Skip to content

Skip to table of contents

ਧੀਰਜ ਧਰਨ ਦਾ ਮੈਨੂੰ ਮਿੱਠਾ ਫਲ ਮਿਲਿਆ

ਧੀਰਜ ਧਰਨ ਦਾ ਮੈਨੂੰ ਮਿੱਠਾ ਫਲ ਮਿਲਿਆ

ਜੀਵਨੀ

ਧੀਰਜ ਧਰਨ ਦਾ ਮੈਨੂੰ ਮਿੱਠਾ ਫਲ ਮਿਲਿਆ

ਮਾਰੀਓ ਰੋਸ਼ਾ ਡੀਸੂਜ਼ਾ ਦੀ ਜ਼ਬਾਨੀ

“ਲੱਗਦਾ ਨਹੀਂ ਸ਼੍ਰੀਮਾਨ ਰੋਸ਼ਾ ਓਪਰੇਸ਼ਨ ਤੋਂ ਜ਼ਿੰਦਾ ਬਚ ਪਾਉਣਗੇ।” ਡਾਕਟਰ ਦੇ ਇਨ੍ਹਾਂ ਸ਼ਬਦਾਂ ਦੇ ਬਾਵਜੂਦ ਮੈਂ ਪਿੱਛਲੇ 20 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਕਾਈ ਕਰ ਰਿਹਾ ਹਾਂ। ਇਨ੍ਹਾਂ ਸਾਲਾਂ ਦੌਰਾਨ ਮੁਸ਼ਕਲਾਂ ਨਾਲ ਲੜਨ ਦੀ ਹਿੰਮਤ ਮੈਨੂੰ ਕਿੱਥੋਂ ਮਿਲੀ?

ਮੇਰਾ ਬਚਪਨ ਉੱਤਰ-ਪੂਰਬੀ ਬ੍ਰਾਜ਼ੀਲ ਦੇ ਬਾਹੀਆ ਇਲਾਕੇ ਦੇ ਸਾਂਟੂ ਏਸਟਾਵਾਊਂ ਪਿੰਡ ਦੇ ਲਾਗੇ ਇਕ ਫਾਰਮ ਵਿਚ ਬੀਤਿਆ। ਸੱਤਾਂ ਸਾਲਾਂ ਦੀ ਉਮਰ ਤੇ ਮੈਂ ਖੇਤੀ-ਬਾੜੀ ਵਿਚ ਪਿਤਾ ਜੀ ਦਾ ਹੱਥ ਵਟਾਉਣ ਲੱਗ ਪਿਆ। ਹਰ ਰੋਜ਼ ਸਕੂਲ ਤੋਂ ਬਾਅਦ ਉਹ ਮੈਨੂੰ ਕੋਈ ਨਾ ਕੋਈ ਕੰਮ ਕਰਨ ਨੂੰ ਦਿਆ ਕਰਦੇ ਸਨ। ਜਦ ਵੀ ਪਿਤਾ ਜੀ ਕੰਮ ਦੇ ਸਿਲਸਿਲੇ ਵਿਚ ਸੈਲਵੇਡਾਰ ਸ਼ਹਿਰ ਜਾਂਦੇ ਸਨ, ਤਾਂ ਫਾਰਮ ਦੀ ਜ਼ਿੰਮੇਵਾਰੀ ਮੈਨੂੰ ਸੌਂਪ ਜਾਇਆ ਕਰਦੇ ਸਨ।

ਉਨ੍ਹੀਂ ਦਿਨੀਂ ਸਾਡੇ ਘਰ ਨਾ ਤਾਂ ਬਿਜਲੀ ਸੀ ਤੇ ਨਾ ਹੀ ਪਾਣੀ ਵਾਲੀ ਟੂਟੀ। ਪਰ ਅੱਜ ਵਰਗੀਆਂ ਆਮ ਸਹੂਲਤਾਂ ਨਾ ਹੋਣ ਦੇ ਬਾਵਜੂਦ ਅਸੀਂ ਬਹੁਤ ਖ਼ੁਸ਼ ਸੀ। ਮੈਨੂੰ ਪਤੰਗ ਉਡਾਉਣ ਦਾ ਬੜਾ ਸ਼ੌਕ ਸੀ ਜਾਂ ਫਿਰ ਮੈਂ ਤੇ ਮੇਰੇ ਦੋਸਤ ਲੱਕੜੀ ਦੀਆਂ ਕਾਰਾਂ ਬਣਾ ਕੇ ਉਨ੍ਹਾਂ ਨਾਲ ਖੇਡਿਆ ਕਰਦੇ ਸੀ। ਸ਼ੋਭਾ ਯਾਤਰਾ ਵਿਚ ਮੈਂ ਕਲੈਰੀਨੈਟ ਵੀ ਵਜਾਇਆ ਕਰਦਾ ਸੀ ਅਤੇ ਚਰਚ ਦੀ ਭਜਨ-ਮੰਡਲੀ ਵਿਚ ਮੈਂ ਗਾਇਕ ਸੀ। ਇਕ ਦਿਨ ਮੈਂ ਚਰਚ ਵਿਚ ਈਸਟੋਰਿਆ ਸਾਗ੍ਰਾਡਾ (ਪਵਿੱਤਰ ਇਤਿਹਾਸ) ਨਾਮਕ ਇਕ ਕਿਤਾਬ ਦੇਖੀ। ਇਸ ਕਿਤਾਬ ਨੇ ਮੇਰੇ ਮਨ ਵਿਚ ਬਾਈਬਲ ਬਾਰੇ ਸਿੱਖਣ ਦੀ ਚਾਹਤ ਪੈਦਾ ਕੀਤੀ।

ਸਾਲ 1932 ਵਿਚ ਜਦੋਂ ਮੈਂ 20 ਸਾਲਾਂ ਦਾ ਸੀ, ਉਸ ਵੇਲੇ ਉੱਤਰ-ਪੂਰਬੀ ਬ੍ਰਾਜ਼ੀਲ ਵਿਚ ਲੰਬੇ ਸਮੇਂ ਤਕ ਸੋਕਾ ਪਿਆ ਰਿਹਾ। ਸਾਡੇ ਡੰਗਰ ਮਰ ਗਏ ਅਤੇ ਫ਼ਸਲਾਂ ਤਬਾਹ ਹੋ ਗਈਆਂ। ਇਸ ਲਈ ਮੈਂ ਸੈਲਵੇਡਾਰ ਜਾ ਵੱਸਿਆ। ਇੱਥੇ ਮੈਂ ਸੜਕਾਂ ਤੇ ਚੱਲਣ ਵਾਲੀ ਟ੍ਰਾਮ ਗੱਡੀ ਵਿਚ ਡ੍ਰਾਈਵਰੀ ਕਰਨ ਲੱਗ ਪਿਆ। ਫਿਰ ਜਲਦ ਹੀ ਮੈਂ ਇੱਥੇ ਇਕ ਘਰ ਕਿਰਾਏ ਤੇ ਲੈ ਲਿਆ ਅਤੇ ਆਪਣੇ ਪਰਿਵਾਰ ਨੂੰ ਆਪਣੇ ਨਾਲ ਰਹਿਣ ਲਈ ਬੁਲਾ ਲਿਆ। ਸਾਲ 1944 ਵਿਚ ਪਿਤਾ ਜੀ ਦੀ ਮੌਤ ਹੋਣ ਤੇ ਮਾਤਾ ਜੀ ਅਤੇ ਅੱਠ ਭੈਣਾਂ ਅਤੇ ਤਿੰਨ ਭਰਾਵਾਂ ਦੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਆ ਗਈ।

