Skip to content

Skip to table of contents

‘ਸਾਡਾ ਪਰਮੇਸ਼ੁਰ ਸਾਨੂੰ ਛੁਡਾਉਣ ਦੀ ਸ਼ਕਤੀ ਰੱਖਦਾ ਹੈ’

‘ਸਾਡਾ ਪਰਮੇਸ਼ੁਰ ਸਾਨੂੰ ਛੁਡਾਉਣ ਦੀ ਸ਼ਕਤੀ ਰੱਖਦਾ ਹੈ’

“ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ”

‘ਸਾਡਾ ਪਰਮੇਸ਼ੁਰ ਸਾਨੂੰ ਛੁਡਾਉਣ ਦੀ ਸ਼ਕਤੀ ਰੱਖਦਾ ਹੈ’

ਬਾਬਲ ਦੇ ਰਾਜਾ ਨਬੂਕਦਨੱਸਰ ਨੇ ਪੂਰੇ ਸਾਮਰਾਜ ਵਿਚ ਆਪਣਾ ਦਬਦਬਾ ਕਾਇਮ ਕਰਨ ਲਈ ਆਪਣੇ ਸਾਰੇ ਮੰਤਰੀਆਂ ਨੂੰ ਦੂਰਾ ਦੇ ਮੈਦਾਨ ਵਿਚ ਹਾਜ਼ਰ ਹੋਣ ਦਾ ਹੁਕਮ ਦਿੱਤਾ ਸੀ। ਇਸ ਮੈਦਾਨ ਵਿਚ ਉਸ ਨੇ ਇਕ ਵੱਡੀ ਸਾਰੀ ਮੂਰਤੀ ਖੜ੍ਹੀ ਕੀਤੀ ਸੀ। ਉਸ ਨੇ ਹੁਕਮ ਦਿੱਤਾ ਕਿ ਸੰਗੀਤ ਦੀ ਆਵਾਜ਼ ਸੁਣਦੇ ਸਾਰ ਹੀ ਸਾਰੇ ਲੋਕ ਮੂਰਤੀ ਸਾਮ੍ਹਣੇ ਝੁਕਣ। ਨਾਫ਼ਰਮਾਨੀ ਕਰਨ ਦਾ ਅੰਜਾਮ ਸੀ ਸਜ਼ਾ-ਏ-ਮੌਤ। ਸੀ ਕਿਸੇ ਵਿਚ ਰਾਜੇ ਦੇ ਹੁਕਮ ਖ਼ਿਲਾਫ਼ ਜਾਣ ਦੀ ਹਿੰਮਤ?

ਮੰਤਰੀ ਤੇ ਦੂਜੇ ਲੋਕ ਇਹ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਯਹੋਵਾਹ ਦੇ ਤਿੰਨ ਭਗਤ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਮੂਰਤੀ ਦੇ ਸਾਮ੍ਹਣੇ ਨਹੀਂ ਝੁਕੇ। ਉਹ ਮੂਰਤੀ ਅੱਗੇ ਝੁਕ ਕੇ ਯਹੋਵਾਹ ਪਰਮੇਸ਼ੁਰ ਦੇ ਖ਼ਿਲਾਫ਼ ਨਹੀਂ ਜਾਣਾ ਚਾਹੁੰਦੇ ਸਨ। (ਬਿਵਸਥਾ ਸਾਰ 5:8-10) ਜਦੋਂ ਰਾਜੇ ਨੇ ਉਨ੍ਹਾਂ ਨੂੰ ਆਪਣੀ ਸਫ਼ਾਈ ਪੇਸ਼ ਕਰਨ ਲਈ ਕਿਹਾ, ਤਾਂ ਉਨ੍ਹਾਂ ਨੇ ਨਿਡਰ ਹੋ ਕੇ ਕਿਹਾ: “ਸਾਡਾ ਪਰਮੇਸ਼ੁਰ ਜਿਹ ਦੀ ਅਸੀਂ ਸੇਵਾ ਕਰਦੇ ਹਾਂ ਸਾਨੂੰ ਅੱਗ ਦੀ ਬਲਦੀ ਹੋਈ ਭੱਠੀ ਤੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ ਹੇ ਮਹਾਰਾਜ ਜੀ, ਓਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ। ਨਹੀਂ ਤਾਂ ਹੇ ਮਹਾਰਾਜ, ਤੁਹਾਨੂੰ ਪਤਾ ਹੋਵੇ ਕਿ ਅਸੀਂ ਤੁਹਾਡੇ ਦਿਓਤਿਆਂ ਦੀ ਸੇਵਾ ਨਹੀਂ ਕਰਾਂਗੇ ਅਤੇ ਨਾ ਉਸ ਸੋਨੇ ਦੀ ਮੂਰਤ ਅੱਗੇ ਜਿਹ ਨੂੰ ਤੁਸਾਂ ਖੜਾ ਕੀਤਾ ਹੈ ਮੱਥਾ ਟੇਕਾਂਗੇ।”—ਦਾਨੀਏਲ 3:17, 18.

