Skip to content

Skip to table of contents

ਯਹੋਵਾਹ ਦੇ ਸੰਗਠਨ ਦੀਆਂ ਖੂਬੀਆਂ ਦੇਖੋ

ਯਹੋਵਾਹ ਦੇ ਸੰਗਠਨ ਦੀਆਂ ਖੂਬੀਆਂ ਦੇਖੋ

ਯਹੋਵਾਹ ਦੇ ਸੰਗਠਨ ਦੀਆਂ ਖੂਬੀਆਂ ਦੇਖੋ

‘ਅਸੀਂ ਤੇਰੇ ਭਵਨ ਦੀ ਭਲਿਆਈ ਨਾਲ ਤ੍ਰਿਪਤ ਹੋਵਾਂਗੇ।’—ਜ਼ਬੂਰਾਂ ਦੀ ਪੋਥੀ 65:4.

1, 2. (ੳ) ਹੈਕਲ ਦੇ ਪ੍ਰਬੰਧ ਦਾ ਪਰਮੇਸ਼ੁਰ ਦੇ ਲੋਕਾਂ ਉੱਤੇ ਕੀ ਅਸਰ ਪੈਣਾ ਸੀ? (ਅ) ਦਾਊਦ ਨੇ ਹੈਕਲ ਦੀ ਉਸਾਰੀ ਦਾ ਸਮਰਥਨ ਕਿਵੇਂ ਕੀਤਾ ਸੀ?

ਪ੍ਰਾਚੀਨ ਇਸਰਾਏਲ ਦੇ ਇਤਿਹਾਸ ਵਿਚ ਦਾਊਦ ਇਕ ਮਹਾਨ ਹਸਤੀ ਹੈ। ਇਸ ਚਰਵਾਹੇ, ਸੰਗੀਤਕਾਰ, ਨਬੀ ਤੇ ਬਾਦਸ਼ਾਹ ਨੇ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਿਆ ਸੀ। ਦਾਊਦ ਯਹੋਵਾਹ ਲਈ ਗਹਿਰੀ ਸ਼ਰਧਾ ਰੱਖਦਾ ਸੀ ਅਤੇ ਉਸ ਲਈ ਇਕ ਹੈਕਲ ਬਣਾਉਣਾ ਚਾਹੁੰਦਾ ਸੀ ਜਿੱਥੇ ਇਸਰਾਏਲੀਆਂ ਨੇ ਯਹੋਵਾਹ ਦੀ ਭਗਤੀ ਕਰਨ ਆਉਣਾ ਸੀ। ਦਾਊਦ ਜਾਣਦਾ ਸੀ ਕਿ ਹੈਕਲ ਅਤੇ ਇੱਥੇ ਭਗਤੀ ਕਰਨ ਦੇ ਪ੍ਰਬੰਧਾਂ ਤੋਂ ਪਰਮੇਸ਼ੁਰ ਦੇ ਲੋਕਾਂ ਨੂੰ ਖ਼ੁਸ਼ੀ ਤੇ ਲਾਭ ਹੋਣਗੇ। ਇਸ ਲਈ ਦਾਊਦ ਨੇ ਕਿਹਾ: “ਧੰਨ ਹੈ ਉਹ ਜਿਹ ਨੂੰ ਤੂੰ ਚੁਣਦਾ ਤੇ ਆਪਣੇ ਨੇੜੇ ਲਿਆਉਂਦਾ ਹੈਂ, ਭਈ ਉਹ ਤੇਰੇ ਦਰਬਾਰ ਵਿੱਚ ਰਹੇ,—ਅਸੀਂ ਤੇਰੇ ਭਵਨ ਅਰਥਾਤ ਤੇਰੀ ਪਵਿੱਤਰ ਹੈਕਲ ਦੀ ਭਲਿਆਈ ਨਾਲ ਤ੍ਰਿਪਤ ਹੋਵਾਂਗੇ।”—ਜ਼ਬੂਰਾਂ ਦੀ ਪੋਥੀ 65:4.

2 ਯਹੋਵਾਹ ਨੇ ਦਾਊਦ ਨੂੰ ਕਿਹਾ ਕਿ ਉਹ ਉਸ ਦੀ ਹੈਕਲ ਨਹੀਂ ਬਣਾਵੇਗਾ। ਉਸ ਨੇ ਇਹ ਸਨਮਾਨ ਉਸ ਦੇ ਪੁੱਤਰ ਸੁਲੇਮਾਨ ਨੂੰ ਦਿੱਤਾ। ਹੈਕਲ ਬਣਾਉਣ ਦਾ ਸਨਮਾਨ ਨਾ ਮਿਲਣ ਤੇ ਦਾਊਦ ਨੇ ਬੁੜ-ਬੁੜ ਨਹੀਂ ਕੀਤੀ। ਉਹ ਤਾਂ ਇਹੋ ਚਾਹੁੰਦਾ ਸੀ ਕਿ ਹੈਕਲ ਬਣਾਈ ਜਾਵੇ। ਉਸ ਨੇ ਦਿਲੋ-ਜਾਨ ਨਾਲ ਹੈਕਲ ਦੀ ਉਸਾਰੀ ਦਾ ਸਮਰਥਨ ਕਰਦੇ ਹੋਏ ਯਹੋਵਾਹ ਤੋਂ ਮਿਲਿਆ ਹੈਕਲ ਦਾ ਨਕਸ਼ਾ ਸੁਲੇਮਾਨ ਨੂੰ ਦੇ ਦਿੱਤਾ। ਇਸ ਤੋਂ ਇਲਾਵਾ ਦਾਊਦ ਨੇ ਹਜ਼ਾਰਾਂ ਲੇਵੀਆਂ ਦੀਆਂ ਟੋਲੀਆਂ ਬਣਾਈਆਂ ਜਿਨ੍ਹਾਂ ਨੇ ਆਪੋ-ਆਪਣੀ ਵਾਰੀ ਸਿਰ ਹੈਕਲ ਵਿਚ ਸੇਵਾ ਕਰਨੀ ਸੀ। ਨਾਲੇ ਉਸ ਨੇ ਉਸਾਰੀ ਦੇ ਕੰਮ ਲਈ ਬਹੁਤ ਸਾਰਾ ਸੋਨਾ-ਚਾਂਦੀ ਵੀ ਦਾਨ ਕੀਤਾ।—1 ਇਤਹਾਸ 17:1, 4, 11, 12; 23:3-6; 28:11, 12; 29:1-5.

3. ਪਰਮੇਸ਼ੁਰ ਦੇ ਸੇਵਕ ਉਸ ਦੀ ਭਗਤੀ ਕਰਨ ਦੇ ਇੰਤਜ਼ਾਮਾਂ ਬਾਰੇ ਕਿਵੇਂ ਮਹਿਸੂਸ ਕਰਦੇ ਹਨ?

