Skip to content

Skip to table of contents

ਉਹ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਵਿਚ ਪੈਦਾ ਹੋਏ

ਉਹ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਵਿਚ ਪੈਦਾ ਹੋਏ

ਉਹ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਵਿਚ ਪੈਦਾ ਹੋਏ

‘ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੁਣ ਲਿਆ ਕਿ ਤੁਸੀਂ ਉਸ ਦੀ ਨਿੱਜੀ ਪਰਜਾ ਹੋਵੋ।’—ਬਿਵਸਥਾ ਸਾਰ 7:6.

1, 2. ਯਹੋਵਾਹ ਨੇ ਆਪਣੇ ਲੋਕਾਂ ਦੀ ਖ਼ਾਤਰ ਕਿਹੜੇ ਵੱਡੇ-ਵੱਡੇ ਕੰਮ ਕੀਤੇ ਸਨ ਅਤੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਨਵਾਂ ਰਿਸ਼ਤਾ ਕਿਵੇਂ ਜੋੜਿਆ ਸੀ?

ਸੰਨ 1513 ਈ. ਪੂ. ਵਿਚ ਯਹੋਵਾਹ ਨੇ ਧਰਤੀ ਉੱਤੇ ਆਪਣੇ ਸੇਵਕਾਂ ਨਾਲ ਇਕ ਨਵਾਂ ਰਿਸ਼ਤਾ ਜੋੜਿਆ। ਉਸ ਸਾਲ ਉਸ ਨੇ ਵਿਸ਼ਵ ਸ਼ਕਤੀ ਮਿਸਰ ਦਾ ਅਪਮਾਨ ਕਰ ਕੇ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ। ਇਸ ਤਰ੍ਹਾਂ ਕਰਨ ਨਾਲ ਉਹ ਉਨ੍ਹਾਂ ਦਾ ਮੁਕਤੀਦਾਤਾ ਅਤੇ ਮਾਲਕ ਬਣ ਗਿਆ। ਇਸ ਸਭ ਕਰਨ ਤੋਂ ਪਹਿਲਾਂ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ: “ਇਸਰਾਏਲੀਆਂ ਨੂੰ ਆਖ, ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਮਿਸਰੀਆਂ ਦੀ ਬੇਗਾਰ ਹੇਠੋਂ ਕੱਢ ਲਵਾਂਗਾ ਅਰ ਮੈਂ ਤੁਹਾਨੂੰ ਉਨ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ ਦਿਆਂਗਾ ਅਰ ਮੈਂ ਆਪਣੀ ਬਾਂਹ ਲੰਮੀ ਕਰ ਕੇ ਵੱਡੇ ਨਿਆਵਾਂ ਨਾਲ ਤੁਹਾਨੂੰ ਛੁਡਾਵਾਂਗਾ। ਮੈਂ ਤੁਹਾਨੂੰ ਆਪਣੀ ਪਰਜਾ ਹੋਣ ਲਈ ਲਵਾਂਗਾ ਅਰ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।”—ਕੂਚ 6:6, 7; 15:1-7, 11.

2 ਮਿਸਰ ਛੱਡਣ ਤੋਂ ਥੋੜ੍ਹੀ ਦੇਰ ਬਾਅਦ ਯਹੋਵਾਹ ਪਰਮੇਸ਼ੁਰ ਨੇ ਇਸਰਾਏਲੀਆਂ ਨਾਲ ਇਕ ਨੇਮ ਬੰਨ੍ਹਿਆ ਸੀ। ਇਕੱਲੇ-ਇਕੱਲੇ ਵਿਅਕਤੀਆਂ, ਪਰਿਵਾਰਾਂ ਜਾਂ ਖ਼ਾਨਦਾਨਾਂ ਨੂੰ ਸੇਧ ਦੇਣ ਦੀ ਬਜਾਇ ਯਹੋਵਾਹ ਨੇ ਇਕ ਕੌਮ ਵਜੋਂ ਆਪਣੇ ਲੋਕਾਂ ਦੀ ਅਗਵਾਈ ਕਰਨੀ ਸੀ। (ਕੂਚ 19:5, 6; 24:7) ਉਸ ਨੇ ਉਨ੍ਹਾਂ ਨੂੰ ਰੋਜ਼ ਦੀ ਜ਼ਿੰਦਗੀ ਅਤੇ ਭਗਤੀ ਸੰਬੰਧੀ ਨਿਯਮ ਦਿੱਤੇ। ਮੂਸਾ ਨੇ ਉਨ੍ਹਾਂ ਨੂੰ ਕਿਹਾ: “ਕਿਹੜੀ ਵੱਡੀ ਕੌਮ ਹੈ ਜਿਹ ਦੇ ਲਈ ਪਰਮੇਸ਼ੁਰ ਐੱਨਾ ਨੇੜੇ ਹੈ ਜਿੰਨਾ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਨੇੜੇ ਹੈ ਜਦ ਕਦੀ ਅਸੀਂ ਉਸ ਦੇ ਅੱਗੇ ਬੇਨਤੀ ਕਰਦੇ ਹਾਂ? ਅਤੇ ਕਿਹੜੀ ਵੱਡੀ ਕੌਮ ਹੈ ਜਿਹ ਦੇ ਕੋਲ ਬਿਧੀਆਂ ਅਤੇ ਕਨੂਨ ਐੱਨੇ ਧਾਰਮਕ ਹਨ ਜਿੰਨੀ ਏਹ ਸਾਰੀ ਬਿਵਸਥਾ ਜਿਹੜੀ ਮੈਂ ਤੁਹਾਡੇ ਅੱਗੇ ਅੱਜ ਰੱਖਦਾ ਹਾਂ?”—ਬਿਵਸਥਾ ਸਾਰ 4:7, 8.

ਉਹ ਪਰਮੇਸ਼ੁਰ ਦੀ ਕੌਮ ਵਿਚ ਪੈਦਾ ਹੋਏ

3, 4. ਇਸਰਾਏਲੀਆਂ ਨੂੰ ਕੌਮ ਬਣਾਉਣ ਦਾ ਖ਼ਾਸ ਕਾਰਨ ਕੀ ਸੀ?

