ਇਕ ਮੁਲਾਕਾਤ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ
ਇਕ ਮੁਲਾਕਾਤ ਨੇ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ
“ਮੈਂ ਆਪਣੇ ਪਰਿਵਾਰ ਨੂੰ ਰੱਬ ਵੱਲੋਂ ਆਏ ਉਨ੍ਹਾਂ ਦੋ ‘ਫ਼ਰਿਸ਼ਤਿਆਂ’ ਬਾਰੇ ਦੱਸਣ ਲਈ ਬੜਾ ਹੀ ਉਤਾਵਲਾ ਸੀ।” ਇਹ ਕੁਝ ਲਫ਼ਜ਼ ਇਕ ਆਦਮੀ ਨੇ ਦੋ ਨੌਜਵਾਨ ਕੁੜੀਆਂ, ਜੋ ਯਹੋਵਾਹ ਦੀਆਂ ਗਵਾਹਾਂ ਹਨ, ਦੀ ਮੁਲਾਕਾਤ ਤੋਂ ਬਾਅਦ ਇਕ ਚਿੱਠੀ ਵਿਚ ਲਿਖੇ ਸਨ। ਕਿਉਂ? ਇਸ ਮੁਲਾਕਾਤ ਤੋਂ ਕੁਝ ਹਫ਼ਤੇ ਪਹਿਲਾਂ ਇਸ ਆਦਮੀ ਦੀ 45 ਸਾਲਾਂ ਪਤਨੀ ਦੀ ਮੌਤ ਹੋ ਗਈ। ਇਸ ਵਿਛੋੜੇ ਕਾਰਨ ਉਸ ਦੀ ਦੁਨੀਆਂ ਹੀ ਉਜੜ ਗਈ। ਉਸ ਦੇ ਦੋ ਵੱਡੇ ਬੱਚੇ ਹਨ। ਬੱਚਿਆਂ ਨੇ ਉਸ ਨੂੰ ਹੌਸਲਾ ਤਾਂ ਦਿੱਤਾ ਸੀ, ਪਰ ਉਹ ਉਸ ਦੇ ਘਰ ਤੋਂ ਬਹੁਤ ਦੂਰ ਰਹਿੰਦੇ ਸਨ। ਅਤੇ ਉਸ ਦੇ ਦੋਸਤ-ਮਿੱਤਰ ਤੇ ਗੁਆਂਢੀ ਉਸ ਦੀ ਕੋਈ ਖ਼ਬਰ-ਸਾਰ ਨਹੀਂ ਲੈਣ ਆਏ।
“ਮੈਂ ਰੱਬ ਨਾਲ ਨਾਰਾਜ਼ ਹਾਂ,” ਉਸ ਆਦਮੀ ਨੇ ਉਸ ਨੂੰ ਮਿਲਣ ਆਈਆਂ ਦੋ ਕੁੜੀਆਂ ਨੂੰ ਕਿਹਾ। ਉਸ ਦੇ ਰੁੱਖੇ ਸੁਭਾਅ ਦੇ ਬਾਵਜੂਦ ਵੀ ਕੁੜੀਆਂ ਉਸ ਨਾਲ ਹਮਦਰਦੀ ਨਾਲ ਪੇਸ਼ ਆਈਆਂ ਅਤੇ ਉਨ੍ਹਾਂ ਨੇ ਉਸ ਨੂੰ ਮਰੇ ਹੋਏ ਪਿਆਰਿਆਂ ਲਈ ਕੀ ਉਮੀਦ? ਨਾਮਕ ਟ੍ਰੈਕਟ ਦਿੱਤਾ ਜੋ ਬਾਈਬਲ ਤੇ ਆਧਾਰਿਤ ਹੈ। ਉਸੇ ਸ਼ਾਮ ਇਹ ਟ੍ਰੈਕਟ ਪੜ੍ਹ ਕੇ ਉਸ ਦੇ ਮਨ ਨੂੰ ਸ਼ਾਂਤੀ ਮਿਲੀ।
ਕੁਝ ਦਿਨਾਂ ਬਾਅਦ ਉਹ ਦੋ ਕੁੜੀਆਂ ਉਸ ਆਦਮੀ ਨੂੰ ਦੁਬਾਰਾ ਮਿਲਣ ਗਈਆਂ। ਉਨ੍ਹਾਂ ਨੂੰ ਯਾਦ ਸੀ ਕਿ ਪਿਛਲੀ ਮੁਲਾਕਾਤ ਤੇ ਉਹ ਕਿੰਨਾ ਦੁਖੀ ਸੀ ਅਤੇ ਹੁਣ ਉਹ ਉਸ ਦੀ ਖ਼ਬਰ ਲੈਣ ਆਈਆਂ ਸਨ। “ਮੈਨੂੰ ਤਾਂ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਦੋ ਅਜਨਬੀਆਂ ਨੂੰ ਮੇਰੀ ਚਿੰਤਾ ਹੋ ਸਕਦੀ ਹੈ,” ਉਸ ਨੇ ਲਿਖਿਆ। ਕੁੜੀਆਂ ਨੇ ਉਸ ਨਾਲ ਬਾਈਬਲ ਵਿੱਚੋਂ ਕੁਝ ਹਵਾਲੇ ਸਾਂਝੇ ਕੀਤੇ ਜਿਨ੍ਹਾਂ ਤੋਂ ਉਸ ਨੂੰ ਬਹੁਤ ਹੌਸਲਾ ਮਿਲਿਆ। ਫਿਰ ਜਾਣ ਲੱਗੀਆਂ ਉਨ੍ਹਾਂ ਨੇ ਕਿਹਾ ਕਿ ਉਹ ਉਸ ਨੂੰ ਦੁਬਾਰਾ ਮਿਲਣ ਆਉਣਗੀਆਂ। ਇਹ ਸੁਣ ਕੇ ਉਹ ਇੰਨਾ ਖ਼ੁਸ਼ ਹੋਇਆ ਕਿ ਉਸ ਨੇ ਸ਼ੁਰੂ ਵਿਚ ਜ਼ਿਕਰ ਕੀਤੇ ਲਫ਼ਜ਼ਾਂ ਨੂੰ ਇਕ ਚਿੱਠੀ ਵਿਚ ਲਿਖਿਆ ਅਤੇ ਇਹ ਚਿੱਠੀ ਆਪਣੇ ਇਲਾਕੇ ਦੇ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਨੂੰ ਘੱਲੀ।
ਆਪਣੇ ਮੁੰਡੇ ਦੇ ਘਰ ਦੇ ਨੇੜੇ ਰਹਿਣ ਲਈ ਜਾਣ ਤੋਂ ਪਹਿਲਾਂ, ਉਹ ਆਦਮੀ ਯਹੋਵਾਹ ਦੇ ਗਵਾਹਾਂ ਦੀ ਇਕ ਮੀਟਿੰਗ ਵਿਚ ਗਿਆ। ਇਸ ਤੋਂ ਇਲਾਵਾ, ਦੋਹਾਂ ਕੁੜੀਆਂ ਵਿੱਚੋਂ ਇਕ ਦੇ ਪਰਿਵਾਰ ਨੇ ਉਸ ਨੂੰ ਖਾਣੇ ਤੇ ਵੀ ਬੁਲਾਇਆ। ਗਵਾਹਾਂ ਦੇ ਚੰਗੇ ਰਵੱਈਏ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਲਿਖਿਆ: “ਭਾਵੇਂ ਮੈਂ ਇਹ ਇਲਾਕਾ ਛੱਡ ਕੇ ਜਾ ਰਿਹਾ ਹਾਂ, ਪਰ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਉਹ ਦੋ ਗਵਾਹਾਂ ਅਤੇ ਤੁਹਾਡੇ ਧਰਮ ਨੇ ਮੇਰਾ ਦਿਲ ਜਿੱਤ ਲਿਆ ਹੈ ਜਿਸ ਕਰਕੇ ਮੈਂ ਹਮੇਸ਼ਾ ਤੁਹਾਨੂੰ ਆਪਣੀਆਂ ਅਰਦਾਸਾਂ ਵਿਚ ਯਾਦ ਕਰਾਂਗਾ। ਇਹ ਸੱਚ ਹੈ ਕਿ ਹੁਣ ਮੈਂ ਰੱਬ ਨੂੰ ਦੁਆ ਕਰਨ ਲੱਗਾ ਹਾਂ ਅਤੇ ਬਹੁਤ ਵਾਰ ਕਰਦਾ ਹਾਂ। ਮੇਰੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਇਆ ਹੈ। ਮੇਰੀ ਜ਼ਿੰਦਗੀ ਵਿਚ ਇਹ ਮੋੜ ਉਨ੍ਹਾਂ ਦੋ ਕੁੜੀਆਂ ਦੀ ਬਦੌਲਤ ਆਇਆ ਹੈ ਅਤੇ ਮੈਂ ਸਦਾ ਉਨ੍ਹਾਂ ਦਾ ਅਹਿਸਾਨਮੰਦ ਰਹਾਂਗਾ।”