3 ਵਫ਼ਾਦਾਰ ਇਸਰਾਏਲੀਆਂ ਨੇ ਹੈਕਲ ਵਿਚ ਯਹੋਵਾਹ ਦੀ ਭਗਤੀ ਕਰਨ ਦੇ ਇੰਤਜ਼ਾਮਾਂ ਦਾ ਸਮਰਥਨ ਕੀਤਾ। ਅੱਜ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ ਅਸੀਂ ਵੀ ਯਹੋਵਾਹ ਦੇ ਜ਼ਮੀਨੀ ਸੰਗਠਨ ਵਿਚ ਉਸ ਦੀ ਭਗਤੀ ਕਰਨ ਦੇ ਇੰਤਜ਼ਾਮਾਂ ਦਾ ਸਮਰਥਨ ਕਰਦੇ ਹਾਂ। ਇਸ ਤਰ੍ਹਾਂ ਅਸੀਂ ਦਾਊਦ ਦੀ ਚੰਗੀ ਮਿਸਾਲ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਪਰਮੇਸ਼ੁਰ ਦੇ ਸੰਗਠਨ ਵਿਚ ਗ਼ਲਤੀਆਂ ਕੱਢਣ ਦੀ ਬਜਾਇ ਇਸ ਦੀਆਂ ਖੂਬੀਆਂ ਵੱਲ ਧਿਆਨ ਦਿੰਦੇ ਹਾਂ। ਕੀ ਤੁਸੀਂ ਉਨ੍ਹਾਂ ਕਈ ਚੰਗੀਆਂ ਚੀਜ਼ਾਂ ਬਾਰੇ ਸੋਚਿਆ ਹੈ ਜੋ ਸਾਨੂੰ ਇਹ ਸੰਗਠਨ ਦਿੰਦਾ ਹੈ? ਆਓ ਆਪਾਂ ਉਨ੍ਹਾਂ ਵਿੱਚੋਂ ਕੁਝ ਚੀਜ਼ਾਂ ਵੱਲ ਧਿਆਨ ਦੇਈਏ ਜਿਨ੍ਹਾਂ ਲਈ ਸਾਨੂੰ ਬਹੁਤ ਧੰਨਵਾਦੀ ਹੋਣਾ ਚਾਹੀਦਾ ਹੈ।

ਅਗਵਾਈ ਕਰਨ ਵਾਲਿਆਂ ਦੀ ਕਦਰ ਕਰੋ

4, 5. (ੳ) “ਮਾਤਬਰ ਅਤੇ ਬੁੱਧਵਾਨ ਨੌਕਰ” ਆਪਣੀ ਜ਼ਿੰਮੇਵਾਰੀ ਕਿਵੇਂ ਪੂਰੀ ਕਰਦਾ ਹੈ? (ਅ) ਯਹੋਵਾਹ ਦੇ ਕੁਝ ਗਵਾਹਾਂ ਨੇ ਬੁੱਧਵਾਨ ਨੌਕਰ ਦੁਆਰਾ ਤਿਆਰ ਕੀਤੇ ਪ੍ਰਕਾਸ਼ਨਾਂ ਬਾਰੇ ਕੀ ਕਿਹਾ ਹੈ?

4 ਸਾਡੇ ਕੋਲ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਧੰਨਵਾਦੀ ਹੋਣ ਦੇ ਕਈ ਕਾਰਨ ਹਨ ਜਿਸ ਨੂੰ ਯਿਸੂ ਮਸੀਹ ਨੇ ਪਰਮੇਸ਼ੁਰ ਦੇ ਰਾਜ ਸੰਬੰਧੀ ਸਾਰੇ ਕੰਮ ਸੌਂਪੇ ਹਨ। ਇਹ ਨੌਕਰ ਵਰਗ ਮਸਹ ਕੀਤੇ ਹੋਏ ਮਸੀਹੀਆਂ ਦਾ ਬਣਿਆ ਹੋਇਆ ਹੈ ਅਤੇ ਇਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਅਗਵਾਈ ਕਰਦਾ ਹੈ, ਸਭਾਵਾਂ ਦਾ ਇੰਤਜ਼ਾਮ ਕਰਦਾ ਹੈ ਅਤੇ 400 ਤੋਂ ਜ਼ਿਆਦਾ ਭਾਸ਼ਾਵਾਂ ਵਿਚ ਬਾਈਬਲ ਉੱਤੇ ਆਧਾਰਿਤ ਪ੍ਰਕਾਸ਼ਨ ਛਾਪਦਾ ਹੈ। ਸੰਸਾਰ ਭਰ ਵਿਚ ਲੱਖਾਂ ਲੋਕ ‘ਵੇਲੇ ਸਿਰ ਦਿੱਤੀ ਇਸ ਰਸਤ’ ਲਈ ਸ਼ੁਕਰਗੁਜ਼ਾਰ ਹਨ। (ਮੱਤੀ 24:45-47) ਸਾਡੇ ਕੋਲ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਖ਼ਿਲਾਫ਼ ਬੁੜ-ਬੁੜ ਕਰਨ ਦਾ ਕੋਈ ਕਾਰਨ ਨਹੀਂ ਹੈ।

5 ਕਈ ਸਾਲਾਂ ਤੋਂ ਐਲਫੀ ਨਾਂ ਦੀ ਬਿਰਧ ਭੈਣ ਨੂੰ ‘ਮਾਤਬਰ ਨੌਕਰ’ ਵਰਗ ਦੁਆਰਾ ਛਾਪੇ ਜਾਂਦੇ ਪ੍ਰਕਾਸ਼ਨਾਂ ਵਿਚ ਦਿੱਤੀ ਬਾਈਬਲ ਦੀ ਸਲਾਹ ਤੋਂ ਕਾਫ਼ੀ ਹੌਸਲਾ ਤੇ ਮਦਦ ਮਿਲੀ ਹੈ। ਉਹ ਇਸ ਲਈ ਦਿਲੋਂ ਧੰਨਵਾਦੀ ਹੈ। ਉਹ ਲਿਖਦੀ ਹੈ: “ਯਹੋਵਾਹ ਦੇ ਸੰਗਠਨ ਦੀ ਮਦਦ ਤੋਂ ਬਗੈਰ ਮੈਂ ਕੀ ਕਰਦੀ?” ਪੀਟਰ ਅਤੇ ਈਰਮਗਾਰਡ ਵੀ ਕਈ ਦਹਾਕਿਆਂ ਤੋਂ ਯਹੋਵਾਹ ਦੀ ਸੇਵਾ ਕਰਦੇ ਆਏ ਹਨ। ਈਰਮਗਾਰਡ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਹੈ ਕਿ “ਯਹੋਵਾਹ ਦੇ ਸੰਗਠਨ ਨੇ ਉਸ ਦੇ ਲੋਕਾਂ ਦੀ ਹਰ ਤਰੀਕੇ ਨਾਲ ਦੇਖ-ਭਾਲ ਕੀਤੀ ਹੈ।” ਇੱਥੋਂ ਤਕ ਕਿ ‘ਮਾਤਬਰ ਨੌਕਰ’ ਨੇ ਅੰਨ੍ਹੇ ਅਤੇ ਬੋਲ਼ੇ ਲੋਕਾਂ ਲਈ ਵੀ ਪ੍ਰਕਾਸ਼ਨ ਤਿਆਰ ਕੀਤੇ ਹਨ।

6, 7. (ੳ) ਸੰਸਾਰ ਭਰ ਵਿਚ ਕਲੀਸਿਯਾਵਾਂ ਦੀ ਦੇਖ-ਭਾਲ ਕਿਵੇਂ ਕੀਤੀ ਜਾਂਦੀ ਹੈ? (ਅ) ਕੁਝ ਭੈਣਾਂ-ਭਰਾਵਾਂ ਨੇ ਯਹੋਵਾਹ ਦੇ ਸੰਗਠਨ ਬਾਰੇ ਕੀ ਕਿਹਾ ਹੈ?

