ਪਾਠਕਾਂ ਵੱਲੋਂ ਸਵਾਲ
ਪਾਠਕਾਂ ਵੱਲੋਂ ਸਵਾਲ
ਕੀ ਕਿਸੇ ਮਸੀਹੀ ਨੂੰ ਗੰਦੇ-ਮੰਦੇ ਕੰਮਾਂ ਕਰਕੇ ਕਲੀਸਿਯਾ ਵਿੱਚੋਂ ਕੱਢਿਆ ਜਾ ਸਕਦਾ ਹੈ, ਠੀਕ ਜਿਵੇਂ ਉਸ ਨੂੰ ਹਰਾਮਕਾਰੀ ਕਰਨ ਜਾਂ ਲੁੱਚਪੁਣੇ ਕਰਕੇ ਕੱਢਿਆ ਜਾ ਸਕਦਾ ਹੈ?
ਜੀ ਹਾਂ, ਜੇ ਕੋਈ ਮਸੀਹੀ ਹਰਾਮਕਾਰੀ, ਲੁੱਚਪੁਣੇ ਜਾਂ ਹੋਰ ਗੰਦੇ-ਮੰਦੇ ਕੰਮਾਂ ਵਿਚ ਬਿਨਾਂ ਪਛਤਾਵੇ ਦੇ ਲੱਗਾ ਰਹੇ, ਤਾਂ ਉਸ ਨੂੰ ਕਲੀਸਿਯਾ ਵਿੱਚੋਂ ਕੱਢਿਆ ਜਾ ਸਕਦਾ ਹੈ। ਪੌਲੁਸ ਰਸੂਲ ਨੇ ਹੋਰ ਗ਼ਲਤ ਕੰਮਾਂ ਦੀ ਸੂਚੀ ਵਿਚ ਇਹ ਤਿੰਨ ਗੱਲਾਂ ਵੀ ਸ਼ਾਮਲ ਕੀਤੀਆਂ ਜਿਨ੍ਹਾਂ ਕਰਕੇ ਕਿਸੇ ਮਸੀਹੀ ਨੂੰ ਕਲੀਸਿਯਾ ਵਿੱਚੋਂ ਕੱਢਿਆ ਜਾ ਸਕਦਾ ਹੈ। ਉਸ ਨੇ ਲਿਖਿਆ: “ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ। ਓਹ ਏਹ ਹਨ—ਹਰਾਮਕਾਰੀ, ਗੰਦ ਮੰਦ (“ਅਸ਼ੁੱਧਤਾ,” ਪਵਿੱਤਰ ਬਾਈਬਲ ਨਵਾਂ ਅਨੁਵਾਦ), ਲੁੱਚਪੁਣਾ, . . . ਏਹਨਾਂ ਗੱਲਾਂ ਦੇ ਵਿਖੇ ਮੈਂ ਤੁਹਾਨੂੰ ਸਾਫ਼ ਆਖਦਾ ਹਾਂ . . . ਭਈ ਜਿਹੜੇ ਇਹੋ ਜਿਹੇ ਕੰਮ ਕਰਦੇ ਹਨ ਓਹ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।”—ਗਲਾਤੀਆਂ 5:19-21.
ਹਰਾਮਕਾਰੀ (ਯੂਨਾਨੀ ਵਿਚ ਪੋਰਨੀਆ) ਦਾ ਮਤਲਬ ਹੈ ਵਿਆਹ ਤੋਂ ਬਾਹਰੇ ਜਿਨਸੀ ਸੰਬੰਧ। ਉਦਾਹਰਣ ਲਈ, ਵਿਭਚਾਰ, ਵੇਸਵਾ-ਗਮਨ, ਦੋ ਅਣਵਿਆਹੇ ਲੋਕਾਂ ਵਿਚ ਜਿਨਸੀ ਸੰਬੰਧ, ਮੌਖਿਕ ਤੇ ਗੁੱਦਾ ਸੰਭੋਗ ਅਤੇ ਪਰਾਏ ਮਰਦ ਜਾਂ ਔਰਤ ਦੇ ਗੁਪਤ ਅੰਗਾਂ ਨੂੰ ਪਲੋਸਣਾ। ਜਿਹੜਾ ਮਸੀਹੀ ਹਰਾਮਕਾਰੀ ਨਹੀਂ ਛੱਡਦਾ, ਉਹ ਮਸੀਹੀ ਕਲੀਸਿਯਾ ਵਿਚ ਨਹੀਂ ਰਹਿ ਸਕਦਾ।