ਟ੍ਰਾਮ ਡ੍ਰਾਈਵਰ ਤੋਂ ਪ੍ਰਚਾਰਕ

ਸੈਲਵੇਡਾਰ ਆ ਕੇ ਮੈਂ ਸਭ ਤੋਂ ਪਹਿਲਾਂ ਇਕ ਬਾਈਬਲ ਖ਼ਰੀਦੀ। ਮੈਂ ਕੁਝ ਸਾਲ ਬੈਪਟਿਸਟ ਚਰਚ ਨੂੰ ਜਾਂਦਾ ਰਿਹਾ। ਫਿਰ ਮੇਰੀ ਮੁਲਾਕਾਤ ਇਕ ਹੋਰ ਟ੍ਰਾਮ ਡ੍ਰਾਈਵਰ ਡੂਰਵਲ ਨਾਲ ਹੋਈ। ਅਕਸਰ ਅਸੀਂ ਘੰਟਿਆਂ ਬੱਧੀ ਬਾਈਬਲ ਤੇ ਗੱਲਬਾਤ ਕਰਿਆ ਕਰਦੇ ਸੀ। ਇਕ ਦਿਨ ਉਸ ਨੇ ਮੈਨੂੰ ਮਿਰਤਕ ਕਿੱਥੇ ਹਨ? * ਨਾਮਕ ਕਿਤਾਬ ਦਿੱਤੀ। ਭਾਵੇਂ ਮੈਂ ਅਮਰ ਆਤਮਾ ਵਿਚ ਵਿਸ਼ਵਾਸ ਰੱਖਦਾ ਸੀ, ਪਰ ਮੈਂ ਇਸ ਕਿਤਾਬ ਵਿਚ ਦਿੱਤੇ ਹਵਾਲਿਆਂ ਨੂੰ ਬਾਈਬਲ ਵਿੱਚੋਂ ਪੜ੍ਹਿਆ। ਬਾਈਬਲ ਵਿਚ ਮੈਂ ਇਹ ਪੜ੍ਹ ਕੇ ਹੈਰਾਨ ਰਹਿ ਗਿਆ ਕਿ ਮਰਨ ਤੋਂ ਬਾਅਦ ਇਨਸਾਨ ਦਾ ਕੁਝ ਬਾਕੀ ਨਹੀਂ ਰਹਿ ਜਾਂਦਾ।

ਡੂਰਵਲ ਨੇ ਦੇਖਿਆ ਕਿ ਮੈਂ ਬਾਈਬਲ ਵਿਚ ਕਾਫ਼ੀ ਦਿਲਚਸਪੀ ਲੈਂਦਾ ਸਾਂ, ਇਸ ਲਈ ਉਸ ਨੇ ਯਹੋਵਾਹ ਦੇ ਗਵਾਹ ਐਨਟੋਨਿਓ ਆਨਡ੍ਰਾਡੇ ਨੂੰ ਮੇਰੇ ਘਰ ਆਉਣ ਲਈ ਕਿਹਾ। ਮੇਰੇ ਨਾਲ ਤਿੰਨ ਵਾਰ ਬਾਈਬਲ ਤੇ ਗੱਲਬਾਤ ਕਰਨ ਤੋਂ ਬਾਅਦ ਐਨਟੋਨਿਓ ਮੈਨੂੰ ਆਪਣੇ ਨਾਲ ਪ੍ਰਚਾਰ ਵਿਚ ਲੈ ਗਿਆ। ਪਹਿਲੇ ਦੋ ਘਰਾਂ ਵਿਚ ਉਸ ਨੇ ਗੱਲ ਕੀਤੀ, ਫਿਰ ਉਸ ਨੇ ਮੈਨੂੰ ਕਿਹਾ, “ਹੁਣ ਤੇਰੀ ਵਾਰੀ।” ਇਹ ਸੁਣ ਕੇ ਪਹਿਲਾਂ ਤਾਂ ਮੇਰੇ ਪਸੀਨੇ ਛੁੱਟ ਗਏ, ਫਿਰ ਮੈਂ ਹਿਆ ਕਰ ਕੇ ਲੋਕਾਂ ਨਾਲ ਗੱਲ ਕੀਤੀ। ਮੈਨੂੰ ਬੜੀ ਖ਼ੁਸ਼ੀ ਹੋਈ ਜਦ ਇਕ ਪਰਿਵਾਰ ਨੇ ਬੜੇ ਧਿਆਨ ਨਾਲ ਮੇਰੀ ਗੱਲ ਸੁਣੀ ਅਤੇ ਕਿਤਾਬਾਂ ਵੀ ਲਈਆਂ। ਉਸ ਦਿਨ ਦੀ ਤਰ੍ਹਾਂ ਅੱਜ ਵੀ ਮੈਨੂੰ ਬੇਹੱਦ ਖ਼ੁਸ਼ੀ ਹੁੰਦੀ ਹੈ ਜਦ ਕੋਈ ਬਾਈਬਲ ਬਾਰੇ ਸਿੱਖਣ ਦੀ ਇੱਛਾ ਜ਼ਾਹਰ ਕਰਦਾ ਹੈ।

ਯਿਸੂ ਦੀ ਮੌਤ ਦੀ ਯਾਦਗਾਰ ਵਾਲੇ ਦਿਨ ਮੈਂ ਅੰਧ ਮਹਾਂਸਾਗਰ ਵਿਚ 19 ਅਪ੍ਰੈਲ 1943 ਨੂੰ ਬਪਤਿਸਮਾ ਲਿਆ। ਤਜਰਬੇਕਾਰ ਮਸੀਹੀ ਭਰਾਵਾਂ ਦੀ ਕਮੀ ਹੋਣ ਕਰਕੇ ਭਰਾ ਆਨਡ੍ਰਾਡੇ ਦੇ ਘਰ ਵਿਚ ਮਿਲਣ ਵਾਲੇ ਗਵਾਹਾਂ ਦੇ ਗਰੁੱਪ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ।

ਮੁਸ਼ਕਲਾਂ ਦੀ ਸ਼ੁਰੂਆਤ

ਦੂਜੇ ਵਿਸ਼ਵ ਯੁੱਧ (1939-45) ਦੌਰਾਨ ਸਾਡੇ ਪ੍ਰਚਾਰ ਦਾ ਕੰਮ ਬਹੁਤ ਲੋਕਾਂ ਨੂੰ ਪਸੰਦ ਨਹੀਂ ਸੀ। ਉਨ੍ਹੀਂ ਦਿਨੀਂ ਸਾਡਾ ਸਾਰਾ ਸਾਹਿੱਤ ਅਮਰੀਕਾ ਤੋਂ ਆਉਣ ਕਰਕੇ ਕਈ ਅਫ਼ਸਰਾਂ ਨੂੰ ਸ਼ੱਕ ਸੀ ਕਿ ਅਸੀਂ ਉੱਤਰੀ ਅਮਰੀਕਾ ਦੇ ਜਾਸੂਸ ਸਾਂ। ਇਸ ਲਈ ਗਵਾਹਾਂ ਦੀ ਪੁੱਛ-ਗਿੱਛ ਹੋਣੀ ਤੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਸੁੱਟਣਾ ਆਮ ਸੀ। ਜਦ ਕੋਈ ਭੈਣ-ਭਰਾ ਪ੍ਰਚਾਰ ਕਰ ਕੇ ਘਰ ਵਾਪਸ ਨਹੀਂ ਆਉਂਦਾ ਸੀ, ਤਾਂ ਅਸੀਂ ਸਮਝ ਜਾਂਦੇ ਸੀ ਕਿ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਸੀ। ਫਿਰ ਉਸ ਨੂੰ ਛੁਡਾਉਣ ਲਈ ਅਸੀਂ ਥਾਣੇ ਪਹੁੰਚ ਜਾਂਦੇ ਸੀ।

ਅਗਸਤ 1943 ਵਿਚ ਇਕ ਜਰਮਨ ਭਰਾ ਆਡੋਲਫ਼ ਮੈਸਮਰ ਸੈਲਵੇਡਾਰ ਵਿਚ ਪਹਿਲੇ ਸੰਮੇਲਨ ਦੇ ਇੰਤਜ਼ਾਮ ਕਰਨ ਆਏ। ਸਰਕਾਰ ਤੋਂ ਸੰਮੇਲਨ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਅਸੀਂ ਸੰਮੇਲਨ ਵਿਚ ਦਿੱਤੇ ਜਾਣ ਵਾਲੇ ਪਬਲਿਕ ਭਾਸ਼ਣ ਦੀ ਮਸ਼ਹੂਰੀ ਕਰਨ ਲਈ ਵੱਡੇ-ਵੱਡੇ ਇਸ਼ਤਿਹਾਰ ਛਾਪੇ। ਇਸ ਪਬਲਿਕ ਭਾਸ਼ਣ ਦਾ ਵਿਸ਼ਾ ਸੀ “ਨਵੇਂ ਸੰਸਾਰ ਵਿਚ ਆਜ਼ਾਦੀ।” ਇਨ੍ਹਾਂ ਇਸ਼ਤਿਹਾਰਾਂ ਨੂੰ ਅਖ਼ਬਾਰਾਂ, ਦੁਕਾਨਾਂ ਅਤੇ ਟ੍ਰਾਮਾਂ ਉੱਤੇ ਵੀ ਲਗਾਇਆ ਗਿਆ। ਪਰ ਸੰਮੇਲਨ ਦੇ ਦੂਸਰੇ ਦਿਨ ਇਕ ਪੁਲਸ ਅਫ਼ਸਰ ਨੇ ਆ ਕੇ ਦੱਸਿਆ ਕਿ ਸੰਮੇਲਨ ਦਾ ਪਰਮਿਟ ਰੱਦ ਕਰ ਦਿੱਤਾ ਗਿਆ ਸੀ। ਇਹ ਸਭ ਕੁਝ ਸੈਲਵੇਡਾਰ ਦੇ ਆਰਚਬਿਸ਼ਪ ਦੀ ਬਦੌਲਤ ਹੋਇਆ ਸੀ। ਉਸ ਨੇ ਸੰਮੇਲਨ ਨੂੰ ਰੋਕਣ ਲਈ ਪੁਲਸ ਤੇ ਜ਼ੋਰ ਪਾਇਆ ਸੀ। ਪਰ ਅਗਲੇ ਸਾਲ ਅਪ੍ਰੈਲ ਵਿਚ ਸਾਨੂੰ ਇਹ ਪਬਲਿਕ ਭਾਸ਼ਣ ਦੇਣ ਦੀ ਇਜਾਜ਼ਤ ਮਿਲ ਗਈ।

ਆਪਣੇ ਟੀਚੇ ਵੱਲ ਕਦਮ ਵਧਾਏ

ਸਾਲ 1946 ਵਿਚ ਮੈਨੂੰ ਸਾਓ ਪੌਲੋ ਵਿਚ ਹੋਣ ਵਾਲੀ “ਗਲੈਡ ਨੇਸ਼ਨਜ਼ ਥੀਓਕ੍ਰੈਟਿਕ ਅਸੈਂਬਲੀ” ਤੇ ਜਾਣ ਦਾ ਸੱਦਾ ਮਿਲਿਆ। ਇਕ ਮਾਲਵਾਹਕ ਜਹਾਜ਼ ਦੇ ਕਪਤਾਨ ਨੇ ਮੇਰੇ ਸਣੇ ਹੋਰ ਕਈ ਭਰਾਵਾਂ ਨੂੰ ਜਹਾਜ਼ ਤੇ ਸਫ਼ਰ ਕਰਨ ਦੀ ਇਜਾਜ਼ਤ ਦੇ ਦਿੱਤੀ, ਪਰ ਉਸ ਨੇ ਕਿਹਾ ਕਿ ਸਾਨੂੰ ਡੈੱਕ ਤੇ ਸੌਣਾ ਪਵੇਗਾ। ਜਹਾਜ਼ ਵਿਚ ਚਾਰ ਦਿਨ ਦੇ ਸਫ਼ਰ ਦੌਰਾਨ ਸਾਨੂੰ ਤੂਫ਼ਾਨ ਨਾਲ ਜੂਝਣਾ ਪਿਆ ਅਤੇ ਕਾਫ਼ੀ ਕਚਿਆਹਣ ਵੀ ਹੋਈ। ਪਰ ਇਨ੍ਹਾਂ ਸਭ ਮੁਸ਼ਕਲਾਂ ਦੇ ਬਾਵਜੂਦ ਅਸੀਂ ਰੀਓ ਡੇ ਜਨੇਰੋ ਸਹੀ-ਸਲਾਮਤ ਪੁੱਜ ਗਏ। ਰੀਓ ਦੇ ਭੈਣਾਂ-ਭਰਾਵਾਂ ਨੇ ਸਾਡੇ ਵਾਸਤੇ ਆਰਾਮ ਕਰਨ ਲਈ ਆਪਣੇ ਘਰ ਖੋਲ੍ਹ ਦਿੱਤੇ, ਤਾਂਕਿ ਅਸੀਂ ਆਪਣੇ ਟ੍ਰੇਨ ਦੇ ਸਫ਼ਰ ਲਈ ਤਰੋਤਾਜ਼ਾ ਹੋ ਸਕੀਏ। ਜਦ ਅਸੀਂ ਸਾਓ ਪੌਲੋ ਪਹੁੰਚੇ, ਤਾਂ ਕਈ ਗਵਾਹਾਂ ਨੇ ਬੈਨਰ ਤੇ ਲਿਖੇ ਇਨ੍ਹਾਂ ਸ਼ਬਦਾਂ ਨਾਲ ਸਾਡਾ ਸੁਆਗਤ ਕੀਤਾ “ਯਹੋਵਾਹ ਦੇ ਗਵਾਹਾਂ ਨੂੰ ਜੀ ਆਇਆਂ।”

ਸੈਲਵੇਡਾਰ ਵਾਪਸ ਆਉਣ ਤੋਂ ਬਾਅਦ ਮੈਂ ਇਕ ਅਮਰੀਕੀ ਮਿਸ਼ਨਰੀ ਹੈਰੀ ਬਲੈਕ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਪਾਇਨੀਅਰ ਬਣ ਕੇ ਪੂਰਾ ਸਮਾਂ ਪ੍ਰਚਾਰ ਕਰਨਾ ਚਾਹੁੰਦਾ ਸਾਂ। ਪਰ ਹੈਰੀ ਨੇ ਮੈਨੂੰ ਧੀਰਜ ਰੱਖਣ ਲਈ ਕਿਹਾ ਕਿਉਂਕਿ ਅਜੇ ਮੇਰੇ ਮੋਢਿਆਂ ਤੇ ਮੇਰੀ ਮਾਂ ਅਤੇ ਭੈਣ-ਭਰਾਵਾਂ ਦੀ ਜ਼ਿੰਮੇਵਾਰੀ ਸੀ। ਪਰ ਜਦੋਂ ਜੂਨ 1952 ਵਿਚ ਮੇਰੇ ਸਾਰੇ ਭੈਣ-ਭਰਾ ਖ਼ੁਦ ਆਪਣਾ ਗੁਜ਼ਾਰਾ ਤੋਰਨ ਜੋਗੇ ਹੋ ਗਏ, ਤਾਂ ਮੇਰੇ ਕੋਲ ਪਾਇਨੀਅਰੀ ਕਰਨ ਦਾ ਖੁੱਲ੍ਹਾ ਸਮਾਂ ਸੀ। ਮੈਂ ਪਾਇਨੀਅਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਸੈਲਵੇਡਾਰ ਦੇ ਦੱਖਣ ਵਿਚ 210 ਕਿਲੋਮੀਟਰ ਦੂਰ ਇਕ ਛੋਟੇ ਜਿਹੇ ਸ਼ਹਿਰ ਇਲਹਿਉਸ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ।

ਵਧੀਆ ਪ੍ਰਬੰਧ

ਇਕ ਸਾਲ ਬਾਅਦ ਮੈਨੂੰ ਬਾਹੀਆ ਵਿਚ ਪੈਂਦੇ ਜ਼ੈਕਯੇ ਨਾਂ ਦੇ ਵੱਡੇ ਕਸਬੇ ਵਿਚ ਪ੍ਰਚਾਰ ਕਰਨ ਲਈ ਭੇਜਿਆ ਗਿਆ। ਇਸ ਕਸਬੇ ਵਿਚ ਕੋਈ ਗਵਾਹ ਨਹੀਂ ਸੀ ਰਹਿੰਦਾ। ਪ੍ਰਚਾਰ ਵਿਚ ਸਭ ਤੋਂ ਪਹਿਲਾਂ ਇਕ ਪਾਦਰੀ ਨਾਲ ਮੇਰੀ ਗੱਲ ਹੋਈ। ਉਸ ਨੇ ਮੈਨੂੰ ਧਮਕੀ ਦਿੰਦਿਆਂ ਕਿਹਾ ਕਿ, ‘ਇਹ ਕਸਬਾ ਮੇਰਾ ਹੈ, ਖ਼ਬਰਦਾਰ ਜੇ ਤੂੰ ਇੱਥੇ ਪ੍ਰਚਾਰ ਕਰਨ ਦੀ ਕੋਸ਼ਿਸ਼ ਵੀ ਕੀਤੀ।’ ਉਸ ਨੇ ਚਰਚ ਦੇ ਸਾਰੇ ਮੈਂਬਰਾਂ ਨੂੰ ਚੇਤਾਵਨੀ ਦਿੱਤੀ ਕਿ ਸਾਡੇ ਕਸਬੇ ਵਿਚ ਇਕ “ਝੂਠਾ ਨਬੀ” ਆਇਆ ਹੋਇਆ ਹੈ। ਮੇਰੇ ਤੇ ਨਜ਼ਰ ਰੱਖਣ ਲਈ ਉਸ ਨੇ ਮੇਰੇ ਪਿੱਛੇ ਜਾਸੂਸ ਲਾਏ। ਇਸ ਦੇ ਬਾਵਜੂਦ ਮੈਂ ਉਸ ਦਿਨ 90 ਤੋਂ ਜ਼ਿਆਦਾ ਕਿਤਾਬਾਂ-ਰਸਾਲੇ ਵੰਡੇ ਅਤੇ ਚਾਰ ਜਣਿਆਂ ਨੂੰ ਬਾਈਬਲ ਸਟੱਡੀ ਕਰਵਾਉਣੀ ਸ਼ੁਰੂ ਕੀਤੀ। ਇਸ ਘਟਨਾ ਤੋਂ ਦੋ ਸਾਲ ਬਾਅਦ ਜ਼ੈਕਯੇ ਕਸਬੇ ਵਿਚ 36 ਗਵਾਹ ਸਨ ਤੇ ਉਨ੍ਹਾਂ ਕੋਲ ਆਪਣਾ ਕਿੰਗਡਮ ਹਾਲ ਵੀ ਸੀ। ਅੱਜ ਇਸ ਕਸਬੇ ਵਿਚ ਅੱਠ ਕਲੀਸਿਯਾਵਾਂ ਅਤੇ ਤਕਰੀਬਨ 700 ਗਵਾਹ ਹਨ।

ਜਦ ਮੈਂ ਜ਼ੈਕਯੇ ਵਿਚ ਆਇਆ, ਤਾਂ ਪਹਿਲੇ ਮਹੀਨੇ ਮੈਂ ਕਸਬੇ ਦੇ ਬਾਹਰ ਇਕ ਛੋਟੇ ਜਿਹੇ ਕਿਰਾਏ ਦੇ ਕਮਰੇ ਵਿਚ ਰਿਹਾ। ਫਿਰ ਮੇਰੀ ਮੁਲਾਕਾਤ ਮੀਗੈਲ ਵਾਜ਼ ਡੀ ਓਲੀਵੇਰਾ ਨਾਲ ਹੋਈ ਜੋ ਕਿ ਇੱਥੇ ਦੇ ਸਭ ਤੋਂ ਬਿਹਤਰੀਨ ਹੋਟਲ ਸੂਡੋਐਸਟਾ ਦਾ ਮਾਲਕ ਸੀ। ਮੀਗੈਲ ਬਾਈਬਲ ਸਟੱਡੀ ਕਰਨ ਲੱਗ ਪਿਆ ਅਤੇ ਉਸ ਨੇ ਮੇਰੇ ਤੇ ਉਸ ਦੇ ਹੋਟਲ ਵਿਚ ਠਹਿਰਨ ਲਈ ਜ਼ੋਰ ਪਾਇਆ। ਬਾਅਦ ਵਿਚ ਦੋਵੇਂ ਮੀਗੈਲ ਤੇ ਉਸ ਦੀ ਪਤਨੀ ਯਹੋਵਾਹ ਦੇ ਗਵਾਹ ਬਣ ਗਏ।

ਮੇਰੇ ਦਿਲ ਵਿਚ ਇਸ ਕਸਬੇ ਦੀ ਇਕ ਹੋਰ ਮਿੱਠੀ ਯਾਦ ਹੈ ਸਕੂਲ ਮਾਸਟਰ ਲੂਈਜ਼ ਕੋਟਰੀਨ ਦੀ, ਜਿਸ ਨੂੰ ਮੈਂ ਬਾਈਬਲ ਅਧਿਐਨ ਕਰਵਾਇਆ ਸੀ। ਲੂਈਜ਼ ਪੁਰਤਗਾਲੀ ਅਤੇ ਗਣਿਤ ਸਿੱਖਣ ਵਿਚ ਮੇਰੀ ਮਦਦ ਕਰਨੀ ਚਾਹੁੰਦਾ ਸੀ। ਮੈਂ ਝੱਟ ਸਿੱਖਣ ਲਈ ਤਿਆਰ ਹੋ ਗਿਆ ਕਿਉਂਕਿ ਮੈਂ ਮਸਾਂ ਪ੍ਰਾਇਮਰੀ ਤਕ ਹੀ ਪੜ੍ਹਿਆ ਸੀ। ਬਾਈਬਲ ਦਾ ਅਧਿਐਨ ਕਰਨ ਤੋਂ ਬਾਅਦ ਲੂਈਜ਼ ਮੈਨੂੰ ਗਣਿਤ ਅਤੇ ਪੁਰਤਗਾਲੀ ਸਿਖਾਇਆ ਕਰਦਾ ਸੀ। ਇਸ ਸਿੱਖਿਆ ਨੇ ਯਹੋਵਾਹ ਦੇ ਸੰਗਠਨ ਵੱਲੋਂ ਮਿਲਣ ਵਾਲੀਆਂ ਹੋਰ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿਚ ਮੇਰੀ ਬਹੁਤ ਮਦਦ ਕੀਤੀ।