3 ਕਈ ਸਦੀਆਂ ਬਾਅਦ ਯਹੋਵਾਹ ਨੇ ਯਸਾਯਾਹ ਨਬੀ ਰਾਹੀਂ ਇਸਰਾਏਲੀਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਆਪਣੀ ਕੌਮ ਬਣਾਉਣ ਦਾ ਖ਼ਾਸ ਕਾਰਨ ਸੀ। ਯਸਾਯਾਹ ਨੇ ਕਿਹਾ: “ਉਹ ਜੋ ਤੇਰਾ ਕਰਤਾਰ ਹੈ, ਹੇ ਇਸਰਾਏਲ, ਉਹ ਜੋ ਤੇਰਾ ਸਿਰਜਣਹਾਰ ਹੈ, ਯਹੋਵਾਹ ਹੁਣ ਇਉਂ ਆਖਦਾ ਹੈ, ਨਾ ਡਰ, ਮੈਂ ਤੇਰਾ ਨਿਸਤਾਰਾ ਜੋ ਦਿੱਤਾ ਹੈ, ਮੈਂ ਤੇਰਾ ਨਾਉਂ ਲੈ ਕੇ ਤੈਨੂੰ ਜੋ ਬੁਲਾਇਆ ਹੈ, ਤੂੰ ਮੇਰਾ ਹੈਂ। ਮੈਂ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਇਸਰਾਏਲ ਦਾ ਪਵਿੱਤਰ ਪੁਰਖ, ਤੇਰਾ ਬਚਾਉਣ ਵਾਲਾ ਹਾਂ, . . . ਤੂੰ ਮੇਰੇ ਪੁੱਤ੍ਰਾਂ ਨੂੰ ਦੂਰ ਤੋਂ ਲਿਆ, ਅਤੇ ਮੇਰੀਆਂ ਧੀਆਂ ਨੂੰ ਧਰਤੀ ਦੀ ਹੱਦ ਤੋਂ, ਹਰੇਕ ਜੋ ਮੇਰੇ ਨਾਮ ਤੋਂ ਸਦਾਉਂਦਾ ਹੈ, ਜਿਹ ਨੂੰ ਮੈਂ ਆਪਣੇ ਪਰਤਾਪ ਲਈ ਉਤਪੰਨ ਕੀਤਾ, ਜਿਹ ਨੂੰ ਮੈਂ ਸਾਜਿਆ, ਹਾਂ, ਜਿਹ ਨੂੰ ਮੈਂ ਬਣਾਇਆ। ਤੁਸੀਂ ਮੇਰੇ ਗਵਾਹ ਹੋ, ਯਹੋਵਾਹ ਦਾ ਵਾਕ ਹੈ, ਨਾਲੇ ਮੇਰਾ ਦਾਸ ਜਿਹ ਨੂੰ ਮੈਂ ਚੁਣਿਆ, . . . ਮੈਂ ਇਸ ਪਰਜਾ ਨੂੰ ਆਪਣੇ ਲਈ ਸਾਜਿਆ, ਭਈ ਉਹ ਮੇਰੀ ਉਸਤਤ ਦਾ ਵਰਨਣ ਕਰੇ।”—ਯਸਾਯਾਹ 43:1, 3, 6, 7, 10, 21.

4 ਇਸਰਾਏਲੀਆਂ ਨਾਲ ਹੁਣ ਯਹੋਵਾਹ ਦਾ ਨਾਂ ਜੁੜ ਗਿਆ ਸੀ, ਇਸ ਲਈ ਉਨ੍ਹਾਂ ਨੇ ਕੌਮਾਂ ਨੂੰ ਗਵਾਹੀ ਦੇਣੀ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ। ਯਹੋਵਾਹ ਨੇ ਉਨ੍ਹਾਂ ਨੂੰ “ਆਪਣੇ ਪਰਤਾਪ ਲਈ ਉਤਪੰਨ ਕੀਤਾ” ਸੀ। ਉਨ੍ਹਾਂ ਨੇ ਯਹੋਵਾਹ ਦੇ ਮਹਾਨ ਕੰਮਾਂ ਬਾਰੇ ਦੱਸ ਕੇ ਉਸ ਦੀ “ਉਸਤਤ ਦਾ ਵਰਨਣ” ਕਰਨਾ ਸੀ ਅਤੇ ਇਸ ਤਰ੍ਹਾਂ ਉਸ ਦਾ ਪਵਿੱਤਰ ਨਾਂ ਰੌਸ਼ਨ ਕਰਨਾ ਸੀ। ਥੋੜ੍ਹੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਉਹ ਕੌਮ ਯਹੋਵਾਹ ਦੇ ਗਵਾਹਾਂ ਦੀ ਕੌਮ ਬਣ ਗਈ ਸੀ।

5. ਇਸਰਾਏਲ ਕਿਸ ਤਰੀਕੇ ਨਾਲ ਯਹੋਵਾਹ ਦੀ ਸਮਰਪਿਤ ਕੌਮ ਸੀ?

5 ਤਕਰੀਬਨ 3,000 ਸਾਲ ਪਹਿਲਾਂ ਰਾਜਾ ਸੁਲੇਮਾਨ ਨੇ ਸੰਕੇਤ ਦਿੱਤਾ ਸੀ ਕਿ ਇਸਰਾਏਲ ਯਹੋਵਾਹ ਦੀ ਸਮਰਪਿਤ ਕੌਮ ਸੀ। ਉਸ ਨੇ ਪ੍ਰਾਰਥਨਾ ਵਿਚ ਕਿਹਾ: “ਤੈਂ ਹੇ ਪ੍ਰਭੁ ਯਹੋਵਾਹ, ਉਨ੍ਹਾਂ ਨੂੰ ਧਰਤੀ ਦੇ ਸਾਰੇ ਲੋਕਾਂ ਤੋਂ ਆਪਣੀ ਵਿਰਾਸਤ ਹੋਣ ਲਈ ਵੱਖਰਾ ਕੀਤਾ।” (1 ਰਾਜਿਆਂ 8:53) ਨਾ ਕੇਵਲ ਪੂਰੀ ਕੌਮ ਦਾ, ਪਰ ਹਰ ਇਸਰਾਏਲੀ ਦਾ ਵੀ ਯਹੋਵਾਹ ਨਾਲ ਖ਼ਾਸ ਰਿਸ਼ਤਾ ਸੀ। ਮੂਸਾ ਨੇ ਉਨ੍ਹਾਂ ਨੂੰ ਕਿਹਾ ਸੀ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਪੁੱਤ੍ਰ ਹੋ। . . . ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਕ ਪਵਿੱਤ੍ਰ ਪਰਜਾ ਹੋ।” (ਬਿਵਸਥਾ ਸਾਰ 14:1, 2) ਇਸਰਾਏਲੀ ਜਨਮ ਤੋਂ ਹੀ ਪਰਮੇਸ਼ੁਰ ਦੀ ਖ਼ਾਸ ਪਰਜਾ ਦਾ ਹਿੱਸਾ ਬਣ ਜਾਂਦੇ ਸਨ। ਇਸ ਲਈ ਜਵਾਨ ਹੋਣ ਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਯਹੋਵਾਹ ਨੂੰ ਅਰਪਣ ਕਰਨ ਦੀ ਲੋੜ ਨਹੀਂ ਹੁੰਦੀ ਸੀ। (ਜ਼ਬੂਰਾਂ ਦੀ ਪੋਥੀ 79:13; 95:7) ਹਰ ਨਵੀਂ ਪੀੜ੍ਹੀ ਨੂੰ ਯਹੋਵਾਹ ਦੇ ਨਿਯਮ ਸਿਖਾਏ ਜਾਂਦੇ ਸਨ ਅਤੇ ਉਨ੍ਹਾਂ ਅਨੁਸਾਰ ਚੱਲਣਾ ਇਸਰਾਏਲੀਆਂ ਦਾ ਫ਼ਰਜ਼ ਸੀ ਕਿਉਂਕਿ ਯਹੋਵਾਹ ਨੇ ਉਨ੍ਹਾਂ ਨਾਲ ਨੇਮ ਬੰਨ੍ਹਿਆ ਸੀ।—ਬਿਵਸਥਾ ਸਾਰ 11:18, 19.