6 ਬਰੁਕਲਿਨ, ਨਿਊਯਾਰਕ ਵਿਚ ਯਹੋਵਾਹ ਦੇ ਗਵਾਹਾਂ ਦੇ ਹੈੱਡ-ਕੁਆਰਟਰ ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਹੈ। ਇਹ ਮਸਹ ਕੀਤੇ ਹੋਏ ਭਰਾਵਾਂ ਦੇ ਛੋਟੇ ਸਮੂਹ ਦੀ ਬਣੀ ਹੋਈ ਹੈ ਜੋ ‘ਮਾਤਬਰ ਨੌਕਰ’ ਦੇ ਪ੍ਰਤਿਨਿਧ ਹਨ। ਪ੍ਰਬੰਧਕ ਸਭਾ ਤਜਰਬੇਕਾਰ ਭਰਾਵਾਂ ਨੂੰ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸਾਂ ਵਿਚ ਸੇਵਾ ਕਰਨ ਲਈ ਚੁਣਦੀ ਹੈ। ਇਹ ਬ੍ਰਾਂਚ ਆਫ਼ਿਸ ਸੰਸਾਰ ਭਰ ਵਿਚ 98,000 ਤੋਂ ਜ਼ਿਆਦਾ ਕਲੀਸਿਯਾਵਾਂ ਦੀ ਦੇਖ-ਭਾਲ ਕਰਦੇ ਹਨ। ਜਿਹੜੇ ਭਰਾ ਬਾਈਬਲ ਦੀਆਂ ਮੰਗਾਂ ਉੱਤੇ ਪੂਰਾ ਉਤਰਦੇ ਹਨ, ਉਨ੍ਹਾਂ ਨੂੰ ਇਨ੍ਹਾਂ ਕਲੀਸਿਯਾਵਾਂ ਵਿਚ ਬਜ਼ੁਰਗਾਂ ਅਤੇ ਸਹਾਇਕ ਸੇਵਕਾਂ ਵਜੋਂ ਨਿਯੁਕਤ ਕੀਤਾ ਜਾਂਦਾ ਹੈ। (1 ਤਿਮੋਥਿਉਸ 3:1-9, 12, 13) ਬਜ਼ੁਰਗ ਕਲੀਸਿਯਾ ਵਿਚ ਅਗਵਾਈ ਕਰਦੇ ਹਨ ਤੇ ਪਰਮੇਸ਼ੁਰ ਦੇ ਲੋਕਾਂ ਦੀ ਪਿਆਰ ਨਾਲ ਦੇਖ-ਭਾਲ ਕਰਦੇ ਹਨ। ਕਿੰਨੀ ਵਧੀਆ ਗੱਲ ਹੈ ਕਿ ਅਸੀਂ ਪਰਮੇਸ਼ੁਰ ਦੇ ਲੋਕਾਂ ਵਿਚ ਸ਼ਾਮਲ ਹੋ ਕੇ ਪਿਆਰ ਅਤੇ ਏਕਤਾ ਦਾ ਆਨੰਦ ਮਾਣਦੇ ਹਾਂ!—1 ਪਤਰਸ 2:17; 5:2, 3.

7 ਬਜ਼ੁਰਗਾਂ ਦੀਆਂ ਸ਼ਿਕਾਇਤਾਂ ਕਰਨ ਦੀ ਬਜਾਇ ਭੈਣ-ਭਰਾ ਉਨ੍ਹਾਂ ਤੋਂ ਮਿਲੀ ਮਦਦ ਲਈ ਕਦਰ ਪ੍ਰਗਟ ਕਰਦੇ ਹਨ। ਬਿਰਗਿਟ ਦੀ ਮਿਸਾਲ ਵੱਲ ਧਿਆਨ ਦਿਓ। ਉਹ ਇਕ ਪਤਨੀ ਹੈ ਜਿਸ ਦੀ ਉਮਰ ਹੁਣ 30 ਸਾਲਾਂ ਤੋਂ ਉੱਪਰ ਹੈ। ਜਦੋਂ ਉਹ ਅੱਲ੍ਹੜ ਉਮਰ ਦੀ ਸੀ, ਤਾਂ ਕਈ ਗ਼ਲਤ ਕਿਸਮ ਦੇ ਨੌਜਵਾਨਾਂ ਨਾਲ ਉਸ ਦੀ ਦੋਸਤੀ ਸੀ ਜੋ ਉਸ ਨੂੰ ਗ਼ਲਤ ਕੰਮ ਕਰਨ ਲਈ ਪ੍ਰੇਰਦੇ ਸਨ। ਪਰ ਬਾਈਬਲ ਵਿੱਚੋਂ ਦਿੱਤੀ ਬਜ਼ੁਰਗਾਂ ਦੀ ਸਲਾਹ ਅਤੇ ਭੈਣਾਂ-ਭਰਾਵਾਂ ਦੀ ਮਦਦ ਨੇ ਉਸ ਨੂੰ ਗ਼ਲਤ ਕੰਮ ਕਰਨ ਤੋਂ ਬਚਾ ਲਿਆ। ਬਿਰਗਿਟ ਹੁਣ ਕਿਵੇਂ ਮਹਿਸੂਸ ਕਰਦੀ ਹੈ? ਉਹ ਕਹਿੰਦੀ ਹੈ: “ਮੈਂ ਬਿਆਨ ਨਹੀਂ ਕਰ ਸਕਦੀ ਕਿ ਯਹੋਵਾਹ ਦੇ ਸੰਗਠਨ ਵਿਚ ਹੋਣ ਕਰਕੇ ਮੈਂ ਕਿੰਨੀ ਖ਼ੁਸ਼ ਹਾਂ!” 17-ਸਾਲਾ ਆਂਡ੍ਰੈਅਸ ਕਹਿੰਦਾ ਹੈ: “ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਯਹੋਵਾਹ ਦੀ ਸੰਸਥਾ ਹੈ। ਦੁਨੀਆਂ ਵਿਚ ਇਸ ਵਰਗੀ ਹੋਰ ਕੋਈ ਸੰਸਥਾ ਨਹੀਂ ਹੈ।” ਕੀ ਅਸੀਂ ਵੀ ਯਹੋਵਾਹ ਦੇ ਸੰਗਠਨ ਦੀ ਕਦਰ ਕਰਦੇ ਹਾਂ?