ਉਨ੍ਹਾਂ ਤਿੰਨਾਂ ਨੂੰ ਲੱਟ-ਲੱਟ ਬਲਦੀ ਅੱਗ ਦੀ ਭੱਠੀ ਵਿਚ ਸੁੱਟ ਦਿੱਤਾ ਗਿਆ। ਪਰ ਚਮਤਕਾਰ ਹੋ ਗਿਆ! ਅੱਗ ਉਨ੍ਹਾਂ ਦਾ ਵਾਲ ਵੀ ਬਾਂਕਾ ਨਹੀਂ ਕਰ ਪਾਈ। ਪਰਮੇਸ਼ੁਰ ਨੇ ਆਪਣਾ ਫ਼ਰਿਸ਼ਤਾ ਘੱਲ ਕੇ ਉਨ੍ਹਾਂ ਨੂੰ ਬਚਾ ਲਿਆ। ਫਿਰ ਵੀ ਉਨ੍ਹਾਂ ਦੀ ਵਫ਼ਾਦਾਰੀ ਦੇਖੋ, ਉਨ੍ਹਾਂ ਨੇ ਯਹੋਵਾਹ ਦੇ ਖ਼ਿਲਾਫ਼ ਜਾਣ ਦੀ ਬਜਾਇ ਸਜ਼ਾ-ਏ-ਮੌਤ ਨੂੰ ਕਬੂਲ ਕਰ ਲਿਆ ਸੀ। * ਉਨ੍ਹਾਂ ਵਾਂਗ ਹੀ ਛੇ ਸਦੀਆਂ ਬਾਅਦ ਯਿਸੂ ਮਸੀਹ ਦੇ ਚੇਲਿਆਂ ਨੇ ਯਹੂਦੀ ਅਦਾਲਤ ਨੂੰ ਕਿਹਾ ਸੀ: “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜਰੂਰੀ ਹੈ।”—ਰਸੂਲਾਂ ਦੇ ਕਰਤੱਬ 5:29.

ਸਾਡੇ ਲਈ ਚੰਗੀ ਮਿਸਾਲ

ਸ਼ਦਰਕ, ਮੇਸ਼ਕ ਤੇ ਅਬਦ-ਨਗੋ ਦੀ ਨਿਹਚਾ, ਆਗਿਆਕਾਰਤਾ ਤੇ ਵਫ਼ਾਦਾਰੀ ਸਾਡੇ ਲਈ ਮਿਸਾਲ ਹੈ। ਉਨ੍ਹਾਂ ਤਿੰਨਾਂ ਨੂੰ ਯਹੋਵਾਹ ਵਿਚ ਪੱਕੀ ਨਿਹਚਾ ਸੀ। ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਦਾ ਗਿਆਨ ਲਿਆ ਸੀ ਜਿਸ ਕਰਕੇ ਉਨ੍ਹਾਂ ਦੀ ਜ਼ਮੀਰ ਨੇ ਸਹੀ-ਗ਼ਲਤ ਦੀ ਪਛਾਣ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ। ਇਸ ਕਰਕੇ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੀ ਮੂਰਤੀ-ਪੂਜਾ ਜਾਂ ਦੇਸ਼ਭਗਤੀ ਵਿਚ ਹਿੱਸਾ ਨਹੀਂ ਲਿਆ। ਅੱਜ ਵੀ ਸੱਚੇ ਮਸੀਹੀ ਯਹੋਵਾਹ ਪਰਮੇਸ਼ੁਰ ਉੱਤੇ ਪੂਰਾ ਭਰੋਸਾ ਰੱਖਦੇ ਹਨ। ਉਹ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਕਿਸੇ ਵੀ ਤਰ੍ਹਾਂ ਦੀ ਮੂਰਤੀ-ਪੂਜਾ ਵਿਚ ਜਾਂ ਅਜਿਹੇ ਸਮਾਰੋਹਾਂ ਵਿਚ ਹਿੱਸਾ ਨਹੀਂ ਲੈਂਦੇ ਜਿਨ੍ਹਾਂ ਨਾਲ ਯਹੋਵਾਹ ਦੇ ਹੁਕਮ ਜਾਂ ਸਿਧਾਂਤ ਟੁੱਟਦੇ ਹਨ।