ਲੁੱਚਪੁਣਾ (ਯੂਨਾਨੀ ਵਿਚ ਆਸੈਲਯੀਆ) ਦਾ ਮਤਲਬ ਹੈ ਬਦਕਾਰੀ, ਬੇਸ਼ਰਮੀ, ਅਸ਼ਲੀਲਤਾ। ਇਕ ਡਿਕਸ਼ਨਰੀ ਇਸ ਯੂਨਾਨੀ ਸ਼ਬਦ ਦਾ ਇਹ ਮਤਲਬ ਦੱਸਦੀ ਹੈ: ‘ਬੇਲਗਾਮ ਕਾਮ-ਵਾਸ਼ਨਾ, ਬਦਤਮੀਜ਼ੀ, ਬੇਸ਼ਰਮੀ।’ ਇਕ ਹੋਰ ਸ਼ਬਦ-ਕੋਸ਼ ਕਹਿੰਦਾ ਹੈ ਕਿ ਲੁੱਚੇ ਵਿਅਕਤੀ ਨੂੰ ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਦੀ ਕੋਈ ਪਰਵਾਹ ਨਹੀਂ ਹੁੰਦੀ।
ਜਿਵੇਂ ਇਨ੍ਹਾਂ ਸ਼ਬਦ-ਕੋਸ਼ਾਂ ਤੋਂ ਪਤਾ ਚੱਲਦਾ ਹੈ, ‘ਲੁੱਚਪੁਣੇ’ ਵਿਚ ਦੋ ਗੱਲਾਂ ਸ਼ਾਮਲ ਹਨ: (1) ਲੁੱਚੇ ਵਿਅਕਤੀ ਦਾ ਚਾਲ-ਚਲਣ ਪਰਮੇਸ਼ੁਰ ਦੇ ਨਿਯਮਾਂ ਤੋਂ ਉਲਟ ਹੁੰਦਾ ਹੈ ਅਤੇ (2) ਲੁੱਚਾ ਵਿਅਕਤੀ ਬਦਤਮੀਜ਼ ਤੇ ਢੀਠ ਹੁੰਦਾ ਹੈ।
ਇਸ ਲਈ ਛੋਟੀਆਂ-ਛੋਟੀਆਂ ਮਾੜੀਆਂ ਆਦਤਾਂ ਨੂੰ “ਲੁੱਚਪੁਣਾ” ਨਹੀਂ ਕਿਹਾ ਜਾ ਸਕਦਾ। ਲੁੱਚਾ ਵਿਅਕਤੀ ਪਰਮੇਸ਼ੁਰ ਦੇ ਨਿਯਮਾਂ ਦੀ ਉਲੰਘਣਾ ਕਰਦਾ ਹੈ ਅਤੇ ਅਧਿਕਾਰ, ਨਿਯਮਾਂ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਪਰਵਾਹ ਨਹੀਂ ਕਰਦਾ। ਪੌਲੁਸ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਲੁੱਚਪੁਣਾ ਹਰਾਮਕਾਰੀ ਜਿੰਨਾ ਗੰਭੀਰ ਹੋ ਸਕਦਾ ਹੈ। (ਰੋਮੀਆਂ 13:13, 14) ਗਲਾਤੀਆਂ 5:19-21 ਵਿਚ ਵੀ ਪੌਲੁਸ ਨੇ ਕਈ ਗ਼ਲਤ ਕੰਮਾਂ ਵਿਚ ਲੁੱਚਪੁਣੇ ਦਾ ਜ਼ਿਕਰ ਕੀਤਾ। ਉਸ ਨੇ ਅੱਗੇ ਦੱਸਿਆ ਕਿ ਅਜਿਹੇ ਕੰਮ ਕਰਨ ਵਾਲਾ ਇਨਸਾਨ ਪਰਮੇਸ਼ੁਰ ਦੇ ਰਾਜ ਦਾ ਵਾਰਸ ਨਹੀਂ ਬਣ ਸਕੇਗਾ। ਇਸ ਲਈ ਜੇ ਕੋਈ ਮਸੀਹੀ ਲੁੱਚਪੁਣੇ ਵਿਚ ਪੈਂਦਾ ਹੈ, ਤਾਂ ਉਸ ਦਾ ਤਾੜਿਆ ਜਾਣਾ ਜਾਂ ਪਛਤਾਵਾ ਨਾ ਕਰਨ ਕਰਕੇ ਕਲੀਸਿਯਾ ਵਿੱਚੋਂ ਕੱਢਿਆ ਜਾਣਾ ਜਾਇਜ਼ ਹੈ।