ਅਗਵਾਈ ਕਰਨ ਵਾਲੇ ਭਰਾ ਭੁੱਲਣਹਾਰ ਹਨ

8, 9. ਕੁਝ ਇਸਰਾਏਲੀ ਦਾਊਦ ਨਾਲ ਕਿਵੇਂ ਪੇਸ਼ ਆਏ ਸਨ ਅਤੇ ਦਾਊਦ ਦਾ ਕੀ ਰਵੱਈਆ ਸੀ?

8 ਇਹ ਸੱਚ ਹੈ ਕਿ ਯਹੋਵਾਹ ਦੇ ਸੇਵਕਾਂ ਦੀ ਅਗਵਾਈ ਕਰਨ ਵਾਲੇ ਭਰਾ ਨਾਮੁਕੰਮਲ ਹਨ। ਉਹ ਸਾਰੇ ਗ਼ਲਤੀਆਂ ਕਰਦੇ ਹਨ ਅਤੇ ਕਈਆਂ ਨੂੰ ਆਪਣੀਆਂ ਕਮੀਆਂ-ਕਮਜ਼ੋਰੀਆਂ ਉੱਤੇ ਕਾਬੂ ਪਾਉਣ ਲਈ ਲਗਾਤਾਰ ਸੰਘਰਸ਼ ਕਰਨਾ ਪੈਂਦਾ ਹੈ। ਕੀ ਸਾਨੂੰ ਇਸ ਕਰਕੇ ਪਰੇਸ਼ਾਨ ਜਾਂ ਗੁੱਸੇ ਹੋਣਾ ਚਾਹੀਦਾ ਹੈ? ਨਹੀਂ। ਪ੍ਰਾਚੀਨ ਇਸਰਾਏਲ ਵਿਚ ਵੀ ਜਿਨ੍ਹਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੇ ਵੱਡੀਆਂ-ਵੱਡੀਆਂ ਗ਼ਲਤੀਆਂ ਕੀਤੀਆਂ ਸਨ। ਮਿਸਾਲ ਲਈ, ਜਦ ਦਾਊਦ ਅਜੇ ਅੱਲ੍ਹੜ ਉਮਰ ਦਾ ਸੀ, ਤਾਂ ਉਸ ਨੂੰ ਰਾਜਾ ਸ਼ਾਊਲ ਦਾ ਮਨ ਸ਼ਾਂਤ ਕਰਨ ਲਈ ਸਾਜ਼ ਵਜਾਉਣ ਲਈ ਰੱਖਿਆ ਗਿਆ ਸੀ। ਬਾਅਦ ਵਿਚ ਸ਼ਾਊਲ ਨੇ ਦਾਊਦ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਅਤੇ ਦਾਊਦ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ।—1 ਸਮੂਏਲ 16:14-23; 18:10-12; 19:18; 20:32, 33; 22:1-5.

9 ਹੋਰ ਕਈ ਇਸਰਾਏਲੀਆਂ ਨੇ ਵੀ ਦਾਊਦ ਨੂੰ ਧੋਖਾ ਦਿੱਤਾ ਸੀ। ਮਿਸਾਲ ਲਈ, ਦਾਊਦ ਦੀ ਫ਼ੌਜ ਦੇ ਸੈਨਾਪਤੀ ਯੋਆਬ ਨੇ ਚਲਾਕੀ ਵਰਤ ਕੇ ਸ਼ਾਊਲ ਦੇ ਰਿਸ਼ਤੇਦਾਰ ਅਬਨੇਰ ਦਾ ਕਤਲ ਕਰ ਦਿੱਤਾ। ਫਿਰ ਦਾਊਦ ਦੇ ਪੁੱਤਰ ਅਬਸ਼ਾਲੋਮ ਨੇ ਉਸ ਦੀ ਰਾਜ-ਗੱਦੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ, ਦਾਊਦ ਦੇ ਸਲਾਹਕਾਰ ਅਤੇ ਜਿਗਰੀ ਦੋਸਤ ਅਹੀਥੋਫ਼ਲ ਨੇ ਉਸ ਨਾਲ ਗੱਦਾਰੀ ਕੀਤੀ। (2 ਸਮੂਏਲ 3:22-30; 5:1-17, 31; 16:15, 21) ਪਰ ਦਾਊਦ ਨੇ ਆਪਣੇ ਦਿਲ ਵਿਚ ਨਫ਼ਰਤ ਦਾ ਜ਼ਹਿਰ ਨਹੀਂ ਘੁਲਣ ਦਿੱਤਾ ਤੇ ਨਾ ਹੀ ਉਸ ਨੇ ਯਹੋਵਾਹ ਦੀ ਭਗਤੀ ਕਰਨੀ ਛੱਡ ਦਿੱਤੀ ਸੀ। ਇਸ ਦੇ ਉਲਟ, ਦੁੱਖਾਂ ਕਰਕੇ ਦਾਊਦ ਯਹੋਵਾਹ ਦੇ ਹੋਰ ਵੀ ਨੇੜੇ ਹੋ ਗਿਆ ਅਤੇ ਉਸ ਦਾ ਰਵੱਈਆ ਪਹਿਲਾਂ ਵਰਗਾ ਹੀ ਰਿਹਾ। ਸ਼ਾਊਲ ਤੋਂ ਭੱਜਦੇ ਸਮੇਂ ਉਸ ਨੇ ਕਿਹਾ ਸੀ: “ਮੇਰੇ ਉੱਤੇ ਦਯਾ ਕਰ, ਹੇ ਪਰਮੇਸ਼ੁਰ, ਮੇਰੇ ਉੱਤੇ ਦਯਾ ਕਰ! ਕਿਉਂ ਜੋ ਮੇਰੀ ਜਾਨ ਨੇ ਤੇਰੀ ਸ਼ਰਨ ਲਈ ਹੋਈ ਹੈ, ਅਤੇ ਮੈਂ ਤੇਰੇ ਖੰਭਾਂ ਦੀ ਛਾਇਆ ਹੇਠ ਸ਼ਰਨ ਲਵਾਂਗਾ, ਜਿਨ੍ਹਾਂ ਚਿਰ ਏਹ ਆਫ਼ਤਾਂ ਨਾ ਲੰਘ ਜਾਣ।”—ਜ਼ਬੂਰਾਂ ਦੀ ਪੋਥੀ 57:1.

10, 11. ਜਵਾਨੀ ਵਿਚ ਗਰਟਰੂਟ ਨਾਲ ਕੀ ਹੋਇਆ ਸੀ ਤੇ ਉਸ ਨੇ ਪਰਮੇਸ਼ੁਰ ਦੇ ਲੋਕਾਂ ਦੀਆਂ ਗ਼ਲਤੀਆਂ ਬਾਰੇ ਕੀ ਕਿਹਾ ਸੀ?