ਆਪ ਫ਼ੈਸਲਾ ਕਰਨ ਦੀ ਆਜ਼ਾਦੀ

6. ਹਰੇਕ ਇਸਰਾਏਲੀ ਨੇ ਕਿਹੜਾ ਫ਼ੈਸਲਾ ਕਰਨਾ ਸੀ?

6 ਭਾਵੇਂ ਇਸਰਾਏਲੀ ਇਕ ਸਮਰਪਿਤ ਕੌਮ ਦਾ ਹਿੱਸਾ ਸਨ, ਫਿਰ ਵੀ ਹਰੇਕ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰਨਾ ਪੈਂਦਾ ਸੀ। ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਪਹਿਲਾਂ ਮੂਸਾ ਨੇ ਉਨ੍ਹਾਂ ਨੂੰ ਕਿਹਾ: “ਮੈਂ ਅੱਜੋ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਨੂੰ ਗਵਾਹ ਬਣਾਉਂਦਾ ਹਾਂ ਭਈ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਏਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡੀ ਅੰਸ ਜੀਉਂਦੇ ਰਹੋ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਨੂੰ ਸੁਣੋ ਅਤੇ ਉਸ ਦੇ ਅੰਗ ਸੰਗ ਲੱਗੇ ਰਹੋ ਕਿਉਂ ਜੋ ਉਹ ਤੁਹਾਡਾ ਜੀਵਨ ਅਤੇ ਤੁਹਾਡੇ ਦਿਨਾਂ ਦੀ ਲਮਾਨ ਹੈ ਤਾਂ ਜੋ ਤੁਸੀਂ ਉਸ ਜ਼ਮੀਨ ਵਿੱਚ ਵੱਸਿਆ ਕਰੋ ਜਿਹੜੀ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਦੇਣ ਲਈ ਸੌਂਹ ਖਾਧੀ ਸੀ।” (ਬਿਵਸਥਾ ਸਾਰ 30:19, 20) ਹਰ ਇਸਰਾਏਲੀ ਨੇ ਆਪ ਯਹੋਵਾਹ ਨਾਲ ਪ੍ਰੇਮ ਰੱਖਣ, ਉਸ ਦੀ ਆਵਾਜ਼ ਸੁਣਨ ਅਤੇ ਉਸ ਦੇ ਅੰਗ-ਸੰਗ ਰਹਿਣ ਦਾ ਫ਼ੈਸਲਾ ਕਰਨਾ ਸੀ। ਇਸਰਾਏਲੀਆਂ ਨੂੰ ਫ਼ੈਸਲਾ ਕਰਨ ਦੀ ਆਜ਼ਾਦੀ ਦਿੱਤੀ ਗਈ ਸੀ, ਇਸ ਲਈ ਜੇ ਉਹ ਗ਼ਲਤ ਫ਼ੈਸਲਾ ਕਰਦੇ, ਤਾਂ ਉਨ੍ਹਾਂ ਨੂੰ ਇਸ ਦੇ ਬੁਰੇ ਨਤੀਜੇ ਵੀ ਭੁਗਤਣੇ ਪੈਣੇ ਸਨ।—ਬਿਵਸਥਾ ਸਾਰ 30:16-18.

7. ਯਹੋਸ਼ੁਆ ਦੀ ਪੀੜ੍ਹੀ ਦੀ ਮੌਤ ਤੋਂ ਬਾਅਦ ਕੀ ਹੋਇਆ ਸੀ?

7 ਨਿਆਈਆਂ ਦੇ ਸਮੇਂ ਦੌਰਾਨ ਇਸਰਾਏਲੀਆਂ ਦੀ ਵਫ਼ਾਦਾਰੀ ਅਤੇ ਬੇਵਫ਼ਾਈ ਦੇ ਨਤੀਜਿਆਂ ਬਾਰੇ ਬਾਈਬਲ ਵਿਚ ਸਾਫ਼ ਦੱਸਿਆ ਗਿਆ ਹੈ। ਉਸ ਸਮੇਂ ਤੋਂ ਪਹਿਲਾਂ ਇਸਰਾਏਲੀਆਂ ਨੇ ਯਹੋਸ਼ੁਆ ਦੀ ਚੰਗੀ ਮਿਸਾਲ ਉੱਤੇ ਚੱਲ ਕੇ ਯਹੋਵਾਹ ਤੋਂ ਬਰਕਤਾਂ ਪਾਈਆਂ ਸਨ। “ਓਹ ਲੋਕ ਯਹੋਸ਼ੁਆ ਦੇ ਜੀਉਂਦੇ ਜੀਅ ਅਤੇ ਜਦ ਤੀਕ ਓਹ ਬਜ਼ੁਰਗ ਜੀਉਂਦੇ ਰਹੇ ਜਿਹੜੇ ਯਹੋਸ਼ੁਆ ਦੇ ਪਿੱਛੋਂ ਜੀਉਂਦੇ ਸਨ ਜਿਨ੍ਹਾਂ ਨੇ ਯਹੋਵਾਹ ਦੇ ਸਾਰੇ ਵੱਡੇ ਕੰਮ ਡਿੱਠੇ ਜੋ ਉਸ ਨੇ ਇਸਰਾਏਲ ਦੇ ਲਈ ਕੀਤੇ ਤਦ ਤੀਕ ਯਹੋਵਾਹ ਦੀ ਉਪਾਸਨਾ ਕਰਦੇ ਰਹੇ।” ਪਰ ਯਹੋਸ਼ੁਆ ਦੀ ਮੌਤ ਤੋਂ ਕੁਝ ਦੇਰ ਬਾਅਦ “ਇੱਕ ਹੋਰ ਪੀੜ੍ਹੀ ਉੱਠੀ, ਜਿਸ ਨੇ ਨਾ ਯਹੋਵਾਹ ਨੂੰ ਨਾ ਉਸ ਕੰਮ ਨੂੰ ਜੋ ਉਸ ਨੇ ਇਸਰਾਏਲ ਦੇ ਲਈ ਕੀਤਾ ਸੀ ਜਾਤਾ। ਤਦ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਬੁਰਿਆਈ ਕੀਤੀ।” (ਨਿਆਈਆਂ 2:7, 10, 11) ਲੱਗਦਾ ਹੈ ਕਿ ਇਸ ਨਵੀਂ ਪੀੜ੍ਹੀ ਨੇ ਇਸ ਗੱਲ ਦੀ ਕਦਰ ਨਹੀਂ ਕੀਤੀ ਕਿ ਉਹ ਯਹੋਵਾਹ ਦੀ ਸਮਰਪਿਤ ਕੌਮ ਸੀ ਜਿਸ ਦੀ ਖ਼ਾਤਰ ਯਹੋਵਾਹ ਨੇ ਵੱਡੇ-ਵੱਡੇ ਕੰਮ ਕੀਤੇ ਸਨ।—ਜ਼ਬੂਰਾਂ ਦੀ ਪੋਥੀ 78:3-7, 10, 11.