ਗੰਦ-ਮੰਦ ਜਾਂ ਅਸ਼ੁੱਧਤਾ (ਯੂਨਾਨੀ ਵਿਚ ਆਕਾਥਾਰਸੀਆ) ਵਿਚ ਕਈ ਗੱਲਾਂ ਸ਼ਾਮਲ ਹਨ। ਇਸ ਵਿਚ ਸਿਰਫ਼ ਹਰਾਮਕਾਰੀ ਜਾਂ ਲੁੱਚਪੁਣਾ ਹੀ ਨਹੀਂ ਆਉਂਦਾ। ਇਸ ਵਿਚ ਹਰ ਕਿਸਮ ਦੀ ਅਸ਼ੁੱਧਤਾ ਸ਼ਾਮਲ ਹੈ—ਜਿਨਸੀ ਸੰਬੰਧਾਂ ਦੇ ਮਾਮਲਿਆਂ ਵਿਚ, ਬੋਲੀ, ਕੰਮਾਂ ਤੇ ਰੂਹਾਨੀ ਮਾਮਲਿਆਂ ਵਿਚ। “ਗੰਦ ਮੰਦ” ਵਿਚ ਬਹੁਤ ਸਾਰੇ ਗੰਭੀਰ ਪਾਪ ਸ਼ਾਮਲ ਹਨ।
ਜਿਵੇਂ 2 ਕੁਰਿੰਥੀਆਂ 12:21 ਵਿਚ ਦੱਸਿਆ ਹੈ, ਪੌਲੁਸ ਨੇ ਉਨ੍ਹਾਂ ਮਸੀਹੀਆਂ ਬਾਰੇ ਗੱਲ ਕੀਤੀ ਜਿਨ੍ਹਾਂ ਨੇ ‘ਅੱਗੇ ਪਾਪ ਕੀਤਾ ਅਤੇ ਮੁੜ ਆਪਣੇ ਗੰਦ ਮੰਦ ਅਤੇ ਹਰਾਮਕਾਰੀ ਅਤੇ ਲੁੱਚਪੁਣੇ ਤੋਂ ਤੋਬਾ ਨਾ ਕੀਤੀ।’ ਧਿਆਨ ਦਿਓ ਕਿ ਪੌਲੁਸ ਨੇ “ਹਰਾਮਕਾਰੀ ਅਤੇ ਲੁੱਚਪੁਣੇ” ਦੇ ਨਾਲ-ਨਾਲ “ਗੰਦ ਮੰਦ” ਦਾ ਵੀ ਜ਼ਿਕਰ ਕੀਤਾ। ਇਸ ਦਾ ਮਤਲਬ ਹੈ ਕਿ ਕੁਝ ਕਿਸਮ ਦੇ ਗੰਦੇ-ਮੰਦੇ ਕੰਮਾਂ ਲਈ ਸ਼ਾਇਦ ਬਜ਼ੁਰਗਾਂ ਨੂੰ ਜੁਡੀਸ਼ਲ ਕਾਰਵਾਈ ਕਰਨੀ ਪਵੇ। ਪਰ ਬਜ਼ੁਰਗਾਂ ਨੂੰ ਹਰੇਕ ਮਾਮਲੇ ਵਿਚ ਜੁਡੀਸ਼ਲ ਕਾਰਵਾਈ ਕਰਨ ਦੀ ਲੋੜ ਨਹੀਂ ਪੈਂਦੀ। ਜਿਵੇਂ ਇਕ ਘਰ ਥੋੜ੍ਹਾ ਗੰਦਾ ਹੋ ਸਕਦਾ ਹੈ ਜਾਂ ਫਿਰ ਗੰਦਗੀ ਨਾਲ ਭਰਿਆ ਹੋ ਸਕਦਾ ਹੈ, ਤਿਵੇਂ ਕੁਝ ਗੰਦੇ-ਮੰਦੇ ਕੰਮ ਘੱਟ ਗੰਭੀਰ ਜਾਂ ਫਿਰ ਕੁਝ ਜ਼ਿਆਦਾ ਗੰਭੀਰ ਹੋ ਸਕਦੇ ਹਨ।
ਅਫ਼ਸੀਆਂ 4:19 ਵਿਚ ਪੌਲੁਸ ਨੇ ਕਿਹਾ ਕਿ ਕਈ ਲੋਕਾਂ ਨੇ “ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ ਮੰਦੇ ਕੰਮ ਚੌਂਪ ਨਾਲ ਕਰਨ।” ਪੌਲੁਸ ਨੇ ਇੱਥੇ ਕਿਹਾ ਕਿ ਲੋਕ ‘ਗੰਦੇ ਮੰਦੇ ਕੰਮ ਚੌਂਪ ਨਾਲ ਕਰਦੇ ਸਨ’ ਯਾਨੀ ਉਨ੍ਹਾਂ ਵਿਚ ਇਹ ਕੰਮ ਕਰਨ ਦਾ ਲੋਭ ਸੀ। ਜੇ ਕੋਈ ਬਪਤਿਸਮਾ-ਪ੍ਰਾਪਤ ਮਸੀਹੀ ਬਿਨਾਂ ਪਛਤਾਵੇ ਦੇ ‘ਗੰਦੇ ਮੰਦੇ ਕੰਮ ਲੋਭ ਨਾਲ ਕਰਦਾ ਰਹੇ,’ ਤਾਂ ਉਸ ਨੂੰ ਕਲੀਸਿਯਾ ਵਿੱਚੋਂ ਕੱਢਿਆ ਜਾ ਸਕਦਾ ਹੈ।