10 ਅੱਜ ਪਰਮੇਸ਼ੁਰ ਦੇ ਸੰਗਠਨ ਵਿਚ ਕੋਈ ਸਾਨੂੰ ਧੋਖਾ ਨਹੀਂ ਦੇਣ ਵਾਲਾ ਹੈ। ਯਹੋਵਾਹ, ਉਸ ਦੇ ਦੂਤ ਅਤੇ ਜ਼ਿੰਮੇਵਾਰ ਭਰਾ ਕਲੀਸਿਯਾ ਵਿਚ ਬੇਈਮਾਨ ਜਾਂ ਦੁਸ਼ਟ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਦੇ ਹਨ। ਫਿਰ ਵੀ ਸਾਨੂੰ ਇਸ ਹਕੀਕਤ ਦਾ ਸਾਮ੍ਹਣਾ ਕਰਨਾ ਪਵੇਗਾ ਕਿ ਅਸੀਂ ਸਾਰੇ ਭੁੱਲਣਹਾਰ ਹਾਂ ਤੇ ਸਾਰਿਆਂ ਤੋਂ ਗ਼ਲਤੀਆਂ ਹੋ ਜਾਂਦੀਆਂ ਹਨ।

11 ਗਰਟਰੂਟ ਨੇ ਕਈ ਸਾਲ ਯਹੋਵਾਹ ਦੀ ਭਗਤੀ ਕੀਤੀ ਤੇ ਉਸ ਦੀ ਮੌਤ 2003 ਵਿਚ 91 ਸਾਲਾਂ ਤੇ ਹੋਈ। ਜਵਾਨੀ ਵਿਚ ਉਸ ਉੱਤੇ ਇਲਜ਼ਾਮ ਲਾਇਆ ਗਿਆ ਸੀ ਕਿ ਉਹ ਪੂਰੇ ਸਮੇਂ ਦੀ ਪ੍ਰਚਾਰਕ ਨਹੀਂ ਸੀ, ਸਗੋਂ ਫਰੇਬਣ ਸੀ। ਉਸ ਨੇ ਇਸ ਬਾਰੇ ਕੀ ਕੀਤਾ? ਕੀ ਉਸ ਨੇ ਆਪਣੇ ਨਾਲ ਹੋਈ ਬੇਇਨਸਾਫ਼ੀ ਕਰਕੇ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ? ਨਹੀਂ, ਸਗੋਂ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੀ ਜ਼ਿੰਦਗੀ ਬਾਰੇ ਕਿਹਾ: “ਇਸ ਤਜਰਬੇ ਨੇ ਅਤੇ ਹੋਰਨਾਂ ਤਜਰਬਿਆਂ ਨੇ ਮੈਨੂੰ ਸਿਖਾਇਆ ਕਿ ਭਾਵੇਂ ਲੋਕ ਗ਼ਲਤੀਆਂ ਕਰਦੇ ਹਨ, ਪਰ ਯਹੋਵਾਹ ਆਪਣਾ ਕੰਮ ਪੂਰਾ ਕਰਨ ਲਈ ਭੁੱਲਣਹਾਰ ਇਨਸਾਨਾਂ ਨੂੰ ਵਰਤਦਾ ਹੈ।” ਜਦ ਗਰਟਰੂਟ ਨੂੰ ਪਰਮੇਸ਼ੁਰ ਦੇ ਸੇਵਕਾਂ ਦੀਆਂ ਗ਼ਲਤੀਆਂ ਕਰਕੇ ਦੁੱਖ ਝੱਲਣੇ ਪਏ, ਤਾਂ ਉਸ ਨੇ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰ ਕੇ ਉਸ ਨੂੰ ਆਪਣਾ ਆਸਰਾ ਬਣਾਇਆ।

12. (ੳ) ਪਹਿਲੀ ਸਦੀ ਦੇ ਕੁਝ ਮਸੀਹੀਆਂ ਨੇ ਕੀ ਕੀਤਾ ਸੀ? (ਅ) ਸਾਨੂੰ ਕਿਨ੍ਹਾਂ ਗੱਲਾਂ ਉੱਤੇ ਧਿਆਨ ਲਾਉਣਾ ਚਾਹੀਦਾ ਹੈ?

12 ਮਸੀਹੀ ਭਾਵੇਂ ਕਿੰਨੇ ਹੀ ਵਫ਼ਾਦਾਰ ਤੇ ਸ਼ਰਧਾਮਈ ਕਿਉਂ ਨਾ ਹੋਣ, ਪਰ ਹੈ ਤਾਂ ਉਹ ਭੁੱਲਣਹਾਰ ਇਨਸਾਨ ਹੀ। ਇਸ ਲਈ ਜਦ ਕੋਈ ਜ਼ਿੰਮੇਵਾਰ ਭਰਾ ਗ਼ਲਤੀ ਕਰਦਾ ਹੈ, ਤਾਂ ਆਓ ਆਪਾਂ ‘ਸੱਭੇ ਕੰਮ ਬੁੜ ਬੁੜ ਕਰਨ ਤੋਂ ਬਿਨਾ ਕਰੀਏ।’ (ਫ਼ਿਲਿੱਪੀਆਂ 2:14) ਕਿੰਨੀ ਅਫ਼ਸੋਸ ਦੀ ਗੱਲ ਹੋਵੇਗੀ ਜੇ ਅਸੀਂ ਪਹਿਲੀ ਸਦੀ ਦੀ ਕਲੀਸਿਯਾ ਵਿਚ ਕੁਝ ਬੁੜ-ਬੁੜ ਕਰਨ ਵਾਲੇ ਭੈਣਾਂ-ਭਰਾਵਾਂ ਦੀ ਰੀਸ ਕਰੀਏ! ਯਹੂਦਾਹ ਨੇ ਕਿਹਾ ਕਿ ਇਹ ਮਸੀਹੀ “ਹਕੂਮਤਾਂ ਨੂੰ ਤੁੱਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ” ਸਨ। ਇਹ “ਬੁੜ ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ” ਸਨ। (ਯਹੂਦਾਹ 8, 16) ਆਓ ਆਪਾਂ ਉਨ੍ਹਾਂ ਬੁੜ-ਬੁੜ ਕਰਨ ਵਾਲਿਆਂ ਵਾਂਗ ਨਾ ਬਣੀਏ, ਸਗੋਂ ਆਪਣਾ ਧਿਆਨ ਉਨ੍ਹਾਂ ਚੰਗੀਆਂ ਚੀਜ਼ਾਂ ਵੱਲ ਲਾਈਏ ਜੋ ਸਾਨੂੰ ‘ਮਾਤਬਰ ਨੌਕਰ’ ਤੋਂ ਮਿਲਦੀਆਂ ਹਨ। ਆਓ ਆਪਾਂ ਯਹੋਵਾਹ ਦੇ ਸੰਗਠਨ ਦੀਆਂ ਖੂਬੀਆਂ ਵੱਲ ਧਿਆਨ ਦੇਈਏ ਅਤੇ ‘ਸੱਭੇ ਕੰਮ ਬੁੜ ਬੁੜ ਕਰਨ ਤੋਂ ਬਿਨਾ ਕਰੀਏ।’

“ਇਹ ਔਖੀ ਗੱਲ ਹੈ”

13. ਯਿਸੂ ਮਸੀਹੀ ਦੀਆਂ ਕੁਝ ਸਿੱਖਿਆਵਾਂ ਸੁਣ ਕੇ ਕਈਆਂ ਨੇ ਕੀ ਕੀਤਾ ਸੀ?