ਬਾਬਲੀ ਸਾਮਰਾਜ ਵਿਚ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੂੰ ਸ਼ਾਨੋ-ਸ਼ੌਕਤ ਤੇ ਉੱਚੇ ਅਹੁਦੇ ਪ੍ਰਾਪਤ ਸਨ। ਪਰ ਉਨ੍ਹਾਂ ਨੇ ਇਨ੍ਹਾਂ ਚੀਜ਼ਾਂ ਦੀ ਪਰਵਾਹ ਨਾ ਕਰਦਿਆਂ ਯਹੋਵਾਹ ਤੇ ਭਰੋਸਾ ਰੱਖਿਆ ਅਤੇ ਉਸ ਦੀ ਆਗਿਆਕਾਰੀ ਕੀਤੀ। ਉਹ ਤਿੰਨੇ ਯਹੋਵਾਹ ਨਾਲੋਂ ਰਿਸ਼ਤਾ ਤੋੜਨ ਦੀ ਬਜਾਇ ਮਰਨ ਲਈ ਤਿਆਰ ਸਨ। ਮੂਸਾ ਵਾਂਗ ਉਹ ਵੀ ‘ਅਟਲ ਰਹੇ ਜਿਸ ਤਰ੍ਹਾਂ ਕਿ ਉਨ੍ਹਾਂ ਨੇ ਅਣਦੇਖੇ ਪਰਮੇਸ਼ੁਰ ਦਾ ਦਰਸ਼ਨ ਕਰ ਲਿਆ ਸੀ।’ (ਇਬਰਾਨੀਆਂ 11:27, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਚਾਹੇ ਉਨ੍ਹਾਂ ਨੂੰ ਬਚਾਉਂਦਾ ਜਾਂ ਨਾ, ਪਰ ਉਨ੍ਹਾਂ ਤਿੰਨਾਂ ਨੇ ਤਾਂ ਡਰ ਕੇ ਆਪਣੀਆਂ ਜਾਨਾਂ ਬਚਾਉਣ ਦੀ ਬਜਾਇ ਉਸ ਦੇ ਵਫ਼ਾਦਾਰ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। ਲੱਗਦਾ ਹੈ ਕਿ ਜਦੋਂ ਪੌਲੁਸ ਰਸੂਲ ਨੇ ਉਨ੍ਹਾਂ ਵਫ਼ਾਦਾਰ ਭਗਤਾਂ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਨੇ “ਅੱਗ ਦੇ ਤਾਉ ਨੂੰ ਠੰਡਿਆਂ ਕੀਤਾ,” ਤਾਂ ਉਸ ਨੇ ਇਨ੍ਹਾਂ ਤਿੰਨਾਂ ਦੀ ਮਿਸਾਲ ਵੱਲ ਇਸ਼ਾਰਾ ਕੀਤਾ ਸੀ। (ਇਬਰਾਨੀਆਂ 11:34) ਅੱਜ ਵੀ ਯਹੋਵਾਹ ਦੇ ਸੇਵਕ ਪਰੀਖਿਆਵਾਂ ਵਿਚ ਆਪਣੀ ਨਿਹਚਾ ਅਤੇ ਆਗਿਆਕਾਰਤਾ ਦਾ ਸਬੂਤ ਦਿੰਦੇ ਹਨ।