ਸਮਰਪਣ ਦਾ ਸਬੂਤ

8, 9. (ੳ) ਬਿਵਸਥਾ ਵਿਚ ਕਿਹੜੇ ਪ੍ਰਬੰਧ ਕੀਤੇ ਗਏ ਸਨ ਜਿਨ੍ਹਾਂ ਰਾਹੀਂ ਇਸਰਾਏਲੀ ਦਿਖਾ ਸਕਦੇ ਸਨ ਕਿ ਉਹ ਦਿਲੋਂ ਯਹੋਵਾਹ ਨੂੰ ਸਮਰਪਿਤ ਸਨ? (ਅ) ਆਪਣੀ ਇੱਛਾ ਨਾਲ ਭੇਟ ਚੜ੍ਹਾਉਣ ਵਾਲਿਆਂ ਨੂੰ ਕੀ ਫ਼ਾਇਦਾ ਹੁੰਦਾ ਸੀ?

8 ਯਹੋਵਾਹ ਨੇ ਇਸਰਾਏਲ ਕੌਮ ਨੂੰ ਆਪਣੇ ਸਮਰਪਣ ਤੇ ਖਰੇ ਉਤਰਨ ਦੇ ਕਈ ਮੌਕੇ ਦਿੱਤੇ। ਮਿਸਾਲ ਲਈ, ਬਿਵਸਥਾ ਵਿਚ ਭੇਟਾਂ ਜਾਂ ਬਲੀਆਂ ਚੜ੍ਹਾਉਣ ਦੇ ਕਈ ਪ੍ਰਬੰਧ ਸਨ ਜਿਨ੍ਹਾਂ ਵਿੱਚੋਂ ਕਈ ਲਾਜ਼ਮੀ ਤੇ ਕਈ ਆਪਣੀ ਇੱਛਾ ਨਾਲ ਚੜ੍ਹਾਏ ਜਾਂਦੇ ਸਨ। (ਇਬਰਾਨੀਆਂ 8:3) ਮਿਸਾਲ ਲਈ, ਹੋਮ ਬਲੀ, ਮੈਦੇ ਦੀ ਭੇਟ ਅਤੇ ਸੁਖ-ਸਾਂਦ ਦੀਆਂ ਬਲੀਆਂ ਆਪਣੀ ਇੱਛਾ ਨਾਲ ਚੜ੍ਹਾਈਆਂ ਜਾਂਦੀਆਂ ਸਨ। ਇਹ ਯਹੋਵਾਹ ਦਾ ਧੰਨਵਾਦ ਕਰਨ ਲਈ ਜਾਂ ਉਸ ਦੀ ਕਿਰਪਾ ਹਾਸਲ ਕਰਨ ਲਈ ਦਿੱਤੀਆਂ ਜਾਂਦੀਆਂ ਸਨ।—ਲੇਵੀਆਂ 7:11-13.

9 ਇਨ੍ਹਾਂ ਬਲੀਆਂ ਤੋਂ ਯਹੋਵਾਹ ਬਹੁਤ ਖ਼ੁਸ਼ ਹੁੰਦਾ ਸੀ। ਬਾਈਬਲ ਵਿਚ ਲਿਖਿਆ ਹੈ ਕਿ ਹੋਮ ਬਲੀ ਅਤੇ ਮੈਦੇ ਦੀ ਭੇਟ “ਯਹੋਵਾਹ ਦੇ ਅੱਗੇ ਇੱਕ ਸੁਗੰਧਤਾ” ਸੀ। (ਲੇਵੀਆਂ 1:9; 2:2) ਸੁਖ-ਸਾਂਦ ਦੀ ਬਲੀ ਵਿਚ ਯਹੋਵਾਹ ਨੂੰ ਬਲੀ ਦੇ ਜਾਨਵਰ ਦਾ ਲਹੂ ਅਤੇ ਚਰਬੀ ਚੜ੍ਹਾਈ ਜਾਂਦੀ ਸੀ, ਜਿਸ ਤੋਂ ਬਾਅਦ ਜਾਜਕ ਅਤੇ ਬਲੀ ਚੜ੍ਹਾਉਣ ਵਾਲਾ ਦੋਵੇਂ ਬਲੀ ਦਾ ਮੀਟ ਖਾਂਦੇ ਸਨ। ਕਿਹਾ ਜਾ ਸਕਦਾ ਹੈ ਕਿ ਯਹੋਵਾਹ, ਜਾਜਕ ਅਤੇ ਬਲੀ ਚੜ੍ਹਾਉਣ ਵਾਲਾ ਵਿਅਕਤੀ ਸਾਂਝਾ ਭੋਜਨ ਛਕਦੇ ਸਨ। ਇਹ ਯਹੋਵਾਹ ਨਾਲ ਇਕ ਸ਼ਾਂਤਮਈ ਰਿਸ਼ਤੇ ਨੂੰ ਦਰਸਾਉਂਦਾ ਸੀ। ਬਿਵਸਥਾ ਵਿਚ ਲਿਖਿਆ ਸੀ: “ਜੇ ਤੁਸੀਂ ਯਹੋਵਾਹ ਦੇ ਅੱਗੇ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਓ, ਤਾਂ ਤੁਸਾਂ ਆਪਣੇ ਕਬੂਲੇ ਜਾਣ ਲਈ ਚੜ੍ਹਾਉਣੀ।” (ਲੇਵੀਆਂ 19:5) ਭਾਵੇਂ ਸਾਰੇ ਇਸਰਾਏਲੀ ਜਨਮ ਤੋਂ ਯਹੋਵਾਹ ਦੀ ਸਮਰਪਿਤ ਕੌਮ ਦਾ ਹਿੱਸਾ ਸਨ, ਪਰ ਉਹ ਆਪਣੀ ਮਰਜ਼ੀ ਨਾਲ ਭੇਟ ਚੜ੍ਹਾ ਕੇ ਦਿਖਾ ਸਕਦੇ ਸਨ ਕਿ ਉਹ ਦਿਲੋਂ ਯਹੋਵਾਹ ਨੂੰ ਸਮਰਪਿਤ ਸਨ। ਇਸ ਤਰ੍ਹਾਂ ਉਨ੍ਹਾਂ ਨੇ ਯਹੋਵਾਹ ਵੱਲੋਂ “ਕਬੂਲੇ” ਜਾਣਾ ਸੀ ਤੇ ਉਸ ਤੋਂ ਬਰਕਤਾਂ ਪਾਉਣੀਆਂ ਸਨ।—ਮਲਾਕੀ 3:10.