ਮੰਨ ਲਓ ਕਿਸੇ ਮਸੀਹੀ ਮੁੰਡੇ ਤੇ ਕੁੜੀ ਦੀ ਕੁੜਮਾਈ ਹੋਈ ਹੈ ਤੇ ਉਹ ਦੋਵੇਂ ਕਈ ਵਾਰ ਕਾਮੁਕ ਤਰੀਕੇ ਨਾਲ ਇਕ-ਦੂਜੇ ਨੂੰ ਪਲੋਸਦੇ ਹਨ ਜਾਂ ਚੁੰਮਾ-ਚੱਟੀ ਕਰਦੇ ਹਨ। ਬਜ਼ੁਰਗ ਸ਼ਾਇਦ ਸਲਾਹ ਕਰਨ ਕਿ ਉਨ੍ਹਾਂ ਦਾ ਇਹ ਕਾਰਾ ਲੁੱਚਪੁਣਾ ਨਹੀਂ ਹੈ ਕਿਉਂਕਿ ਉਹ ਬਦਤਮੀਜ਼ ਤੇ ਢੀਠ ਨਹੀਂ ਹਨ, ਪਰ ਉਨ੍ਹਾਂ ਦੇ ਇਸ ਕੰਮ ਵਿਚ ਲੋਭ ਜ਼ਰੂਰ ਹੈ। ਇਸ ਲਈ ਬਜ਼ੁਰਗ ਉਨ੍ਹਾਂ ਦੀ ਅਸ਼ੁੱਧ ਹਰਕਤ ਕਾਰਨ ਉਨ੍ਹਾਂ ਖ਼ਿਲਾਫ਼ ਜੁਡੀਸ਼ਲ ਕਾਰਵਾਈ ਕਰ ਸਕਦੇ ਹਨ ਕਿਉਂਕਿ ਲਾਲਚ ਕਰਕੇ ਉਨ੍ਹਾਂ ਦੀ ਗ਼ਲਤੀ ਜ਼ਿਆਦਾ ਗੰਭੀਰ ਮੰਨੀ ਜਾਂਦੀ ਹੈ। ਜੇ ਕੋਈ ਮਸੀਹੀ ਕਿਸੇ ਨਾਲ ਅਸ਼ਲੀਲ ਗੱਲਾਂ ਕਰਨ ਲਈ ਵਾਰ-ਵਾਰ ਟੈਲੀਫ਼ੋਨ ਕਰਦਾ ਹੈ, ਭਾਵੇਂ ਕਿ ਉਸ ਨੂੰ ਇਸ ਲਈ ਤਾੜਿਆ ਵੀ ਗਿਆ ਸੀ, ਤਾਂ ਉਸ ਦੇ ਖ਼ਿਲਾਫ਼ ਜੁਡੀਸ਼ਲ ਕਾਰਵਾਈ ਕੀਤੀ ਜਾ ਸਕਦੀ ਹੈ।
ਅਜਿਹੇ ਮਾਮਲਿਆਂ ਵਿਚ ਬਜ਼ੁਰਗਾਂ ਨੂੰ ਸਮਝਦਾਰੀ ਵਰਤਣ ਦੀ ਲੋੜ ਹੈ। ਜੁਡੀਸ਼ਲ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਧਿਆਨ ਨਾਲ ਦੇਖਣ ਦੀ ਲੋੜ ਹੈ ਕਿ ਕਿਸੇ ਮਸੀਹੀ ਨੇ ਕੀ ਗ਼ਲਤੀ ਕੀਤੀ ਤੇ ਕਿਸ ਹੱਦ ਤਕ ਕੀਤੀ। ਜੇ ਕੋਈ ਮਸੀਹੀ ਕਿਸੇ ਮਾਮਲੇ ਵਿਚ ਬਜ਼ੁਰਗਾਂ ਦੀ ਸਲਾਹ ਨੂੰ ਨਹੀਂ ਮੰਨਦਾ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਬਜ਼ੁਰਗ ਉਸ ਉੱਤੇ ਲੁੱਚਪੁਣੇ ਦਾ ਦੋਸ਼ ਲਾ ਕੇ ਉਸ ਦੇ ਵਿਰੁੱਧ ਕਾਰਵਾਈ ਕਰਨ। ਨਾ ਹੀ ਉਨ੍ਹਾਂ ਨੂੰ ਗਿਣ-ਗਿਣ ਕੇ ਦੇਖਣਾ ਚਾਹੀਦਾ ਕਿ ਉਸ ਨੇ ਉਹੀ ਗ਼ਲਤੀ ਕਿੰਨੀ ਵਾਰ ਕੀਤੀ ਹੈ, ਤਾਂਕਿ ਉਸ ਦੇ ਖ਼ਿਲਾਫ਼ ਜੁਡੀਸ਼ਲ ਕਾਰਵਾਈ ਕੀਤੀ ਜਾ ਸਕੇ। ਬਜ਼ੁਰਗਾਂ ਨੇ ਇਸ ਤਰ੍ਹਾਂ ਦੇ ਹਰ ਮਾਮਲੇ ਨੂੰ ਪ੍ਰਾਰਥਨਾ ਕਰਨ ਤੋਂ ਬਾਅਦ ਧਿਆਨ ਨਾਲ ਜਾਂਚਣਾ ਹੈ ਤੇ ਦੇਖਣਾ ਹੈ ਕਿ ਕਿਸੇ ਮਸੀਹੀ ਨੇ ਕੀ ਗ਼ਲਤੀ ਕੀਤੀ ਤੇ ਕਿੰਨੀ ਵਾਰ ਕੀਤੀ, ਉਹ ਗ਼ਲਤੀ ਕਿੱਦਾਂ ਦੀ ਸੀ ਤੇ ਕਿਸ ਹੱਦ ਤਕ ਕੀਤੀ, ਗ਼ਲਤੀ ਕਰਨ ਵਾਲੇ ਦੀ ਸੋਚ ਕੀ ਸੀ, ਉਸ ਦਾ ਮਕਸਦ ਕੀ ਸੀ।
ਗੰਦੇ-ਮੰਦੇ ਕੰਮਾਂ ਵਿਚ ਸਿਰਫ਼ ਨਾਜਾਇਜ਼ ਜਿਨਸੀ ਸੰਬੰਧ ਹੀ ਨਹੀਂ ਆਉਂਦੇ। ਉਦਾਹਰਣ ਲਈ, ਇਕ ਬਪਤਿਸਮਾ-ਪ੍ਰਾਪਤ ਮੁੰਡਾ ਕੁਝ ਦਿਨ ਸਿਗਰਟਾਂ ਪੀਂਦਾ ਹੈ ਤੇ ਮਾਪਿਆਂ ਸਾਮ੍ਹਣੇ ਆਪਣੀ ਗ਼ਲਤੀ ਕਬੂਲ ਕਰਦਾ ਹੈ। ਉਹ ਅੱਗੇ ਤੋਂ ਸਿਗਰਟਾਂ ਨਾ ਪੀਣ ਦਾ ਪੱਕਾ ਇਰਾਦਾ ਕਰਦਾ ਹੈ। ਇਹ ਕੰਮ ਅਸ਼ੁੱਧ ਹੈ, ਪਰ ਇਹ ਅਸ਼ੁੱਧਤਾ ਇੰਨੀ ਹੱਦ ਤਕ ਨਹੀਂ ਵਧੀ ਕਿ ਉਹ ਇਸ ਦਾ ਲੋਭੀ ਬਣ ਗਿਆ। ਇਕ ਜਾਂ ਦੋ ਬਜ਼ੁਰਗ ਮਾਪਿਆਂ ਦੀ ਮਨਜ਼ੂਰੀ ਨਾਲ ਉਸ ਨੂੰ ਬਾਈਬਲ ਵਿੱਚੋਂ ਸਲਾਹ ਦੇ ਸਕਦੇ ਹਨ। ਪਰ ਜੇ ਉਹ ਸਿਗਰਟਾਂ ਪੀਣੀਆਂ ਨਹੀਂ ਛੱਡਦਾ, ਤਾਂ ਇਸ ਦਾ ਮਤਲਬ ਹੈ ਕਿ ਉਹ 2 ਕੁਰਿੰਥੀਆਂ 7:1) ਜੇ ਉਹ ਮੁੰਡਾ ਆਪਣੀ ਕੀਤੀ ਤੇ ਪਛਤਾਵਾ ਨਹੀਂ ਕਰਦਾ, ਤਾਂ ਉਸ ਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ।