13 ਪਹਿਲੀ ਸਦੀ ਵਿਚ ਕੁਝ ਲੋਕਾਂ ਨੇ ਯਿਸੂ ਦੀਆਂ ਸਿੱਖਿਆਵਾਂ ਬਾਰੇ ਬੁੜ-ਬੁੜ ਕੀਤੀ ਸੀ। ਯੂਹੰਨਾ 6:48-69 ਵਿਚ ਯਿਸੂ ਨੇ ਕਿਹਾ: “ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ।” ਇਹ ਸ਼ਬਦ ਸੁਣ ਕੇ ‘ਚੇਲਿਆਂ ਵਿੱਚੋਂ ਬਹੁਤਿਆਂ ਨੇ ਆਖਿਆ ਜੋ ਇਹ ਔਖੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ?’ ਯਿਸੂ ਜਾਣਦਾ ਸੀ ਕਿ “ਚੇਲੇ ਇਸ ਗੱਲ ਉੱਤੇ ਬੁੜਬੁੜਾਉਂਦੇ” ਸਨ। “ਇਸ ਗੱਲ ਤੋਂ ਉਹ ਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਹਾਂ ਨੂੰ ਫਿਰ ਗਏ ਅਤੇ ਮੁੜ ਉਹ ਦੇ ਨਾਲ ਨਾ ਚੱਲੇ।” ਪਰ ਸਾਰੇ ਚੇਲਿਆਂ ਨੇ ਬੁੜ-ਬੁੜ ਨਹੀਂ ਕੀਤੀ ਸੀ। ਧਿਆਨ ਦਿਓ ਕਿ ਉਦੋਂ ਕੀ ਹੋਇਆ ਸੀ ਜਦ ਯਿਸੂ ਨੇ ਆਪਣੇ 12 ਰਸੂਲਾਂ ਨੂੰ ਪੁੱਛਿਆ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” ਪਤਰਸ ਰਸੂਲ ਨੇ ਜਵਾਬ ਦਿੱਤਾ: “ਪ੍ਰਭੁ ਜੀ ਅਸੀਂ ਕਿਹ ਦੇ ਕੋਲ ਜਾਈਏ? ਸਦੀਪਕ ਜੀਉਣ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ। ਅਰ ਅਸਾਂ ਤਾਂ ਨਿਹਚਾ ਕੀਤੀ ਅਤੇ ਜਾਣਿਆ ਹੈ ਕਿ ਤੂੰ ਪਰਮੇਸ਼ੁਰ ਦਾ ਪਵਿੱਤ੍ਰ ਪੁਰਖ ਹੈਂ।”

14, 15. (ੳ) ਕੁਝ ਮਸੀਹੀ ਬਾਈਬਲ ਦੀਆਂ ਸਿੱਖਿਆਵਾਂ ਕਰਕੇ ਗੁੱਸੇ ਕਿਉਂ ਹੋ ਜਾਂਦੇ ਹਨ? (ਅ) ਅਸੀਂ ਇਮਾਨਵਲ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ?

14 ਸਾਡੇ ਜ਼ਮਾਨੇ ਵਿਚ ਯਹੋਵਾਹ ਦੇ ਸੇਵਕਾਂ ਵਿੱਚੋਂ ਕੁਝ ਲੋਕ ਬਾਈਬਲ ਦੀਆਂ ਸਿੱਖਿਆਵਾਂ ਕਰਕੇ ਗੁੱਸੇ ਹੋਏ ਹਨ ਤੇ ਉਨ੍ਹਾਂ ਨੇ ਯਹੋਵਾਹ ਦੇ ਸੰਗਠਨ ਬਾਰੇ ਬੁੜ-ਬੁੜ ਕੀਤੀ ਹੈ। ਉਹ ਇਸ ਤਰ੍ਹਾਂ ਕਿਉਂ ਕਰਦੇ ਹਨ? ਕਿਉਂਕਿ ਉਹ ਪਰਮੇਸ਼ੁਰ ਦੇ ਕੰਮ ਕਰਨ ਦੇ ਤਰੀਕੇ ਨੂੰ ਨਹੀਂ ਸਮਝਦੇ। ਸਾਡਾ ਸਿਰਜਣਹਾਰ ਆਪਣੇ ਲੋਕਾਂ ਨੂੰ ਸਹਿਜੇ-ਸਹਿਜੇ ਸੱਚਾਈ ਪ੍ਰਗਟ ਕਰਦਾ ਹੈ। ਇਸ ਲਈ ਸਮੇਂ ਦੇ ਬੀਤਣ ਨਾਲ ਬਾਈਬਲ ਦੀ ਸਾਡੀ ਸਮਝ ਵੀ ਬਦਲ ਜਾਂਦੀ ਹੈ। ਯਹੋਵਾਹ ਦੇ ਜ਼ਿਆਦਾਤਰ ਲੋਕ ਇਸ ਤੋਂ ਖ਼ੁਸ਼ ਹੁੰਦੇ ਹਨ, ਪਰ ਥੋੜ੍ਹੇ ਜਿਹੇ “ਵਧੀਕ ਧਰਮੀ” ਬਣ ਜਾਂਦੇ ਹਨ ਅਤੇ ਤਬਦੀਲੀਆਂ ਤੋਂ ਨਾਰਾਜ਼ ਹੋ ਜਾਂਦੇ ਹਨ। (ਉਪਦੇਸ਼ਕ ਦੀ ਪੋਥੀ 7:16) ਕਈ ਘਮੰਡੀ ਹੋ ਕੇ ਸੋਚਣ ਲੱਗ ਪੈਂਦੇ ਹਨ ਕਿ ਉਨ੍ਹਾਂ ਦੀ ਸੋਚਣੀ ਸਹੀ ਹੈ। ਕਾਰਨ ਜੋ ਵੀ ਹੋਵੇ, ਬੁੜ-ਬੁੜ ਕਰਨਾ ਹਾਨੀਕਾਰਕ ਹੈ ਅਤੇ ਇਹ ਸਾਨੂੰ ਦੁਨੀਆਂ ਅਤੇ ਉਸ ਦੇ ਰਾਹਾਂ ਵੱਲ ਦੁਬਾਰਾ ਖਿੱਚ ਸਕਦਾ ਹੈ।