10. ਯਸਾਯਾਹ ਅਤੇ ਮਲਾਕੀ ਦੇ ਦਿਨਾਂ ਵਿਚ ਯਹੋਵਾਹ ਨੇ ਇਸਰਾਏਲੀਆਂ ਦੀਆਂ ਭੇਟਾਂ ਬਾਰੇ ਕੀ ਕਿਹਾ ਸੀ?

10 ਕਈ ਵਾਰ ਇਸਰਾਏਲ ਕੌਮ ਯਹੋਵਾਹ ਪ੍ਰਤੀ ਵਫ਼ਾਦਾਰ ਨਹੀਂ ਰਹੀ। ਯਸਾਯਾਹ ਨਬੀ ਰਾਹੀਂ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: ‘ਤੁਸੀਂ ਮੇਰੇ ਲਈ ਆਪਣੀਆਂ ਹੋਮ ਬਲੀਆਂ ਦੇ ਲੇਲੇ ਨਹੀਂ ਲਿਆਏ, ਤੁਸੀਂ ਆਪਣੀਆਂ ਬਲੀਆਂ ਨਾਲ ਮੈਨੂੰ ਆਦਰ ਨਹੀਂ ਦਿੱਤਾ। ਮੈਂ ਮੈਦੇ ਦੀ ਭੇਟ ਦਾ ਭਾਰ ਤੁਹਾਡੇ ਉੱਤੇ ਨਹੀਂ ਪਾਇਆ।’ (ਯਸਾਯਾਹ 43:23) ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਬਲੀਆਂ ਦਾ ਕੋਈ ਮੁੱਲ ਨਹੀਂ ਸੀ ਜੋ ਪਿਆਰ ਤੇ ਖ਼ੁਸ਼ੀ ਨਾਲ ਨਹੀਂ ਦਿੱਤੀਆਂ ਜਾਂਦੀਆਂ ਸਨ। ਮਿਸਾਲ ਲਈ, ਯਸਾਯਾਹ ਤੋਂ ਤਿੰਨ ਸਦੀਆਂ ਬਾਅਦ ਮਲਾਕੀ ਨਬੀ ਦੇ ਦਿਨਾਂ ਵਿਚ ਇਸਰਾਏਲੀ ਬੀਮਾਰ ਤੇ ਲੰਗੜੇ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਂਦੇ ਸਨ। ਇਸ ਲਈ ਮਲਾਕੀ ਨੇ ਉਨ੍ਹਾਂ ਨੂੰ ਕਿਹਾ: “ਸੈਨਾਂ ਦਾ ਯਹੋਵਾਹ ਆਖਦਾ ਹੈ, ਮੈਂ ਤੁਹਾਥੋਂ ਪਰਸੰਨ ਨਹੀਂ ਹਾਂ ਅਤੇ ਤੁਹਾਡੇ ਹੱਥਾਂ ਦਾ ਚੜ੍ਹਾਵਾ ਕਬੂਲ ਨਹੀਂ ਕਰਾਂਗਾ। . . . ਤੁਸੀਂ ਲੁੱਟ ਦਾ ਮਾਲ ਲਿਆਉਂਦੇ ਹੋ, ਲੰਙੇ ਨੂੰ ਯਾ ਬਿਮਾਰ ਨੂੰ, ਇਹ ਭੇਟ ਤੁਸੀਂ ਲਿਆਉਂਦੇ ਹੋ! ਕੀ ਮੈਂ ਇਹ ਤੁਹਾਡੇ ਹੱਥੋਂ ਕਬੂਲ ਕਰਾਂਗਾ? ਯਹੋਵਾਹ ਆਖਦਾ ਹੈ।”—ਮਲਾਕੀ 1:10, 13; ਆਮੋਸ 5:22.

ਇਸਰਾਏਲ ਕੌਮ ਨੂੰ ਰੱਦ ਕੀਤਾ ਗਿਆ

11. ਇਸਰਾਏਲ ਕੌਮ ਨੂੰ ਕਿਹੜਾ ਮੌਕਾ ਦਿੱਤਾ ਗਿਆ ਸੀ?

11 ਜਦ ਇਸਰਾਏਲੀ ਯਹੋਵਾਹ ਦੀ ਸਮਰਪਿਤ ਕੌਮ ਬਣੇ, ਤਾਂ ਯਹੋਵਾਹ ਨੇ ਉਨ੍ਹਾਂ ਨਾਲ ਇਹ ਵਾਅਦਾ ਕੀਤਾ ਸੀ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ ਕਿਉਂ ਜੋ ਸਾਰੀ ਧਰਤੀ ਮੇਰੀ ਹੈ। ਅਤੇ ਤੁਸੀਂ ਮੇਰੇ ਲਈ ਜਾਜਕਾਂ ਦੀ ਬਾਦਸ਼ਾਹੀ ਅਤੇ ਪਵਿੱਤ੍ਰ ਕੌਮ ਹੋਵੋਗੇ।” (ਕੂਚ 19:5, 6) ਵਾਅਦਾ ਕੀਤੇ ਹੋਏ ਮਸੀਹਾ ਨੇ ਉਨ੍ਹਾਂ ਦੀ ਕੌਮ ਵਿਚ ਪੈਦਾ ਹੋਣਾ ਸੀ ਤੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦੇ ਮੈਂਬਰ ਬਣਨ ਦਾ ਮੌਕਾ ਮਿਲਣਾ ਸੀ। (ਉਤਪਤ 22:17, 18; 49:10; 2 ਸਮੂਏਲ 7:12, 16; ਲੂਕਾ 1:31-33; ਰੋਮੀਆਂ 9:4, 5) ਪਰ ਜ਼ਿਆਦਾਤਰ ਇਸਰਾਏਲੀ ਆਪਣੇ ਸਮਰਪਣ ਉੱਤੇ ਖਰੇ ਨਹੀਂ ਉਤਰੇ। (ਮੱਤੀ 22:14) ਉਨ੍ਹਾਂ ਨੇ ਮਸੀਹਾ ਨੂੰ ਠੁਕਰਾਇਆ ਅਤੇ ਉਸ ਦੀ ਜਾਨ ਲੈ ਲਈ।—ਰਸੂਲਾਂ ਦੇ ਕਰਤੱਬ 7:51-53.

12. ਯਿਸੂ ਦੀਆਂ ਕਿਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਇਸਰਾਏਲ ਕੌਮ ਨੂੰ ਠੁਕਰਾ ਦਿੱਤਾ ਸੀ?

