Skip to content

Skip to table of contents

ਪਰਮ ਗਿਆਨ ਦੀ ਤਲਾਸ਼

ਪਰਮ ਗਿਆਨ ਦੀ ਤਲਾਸ਼

ਪਰਮ ਗਿਆਨ ਦੀ ਤਲਾਸ਼

“ਅਗਿਆਨਤਾ ਵਿਚ ਰਹਿਣ ਨਾਲੋਂ ਚੰਗਾ ਹੈ ਕਿ ਅਸੀਂ ਗਿਆਨ ਲਈਏ,” ਪ੍ਰਸਿੱਧ ਭੌਤਿਕ-ਵਿਗਿਆਨੀ ਐਨਰੀਕੋ ਫਰਮੀ ਦੀ ਪਤਨੀ ਲੌਰਾ ਫਰਮੀ ਨੇ ਕਿਹਾ। ਕੁਝ ਲੋਕ ਉਸ ਦੀ ਗੱਲ ਨਾਲ ਸ਼ਾਇਦ ਸਹਿਮਤ ਨਾ ਹੋਣ। ਉਨ੍ਹਾਂ ਦੇ ਖ਼ਿਆਲ ਵਿਚ ਜੇ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ, ਤਾਂ ਇਸ ਦਾ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ। ਪਰ ਜ਼ਿਆਦਾਤਰ ਲੋਕ ਲੌਰਾ ਫਰਮੀ ਦੀ ਗੱਲ ਨੂੰ ਸਹੀ ਮੰਨਦੇ ਹਨ। ਉਨ੍ਹਾਂ ਦੇ ਹਿਸਾਬ ਨਾਲ ਨਾ ਸਿਰਫ਼ ਵਿਗਿਆਨਕ ਖੋਜਬੀਨ ਦੇ ਖੇਤਰ ਵਿਚ ਗਿਆਨ ਦੀ ਲੋੜ ਹੈ, ਸਗੋਂ ਜ਼ਿੰਦਗੀ ਦੇ ਹੋਰਨਾਂ ਖੇਤਰਾਂ ਵਿਚ ਵੀ ਗਿਆਨ ਹੋਣਾ ਜ਼ਰੂਰੀ ਹੈ। ਪਰ ਸਹੀ ਗਿਆਨ ਨਾ ਹੋਣ ਕਰਕੇ ਸਦੀਆਂ ਤੋਂ ਬਹੁਤ ਸਾਰੇ ਲੋਕ ਬੌਧਿਕ, ਨੈਤਿਕ ਅਤੇ ਅਧਿਆਤਮਿਕ ਤੌਰ ਤੇ ਹਨੇਰੇ ਵਿਚ ਰਹੇ ਹਨ।—ਅਫ਼ਸੀਆਂ 4:18.

ਇਸ ਲਈ ਸੋਚ-ਵਿਚਾਰ ਕਰਨ ਵਾਲੇ ਲੋਕ ਗਿਆਨ ਦੀ ਭਾਲ ਕਰਦੇ ਹਨ। ਉਹ ਜਾਣਨਾ ਚਾਹੁੰਦੇ ਹਨ ਕਿ ਉਹ ਦੁਨੀਆਂ ਵਿਚ ਕਿਉਂ ਹਨ ਅਤੇ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ। ਇਨ੍ਹਾਂ ਸਵਾਲਾਂ ਦਾ ਜਵਾਬ ਜਾਣਨ ਲਈ ਉਨ੍ਹਾਂ ਨੇ ਵੱਖੋ-ਵੱਖਰੇ ਤਰੀਕੇ ਅਪਣਾਏ ਹਨ। ਆਓ ਆਪਾਂ ਕੁਝ ਤਰੀਕਿਆਂ ਤੇ ਗੌਰ ਕਰੀਏ।