15 ਮਿਸਾਲ ਲਈ, ਇਮਾਨਵਲ “ਮਾਤਬਰ ਅਤੇ ਬੁੱਧਵਾਨ ਨੌਕਰ” ਵੱਲੋਂ ਮਿਲੇ ਪ੍ਰਕਾਸ਼ਨਾਂ ਦੀਆਂ ਕੁਝ ਗੱਲਾਂ ਵਿਚ ਗ਼ਲਤੀਆਂ ਲੱਭਦਾ ਸੀ। (ਮੱਤੀ 24:45) ਉਹ ਇਹ ਪ੍ਰਕਾਸ਼ਨ ਪੜ੍ਹਨੋਂ ਹਟ ਗਿਆ ਤੇ ਅਖ਼ੀਰ ਵਿਚ ਕਲੀਸਿਯਾ ਦੇ ਬਜ਼ੁਰਗਾਂ ਨੂੰ ਦੱਸ ਦਿੱਤਾ ਕਿ ਉਹ ਯਹੋਵਾਹ ਦਾ ਗਵਾਹ ਨਹੀਂ ਬਣਿਆ ਰਹਿਣਾ ਚਾਹੁੰਦਾ ਸੀ। ਪਰ ਥੋੜ੍ਹੀ ਦੇਰ ਬਾਅਦ, ਇਮਾਨਵਲ ਸਮਝ ਗਿਆ ਕਿ ਯਹੋਵਾਹ ਦੇ ਸੰਗਠਨ ਦੀਆਂ ਸਿੱਖਿਆਵਾਂ ਹੀ ਸਹੀ ਹਨ। ਉਸ ਨੇ ਆਪਣੀ ਗ਼ਲਤੀ ਕਬੂਲ ਕੀਤੀ ਅਤੇ ਦੁਬਾਰਾ ਕਲੀਸਿਯਾ ਦਾ ਮੈਂਬਰ ਬਣ ਗਿਆ। ਨਤੀਜੇ ਵਜੋਂ ਉਹ ਬਹੁਤ ਖ਼ੁਸ਼ ਹੋਇਆ।

16. ਕਿਸੇ ਸਿੱਖਿਆ ਬਾਰੇ ਆਪਣਾ ਸ਼ੱਕ ਦੂਰ ਕਰਨ ਵਿਚ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?

16 ਜੇ ਸਾਨੂੰ ਕਿਸੇ ਸਿੱਖਿਆ ਉੱਤੇ ਸ਼ੱਕ ਹੋਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਸਬਰ ਰੱਖਣ ਦੀ ਲੋੜ ਹੈ ਅਤੇ ਬੁੜਬੁੜਾਉਣਾ ਨਹੀਂ ਚਾਹੀਦਾ। ਹੋ ਸਕਦਾ ਹੈ ਕਿ ਬਾਅਦ ਵਿਚ ‘ਮਾਤਬਰ ਨੌਕਰ’ ਕੋਈ ਅਜਿਹਾ ਲੇਖ ਛਾਪੇ ਜਿਸ ਵਿਚ ਸਾਨੂੰ ਆਪਣੇ ਸਵਾਲਾਂ ਦਾ ਜਵਾਬ ਮਿਲ ਜਾਵੇ ਜਾਂ ਸਾਡੇ ਸ਼ੱਕ ਦੂਰ ਹੋ ਜਾਣ। ਬਜ਼ੁਰਗਾਂ ਦੀ ਮਦਦ ਮੰਗਣੀ ਵੀ ਬੁੱਧੀਮਤਾ ਦੀ ਗੱਲ ਹੋਵੇਗੀ। (ਯਹੂਦਾਹ 22, 23) ਪ੍ਰਾਰਥਨਾ ਕਰਨ, ਬਾਈਬਲ ਦਾ ਅਧਿਐਨ ਕਰਨ ਅਤੇ ਪੱਕੀ ਨਿਹਚਾ ਰੱਖਣ ਵਾਲੇ ਭੈਣਾਂ-ਭਰਾਵਾਂ ਨਾਲ ਸੰਗਤ ਰੱਖਣ ਨਾਲ ਵੀ ਸਾਡੇ ਸ਼ੱਕ ਦੂਰ ਹੋ ਸਕਦੇ ਹਨ ਅਤੇ ਯਹੋਵਾਹ ਦੇ ਸੰਗਠਨ ਰਾਹੀਂ ਸਿੱਖੀਆਂ ਗੱਲਾਂ ਲਈ ਸਾਡੀ ਕਦਰ ਵਧ ਸਕਦੀ ਹੈ।

ਚੰਗੀਆਂ ਗੱਲਾਂ ਤੇ ਧਿਆਨ ਲਾਓ

17, 18. ਬੁੜਬੁੜਾਉਣ ਦੀ ਬਜਾਇ ਸਾਨੂੰ ਕੀ ਕਰਨਾ ਚਾਹੀਦਾ ਹੈ ਤੇ ਕਿਉਂ?

17 ਇਹ ਸੱਚ ਹੈ ਕਿ ਅਸੀਂ ਸਾਰੇ ਗ਼ਲਤੀਆਂ ਕਰਦੇ ਹਾਂ ਅਤੇ ਕਈਆਂ ਨੂੰ ਬਿਨਾਂ ਵਜ੍ਹਾ ਸ਼ਿਕਾਇਤਾਂ ਕਰਨ ਦੀ ਆਦਤ ਹੁੰਦੀ ਹੈ। (ਉਤਪਤ 8:21; ਰੋਮੀਆਂ 5:12) ਪਰ ਜੇ ਬੁੜ-ਬੁੜ ਕਰਨੀ ਸਾਡੀ ਆਦਤ ਬਣ ਜਾਵੇ, ਤਾਂ ਅਸੀਂ ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਖ਼ਤਰੇ ਵਿਚ ਪਾ ਰਹੇ ਹੋਵਾਂਗੇ। ਇਸ ਲਈ ਸਾਨੂੰ ਬੁੜਬੁੜਾਉਣ ਤੋਂ ਬਚਣ ਦੀ ਲੋੜ ਹੈ।

18 ਕਲੀਸਿਯਾ ਬਾਰੇ ਸ਼ਿਕਾਇਤ ਕਰਨ ਦੀ ਬਜਾਇ, ਬਿਹਤਰ ਹੋਵੇਗਾ ਜੇ ਅਸੀਂ ਚੰਗੀਆਂ ਗੱਲਾਂ ਵੱਲ ਧਿਆਨ ਦੇਈਏ। ਇਹ ਵੀ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਰੁੱਝੇ ਰਹੀਏ, ਖ਼ੁਸ਼ ਰਹੀਏ, ਯਹੋਵਾਹ ਅਤੇ ਉਸ ਦੇ ਇੰਤਜ਼ਾਮਾਂ ਦੀ ਕਦਰ ਕਰੀਏ ਅਤੇ ਆਪਣੀ ਨਿਹਚਾ ਪੱਕੀ ਰੱਖੀਏ। (1 ਕੁਰਿੰਥੀਆਂ 15:58; ਤੀਤੁਸ 2:1-5) ਯਹੋਵਾਹ ਦਾ ਆਪਣੇ ਸੰਗਠਨ ਉੱਤੇ ਪੂਰਾ ਕੰਟ੍ਰੋਲ ਹੈ ਅਤੇ ਪਹਿਲੀ ਸਦੀ ਵਾਂਗ ਅੱਜ ਵੀ ਯਿਸੂ ਜਾਣਦਾ ਹੈ ਕਿ ਹਰ ਕਲੀਸਿਯਾ ਵਿਚ ਕੀ-ਕੀ ਹੋ ਰਿਹਾ ਹੈ। (ਪਰਕਾਸ਼ ਦੀ ਪੋਥੀ 1:10, 11) ਇਸ ਲਈ ਪਰਮੇਸ਼ੁਰ ਅਤੇ ਕਲੀਸਿਯਾ ਦੇ ਸਿਰ ਯਿਸੂ ਉੱਤੇ ਭਰੋਸਾ ਰੱਖੋ। ਯਹੋਵਾਹ ਮਸਲਿਆਂ ਦਾ ਹੱਲ ਕਰਨ ਲਈ ਜ਼ਿੰਮੇਵਾਰ ਭਰਾਵਾਂ ਨੂੰ ਵਰਤਦਾ ਹੈ।—ਜ਼ਬੂਰਾਂ ਦੀ ਪੋਥੀ 43:5; ਕੁਲੁੱਸੀਆਂ 1:18; ਤੀਤੁਸ 1:5.