12 ਯਿਸੂ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਯਹੂਦੀ ਧਾਰਮਿਕ ਆਗੂਆਂ ਨੂੰ ਕਿਹਾ: “ਭਲਾ ਤੁਸਾਂ ਲਿਖਤਾਂ ਵਿੱਚ ਕਦੇ ਨਹੀਂ ਪੜ੍ਹਿਆ ਜਿਸ ਪੱਥਰ ਨੂੰ ਰਾਜਾਂ ਨੇ ਰੱਦਿਆ, ਸੋਈ ਖੂੰਜੇ ਦਾ ਸਿਰਾ ਹੋ ਗਿਆ। ਇਹ ਪ੍ਰਭੁ ਦੀ ਵੱਲੋਂ ਹੋਇਆ, ਅਤੇ ਸਾਡੀ ਨਜ਼ਰ ਵਿੱਚ ਅਚਰਜ ਹੈ। ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਪਰਮੇਸ਼ੁਰ ਦਾ ਰਾਜ ਤੁਹਾਥੋਂ ਖੋਹਿਆ ਅਤੇ ਪਰਾਈ ਕੌਮ ਨੂੰ ਜਿਹੜੀ ਉਹ ਦੇ ਫਲ ਦੇਵੇ ਦਿੱਤਾ ਜਾਵੇਗਾ।” (ਮੱਤੀ 21:42, 43) ਯਿਸੂ ਦੀ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਇਕ ਕੌਮ ਵਜੋਂ ਇਸਰਾਏਲ ਨੂੰ ਠੁਕਰਾ ਦਿੱਤਾ ਸੀ: “ਹੇ ਯਰੂਸ਼ਲਮ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਕਤਲ ਕਰਦਾ ਹੈਂ ਅਤੇ ਉਨ੍ਹਾਂ ਨੂੰ ਜਿਹੜੇ ਤੇਰੇ ਕੋਲ ਘੱਲੇ ਗਏ ਪਥਰਾਉ ਕਰਦਾ ਹੈਂ ਮੈਂ ਕਿੰਨੀ ਵਾਰੀ ਚਾਹਿਆ ਜੋ ਤੇਰੇ ਬਾਲਕਾਂ ਨੂੰ ਉਸੇ ਤਰਾਂ ਇਕੱਠੇ ਕਰਾਂ ਜਿਸ ਤਰਾਂ ਕੁੱਕੜੀ ਆਪਣੇ ਬੱਚਿਆਂ ਨੂੰ ਖੰਭਾਂ ਦੇ ਹੇਠ ਇਕੱਠੇ ਕਰਦੀ ਹੈ ਪਰ ਤੁਸਾਂ ਨਾ ਚਾਹਿਆ। ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।”—ਮੱਤੀ 23:37, 38.

ਇਕ ਨਵੀਂ ਸਮਰਪਿਤ ਕੌਮ

13. ਯਿਰਮਿਯਾਹ ਦੇ ਦਿਨਾਂ ਵਿਚ ਯਹੋਵਾਹ ਨੇ ਕਿਹੜੀ ਭਵਿੱਖਬਾਣੀ ਕੀਤੀ ਸੀ?

13 ਯਿਰਮਿਯਾਹ ਨਬੀ ਦੇ ਦਿਨਾਂ ਵਿਚ ਯਹੋਵਾਹ ਨੇ ਆਪਣੇ ਲੋਕਾਂ ਬਾਰੇ ਇਕ ਨਵੀਂ ਗੱਲ ਕਹੀ ਸੀ। ਅਸੀਂ ਪੜ੍ਹਦੇ ਹਾਂ: “ਵੇਖੋ, ਓਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ। ਉਸ ਨੇਮ ਵਾਂਙੁ ਨਹੀਂ ਜਿਹੜਾ ਓਹਨਾਂ ਦੇ ਪਿਉ ਦਾਦਿਆਂ ਨਾਲ ਬੰਨ੍ਹਿਆਂ ਜਿਸ ਦਿਨ ਮੈਂ ਓਹਨਾਂ ਦਾ ਹੱਥ ਫੜਿਆ ਭਈ ਓਹਨਾਂ ਨੂੰ ਮਿਸਰ ਦੇਸ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਓਹਨਾਂ ਨੇ ਤੋੜ ਦਿੱਤਾ ਭਾਵੇਂ ਮੈਂ ਓਹਨਾਂ ਦਾ ਵਿਆਂਧੜ ਸਾਂ, ਯਹੋਵਾਹ ਦਾ ਵਾਕ ਹੈ। ਏਹ ਉਹ ਨੇਮ ਹੈ ਜਿਹੜਾ ਮੈਂ ਓਹਨਾਂ ਦਿਨਾਂ ਦੇ ਪਿੱਛੋਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਆਪਣੀ ਬਿਵਸਥਾ ਨੂੰ ਓਹਨਾਂ ਦੇ ਅੰਦਰ ਰੱਖਾਂਗਾ ਅਤੇ ਓਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਓਹਨਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਓਹ ਮੇਰੀ ਪਰਜਾ ਹੋਣਗੇ।”—ਯਿਰਮਿਯਾਹ 31:31-33.

14. ਯਹੋਵਾਹ ਦੀ ਨਵੀਂ ਸਮਰਪਿਤ ਕੌਮ ਕਦੋਂ ਅਤੇ ਕਿਸ ਆਧਾਰ ਤੇ ਬਣੀ ਸੀ? ਇਹ ਨਵੀਂ ਕੌਮ ਕੀ ਹੈ?

14 ਇਸ ਨਵੇਂ ਨੇਮ ਦੀ ਨੀਂਹ ਉਦੋਂ ਰੱਖੀ ਗਈ ਜਦ 33 ਈ. ਵਿਚ ਯਿਸੂ ਨੇ ਆਪਣੀ ਮੌਤ ਤੋਂ ਬਾਅਦ ਸਵਰਗ ਜਾ ਕੇ ਆਪਣੇ ਵਹਾਏ ਗਏ ਲਹੂ ਦੀ ਕੀਮਤ ਯਹੋਵਾਹ ਨੂੰ ਪੇਸ਼ ਕੀਤੀ ਸੀ। (ਲੂਕਾ 22:20; ਇਬਰਾਨੀਆਂ 9:15, 24-26) ਪਰ ਨਵਾਂ ਨੇਮ ਉਦੋਂ ਅਮਲ ਵਿਚ ਲਿਆਂਦਾ ਗਿਆ ਜਦੋਂ 33 ਈ. ਵਿਚ ਪੰਤੇਕੁਸਤ ਦੇ ਦਿਨ ਤੇ ਪਵਿੱਤਰ ਆਤਮਾ ਵਹਾਏ ਜਾਣ ਨਾਲ ਇਕ ਨਵੀਂ ਕੌਮ ਹੋਂਦ ਵਿਚ ਆਈ ਯਾਨੀ ‘ਪਰਮੇਸ਼ੁਰ ਦਾ ਇਸਰਾਏਲ।’ (ਗਲਾਤੀਆਂ 6:16; ਰੋਮੀਆਂ 2:28, 29; 9:6; 11:25, 26) ਪਵਿੱਤਰ ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖਦੇ ਹੋਏ ਪਤਰਸ ਰਸੂਲ ਨੇ ਕਿਹਾ: “ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ। ਤੁਸੀਂ ਤਾਂ ਅੱਗੇ ਪਰਜਾ ਹੀ ਨਾ ਸਾਓ ਪਰ ਹੁਣ ਪਰਮੇਸ਼ੁਰ ਦੀ ਪਰਜਾ ਹੋ ਗਏ ਹੋ।” (1 ਪਤਰਸ 2:9, 10) ਯਹੋਵਾਹ ਦਾ ਪੈਦਾਇਸ਼ੀ ਇਸਰਾਏਲ ਨਾਲ ਜੋ ਖ਼ਾਸ ਰਿਸ਼ਤਾ ਸੀ ਉਹ ਹੁਣ ਖ਼ਤਮ ਹੋ ਗਿਆ ਸੀ। ਸੰਨ 33 ਈ. ਵਿਚ ਯਹੋਵਾਹ ਦੀ ਮਿਹਰ ਅਧਿਆਤਮਿਕ ਇਸਰਾਏਲ ਯਾਨੀ ਮਸੀਹੀ ਕਲੀਸਿਯਾ ਉੱਤੇ ਸੀ। ਇਹ ਉਹ ਕੌਮ ਸੀ ਜਿਹੜੀ ਪਰਮੇਸ਼ੁਰ ਦੇ ਰਾਜ ਦਾ ਫਲ ਦਿੰਦੀ ਸੀ।—ਮੱਤੀ 21:43.