ਜਾਣ-ਬੁੱਝ ਕੇ ਆਪਣੇ ਸਰੀਰ ਨੂੰ ਅਸ਼ੁੱਧ ਕਰ ਰਿਹਾ ਹੈ। ਇਸ ਲਈ ਉਸ ਦੇ ਇਸ ਗੰਦੇ ਕੰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਦੇ ਖ਼ਿਲਾਫ਼ ਜੁਡੀਸ਼ਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। (ਕੁਝ ਮਸੀਹੀ ਅਸ਼ਲੀਲ ਤਸਵੀਰਾਂ ਦੇਖਣ ਲੱਗ ਪੈਂਦੇ ਹਨ ਜਿਸ ਤੋਂ ਪਰਮੇਸ਼ੁਰ ਨੂੰ ਨਫ਼ਰਤ ਹੈ। ਕਿਸੇ ਮਸੀਹੀ ਦੀ ਅਜਿਹੀ ਗੰਦੀ ਆਦਤ ਬਾਰੇ ਪਤਾ ਲੱਗਣ ਤੇ ਬਜ਼ੁਰਗਾਂ ਨੂੰ ਸ਼ਾਇਦ ਧੱਕਾ ਲੱਗੇ। ਪਰ ਜ਼ਰੂਰੀ ਨਹੀਂ ਕਿ ਇਸ ਮਾਮਲੇ ਵਿਚ ਜੁਡੀਸ਼ਲ ਕਾਰਵਾਈ ਕੀਤੀ ਜਾਵੇ। ਉਦਾਹਰਣ ਲਈ, ਇਕ ਭਰਾ ਕਈ ਮੌਕਿਆਂ ਤੇ ਅਸ਼ਲੀਲ ਤਸਵੀਰਾਂ ਦੇਖਦਾ ਹੈ। ਉਹ ਆਪਣੀ ਗ਼ਲਤੀ ਤੇ ਸ਼ਰਮਿੰਦਾ ਹੈ ਅਤੇ ਬਜ਼ੁਰਗ ਕੋਲ ਜਾ ਕੇ ਆਪਣੀ ਗ਼ਲਤੀ ਕਬੂਲ ਕਰਦਾ ਹੈ। ਉਹ ਦੁਬਾਰਾ ਇਹ ਗ਼ਲਤੀ ਨਾ ਕਰਨ ਦਾ ਪੱਕਾ ਇਰਾਦਾ ਕਰਦਾ ਹੈ। ਬਜ਼ੁਰਗ ਇਸ ਸਿੱਟੇ ਤੇ ਪਹੁੰਚਦੇ ਹਨ ਕਿ ਉਸ ਭਰਾ ਦੀ ਗ਼ਲਤੀ ਇੰਨੀ ਗੰਭੀਰ ਨਹੀਂ ਬਣੀ ਕਿ ਉਹ ਇਸ ਚੀਜ਼ ਦਾ ਲੋਭੀ ਬਣ ਗਿਆ। ਨਾ ਹੀ ਉਸ ਦਾ ਰਵੱਈਆ ਢੀਠ ਹੈ ਜੋ ਲੁੱਚਪੁਣੇ ਦਾ ਸੰਕੇਤ ਹੁੰਦਾ। ਭਾਵੇਂ ਉਸ ਦੇ ਖ਼ਿਲਾਫ਼ ਕੋਈ ਜੁਡੀਸ਼ਲ ਕਾਰਵਾਈ ਨਹੀਂ ਕੀਤੀ ਜਾਵੇਗੀ, ਪਰ ਉਸ ਨੂੰ ਬਾਈਬਲ ਵਿੱਚੋਂ ਸਲਾਹ ਦਿੱਤੀ ਜਾਵੇਗੀ ਤੇ ਬਜ਼ੁਰਗ ਉਸ ਦੀ ਅੱਗੋਂ ਵੀ ਮਦਦ ਕਰਨਗੇ ਤਾਂਕਿ ਉਹ ਦੁਬਾਰਾ ਇਹ ਗ਼ਲਤੀ ਨਾ ਕਰੇ।
ਪਰ ਮੰਨ ਲਓ ਕੋਈ ਮਸੀਹੀ ਕਈ ਸਾਲਾਂ ਤੋਂ ਲੁਕ-ਲੁਕ ਕੇ ਬਹੁਤ ਹੀ ਘਿਣਾਉਣੀਆਂ ਅਸ਼ਲੀਲ ਤਸਵੀਰਾਂ ਜਾਂ ਫ਼ਿਲਮਾਂ ਦੇਖਦਾ ਆਇਆ ਹੈ ਤੇ ਉਸ ਨੇ ਆਪਣੇ ਪਾਪ ਨੂੰ ਲੁਕਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਉਹ ਅਜਿਹੀਆਂ ਅਸ਼ਲੀਲ ਤਸਵੀਰਾਂ ਜਾਂ ਫ਼ਿਲਮਾਂ ਦੇਖਦਾ ਹੈ ਜਿਸ ਵਿਚ ਸਮੂਹਕ ਬਲਾਤਕਾਰ ਦਿਖਾਇਆ ਜਾਂਦਾ ਹੈ, ਲੋਕਾਂ ਨੂੰ ਬੰਨ੍ਹ ਕੇ ਸੰਭੋਗ ਕੀਤਾ ਜਾਂਦਾ ਹੈ, ਕਿਸੇ ਤੇ ਅਤਿਆਚਾਰ ਕਰ ਕੇ ਮਜ਼ਾ ਲਿਆ ਜਾਂਦਾ ਹੈ, ਔਰਤਾਂ ਨੂੰ ਮਾਰਿਆ-ਕੁੱਟਿਆ ਜਾਂਦਾ ਹੈ ਜਾਂ ਫਿਰ ਬੱਚਿਆਂ ਨਾਲ ਬਦਫ਼ੈਲੀ ਕੀਤੀ ਜਾਂਦੀ ਹੈ। ਦੂਸਰਿਆਂ ਨੂੰ ਇਸ ਬਾਰੇ ਪਤਾ ਲੱਗਣ ਤੇ ਉਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਭਾਵੇਂ ਉਸ ਦਾ ਰਵੱਈਆ ਢੀਠ ਨਹੀਂ ਸੀ, ਪਰ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਇਸ ਗੰਦੀ ਆਦਤ ਦੇ “ਹੱਥ ਸੌਂਪ ਦਿੱਤਾ” ਅਤੇ ਉਸ ਨੇ ਇਹ ਕੰਮ ‘ਚੌਂਪ ਨਾਲ ਕੀਤਾ’ ਯਾਨੀ ਲੋਭ ਨਾਲ ਕੀਤਾ। ਇਸ ਲਈ ਉਸ ਦੇ ਇਸ ਗੰਦੇ ਕੰਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਜ਼ੁਰਗਾਂ ਨੂੰ ਉਸ ਦੇ ਖ਼ਿਲਾਫ਼ ਜੁਡੀਸ਼ਲ ਕਾਰਵਾਈ ਕਰਨੀ ਚਾਹੀਦੀ ਹੈ। ਜੇ ਗ਼ਲਤ ਕੰਮ ਕਰਨ ਵਾਲਾ ਦਿਲੋਂ ਪਛਤਾਵਾ ਨਹੀਂ ਕਰਦਾ ਤੇ ਅੱਗੇ ਤੋਂ ਇਹ ਗ਼ਲਤ ਕੰਮ ਨਾ ਕਰਨ ਦਾ ਦ੍ਰਿੜ੍ਹ ਫ਼ੈਸਲਾ ਨਹੀਂ ਕਰਦਾ, ਤਾਂ ਉਸ ਨੂੰ ਕਲੀਸਿਯਾ ਵਿੱਚੋਂ ਕੱਢ ਦਿੱਤਾ ਜਾਵੇਗਾ। ਜੇ ਉਹ ਦੂਸਰਿਆਂ ਨੂੰ ਅਸ਼ਲੀਲ ਤਸਵੀਰਾਂ ਜਾਂ ਫ਼ਿਲਮਾਂ ਦੇਖਣ ਲਈ ਆਪਣੇ ਘਰ ਬੁਲਾਉਂਦਾ ਹੈ, ਤਾਂ ਉਹ ਦਿਖਾਉਂਦਾ ਹੈ ਕਿ ਉਸ ਨੂੰ ਕਿਸੇ ਦਾ ਡਰ ਨਹੀਂ। ਉਸ ਦੇ ਰਵੱਈਏ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਲੁੱਚਪੁਣੇ ਦਾ ਦੋਸ਼ੀ ਹੈ।
ਲੁੱਚਪੁਣੇ ਲਈ ਬਾਈਬਲ ਵਿਚ ਵਰਤਿਆ ਗਿਆ ਯੂਨਾਨੀ ਸ਼ਬਦ ਹਮੇਸ਼ਾ ਗੰਭੀਰ ਪਾਪਾਂ ਨੂੰ ਦਰਸਾਉਂਦਾ ਹੈ, ਖ਼ਾਸ ਕਰਕੇ ਲਿੰਗੀ ਸੰਬੰਧਾਂ ਦੇ ਮਾਮਲੇ ਵਿਚ ਕੀਤੇ ਗਏ ਪਾਪਾਂ ਨੂੰ। ਇਹ ਦੇਖਣ ਲਈ ਕਿ ਕਿਸੇ ਦੀ ਗ਼ਲਤੀ ਲੁੱਚਪੁਣਾ ਹੈ ਜਾਂ ਨਹੀਂ, ਬਜ਼ੁਰਗਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਸ ਮਸੀਹੀ ਦਾ ਰਵੱਈਆ ਕੀ ਹੈ। ਕੀ ਉਸ ਦਾ ਰਵੱਈਆ ਬਦਤਮੀਜ਼ੀ, ਬੇਸ਼ਰਮੀ, ਢੀਠਪੁਣੇ ਵਾਲਾ ਹੈ? ਕੀ ਉਸ ਨੇ ਇਹ ਦਿਖਾਇਆ ਕਿ ਉਸ ਨੂੰ ਸਮਾਜ ਦੀਆਂ ਨੈਤਿਕ ਕਦਰਾਂ-ਕੀਮਤਾਂ ਦੀ ਕੋਈ ਪਰਵਾਹ ਨਹੀਂ? ਦੂਸਰੇ ਪਾਸੇ, ਭਾਵੇਂ ਉਹ ਯਹੋਵਾਹ ਦੇ ਨਿਯਮਾਂ ਨੂੰ ਤੋੜਨ ਵਿਚ ਢੀਠ ਅਤੇ ਬਦਤਮੀਜ਼ੀ ਵਾਲਾ ਰਵੱਈਆ ਨਹੀਂ ਦਿਖਾਉਂਦਾ, ਪਰ ਉਹ ਸ਼ਾਇਦ ਲੋਭ ਕਰਕੇ ਗ਼ਲਤ ਕੰਮ ਕਰਦਾ ਰਹਿੰਦਾ ਹੈ। ਇਨ੍ਹਾਂ ਮਾਮਲਿਆਂ ਵਿਚ ਜੁਡੀਸ਼ਲ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕਿਸੇ ਮਸੀਹੀ ਦੀ ਗ਼ਲਤੀ ਘੋਰ ਅਸ਼ੁੱਧਤਾ ਹੈ ਜਾਂ ਫਿਰ ਲੁੱਚਪੁਣਾ, ਇਸ ਗੱਲ ਦਾ ਫ਼ੈਸਲਾ ਕਰਨਾ ਬਹੁਤ ਗੰਭੀਰ ਜ਼ਿੰਮੇਵਾਰੀ ਹੈ ਕਿਉਂਕਿ ਇਹ ਗ਼ਲਤੀ ਕਰਨ ਵਾਲੇ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ। ਅਜਿਹੇ ਮਾਮਲਿਆਂ ਦੀ ਜਾਂਚ ਕਰਨ ਵਾਲੇ ਬਜ਼ੁਰਗਾਂ ਨੂੰ ਪ੍ਰਾਰਥਨਾ ਕਰ ਕੇ ਯਹੋਵਾਹ ਤੋਂ ਪਵਿੱਤਰ ਆਤਮਾ, ਬੁੱਧੀ ਤੇ ਸਮਝ ਮੰਗਣੀ ਚਾਹੀਦੀ ਹੈ। ਬਜ਼ੁਰਗਾਂ ਨੇ ਕਲੀਸਿਯਾ ਨੂੰ ਸਾਫ਼ ਰੱਖਣਾ ਹੈ ਅਤੇ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਦਿੱਤੀ ਸਲਾਹ ਦੇ ਆਧਾਰ ਤੇ ਫ਼ੈਸਲੇ ਕਰਨੇ ਹਨ। (ਮੱਤੀ 18:18; 24:45) ਇਨ੍ਹਾਂ ਬੁਰੇ ਦਿਨਾਂ ਵਿਚ ਬਜ਼ੁਰਗਾਂ ਨੂੰ ਹਮੇਸ਼ਾ ਇਹ ਗੱਲ ਯਾਦ ਰੱਖਣ ਦੀ ਲੋੜ ਹੈ: “ਜੋ ਕੁਝ ਕਰੋ ਸਮਝ ਨਾਲ ਕਰੋ ਕਿਉਂ ਜੋ ਤੁਸੀਂ ਆਦਮੀਆਂ ਵੱਲੋਂ ਨਹੀਂ ਸਗੋਂ ਯਹੋਵਾਹ ਵੱਲੋਂ ਨਿਆਉਂ ਕਰਦੇ ਹੋ।”—2 ਇਤਹਾਸ 19:6.