿ ਜੇ ਕੋਈ ਯੂਗਾਂਡਾ ਦੀ ਉਪਜਾਊ ਧਰਤੀ ਵਿਚ ਰਾਤ ਨੂੰ ਡੰਡਾ ਗੱਡ ਦੇਵੇ, ਤਾਂ ਸਵੇਰ ਤੀਕਰ ਉਹ ਜੜ੍ਹ ਫੜ ਲਵੇਗਾ। ਇੱਥੇ ਦੇ ਲੋਕਾਂ ਦੀ ਪਰਮੇਸ਼ੁਰ ਦੇ ਗਿਆਨ ਲਈ ਭੁੱਖ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਦੇਸ਼ ਰੂਹਾਨੀ ਤੌਰ ਤੇ ਵੀ ਬਹੁਤ ਉਪਜਾਊ ਹੈ। ਅਸੀਂ ਯਹੋਵਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਉਹ ਯੂਗਾਂਡਾ ਦੇ ਲੋਕਾਂ ਨੂੰ ਆਪਣੇ ਰਾਜ ਬਾਰੇ ਸਿੱਖਣ ਦਾ ਮੌਕਾ ਦੇ ਰਿਹਾ ਹੈ। ਇਸ ਰਾਜ ਦੀ ਤੁਲਨਾ ਯਿਸੂ ਨੇ ਇਕ ਅਨਮੋਲ “ਮੋਤੀ” ਨਾਲ ਕੀਤੀ ਸੀ, ਜਿਸ ਦੀ ਕੀਮਤ ਬਾਰੇ ਯੂਗਾਂਡਾ ਦੇ ਜ਼ਿਆਦਾ ਤੋਂ ਜ਼ਿਆਦਾ ਲੋਕ ਜਾਣ ਰਹੇ ਹਨ।—ਮੱਤੀ 13:45, 46.

[ਫੁਟਨੋਟ]

^ ਪੈਰਾ 13 ਇਹ ਬ੍ਰੋਸ਼ਰ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਗਿਆ ਹੈ।

[ਸਫ਼ਾ 8 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਸੂਡਾਨ

ਯੂਗਾਂਡਾ

ਨੀਲ ਦਰਿਆ

ਕਾਮੂਲੀ

ਟਰੋਰੋ

ਕੰਪਾਲਾ

ਬੂਸ਼ੈਨਯੀ

ਵਿਕਟੋਰੀਆ ਝੀਲ

ਕੀਨੀਆ

ਤਨਜ਼ਾਨੀਆ

ਰਵਾਂਡਾ

[ਸਫ਼ਾ 9 ਉੱਤੇ ਤਸਵੀਰ]

ਤਿੰਨ ਜੋਸ਼ੀਲੇ ਪਾਇਨੀਅਰ

[ਸਫ਼ਾ 10 ਉੱਤੇ ਤਸਵੀਰ]

ਪੈਟਰਿਕ

[ਸਫ਼ਾ 10 ਉੱਤੇ ਤਸਵੀਰ]

ਮਾਰਗਰੇਟ

[ਸਫ਼ਾ 10 ਉੱਤੇ ਤਸਵੀਰ]

ਸਾਇਮਨ

[ਸਫ਼ਾ 10 ਉੱਤੇ ਤਸਵੀਰ]

ਟਰੋਰੋ ਵਿਚ ਜ਼ਿਲ੍ਹਾ ਸੰਮੇਲਨ

[ਸਫ਼ਾ 8 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Background: © Uganda Tourist Board