ਇਕ ਹੋਰ ਚੁਣੌਤੀ

ਸਾਲ 1956 ਵਿਚ ਮੈਨੂੰ ਰੀਓ ਡੇ ਜਨੇਰੋ ਦੇ ਬ੍ਰਾਂਚ ਆਫ਼ਿਸ ਵਿਚ ਸਰਕਟ ਨਿਗਾਹਬਾਨ ਦੀ ਸਿਖਲਾਈ ਪ੍ਰਾਪਤ ਕਰਨ ਦਾ ਸੱਦਾ ਮਿਲਿਆ। ਇਸ ਕੋਰਸ ਵਿਚ ਅਸੀਂ ਨੌਂ ਜਣੇ ਸੀ ਅਤੇ ਇਹ ਤਕਰੀਬਨ ਇਕ ਮਹੀਨੇ ਦਾ ਸੀ। ਕੋਰਸ ਦੇ ਅੰਤ ਵਿਚ ਮੈਨੂੰ ਸਾਓ ਪੌਲੋ ਵਿਚ ਸਫ਼ਰੀ ਨਿਗਾਹਬਾਨ ਦਾ ਕੰਮ ਦਿੱਤਾ ਗਿਆ। ਪਹਿਲਾਂ-ਪਹਿਲ ਮੈਨੂੰ ਘਬਰਾਹਟ ਹੋਈ। ਇਕ ਤਾਂ ਮੈਂ ਕਾਲਾ ਸੀ, ਦੂਜਾ ਉੱਥੇ ਸਾਰੇ ਇਤਾਲਵੀ ਸਨ। ਮੈਂ ਸੋਚਿਆ, ‘ਪਤਾ ਨਹੀਂ ਇਤਾਲਵੀ ਲੋਕਾਂ ਵਿਚ ਮੇਰਾ ਕੀ ਹਾਲ ਹੋਊ। ਕੀ ਉਹ ਮੇਰੀ ਗੱਲ ਵੀ ਸੁਣਨਗੇ?’ *

ਮੈਂ ਸਭ ਤੋਂ ਪਹਿਲਾਂ ਸਾਂਟੂ ਅਮਾਰੂ ਜ਼ਿਲ੍ਹੇ ਦੀ ਇਕ ਕਲੀਸਿਯਾ ਵਿਚ ਗਿਆ। ਭੈਣਾਂ-ਭਰਾਵਾਂ ਦੇ ਨਾਲ-ਨਾਲ ਬਾਈਬਲ ਵਿਚ ਦਿਲਚਸਪੀ ਰੱਖਣ ਵਾਲਿਆਂ ਨਾਲ ਕਿੰਗਡਮ ਹਾਲ ਨੂੰ ਭਰਿਆ ਦੇਖ ਕੇ ਮੇਰਾ ਦਿਲ ਬਹੁਤ ਖ਼ੁਸ਼ ਹੋਇਆ। ਮੇਰੀ ਸਾਰੀ ਘਬਰਾਹਟ ਦੂਰ ਹੋ ਗਈ ਜਦ ਕਲੀਸਿਯਾ ਦੇ ਸਾਰੇ 97 ਭੈਣ-ਭਰਾਵਾਂ ਨੇ ਮੇਰੇ ਨਾਲ ਪ੍ਰਚਾਰ ਵਿਚ ਹਿੱਸਾ ਲਿਆ। ਮੈਂ ਆਪਣੇ ਦਿਲ ਵਿਚ ਕਿਹਾ, ‘ਇਹ ਸਭ ਸੱਚ-ਮੁੱਚ ਮੇਰੇ ਭੈਣ-ਭਰਾ ਹਨ।’ ਇਨ੍ਹਾਂ ਭੈਣ-ਭਰਾਵਾਂ ਦਾ ਪਿਆਰ ਹੀ ਸੀ ਜਿਸ ਨੇ ਮੇਰੀ ਸਫ਼ਰੀ ਨਿਗਾਹਬਾਨ ਦੇ ਕੰਮ ਵਿਚ ਲੱਗੇ ਰਹਿਣ ਵਿਚ ਮਦਦ ਕੀਤੀ।

ਖੋਤਾ, ਘੋੜਾ ਅਤੇ ਜੰਗਲੀ ਜਾਨਵਰ

ਉਨ੍ਹਾਂ ਦਿਨਾਂ ਵਿਚ ਸਫ਼ਰੀ ਨਿਗਾਹਬਾਨਾਂ ਲਈ ਪੇਂਡੂ ਇਲਾਕਿਆਂ ਵਿਚ ਇਕ ਕਲੀਸਿਯਾ ਤੋਂ ਦੂਜੀ ਵਿਚ ਅਤੇ ਛੋਟੇ-ਛੋਟੇ ਗਰੁੱਪਾਂ ਨੂੰ ਮਿਲਣ ਜਾਣਾ ਕਾਫ਼ੀ ਮੁਸ਼ਕਲ ਸੀ, ਕਿਉਂਕਿ ਉਦੋਂ ਆਵਾਜਾਈ ਦੇ ਸਾਧਨ ਨਾ ਦੇ ਬਰਾਬਰ ਸਨ। ਸੜਕਾਂ ਵੀ ਕੱਚੀਆਂ ਸਨ।

ਕਈ ਸਰਕਟਾਂ ਨੇ ਸਫ਼ਰੀ ਨਿਗਾਹਬਾਨ ਦੀ ਆਉਣ-ਜਾਣ ਦੀ ਮੁਸ਼ਕਲ ਨੂੰ ਹੱਲ ਕਰਨ ਲਈ ਉਸ ਨੂੰ ਘੋੜਾ ਜਾਂ ਖੋਤਾ ਖ਼ਰੀਦ ਕੇ ਦਿੱਤਾ। ਅਕਸਰ ਸੋਮਵਾਰ ਨੂੰ ਮੈਂ ਘੋੜੇ ਤੇ ਕਾਠੀ ਪਾ ਕੇ ਅਤੇ ਆਪਣਾ ਸਾਮਾਨ ਵਗੈਰਾ ਲੱਦ ਕੇ ਅਗਲੀ ਕਲੀਸਿਯਾ ਲਈ ਰਵਾਨਾ ਹੁੰਦਾ ਸੀ। ਇਕ ਕਲੀਸਿਯਾ ਤੋਂ ਦੂਜੀ ਨੂੰ ਜਾਣ ਲਈ ਕਈ ਵਾਰ 12-12 ਘੰਟੇ ਲੱਗ ਜਾਂਦੇ ਸਨ। ਸਾਂਟਾ ਫੇ ਡੂ ਸੂਲ ਦੇ ਭੈਣ-ਭਰਾਵਾਂ ਕੋਲ ਡੋਰਾਡੂ (ਗੋਲਡੀ) ਨਾਂ ਦਾ ਖੋਤਾ ਸੀ, ਜਿਸ ਨੂੰ ਪਿੰਡਾਂ ਦੇ ਸਾਰੇ ਸਟੱਡੀ ਗਰੁੱਪਾਂ ਦੇ ਰਾਹ ਪਤਾ ਸਨ। ਡੋਰਾਡੂ ਹਰ ਫਾਰਮ ਦੇ ਗੇਟ ਅੱਗੇ ਖੜ੍ਹ ਜਾਂਦਾ ਸੀ ਅਤੇ ਮੇਰੇ ਗੇਟ ਖੋਲ੍ਹਣ ਦਾ ਇੰਤਜ਼ਾਰ ਕਰਦਾ ਸੀ। ਇਕ ਸਟੱਡੀ ਗਰੁੱਪ ਨੂੰ ਮਿਲਣ ਤੋਂ ਬਾਅਦ ਅਸੀਂ ਦੂਜੇ ਗਰੁੱਪ ਨੂੰ ਮਿਲਣ ਚਲੇ ਜਾਂਦੇ ਸੀ।