19. ਧਰਤੀ ਉੱਤੇ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਣ ਤਕ ਸਾਨੂੰ ਕਿਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਹੈ?

19 ਬਹੁਤ ਜਲਦੀ ਇਸ ਦੁਨੀਆਂ ਦਾ ਅੰਤ ਹੋ ਜਾਵੇਗਾ ਅਤੇ ਧਰਤੀ ਉੱਤੇ ਪਰਮੇਸ਼ੁਰ ਦਾ ਰਾਜ ਸ਼ੁਰੂ ਹੋਵੇਗਾ। ਉਸ ਸਮੇਂ ਤਕ ਆਓ ਆਪਾਂ ਆਪਣੇ ਭੈਣਾਂ-ਭਰਾਵਾਂ ਵਿਚ ਗ਼ਲਤੀਆਂ ਲੱਭਣ ਅਤੇ ਬੁੜਬੁੜਾਉਣ ਦੀ ਬਜਾਇ ਉਨ੍ਹਾਂ ਦੇ ਚੰਗੇ ਗੁਣ ਦੇਖਣ ਦੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਖ਼ੁਸ਼ੀ ਅਤੇ ਹੌਸਲਾ ਮਿਲੇਗਾ ਅਤੇ ਸਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ।

20. ਯਹੋਵਾਹ ਦੇ ਸੰਗਠਨ ਦੀਆਂ ਖੂਬੀਆਂ ਦੇਖਣ ਨਾਲ ਸਾਨੂੰ ਕੀ ਫ਼ਾਇਦੇ ਹੋਣਗੇ?

20 ਯਹੋਵਾਹ ਦੇ ਸੰਗਠਨ ਦੀਆਂ ਖੂਬੀਆਂ ਦੇਖਣ ਨਾਲ ਅਸੀਂ ਹਮੇਸ਼ਾ ਯਾਦ ਰੱਖਾਂਗੇ ਕਿ ਯਹੋਵਾਹ ਦੇ ਸੰਗਠਨ ਵਿਚ ਹੋਣ ਕਰਕੇ ਸਾਨੂੰ ਕਿੰਨੀਆਂ ਬਰਕਤਾਂ ਮਿਲੀਆਂ ਹਨ! ਇਹੀ ਇੱਕੋ-ਇਕ ਸੰਗਠਨ ਹੈ ਜੋ ਵਿਸ਼ਵ ਦੇ ਮਾਲਕ ਪ੍ਰਤੀ ਵਫ਼ਾਦਾਰ ਹੈ। ਜ਼ਰਾ ਸੋਚੋ: ਸਾਨੂੰ ਸੱਚੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਦਾ ਸਨਮਾਨ ਮਿਲਿਆ ਹੈ! ਆਓ ਆਪਾਂ ਹਮੇਸ਼ਾ ਦਾਊਦ ਵਰਗਾ ਰਵੱਈਆ ਰੱਖੀਏ ਜਿਸ ਨੇ ਕਿਹਾ: “ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਸਾਰੇ ਬਸ਼ਰ ਤੇਰੇ ਕੋਲ ਆਉਣਗੇ। ਧੰਨ ਹੈ ਉਹ ਜਿਹ ਨੂੰ ਤੂੰ ਚੁਣਦਾ ਤੇ ਆਪਣੇ ਨੇੜੇ ਲਿਆਉਂਦਾ ਹੈਂ, ਭਈ ਉਹ ਤੇਰੇ ਦਰਬਾਰ ਵਿੱਚ ਰਹੇ,—ਅਸੀਂ ਤੇਰੇ ਭਵਨ ਅਰਥਾਤ ਤੇਰੀ ਪਵਿੱਤਰ ਹੈਕਲ ਦੀ ਭਲਿਆਈ ਨਾਲ ਤ੍ਰਿਪਤ ਹੋਵਾਂਗੇ।”—ਜ਼ਬੂਰਾਂ ਦੀ ਪੋਥੀ 65:2, 4.

ਕੀ ਤੁਹਾਨੂੰ ਯਾਦ ਹੈ?

• ਸਾਨੂੰ ਉਨ੍ਹਾਂ ਭਰਾਵਾਂ ਦੀ ਕਦਰ ਕਿਉਂ ਕਰਨੀ ਚਾਹੀਦੀ ਹੈ ਜੋ ਕਲੀਸਿਯਾ ਵਿਚ ਅਗਵਾਈ ਕਰ ਰਹੇ ਹਨ?

• ਜਦ ਜ਼ਿੰਮੇਵਾਰ ਭਰਾ ਗ਼ਲਤੀਆਂ ਕਰਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

• ਬਾਈਬਲ ਦੀ ਸਮਝ ਵਿਚ ਤਬਦੀਲੀਆਂ ਬਾਰੇ ਸਾਡਾ ਕੀ ਵਿਚਾਰ ਹੋਣਾ ਚਾਹੀਦਾ ਹੈ?

• ਸ਼ੱਕ ਦੂਰ ਕਰਨ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?

[ਸਵਾਲ]

[ਸਫ਼ਾ 20 ਉੱਤੇ ਤਸਵੀਰ]

ਦਾਊਦ ਨੇ ਸੁਲੇਮਾਨ ਨੂੰ ਯਹੋਵਾਹ ਦੇ ਭਵਨ ਦਾ ਨਕਸ਼ਾ ਦਿੱਤਾ ਅਤੇ ਭਵਨ ਦੀ ਉਸਾਰੀ ਦਾ ਦਿਲੋਂ ਸਮਰਥਨ ਕੀਤਾ

[ਸਫ਼ਾ 23 ਉੱਤੇ ਤਸਵੀਰ]

ਮਸੀਹੀ ਬਜ਼ੁਰਗ ਆਪਣੇ ਭੈਣਾਂ-ਭਰਾਵਾਂ ਦੀ ਮਦਦ ਕਰਦੇ ਹਨ