ਸ਼ਦਰਕ, ਮੇਸ਼ਕ ਤੇ ਅਬਦ-ਨਗੋ ਦੇ ਬਿਰਤਾਂਤ ਤੋਂ ਅਸੀਂ ਸਿੱਖਦੇ ਹਾਂ ਕਿ ਪਰਮੇਸ਼ੁਰ ਆਪਣੇ ਵਫ਼ਾਦਾਰ ਭਗਤਾਂ ਨੂੰ ਬਰਕਤਾਂ ਦਿੰਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਸੀ: “ਯਹੋਵਾਹ . . . ਆਪਣੇ ਭਗਤਾਂ ਨੂੰ ਤਿਆਗਦਾ ਨਹੀਂ।” (ਜ਼ਬੂਰਾਂ ਦੀ ਪੋਥੀ 37:28) ਅੱਜ ਅਸੀਂ ਪਰਮੇਸ਼ੁਰ ਤੋਂ ਇਹ ਆਸ ਨਹੀਂ ਰੱਖ ਸਕਦੇ ਕਿ ਉਹ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਵਾਂਗ ਸਾਨੂੰ ਵੀ ਚਮਤਕਾਰ ਕਰ ਕੇ ਮੁਸੀਬਤਾਂ ਤੋਂ ਬਚਾਵੇ। ਪਰ ਅਸੀਂ ਇਹ ਭਰੋਸਾ ਜ਼ਰੂਰ ਰੱਖ ਸਕਦੇ ਹਾਂ ਕਿ ਸਾਡੇ ਤੇ ਭਾਵੇਂ ਜੋ ਮਰਜ਼ੀ ਮੁਸ਼ਕਲ ਆਵੇ, ਸਾਡਾ ਸਵਰਗੀ ਪਿਤਾ ਯਹੋਵਾਹ ਹਮੇਸ਼ਾ ਸਾਡੇ ਨਾਲ ਹੋਵੇਗਾ। ਹੋ ਸਕਦਾ ਹੈ ਪਰਮੇਸ਼ੁਰ ਸਾਡੀ ਸਮੱਸਿਆ ਨੂੰ ਹੱਲ ਕਰ ਦੇਵੇ ਜਾਂ ਸਾਨੂੰ ਇਸ ਦਾ ਸਾਮ੍ਹਣਾ ਕਰਨ ਦੀ ਤਾਕਤ ਦੇਵੇ। ਜੇ ਅਸੀਂ ਉਸ ਪ੍ਰਤੀ ਵਫ਼ਾਦਾਰ ਰਹਿੰਦਿਆਂ ਮਰ ਵੀ ਜਾਈਏ, ਤਾਂ ਵੀ ਉਹ ਸਾਨੂੰ ਦੁਬਾਰਾ ਜੀਉਂਦਾ ਕਰੇਗਾ। (ਜ਼ਬੂਰਾਂ ਦੀ ਪੋਥੀ 37:10, 11, 29; ਯੂਹੰਨਾ 5:28, 29) ਜਦੋਂ ਵੀ ਸਾਡੀ ਨਿਹਚਾ ਪਰਖੀ ਜਾਂਦੀ ਹੈ ਅਤੇ ਅਸੀਂ ਇਨਸਾਨ ਦੀ ਬਜਾਇ ਪਰਮੇਸ਼ੁਰ ਦਾ ਹੁਕਮ ਮੰਨਦੇ ਹਾਂ, ਤਾਂ ਨਿਹਚਾ, ਆਗਿਆਕਾਰਤਾ ਤੇ ਵਫ਼ਾਦਾਰੀ ਦੀ ਜਿੱਤ ਹੁੰਦੀ ਹੈ।

[ਫੁਟਨੋਟ]

^ ਪੈਰਾ 5 ਸਾਲ 2006 ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਗਏ ਕਲੰਡਰ ਉੱਤੇ ਜੁਲਾਈ/ਅਗਸਤ ਦੇ ਮਹੀਨਿਆਂ ਦੀ ਤਸਵੀਰ ਦੇਖੋ।

[ਸਫ਼ਾ 9 ਉੱਤੇ ਡੱਬੀ/ਤਸਵੀਰ]

ਕੀ ਤੁਹਾਨੂੰ ਪਤਾ?

• ਜਦੋਂ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਦੀ ਨਿਹਚਾ ਦੀ ਪਰਖ ਹੋਈ ਸੀ, ਤਾਂ ਉਸ ਵੇਲੇ ਉਨ੍ਹਾਂ ਦੀ ਉਮਰ ਤਕਰੀਬਨ 29-30 ਸਾਲ ਦੀ ਸੀ।

• ਭੱਠੀ ਨੂੰ ਪੂਰੀ ਹੱਦ ਤਕ ਭਖਾਇਆ ਗਿਆ ਸੀ।—ਦਾਨੀਏਲ 3:19.