ਹਰ ਇਕ ਦਾ ਆਪਣਾ ਸਮਰਪਣ

15. ਸੰਨ 33 ਈ. ਦੇ ਪੰਤੇਕੁਸਤ ਦੇ ਦਿਨ ਤੇ ਪਤਰਸ ਨੇ ਲੋਕਾਂ ਨੂੰ ਕਿਹੜਾ ਬਪਤਿਸਮਾ ਲੈਣ ਲਈ ਕਿਹਾ ਸੀ?

15 ਸੰਨ 33 ਈ. ਦੇ ਪੰਤੇਕੁਸਤ ਤੋਂ ਬਾਅਦ ਹਰੇਕ ਯਹੂਦੀ ਅਤੇ ਗ਼ੈਰ-ਯਹੂਦੀ ਲਈ ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ “ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ” ਬਪਤਿਸਮਾ ਲੈਣਾ ਜ਼ਰੂਰੀ ਸੀ। * (ਮੱਤੀ 28:19) ਪੰਤੇਕੁਸਤ ਦੇ ਦਿਨ ਤੇ ਪਤਰਸ ਨੇ ਯਹੂਦੀਆਂ ਅਤੇ ਯਹੂਦੀ ਧਰਮ ਅਪਣਾਉਣ ਵਾਲੇ ਪਰਦੇਸੀਆਂ ਨੂੰ ਕਿਹਾ: “ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ ਤਾਂ ਪਵਿੱਤ੍ਰ ਆਤਮਾ ਦਾ ਦਾਨ ਪਾਓਗੇ।” (ਰਸੂਲਾਂ ਦੇ ਕਰਤੱਬ 2:38) ਬਪਤਿਸਮਾ ਲੈ ਕੇ ਉਹ ਸਿਰਫ਼ ਇਹ ਹੀ ਨਹੀਂ ਦਿਖਾਉਂਦੇ ਸਨ ਕਿ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਯਹੋਵਾਹ ਨੂੰ ਸੌਂਪੀਆਂ ਸਨ, ਪਰ ਇਹ ਵੀ ਕਿ ਉਨ੍ਹਾਂ ਨੇ ਯਿਸੂ ਮਸੀਹ ਨੂੰ ਸਵੀਕਾਰ ਕੀਤਾ ਸੀ ਜਿਸ ਦੇ ਰਾਹੀਂ ਉਨ੍ਹਾਂ ਦੇ ਪਾਪ ਮਾਫ਼ ਕੀਤੇ ਜਾ ਸਕਦੇ ਸਨ। ਉਨ੍ਹਾਂ ਨੂੰ ਇਹ ਮੰਨਣ ਦੀ ਲੋੜ ਸੀ ਕਿ ਯਹੋਵਾਹ ਨੇ ਯਿਸੂ ਨੂੰ ਪ੍ਰਧਾਨ ਜਾਜਕ, ਉਨ੍ਹਾਂ ਦਾ ਆਗੂ ਅਤੇ ਮਸੀਹੀ ਕਲੀਸਿਯਾ ਦਾ ਸਿਰ ਬਣਾਇਆ ਸੀ।—ਕੁਲੁੱਸੀਆਂ 1:13, 14, 18.

16. ਪੌਲੁਸ ਦੇ ਦਿਨਾਂ ਵਿਚ ਨੇਕਦਿਲ ਯਹੂਦੀ ਤੇ ਗ਼ੈਰ-ਯਹੂਦੀ ਅਧਿਆਤਮਿਕ ਇਸਰਾਏਲ ਦੇ ਮੈਂਬਰ ਕਿਵੇਂ ਬਣੇ?

16 ਕਈ ਸਾਲ ਬਾਅਦ ਪੌਲੁਸ ਰਸੂਲ ਨੇ ਕਿਹਾ ਕਿ ਉਸ ਨੇ “ਪਹਿਲਾਂ ਦੰਮਿਸਕ ਦੇ ਰਹਿਣ ਵਾਲਿਆਂ ਨੂੰ ਅਤੇ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਦੇਸ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਉਪਦੇਸ਼ ਕੀਤਾ ਭਈ ਤੋਬਾ ਕਰੋ ਅਤੇ ਪਰਮੇਸ਼ੁਰ ਦੀ ਵੱਲ ਮੁੜੋ ਅਤੇ ਤੋਬਾ ਦੇ ਲਾਇਕ ਕੰਮ ਕਰੋ।” (ਰਸੂਲਾਂ ਦੇ ਕਰਤੱਬ 26:20) ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਨੂੰ ਮਨਾਉਣ ਤੋਂ ਬਾਅਦ ਕਿ ਯਿਸੂ ਹੀ ਮਸੀਹਾ ਸੀ, ਪੌਲੁਸ ਨੇ ਉਨ੍ਹਾਂ ਦੀ ਯਹੋਵਾਹ ਨੂੰ ਆਪਣਾ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਵਿਚ ਮਦਦ ਕੀਤੀ। (ਰਸੂਲਾਂ ਦੇ ਕਰਤੱਬ 16:14, 15, 31-33; 17:3, 4; 18:8) ਪਰਮੇਸ਼ੁਰ ਵੱਲ ਮੁੜ ਕੇ ਇਹ ਨਵੇਂ ਚੇਲੇ ਅਧਿਆਤਮਿਕ ਇਸਰਾਏਲ ਦੇ ਮੈਂਬਰ ਬਣ ਗਏ।

17. ਕਿਹੜਾ ਕੰਮ ਪੂਰਾ ਹੋਣ ਵਾਲਾ ਹੈ ਅਤੇ ਹੋਰ ਕਿਹੜਾ ਕੰਮ ਹੋ ਰਿਹਾ ਹੈ?