ਸਰਕਟ ਕੰਮ ਵਿਚ ਇਕ ਹੋਰ ਮੁਸ਼ਕਲ ਸੀ ਕਲੀਸਿਯਾ ਤਕ ਚਿੱਠੀ-ਪੱਤਰ ਪਹੁੰਚਾਉਣਾ। ਮਿਸਾਲ ਲਈ, ਮਾਟੋ ਗ੍ਰਾਸੋ ਸੂਬੇ ਵਿਚ ਇਕ ਫਾਰਮ ਤੇ ਛੋਟੇ ਜਿਹੇ ਗਵਾਹਾਂ ਦੇ ਗਰੁੱਪ ਨੂੰ ਮਿਲਣ ਵਾਸਤੇ ਮੈਨੂੰ ਆਰਾਗਵਾਇਆ ਦਰਿਆ ਪਾਰ ਕਰ ਕੇ ਘੋੜੇ ਜਾਂ ਖੋਤੇ ਤੇ 25 ਕਿਲੋਮੀਟਰ ਦਾ ਸਫ਼ਰ ਤੈ ਕਰਨਾ ਪੈਂਦਾ ਸੀ। ਇਕ ਵਾਰ ਮੈਂ ਇਸ ਗਰੁੱਪ ਨੂੰ ਆਪਣੇ ਆਉਣ ਦੀ ਖ਼ਬਰ ਦੇਣ ਲਈ ਚਿੱਠੀ ਲਿਖੀ। ਪਰ ਚਿੱਠੀ ਰਾਹ ਵਿਚ ਹੀ ਕਿਤੇ ਗੁੰਮ ਹੋਣ ਕਰਕੇ ਕਿਸੇ ਨੂੰ ਮੇਰੇ ਆਉਣ ਦੀ ਕੋਈ ਖ਼ਬਰ ਨਹੀਂ ਮਿਲੀ। ਜਦ ਮੈਂ ਦਰਿਆ ਪਾਰ ਕਰ ਕੇ ਦੂਜੇ ਬੰਨ੍ਹੇ ਪਹੁੰਚਿਆ, ਤਾਂ ਮੈਨੂੰ ਕੋਈ ਲੈਣ ਵਾਸਤੇ ਨਹੀਂ ਆਇਆ ਸੀ। ਸ਼ਾਮ ਹੋਣ ਵਾਲੀ ਸੀ, ਇਸ ਲਈ ਮੈਂ ਆਪਣਾ ਸਾਰਾ ਸਾਮਾਨ ਇਕ ਦੁਕਾਨਦਾਰ ਕੋਲ ਛੱਡ ਕੇ ਸਿਰਫ਼ ਇਕ ਬ੍ਰੀਫ-ਕੇਸ ਲੈ ਕੇ ਭਰਾਵਾਂ ਨੂੰ ਮਿਲਣ ਵਾਸਤੇ ਪੈਦਲ ਹੀ ਨਿਕਲ ਤੁਰਿਆ।

ਜਲਦ ਹੀ ਸ਼ਾਮ ਹੋ ਗਈ। ਘੁੱਪ ਹਨੇਰੇ ਵਿਚ ਮੈਂ ਤੁਰਦਾ ਜਾ ਰਿਹਾ ਸੀ ਕਿ ਅਚਾਨਕ ਮੈਨੂੰ ਐਂਟਈਟਰ ਨਾਂ ਦੇ ਜੰਗਲੀ ਜਾਨਵਰ ਦਾ ਫੁੰਕਾਰਾ ਸੁਣਾਈ ਦਿੱਤਾ। ਮੈਨੂੰ ਕਿਸੇ ਨੇ ਦੱਸਿਆ ਸੀ ਕਿ ਇਹ ਜਾਨਵਰ ਆਪਣੇ ਮਜ਼ਬੂਤ ਪੰਜਿਆਂ ਨਾਲ ਆਦਮੀ ਦੀ ਜਾਨ ਲੈ ਸਕਦਾ ਹੈ। ਇਸ ਲਈ ਜਦ ਰਤਾ ਵੀ ਆਵਾਜ਼ ਆਉਂਦੀ ਸੀ, ਤਾਂ ਮੈਂ ਚੁਕੰਨਾ ਹੋ ਜਾਂਦਾ ਸੀ। ਆਪਣੇ ਬਚਾਅ ਲਈ ਮੈਂ ਬ੍ਰੀਫ-ਕੇਸ ਆਪਣੇ ਮੋਹਰੇ ਰੱਖ ਕੇ ਸੰਭਲ-ਸੰਭਲ ਕੇ ਪੈਰ ਪੁੱਟਦਾ ਸੀ। ਘੰਟਿਆਂ ਬੱਧੀ ਤੁਰਨ ਤੋਂ ਬਾਅਦ ਮੈਂ ਇਕ ਨਾਲੇ ਤੇ ਪਹੁੰਚਿਆ। ਹਨੇਰਾ ਹੋਣ ਕਰਕੇ ਮੈਂ ਦੇਖ ਨਾ ਪਾਇਆ ਕਿ ਨਾਲੇ ਦੇ ਦੂਸਰੇ ਪਾਸੇ ਲੋਹੇ ਦੀਆਂ ਕੰਡਿਆਲੀਆਂ ਤਾਰਾਂ ਦੀ ਵਾੜ ਕੀਤੀ ਹੋਈ ਸੀ। ਮੈਂ ਛਾਲ ਮਾਰ ਕੇ ਨਾਲਾ ਤਾਂ ਪਾਰ ਕਰ ਲਿਆ, ਪਰ ਦੂਸਰੇ ਪਾਸੇ ਲੱਗੀਆਂ ਤਾਰਾਂ ਨੇ ਮੇਰਾ ਸਰੀਰ ਛਿੱਲ ਕੇ ਰੱਖ ਦਿੱਤਾ।

ਜਦ ਮੈਂ ਫਾਰਮ ਤੇ ਪਹੁੰਚਿਆ, ਤਾਂ ਕੁੱਤਿਆਂ ਨੇ ਭੌਂਕ ਕੇ ਮੇਰਾ ਸੁਆਗਤ ਕੀਤਾ। ਉਨ੍ਹੀਂ ਦਿਨੀਂ ਰਾਤ ਨੂੰ ਭੇਡਾਂ ਦੀ ਚੋਰੀ ਹੋਣੀ ਆਮ ਸੀ। ਇਸ ਲਈ ਇਸ ਤੋਂ ਪਹਿਲਾਂ ਕਿ ਭਰਾ ਮੈਨੂੰ ਚੋਰ ਸਮਝ ਬੈਠਦੇ, ਮੈਂ ਦਰਵਾਜ਼ਾ ਖੁੱਲ੍ਹਦਿਆਂ ਸਾਰ ਹੀ ਆਪਣਾ ਨਾਂ ਦੱਸ ਦਿੱਤਾ। ਭਾਵੇਂ ਮੇਰੀ ਹਾਲਤ ਬਹੁਤ ਬੁਰੀ ਸੀ ਤੇ ਮੇਰੇ ਕੱਪੜੇ ਪਾਟੇ ਪਾਏ ਤੇ ਖ਼ੂਨ ਨਾਲ ਰੰਗੇ ਹੋਏ ਸਨ, ਪਰ ਫਿਰ ਵੀ ਭਰਾ ਮੈਨੂੰ ਦੇਖ ਕੇ ਬੜੇ ਖ਼ੁਸ਼ ਹੋਏ।

ਮੁਸ਼ਕਲਾਂ ਦੇ ਬਾਵਜੂਦ ਮੈਂ ਉਨ੍ਹਾਂ ਦਿਨਾਂ ਵਿਚ ਬਹੁਤ ਖ਼ੁਸ਼ੀਆਂ ਮਾਣੀਆਂ। ਮੈਂ ਘੋੜੇ ਤੇ ਅਤੇ ਪੈਦਲ ਲੰਬੇ ਸਫ਼ਰ ਦਾ ਆਨੰਦ ਮਾਣਿਆ। ਰਾਹ ਵਿਚ ਮੈਂ ਕਈ ਵਾਰੀ ਦਰਖ਼ਤਾਂ ਦੀ ਠੰਢੀ ਛਾਂ ਹੇਠ ਬੈਠਿਆ, ਪੰਛੀਆਂ ਦਾ ਮਧੁਰ ਸੰਗੀਤ ਸੁਣਿਆ ਅਤੇ ਸੁੰਨਸਾਨ ਰਾਹਾਂ ਉੱਤੇ ਲੂੰਬੜੀਆਂ ਨੂੰ ਦੇਖਿਆ। ਮੈਨੂੰ ਇਹ ਜਾਣ ਕੇ ਬਹੁਤ ਖ਼ੁਸ਼ੀ ਹੁੰਦੀ ਸੀ ਕਿ ਮੇਰੇ ਆਉਣ ਨਾਲ ਭੈਣਾਂ-ਭਰਾਵਾਂ ਨੂੰ ਹੌਸਲਾ ਮਿਲਦਾ ਸੀ। ਕਈ ਭਰਾਵਾਂ ਨੇ ਖੱਤਾਂ ਰਾਹੀਂ ਮੇਰਾ ਸ਼ੁਕਰੀਆ ਅਦਾ ਕੀਤਾ। ਹੋਰਾਂ ਨੇ ਸੰਮੇਲਨਾਂ ਤੇ ਮੇਰਾ ਸ਼ੁਕਰੀਆ ਅਦਾ ਕੀਤਾ। ਮੈਨੂੰ ਇਹ ਦੇਖ ਕੇ ਬੜੀ ਖ਼ੁਸ਼ੀ ਹੁੰਦੀ ਜਦ ਲੋਕ ਆਪਣੀਆਂ ਕਮੀਆਂ-ਕਮਜ਼ੋਰੀਆਂ ਉੱਤੇ ਕਾਬੂ ਪਾ ਕੇ ਯਹੋਵਾਹ ਦੀ ਭਗਤੀ ਵਿਚ ਅੱਗੇ ਵਧਦੇ ਗਏ।