ਧਰਮ ਦਾ ਸਹਾਰਾ

ਬੋਧੀ ਪਰੰਪਰਾ ਅਨੁਸਾਰ ਬੁੱਧ ਧਰਮ ਦੇ ਮੋਢੀ ਸਿੱਧਾਰਥ ਗੌਤਮ ਨੇ ਜਦੋਂ ਲੋਕਾਂ ਨੂੰ ਦੁੱਖ ਸਹਿੰਦੇ ਹੋਏ ਅਤੇ ਮਰਦਿਆਂ ਦੇਖਿਆ, ਤਾਂ ਉਹ ਬਹੁਤ ਦੁਖੀ ਹੋਇਆ। ਇਸ ਲਈ ਉਸ ਨੇ ਹਿੰਦੂ ਧਾਰਮਿਕ ਗੁਰੂਆਂ ਤੋਂ ਪੁੱਛਿਆ ਕਿ ਉਹ “ਸੱਚ ਦਾ ਰਾਹ” ਲੱਭਣ ਵਿਚ ਉਸ ਦੀ ਮਦਦ ਕਰਨ। ਕੁਝ ਗੁਰੂਆਂ ਨੇ ਉਸ ਨੂੰ ਯੋਗਾ ਦਾ ਅਭਿਆਸ ਕਰਨ ਅਤੇ ਆਪਣੀਆਂ ਸਭ ਇੱਛਾਵਾਂ ਤਿਆਗ ਦੇਣ ਦੀ ਸਲਾਹ ਦਿੱਤੀ। ਅਖ਼ੀਰ ਵਿਚ ਗੌਤਮ ਨੇ “ਰੱਬ ਦਾ ਗਿਆਨ” ਪਾਉਣ ਲਈ ਘੋਰ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ।

ਕਈਆਂ ਨੇ ਪਰਮ ਗਿਆਨ ਦੀ ਭਾਲ ਲਈ ਦਿਮਾਗ਼ ਤੇ ਅਸਰ ਕਰਨ ਵਾਲੇ ਨਸ਼ਿਆਂ ਦਾ ਸਹਾਰਾ ਲਿਆ ਹੈ। ਮਿਸਾਲ ਲਈ, ਨੇਟਿਵ ਅਮੈਰੀਕਨ ਚਰਚ ਦੇ ਮੈਂਬਰ ਇਕ ਕਿਸਮ ਦਾ ਕੈਕਟਸ ਪੌਦਾ ਚਿੱਥਦੇ ਹਨ ਜਿਸ ਵਿਚ ਨਸ਼ਾ ਹੁੰਦਾ ਹੈ। ਉਹ ਮੰਨਦੇ ਹਨ ਕਿ ਇਹ ਕੈਕਟਸ ਚਿੱਥਣ ਨਾਲ ਉਨ੍ਹਾਂ ਨੂੰ “ਗੁਪਤ ਗਿਆਨ” ਹਾਸਲ ਹੁੰਦਾ ਹੈ।

ਅਠਾਰਵੀਂ ਸਦੀ ਦਾ ਫਰਾਂਸੀਸੀ ਫ਼ਿਲਾਸਫ਼ਰ ਜ਼ੌਨ-ਜ਼ਾਕ ਰੂਸੋ ਮੰਨਦਾ ਸੀ ਕਿ ਸੱਚੇ ਦਿਲੋਂ ਗਿਆਨ ਦੀ ਖੋਜ ਕਰਨ ਵਾਲਾ ਕੋਈ ਵੀ ਇਨਸਾਨ ਰੱਬ ਤੋਂ ਗਿਆਨ ਹਾਸਲ ਕਰ ਸਕਦਾ ਹੈ। ਕਿਵੇਂ? “ਰੱਬ ਦੀ ਆਵਾਜ਼” ਸੁਣ ਕੇ। ਰੂਸੋ ਨੇ ਕਿਹਾ ਕਿ ਜਦੋਂ ਤੁਸੀਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਹੋ, ਤਾਂ ਤੁਹਾਡੀ ਜ਼ਮੀਰ “ਇਨਸਾਨਾਂ ਦੇ ਉਲਝਾਉਣ ਵਾਲੇ ਵੱਖੋ-ਵੱਖਰੇ ਖ਼ਿਆਲਾਂ ਦੇ ਬਾਵਜੂਦ ਤੁਹਾਨੂੰ ਸਹੀ ਸੇਧ ਦੇਵੇਗੀ।”—ਪੱਛਮੀ ਫ਼ਲਸਫ਼ੇ ਦਾ ਇਤਿਹਾਸ (ਅੰਗ੍ਰੇਜ਼ੀ)।