17 ਅੱਜ ਅਧਿਆਤਮਿਕ ਇਸਰਾਏਲ ਦੇ ਮੈਂਬਰਾਂ ਉੱਤੇ ਆਖ਼ਰੀ ਮੋਹਰ ਲੱਗਣ ਦਾ ਕੰਮ ਪੂਰਾ ਹੋਣ ਹੀ ਵਾਲਾ ਹੈ। ਜਦ ਇਹ ਮੋਹਰ ਲੱਗ ਜਾਵੇਗੀ, ਤਾਂ ਪਰਕਾਸ਼ ਦੀ ਪੋਥੀ ਵਿਚ ਦੱਸੇ ਗਏ ‘ਚਾਰ ਦੂਤਾਂ’ ਨੂੰ “ਵੱਡੀ ਬਿਪਤਾ” ਦੌਰਾਨ ਤਬਾਹੀ ਦੀਆਂ ਪੌਣਾਂ ਨੂੰ ਛੱਡ ਦੇਣ ਦਾ ਹੁਕਮ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਇਨਸਾਨਾਂ ਦੀ “ਵੱਡੀ ਭੀੜ” ਨੂੰ ਇਕੱਠਾ ਕੀਤਾ ਜਾ ਰਿਹਾ ਹੈ ਜੋ ਧਰਤੀ ਉੱਤੇ ਹਮੇਸ਼ਾ ਲਈ ਜੀਉਣ ਦੀ ਉਮੀਦ ਰੱਖਦੇ ਹਨ। ਇਨ੍ਹਾਂ ‘ਹੋਰ ਭੇਡਾਂ’ ਨੇ “ਲੇਲੇ ਦੇ ਲਹੂ” ਵਿਚ ਨਿਹਚਾ ਕਰਨ ਦਾ ਫ਼ੈਸਲਾ ਕਰ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸੌਂਪੀ ਹੈ ਤੇ ਬਪਤਿਸਮਾ ਲਿਆ ਹੈ। (ਪਰਕਾਸ਼ ਦੀ ਪੋਥੀ 7:1-4, 9-15; 22:17; ਯੂਹੰਨਾ 10:16; ਮੱਤੀ 28:19, 20) ਉਨ੍ਹਾਂ ਵਿਚ ਅਜਿਹੇ ਬਹੁਤ ਸਾਰੇ ਨੌਜਵਾਨ ਹਨ ਜਿਨ੍ਹਾਂ ਦੇ ਮਾਪੇ ਯਹੋਵਾਹ ਦੇ ਗਵਾਹ ਹਨ। ਜੇ ਤੁਸੀਂ ਇਨ੍ਹਾਂ ਨੌਜਵਾਨਾਂ ਵਿੱਚੋਂ ਇਕ ਹੋ, ਤਾਂ ਤੁਸੀਂ ਅਗਲਾ ਲੇਖ ਜ਼ਰੂਰ ਪੜ੍ਹਨਾ ਚਾਹੋਗੇ।

[ਫੁਟਨੋਟ]

ਇਨ੍ਹਾਂ ਸਵਾਲਾਂ ਉੱਤੇ ਗੌਰ ਕਰੋ

• ਜਵਾਨ ਹੋਣ ਤੇ ਇਸਰਾਏਲੀਆਂ ਨੂੰ ਨਿੱਜੀ ਤੌਰ ਤੇ ਯਹੋਵਾਹ ਨੂੰ ਆਪਣਾ ਸਮਰਪਣ ਕਰਨ ਦੀ ਲੋੜ ਕਿਉਂ ਨਹੀਂ ਸੀ?

• ਇਸਰਾਏਲੀ ਕਿਵੇਂ ਦਿਖਾ ਸਕਦੇ ਸਨ ਕਿ ਉਹ ਦਿਲੋਂ ਯਹੋਵਾਹ ਨੂੰ ਸਮਰਪਿਤ ਸਨ?

• ਯਹੋਵਾਹ ਨੇ ਇਸਰਾਏਲ ਕੌਮ ਨੂੰ ਕਿਉਂ ਰੱਦ ਕੀਤਾ ਸੀ ਅਤੇ ਉਸ ਦੀ ਥਾਂ ਕਿਹੜੀ ਕੌਮ ਨੂੰ ਚੁਣਿਆ ਸੀ?

• ਸੰਨ 33 ਈ. ਦੇ ਪੰਤੇਕੁਸਤ ਤੋਂ ਬਾਅਦ ਯਹੂਦੀਆਂ ਅਤੇ ਗ਼ੈਰ-ਯਹੂਦੀਆਂ ਨੂੰ ਅਧਿਆਤਮਿਕ ਇਸਰਾਏਲ ਦੇ ਮੈਂਬਰ ਬਣਨ ਲਈ ਕੀ ਕਰਨ ਦੀ ਲੋੜ ਸੀ?

[ਸਵਾਲ]

[ਸਫ਼ਾ 21 ਉੱਤੇ ਤਸਵੀਰ]

ਇਸਰਾਏਲੀ ਜਨਮ ਤੋਂ ਹੀ ਪਰਮੇਸ਼ੁਰ ਦੀ ਚੁਣੀ ਹੋਈ ਕੌਮ ਦੇ ਮੈਂਬਰ ਸਨ

[ਸਫ਼ਾ 23 ਉੱਤੇ ਤਸਵੀਰ]

ਹਰੇਕ ਇਸਰਾਏਲੀ ਨੇ ਯਹੋਵਾਹ ਦੀ ਸੇਵਾ ਕਰਨ ਦਾ ਆਪ ਫ਼ੈਸਲਾ ਕਰਨਾ ਸੀ

[ਸਫ਼ਾ 23 ਉੱਤੇ ਤਸਵੀਰ]

ਆਪਣੀ ਇੱਛਾ ਨਾਲ ਬਲੀਆਂ ਚੜ੍ਹਾ ਕੇ ਇਸਰਾਏਲੀ ਲੋਕ ਯਹੋਵਾਹ ਲਈ ਆਪਣਾ ਪਿਆਰ ਜ਼ਾਹਰ ਕਰਦੇ ਸਨ

[ਸਫ਼ਾ 25 ਉੱਤੇ ਤਸਵੀਰ]

ਸੰਨ 33 ਈ. ਦੇ ਪੰਤੇਕੁਸਤ ਤੋਂ ਬਾਅਦ ਯਿਸੂ ਦੇ ਚੇਲਿਆਂ ਲਈ ਯਹੋਵਾਹ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਲੈਣਾ ਜ਼ਰੂਰੀ ਹੋ ਗਿਆ