ਇਕ ਜੀਵਨ-ਸਾਥੀ ਨਾਲ ਜ਼ਿੰਦਗੀ ਦਾ ਸਫ਼ਰ

ਮੈਂ ਕਾਫ਼ੀ ਲੰਬੇ ਸਮੇਂ ਤਕ ਇਕੱਲਿਆਂ ਹੀ ਸਰਕਟ ਕੰਮ ਕੀਤਾ। ਇਸ ਸਮੇਂ ਦੌਰਾਨ ਮੈਂ ਯਹੋਵਾਹ ਤੇ ਭਰੋਸਾ ਕਰਨਾ ਸਿੱਖਿਆ ਅਤੇ ਮੈਨੂੰ ਪੂਰਾ ਯਕੀਨ ਸੀ ਕਿ ਉਹ ਹੀ “ਮੇਰੇ ਬਚਾਓ ਦਾ ਸਿੰਙ ਅਤੇ ਮੇਰਾ ਉੱਚਾ ਗੜ੍ਹ” ਸੀ। (ਜ਼ਬੂਰਾਂ ਦੀ ਪੋਥੀ 18:2) ਵਿਆਹਿਆ ਨਾ ਹੋਣ ਕਰਕੇ ਵੀ ਮੈਂ ਹਰ ਤਰ੍ਹਾਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੇ ਰਾਜ ਨੂੰ ਪਹਿਲ ਦੇ ਸਕਿਆ।

ਸਾਲ 1978 ਵਿਚ ਮੇਰੀ ਮੁਲਾਕਾਤ ਪਾਇਨੀਅਰ ਭੈਣ ਜੂਲੀਆ ਟਾਕਾਹਾਸ਼ੀ ਨਾਲ ਹੋਈ। ਉਸ ਨੇ ਪੂਰਾ ਸਮਾਂ ਪ੍ਰਚਾਰ ਕਰਨ ਲਈ ਸਾਓ ਪੌਲੋ ਦੇ ਕਾਫ਼ੀ ਵੱਡੇ ਹਸਪਤਾਲ ਵਿਚ ਨਰਸ ਦੀ ਪੱਕੀ ਨੌਕਰੀ ਛੱਡ ਦਿੱਤੀ ਸੀ। ਜਿਹੜੇ ਵੀ ਮਸੀਹੀ ਨਿਗਾਹਬਾਨ ਉਸ ਨੂੰ ਜਾਣਦੇ ਸਨ, ਉਨ੍ਹਾਂ ਸਾਰਿਆਂ ਨੇ ਪਰਮੇਸ਼ੁਰ ਦੀ ਭਗਤੀ ਲਈ ਉਸ ਦੇ ਜੋਸ਼ ਅਤੇ ਉਸ ਦੇ ਸਦਗੁਣਾਂ ਦੀ ਬਹੁਤ ਤਾਰੀਫ਼ ਕੀਤੀ। ਜਦੋਂ ਮੈਂ ਉਸ ਨਾਲ ਵਿਆਹ ਕਰਾਉਣ ਦਾ ਫ਼ੈਸਲਾ ਕੀਤਾ, ਤਾਂ ਮੇਰੇ ਵਿਆਹ ਦੀ ਖ਼ਬਰ ਸੁਣ ਕੇ ਕਾਫ਼ੀ ਜਣੇ ਹੈਰਾਨ ਹੋਏ। ਮੇਰੇ ਇਕ ਦੋਸਤ ਨੇ ਮੇਰੀ ਗੱਲ ਦਾ ਉੱਕਾ ਹੀ ਵਿਸ਼ਵਾਸ ਨਾ ਕੀਤਾ। ਉਸ ਨੇ ਕਿਹਾ ਕਿ ਜਿਸ ਦਿਨ ਮੇਰਾ ਵਿਆਹ ਹੋਇਆ, ਉਸ ਦਿਨ ਉਹ ਮੇਰੇ ਵਿਆਹ ਤੇ 270 ਕਿਲੋ ਦਾ ਸਾਨ੍ਹ ਭੁੰਨੇਗਾ। ਮੇਰੇ ਦੋਸਤ ਨੇ 1 ਜੁਲਾਈ 1978 ਨੂੰ ਮੇਰੇ ਵਿਆਹ ਤੇ ਮੈਨੂੰ ਇਹ ਤੋਹਫ਼ਾ ਦਿੱਤਾ।

ਮਾੜੀ ਸਿਹਤ ਦੇ ਬਾਵਜੂਦ ਸੇਵਾ ਕਰਦਾ ਰਿਹਾ

ਮੈਂ ਤੇ ਜੂਲੀਆ ਨੇ ਰਲ ਕੇ ਅੱਠ ਸਾਲ ਦੱਖਣੀ ਤੇ ਦੱਖਣ-ਪੂਰਬੀ ਬ੍ਰਾਜ਼ੀਲ ਵਿਚ ਸਰਕਟ ਕੰਮ ਕੀਤਾ। ਇਸ ਸਮੇਂ ਦੌਰਾਨ ਮੈਂ ਦਿਲ ਦਾ ਮਰੀਜ਼ ਹੋ ਗਿਆ। ਦੋ ਵਾਰ ਮੈਂ ਪ੍ਰਚਾਰ ਵਿਚ ਕਿਸੇ ਨਾਲ ਗੱਲ ਕਰਦਾ-ਕਰਦਾ ਬੇਹੋਸ਼ ਹੋ ਗਿਆ। ਮੇਰੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਸਾਓ ਪੌਲੋ ਦੇ ਬੀਰੀਗਵੀ ਸ਼ਹਿਰ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਸੇਵਾ ਕਰਨ ਲੱਗ ਪਏ।