ਬੁੱਧੀ ਦਾ ਇਸਤੇਮਾਲ

ਰੂਸੋ ਦੇ ਜ਼ਮਾਨੇ ਦੇ ਬਹੁਤ ਸਾਰੇ ਲੋਕ ਧਰਮ ਦੇ ਸਹਾਰੇ ਰੂਹਾਨੀ ਗਿਆਨ ਹਾਸਲ ਕਰਨ ਦੇ ਖ਼ਿਆਲ ਨਾਲ ਸਹਿਮਤ ਨਹੀਂ ਸਨ। ਮਿਸਾਲ ਲਈ, ਫਰਾਂਸੀਸੀ ਲਿਖਾਰੀ ਵੋਲਟੈਰ ਦਾ ਮੰਨਣਾ ਸੀ ਕਿ ਧਰਮ ਨੇ ਲੋਕਾਂ ਨੂੰ ਸਹੀ ਰਾਹ ਤੇ ਨਹੀਂ ਪਾਇਆ। ਧਰਮ ਨੇ ਸਦੀਆਂ ਤੋਂ ਯੂਰਪੀ ਲੋਕਾਂ ਨੂੰ ਹਨੇਰੇ ਵਿਚ ਰੱਖਿਆ, ਅੰਧ-ਵਿਸ਼ਵਾਸੀ ਬਣਾਇਆ ਅਤੇ ਆਪਸ ਵਿਚ ਲੜਾਉਂਦਾ ਰਿਹਾ।

ਵੋਲਟੈਰ ਨਵੇਂ ਖ਼ਿਆਲ ਅਪਣਾਉਣ ਵਾਲੇ ਯੂਰਪੀ ਕ੍ਰਾਂਤੀਕਾਰੀਆਂ ਵਿਚ ਸ਼ਾਮਲ ਹੋ ਗਿਆ। ਇਨ੍ਹਾਂ ਕ੍ਰਾਂਤੀਕਾਰੀਆਂ ਨੇ ਪ੍ਰਾਚੀਨ ਯੂਨਾਨੀ ਲੋਕਾਂ ਦੇ ਖ਼ਿਆਲਾਂ ਨੂੰ ਅਪਣਾਇਆ ਕਿ ਬੁੱਧੀ ਦਾ ਇਸਤੇਮਾਲ ਕਰ ਕੇ ਅਤੇ ਵਿਗਿਆਨਕ ਖੋਜਬੀਨ ਕਰ ਕੇ ਹੀ ਸਹੀ ਗਿਆਨ ਹਾਸਲ ਕੀਤਾ ਜਾ ਸਕਦਾ ਹੈ। ਇਕ ਹੋਰ ਕ੍ਰਾਂਤੀਕਾਰੀ ਬ੍ਰਨਾਰਡ ਡੇ ਫੋਂਟਨਲ ਦਾ ਮੰਨਣਾ ਸੀ ਕਿ ਮਨੁੱਖੀ ਬੁੱਧੀ ਨਾਲ ਅਜਿਹੀ “ਸਦੀ ਦਾ ਆਗਾਜ਼ ਹੋਵੇਗਾ ਜਿਸ ਵਿਚ ਗਿਆਨ ਦਿਨ-ਬ-ਦਿਨ ਵਧਦਾ ਜਾਵੇਗਾ ਤੇ ਇਸ ਦੀ ਤੁਲਨਾ ਵਿਚ ਪਿਛਲੀਆਂ ਸਾਰੀਆਂ ਸਦੀਆਂ ਨੂੰ ਅਗਿਆਨੀ ਸਮਝਿਆ ਜਾਵੇਗਾ।”—ਐਨਸਾਈਕਲੋਪੀਡੀਆ ਬ੍ਰਿਟੈਨਿਕਾ।

ਇਹ ਕੁਝ ਵੱਖੋ-ਵੱਖਰੇ ਵਿਚਾਰ ਸਨ ਕਿ ਗਿਆਨ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ। ਪਰ ਸਵਾਲ ਇੱਥੇ ਇਹ ਉੱਠਦਾ ਹੈ: ਕੀ ਸੱਚਾਈ ਦੀ ਭਾਲ ਕਰਨ ਵਿਚ ਸਾਨੂੰ ਕੋਈ ਸਹੀ ਸੇਧ ਦੇ ਸਕਦਾ ਹੈ? ਅਗਲੇ ਲੇਖ ਵਿਚ ਪਰਮ ਗਿਆਨ ਦੇ ਭਰੋਸੇਯੋਗ ਸੋਮੇ ਬਾਰੇ ਗੱਲ ਕੀਤੀ ਜਾਵੇਗੀ।

[ਸਫ਼ਾ 3 ਉੱਤੇ ਤਸਵੀਰਾਂ]

ਗੌਤਮ ( ਬੁੱਧ), ਰੂਸੋ ਅਤੇ ਵੋਲਟੈਰ ਨੇ ਗਿਆਨ ਦੀ ਭਾਲ ਲਈ ਵੱਖੋ-ਵੱਖਰੇ ਰਾਹ ਅਪਣਾਏ