ਬੀਰੀਗਵੀ ਦੇ ਗਵਾਹ ਮੈਨੂੰ 500 ਕਿਲੋਮੀਟਰ ਦੂਰ ਗੋਈਆਨੀਆ ਸ਼ਹਿਰ ਵਿਚ ਇਕ ਡਾਕਟਰ ਕੋਲ ਚੈੱਕਅਪ ਕਰਾਉਣ ਲਈ ਆਪਣੀ ਕਾਰ ਵਿਚ ਲੈ ਕੇ ਗਏ। ਜਦ ਮੇਰੀ ਸਿਹਤ ਇੰਨੀ ਕੁ ਸੰਭਲ ਗਈ ਕਿ ਓਪਰੇਸ਼ਨ ਕੀਤਾ ਜਾ ਸਕਦਾ ਸੀ, ਤਾਂ ਓਪਰੇਸ਼ਨ ਕਰ ਕੇ ਮੇਰੇ ਦਿਲ ਦੀ ਧੜਕਣ ਨੂੰ ਬਰਾਬਰ ਰੱਖਣ ਲਈ ਮੇਰੇ ਅੰਦਰ ਪੇਸਮੇਕਰ ਨਾਂ ਦੀ ਮਸ਼ੀਨ ਲਾਈ ਗਈ। ਇਹ ਅੱਜ ਤੋਂ ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ। ਇਸ ਤੋਂ ਇਲਾਵਾ ਮੇਰੇ ਦੋ ਹੋਰ ਵੀ ਓਪਰੇਸ਼ਨ ਹੋਏ, ਪਰ ਇਨ੍ਹਾਂ ਦੇ ਬਾਵਜੂਦ ਮੈਂ ਪ੍ਰਚਾਰ ਦੇ ਕੰਮ ਵਿਚ ਲੱਗਾ ਰਿਹਾ। ਹੋਰ ਕਈ ਵਫ਼ਾਦਾਰ ਮਸੀਹੀ ਪਤਨੀਆਂ ਵਾਂਗ ਜੂਲੀਆ ਨੇ ਹਰ ਕਦਮ ਤੇ ਮੇਰਾ ਸਾਥ ਦਿੱਤਾ ਹੈ।

ਮਾੜੀ ਸਿਹਤ ਹੋਣ ਕਰਕੇ ਮੈਂ ਹੁਣ ਅੱਗੇ ਜਿੰਨਾ ਕੰਮ ਨਹੀਂ ਕਰ ਪਾਉਂਦਾ ਤੇ ਕਈ ਵਾਰੀ ਨਿਰਾਸ਼ ਵੀ ਹੋ ਜਾਂਦਾ ਹਾਂ। ਪਰ ਮੈਂ ਅੱਜ ਵੀ ਪਾਇਨੀਅਰੀ ਕਰ ਰਿਹਾ ਹਾਂ। ਮੈਂ ਆਪਣੇ ਆਪ ਨੂੰ ਯਾਦ ਦਿਲਾਉਂਦਾ ਰਹਿੰਦਾ ਹਾਂ ਕਿ ਯਹੋਵਾਹ ਨੇ ਕਦੇ ਇਹ ਵਾਅਦਾ ਨਹੀਂ ਕੀਤਾ ਕਿ ਆਖ਼ਰੀ ਦਿਨਾਂ ਵਿਚ ਸਾਡੀ ਜ਼ਿੰਦਗੀ ਫੁੱਲਾਂ ਦੀ ਸੇਜ ਹੋਵੇਗੀ। ਜੇ ਰਸੂਲ ਪੌਲੁਸ ਤੇ ਹੋਰਾਂ ਵਫ਼ਾਦਾਰ ਮਸੀਹੀਆਂ ਨੂੰ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣ ਲਈ ਕਈ ਮੁਸ਼ਕਲਾਂ ਨਾਲ ਜੂਝਣਾ ਪਿਆ ਸੀ, ਤਾਂ ਸਾਨੂੰ ਵੀ ਇਨ੍ਹਾਂ ਦੀ ਉਮੀਦ ਰੱਖਣੀ ਚਾਹੀਦੀ ਹੈ।—ਰਸੂਲਾਂ ਦੇ ਕਰਤੱਬ 14:22.

ਹਾਲ ਹੀ ਵਿਚ ਮੈਨੂੰ ਆਪਣੀ ਪਹਿਲੀ ਬਾਈਬਲ ਲੱਭੀ ਜਿਹੜੀ ਮੈਂ 1930 ਦੇ ਦਹਾਕੇ ਵਿਚ ਖ਼ਰੀਦੀ ਸੀ। ਉਸ ਦੇ ਅੰਦਰਲੇ ਸਫ਼ੇ ਤੇ ਬ੍ਰਾਜ਼ੀਲ ਵਿਚ ਭੈਣਾਂ-ਭਰਾਵਾਂ ਦੀ ਗਿਣਤੀ ਲਿਖੀ ਹੋਈ ਸੀ। ਸੰਨ 1943 ਵਿਚ ਜਦ ਮੈਂ ਸਭਾਵਾਂ ਵਿਚ ਜਾਣਾ ਸ਼ੁਰੂ ਕੀਤਾ ਸੀ, ਉਦੋਂ ਬ੍ਰਾਜ਼ੀਲ ਵਿਚ 350 ਗਵਾਹ ਸਨ। ਇਹ ਕਿੰਨੀ ਮਾਅਰਕੇ ਦੀ ਗੱਲ ਹੈ ਕਿ ਅੱਜ ਬ੍ਰਾਜ਼ੀਲ ਵਿਚ ਛੇ ਲੱਖ ਤੋਂ ਜ਼ਿਆਦਾ ਗਵਾਹ ਹਨ। ਮੇਰੇ ਲਈ ਇਹ ਬਹੁਤ ਵੱਡੇ ਸਨਮਾਨ ਦੀ ਗੱਲ ਹੈ ਕਿ ਇਸ ਵਾਧੇ ਵਿਚ ਮੇਰਾ ਵੀ ਥੋੜ੍ਹਾ ਜਿਹਾ ਯੋਗਦਾਨ ਰਿਹਾ ਹੈ। ਯਹੋਵਾਹ ਦੀ ਭਗਤੀ ਵਿਚ ਲੱਗੇ ਰਹਿਣ ਨਾਲ ਮੈਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ। ਜ਼ਬੂਰਾਂ ਦੇ ਲਿਖਾਰੀ ਵਾਂਗ ਮੈਂ ਵੀ ਕਹਿ ਸਕਦਾ ਹਾਂ: “ਯਹੋਵਾਹ ਨੇ ਸਾਡੇ ਲਈ ਵੱਡੇ-ਵੱਡੇ ਕੰਮ ਕੀਤੇ ਹਨ, ਅਸੀਂ ਅਨੰਦ ਹੋਏ ਹਾਂ!”—ਜ਼ਬੂਰਾਂ ਦੀ ਪੋਥੀ 126:3.

[ਫੁਟਨੋਟ]

^ ਪੈਰਾ 9 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ, ਪਰ ਹੁਣ ਨਹੀਂ ਛਾਪੀ ਜਾਂਦੀ।

^ ਪੈਰਾ 23 ਲਗਭਗ ਦਸ ਲੱਖ ਇਤਾਲਵੀ 1870 ਤੋਂ 1920 ਵਿਚਕਾਰ ਸਾਓ ਪੌਲੋ ਆ ਵਸੇ ਸਨ।

[ਸਫ਼ਾ 9 ਉੱਤੇ ਤਸਵੀਰ]

ਸਾਲ 1943 ਵਿਚ ਸੈਲਵੇਡਾਰ ਵਿਚ ਪਹਿਲੇ ਸੰਮੇਲਨ ਵਿਚ ਦਿੱਤੇ ਜਾਣ ਵਾਲੇ ਪਬਲਿਕ ਭਾਸ਼ਣ ਦੀ ਮਸ਼ਹੂਰੀ ਕਰਦੇ ਹੋਏ

[ਸਫ਼ਾ 10 ਉੱਤੇ ਤਸਵੀਰ]

ਸਾਲ 1946 ਵਿਚ ਗਲੈਡ ਨੇਸ਼ਨਜ਼ ਸੰਮੇਲਨ ਵਿਚ ਆਉਂਦੇ ਹੋਏ ਭਰਾ

[ਸਫ਼ੇ 10, 11 ਉੱਤੇ ਤਸਵੀਰਾਂ]

ਕਲੀਸਿਯਾਵਾਂ ਦਾ ਦੌਰਾ ਕਰਨ ਦੌਰਾਨ 1950 ਦੇ ਦਹਾਕੇ ਵਿਚ

[ਸਫ਼ਾ 12 ਉੱਤੇ ਤਸਵੀਰ]

ਆਪਣੀ ਪਤਨੀ ਜੂਲੀਆ ਨਾਲ